ਅਰਦਾਸ ਮਨਜ਼ੂਰ: ਦੋਹਾਂ ਪੰਜਾਬਾਂ ਦੀ ਪਵੇਗੀ ਗਲਵੱਕੜੀ

ਕਰਤਾਰਪੁਰ ਲਾਂਘੇ ਲਈ ਰਾਹ ਮੋਕਲਾ ਹੋਇਆ, ਭਾਰਤੀ ਲੀਡਰ ਸੌੜੀ ਸਿਆਸਤ ਵਿਚ ਫਸੇ
ਚੰਡੀਗੜ੍ਹ: ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਸੰਗਤ ਦੀ ਅਰਦਾਸ ਮਨਜ਼ੂਰ ਹੋ ਗਈ ਹੈ। ਇਹ ਲਾਂਘਾ ਖੋਲ੍ਹਣ ਦੀ ਸਿੱਖਾਂ ਦੀ ਮੰਗ 71 ਸਾਲ ਬਾਅਦ ਪੂਰੀ ਹੋ ਰਹੀ ਹੈ। ਪਾਕਿਸਤਾਨ ਤੇ ਭਾਰਤ, ਦੋਵਾਂ ਦੇਸ਼ਾਂ ਦੀਆਂ ਸਰਕਾਰ ਨੇ ਆਪੋ-ਆਪਣੇ ਪਾਸੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨੀਂਹ ਪੱਥਰ ਰੱਖ ਦਿੱਤੇ ਹਨ। ਅਗਲੇ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਹਾੜੇ ਮੌਕੇ ਇਹ ਕੋਰੀਡੋਰ ਤਿਆਰ ਹੋ ਜਾਵੇਗਾ। ਉਝ, ਇਸ ਪ੍ਰੋਜੈਕਟ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਭਾਰਤੀ ਸਿਆਸਤਦਾਨ ਜਿਸ ਤਰ੍ਹਾਂ ਦਾ ਹੋਛਾਪਣ ਦਿਖਾ ਰਹੇ ਹਨ, ਉਸ ਨਾਲ ਸਭ ਨੂੰ ਉਦਾਸ ਹੀ ਕੀਤਾ ਹੈ।

ਕਾਂਗਰਸੀਆਂ ਦਾ ਕਹਿਣਾ ਹੈ ਕਿ ਇਹ ਲਾਂਘਾ ਖੋਲ੍ਹਣ ਲਈ ਪ੍ਰਕਿਰਿਆ ਦੀ ਸ਼ੁਰੂਆਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ਤੋਂ ਬਾਅਦ ਹੋਈ ਸੀ ਜਦ ਕਿ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਪਹਿਲ ਤੋਂ ਬਾਅਦ ਕਰਤਾਰਪੁਰ ਲਾਂਘੇ ਨੂੰ ਮਨਜ਼ੂਰੀ ਮਿਲੀ ਹੈ। 26 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਪੰਜਾਬ ਦੀਆਂ ਰਵਾਇਤੀ ਸਿਆਸੀ ਧਿਰਾਂ (ਅਕਾਲੀ ਦਲ ਤੇ ਕਾਂਗਰਸ) ਨੇ ਇਸ ਪ੍ਰੋਜੈਕਟ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਸਮਾਗਮ ਵਿਚ ਨੀਂਹ ਪੱਥਰ ‘ਤੇ ਲਿਖੇ ਨਾਂਵਾਂ ਤੋਂ ਸ਼ੁਰੂ ਹੋਏ ਤਣਾਅ ਦੌਰਾਨ ਮੰਚ ‘ਤੇ ਕਾਂਗਰਸੀ ਅਤੇ ਅਕਾਲੀਆਂ ਵਲੋਂ ਇਕ ਦੂਜੇ ਖਿਲਾਫ਼ ਕੀਤੀ ਦੂਸ਼ਣਬਾਜ਼ੀ ਅਤੇ ਪੰਡਾਲ ਵਿਚ ਲਾਏ ਨਾਅਰਿਆਂ ਕਾਰਨ ਸਿੱਖ ਜਗਤ ਨੂੰ ਨਿਰਾਸ਼ਾ ਹੋਈ ਹੈ। ਕਰਤਾਰਪੁਰ ਸਾਹਿਬ ਲਾਂਘੇ ਲਈ ਤਿਆਰ ਕਰਵਾਏ ਗਏ ਨੀਂਹ ਪੱਥਰ ਵਿਚ ਪ੍ਰੋਟੋਕੋਲ ਦੀਆਂ ਧੱਜੀਆਂ ਉਡਾਅ ਦਿੱਤੀਆਂ ਗਈਆਂ। ਨੀਂਹ ਪੱਥਰ ‘ਤੇ ਬਾਦਲਾਂ ਦੇ ਨਾਂਵਾਂ ਨੂੰ ਪਹਿਲ ਦਿੱਤੀ ਗਈ।
ਪ੍ਰੋਟੋਕੋਲ ਅਨੁਸਾਰ ਮੁੱਖ ਮਹਿਮਾਨ, ਕੇਂਦਰੀ ਮੰਤਰੀ, ਸੂਬੇ ਦੇ ਮੁੱਖ ਮੰਤਰੀ, ਮੰਤਰੀ, ਹਲਕੇ ਦੇ ਵਿਧਾਇਕ ਅਤੇ ਲੋਕ ਸਭਾ ਮੈਂਬਰ ਦਾ ਨਾਮ ਆਉਣਾ ਚਾਹੀਦਾ ਹੈ, ਉਸ ਤੋਂ ਬਾਅਦ ਹੀ ਵਿਰੋਧੀ ਧਿਰ ਦੇ ਆਗੂ ਦਾ ਨਾਮ ਆ ਸਕਦਾ ਹੈ। ਇਸ ਤੋਂ ਖਫਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ ‘ਤੇ ਉਕਰੇ ਆਪਣੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਕਾਲੀ ਟੇਪ ਲਗਾ ਕੇ ਢੱਕ ਦਿੱਤੇ, ਜਿਸ ਮਗਰੋਂ ਨੀਂਹ ਪੱਥਰ ਬਦਲਣ ਦਾ ਫੈਸਲਾ ਹੋਇਆ। ਇਸ ਮਾਮਲੇ ਵਿਚ ਸਭ ਤੋਂ ਵੱਧ ਹੌਲਾਪਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਖਾਇਆ। ਕੈਪਟਨ ਨੇ ਜਿਥੇ ਪਾਕਿਸਤਾਨ ਸਰਕਾਰ ਦੇ ਸੱਦੇ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਸੀ, ਉਥੇ ਨੀਂਹ ਪੱਥਰ ਸਮਾਗਮ ਦੌਰਾਨ ਪਾਕਿਸਤਾਨ ਹਕੂਮਤ ਦਾ ਧੰਨਵਾਦ ਕਰਨ ਦੀ ਥਾਂ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ। ਕੈਪਟਨ ਇਹ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਸੀ ਪਰ ਉਹ ਮੰਨੇ ਨਹੀਂ।
ਦੱਸ ਦਈਏ ਕਿ ਪਾਕਿਸਤਾਨ ਵਲੋਂ 28 ਨਵੰਬਰ ਨੂੰ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਸਮਾਗਮ ਲਈ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਗਿਆ ਸੀ। ਕੈਪਟਨ ਅਤੇ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਜਾਣ ਤੋਂ ਸਾਫ ਨਾਂਹ ਕਰ ਦਿੱਤੀ। ਸੁਸ਼ਮਾ ਨੇ ਆਪਣੀ ਥਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੁਰੀ ਨੂੰ ਪਾਕਿਸਤਾਨ ਭੇਜਿਆ। ਭਾਰਤ ਦੇ ਇਸ ਸੌੜੇਪਣ ਦੀ ਪਾਕਿਸਤਾਨ ਵਿਚ ਵੀ ਨੁਕਤਾਚੀਨੀ ਹੋ ਰਹੀ ਹੈ। ਪਾਕਿਸਤਾਨ ਪੁੱਜਦੇ ਹੀ ਸਿੱਧੂ ਨੂੰ ਸਥਾਨਕ ਮੀਡੀਆ ਨੇ ਸਵਾਲ ਕਰ ਦਿੱਤਾ ਕਿ ਇਹ ਮਾਮਲਾ ਭਾਰਤੀ ਸਿੱਖਾਂ ਦਾ ਹੈ ਅਤੇ ਪਾਕਿਸਤਾਨ ਇਸ ਬਾਰੇ ਖੁੱਲ੍ਹਦਿਲੀ ਅਤੇ ਭਾਰਤ ਆਕੜ ਦਿਖਾ ਰਿਹਾ ਹੈ।
_______________________________________
ਪਾਕਿਸਤਾਨ ਦੀ ਫਰਾਖਦਿਲੀ ਦੇ ਚਰਚੇ
ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਵਲੋਂ ਵਿਖਾਈ ਦਰਿਆ ਦਿਲੀ ਦੀ ਹਰ ਪਾਸੇ ਚਰਚਾ ਹੈ। ਭਾਰਤ ਵਲੋਂ ਇਸ ਪ੍ਰੋਜੈਕਟ ਬਾਰੇ ਐਲਾਨ ਤੋਂ ਕੁਝ ਘੰਟੇ ਬਾਅਦ ਹੀ ਪਾਕਿਸਤਾਨ ਸਰਕਾਰ ਨੇ 28 ਨਵੰਬਰ ਨੂੰ ਲਾਂਘੇ ਦਾ ਨੀਂਹ ਪੱਥਰ ਰੱਖ ਕੇ ਇਹ ਸੰਕੇਤ ਦੇ ਦਿੱਤੇ ਕਿ ਉਹ ਤਾਂ ਭਾਰਤ ਦੀ ‘ਹਾਂ’ ਦੀ ਉਡੀਕ ਕਰ ਰਿਹਾ ਸੀ। ਇਸ ਤੋਂ ਇਲਾਵਾ ਪਾਕਿਸਤਾਨ ਹਕੂਮਤ ਨੇ ਕਰਤਾਰਪੁਰ ਸਾਹਿਬ ਨੇੜੇ ਰੇਲਵੇ ਸਟੇਸ਼ਨ, ਠਹਿਰਾਅ ਲਈ ਹੋਟਲ ਸਮੇਤ ਹੋਰ ਵੀ ਵੱਡੇ ਐਲਾਨ ਕਰ ਦਿੱਤੇ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਵਲੋਂ ਇਮਰਾਨ ਖਾਨ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿਚ ਹਾਜ਼ਰੀ ਭਰਨ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਲਾਂਘਾ ਖੋਲ੍ਹਣ ਲਈ ਰਾਜ਼ੀ ਹੈ ਤੇ ਦੇਰ ਭਾਰਤ ਵੱਲੋਂ ਕੀਤੀ ਜਾ ਰਹੀ ਹੈ। ਉਸ ਸਮੇਂ ਸਿੱਧੂ ਦਾ ਮਜ਼ਾਕ ਉਡਾਇਆ ਗਿਆ ਸੀ।
________________________________________

ਅਕਾਲੀ ਦਲ ਦੀ ਟੇਕ ਹੁਣ ਕਰਤਾਰਪੁਰ ਲਾਂਘੇ ‘ਤੇ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਲੋਂ ਖੁੱਸੇ ਹੋਏ ਜਨਤਕ ਆਧਾਰ ਦੀ ਬਹਾਲੀ ਲਈ ‘ਪੰਥਕ’ ਮੁੱਦਿਆਂ ਉਤੇ ਰਾਜਨੀਤੀ ਕਰਨ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੱਤਾ ਜਾ ਰਿਹਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਡੇਰਾ ਬਾਬਾ ਨਾਨਕ ਵਿਚ ਹੋਏ ਸਰਕਾਰੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਭਰਵੀਂ ਹਾਜ਼ਰੀ ਨੂੰ ਵੀ ਪਾਰਟੀ ਦੀ ਇਸੇ ਰਣਨੀਤੀ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ।
ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਬੇਅਦਬੀ ਮਾਮਲੇ ਤੇ ਇਸ ਨਾਲ ਜੁੜੇ ਗੋਲੀ ਕਾਂਡ ਕਰਕੇ ‘ਪੰਥਕ’ ਪਾਰਟੀ ਕਹਾਉਂਦੇ ਅਕਾਲੀ ਦਲ ਨੂੰ ਚੁਫੇਰਿਉਂ ਸਿਆਸੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਨੀਅਰ ਅਕਾਲੀ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਸਮੇਤ ਹੋਰ ਆਗੂਆਂ ਵਲੋਂ ਅਖਤਿਆਰ ਕੀਤੇ ਬਾਗੀ ਰਵੱਈਏ ਕਾਰਨ ਵੀ ਪਾਰਟੀ ਦੇ ਵੱਕਾਰ ਨੂੰ ਸੱਟ ਵੱਜੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਕੀਤੀ ਜਾ ਰਹੀ ਸਿਆਸਤ ਨੇ ਰਾਜਨੀਤਕ ਧੁਨੰਤਰਾਂ ਨੂੰ ਵੀ ਹੈਰਾਨੀ ਵਿਚ ਪਾ ਦਿੱਤਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਸਤ ਮਹੀਨੇ ਹੋਈ ਪਾਕਿਸਤਾਨ ਫੇਰੀ ਦੌਰਾਨ ਲਾਂਘਾ ਖੁੱਲ੍ਹਣ ਦੇ ਯਤਨਾਂ ਦੀ ਹੋਈ ਸ਼ੁਰੂਆਤ ਤੋਂ ਬਾਅਦ ਪਾਰਟੀ ਨੇ ਇਸ ਨੂੰ ਛੁਟਿਆਉਣ ਦਾ ਯਤਨ ਹੀ ਨਹੀਂ ਕੀਤਾ ਸੀ ਸਗੋਂ ਵੱਖਰੀ ਮੁਹਿੰਮ ਵਜੋਂ ਵੀ ਪ੍ਰਚਾਰਿਆ ਸੀ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਸ ਵਕਤ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਸੈਨਾ ਦੇ ਮੁਖੀ ਨੂੰ ਪਾਈ ਜੱਫ਼ੀ ਅਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ ਨੂੰ ਵੀ ਸਿਆਸੀ ਰੰਗਤ ਦੇ ਕੇ ਭਮਡਿਆ ਸੀ। ਹੁਣ ਸਿਆਸਤ ਨੇ ਅਜਿਹਾ ਮੋੜ ਕੱਟਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸ਼ਿਰਕਤ ਵਾਲੇ ਕਰਤਾਰਪੁਰ ਲਾਂਘੇ ਦੇ 28 ਨਵੰਬਰ ਦੇ ਨੀਂਹ ਪੱਥਰ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਨੇ ਪਾਕਿਤਸਤਾਨ ਸਰਕਾਰ ਦੇ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।