ਮੈਰੀ ਕਾਮ ਨੇ ਰਚਿਆ ਇਤਿਹਾਸ, 6ਵੀਂ ਵਾਰ ਬਣੀ ਵਿਸ਼ਵ ਚੈਂਪੀਅਨ

ਨਵੀਂ ਦਿੱਲੀ: ਭਾਰਤ ਦੀ ਸਰਬੋਤਮ ਮੁੱਕੇਬਾਜ਼ ਐਮ.ਸੀ. ਮੈਰੀ ਕਾਮ ਨੇ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ 48 ਕਿੱਲੋਗ੍ਰਾਮ ਭਾਰ ਵਰਗ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਮੈਰੀ ਕਾਮ ਨੇ ਫਾਈਨਲ ‘ਚ ਯੁਕਰੇਨ ਦੀ ਹਨਾ ਓਖੋਟਾ ਨੂੰ 5-0 ਨਾਲ ਮਾਤ ਦਿੰਦਿਆਂ ਸੋਨ ਤਗਮਾ ਆਪਣੇ ਨਾਂ ਕੀਤਾ। ਮੈਰੀਕਾਮ ਵਿਸ਼ਵ ਚੈਂਪੀਅਨਸ਼ਿਪ ‘ਚ ਸੱਤ ਵਾਰ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਮੁੱਕੇਬਾਜ਼ ਹੈ। 2001 ਵਿਚ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ। ਸਾਲ 2002, 2005, 2006, 2008, 2010 ਤੇ 2018 ‘ਚ ਸੋਨ ਤਗਮਾ ਹਾਸਲ ਕੀਤਾ ਹੈ।

ਇਸ ਜਿੱਤ ਦੇ ਬਾਅਦ ਮੈਰੀ ਕਾਮ ਨੇ ਭਾਵੁਕ ਹੁੰਦਿਆਂ ਕਿਹਾ ਕਿ ਯੁਕਰੇਨ ਦੀ ਹਨਾ ਨੂੰ ਹਰਾਉਣਾ ਸੌਖਾ ਨਹੀਂ ਸੀ। ਉਹ ਮੇਰੇ ਤੋਂ ਕਾਫੀ ਲੰਮੀ ਹੈ ਤੇ ਇਸ ਜਿੱਤ ਲਈ ਉਸ ਨੇ ਆਪਣੇ ਸਾਰੇ ਪ੍ਰਸੰਸਕਾਂ ਦਾ ਵੀ ਧੰਨਵਾਦ ਕੀਤਾ। ਮੈਰੀ ਕਾਮ ਨੇ ਕਿਹਾ ਕਿ ਇਹ ਖਿਤਾਬ ਉਸ ਨੇ ਦੇਸ਼ ਨੂੰ ਸਮਰਪਿਤ ਕੀਤਾ ਹੈ। ਮੈਰੀਕਾਮ ਦਾ ਇਹ ਛੇਵਾਂ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਹੈ ਤੇ ਵਿਸ਼ਵ ਚੈਂਪੀਅਨਸ਼ਿਪ ‘ਚ ਕੁਲ ਅੱਠਵਾਂ ਤਗਮਾ ਆਪਣੇ ਨਾਂ ਕੀਤਾ ਹੈ। ਮੈਰੀ ਕਾਮ ਨੇ ਹਾਲ ‘ਚ ਹੀ ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ‘ਚ ਸੋਨ ਤਗਮਾ ਆਪਣੇ ਨਾਂ ਕੀਤਾ ਸੀ। ਉਨ੍ਹਾਂ ਦੇ ਨਾਂ ਏਸ਼ੀਆਈ ਚੈਂਪੀਅਨਸ਼ਿਪ ‘ਚ ਵੀ ਪੰਜ ਸੋਨ ਤਗਮੇ ਤੇ ਇਕ ਚਾਂਦੀ ਦਾ ਤਗਮਾ ਹੈ। ਮੈਰੀ ਕਾਮ ਨੇ ਮਾਂ ਬਣਨ ਦੇ ਬਾਅਦ ਵਾਪਸੀ ਕਰਦੇ ਹੋਏ ਕਈ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਜਿੱਤ ਦੇ ਝੰਡੇ ਗੱਡੇ।
ਮੈਰੀ ਕਾਮ ਇਸ ਆਈਬਾ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਮੁਕਾਬਲੇ ਦੀ ਬਰਾਂਡ ਅੰਬੈਸਡਰ ਵੀ ਹੈ। ਮੈਰੀਕਾਮ ਨੇ ਸੈਮੀਫਾਈਨਲ ‘ਚ ਉੱਤਰੀ ਕੋਰੀਆ ਦੀ ਕਿਮ ਹਾਂਗ ਮੀ ਨੂੰ ਹਰਾਇਆ ਸੀ, ਜਦਕਿ ਕੁਆਰਟਰ ਫਾਈਨਲ ‘ਚ ਉਸ ਨੇ ਚੀਨ ਦੀ ਵੂ ਯੂ ਨੂੰ 5-0 ਨਾਲ ਮਾਤ ਦਿੱਤੀ ਸੀ। ਫਾਈਨਲ ਮੁਕਾਬਲੇ ਦੇ ਪਹਿਲੇ ਗੇੜ ‘ਚ ਦੋਵੇਂ ਖਿਡਾਰਨਾਂ ਸਾਵਧਾਨੀ ਨਾਲ ਇਕ-ਦੂਜੇ ਦੀ ਖੇਡ ਨੂੰ ਪਰਖ ਰਹੀਆਂ ਸਨ ਤੇ ਜ਼ਿਆਦਾ ਹਮਲੇ ਨਹੀਂ ਕਰ ਰਹੀਆਂ ਸਨ। ਦੋਵਾਂ ਨੇ ਆਪਣੇ ਸੱਜੇ ਪੰਚ ਦਾ ਚੰਗਾ ਇਸਤੇਮਾਲ ਕੀਤਾ। ਮੈਰੀ ਕਾਮ ਨੇ ਕੁਝ ਪੰਚ ਮਾਰੇ ਜਿਨ੍ਹਾਂ ‘ਚੋਂ ਕੁਝ ਚੰਗੇ ਨਿਸ਼ਾਨੇ ਉਤੇ ਲੱਗੇ। ਇਸ ਵਿਚਾਲੇ ਹਨਾ ਆਪਣੀ ਫੁਰਤੀ ਨਾਲ ਮੈਰੀ ਕਾਮ ਦੇ ਪੰਚਾਂ ਨੂੰ ਨਾਕਾਮ ਕਰਨ ‘ਚ ਸਫਲ ਰਹੀ। ਦੂਸਰੇ ਗੇੜ ‘ਚ ਦੋਵਾਂ ਨੇ ਹਮਲਾਵਰ ਹੁੰਦਿਆਂ ਇਕ-ਦੂਜੇ ਉਤੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ। ਅਗਲੇ ਗੇੜਾਂ ‘ਚ ਰਣਨੀਤੀ ਦੋਵਾਂ ਖਿਡਾਰੀਆਂ ਦੀ ਇਕੋ ਵਰਗੀ ਸੀ। ਸ਼ੁਰੂਆਤ ‘ਚ ਹਨਾ ਨੇ ਚੰਗੇ ਪੰਚ ਮਾਰੇ ਪਰ ਮੈਰੀ ਕਾਮ ਨੇ ਦੂਰੀ ਰੱਖਦਿਆਂ ਆਪਣਾ ਬਚਾਅ ਕੀਤਾ ਤੇ ਹਨਾ ਨੂੰ ਹਰਾ ਕੇ ਸੋਨ ਤਗਮਾ ਆਪਣੇ ਨਾਂ ਕੀਤਾ।
______________________________
ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਮੁੱਕੇਬਾਜ਼
ਇਸ ਜਿੱਤ ਨਾਲ ਹੀ 35 ਸਾਲਾ ਸੁਪਰਮਾਮ ਮੈਰੀ ਕਾਮ ਆਇਰਲੈਂਡ ਦੀ ਕੈਟੀ ਟੇਲਰ ਨੂੰ ਪਿੱਛੇ ਛੱਡਦਿਆਂ ਸਭ ਤੋਂ ਵੱਧ 6 ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਮੁੱਕੇਬਾਜ਼ ਬਣ ਗਈ ਹੈ। ਇਸ ਨਾਲ ਪਹਿਲੇ ਮੈਰੀ ਕਾਮ ਤੇ ਟੇਲਰ 5-5 ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਬਰਾਬਰੀ ‘ਤੇ ਸਨ। ਮੈਰੀ ਕਾਮ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ‘ਚ 6 ਖਿਤਾਬ ਜਿੱਤਣ ਦੇ ਵਿਸ਼ਵ ਰਿਕਾਰਡ (ਮਹਿਲਾ ਤੇ ਪੁਰਸ਼) ਦੀ ਬਰਾਬਰੀ ਵੀ ਕਰ ਲਈ ਹੈ। 6 ਵਾਰ ਵਿਸ਼ਵ ਚੈਂਪੀਅਨ ਬਣਨ ਦਾ ਗੌਰਵ ਉਨ੍ਹਾਂ ਤੋਂ ਪਹਿਲਾਂ ਪੁਰਸ਼ ਮੁੱਕੇਬਾਜ਼ ਕਿਊਬਾ ਦੇ ਫੇਲਿਕਸ ਸੇਵੋਨ ਦੇ ਨਾਂ ਸੀ। ਫੇਲਿਕਸ ਸੇਵੋਨ ਨੇ 1997 ‘ਚ ਬੁੱਢਾ ਪੋਸਟ ‘ਚ ਕਰਵਾਏ ਗਈ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ।
______________________________
ਮੈਰੀ ਕਾਮ ਨੂੰ ਸਰਵੋਤਮ ਮੁੱਕੇਬਾਜ਼ ਐਲਾਨਿਆ
ਨਵੀਂ ਦਿੱਲੀ: ਵਿਸ਼ਵ ਚੈਂਪੀਅਨਸ਼ਿਪ ਵਿਚ ਇਤਿਹਾਸਕ ਛੇਵਾਂ ਆਲਮੀ ਖਿਤਾਬ ਜਿੱਤਣ ਵਾਲੀ ਭਾਰਤੀ ਮੁੱਕੇਬਾਜ਼ ਨੂੰ 10ਵੀਂ ਵਿਸ਼ਵ ਮਹਿਲਾ ਮੁੱਕੇਬਾਜ਼ ਚੈਂਪੀਅਨਸ਼ਿਪ ਦੀ ਸਰਵੋਤਮ ਮੁੱਕੇਬਾਜ਼ ਐਲਾਨਿਆ ਗਿਆ ਹੈ। ਮੈਰੀ ਕਾਮ ਦੀ ਇਸ ਐਜਾਜ਼ ਲਈ ਚੋਣ ਕਰਨ ਵਾਲੇ ਏ.ਆਈ.ਬੀ.ਏ. ਪੈਨਲ ਨੇ ਕਿਹਾ ਕਿ 35 ਸਾਲਾ ਇਸ ਮਣੀਪੁਰੀ ਮੂਲ ਦੀ ਮੁੱਕੇਬਾਜ਼ ਦਾ ਕਦੇ ਵੀ ਹਾਰ ਨਾ ਮੰਨਣ ਵਾਲਾ ਵਤੀਰਾ ਲਾਮਿਸਾਲ ਹੈ। ਇਥੇ ਅਧਿਕਾਰਤ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਮੈਰੀ ਕਾਮੇ ਨੇ 2006 ਵਿਚ ਦਿੱਲੀ ਵਿਚ ਹੋਏ ਮੁਕਾਬਲੇ ‘ਚ ਆਪਣੇ ਸ਼ਮੂਲੀਅਤ ਨੂੰ ਯਾਦ ਕੀਤਾ।