ਭਾਸ਼ਾ ਦੀਆਂ ਪਰਤਾਂ: ਜੀਣ ਥੀਣ ਦਾ ਵਸੀਲਾ ਵੀ ਹੈ ਭਾਸ਼ਾ

ਪਰਮਜੀਤ ਢੀਂਗਰਾ
ਫੋਨ: 91-94173-58120
ਭਾਸ਼ਾ ਮਨੁੱਖ ਲਈ ਮਹਿਜ਼ ਸੰਚਾਰ ਦਾ ਸਾਧਨ ਹੀ ਨਹੀਂ ਸਗੋਂ ਜੀਣ ਥੀਣ ਦਾ ਵਸੀਲਾ ਵੀ ਹੈ। ਇਹੀ ਕਾਰਨ ਹੈ ਕਿ ਜ਼ਿੰਦਗੀ ਦੀ ਹਰ ਪਰਤ ਵਿਚ ਭਾਸ਼ਾ ਲੁਕੀ ਹੋਈ ਹੈ। ਭਾਸ਼ਾ ਦਾ ਸੰਸਾਰ ਵਿਲੱਖਣ ਤੇ ਬਹੁਪਰਤੀ ਹੈ। ਇਹਦੇ ਵਿਚ ਲੁਕੇ ਅਰਥਾਂ ਦੀਆਂ ਸੰਭਾਵਨਾਵਾਂ ਗੂੜ੍ਹ ਰਹੱਸਾਂ ਵਿਚ ਓਤਪੋਤ ਹਨ, ਪਰ ਇਨ੍ਹਾਂ ਨੂੰ ਸਮਝਣ ਲਈ ਬੁੱਧ ਬਿਬੇਕ ਦੀ ਲੋੜ ਹੈ। ਸਿਧਾਂਤਕ ਪੱਧਰ ‘ਤੇ ਵਿਚਾਰਵਾਨਾਂ ਨੇ ਭਾਸ਼ਾ ਦੇ ਸੰਸਾਰ ਨੂੰ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਹੈ ਤੇ ਅੱਜ ਦੁਨੀਆ ਵਿਚ ਕੋਈ ਅਜਿਹਾ ਸਮਾਜ ਨਹੀਂ ਜਿਹੜਾ ਇਸ ਭਾਸ਼ਾ ਸੰਸਾਰ ਤੋਂ ਵਿਰਵਾ ਹੋਵੇ।

ਵਿਸ਼ਵੀਕਰਨ ਦੇ ਦੌਰ ਵਿਚ ਭਾਸ਼ਾਵਾਂ ਵਿਚਲੀ ਸੰਪਰਕ ਸਥਿਤੀ ਵਿਚ ਅਥਾਹ ਵਾਧਾ ਹੋਇਆ ਹੈ। ਇਸ ਵਾਧੇ ਨੇ ਭਾਸ਼ਾਈ ਸੰਸਾਰਾਂ, ਦੇਸ਼ਾਂ, ਕੌਮਾਂ, ਸਮਾਜਾਂ ਨੂੰ ਇਕ ਦੂਜੇ ਦੇ ਨੇੜੇ ਲੈ ਆਂਦਾ ਹੈ। ਇਸ ਦੇ ਨਾਲ ਹੀ ਇਸ ਸੰਪਰਕ ਸਥਿਤੀ ਨੇ ਭਾਸ਼ਾਵਾਂ ਵਿਚ ਨਵੀਆਂ ਸੰਭਾਵਨਾਵਾਂ ਵੀ ਜਗਾਈਆਂ ਹਨ। ਲੋੜ-ਥੋੜ੍ਹ ਵਾਲੀਆਂ ਅਲਪ ਭਾਸ਼ਾਵਾਂ ਦੇ ਸੰਸਾਰਾਂ ਨੂੰ ਵੀ ਮਾਨਤਾ ਮਿਲੀ ਹੈ। ਖੁੱਲ੍ਹੀ ਮੰਡੀ ਨੇ ਭਾਸ਼ਾ ਵਿਚ ਨਵੀਆਂ ਲੋੜਾਂ ਪੈਦਾ ਕਰਕੇ ਇਨ੍ਹਾਂ ਦਾ ਘੇਰਾ ਵੀ ਵਿਸ਼ਾਲ ਕੀਤਾ ਹੈ ਤੇ ਨਾਲ ਹੀ ਨਵੀਆਂ ਭਾਸ਼ਾਈ ਜ਼ਿੰਮੇਵਾਰੀਆਂ ਵੀ ਆਇਦ ਕੀਤੀਆਂ ਹਨ।
ਡਾæ ਮਨਮੋਹਨ ਦੀ ਕਿਤਾਬ ‘ਵਿਚਾਰਕੀ’ ਵੱਖ-ਵੱਖ ਭਾਸ਼ਾਈ ਪੈਰਾਡਾਇਮਾਂ ਦੀਆਂ ਪਰਤਾਂ ਫਰੋਲਣ ਦੇ ਨਾਲ ਨਾਲ ਨਵੇਂ ਸੁਆਲ ਵੀ ਖੜ੍ਹੇ ਕਰਦੀ ਹੈ। ਇਸ ਪੁਸਤਕ ਵਿਚਲੇ ਬੱਤੀ ਲੇਖ ਅਨੇਕਾਂ ਸੰਭਾਵਨਾਵਾਂ ਦੀ ਤਲਾਸ਼ ਵਿਚ ਨਵੇਂ ਪੈਰੋਲ ਸਿਰਜਦੇ ਨਜ਼ਰ ਆਉਂਦੇ ਹਨ।
ਦੁਨੀਆਂ ਉਪਰ ਵਿਚਾਰਧਾਰਕ ਤੌਰ ‘ਤੇ ਦੋ ਮਹਾਂ-ਬਿਰਤਾਂਤਾਂ ਦੀ ਬਹਿਸ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਪਰ ਇਨ੍ਹਾਂ ਦੋਹਾਂ ਵਿਚ ਸੰਵਾਦੀ ਰਿਸ਼ਤਾ ਕਾਇਮ ਨਹੀਂ ਹੋ ਸਕਿਆ ਕਿਉਂਕਿ ਦੋਵੇਂ ਆਪੋ ਆਪਣੀਆਂ ਲਕੀਰੀ ਇਕਾਈਆਂ ਵਿਚ ਸਿਧਾਂਤਕ ਪੈਂਤੜੇ ਵਜੋਂ ਸੰਸਾਰ ਦੀ ਵਿਆਖਿਆ ਕਰਦੇ ਹਨ। ਲੇਖਕ ਡਾæ ਗੁਰਭਗਤ ਸਿੰਘ ਦੇ ਹਵਾਲੇ ਨਾਲ ਦੋਹਾਂ ਵਿਚਾਰਧਾਰਾਵਾਂ ਵਿਚਲੀ ਵਿਸਮਾਦੀ ਪੂੰਜੀ ਦੀ ਗੱਲ ਕਰਦਿਆਂ ਲਿਖਦਾ ਹੈ- ਪੂੰਜੀਵਾਦ ਦਾ ਹਿਤ ਨਫਾ ਹੈ ਤੇ ਸਮਾਜਵਾਦ ਦਾ ਮੁੱਦਾ ਨਿਆਂ। ਦੋਵੇਂ ਮਹਾਂ-ਬਿਰਤਾਂਤ ਦਬਾਊ/ਦਮਨੀ ਹਨ। ਦੋਵੇਂ ਇਕਹਿਰੇਪਣ ਤੇ ਇਕਾਗਰਤਾ ਦੇ ਪੈਂਤੜੇ ‘ਤੇ ਖੜ੍ਹੇ ਹਨ। ਇਸ ਨਾਲ ਅਨੇਕਾਂ ਸਮੱਸਿਆਵਾਂ ਤੇ ਖੱਪੇ ਪੈਦਾ ਹੋਏ ਨੇ ਜਿਸ ਕਾਰਨ ਮਨੁੱਖ ਇਕੱਲਾ, ਵਿਛੁੰਨਿਆ ਤੇ ਉਦਾਸੀਨ ਹੋਇਆ ਹੈ। ਕਿਸੇ ਵੀ ਤਰ੍ਹਾਂ ਦੇ ਵਿਚਾਰਾਂ ਨਾਲ ਨਵੀਂ ਭਾਸ਼ਾ ਦੇ ਸਿਰਜਣ ਦੇ ਕੇਂਦਰ ਵਿਚ ਮਨੁੱਖ ਹੁੰਦਾ ਹੈ, ਪਰ ਮਾੜਾ ਇਹ ਹੋਇਆ ਕਿ ਇਨ੍ਹਾਂ ਦੋਹਾਂ ਪੱਧਤੀਆਂ ਨਾਲ ਮਨੁੱਖ ਆਪਣੇ ਘੇਰੇ ‘ਚ ਸਿਮਟਦਾ ਚਲਿਆ ਗਿਆ। ਬਾਜ਼ਾਰ ਨੇ ਉਸ ਨੂੰ ਜਿਨਸ ਤੇ ਸਮਾਜਵਾਦੀ ਵਿਵਸਥਾ ਨੇ ਉਸ ਨੂੰ ਭਾਵਨਾ ਵਿਹੂਣਾ ਕਰ ਦਿੱਤਾ। ਮਨੁੱਖ, ਮਨੁੱਖ ਨਹੀਂ ਰਿਹਾ। ਅਜਿਹੀ ਸਥਿਤੀ ‘ਚ ਨਵ-ਵਿਚਾਰਕੀ ਤੇ ਨਵੇਂ ਭਾਸ਼ਾ ਸਿਰਜਣ ਦਾ ਲੋਪ ਹੋਣਾ ਹੀ ਸੀ।
ਦਰਅਸਲ, ਬਾਹਰੀ ਸਥਿਤੀਆਂ ਤੇ ਮਾਨਸਿਕ ਪ੍ਰੇਸ਼ਾਨੀਆਂ ਨੇ ਮਨੁੱਖ ਸਾਹਮਣੇ ਅਨੇਕਾਂ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਦੋਹਾਂ ਮਹਾਂ-ਬਿਰਤਾਂਤਾਂ ਨੇ ਇਕ ਤਰ੍ਹਾਂ ਦਾ ਧਰੁਵੀਕਰਨ ਦਾ ਨਾਕਾਮ ਯਤਨ ਵੀ ਕੀਤਾ ਹੈ। ਉਦਾਰਵਾਦੀ ਨੀਤੀਆਂ ਦੇ ਪਸਾਰ ਨੇ ਮਨੁੱਖ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਇਸ ਕਰਕੇ ਦੁਨੀਆਂ ਅਜਿਹੇ ਅਸਾਵੇਂਪਣ ਦੀ ਸ਼ਿਕਾਰ ਹੋ ਗਈ ਹੈ ਜਿਸ ਦਾ ਕੋਈ ਪਾਰਾਵਾਰ ਨਹੀਂ। ਦੁਨੀਆਂ ਹਰ ਪਲ ਤੇਜ਼ੀ ਨਾਲ ਬਦਲ ਰਹੀ ਹੈ, ਪਰ ਕੀ ਇਹ ਬਦਲਾਓ ਵਿਕਾਸਮੁਖੀ ਹੈ ਜਾਂ ਵਿਨਾਸ਼ਮੁਖੀ, ਇਹ ਚਿੰਤਾ ਦਾ ਵਿਸ਼ਾ ਹੈ। ਦੁਨੀਆਂ ਦੇ ਵਹਿਣਾਂ ਵਿਚ ਕਿਸੇ ਧਾਰਨਾ, ਵਿਚਾਰ, ਚਿੰਤਨ, ਵਿਸ਼ਵਾਸ ਨੂੰ ਅੰਤਿਮ ਮੰਨ ਲੈਣਾ ਨਵੇਂ ਮਿਥਕੀ ਚਿਹਨਕਾਂ ਨੂੰ ਜਨਮ ਦਿੰਦਾ ਹੈ ਜਿਸ ਨਾਲ ਧੁੰਦ ਫੈਲਦੀ ਹੈ। ਇਸੇ ਕਰਕੇ ਚਿੰਤਨ, ਭਾਸ਼ਾ, ਵਿਚਾਰਧਾਰਾ, ਮਨੁੱਖੀ ਰਿਸ਼ਤਿਆਂ, ਸੰਵਾਦਾਂ ਤੇ ਮਿਥਕ ਵਿਆਖਿਆਵਾਂ ਦੀ ਪੁਨਰ ਵਿਆਖਿਆ ਕੀਤੀ ਜਾ ਰਹੀ ਹੈ। ਫਿਰ ਵੀ ਇਨ੍ਹਾਂ ਵਿਆਖਿਆਵਾਂ ‘ਤੇ ਦੋਹਾਂ ਮਹਾਂ-ਬਿਰਤਾਂਤਾਂ ਦੇ ਪਰਛਾਵੇਂ ਨਜ਼ਰ ਆਉਂਦੇ ਹਨ।
ਇਸ ਪੱਖ ਤੋਂ ਸਟੀਫਨ ਸਪੈਂਡਰ ਨੇ ਅਹਿਮ ਗੱਲ ਆਖੀ ਸੀ ਕਿ- ਮਹਾਨ ਵਿਚਾਰਾਂ ਤੋਂ ਜ਼ਰੂਰੀ ਨਹੀਂ ਕਿਸੇ ਭਾਸ਼ਾ ਦਾ ਮਹਾਨ ਸਾਹਿਤ ਉਪਜੇ, ਪਰ ਜੇ ਮਹਾਨ ਸਾਹਿਤ ਹੈ ਤਾਂ ਉਸ ਦੇ ਪਿੱਛੇ ਨਵੇਂ ਵਿਚਾਰ ਤੇ ਨਵੀਂ ਭਾਸ਼ਾ ਲਾਜ਼ਮੀ ਹੋਵੇਗੀ।
‘ਭਾਸ਼ਾ ਦੀ ਤਾਨਾਸ਼ਾਹੀ ਤੇ ਚੁੱਪ ਦੀ ਭਾਸ਼ਾ’ ਵਿਚ ਲੇਖਕ ਭਾਸ਼ਾ ਦੇ ਨਵੇਂ ਚਿਹਨਕੀ ਅਰਥ ਸਿਰਜਦਾ ਹੈ। ਉਸ ਅਨੁਸਾਰ ਭਾਸ਼ਾ ‘ਚ ਸ਼ਬਦ ਤੇ ਅਰਥ ਦਾ ਸਬੰਧ ਆਪਹੁਦਰਾ ਹੁੰਦਾ ਹੈ, ਇਸ ਲਈ ਭਾਸ਼ਾ ‘ਚ ਕਿਸੇ ਸ਼ਬਦ ਤੋਂ ਵਿਸ਼ੇਸ਼ ਅਰਥ ਦੀ ਤਵੱਕੋ ਰੱਖਣੀ ਭਾਸ਼ਾ ਦਾ ਤਾਨਾਸ਼ਾਹੀ ਰੁਝਾਨ ਹੈ। ਇਸ ਤਰ੍ਹਾਂ ਹਰ ਅਰਥ ਆਪਣੇ ਅੰਦਰ ਇਕ ਪ੍ਰਕਾਰ ਦੀ ਹਿੰਸਾ ਦੀ ਸਪੇਸ ਪੈਦਾ ਕਰਦਾ ਹੈ। ਇਸੇ ਲਈ ਇਹ ਵਾਪਰਨਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਅਰਥ ਦਾ ਇਕ ਵਿਰੋਧੀ ਅਰਥ ਵੀ ਹੋਵੇ। ਇਸ ਰੁਝਾਨ ਦਾ ਪਰਤੌਅ ਤਾਨਾਸ਼ਾਹੀ ਸੱਤਾਵਾਂ, ਧਾਰਮਿਕ ਪ੍ਰਵਚਨਾਂ ਅੰਦਰ ਅਤੇ ਬੋਲਿਆਂ ਤੇ ਜੈਕਾਰਿਆਂ, ਰਾਸ਼ਟਰਵਾਦੀ, ਸਭਿਆਚਾਰਵਾਦੀ ਨਾਅਰਿਆਂ ਵਿਚ ਆਮ ਹੈ। ਅਸਲ ਵਿਚ ਇਥੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਅਰਥ ਦੀ ਆਪਣੀ ਸੱਤਾ ਹੁੰਦੀ ਹੈ। ਆਪਹੁਦਰੇਪਣ ਵਿਚ ਅਰਥ ਦਾ ਨਾਮਕਰਨ ਨਹੀਂ ਬਦਲਿਆ ਜਾ ਸਕਦਾ, ਪਰ ਉਹਦੀਆਂ ਧਾਰਨਾਵਾਂ ਨੂੰ ਉਤੇਜਤ ਕਰਕੇ ਨਵੇਂ ਅਰਥ ਲਗਾਏ ਜਾਂਦੇ ਹਨ ਜਾਂ ਫਿਰ ਪੁਰਾਣੇ ਅਰਥਾਂ ਨੂੰ ਛਾਂਗ ਕੇ ਉਨ੍ਹਾਂ ਨੂੰ ਮਨਮਰਜ਼ੀ ਦੇ ਚਿਹਨਕਾਂ ਰਾਹੀਂ ਮਨੋ-ਪਕੜ ਦੀ ਰੱਸੀ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂਕਿ ਸਹਿਜ ਰੂਪ ਵਿਚ ਕਿਸੇ ਅਰਥ ਨੇ ਵਿਸ਼ੇਸ਼ ਪ੍ਰਸੰਗ ਤੇ ਸਥਿਤੀ ਵਿਚ ਉਜਾਗਰ ਹੋਣਾ ਹੁੰਦਾ ਹੈ ਪਰ ਸੱਤਾ, ਤਾਨਾਸ਼ਾਹੀ ਤੇ ਧਰਮ ਦੇ ਪਰਵਚਨਾਂ ਵਿਚ ਦਾਬੇ ਵਾਲੇ ਪ੍ਰਸੰਗ ਸਿਰਜੇ ਜਾਂਦੇ ਹਨ। ਉਨ੍ਹਾਂ ਵਿਚ ਫਿਰ ਭਾਸ਼ਾ ਦੀ ਤਾਨਾਸ਼ਾਹੀ ਕਾਇਮ ਕੀਤੀ ਜਾਂਦੀ ਹੈ। ਇਸ ਕਰਕੇ ਇਨ੍ਹਾਂ ਵਿਚਲੀ ਭਾਸ਼ਾ ਸਤਹਿ ਸੰਰਚਨਾ ‘ਤੇ ਬੜੀ ਲੁਭਾਊ ਤੇ ਦਿਲਕਸ਼ ਅਰਥ ਸੰਚਾਰਦੀ ਹੈ, ਪਰ ਗਹਿਰੇ ਅਰਥਾਂ ਵਿਚ ਪਈ ਹਿੰਸਾ ਉਤੇਜਤ ਹੋ ਜਾਂਦੀ ਹੈ ਤਾਂ ਵਿਹਾਰਕ ਪੱਧਰ ‘ਤੇ ਵਿਨਾਸ਼ ਦੀ ਲੀਲ੍ਹਾ ਸਿਰਜਦੀ ਹੈ।
ਜਦੋਂ ਕਾਨੂੰਨ ਕਿਸੇ ਦੇ ਹੱਕ ਜਾਂ ਵਿਰੋਧ ਵਿਚ ਬਦਲਦਾ ਹੈ ਤਾਂ ਨਵੀਆਂ ਪਰਿਭਾਸ਼ਾਵਾਂ ਸਿਰਜਦਾ ਹੈ। ਇਨ੍ਹਾਂ ਵਿਚੋਂ ਫਿਰ ਨਵੀਂ ਭਾਸ਼ਾ ਤੇ ਨਵੇਂ ਵਿਚਾਰ ਜਨਮਦੇ ਹਨ ਜੋ ਹੱਕ ਜਾਂ ਵਿਰੋਧ ਵਿਚ ਮਨਾਂ ਨੂੰ ਉਤੇਜਤ ਕਰਕੇ ਭਾਸ਼ਕੀ ਚਿਹਨਕਾਂ ਦੀ ਨਵੇਂ ਪ੍ਰਸੰਗ ਵਿਚ ਪੁਨਰ ਵਿਆਖਿਆ ਕਰਦੇ ਹਨ। ਇਸ ਕਿਤਾਬ ਵਿਚ ਗਰਮ ਖਿਆਲੀ ਮਾਨਸਿਕਤਾ ਦੀ ਭਾਸ਼ਾ, ਕਾਮੁਕਤਾ ਤੇ ਲਿੰਗਕਤਾ ਦੀ ਭਾਸ਼ਾ, ਨੈਤਿਕਤਾ ਦੀ ਭਾਸ਼ਾ, ਲੋਕਤੰਤਰ ਦੀ ਭਾਸ਼ਾ, ਕਵਿਤਾ ਦੀ ਭਾਸ਼ਾ, ਆਲੋਚਨਾ ਦੀ ਭਾਸ਼ਾ, ਮਿੱਥ ਦੀ ਭਾਸ਼ਾ, ਉਦਯੋਗ ਦੀ ਭਾਸ਼ਾ ਤੇ ਹੋਰ ਕਈ ਲੇਖ ਅਜਿਹੇ ਹਨ ਜੋ ਵੱਖਰੀ ਵੱਖਰੀ ਪ੍ਰਕਾਰ ਦੀਆਂ ਸਿਰਜਨਾਵਾਂ ਵਿਚੋਂ ਭਾਸ਼ਾ ਦੇ ਅਰਥਾਂ ਦੀ ਹੀ ਨਹੀਂ ਸਗੋਂ ਨਵੀਨਤਾ ਦੀ ਤਲਾਸ਼ ਵੀ ਕਰਦੇ ਹਨ। ਇਹ ਤਲਾਸ਼ ਵਿਧੀ ਤੇ ਵਿਹਾਰ ਦੋਹਾਂ ਵਿਚ ਪਈ ਹੈ। ਪਰੰਪਰਾ ਵਿਚ ਪਏ ਅਰਥਾਂ ਵਿਚੋਂ ਹੀ ਨਵੇਂ ਅਰਥ ਲੱਭੇ ਜਾ ਸਕਦੇ ਹਨ ਤੇ ਨਵੀਆਂ ਸਥਿਤੀਆਂ ਵਿਚ ਉਨ੍ਹਾਂ ਅਰਥਾਂ ਰਾਹੀਂ ਨਵੀਆਂ ਵਿਆਖਿਆਵਾਂ ਦੇ ਮਾਡਲ ਸਿਰਜੇ ਜਾ ਸਕਦੇ ਹਨ। ਇਸ ਪੱਖ ਤੋਂ ਲੇਖਕ ਇਕ ਮੁੱਲਵਾਨ ਟਿੱਪਣੀ ਕਰਦਾ ਹੈ: ‘ਅੱਜ ਭਾਸ਼ਾ ਦੀ ਯੋਗਤਾ ਅਤੇ ਯੋਗਤਾ ਦੀ ਭਾਸ਼ਾ ਦੇ ਵਿਵਾਦ ਤੇ ਦਵੰਦ ਨੇ, ਹੁਣ ਇਹ ਮਸਲਾ ਪ੍ਰਤੱਖ ਕਰ ਦਿੱਤਾ ਹੈ ਕਿ ਭਾਰਤ ਦੀਆਂ ਸੰਸਥਾਗਤ ਸੱਤਾ ਸੰਰਚਨਾਵਾਂ ‘ਚ ਖੇਤਰੀ ਭਾਸ਼ਾਵਾਂ ਨੂੰ ਵਿਕਾਸ ਦੇ ਏਜੰਡੇ ‘ਤੇ ਕੇਂਦਰ ਵਿਚ ਲਿਆਂਦਾ ਜਾਵੇ ਅਤੇ ਕੌਮੀ ਨਿਰਮਾਣ ‘ਚ ਇਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਪਛਾਣਿਆ ਜਾਵੇ। ਜੇ ਅਸੀਂ ਇਸ ਦੌਰ ‘ਚ ਇਸ ਨੂੰ ਨਾ ਸਮਝਿਆ ਤਾਂ ਆਉਣ ਵਾਲੇ ਸਮੇਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੇ।’ ਇਹ ਕਿਤਾਬ ਪੰਜਾਬੀ ਵਿਚ ਨਵੇਂ ਸੰਵਾਦ ਛੇੜਨ ਵਾਲੀ ਹੈ। ਇਸ ਨਾਲ ਬਹਿਸ ਵਿਚੋਂ ਨਵੇਂ ਵਿਚਾਰਾਂ ਤੇ ਅਰਥਾਂ ਦਾ ਪ੍ਰਸਾਰ ਹੋ ਸਕਦਾ ਹੈ।