ਗੁਲਜ਼ਾਰ ਸਿੰਘ ਸੰਧੂ
ਵਿਦਿਆ ਦਾ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆ ਪ੍ਰਣਾਲੀ ਦੀ ਗਣਤਾ ਅਤੇ ਗੁਣਤਾ ਵਲ ਧਿਆਨ ਜਾਣਾ ਕੁਦਰਤੀ ਹੈ, ਮੇਰੀ ਉਮਰ ਦੇ ਪ੍ਰਾਣੀਆਂ ਦਾ ਖਾਸ ਕਰਕੇ, ਜਿਹੜੇ ਵਿਦਿਆ ਪ੍ਰਾਪਤੀ ਵਿਚ ਅੰਤਾਂ ਦੇ ਸੁਭਾਗੇ ਰਹੇ ਹਨ। ਸੱਤ-ਅੱਠ ਦਹਾਕੇ ਪਹਿਲਾਂ ਪੜ੍ਹਾਉਣ ਵਾਲਿਆਂ ਦਾ ਪੜ੍ਹਨ ਵਾਲਿਆਂ ਨਾਲ ਰਿਸ਼ਤਾ ਮਾਪਿਆਂ ਦੇ ਬੱਚਿਆਂ ਨਾਲ ਰਿਸ਼ਤੇ ਤੋਂ ਵੀ ਗੂੜ੍ਹਾ ਹੁੰਦਾ ਸੀ। ਭਾਵਕਤਾ ਤੋਂ ਸੱਖਣਾ ਤੇ ਤਰਕ ਸੰਗਤ। ਅਧਿਆਪਕ ਆਪਣੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਸੋਚਦੇ ਸਨ। ਉਨ੍ਹਾਂ ਨੂੰ ਜੀਵਨ ਵਿਚ ਸਫਲ ਦੇਖਣਾ ਲੋਚਦੇ ਸਨ।
ਮੇਰੀ ਮੁਢਲੀ ਵਿਦਿਆ ਆਰੀਆ ਹਾਈ ਸਕੂਲ ਖੰਨਾ ਮੰਡੀ ਦੀ ਸੀ। ਹਾਈ ਸਕੂਲ ਵਿਚ ਪ੍ਰਵੇਸ਼ ਕਰਨ ਸਮੇਂ ਖਾਲਸਾ ਹਾਈ ਸਕੂਲ ਮਾਹਿਲਪੁਰ ਹੀ ਮੇਰੀ ਪਹੁੰਚ ਵਿਚ ਆਉਂਦਾ ਸੀ। ਮੈਂ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਦੀ ਪ੍ਰੇਰਨਾ ਅਧੀਨ ਸਾਇੰਸ ਦਾ ਵਿਸ਼ਾ ਚੁਣਨ ਨੂੰ ਪਹਿਲ ਦਿੱਤੀ। ਜਦੋਂ ਸਾਇੰਸ ਪੜ੍ਹਦਿਆਂ ਤਿੰਨ ਮਹੀਨੇ ਹੋਣ ਲੱਗੇ ਤਾਂ ਇਕ ਦਿਨ ਮੇਰੇ ਆਧਿਆਪਕ ਨੇ ਮੈਨੂੰ ਇਕੱਲਿਆਂ ਕਰ ਕੇ ਪਿਆਰ ਨਾਲ ਸਮਝਾਇਆ ਕਿ ਮੈਂ ਇਸ ਵਿਸ਼ੇ ਵਿਚ ਸਫਲ ਹੋਣ ਵਾਲਾ ਨਹੀਂ ਜਾਪਦਾ। ਇਸ ਤੋਂ ਨਿਜਾਤ ਪਾਉਣ ਲਈ ਮੈਨੂੰ ਹਿੰਦੀ ਜਾਂ ਪੰਜਾਬੀ ਪੜ੍ਹਨੀ ਪੈਣੀ ਸੀ। ਮੈਨੂੰ ਕੋਈ ਵੀ ਨਹੀਂ ਸੀ ਆਉਂਦੀ। ਅੱਠਵੀਂ ਸ਼੍ਰੇਣੀ ਤੱਕ ਮੈਂ ਉਰਦੂ ਹੀ ਪੜ੍ਹੀ ਸੀ। ਦੇਸ਼ ਵੰਡ ਤੋਂ ਪਿੱਛੋਂ ਇਸ ਭਾਸ਼ਾ ਨੂੰ ਕੋਈ ਨਹੀਂ ਸੀ ਗੌਲਦਾ। ਮੇਰਾ ਸਕੂਲ ਵੀ ਨਵਾਂ ਸੀ। ਉਥੇ ਪੰਜਾਬੀ ਦਾ ਬੋਲਬਾਲਾ ਸੀ। ਇਹ ਮੇਰੀ ਮਾਤ ਭਾਸ਼ਾ ਤਾਂ ਸੀ ਪਰ ਵਿਦਿਆ ਪ੍ਰਾਪਤੀ ਲਈ ਮੇਰੇ ਵਾਸਤੇ ਉਕਾ ਹੀ ਨਵੀਂ ਸੀ। ਕੋਈ ਗੱਲ ਨਹੀਂ ਕਹਿ ਕੇ ਸਾਇੰਸ ਅਧਿਆਪਕ ਮੈਨੂੰ ਪੰਜਾਬੀ ਅਧਿਆਪਕ ਕੋਲ ਲਿਜਾ ਕੇ ਉਸ ਦੇ ਹਵਾਲੇ ਕਰ ਆਇਆ। ਥੋੜ੍ਹੀਆਂ ਅੜਚਣਾਂ ਪਾਰ ਕਰਨ ਉਪਰੰਤ ਮੈਂ ਪੰਜਾਬੀ ਪੜ੍ਹਨ ਵਿਚ ਸਹਿਜੇ ਹੀ ਰਵਾਂ ਹੋ ਗਿਆ। ਬੀæਏæ ਕਰਨ ਤੱਕ ਮੈਂ ਪੰਜਾਬੀ ਦੇ ਉਚਤਮ ਵਿਦਿਆਰਥੀਆਂ ਵਿਚ ਗਿਣਿਆ ਜਾਣ ਲੱਗਿਆ। ਕਾਲਜ ਮੈਗਜ਼ੀਨ ‘ਚਿੱਟਾ ਬਾਜ਼’ ਦੇ ਪੰਜਾਬੀ ਵਿਭਾਗ ਦਾ ਸੰਪਾਦਕ ਥਾਪਿਆ ਗਿਆ।
ਦਿੱਲੀ ਜਾ ਕੇ ਸਪਤਾਹਿਕ ‘ਫਤਿਹ’ ਅਤੇ ਮਾਸਕ ‘ਪ੍ਰੀਤਮ’ ਦੇ ਸੰਪਾਦਨ ਦੀ ਨੌਕਰੀ ਪੰਜਾਬੀ ਪੜ੍ਹਨ ਸਦਕਾ ਮਿਲੀ। ਮੈਂ ਭਾਰਤ ਸਰਕਾਰ ਦੀ ਨੌਕਰੀ ਸਮੇਂ ਵੀ ਕਈ ਸੰਪਾਦਕੀਆਂ ਟੱਪ ਕੇ ਡਾਇਰੈਕਟਰ ਦੀ ਪਦਵੀ ਤੱਕ ਪਹੁੰਚਿਆ ਤੇ ਉਸ ਤੋਂ ਪਿੱਛੋਂ ਦੋ ਰੋਜ਼ਾਨਾ ਸਮਾਚਾਰ ਪੱਤਰਾਂ ‘ਪੰਜਾਬੀ ਟ੍ਰਿਬਿਊਨ’ ਤੇ ‘ਦੇਸ਼ ਸੇਵਕ’ ਦਾ ਸੰਪਾਦਕ ਤੇ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦਾ ਮੁਖੀ ਵੀ ਰਿਹਾ। ਡਾਕਟਰ ਤਾਂ ਨਹੀਂ ਬਣਿਆ ਪਰ ਡਾਕਟਰਨੀ ਨਾਲ ਵਿਆਹਿਆ ਗਿਆ। ਇਸ ਸਭ ਕਾਸੇ ਲਈ ਮੈਂ ਉਸ ਅਧਿਆਪਕ ਦਾ ਰਿਣੀ ਹਾਂ ਜਿਸ ਨੇ ਮੈਨੂੰ ਉਸ ਮਾਰਗ ਤੋਰਿਆ ਜਿਸ ਤੋਂ ਮੇਰੇ ਮਾਪੇ ਅਣਜਾਣ ਸਨ। ਮੈਨੂੰ ਬਹੁਤ ਚੰਗੇ ਅਧਿਆਪਕ ਮਿਲੇ। ਪ੍ਰਮਾਣ ਦੇਣ ਲਈ ਇਕ ਹੀ ਚੁਣਿਆ ਹੈ ਜਿਸ ਨੇ ਮੈਨੂੰ ਪੜ੍ਹਾਇਆ ਨਹੀਂ ਪਰ ਸੇਧ ਦਿੱਤੀ। ਉਹ ਸੀ ਬਖਤਾਵਰ ਸਿੰਘ। ਸਾਇੰਸ ਅਧਿਆਪਕ, ਖਾਲਸਾ ਹਾਈ ਸਕੂਲ ਮਾਹਿਲਪੁਰ। ਮੈਂ ਉਸ ਦਾ ਪੁੱਤਰ ਨਹੀਂ ਸ਼ਿਸ਼ੂ ਸਾਂ।
ਅੱਜ ਦੇਸ਼ ਵਿਚ 660 ਯੂਨੀਵਰਸਿਟੀਆਂ ਹਨ। ਪੜ੍ਹਨ ਵਾਲੀਆਂ ਫੱਟੀਆਂ ਤੇ ਸਲੇਟਾਂ ਅਲੋਪ ਹੋ ਗਈਆਂ ਹਨ। ਵਿਦਿਆਰਥੀਆਂ ਦੇ ਬਸਤੇ ਉਨ੍ਹਾਂ ਤੋਂ ਚੁੱਕੇ ਨਹੀਂ ਜਾਂਦੇ। ਪਰ ਪਾਠ ਨੂੰ ਸਮਝਣ ਤੇ ਸਮਝਾਉਣ ਦੀ ਰੁਚੀ ਖਤਮ ਹੋ ਰਹੀ ਹੈ। ਘੋਟੇ ਲਾਉਣ ਤੇ ਲਗਵਾਉਣ ਦਾ ਬੋਲ ਬਾਲਾ ਹੈ। ਚੰਗੇ ਵਿਦਿਆਰਥੀ ਵਿਦੇਸ਼ ਜਾ ਰਹੇ ਹਨ। ਦੇਸ਼ ਦੀਆਂ ਸੰਸਥਾਵਾਂ ਤੋਂ ਉਖੜੇ ਵਿਦਿਆਰਥੀ ਮਾੜੇ ਕਰਮਾਂ ਵੱਲ ਵਧ ਰਹੇ ਹਨ। ਇਸ ਰੋਗ ਦੀਆਂ ਜੜ੍ਹਾਂ ਉਸ ਪ੍ਰਣਾਲੀ ਵਿਚ ਹਨ ਜਿਥੇ ਵਿਦਿਅਕ ਸੰਸਥਾਵਾਂ ਦੀ ਗਿਣਤੀ ਵਧ ਰਹੀ ਹੈ ਤੇ ਗੁਣਤਾ ਘਟ ਰਹੀ ਹੈ। ਦੋਸ਼ੀ ਕੌਣ ਹੈ? ਇਸ ਦਾ ਸੱਚ ਨਿਤਾਰਨ ਦੀ ਲੋੜ ਹੈ। ਇਸ ਕੰਮ ਵਿਚ ਸਮਾਂ ਲਗ ਸਕਦਾ ਹੈ। ਬੱਚਿਆਂ ਲਈ ਵਿਸ਼ੇ ਦੀ ਚੋਣ ਸਿਰਾਂ ਉਤੇ ਹੈ। ਮਾਪੇ ਚਾਹੁਣਗੇ ਕਿ ਉਨ੍ਹਾਂ ਦੇ ਬੱਚੇ ਡਾਕਟਰ, ਇੰਜੀਨੀਅਰ ਤੇ ਵਕੀਲ ਬਣਨ ਵਾਲੇ ਵਿਸ਼ੇ ਚੁਣਨ। ਪਰ ਇਹ ਵਿਚਾਰ ਉਨ੍ਹਾਂ ਲਈ ਘਾਤਕ ਹੋ ਸਕਦਾ ਹੈ। ਸਾਨੂੰ ਬੱਚਿਆਂ ਦੀ ਸੋਚ ਦਾ ਆਦਰ ਕਰਨਾ ਚਾਹੀਦਾ ਹੈ। ਆਪਣੀ ਸਲਾਹ ਉਨੀ-ਇੱਕੀ ਦਾ ਫਰਕ ਪਾਉਣ ਤੱਕ ਹੀ ਸੀਮਤ ਰੱਖਣੀ ਚਾਹੀਦੀ ਹੈ। ਅਧਿਆਪਕ ਸਭ ਕੁਝ ਜਾਣਦੇ ਹੋਏ ਵੀ ਜ਼ਿੰਮੇਵਾਰੀ ਲੈਣ ਤੋਂ ਕਤਰਾਉਂਦੇ ਹਨ। ਜੇ ਮਾਪੇ ਚਾਹੁਣ ਤਾਂ ਉਨ੍ਹਾਂ ਦੀ ਸਹਾਇਤਾ ਲੈ ਸਕਦੇ ਹਨ। ਬੱਚਿਆਂ ਨੂੰ ਸੂਝਵਾਨ ਅਧਿਆਪਕਾਂ ਨੇ ਬਨਾਉਣਾ ਹੈ।
ਕਿੱਕਰ ਰਿਜ਼ਾਰਟ ਬਨਾਮ ਮੇਲੇ ਦੀ ਸ਼ੌਂਕਣ
ਕਦੀ ਨੂਰਪੁਰ ਬੇਦੀ ਦੇ ਕਸਬੇ ਨੂੰ ਨੰਦ ਲਾਲ ਨੂਰਪੁਰੀ ਨੇ ਰੁਸ਼ਨਾਇਆ ਸੀ। ਮੇਲੇ ਨੂੰ ਜਾਣ ਵਾਲੀ ਸ਼ੌਂਕਣ ਦੇ ਲੱਕ ਨੂੰ ਬੱਧੇ ਵੀਹ ਗਜ਼ ਦੇ ਘਗਰੇ ਅਤੇ ਧੁਲੇ ਹੋਏ ਪੈਰਾਂ ਨੂੰ ਪਾਈਆਂ ਝਾਂਜਰਾਂ ਚੇਤੇ ਕਰਵਾ ਕੇ। ਅੱਜ ਖੁਸ਼ਵੰਤ ਸਿੰਘ ਦੇ ਭਰਾ ਬ੍ਰਿਗੇਡੀਅਰ ਗੁਰਬਖਸ਼ ਸਿੰਘ ਦਾ ਦੋਹਤਰਾ ਅਮਰਿੰਦਰ ਸਿੰਘ ਇਸ ਕਸਬੇ ਦੇ ਨੇੜਲੇ ਪਿੰਡ ਕਾਂਗੜ ਵਿਚ 1800 ਏਕੜ ਜੰਗਲ ਨੂੰ ਮੰਗਲ ਬਣਾਈ ਬੈਠਾ ਹੈ। ਉਸ ਦੇ ਪਿਤਾ ਗੁਬਿੰਦਰ ਸਿੰਘ ਚੋਪੜਾ ਨੇ ਇਹ ਥਾਂ 24 ਸਾਲ ਪਹਿਲਾਂ ਕਿਸੇ ਰਾਇ ਸਾਹਿਬ ਤੋਂ ਖਰੀਦਿਆ ਸੀ। ਹੁਣ ਇਸ ਨੂੰ ਉਸ ਦੇ ਬੇਟੇ ਅਮਰਿੰਦਰ ਨੇ ਸਵਿਟਜ਼ਰਲੈਂਡ ਤੋਂ ਹੋਟਲ ਮੈਨੇਜਮੈਂਟ ਦੀ ਡਿਗਰੀ ਲੈਣ ਤੋਂ ਪਿੱਛੋਂ ਵਧੀਆ ਰਿਜ਼ਾਰਟ ਵਿਚ ਬਦਲ ਲਿਆ ਹੈ। ਪਰਬਤੀ ਢਲਾਣਾਂ ਉਤੇ ਬਣੇ ਤੀਹ ਇਕਾਈਆਂ ਤੇ ਦੋ ਡਾਮੇਟਰੀਜ਼ ਵਾਲੇ ਇਸ ਟਿਕਾਣੇ ਦਾ ਨਾਂ ‘ਕਿੱਕਰ ਰਿਜ਼ਾਰਟ’ ਹੈ। ਇਹ ਰੋਪੜ ਤੇ ਗੜ੍ਹਸ਼ੰਕਰ ਤੋਂ 25 ਕਿਲੋਮੀਟਰ ਪੈਂਦਾ ਹੈ। ਆਨੰਦਪੁਰ ਸਾਹਿਬ ਦੇ ਬਹੁਤ ਨੇੜੇ।
ਪੰਜਾਬ ਵਿਚੋਂ ਹਿਮਾਚਲ ਦਾ ਇਲਾਕਾ ਨਿਕਲ ਜਾਣ ਕਾਰਨ ਇਸ ਨੂੰ ਅਜੋਕੇ ਪੰਜਾਬ ਦਾ ਇੱਕੋ ਇਕ ਪਰਬਤੀ ਖੇਤਰ ਕਹਿ ਸਕਦੇ ਹਾਂ। ਇਥੇ ਹੋਰਨਾਂ ਪਸ਼ੂ-ਪੰਛੀਆਂ ਦੀ ਸੰਗਤ ਵਿਚ ਮੋਰ ਪੈਲਾਂ ਪਾਉਂਦੇ ਅਤੇ ਹਿਰਨ ਚੁੰਗੀਆਂ ਭਰਦੇ ਦੇਖੇ ਜਾ ਸਕਦੇ ਹਨ। ਠੰਢੀ ਹਵਾ ਦੇ ਬੁਲ੍ਹੇ ਤੇ ਮੀਂਹ ਹਨੇਰੀ ਦਾ ਝੱਖੜ ਤਾਂ ਆਉਂਦਾ ਹੈ ਐਪਰ ਪ੍ਰਦੂਸ਼ਣ ਤੋਂ ਰਹਿਤ। ਮੈਂ ਇਥੇ ਰਹਿ ਕੇ ਤਾਂ ਨਹੀਂ ਵੇਖਿਆ ਪਰ ਆਲਾ ਦੁਆਲਾ ਤੇ ਬਨਸਪਤੀ ਦੇਖਣ ਦੇ ਆਧਾਰ ‘ਤੇ ਕਹਿ ਸਕਦਾ ਹਾਂ ਕਿ ਸਿਹਤ ਅਫਜ਼ਾ ਮੁਕਾਮ ਹੈ। ਮੈਂ ਉਥੇ ਗਿਆ ਤਾਂ ਕੋਈ ਵੀ ਕਮਰਾ ਖਾਲੀ ਨਹੀਂ ਸੀ ਪਰ ਠੰਢੀ ਹਵਾ ਦੇ ਬੁਲ੍ਹੇ ਮਾਨਣ ਵਾਲੇ ਸਨ। ਘਗਰੇ ਦੇ ਭਾਰ ਥੱਲੇ ਮੇਲ੍ਹਦੀ ਆਉਂਦੀ ਗੋਰੀ ਦਾ ਝਾਉਲਾ ਪਾਉਣ ਵਾਲੇ।
ਅੰਤਿਕਾ: ਪਰਮਜੀਤ ਵਿਰਕ
(‘ਤਾਰੇ ਭਰਨ ਹੁੰਗਾਰੇ’ ਚੋਂ)
ਸਾਉਣ ਮਹੀਨੇ ਦੇ ਵਿਚ ਪੈਣੋ ਮੀਂਹ ਹਟ’ਗੇ,
ਬੰਦੇ ਦੇ ਨਾਲ ਰੁੱਸ ਕੇ ਬਹਿ ਗਈਆਂ ਰੁੱਤਾਂ ਨੇ।
ਪੜ੍ਹੋ! ਕੀ ਅਖਬਾਰ ਬਈ ਅੱਜ ਦੀ ਕਹਿੰਦੀ ਹੈ,
ਨਹਿਰ ‘ਚ ਰੋੜ੍ਹ’ਤੀ ਮਾਂ ਉਸ ਦਿਆਂ ਪੁੱਤਾਂ ਨੇ।
Leave a Reply