ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ

ਡਾ. ਗੁਰਨਾਮ ਕੌਰ, ਕੈਨੇਡਾ
ਇਹ ਸ਼ਬਦ ਰਾਗ ਸੋਰਠਿ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ 595 ‘ਤੇ ਦਰਜ ਹੈ, ਜਿਸ ਵਿਚ ਵੱਖ ਵੱਖ ਕਿੱਤਿਆਂ ‘ਚੋਂ ਦ੍ਰਿਸ਼ਟਾਂਤ ਲੈ ਕੇ ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਉਸ ਨੇ ਸੰਸਾਰ ‘ਤੇ ਆਪਣਾ ਜੀਵਨ ਸੁਚੱਜਾ ਕਿਵੇਂ ਬਣਾਉਣਾ ਹੈ? ਆਮ ਤੌਰ ‘ਤੇ ਮਨੁੱਖ ਦੀ ਰੋਜ਼ੀ-ਰੋਟੀ ਦਾ ਸਾਧਨ ਚਾਰ ਕਿੱਤੇ ਪ੍ਰਮੁਖ ਰਹੇ ਹਨ-ਖੇਤੀ, ਦੁਕਾਨਦਾਰੀ, ਵਪਾਰ ਅਤੇ ਨੌਕਰੀ| ਗੁਰੂ ਨਾਨਕ ਨੇ ਮਨੁੱਖ ਨੂੰ ਕਿਰਤ ਅਰਥਾਤ ਦਸਾਂ-ਨਹੁੰਆਂ ਦੀ ਸੱਚੀ ਤੇ ਸੁੱਚੀ ਕਮਾਈ ਕਰਨ ਨਾਲ ਜੋੜਿਆ ਹੈ ਅਤੇ ਸੁੱਚੀ ਕਿਰਤ ਹੀ ਸੱਚੀ-ਸੁੱਚੀ ਜੀਵਨ ਜਾਚ ਵੱਲ ਪਹਿਲਾ ਕਦਮ ਹੈ|

ਗੁਰੂ ਨਾਨਕ ਨੇ ਇਨ੍ਹਾਂ ਚਾਰ ਕਿਸਮ ਦੇ ਰੋਜ਼ੀ-ਰੋਟੀ ਕਮਾਉਣ ਦੇ ਸਾਧਨਾਂ ਦੇ ਪ੍ਰਤੀਕ ਵਰਤ ਕੇ ਇੱਕ ਪਾਸੇ ਮਨੁੱਖ ਨੂੰ ਇਸ ਦੁਨੀਆਂ ‘ਤੇ ਰਹਿੰਦਿਆਂ ਆਪਣਾ ਜੀਵਨ ਅਧਿਆਤਮਕ ਰੂਪ ਵਿਚ ਸੁਚੱਜਾ ਬਣਾਉਣ ਦੇ ਗੁਰ ਸਮਝਾਏ ਹਨ, ਉਥੇ ਨਾਲ ਹੀ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਕਿਰਤ-ਕਮਾਈ ਕਿਹੋ ਜਿਹੀ ਹੋਣੀ ਚਾਹੀਦੀ ਹੈ| ਫਸਲ ਪੈਦਾ ਕਰਨ ਲਈ ਇੱਕ ਪਾਸੇ ਖੇਤ ਦੀ ਲੋੜ ਹੈ ਤਾਂ ਨਾਲ ਹੀ ਉਦਮ ਅਤੇ ਮਿਹਨਤ ਦੀ ਵੀ ਲੋੜ ਹੈ, ਜਿਸ ਨਾਲ ਚੰਗੀ ਤਰ੍ਹਾਂ ਜਮੀਨ ਵਾਹ-ਸੁਆਰ ਕੇ ਫਸਲ ਬੀਜੀ ਜਾਣੀ ਹੈ, ਬਿਜਾਈ ਪਿਛੋਂ ਸੁਹਾਗਾ ਫੇਰਿਆ ਜਾਂਦਾ ਹੈ। ਫਸਲ ਨੂੰ ਪਾਣੀ ਨਾਲ ਸਿੰਜਣ ਦੀ ਵੀ ਲੋੜ ਪੈਂਦੀ ਹੈ, ਜਿਸ ਤੋਂ ਬਿਨਾ ਫਸਲ ਉਗੇਗੀ ਨਹੀਂ ਅਤੇ ਜੇ ਉਗ ਪਈ ਤਾਂ ਵਿਚ-ਵਿਚਾਲੇ ਹੀ ਸੁੱਕ ਜਾਵੇਗੀ|
ਖੇਤ ਬੀਜਣ ਦੇ ਇਸੇ ਦ੍ਰਿਸ਼ਟਾਂਤ ਰਾਹੀਂ ਗੁਰੂ ਨਾਨਕ ਨੇ ਸਮਝਾਇਆ ਹੈ ਕਿ ਅਧਿਆਤਮਕ ਜੀਵਨ ਦੀ ਉਸਾਰੀ ਲਈ ਮਨ ਨੂੰ ਹਾਲੀ ਵਾਂਗ ਉਦਮੀ ਬਣਾਉਣਾ ਹੈ ਅਤੇ ਉਚੇ ਆਚਰਣ ਦੀ ਉਸਾਰੀ ਦਾ ਕੰਮ ਵਾਹੀ ਜਾਂ ਖੇਤੀ ਦਾ ਕੰਮ ਕਰਨ ਵਾਂਗ ਹੈ, ਮਿਹਨਤ ਇਸ ਫਸਲ ਨੂੰ ਲਾਉਣ ਲਈ ਪਾਣੀ ਹੈ ਅਤੇ ਮਨੁੱਖਾ ਸਰੀਰ ਉਹ ਖੇਤ ਹੈ, ਜਿਸ ਵਿਚ ਨਾਮ ਰੂਪੀ ਫਸਲ ਬੀਜੀ ਜਾਣੀ ਹੈ| ਨਾਮ-ਰੂਪੀ ਬੀਜ ਨੂੰ ਬਚਾਉਣ ਲਈ ਸੰਤੋਖ ਰੂਪੀ ਸੁਹਾਗਾ ਫੇਰਨ ਲਈ ਕਿਹਾ ਗਿਆ ਹੈ, ਤਾਂ ਜੋ ਮਨੁੱਖੀ ਮਨ ਵਿਚਲੀਆਂ ਤ੍ਰਿਸ਼ਨਾਵਾਂ ਅਤੇ ਲਾਲਸਾਵਾਂ ਇਸ ਨਾਮ ਨੂੰ ਚੁਗ ਨਾ ਲੈਣ| ਸੰਤੋਖ ਰਾਹੀਂ ਸਾਦਾ ਅਤੇ ਸੰਜਮ ਵਾਲਾ ਜੀਵਨ ਜੀਵਿਆ ਜਾਣਾ ਹੈ, ਜੋ ਇਸ ਫਸਲ ਦੀ ਰਾਖੀ ਕਰਦਾ ਹੈ| ਅਜਿਹਾ ਉਦਮ ਕੀਤਿਆਂ ਹੀ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਪ੍ਰੇਮ ਪੈਦਾ ਹੋਵੇਗਾ ਅਤੇ ਇੰਜ ਮਨੁੱਖ ਅਧਿਆਤਮਕ ਤੌਰ ‘ਤੇ ਅਮੀਰ ਹੋ ਜਾਂਦਾ ਹੈ|
ਅੱਗੇ ਦੁਕਾਨਦਾਰੀ ਦੀ ਮਿਸਾਲ ਲਈ ਹੈ ਕਿ ਆਪਣੇ ਇੱਕ ਇੱਕ ਸੁਆਸ ਨੂੰ ਹੱਟੀ ਭਾਵ ਦੁਕਾਨ ਬਣਾ ਅਤੇ ਇਸ ਹੱਟੀ ਵਿਚ ਨਾਮ ਦਾ ਸੌਦਾ ਰੱਖ| ਦੁਕਾਨ ਵਿਚ ਭਾਂਡੇ ਭਾਂਡਸਾਲ ਵਿਚ ਟਿਕਾ ਕੇ ਰੱਖੇ ਜਾਂਦੇ ਹਨ| ਗੁਰੂ ਸਾਹਿਬ ਨੇ ਇੱਥੇ ਸੁਰਤਿ ਅਤੇ ਸੋਚ ਅਰਥਾਤ ਵਿਚਾਰ-ਮੰਡਲ ਨੂੰ ਭਾਂਡਸਾਲ ਬਣਾਉਣ ਲਈ ਕਿਹਾ ਹੈ, ਜਿਸ ਵਿਚ ਨਾਮ ਰੂਪੀ ਭਾਂਡੇ ਟਿਕਾਉਣ ਦਾ ਆਦੇਸ਼ ਕੀਤਾ ਹੈ| ਫਿਰ ਨਾਮ ਰੂਪੀ ਵਣਜ ਕਰਨ ਵਾਲੇ ਸਤਿਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਨ ਲਈ ਕਿਹਾ ਹੈ, ਜਿਸ ਵਿਚੋਂ ਲਾਭ ਵੀ ਪ੍ਰਾਪਤ ਹੁੰਦਾ ਹੈ ਅਤੇ ਮਨ ਦਾ ਖੇੜਾ ਵੀ ਮਿਲਦਾ ਹੈ| ਜਿਸ ਤਰ੍ਹਾਂ ਨੌਕਰ ਪੂਰੀ ਈਮਾਨਦਾਰੀ ਅਤੇ ਤਨ ਦੇਹੀ ਨਾਲ ਆਪਣੇ ਮਾਲਕ ਦੀ ਸੇਵਾ ਕਰਦਾ ਤੇ ਹੁਕਮ ਮੰਨਦਾ ਹੈ, ਇਸੇ ਤਰ੍ਹਾਂ ਮਨੁੱਖ ਨੂੰ ਉਸ ਅਕਾਲ ਪੁਰਖ ਦੀ ਸੇਵਾ ਕਰਨ ਅਤੇ ਉਸ ਦੇ ਹੁਕਮ ਵਿਚ ਚੱਲਣ ਲਈ ਕਿਹਾ ਗਿਆ ਹੈ|
ਅਕਾਲ ਪੁਰਖ ਦੀ ਸੇਵਾ ਕੀ ਹੈ? ਉਸ ਦੇ ਨਾਮ ਨੂੰ ਆਪਣੇ ਮਨ ਵਿਚ ਪੱਕੀ ਤਰ੍ਹਾਂ ਵਸਾਉਣਾ ਹੀ ਉਸ ਮਾਲਕ ਦੀ ਸੇਵਾ ਹੈ| ਵਿਕਾਰਾਂ ਵੱਲੋਂ ਆਪਣੇ ਮਨ ਨੂੰ ਰੋਕਣਾ, ਇਹ ਮਾਲਕ ਲਈ ਦੌੜ-ਭੱਜ ਹੈ| ਅਜਿਹਾ ਕਰਨ ਨਾਲ ਹਰ ਕੋਈ ਹੱਲਾਸ਼ੇਰੀ ਦੇਵੇਗਾ ਅਤੇ ਅਕਾਲ ਪੁਰਖ ਦੀ ਮਿਹਰ ਦੀ ਨਦਰ ਦਾ ਪਾਤਰ ਬਣੇਗਾ| ਇਸ ਨਾਲ ਜੀਵਨ ਉਤੇ ਚਾਰ ਗੁਣਾ ਆਤਮਕ ਰੂਪ ਚੜ੍ਹੇਗਾ| ਸੰਸਾਰਕ ਮਾਇਆ ਇਸ ਸੰਸਾਰ ਵਿਚ ਹੀ ਰਹਿ ਜਾਂਦੀ ਹੈ, ਜਦ ਕਿ ਪਰਮਾਤਮ-ਨਾਮ ਮਨੁੱਖ ਦੇ ਨਾਲ ਜਾਂਦਾ ਹੈ ਅਤੇ ਨਾਮ ਦੀ ਅਗਵਾਈ ਵਿਚ ਸੰਵਰਿਆ ਜੀਵਨ ਸੁਚੱਜਾ ਹੁੰਦਾ ਹੈ|
ਗੁਰੂ ਨਾਨਕ ਨੇ ਅਧਿਆਤਮਕਤਾ ਨੂੰ ਵੀ ਸੁੱਚੀ ਕਿਰਤ ਨਾਲ ਜੋੜਿਆ ਹੈ| ਗੁਰੂ ਗੰ੍ਰਥ ਸਾਹਿਬ ਦੇ ਪੰਨਾ 1245 ‘ਤੇ ਦਿੱਤੇ ਸਲੋਕ ਵਿਚ ਇਸ ‘ਤੇ ਚਾਨਣਾ ਉਹ ਉਸ ਵੇਲੇ ਦੇ ਪ੍ਰਧਾਨ ਧਰਮਾਂ ਦੇ ਆਗੂਆਂ ਦੀ ਮਿਸਾਲ ਰਾਹੀਂ ਪਾਉਂਦੇ ਹਨ| ਪੰਡਿਤ ਧਰਮ-ਕਰਮ ਦੇ ਕੰਮਾਂ ਵਿਚ ਲੋਕਾਂ ਦੀ ਅਗਵਾਈ ਕਰਦਾ ਹੈ ਪਰ ਉਸ ਨੇ ਧਾਰਮਕ ਕੰਮਾਂ ਨੂੰ ਆਪਣੀ ਰੋਜ਼ੀ-ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ| ਉਹ ਪਰਮਾਤਮਾ ਦੇ ਭਜਨ ਤਾਂ ਗਾਉਂਦਾ ਹੈ ਪਰ ਆਪ ਗਿਆਨ ਤੋਂ ਸੱਖਣਾ ਹੈ| ਇਸੇ ਤਰ੍ਹਾਂ ਮੁੱਲਾਂ ਨੇ ਵੀ ਬਾਂਗ ਨਮਾਜ਼ ਆਦਿ ਮਸੀਤ ਦੇ ਕੰਮਾਂ ਨੂੰ ਆਪਣੀ ਭੁੱਖ ਸਰਚਾਉਣ ਦਾ ਸਾਧਨ ਬਣਾਇਆ ਹੋਇਆ ਹੈ|
ਇਸ ਤੋਂ ਬਿਨਾ ਉਸ ਵੇਲੇ ਇੱਕ ਹੋਰ ਧਾਰਮਕ ਕਹਾਉਣ ਵਾਲੀ ਜਮਾਤ ਪ੍ਰਧਾਨ ਹੈ, ਜਿਨ੍ਹਾਂ ਨੂੰ ਯੋਗੀ ਕਹਿੰਦੇ ਹਨ| ਯੋਗੀ ਮਿਹਨਤ ਕਰਨ ਦਾ ਮਾਰਾ ਕੰਨ ਪੜਵਾ ਕੇ ਯੋਗ ਅਖਤਿਆਰ ਕਰ ਲੈਂਦਾ ਹੈ, ਫਕੀਰ ਬਣ ਜਾਂਦਾ ਹੈ ਅਤੇ ਆਪਣੀ ਕੁਲ ਦੀ ਅਣਖ ਵੀ ਗੁਆ ਲੈਂਦਾ ਹੈ| ਆਪਣੇ ਆਪ ਨੂੰ ਗੁਰੂ ਪੀਰ ਅਖਵਾਉਂਦਾ ਹੈ ਪਰ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਘਰ ਘਰ ਮੰਗਣ ਜਾਂਦਾ ਹੈ| ਗੁਰੂ ਨਾਨਕ ਅਨੁਸਾਰ ਅਜਿਹੇ ਨਖੱਟੂ ਬੰਦਿਆਂ ਦੇ ਪੈਰੀਂ ਕਦੇ ਵੀ ਨਹੀਂ ਲੱਗਣਾ ਚਾਹੀਦਾ| ਜੋ ਮਨੁੱਖ ਆਪ ਮਿਹਨਤ ਦੀ ਕਮਾਈ ਕਰਕੇ ਖਾਂਦੇ ਹਨ ਅਤੇ ਫਿਰ ਉਸ ਵਿਚੋਂ ਲੋੜਵੰਦਾਂ ਨੂੰ ਵੀ ਵੰਡਦੇ ਹਨ, ਅਸਲੀ ਜੀਵਨ ਰਾਹ ਦੀ ਪਛਾਣ ਉਨ੍ਹਾਂ ਨੂੰ ਹੀ ਹੁੰਦੀ ਹੈ|
ਇਹ ਹੈ ਗੁਰੂ ਨਾਨਕ ਦਾ ਦੱਸਿਆ ਰਾਹ, ਜਿਸ ਨੂੰ ਅਪਨਾ ਕੇ ਆਪਣਾ ਜੀਵਨ ਇਸ ਸੰਸਾਰ ‘ਤੇ ਸੁਖੀ ਬਣਦਾ ਹੈ ਅਤੇ ਪਰਵਰਦਗਾਰ ਨਾਲ ਮਿਲਾਪ ਵੀ ਸੁਹੇਲਾ ਤੇ ਸੁਖਾਲਾ ਹੋ ਜਾਂਦਾ ਹੈ| ਇਸ ਜੀਵਨ ਜਾਚ ਦੇ ਅਮਲੀ ਪ੍ਰਕਾਸ਼ਨ ਲਈ ਉਨ੍ਹਾਂ ਨੇ ਕਰਤਾਰਪੁਰ ਨਗਰ ਦੀ ਨੀਂਹ 1515 ਈਸਵੀ ਵਿਚ ਰੱਖੀ| ਗੁਰੂ ਨਾਨਕ ਨੇ ਚਾਰ ਉਦਾਸੀਆਂ ਪਿਛੋਂ ਕਰਤਾਰਪੁਰ ਨੂੰ ਪੱਕੀ ਰਿਹਾਇਸ਼ ਬਣਾ ਕੇ ਇਥੇ ਹੀ ਆਪਣੇ ਸਿਧਾਂਤਾਂ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਨੂੰ ਅਮਲੀ ਜਾਮਾ ਵੀ ਪਹਿਨਾਇਆ| ਗੁਰੂ ਸਾਹਿਬ ਆਪਣੇ ਹੱਥੀਂ ਸਾਰਾ ਦਿਨ ਖੇਤੀ ਕਰਦੇ ਅਤੇ ਸਵੇਰੇ-ਸ਼ਾਮ ਰੱਬੀ ਬਾਣੀ ਦਾ ਕੀਰਤਨ ਕਰਦੇ|
ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਦੀ 38ਵੀਂ ਪਉੜੀ ਵਿਚ ਇਸ ਦਾ ਜ਼ਿਕਰ ਕੀਤਾ ਹੈ ਕਿ ਫਿਰ ਬਾਬੇ ਨੇ ਕਰਤਾਰਪੁਰ ਆ ਕੇ ਉਦਾਸੀਆਂ ਵਾਲਾ ਸਾਰਾ ਭੇਖ ਉਤਾਰ ਦਿੱਤਾ| ਸੰਸਾਰੀ ਕੱਪੜੇ ਪਹਿਨ ਕੇ ਮੰਜੀ ‘ਤੇ ਬੈਠ ਕੇ ਗੁਰੂ ਹੋਣ ਵਾਲਾ ਫਰਜ਼ ਨਿਭਾਉਣ ਲੱਗੇ| ਇੱਥੇ ਖੇਤੀਬਾੜੀ ਦੇ ਕਾਰਜਾਂ ਦੇ ਨਾਲ ਗਿਆਨ ਤੇ ਗੋਸ਼ਟੀਆਂ ਵੀ ਹੁੰਦੀਆਂ ਅਤੇ ਸ਼ਬਦ ਕੀਰਤਨ ਵੀ ਹੁੰਦਾ| ਅੰਮ੍ਰਿਤ ਵੇਲੇ ਜਾਪੁ ਦਾ ਉਚਾਰਨ ਹੁੰਦਾ ਅਤੇ ਸ਼ਾਮ ਵੇਲੇ ਸੋ ਦਰੁ ਅਤੇ ਆਰਤੀ ਗਾਈ ਜਾਂਦੀ| ਭਾਈ ਗੁਰਦਾਸ ਅਨੁਸਾਰ ਕਰਤਾਰਪੁਰ ਤੋਂ ਹੀ ਬਾਬਾ ਨਾਨਕ ਸਿੱਧਾਂ ਨਾਲ ਪ੍ਰਸ਼ਨ-ਉਤਰ ਕਰਨ ਲਈ ਸ਼ਿਵਰਾਤਰੀ ਦੇ ਮੇਲੇ ‘ਤੇ ਅਚਲ ਬਟਾਲਾ ਗਏ ਤੇ ਯੋਗੀਆਂ ਨਾਲ ਗੋਸ਼ਟਾਂ ਰਚਾਉਣ ਪਿਛੋਂ ਮੁਲਤਾਨ ਦੀ ਜ਼ਿਆਰਤ ਕੀਤੀ ਅਤੇ ਮੁੜ ਕਰਤਾਰਪੁਰ ਆ ਗਏ|
ਬਚਪਨ ਵਿਚ ਗੁਰੂ ਨਾਨਕ ਦੇ ਪਿਤਾ ਮਹਿਤਾ ਕਾਲੂ ਨੇ ਆਪਣੇ ਪੁੱਤਰ ਨੂੰ ਵਪਾਰ ਵਿਚ ਪਾਉਣ ਲਈ 20 ਰੁਪਏ ਚੰਗਾ ਸੌਦਾ ਕਰਨ ਲਈ ਦਿੱਤੇ, ਜਿਸ ਨਾਲ ਗੁਰੂ ਸਾਹਿਬ ਨੇ ਕਈ ਦਿਨ ਦੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ‘ਸੱਚਾ ਸੌਦਾ’ ਕੀਤਾ| ਉਪਰ ਵਰਣਿਤ ਸ਼ਬਦ ਵਿਚ ਬਾਬਾ ਨਾਨਕ ਨੇ ਵੱਖ ਵੱਖ ਪ੍ਰਚਲਿਤ ਕਿੱਤਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਮਨੁੱਖ ਆਪਣੇ ਜੀਵਨ ਨੂੰ ਸਹੀ ਸੇਧ ਵਿਚ ਕਿਵੇਂ ਤੋਰ ਸਕਦਾ ਹੈ? ਉਨ੍ਹਾਂ ਨੇ ਜੀਵਨ-ਦਰਸ਼ਨ ਦੇ ਅਮਲੀ ਪ੍ਰਕਾਸ਼ਨ ਲਈ ਕਰਤਾਰਪੁਰ ਵਿਖੇ ਜੋ ਕਿੱਤਾ ਚੁਣਿਆ, ਉਹ ਖੇਤੀਬਾੜੀ ਦਾ ਹੈ| ਉਨ੍ਹਾਂ ਨੇ ਅੱਗੇ ਹੋ ਕੇ ਆਪ ਇਹ ਮਿਹਨਤ ਕੀਤੀ ਅਤੇ ਬਾਣੀ ਦੇ ਪ੍ਰਚਾਰ ਤੇ ਪਾਸਾਰ ਲਈ ਜੀਵਨ ਦੇ ਆਖਰੀ ਕਰੀਬ 18 ਵਰ੍ਹੇ ਇਹ ਕਾਰਜ ਕਰਦਿਆਂ ਗੁਜ਼ਾਰੇ|
ਖੇਤੀ ਦੇ ਕਿੱਤੇ ਨਾਲ ਜਿੱਥੇ ਸੁੱਚੀ ਕਿਰਤ ਦੀ ਭਾਵਨਾ ਜੁੜੀ ਹੋਈ ਹੈ, ਉਥੇ ‘ਸਰਬੱਤ ਦਾ ਭਲਾ’, ਪਰਉਪਕਾਰ, ਅਤੇ ਸੇਵਾ ਆਦਿ ਦੇ ਗੁਣ, ਜਿਨ੍ਹਾਂ ਨੂੰ ਬਾਣੀ ਵਿਚ ਬਹੁਤ ਅਹਿਮ ਸਥਾਨ ਦਿੱਤਾ ਗਿਆ ਹੈ, ਵੀ ਖੇਤੀ ਨਾਲ ਹੀ ਜੁੜੇ ਹੋਏ ਹਨ| ਬਿਨਾ ਕਿਸੇ ਵਿਤਕਰੇ, ਹਰ ਇੱਕ ਦਾ ਪੇਟ ਭਰਨ ਲਈ ਅਨਾਜ ਅਤੇ ਹੋਰ ਖਾਣ ਵਾਲੇ ਪਦਾਰਥ ਪੈਦਾ ਕਰਨੇ ਸਰਬੱਤ ਦਾ ਭਲਾ ਚਾਹੁਣਾ ਹੈ। ਭੁੱਖੇ ਪੇਟ ਲਈ ਅੰਨ ਪੈਦਾ ਕਰਨ ਤੋਂ ਵੱਡਾ ਕੋਈ ਪਰਉਪਕਾਰ ਤੇ ਸੇਵਾ ਨਹੀਂ| ਭਾਰਤ ਦੀ ਬਹੁ ਗਿਣਤੀ ਲੋਕਾਈ ਖੇਤੀ ਦੇ ਧੰਦੇ ਨਾਲ ਸਿੱਧੇ-ਅਸਿੱਧੇ ਰੂਪ ਵਿਚ ਜੁੜੀ ਹੋਈ ਹੈ| ਪਿੰਡਾਂ ਵਿਚ ਕਿਸਾਨ ਤੋਂ ਬਿਨਾ ਖੇਤੀ ਵਿਚ ਕੰਮ ਆਉਣ ਵਾਲੇ ਸੰਦ ਬਣਾਉਣ ਵਾਲੇ ਤਰਖਾਣ/ਲੁਹਾਰ, ਖੇਤਾਂ ਵਿਚ ਕੰਮ ਕਰਦੇ ਕਾਮੇ ਆਦਿ ਤੋਂ ਲੈ ਕੇ ਪਿੰਡ ਦੀ ਵੱਸੋਂ ਦੀ ਬਹੁ ਗਿਣਤੀ ਖੇਤੀ ‘ਤੇ ਨਿਰਭਰ ਕਰਦੀ ਰਹੀ ਹੈ|
ਅੱਜ ਕੀ ਪੰਜਾਬ ਤੇ ਕੀ ਭਾਰਤ ਦੇ ਹੋਰ ਸੂਬਿਆਂ ਵਿਚ ਕਿਸਾਨੀ ਬਹੁਤ ਵੱਡੇ ਸੰਕਟ ਵਿਚੋਂ ਲੰਘ ਰਹੀ ਹੈ| ਸਾਰੇ ਮੁਲਕ ਦਾ ਪੇਟ ਭਰਨ ਵਾਲਾ ਕਿਸਾਨ ਅੱਜ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕਣ ਦੇ ਵੀ ਸਮਰੱਥ ਨਹੀਂ ਹੈ। ਭਾਰਤ ‘ਚ ਕਰਜ਼ੇ ਦੀ ਮਾਰੀ ਕਿਸਾਨੀ ਖੁਦਕਸ਼ੀਆਂ ਕਰਨ ਲਈ ਮਜਬੂਰ ਹੈ| ਕਿਸਾਨ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਪਹਿਲਾਂ ਵੀ ਕਈ ਵਾਰ ਕਿਸਾਨ ਰਾਜਧਾਨੀ ਦਿੱਲੀ ਤੱਕ ਮਾਰਚ ਕਰਦੇ ਆਏ ਹਨ ਅਤੇ ਹੁਣ ਫਿਰ ਉਸੇ ਲੜੀ ਵਿਚ ਵੱਖ ਵੱਖ ਸੂਬਿਆਂ ਤੋਂ ਕਿਸਾਨ ਖੇਤਾਂ ਦਾ ਕੰਮ ਛੱਡ ਕੇ ਦਿੱਲੀ ਦੀਆਂ ਸੜਕਾਂ ‘ਤੇ ਮਾਰਚ ਕਰਦੇ ਨਜ਼ਰ ਆਏ, ਜਿਨ੍ਹਾਂ ਵਿਚ ਮੱਧ ਪ੍ਰਦੇਸ਼ ਵਰਗੇ ਸੂਬਿਆਂ ਤੋਂ ਆਈਆਂ ਕਾਫੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਸਨ| ਇਸ ਆਸ ਨਾਲ, ਸ਼ਾਇਦ 2019 ਦੀਆਂ ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਸਰਕਾਰ ਦੇ ਮਨ ‘ਚ ਕੋਈ ਮਿਹਰ ਪੈ ਜਾਵੇ ਅਤੇ ਕਿਸਾਨਾਂ ਨੂੰ ਕੋਈ ਰਾਹਤ ਮਿਲ ਜਾਵੇ|
ਸੱਚਾਈ ਇਹ ਹੈ ਕਿ ਅੱਜ ਦੇ ਕਿਸਾਨ ਨੂੰ ਲੁੱਟ ਦੇ ਤੰਤਰ ਨੇ ਘੇਰ ਰੱਖਿਆ ਹੈ| ਇੱਕ ਚੈਨਲ ਤੋਂ ਬਿਨਾ ਕੋਈ ਟੀ. ਵੀ. ਚੈਨਲ ਕਵਰ ਕਰਦਾ ਨਜ਼ਰ ਨਹੀਂ ਆਇਆ| ਚੈਨਲਾਂ ਨੂੰ ਤਾਂ ਅੱਜ ਕੱਲ੍ਹ ਆਪਸੀ ਭਾਈਚਾਰਕ ਸਾਂਝ ਤੋੜ ਕੇ ਫਿਰਕੂ ਨਫਰਤ ਫੈਲਾ ਕੇ ਆਪਸ ਵਿਚ ਲੜਾਉਣ ਦਾ ਕੰਮ ਹੀ ਰਹਿ ਗਿਆ ਹੈ। ਇਸੇ ਵਿਚ ਹੀ ਮੌਜੂਦਾ ਸਰਕਾਰ ਦੀ ਜਿੱਤ ਅਤੇ ਸ਼ਕਤੀ ਦਾ ਰਾਜ ਛੁਪਿਆ ਹੋਇਆ ਹੈ, ਜਿਸ ਦਾ ਨਜ਼ਾਰਾ ਕੁਝ ਦਿਨ ਪਹਿਲਾਂ ਹੀ ਸਭ ਨੇ ਰਾਮ ਮੰਦਿਰ ਨਿਰਮਾਣ ਲਈ ਅਯੁੱਧਿਆ ਵਿਚ ਇਕੱਠੀ ਹੋਈ ਭੀੜ ਦੇ ਰੂਪ ਵਿਚ ਦੇਖਿਆ ਹੈ।
ਕਿਸਾਨਾਂ ਨਾਲ ਗੱਲਬਾਤ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹ ਕਿਸ ਕਿਸਮ ਦੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਸਰਕਾਰਾਂ (ਕੇਂਦਰ ਤੇ ਸੂਬਾ) ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਕਿਸ ਤਰ੍ਹਾਂ ਬੇਲਾਗ ਤੇ ਬੇਪਰਵਾਹ ਹਨ| ਟੀ. ਵੀ. ਐਂਕਰ ਵੱਲੋਂ ਕਿਸਾਨਾਂ ਨਾਲ (ਆਗੂਆਂ ਨਾਲ ਨਹੀਂ) ਸਿੱਧੀ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਇਸ ਦੋ ਦਿਨ ਦੇ ਮਾਰਚ ਵਿਚ ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ ਵਰਗੇ ਦੂਰ-ਦੁਰੇਡੇ ਸੂਬਿਆਂ ਤੋਂ ਆਏ ਕਿਸਾਨ ਕੋਈ ਪਹਿਲੀ ਵਾਰ ਅਜਿਹੇ ਵਿਖਾਵੇ ਜਾਂ ਮਾਰਚ ਵਿਚ ਸ਼ਾਮਲ ਹੋਣ ਨਹੀਂ ਆਏ, ਪਹਿਲਾਂ ਵੀ ਆਉਂਦੇ ਰਹੇ ਹਨ ਪਰ ਸਭ ਤੋਂ ਵੱਧ ਉਨ੍ਹਾਂ ਨੂੰ ਮੌਜੂਦਾ ਸਰਕਾਰ ਵੇਲੇ ਆਉਣਾ ਪਿਆ ਹੈ| ਇੱਕ ਵਜ੍ਹਾ ਇਹ ਹੈ ਕਿ ਫਸਲ ਬੀਮਾ ਯੋਜਨਾ ਮੋਦੀ ਸਰਕਾਰ ਵੱਲੋਂ ਅਰੰਭ ਕੀਤੀ ਗਈ, ਜਿਸ ਦਾ ਕਿਸਾਨਾਂ ਨੂੰ ਕੋਈ ਫਾਇਦਾ ਹੋਣ ਦੀ ਥਾਂ ਨੁਕਸਾਨ ਹੋਇਆ ਹੈ ਅਤੇ ਕਾਰਪੋਰੇਸ਼ਨਾਂ ਨੇ ਫਸਲ ਬੀਮਾ ਦੇ ਨਾਂ ‘ਤੇ ਕਈ ਸੌ ਕਰੋੜ ਰੁਪਏ ਧਨ ਕਮਾਇਆ ਹੈ|
ਇੱਕ ਕਿਸਾਨ ਦੱਸ ਰਿਹਾ ਸੀ ਕਿ ਉਹ 15 ਏਕੜ ਦਾ ਮਾਲਕ ਹੈ ਅਤੇ ਸਾਲ ਦੀ 15,000 ਰੁਪਏ ਬੀਮੇ ਦੀ ਕਿਸ਼ਤ ਭਰਦਾ ਹੈ| ਬੈਂਕ ਵਾਲੇ ਕਿਸ਼ਤ ਕਰੈਡਿਟ ਕਾਰਡ ਵਿਚੋਂ ਹਰ ਮਹੀਨੇ ਕੱਟ ਲੈਂਦੇ ਹਨ ਪਰ ਕਿਸੇ ਕਾਰਪੋਰੇਸ਼ਨ ਦਾ ਨਾਂ ਕੋਈ ਦਫਤਰ ਹੈ ਅਤੇ ਨਾ ਹੀ ਕਿਸੇ ਨੂੰ ਪਤਾ ਹੈ ਕਿ ਕਲੇਮ ਲੈਣ ਕਿੱਥੇ ਜਾਣਾ ਹੈ? ਤਿੰਨ ਵਾਰ ਫਸਲ ਸੜ ਜਾਣ ਦੇ ਬਾਵਜੂਦ ਫਸਲ ਬੀਮੇ ਦੀ ਇੱਕ ਕੌਡੀ ਤੱਕ ਨਹੀਂ ਮਿਲੀ| ਇਹ ਇਕ ਕਿਸਾਨ ਦੀ ਨਹੀਂ, ਸਭ ਦੀ ਕਹਾਣੀ ਹੈ| ਸਰਕਾਰ ਨੇ ਕਿਹਾ ਹੈ ਕਿ ਉਸ ਨੇ ਆਨ ਲਾਈਨ ਮੰਡੀਆਂ ਵਿਚ ਫਸਲਾਂ ਵੇਚਣ ਦਾ ਸਿਸਟਮ ਮੁਹੱਈਆ ਕਰਾ ਦਿੱਤਾ ਹੈ ਪਰ ਕਿਸਾਨਾਂ ਦੀ ਕੋਈ ਫਸਲ ਕਿਸੇ ਮੰਡੀ ਵਿਚ ਨਹੀਂ ਵਿੱਕ ਰਹੀ|
ਹਰਿਆਣਾ ਦੇ ਭਿਵਾਨੀ ਇਲਾਕੇ ਤੋਂ ਆਏ ਇੱਕ ਕਿਸਾਨ ਨੇ ਦੱਸਿਆ ਕਿ ਉਹ ਆਪਣਾ ਬਾਜਰਾ ਲੈ ਕੇ ਮੰਡੀ ਗਿਆ ਤਾਂ ਇਹ ਕਹਿ ਕੇ ਬਾਜਰਾ ਖਰੀਦਣ ਤੋਂ ਨਾਂਹ ਕਰ ਦਿੱਤੀ ਗਈ ਕਿ ਇਸ ਦਾ ਦਾਣਾ ਗੋਲ ਨਹੀਂ ਹੈ ਤੇ ਰੰਗ ਬਦਲ ਗਿਆ ਹੈ| ਉਸ ਦਾ ਕਹਿਣਾ ਸੀ ਕਿ ਰੰਗ ਤਾਂ ਬਦਲਦਾ ਜੇ ਮੀਂਹ ਪੈਂਦਾ, ਜਦੋਂ ਮੀਂਹ ਹੀ ਨਹੀਂ ਪਿਆ ਤਾਂ ਰੰਗ ਕਿਵੇਂ ਬਦਲ ਗਿਆ? ਇਸੇ ਤਰ੍ਹਾਂ ਇੱਕ ਹੋਰ ਕਿਸਾਨ ਦੱਸ ਰਿਹਾ ਸੀ ਕਿ ਬੈਂਕ ਨੇ ਪ੍ਰੀਮੀਅਮ ਦੀ ਕਿਸ਼ਤ ਕੱਟ ਲਈ ਪਰ ਕੰਪਨੀ ਕਹਿੰਦੀ, ਕਿਸ਼ਤ ਦੋ ਦਿਨ ਲੇਟ ਹੋ ਗਈ| ਹਿਸਾਰ ਤੋਂ ਆਏ ਹਨੂਮਾਨ ਨਾਂ ਦੇ ਕਿਸਾਨ ਦਾ ਕਹਿਣਾ ਸੀ ਕਿ ਇਸ ਸਰਕਾਰ ਵਰਗੀ ਕੋਈ ਵੀ ਮਾੜੀ ਸਰਕਾਰ ਨਹੀਂ ਆਈ|
ਹੋਰ ਵੀ ਕਈ ਕਿਸਾਨਾਂ ਦਾ ਕਹਿਣਾ ਸੀ ਕਿ ਮੋਦੀ ਨੇ ਚੋਣਾਂ ਤੋਂ ਪਹਿਲਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਜਿਸ ਅਨੁਸਾਰ ਕਿਸਾਨ ਨੂੰ ਫਸਲ ਦਾ ਖੇਤੀ ਲਾਗਤ ਤੋਂ ਡਿਉਢਾ ਮੁੱਲ ਮਿਲਣਾ ਚਾਹੀਦਾ ਹੈ ਪਰ ਸਰਕਾਰ ਬਣਨ ਪਿਛੋਂ ਰਿਪੋਰਟ ਲਾਗੂ ਨਹੀਂ ਕੀਤੀ ਗਈ| ਮਿਸਾਲ ਵਜੋਂ ਮੂੰਗ ਦਾ ਮੁੱਲ 6950 ਰੁਪਏ ਪ੍ਰਤੀ ਕੁਇੰਟਲ ਲਾਗੂ ਕੀਤਾ ਗਿਆ ਹੈ ਅਤੇ ਲਾਲਾ 4500 ਰੁਪਏ ਪ੍ਰਤੀ ਕੁਇੰਟਲ ਖਰੀਦ ਰਿਹਾ ਹੈ, ਜਦ ਕਿ ਮੂੰਗ ਦੀ ਲਾਗਤ 7000 ਰੁਪਏ ਪ੍ਰਤੀ ਕੁਇੰਟਲ ਆਉਂਦੀ ਹੈ| ਬਾਜਰੇ ਦੀ ਕੀਮਤ 1900 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਖਰੀਦਿਆ 1200-1400 ਰੁਪਏ ਕੁਇੰਟਲ ਜਾ ਰਿਹਾ ਹੈ| ਗੁੜ ਬਣਾਉਣ ਵਿਚ ਵਿਸ਼ਾਖਾਪਟਨਮ ਦਾ ਦੇਸ਼ ਵਿਚ ਦੂਜਾ ਨੰਬਰ ਹੈ। ਗੁੜ 35 ਰੁਪਏ ਕਿੱਲੋ ਹੈ ਪਰ ਕਿਸਾਨਾਂ ਕੋਲੋਂ 20 ਰੁਪਏ ਨੂੰ ਖਰੀਦਿਆ ਜਾ ਰਿਹਾ ਹੈ| ਕਿਸਾਨ ਸਿਰ ‘ਤੇ ਗੁੜ ਬੰਨ ਕੇ ਆਏ ਹੋਏ ਸਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਗੁੜ ਰਾਸ਼ਨ ਕਾਰਡ ਦੀਆਂ ਵਸਤਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਲੋੜੀਂਦੀ ਵਸਤੂ ਹੋਣ ਕਰਕੇ ਇਹ ਸਹੀ ਮੁੱਲ ‘ਤੇ ਵਿਕ ਸਕੇ|
ਇੱਕ ਹੋਰ ਕਿਸਾਨ ਨੇ ਸਵਾਲ ਕੀਤਾ ਕਿ ਉਸ ਦੀ 70 ਕੁਇੰਟਲ ਸਰੋਂ ਵਿਚੋਂ ਸਰਕਾਰ ਨੇ ਸਿਰਫ 24 ਕੁਇੰਟਲ ਖਰੀਦੀ ਹੈ, ਉਹ ਬਾਕੀ ਸਰੋਂ ਕਿੱਥੇ ਵੇਚੇ? 10% ਫਸਲ 4000 ਰੁਪਏ ਕੁਇੰਟਲ ਵਿਕੀ ਹੈ, ਬਾਕੀ ਦੀ 3600 ਰੁਪਏ ਵਿਕ ਰਹੀ ਹੈ, ਜਦ ਕਿ ਪ੍ਰਤੀ ਕੁਇੰਟਲ ਲਾਗਤ 7000 ਰੁਪਏ ਹੈ| ਕਾਫੀ ਗਿਣਤੀ ਵਿਚ ਉਹ ਔਰਤਾਂ ਵੀ ਆਈਆਂ ਹੋਈਆਂ ਸਨ, ਜਿਨ੍ਹਾਂ ਦੇ ਪਤੀਆਂ ਨੇ ਕਰਜ਼ੇ ਦੀ ਮਾਰ ਹੇਠ ਖੁਦਕਸ਼ੀਆਂ ਕਰ ਲਈਆਂ ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਮਦਦ ਨਾ ਕੀਤੀ| ਟਮਾਟਰ ਕਿਸਾਨਾਂ ਕੋਲੋਂ 50 ਪੈਸੇ ਕਿੱਲੋ ਅਤੇ ਆਲੂ ਡੇਢ ਰੁਪਏ ਕਿੱਲੋ ਖਰੀਦਿਆ ਜਾਂਦਾ ਹੈ| ਪਾਣੀ 20 ਰੁਪਏ ਕਿੱਲੋ ਵਿਕਦਾ ਹੈ ਪਰ ਕਿਸਾਨਾਂ ਕੋਲੋਂ ਦੁੱਧ 17 ਰੁਪਏ ਕਿੱਲੋ ਖਰੀਦਿਆ ਜਾਂਦਾ ਹੈ|
ਮੱਧ ਪ੍ਰਦੇਸ਼ ਤੋਂ ਆਈਆਂ ਔਰਤਾਂ ਦਾ ਗਿਲਾ ਸੀ ਕਿ ਪਿੰਡਾਂ ਵਿਚ ਪੀਣ ਵਾਲੇ ਪਾਣੀ ਅਤੇ ਬਿਜਲੀ ਦਾ ਕੋਈ ਪ੍ਰਬੰਧ ਨਹੀਂ| ਕੇਂਦਰੀ ਖੇਤੀ ਮੰਤਰੀ ਰਾਧਾ ਮੋਹਣ ਸਿੰਘ ਦਾ ਟਵਿਟਰ ਹੈਂਡਲ ਕਿਸਾਨਾਂ ਨੂੰ ਦਿਖਾਇਆ ਜਾ ਰਿਹਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਡੇਅਰੀ ਲਈ ਨਵੀਂ ਯੋਜਨਾ ਆਈ ਹੈ, ਜਿਸ ਤਹਿਤ ਡੇਅਰੀ ਉਤਪਾਦਕਾਂ ਨੂੰ ਇਕ ਕਰੋੜ ਰੁਪਏ ਦਾ ਲਾਭ ਹੋਵੇਗਾ, ਪਰ ਕਿਸਾਨਾਂ ਦਾ ਕਹਿਣਾ ਸੀ ਕਿ ਡੇਅਰੀ ਵਾਲੇ ਦੁੱਧ ਮੋੜ ਦਿੰਦੇ ਹਨ ਕਿ ਦੁੱਧ ਨਹੀਂ ਚਾਹੀਦਾ| ਕਿਸਾਨ ਜਾਵੇ ਤਾਂ ਕਿੱਥੇ ਜਾਵੇ? ਖੇਤੀ, ਜੋ ਕਿਸੇ ਸਮੇਂ ਸਭ ਤੋਂ ਉਤਮ ਕਾਰ ਮੰਨੀ ਜਾਂਦੀ ਸੀ, ਸ਼ਾਇਦ ਅੱਜ ਸਭ ਤੋਂ ਮਾੜੀ ਕਾਰ ਬਣ ਕੇ ਰਹਿ ਗਈ ਹੈ|