ਸਿਨੇਮਾ ਅਤੇ ਸਾਹਿਤ

ਜਤਿੰਦਰ ਸਿੰਘ
ਸਾਹਿਤ ਅਤੇ ਸਿਨੇਮਾ ਦਾ ਨੇੜਲਾ ਤੇ ਗੂੜ੍ਹਾ ਸਬੰਧ ਹੈ। ਹਰ ਬੋਲੀ ਦੇ ਸਾਹਿਤ ਦਾ ਸਿਨੇਮਾ ‘ਤੇ ਡੂੰਘਾ ਪ੍ਰਭਾਵ ਹੁੰਦਾ ਹੈ। ਫਿਲਮਸਾਜ਼ਾਂ ਵਲੋਂ ਕਿਸੇ ਨਾ ਕਿਸੇ ਸਾਹਿਤਕ ਕਿਰਤ ‘ਤੇ ਆਧਾਰਿਤ ਫਿਲਮ ਨਿਰਮਾਣ ਦਾ ਕਾਰਜ ਬਹੁਤ ਪਾਰੰਪਰਿਕ ਵੀ ਹੈ ਤੇ ਆਧੁਨਿਕ ਵੀ। ਫਿਲਮਾਂ ਤੇ ਸਾਹਿਤ ਦਾ ਮੂਲ ਉਦੇਸ਼ ਤੇ ਕਰਤੱਵ ਸੁਹਜ, ਸੁਆਦ ਤੇ ਚਿੰਤਨ ਹੈ। ਜੇ ਇਨ੍ਹਾਂ ਦਾ ਸੁਮੇਲ ਹੋ ਜਾਂਦਾ ਹੈ ਤਾਂ ਉਹ ਕਿਰਤ ਸ਼ਾਹਕਾਰ ਹੋ ਨਿਬੜਦੀ ਹੈ। ਕਿਤਾਬ ਦੀ ਪੜ੍ਹਤ ਅਤੇ ਫਿਲਮ ਦੇਖਣ ਵਿਚ ਕੀ ਫਰਕ ਹੈ? ਜਾਂ ਇੰਜ ਕਹਿ ਲਿਆ ਜਾਵੇ ਕਿ ਕਿਸੇ ਨਾਵਲ ਦਾ ਫਿਲਮੀ ਰੂਪਾਂਤਰਨ ਕਰਨਾ ਹੋਵੇ ਤਾਂ ਉਸ ਦੀਆਂ ਕੀ ਮੁਸ਼ਕਲਾਂ ਤੇ ਸੰਭਾਵਨਾਵਾਂ ਹੁੰਦੀਆਂ ਹਨ?

ਫਿਲਮ ਤੇ ਨਾਵਲ ਵਿਚ ਭਾਵੇਂ ਬਹੁਤ ਫਰਕ ਹੈ, ਪਰ ਇਹ ਮੋਟੇ ਤੌਰ ‘ਤੇ ਪੈਮਾਨੇ, ਯਥਾਰਥਵਾਦ ਦਾ ਪੱਧਰ ਤੇ ਲੇਖਕ ਦਾ ਪ੍ਰਭਾਵ ਜਾਂ ਫਿਲਮਸਾਜ਼ ਦੀ ਵਿਚਾਰਧਾਰਾ ਨਾਲ ਸਬੰਧਿਤ ਹੈ। ਨਾਵਲ ਦਾ ਬਿਰਤਾਂਤ 300-400 ਸਫਿਆਂ ਤਕ ਫੈਲਿਆ ਹੁੰਦਾ ਹੈ ਅਤੇ ਉਸ ਦੇ ਕੈਨਵਸ ਨੂੰ ਫਿਲਮ ਦੇ 90 ਤੋਂ 110 ਮੀਟਰ ਤਕ ਕਿਵੇਂ ਸਮੇਟਣਾ ਹੋਵੇਗਾ? ਨਾਲ ਹੀ ਸ਼ਬਦਾਂ ਦੀ ਆਪਣੀ ਹੋਂਦ ਹੁੰਦੀ ਹੈ ਜੋ ਸਾਹਿਤਕਾਰ ਨੇ ਪ੍ਰਤੀਕਾਂ ਤੇ ਬਿੰਬਾਂ ਦੀ ਮਦਦ ਨਾਲ ਵਿਆਖਿਆ ਕੀਤੀ ਹੈ, ਉਥੇ ਫਿਲਮ ਵਿਚ ਸ਼ਬਦਾਂ ਨਾਲੋਂ ਹਾਵ-ਭਾਵ ਦੀ ਜ਼ਿਆਦਾ ਮਹੱਤਤਾ ਬਣਦੀ ਹੈ।
ਸਾਹਿਤ ਦਾ ਉਦੇਸ਼ ਜ਼ਿੰਦਗੀ ਦੇ ਸਹੀ ਪੈਮਾਨੇ ਨੂੰ ਦਿਖਾਉਣਾ ਹੈ। ਹਰ ਪਾਠਕ ਉਸ ਸਾਹਿਤਕ ਕ੍ਰਿਤ ਲਈ ਵੱਖਰਾ ਦ੍ਰਿਸ਼ਟੀਕੋਣ ਰੱਖਦਾ ਹੈ, ਪਰ ਜਦੋਂ ਫਿਲਮਸਾਜ਼ਾਂ ਨੇ ਉਸ ਸਾਹਿਤਕ ਕ੍ਰਿਤ ਤੋਂ ਫਿਲਮ ਦਾ ਨਿਰਮਾਣ ਕਰਨਾ ਹੁੰਦਾ ਹੈ ਤਾਂ ਉਸ ਨਾਲ ਫਿਲਮ ਨਿਰਮਾਤਾ ਆਪਣੀ ਦ੍ਰਿਸ਼ਟੀ ਤੋਂ ਵੀ ਫਿਲਮ ਨੂੰ ਆਪਣੇ ਅੰਦਾਜ਼ ਵਿਚ ਪੇਸ਼ ਕਰਦਾ ਹੈ। ਫਿਲਮਸਾਜ਼ ਦੀ ਵਿਚਾਰਧਾਰਾ ਦਾ ਪ੍ਰਭਾਵ ਉਸ ਫਿਲਮ ਉਪਰ ਨਜ਼ਰ ਆਉਂਦਾ ਹੈ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਦਰਸ਼ਕ ਉਸ ਫਿਲਮ ਦੇ ਥੀਮ ਤੋਂ ਪਹਿਲਾਂ ਹੀ ਜਾਣਕਾਰ ਹੁੰਦਾ ਹੈ ਜਿਸ ਨਾਲ ਫਿਲਮਸਾਜ਼ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਬਣ ਜਾਂਦੀ ਹੈ ਕਿ ਦਰਸ਼ਕਾਂ ਨੂੰ ਫਿਲਮ ਨਾਲ ਅੰਤ ਤਕ ਕਿਵੇਂ ਜੋੜ ਕੇ ਰੱਖਿਆ ਜਾਵੇ।
ਪੰਜਾਬੀ ਅਤੇ ਹਿੰਦੀ ਸਾਹਿਤ ਦੇ ਆਧਾਰ ‘ਤੇ ਕਈ ਫਿਲਮਾਂ ਦਾ ਨਿਰਮਾਣ ਹੋਇਆ ਜਿਨ੍ਹਾਂ ਵਿਚੋਂ ‘ਪਿੰਜਰ’, ‘ਏਕ ਚਾਦਰ ਮੈਲੀ ਸੀ’, ‘ਟੂ ਸਟੇਟਸ’, ‘3 ਇਡੀਅਟਸ’, ‘ਗੋਦਾਨ’, ‘ਟਰੇਨ ਟੂ ਪਾਕਿਸਤਾਨ’, ‘ਪਵਿਤਰ ਪਾਪੀ’, ‘ਮੜ੍ਹੀ ਦਾ ਦੀਵਾ’, ‘ਅੰਨ੍ਹੇ ਘੋੜੇ ਦਾ ਦਾਨ’ ਅਤੇ ‘ਚੌਥੀ ਕੂਟ’ ਅਹਿਮ ਹਨ। ਆਪਾਂ ਇਥੇ ਗੱਲ ਕਰਾਂਗੇ ਪੰਜਾਬੀ ਸਾਹਿਤ ‘ਤੇ ਆਧਾਰਿਤ ਫਿਲਮਾਂ ਬਾਰੇ। ਇਨ੍ਹਾਂ ਵਿਚ ‘ਮੜ੍ਹੀ ਦਾ ਦੀਵਾ’, ‘ਅੰਨ੍ਹੇ ਘੋੜੇ ਦਾ ਦਾਨ’ ਅਤੇ ‘ਚੌਥੀ ਕੂਟ’ ਸ਼ਾਮਲ ਹਨ। ਇਹ ਫਿਲਮਾਂ ਆਮ ਪੰਜਾਬੀ ਫਿਲਮਾਂ ਵਾਂਗ ਜੱਟ ਦੇ ਬਦਲੇ ‘ਤੇ ਆਧਾਰਿਤ ਨਹੀਂ ਹਨ, ਨਾ ਹੀ ਹਿੰਦੀ ਫਿਲਮਾਂ ਵਾਂਗ ਪੰਜਾਬ ਦਾ ਕੋਈ ਦ੍ਰਿਸ਼ ਪੇਸ਼ ਕਰ ਰਹੀਆਂ ਹਨ। ਇਨ੍ਹਾਂ ਫਿਲਮਾਂ ਵਿਚ ਬੰਦੇ ਦੇ ਜੀਵਨ ਤੋਂ ਉਪਜੇ ਦੁੱਖ ਪ੍ਰਤੀ ਉਦਾਸੀਨਤਾ ਨਜ਼ਰ ਆਉਂਦੀ ਹੈ ਅਤੇ ਨਾਲ ਹੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਤੇ ਕਿਰਤ ਤੋਂ ਉਪਜੇ ਦੁਖਾਂਤ ਦੇ ਵੱਖ-ਵੱਖ ਪਹਿਲੂਆਂ ਦੀ ਪੇਸ਼ਕਾਰੀ ਕਰਦੀਆਂ ਹਨ। ਇਨ੍ਹਾਂ ਫਿਲਮਾਂ ਦੇ ਕਿਰਦਾਰ ਰੋਜ਼ਮਰ੍ਹਾ ਦੀਆਂ ਤਕਲੀਫਾਂ ਤੇ ਦੁਸ਼ਵਾਰੀਆਂ ਨਾਲ ਜੂਝਦੇ, ਕਲਪਦੇ ਆਮ ਜ਼ਿੰਦਗੀ ਵਾਂਗ ਵਿਚਰਦੇ ਨਜ਼ਰ ਆਉਂਦੇ ਹਨ।
‘ਮੜ੍ਹੀ ਦਾ ਦੀਵਾ’ ਫਿਲਮ ਸਾਧਾਰਨ ਬੰਦੇ ਜੋ ਜਾਤ ਤੇ ਆਰਥਿਕ ਪੱਖੋਂ ਨੀਵੇਂ ਦਰਜੇ ਨਾਲ ਸਬੰਧ ਰੱਖਦਾ ਹੈ, ਦੀ ਤ੍ਰਾਸਦੀ ਨੂੰ ਬਿਆਨ ਕਰਦੀ ਹੈ। ਇਸ ਫਿਲਮ ਵਿਚ ਜੇ ਨਾਇਕ ਦੀ ਤਲਾਸ਼ ਕਰਨੀ ਹੋਵੇ ਤਾਂ ਹਰ ਇਕ ਕਿਰਦਾਰ ਦੀ ਆਪਣੀ ਹੋਂਦ ਅਤੇ ਪਛਾਣ ਹੈ। ਸਾਰੀ ਫਿਲਮ ਭਾਵੇਂ ਜਗਸੀਰ ਦੁਆਲੇ ਹੀ ਕੇਂਦਰਿਤ ਹੈ, ਪਰ ਧਰਮਾ ਤੇ ਭਾਨੀ ਦੇ ਕਿਰਦਾਰਾਂ ਨੂੰ ਸਹਿ ਨਾਇਕ ਨਹੀਂ ਕਹਿ ਸਕਦੇ; ਹਾਲਾਂਕਿ ਭਾਨੀ ਦੇ ਕਿਰਦਾਰ ਵਿਚ ਕਿਤੇ ਨਾ ਕਿਤੇ ਬਗਾਵਤੀ ਸੁਰ ਦੀ ਚਿਣਗ ਨਜ਼ਰ ਆਉਂਦੀ ਹੈ ਅਤੇ ਉਹ ਜਗਸੀਰ ਨੂੰ ਵੀ ਹੱਲਾਸ਼ੇਰੀ ਵੀ ਦਿੰਦੀ ਹੈ ਪਰ ਜਗਸੀਰ ਆਪਣੀਆਂ ਪੀੜ੍ਹੀਆਂ ਦੇ ਪਰੰਪਰਿਕ ਮੁੱਲਾਂ ਦੀਆਂ ਪੈੜਾਂ ‘ਤੇ ਚੱਲਦਾ ਆਪਣੀਆਂ ਭਾਵਨਾਵਾਂ ਨੂੰ ਦਬਾ ਕੇ ਹੀ ਰੱਖਦਾ ਹੈ।
ਇਨ੍ਹਾਂ ਫਿਲਮਾਂ ਵਿਚੋਂ ਇਹ ਮਸਲਾ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਫਿਲਮਾਂ ਵਿਚਲੇ ਨਾਇਕ ਦੀ ਤਲਾਸ਼ ਕਿਵੇਂ ਕੀਤੀ ਜਾਵੇ; ਭਾਵ ਜੋ ਕਿਰਦਾਰ ਫਿਲਮ ਦੇ ਕੇਂਦਰ ਵਿਚ ਹੋਵੇ, ਉਹ ਨਾਇਕ ਹੈ ਜਾਂ ਕੋਈ ਕ੍ਰਿਸ਼ਮਾ ਕਰਨ ਵਿਚ ਸਮਰੱਥ ਜਾਂ ਆਮ ਬੰਦੇ ਨਾਲੋਂ ਜ਼ਿਆਦਾ ਯੋਗਤਾ ਰੱਖਦਾ ਹੋਵੇ ਅਤੇ ਹਾਲਾਤ ਨੂੰ ਆਪਣੇ ਵਾਂਗ ਮੋੜਾ ਪਾ ਸਕੇ, ਉਹ ਹੋਵੇ; ਜਾਂ ਫਿਰ ਇਹ ਵੀ ਜਾਗੀਰਦਾਰੀ ਸੋਚ ‘ਤੇ ਨਿਰਭਰ ਕਰੇਗਾ ਕਿ ਨਾਇਕ ਕਿਸ ਤਰ੍ਹਾਂ ਦਾ ਹੋਵੇ? ਇਨ੍ਹਾਂ ਫਿਲਮਾਂ ਦੇ ਸਾਰੇ ਕਿਰਦਾਰ ਆਪਣੀ ਹੋਂਦ ਦੀ ਹੋਣੀ ਨੂੰ ਭੋਗਦੇ ਹਨ। ਉਹ ਭਾਵੇਂ ਜਗਸੀਰ, ਧਰਮਾ, ਭਾਨੀ, ਰੌਣਕੀ ਜਾਂ ਹੋਰ ਕੋਈ ਵੀ ਹੋਣ।
‘ਅੰਨ੍ਹੇ ਘੋੜੇ ਦਾ ਦਾਨ’ ਅਤੇ ‘ਚੌਥੀ ਕੂਟ’ ਫਿਲਮਾਂ ਦਾ ਨਿਰਦੇਸ਼ਨ ਗੁਰਵਿੰਦਰ ਸਿੰਘ ਨੇ ਕੀਤਾ ਹੈ। ਨਿਰਦੇਸ਼ਕ ਕੋਲ ਲੇਖਕ ਨਾਲੋਂ ਜ਼ਿਆਦਾ ਸਹੂਲਤਾਂ ਅਤੇ ਤਕਨੀਕੀ ਸਹੂਲਤਾਂ ਹੁੰਦੀਆਂ ਹਨ। ਇਹ ਨਿਰਦੇਸ਼ਕ ਦਾ ਹੁਨਰ ਹੈ ਕਿ ਫਿਲਮ ਨੂੰ ਸਕਰੀਨ ‘ਤੇ ਕਿਵੇਂ ਸਾਕਾਰ ਕੀਤਾ ਜਾਵੇ। ਇਹ ਨਾਵਲ ਅਤੇ ਕਹਾਣੀਆਂ ‘ਤੇ ਆਧਾਰਿਤ ਫਿਲਮਾਂ ਹਨ। ਗੁਰਵਿੰਦਰ ਸਿੰਘ ਨਾਵਲ ਅਤੇ ਕਹਾਣੀ ਵਿਚਲੇ ਬਿਰਤਾਂਤ ਦੇ ਘਟਨਾਕ੍ਰਮ ਨੂੰ ਹੂ-ਬ-ਹੂ ਨਹੀਂ ਲੈਂਦਾ। ‘ਅੰਨ੍ਹੇ ਘੋੜੇ ਦਾ ਦਾਨ’ ਫਿਲਮ ਵਿਚ ਥੀਮ ਨੂੰ ਨਾਵਲ ਦੀ ਪੜ੍ਹਤ ਵਾਂਗ ਨਹੀਂ ਸਮਝਿਆ ਜਾ ਸਕਦਾ ਅਤੇ ‘ਚੌਥੀ ਕੂਟ’ ਫਿਲਮ ਵਰਿਆਮ ਸੰਧੂ ਦੀਆਂ ਦੋ ਕਹਾਣੀਆਂ ‘ਚੌਥੀ ਕੂਟ’ ਤੇ ‘ਹੁਣ ਮੈਂ ਠੀਕ ਠਾਕ’ ਦੇ ਸੁਮੇਲ ‘ਤੇ ਆਧਾਰਿਤ ਹਨ। ਨਿਰਦੇਸ਼ਕ ਇਨ੍ਹਾਂ ਫਿਲਮਾਂ ਵਿਚ ਆਏ ਦ੍ਰਿਸ਼ ਵਿਚ ਕਿਰਦਾਰਾਂ ਦੇ ਸੰਵਾਦ ਅਤੇ ਹੋਰ ਸਥਿਤੀਆਂ ਦੀ ਆਵਾਜ਼ ਨਾਲ ਫਿਲਮ ਵਿਚ ਪਸਰੀ ਖਾਮੋਸ਼ੀ ਨੂੰ ਤੋੜਦਾ ਹੈ, ਪਰ ਜਿਉਂਦੇ ਜਾਗਦੇ ਬੰਦਿਆਂ ਵਿਚ ਹਾਲਾਤ ਨੂੰ ਨਜਿਠਣ ਲਈ ਖਾਮੋਸ਼ੀ ਛਾਈ ਹੋਈ ਹੈ। ਕਿਰਦਾਰਾਂ ਦੇ ਮਨਾਂ ਵਿਚ ਧਰਮਾਂ/ਜਾਤਾਂ, ਰੰਗਾਂ ਅਤੇ ਨਸਲਾਂ ਉਤੇ ਪ੍ਰਤੱਖ ਹੋਣ ਲੱਗਦੀਆਂ ਹਨ। ਇਉਂ ਦੋਵੇਂ ਸੰਕਟ ਦੇ ਦਿਸਦੇ ਅਤੇ ਅਣਦਿਸਦੇ ਪਹਿਲੂਆਂ ਵੱਲ ਸੰਕੇਤ ਕਰਨ ਦੇ ਨਾਲ-ਨਾਲ ਬੰਦਿਆਂ ਦੇ ਅੰਦਰਲੇ ਚਲ-ਚਿੱਤਰ ‘ਤੇ ਚਲਦੀਆਂ ਸੰਵੇਦਨਾਵਾਂ ਨੂੰ ਤਾਂ ਪਕੜ ਵਿਚ ਲਿਆਉਂਦੀਆਂ ਹੀ ਹਨ, ਨਾਲੋ-ਨਾਲ ਮੋਨ, ਉਦਾਸੀ ਤੇ ਖਾਮੋਸ਼ੀ ਜਿਹੇ ਪ੍ਰਭਾਵਾਂ ਨੂੰ ਦ੍ਰਿਸ਼ਮਾਨ ਕਰਕੇ ਇਕ ਮੂਕ ਭਾਸ਼ਾ ਦੀ ਵੀ ਸਿਰਜਣਾ ਕਰਦੀ ਹੈ। ਇਸ ਨੂੰ ਇਨ੍ਹਾਂ ਫਿਲਮਾਂ ਦੇ ਪ੍ਰਸੰਗ ਵਿਚ ਵਾਚਣਾ ਵਧੇਰੇ ਰੌਚਿਕ ਵੀ ਹੈ ਅਤੇ ਅਰਥਪੂਰਨ ਵੀ ਹੈ।