ਅਦਾਕਾਰਾ ਇੰਦਰਾ ਬਿੱਲੀ ਦੀਆਂ ਅਦਾਵਾਂ

ਮਨਦੀਪ ਸਿੰਘ ਸਿੱਧੂ
1960ਵਿਆਂ ਦੇ ਦਹਾਕੇ ਦੀਆਂ ਬੇਹੱਦ ਖੂਬਸੂਰਤ ਅਤੇ ਉਮਦਾ ਅਭਿਨੇਤਰੀਆਂ ‘ਚੋਂ ਇਕ ਇੰਦਰਾ ਸੀ ਜੋ ਆਪਣੇ ਸ਼ਗੁਫਤਾ ਚਿਹਰੇ, ਦਿਲ-ਫਰੇਬ ਅਦਾਵਾਂ ਅਤੇ ਸਬਜ਼ (ਹਰੀਆਂ) ਅੱਖਾਂ ਕਰ ਕੇ ‘ਇੰਦਰਾ ਬਿੱਲੀ’ ਦੇ ਨਾਂ ਨਾਲ ਪੰਜਾਬੀ ਦਰਸ਼ਕਾਂ ਦੀ ਚਹੇਤੀ ਅਤੇ ਮਕਬੂਲ ਅਦਾਕਾਰਾ ਬਣੀ। ਨਿਸ਼ੀ ਤੋਂ ਬਾਅਦ ਉਹ ਦੂਜੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਅਦਾਕਾਰਾ ਰਹੀ ਹੈ। ਨਿਸ਼ੀ ਨੇ ਜਿਥੇ ਫਿਲਮਾਂ ‘ਚ ਦਲੇਰ ਜੱਟੀ ਦੇ ਕਿਰਦਾਰ ਨਿਭਾਏ, ਉਥੇ ਇੰਦਰਾ ਰੁਮਾਨੀ ਅਦਾਕਾਰੀ ਵਿਚ ਛਾਈ ਰਹੀ।

ਇੰਦਰਾ ਦੀ ਪੈਦਾਇਸ਼ ਪਿੰਡ ਦੀਨਾ ਨਗਰ ਦੇ ਖੱਤਰੀ ਪਰਿਵਾਰ ਵਿਚ ਹੋਈ। ਉਸ ਦੇ ਫਿਲਮੀ ਸਫਰ ਦੀ ਸ਼ੁਰੂਆਤ ਭਗਵਾਨ ਆਰਟ ਪ੍ਰੋਡਕਸ਼ਨ ਮੁੰਬਈ ਦੀ ਹਿੰਦੀ ਫਿਲਮ ‘ਰੰਗੀਲਾ’ (1953) ਤੋਂ ਹੋਈ, ਜਿਸ ਦੇ ਫਿਲਮਸਾਜ਼ ਭਗਵਾਨ ਦਾਦਾ ਸਨ ਪਰ ਜਿੰਨੀ ਸ਼ੁਹਰਤ ਅਤੇ ਮਕਬੂਲੀਅਤ ਉਸ ਨੂੰ ਪੰਜਾਬੀ ਫਿਲਮਾਂ ਤੋਂ ਮਿਲੀ, ਓਨੀ ਹਿੰਦੀ ਫਿਲਮਾਂ ਤੋਂ ਨਾ ਮਿਲੀ। ਉਸ ਨੇ ਕੁਝ ਹਿੰਦੀ ਫਿਲਮਾਂ ‘ਚ ਯਾਦਗਾਰੀ ਕਿਰਦਾਰ ਵੀ ਨਿਭਾਏ।
ਉਸ ਦੀ ਪਹਿਲੀ ਪੰਜਾਬੀ ਫਿਲਮ ਗੋਲਡਨ ਮੂਵੀਜ਼ ਮੁੰਬਈ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ‘ਦੋ ਲੱਛੀਆਂ’ (1962) ਸੀ। ਫਿਲਮ ‘ਚ ਉਸ ਨੇ ਹੀਰੋ ਦਲਜੀਤ ਦੇ ਸਨਮੁੱਖ ‘ਛੋਟੀ ਲੱਛੀ’ ਦਾ ਰੋਲ ਕੀਤਾ। ਫਿਲਮ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਇੰਦਰਾ ਦੀ ਦੂਜੀ ਪੰਜਾਬੀ ਫਿਲਮ ਕਵਾਤੜਾ ਪਿਕਚਰਜ਼ ਦੀ ਸ਼ਾਂਤੀ ਪ੍ਰਕਾਸ਼ ਬਖਸ਼ੀ ਨਿਰਦੇਸ਼ਿਤ ‘ਹੀਰ ਸਿਆਲ’ (1960) ਸੀ। ਫਿਲਮ ਦੇ ਮੁੱਖ ਕਿਰਦਾਰ ‘ਚ ਅਦਾਕਾਰਾ ਨੈਣਾ ਤੇ ਅਮਰਨਾਥ ਸਨ ਜਦਕਿ ਦੂਜੀ ਹੀਰੋਇਨ ਦਾ ਪਾਰਟ ਇੰਦਰਾ ਨਿਭਾ ਰਹੀ ਸੀ। ਇੰਦਰਾ ਬਿੱਲੀ ਦੀ ਤੀਜੀ ਸੁਪਰਹਿਟ ਨਗ਼ਮਾਤੀ ਪੰਜਾਬੀ ਫਿਲਮ ਸੀ, ਹਿਦਾਇਤਕਾਰ ਏæਐਸ਼ ਅਰੋੜਾ ਦੀ ‘ਯਮਲਾ ਜੱਟ’ (1960) ਜਿਸ ਵਿਚ ਉਸ ਨੇ ਨਵੇਂ ਹੀਰੋ ਬੂਟਾ ਨਾਲ ਹੀਰੋਇਨ ਦਾ ਪਾਰਟ ਅਦਾ ਕੀਤਾ। ਵਰਮਾ ਮਲਿਕ ਦੇ ਸੰਗੀਤ ‘ਚ ਇੰਦਰਾ ‘ਤੇ ਫਿਲਮਾਏ ‘ਲੰਮਾ ਲੰਮਾ ਬਾਜਰੇ ਦਾ ਸਿੱਟਾ’ ਅਤੇ ‘ਅੱਖ ਲੜੀ ਵੇ ਲੜੀ’ (ਸ਼ਮਸ਼ਾਦ ਬੇਗ਼ਮ) ਵੀ ਖੂਬ ਚੱਲੇ। ਨਿਊ ਲਿੰਕ ਫਿਲਮਜ਼ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਫਿਲਮ ‘ਬਿੱਲੋ’ (1961) ‘ਚ ਇੰਦਰਾ ਨੇ ਅਦਾਕਾਰ ਦਲਜੀਤ ਨਾਲ ਸੋਹਣੀ ਅਦਾਕਾਰੀ ਕੀਤੀ। ਇਸੇ ਸਾਲ ਹੀ ਨੁਮਾਇਸ਼ ਹੋਈ ਹਿਦਾਇਤਕਾਰ ਏæਐਸ ਅਰੋੜਾ ਦੀ ਪੰਜਾਬੀ ਫਿਲਮ ‘ਜੱਟੀ’ ਵਿਚ ਇਕ ਵਾਰ ਫੇਰ ਇੰਦਰਾ ਅਤੇ ਬੂਟੇ ਦੀ ਜੋੜੀ ਆਪਣੇ ਫਨ ਦੀ ਨੁਮਾਇਸ਼ ਕਰ ਰਹੀ ਸੀ। ਵੰਡ ਦੇ ਵਿਸ਼ੇ ‘ਤੇ ਬਣੀ ਸੰਗੀਤ ਪਿਕਚਰਜ਼ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ‘ਖੇਡਣ ਦੇ ਦਿਨ ਚਾਰ’ (1962) ਵਿਚ ਇੰਦਰਾ ਨੇ ‘ਫੱਤੋ’ ਦਾ ਕਿਰਦਾਰ ਨਿਭਾਇਆ, ਜਿਸ ਦੇ ਸਨਮੁੱਖ ਅਦਾਕਾਰ ਮਨੋਹਰ ਦੀਪਕ ਸਨ।
ਐਸ਼ਪੀæ ਬਖਸ਼ੀ ਨਿਰਦੇਸ਼ਿਤ ‘ਪਰਦੇਸੀ ਢੋਲਾ’ (1962) ‘ਚ ਇੰਦਰਾ ਨੇ ‘ਸੋਮਾ’ ਨਾਮੀ ਕਿਰਦਾਰ ਨਿਭਾਇਆ। ‘ਲਾਡੋ ਰਾਣੀ’ (1963) ਵਿਚ ਇੰਦਰਾ ਦੀਆਂ ਬਿੱਲੀਆਂ ਅੱਖਾਂ ਕਰ ਕੇ ‘ਇੰਦਰਾ ਬਿੱਲੀ’ ਲਿਖਿਆ ਜਾਣ ਲੱਗਾ। ਐਸ਼ ਮਦਨ ਦੇ ਸੰਗੀਤ ‘ਚ ਇੰਦਰਾ-ਸੁਰੇਸ਼ ‘ਤੇ ਫਿਲਮਾਏ ‘ਰਾਹੇ ਰਾਹੇ ਜਾਂਦਿਆ ਰਾਹੀਆ’ (ਸੁਮਨ ਕਲਿਆਣਪੁਰ), ‘ਨੀ ਗੁੱਤ ਨੂੰ ਸੰਭਾਲ ਗੋਰੀਏ’ (ਮੁਹੰਮਦ ਰਫੀ, ਸੁਮਨ ਕਲਿਆਣਪੁਰ) ਗੀਤ ਜਿਥੇ ਖੂਬ ਚੱਲੇ, ਉਥੇ ਇਸ ਫਿਲਮ ਦੀ ਕੱਵਾਲੀ ‘ਇਸ਼ਕ ਜਿਹਾæææ ਸੋਹਣਿਆਂ ਦਾ ਏਤਬਾਰ ਨਾ ਕਰੀਏ’ (ਮਹਿੰਦਰ ਕਪੂਰ, ਆਸ਼ਾ ਭੌਸਲੇ, ਸੁਰਿੰਦਰ ਕੋਹਲੀ, ਮੀਨੂੰ ਪ੍ਰਸ਼ੋਤਮ) ਵੀ ਬੜੀ ਹਿੱਟ ਹੋਈ। ਹਿਦਾਇਤਕਾਰ ਜੁਗਲ ਕਿਸ਼ੋਰ ਦੀ ਫਿਲਮ ‘ਜੱਗਾ’ (1964) ਇੰਦਰਾ ਦੀ ਕਾਮਯਾਬ ਫਿਲਮ ਸੀ। 1962 ‘ਚ ਇਸ ਫਿਲਮ ਨੂੰ ਬੈਸਟ ਪੰਜਾਬੀ ਫਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਗੀਤਕਾਰ ਬੇਕਲ ਅੰਮ੍ਰਿਤਸਰੀ ਦੀ ਕਹਾਣੀ ਅਤੇ ਹਿਦਾਇਤਕਾਰੀ ‘ਚ ਬਣੀ ਫਿਲਮ ‘ਕਿੱਕਲੀ’ (1964) ਵਿਚ ਇੰਦਰਾ ‘ਬਿੱਲੋ’ ਦੇ ਕਿਰਦਾਰ ‘ਚ ਨਵੇਂ ਹੀਰੋ ਰਾਜਦੀਪ ਦੇ ਸਨਮੁੱਖ ਸੀ। ਮਜ਼ਾਹੀਆ ਅਦਾਕਾਰ ਗੋਪਾਲ ਸਹਿਗਲ ਦੇ ਆਪਣੇ ਬੈਨਰ ਅਲਪਨਾ ਫਿਲਮਜ਼ ਦੀ ‘ਮਾਮਾ ਜੀ’ (1964) ‘ਚ ਉਸ ਨੇ ਪਿੰਡ ਦੀ ਗ਼ਰੀਬ ਕੁੜੀ ‘ਲਾਲੀ’ ਦਾ ਅਤੇ ਗੋਪਾਲ ਸਹਿਗਲ ਨੇ ‘ਬੰਸੀ’ ਦਾ ਕਿਰਦਾਰ ਨਿਭਾਇਆ।
ਇਸੇ ਸਾਲ ਹੀ ਆਈ ਹਿਦਾਇਤਕਾਰ ਕਰੁਣੇਸ਼ ਠਾਕੁਰ ਦੀ ਫਿਲਮ ‘ਸੱਤ ਸਾਲੀਆਂ’ ‘ਚ ਉਸ ਨੇ ‘ਦੀਪਾ’ ਦਾ ਕਿਰਦਾਰ ਨਿਭਾਇਆ। ਐਸ਼ ਮਦਨ ਦੇ ਸੰਗੀਤ ‘ਚ ਇਸ ਫਿਲਮ ਦੇ ਤਮਾਮ ਗੀਤ ਬਹੁਤ ਮਕਬੂਲ ਹੋਏ। ਇਸ ਦਾ ਰਵਿੰਦਰ ਕਪੂਰ ਤੇ ਇੰਦਰਾ ‘ਤੇ ਫਿਲਮਾਇਆ ਭੰਗੜਾ ਗੀਤ ‘ਰੂਪ ਤੇਰੇæææ ਕਿੰਨਾ ਸੋਹਣਾ ਲੱਗਣਾ ਏਂ ਮਾਹੀ ਵੇ’ ਵੀ ਬਹੁਤ ਹਿੱਟ ਹੋਇਆ। ਸੰਗੀਤਕਾਰ ਐਸ਼ ਮੋਹਿੰਦਰ ਤੇ ਜਸਬੀਰ ਸਿੰਘ ਸੇਠੀ ਨਿਰਮਤ ‘ਚੰਬੇ ਦੀ ਕਲੀ’ (1965) ਇੰਦਰਾ ਬਿੱਲੀ ਦੇ ਫਿਲਮ ਕਰੀਅਰ ਦੀ ਹਿੱਟ ਫਿਲਮ ਸੀ। ਫਿਲਮ ਵਿਚ ਉਸ ਨੇ ਪਿੰਡ ਦੀ ਕੁੜੀ ‘ਚੰਬੀ’ ਦਾ ਰੋਲ ਅਦਾ ਕੀਤਾ, ਜਿਸ ਦੇ ਮੁਕਾਬਲੇ ਹੀਰੋ ਰਵਿੰਦਰ ਕਪੂਰ ਸੀ। ਫਿਲਮ ‘ਚ ਐਸ਼ ਮੋਹਿੰਦਰ ਦੇ ਦਿਲਕਸ਼ ਸੰਗੀਤ ਵਿਚ ਇੰਦਰਾ ਤੇ ਰਵਿੰਦਰ ਕਪੂਰ ‘ਤੇ ਫਿਲਾਮਾਏ ਗੀਤ ‘ਮੈਨੂੰ ਕਹਿੰਦੇ ਚੰਬੇ ਦੀ ਕਲੀ’ (ਸੁਮਨ ਕਲਿਆਣਪੁਰ) ਤੋਂ ਇਲਾਵਾ ਰੂਮਾਨੀ ਯੁਗਲ ਗੀਤ ‘ਇਕ ਸੁਪਨਾ ਮੈਨੂੰ ਆਇਆ ਸੀ’ ਵੀ ਬੜੇ ਪਸੰਦ ਕੀਤੇ ਗਏ। ਸੱਸੀ ਪੁਨੂੰ ਦੇ ਕਿੱਸੇ ‘ਤੇ ਬਣੀ ਹਿਦਾਇਤਕਾਰ ਐਸ਼ਪੀæ ਬਖਸ਼ੀ ਦੀ ਪਹਿਲੀ ਈਸਟਮੈਨ ਕਲਰ ਫਿਲਮ ‘ਸੱਸੀ ਪੁਨੂੰ’ (1965) ‘ਚ ਇੰਦਰਾ ਨੇ ‘ਸੱਸੀ’ ਦਾ ਪਾਰਟ ਜਦੋਂ ਕਿ ‘ਪੁਨੂੰ’ ਦੇ ਕਿਰਦਾਰ ਵਿਚ ਰਵਿੰਦਰ ਕਪੂਰ ਸੀ। ਇਸ ਫਿਲਮ ਨੂੰ 1965 ਵਿਚ ਬੈਸਟ ਪੰਜਾਬੀ ਫਿਲਮ ਦਾ ਨੈਸ਼ਨਲ ਐਵਾਰਡ ਮਿਲਿਆ।
ਡੀæ ਸੋਹਨਾ ਦੀ ਫਿਲਮਸਾਜ਼ੀ ਅਤੇ ਹਿਦਾਇਤਕਾਰੀ ‘ਚ ਰਿਲੀਜ਼ ‘ਗੱਭਰੂ ਦੇਸ਼ ਪੰਜਾਬ ਦੇ’ (1966) ਦੇਸ਼ ਭਗਤੀ ਦੇ ਵਿਸ਼ੇ ‘ਤੇ ਬਣੀ ਕਾਮਯਾਬ ਫਿਲਮ ਸੀ। ਫਿਲਮ ‘ਖੇਡ ਪ੍ਰੀਤਾਂ ਦੀ’ (1967) ‘ਚ ਇੰਦਰਾ ਨੇ ‘ਜੀਤੋ’ ਨਾਮੀ ਕਿਰਦਾਰ ਅਦਾ ਕੀਤਾ, ਜਿਸ ਦੇ ਸਨਮੁੱਖ ਨਵਾਂ ਹੀਰੋ ਬਲਵੰਤ ਬਾਂਸਲ ਸੀ। ਹਿਦਾਇਤਕਾਰ ਬੀæਐਸ਼ ਗਲਾਡ ਦੀ ‘ਨੀਮ ਹਕੀਮ’ (1967) ‘ਚ ਇਕ ਵਾਰ ਫਿਰ ਇੰਦਰਾ ਤੇ ਰਵਿੰਦਰ ਕਪੂਰ ਦੀ ਜੋੜੀ ਆਪਣੇ ਫਨ ਦੀ ਨੁਮਾਇਸ਼ ਕਰ ਰਹੀ ਸੀ। ਅਦਾਕਾਰ ਜਗਦੇਵ ਭਾਂਬਰੀ ਦੀ ਹਿਦਾਇਤਕਾਰੀ ‘ਚ ਬਣੀ ਪਹਿਲੀ ਪੰਜਾਬੀ ਫਿਲਮ ‘ਸ਼ਹਿਰ ਦੀ ਕੁੜੀ’ (1968) ਵਿਚ ਇੰਦਰਾ ਬਿੱਲੀ ਨੇ ਸ਼ਹਿਰ ਦੀ ਮਾਡਰਨ ਕੁੜੀ ‘ਸ਼ੀਲਾ’ ਦਾ ਰੋਲ ਅਦਾ ਕੀਤਾ। ਹੀਰੋ ਦੇ ਕਿਰਦਾਰ ‘ਚ ਹੀਰੋ ਸ਼ਿਵ ਕੁਮਾਰ ਸੀ ਜੋ ਬਾਅਦ ਵਿਚ ਇੰਦਰਾ ਦਾ ਪਤੀ ਬਣਿਆ। 1969 ‘ਚ ਰਿਲੀਜ਼ ਹੋਈ ਹਿਦਾਇਤਕਾਰ ਜੋਗਿੰਦਰ ਸਮਰਾ ਦੀ ਫਿਲਮ ‘ਮੁੱਖੜਾ ਚੰਨ ਵਰਗਾ’ ‘ਚ ਉਸ ਨੇ ‘ਪੰਮੀ’ ਦਾ ਪਾਤਰ ਨਿਭਾਇਆ, ਜਿਸ ਦੇ ਰੂ-ਬ-ਰੂ ਨਵਾਂ ਹੀਰੋ ਰਾਜਿੰਦਰ ਕਪੂਰ ਸੀ। ਫਿਲਮ ਵਿਚ ਸੁਰਿੰਦਰ ਕੋਹਲੀ ਦੇ ਸੰਗੀਤ ‘ਚ ਚਮਨ ਲਾਲ ਸ਼ੁਗਲ ਦੇ ਲਿਖੇ ਗੀਤ ਖੂਬ ਚੱਲੇ। ਹਿਦਾਇਤਕਾਰ ਖਾਵਰ ਜ਼ਮਾਨ ਦੀ ‘ਪਰਦੇਸਣ’ (1969) ਇੰਦਰਾ ਦੀ ਅਦਾਕਾਰ ਪ੍ਰੇਮ ਚੋਪੜਾ ਨਾਲ ਜੋੜੀ ਦੇ ਰੂਪ ‘ਚ ਪਹਿਲੀ ਪੰਜਾਬੀ ਫਿਲਮ ਸੀ।
1970ਵਿਆਂ ਦੇ ਦਹਾਕੇ ਵਿਚ ਇੰਦਰਾ ਦੀਆਂ ਤਿੰਨ ਹਿੱਟ ਫਿਲਮਾਂ ਨੁਮਾਇਸ਼ ਹੋਈਆਂ। ਪਹਿਲੀ ਮਹਿੰਦਰ ਪ੍ਰੋਡਕਸ਼ਨਜ਼, ਬੰਬੇ ਦੀ ਮਹਿੰਦਰ ਵਾਹੀ ਨਿਰਦੇਸ਼ਿਤ ‘ਦੁਪੱਟਾ’ (1971), ਜਿਸ ਵਿਚ ਇੰਦਰਾ ਨੇ ‘ਭੋਲੀ’ ਦਾ ਕਿਰਦਾਰ ਨਿਭਾਇਆ। ਇਸ ਵਾਰ ਵੀ ਹੀਰੋ ਰਵਿੰਦਰ ਕਪੂਰ ਸਨ। ਇਸ ਫਿਲਮ ਦੇ ਗੀਤ ਬਹੁਤ ਮਸ਼ਹੂਰ ਹੋਏ। 1960-70ਵਿਆਂ ਦੇ ਦਹਾਕੇ ‘ਚ ਇੰਦਰਾ ਮਸ਼ਹੂਰ ਅਦਾਕਰਾਵਾਂ ਵਿਚ ਸ਼ੁਮਾਰ ਹੋਈ। ਉਹ ਫਿਲਮਸਾਜ਼ਾਂ ਦੀ ਵੀ ਪਹਿਲੀ ਪਸੰਦ ਹੁੰਦੀ ਸੀ। 1970 ਵਿਚ ਜਦੋਂ ਪੰਜਾਬ ਦੇ ਮਸ਼ਹੂਰ ਨਾਵਲਕਾਰ ਬੂਟਾ ਸਿੰਘ ਸ਼ਾਦ ਨੇ ਆਪਣੇ ਬੈਨਰ ਦੀ ਪਹਿਲੀ ਫਿਲਮ ‘ਕੁੱਲੀ ਯਾਰ ਦੀ’ ਬਣਾਈ ਤਾਂ ਉਨ੍ਹਾਂ ਹੀਰੋਇਨ ਦੇ ਕਿਰਦਾਰ ਲਈ ਇੰਦਰਾ ਦਾ ਇੰਤਖਾਬ ਕੀਤਾ ਜਦਕਿ ਹੀਰੋ ਦਾ ਪਾਰਟ ਉਨ੍ਹਾਂ ਖੁਦ ਆਪਣੇ ਫਿਲਮੀ ਨਾਂ ‘ਹਰਿੰਦਰ’ ਨਾਲ ਕੀਤਾ। ਫਿਲਮ ਵਿਚ ਪੰਡਤ ਹਰਬੰਸ ਦੀਆਂ ਤਰਤੀਬ ਧੁਨਾਂ ‘ਤੇ ਬਾਬੂ ਸਿੰਘ ਮਾਨ ਦੇ ਲਿਖੇ ਅਤੇ ਇੰਦਰਾ ‘ਤੇ ਫਿਲਮਾਏ ਸ਼ਮਸ਼ਾਦ ਬੇਗ਼ਮ ਦੇ ਇਹ ਗੀਤ ‘ਕੰਡਾ ਤੇਰੇ ਕਿਥੇ ਚੁੱਭਿਆ’, ‘ਚੰਨਾ ਵੇ ਤੇਰਾ ਘੁੱਟ ਭਰ ਲਾਂ’, ‘ਬੀਨ ਵਜਾ ਕੇ ਨੈਣ ਮਿਲਾ ਕੇ’ (ਜਗਜੀਤ ਕੌਰ ਨਾਲ) ਅਤੇ ਇਕ ਰੂਮਾਨੀ ਯੁਗਲ ਗੀਤ ‘ਏ ਜੀ ਹਾਂ ਜੀ ਦਿਲ ਮੇਰਾ ਧੜਕੇ’ (ਸ਼ਮਸ਼ਾਦ ਬੇਗ਼ਮ, ਮਹਿੰਦਰ ਕਪੂਰ) ਵੀ ਖਾਸੇ ਮਕਬੂਲ ਹੋਏ। ਹਿਦਾਇਤਕਾਰ ਓਮੀ ਬੇਦੀ ਦੀ ‘ਕਣਕਾਂ ਦੇ ਓਹਲੇ’ (1971) ਇੰਦਰਾ ਦੀ ਅਦਾਕਾਰ ਰਵਿੰਦਰ ਕਪੂਰ ਨਾਲ ਜੋੜੀ ਦੇ ਰੂਪ ਵਿਚ 8ਵੀਂ ਤੇ ਆਖਰੀ ਫਿਲਮ ਸੀ, ਜਿਸ ਵਿਚ ਇੰਦਰਾ ਨੇ ‘ਨਿੰਮੋ’ ਦਾ ਤੇ ਰਵਿੰਦਰ ਕਪੂਰ ਨੇ ‘ਮਦਨ’ ਦਾ ਕਿਰਦਾਰ ਅਦਾ ਕੀਤਾ। ਹਿਦਾਇਤਕਾਰ ਹਰੀਸ਼ ਰਾਣਾ ਦੀ ਫਿਲਮ ‘ਪਟੋਲਾ’ (1973) ‘ਚ ਇੰਦਰਾ ਦੀ ਨਵੇਂ ਹੀਰੋ ਰਾਜ ਉਬਰਾਏ ਨਾਲ ਆਈ ਆਖਰੀ ਫਿਲਮ ਕਰਾਰ ਪਾਈ। ਇਸ ਫਿਲਮ ਤੋਂ ਬਾਅਦ ਉਸ ਨੇ ਕੋਈ ਪੰਜਾਬੀ ਫਿਲਮ ਨਹੀਂ ਕੀਤੀ।
ਇੰਦਰਾ ਬਿੱਲੀ ਨੇ 1962 ਤੋਂ ਲੈ ਕੇ 1973 ਤਕ ਕੁੱਲ 23 ਪੰਜਾਬੀ ਫਿਲਮਾਂ ਵਿਚ ਆਲ੍ਹਾ ਅਦਾਦਾਰੀ ਕੀਤੀ। ਉਸ ਨੇ 1952 ਤੋਂ ਲੈ ਕੇ 1972 ਤਕ 29 ਹਿੰਦੀ ਫਿਲਮਾਂ ਵਿਚ ਵੀ ਸਹਾਇਕ ਅਤੇ ਮੁੱਖ ਕਿਰਦਾਰ ਅਦਾ ਕੀਤੇ। ਇਨ੍ਹਾਂ ਵਿਚ ‘ਚੱਕਰਾਧਾਰੀ’ (1954) ‘ਜਵਾਬ’, ‘ਸ੍ਰੀ 420’, ‘ਮਿਲਾਪ’ (1955), ‘ਭਾਬੀ’, ‘ਕਲ ਕਯਾ ਹੋਗਾ’ (1958), ‘ਭਗਤ ਪ੍ਰਹਲਾਦ’ (1959), ‘ਤੀਰ ਔਰ ਤਲਵਾਰ’ (1960), ‘ਜਿਪਸੀ ਗਰਲ’, (1961), ‘ਰਿਪੋਰਟਰ ਰਾਜੂ’ (1962), ‘ਨਾਗ ਜਯੋਤੀ’, ‘ਟਾਰਜਨ ਔਰ ਜਾਦੂਗਰ’ (1963), ‘ਠਾਕੁਰ ਜਰਨੈਲ ਸਿੰਘ’, ‘ਫੂਲ ਔਰ ਪੱਥਰ’ (1966) ਆਦਿ ਸ਼ਾਮਲ ਹਨ।