ਗ੍ਰਨੇਡ ਹਮਲਾ: ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ‘ਤੇ ਉਠੇ ਸਵਾਲ

ਅੰਮ੍ਰਿਤਸਰ: ਪੁਲਿਸ ਵਲੋਂ ਰਾਜਾਸਾਂਸੀ ਵਿਚ ਨਿਰੰਕਾਰੀ ਭਵਨ ਉਤੇ ਗ੍ਰਨੇਡ ਹਮਲੇ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦੋ ਸਿੱਖ ਨੌਜਵਾਨਾਂ- ਅਵਤਾਰ ਸਿੰਘ ਖਾਲਸਾ ਤੇ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਪਰ ਪੁਲਿਸ ਵੱਲੋਂ ਘੜੀ ਜਾ ਰਹੀ ਕਹਾਣੀ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ। ਹਮਲੇ ਸਮੇਂ ਨਿਰੰਕਾਰੀ ਭਵਨ ਦੇ ਗੇਟ ਅੱਗੇ ਮੌਜੂਦ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਹਮਲਾਵਰ ਮੋਨੇ ਸਨ। ਪੁਲਿਸ ਨੇ ਵੀ ਮੁਢਲੀ ਜਾਂਚ ਵਿਚ ਇਹੀ ਦਾਅਵਾ ਕੀਤਾ ਸੀ। ਹੁਣ ਅੰਮ੍ਰਿਤਧਾਰੀ ਨੌਜਵਾਨਾਂ ਦੀ ਗ੍ਰਿਫਤਾਰੀ ਬਾਰੇ ਪੁੱਛੇ ਜਾ ਰਹੇ ਸਵਾਲਾਂ ਉਤੇ ਪੰਜਾਬ ਦੇ ਡੀæਜੀæਪੀæ ਸੁਰੇਸ਼ ਅਰੋੜਾ ਇਹੀ ਆਖ ਰਹੇ ਹਨ ਕਿ ਫੜੇ ਗਏ ਨੌਜਵਾਨ ਆਪ ਹੀ ਮੰਨ ਰਹੇ ਹਨ ਕਿ ਧਮਾਕਾ ਉਨ੍ਹਾਂ ਨੇ ਕੀਤਾ ਸੀ।

ਦੂਜੇ ਪਾਸੇ ਨੌਜਵਾਨਾਂ ਦੇ ਮਾਪੇ ਵੀ ਪੁਲਿਸ ਕਾਰਵਾਈ ਉਤੇ ਵੱਡੇ ਸਵਾਲ ਚੁੱਕ ਰਹੇ ਹਨ। ਬਿਕਰਮਜੀਤ ਸਿੰਘ ਦੇ ਘਰਦਿਆਂ ਦਾ ਕਹਿਣਾ ਹੈ ਕਿ ਜਿਸ ਸਮੇਂ ਹਮਲਾ ਹੋਇਆ, ਉਹ ਖੇਤਾਂ ਵਿਚ ਕੰਮ ਕਰ ਰਿਹਾ ਸੀ। ਘਰਦਿਆਂ ਦੇ ਦਾਅਵੇ ਤੋਂ ਅਗਲੇ ਹੀ ਦਿਨ ਪੁਲਿਸ ਹਿਰਾਸਤ ਵਿਚ ਹੋਣ ਦੇ ਬਾਵਜੂਦ ਬਿਕਰਮਜੀਤ ਦਾ ਬਿਆਨ ਆ ਗਿਆ ਕਿ ਉਹ ਗ੍ਰਨੇਡ ਧਮਾਕਾ ਕਰਨ ਤੋਂ ਬਾਅਦ ਖੇਤਾਂ ਵਿਚ ਚਲਾ ਗਿਆ ਸੀ। ਪੁਲਿਸ ਕਾਰਵਾਈ ਉਤੇ ਇਸ ਗੱਲੋਂ ਵੀ ਸਵਾਲ ਉਠ ਰਹੇ ਹਨ ਕਿ ਬੰਬ ਧਮਾਕੇ ਵਿਚ ਗ੍ਰਿਫਤਾਰ ਕੀਤਾ ਮੁਲਜ਼ਮ ਕਿਸ ਤਰ੍ਹਾਂ ਮੀਡੀਆ ਅੱਗੇ ਆ ਕੇ ਦਾਅਵਾ ਕਰ ਗਿਆ ਕਿ ਧਮਾਕਾ ਉਸੇ ਨੇ ਕੀਤਾ ਹੈ ਤੇ ਇਹ ਕਾਰਾ ਕਰ ਕੇ ਉਹ ਖੇਤਾਂ ਵਿਚ ਚਲਾ ਗਿਆ। ਦੂਜੇ ਨੌਜਵਾਨ ਦਾ ਪਰਿਵਾਰ ਵੀ ਪੁਲਿਸ ਦੇ ਦਾਅਵਿਆਂ ਨੂੰ ਝੁਠਲਾਉਣ ਲਈ ਅੱਗੇ ਆ ਗਿਆ ਹੈ। ਅਵਤਾਰ ਸਿੰਘ ਖਾਲਸਾ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਜਦੋਂ ਇਹ ਬੰਬ ਧਮਾਕਾ ਹੋਇਆ, ਉਸ ਵੇਲੇ ਅਵਤਾਰ ਸਿੰਘ ਆਪਣੇ ਘਰ ਵਿਚ ਸੀ। ਉਸ ਵੇਲੇ ਘਰ ਵਿਚ ਉਸਾਰੀ ਦਾ ਕੰਮ ਚਲ ਰਿਹਾ ਸੀ ਤੇ ਉਹ ਇਸ ਕੰਮ ਦੀ ਨਿਗਰਾਨੀ ਕਰ ਰਿਹਾ ਸੀ। ਉਸ ਦੇ ਪਿਤਾ ਗੁਰਦਿਆਲ ਸਿੰਘ ਨੇ ਪੁਲਿਸ ਦੇ ਇਸ ਦਾਅਵੇ ਕਿ ਉਸ ਦੇ ਇਟਲੀ ਰਹਿੰਦੇ ਰਿਸ਼ਤੇਦਾਰ ਨੇ ਉਸ ਨੂੰ ਹਥਿਆਰ ਮੁਹੱਈਆ ਕਰਨ ਵਿਚ ਮਦਦ ਕੀਤੀ ਹੈ, ਨੂੰ ਬੇਬੁਨਿਆਦ ਕਰਾਰ ਦਿੰਦਿਆਂ ਆਖਿਆ ਕਿ ਉਨ੍ਹਾਂ ਕੋਲ ਘਰ ਵਿਚ ਤਿੰਨ ਲਾਇਸੈਂਸੀ ਹਥਿਆਰ ਹਨ। ਉਸ ਨੂੰ ਹਥਿਆਰਾਂ ਵਾਸਤੇ ਬਾਹਰ ਕਹਿਣ ਦੀ ਕੀ ਲੋੜ ਸੀ। ਜਿਸ ਟਿਊਬਵੈੱਲ ਤੋਂ ਅਵਤਾਰ ਦੀ ਗ੍ਰਿਫਤਾਰੀ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਵੀ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਹੈ। ਜੇ ਕੋਈ ਅਜਿਹੀ ਗੱਲ ਹੁੰਦੀ ਤਾਂ ਉਨ੍ਹਾਂ ਦਾ ਇਹ ਰਿਸ਼ਤੇਦਾਰ ਇਸ ਬਾਰੇ ਜ਼ਰੂਰ ਜਾਣਕਾਰੀ ਦਿੰਦਾ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਨੇੜਤਾ ਪੰਥਕ ਜਥੇਬੰਦੀਆਂ ਨਾਲ ਹੈ।
ਕੁਝ ਮਹੀਨੇ ਪਹਿਲਾਂ ਚੋਗਾਵਾਂ ‘ਚ ਨਿਰੰਕਾਰੀ ਭਵਨ ਦੀ ਉਸਾਰੀ ਖਿਲਾਫ਼ ਹੋਏ ਰੋਸ ਵਿਖਾਵੇ ਵਿਚ ਉਸ ਨੇ ਹਿੱਸਾ ਲਿਆ ਸੀ। ਉਸ ਰੋਸ ਵਿਖਾਵੇ ਵਿਚ ਹੋਰ ਵੀ ਕਈ ਲੋਕ ਸ਼ਾਮਲ ਸਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੁਲਿਸ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਨੂੰ ਵੀ ਤੰਗ ਪਰੇਸ਼ਾਨ ਕਰ ਰਹੀ ਹੈ। ਗੌਰਤਲਬ ਹੈ ਕਿ ਅੰਮ੍ਰਿਤਸਰ ਦੇ ਅਦਲੀਵਾਲ ਪਿੰਡ ਵਿਚ ਸ਼ਰਧਾਲੂਆਂ ‘ਤੇ ਗ੍ਰਨੇਡ ਨਾਲ ਹਮਲਾ ਕਰਨ ਦੀ ਘਟਨਾ ਵਿਚ 3 ਜਣੇ ਹਲਾਕ ਹੋਏ ਸਨ ਅਤੇ 16 ਜ਼ਖਮੀ ਹੋ ਗਏ ਸਨ। ਪੁਲਿਸ ਦਾ ਦਾਅਵਾ ਹੈ ਕਿ ਅਵਤਾਰ ਸਿੰਘ ਦੇ ਪਾਕਿਸਤਾਨ ਦੀ ਆਈæਐਸ਼ਆਈæ ਦੀ ਹਮਾਇਤ ਵਾਲੇ ਕੇæਐਲ਼ਐਫ਼ ਦੇ ਹਰਮੀਤ ਸਿੰਘ ਹੈਪੀ ਉਰਫ ਪੀæਐਚæਡੀæ ਨਾਲ ਵੀ ਸਬੰਧ ਹੋਣ ਦੀ ਪੁਸ਼ਟੀ ਹੋਈ ਹੈ।