ਅਯੁੱਧਿਆ: ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਬੁਲਾਈ ਧਰਮ ਸਭਾ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਆਖਿਆ ਕਿ ਮੰਦਰ ਨਿਰਮਾਣ ਲਈ ਤਰੀਕਾਂ ਦਾ ਐਲਾਨ ਅਗਲੇ ਸਾਲ ਹੋਣ ਵਾਲੇ ਕੁੰਭ ਮੇਲੇ ਦੌਰਾਨ ਕੀਤਾ ਜਾਵੇਗਾ। ਵੀ.ਐਚ.ਪੀ. ਆਗੂ ਰਾਮਜੀ ਦਾਸ ਨੇ ਆਖਿਆ ਹੈ ਕਿ ਰਾਮ ਮੰਦਰ ਦੇ ਨਿਰਮਾਣ ਲਈ ਤਰੀਕ ਦਾ ਐਲਾਨ 2019 ਦੇ ਕੁੰਭ ਮੇਲੇ ਦੌਰਾਨ ਕੀਤਾ ਜਾਵੇਗਾ ਜੋ ਪ੍ਰਯਾਗਰਾਜ ਵਿਚ ਕੀਤਾ ਜਾਵੇਗਾ। ਵੀ.ਐਚ.ਪੀ. ਦੇ ਮੀਤ ਪ੍ਰਧਾਨ ਚੰਪਤ ਰਾਏ ਨੇ ਆਖਿਆ ਕਿ ਰਾਮ ਮੰਦਰ ਲਈ ਇਕ ਇੰਚ ਜਗ੍ਹਾ ਵੀ ਨਹੀਂ ਛੱਡੀ ਜਾਵੇਗੀ ਅਤੇ ਇਸ ਨੇ ਮੰਗ ਕੀਤੀ ਕਿ ਸੁੰਨੀ ਵਕਫ਼ ਬੋਰਡ ਨੂੰ ਬਾਬਰੀ ਮਸਜਿਦ-ਰਾਮ ਜਨਮ ਭੂਮੀ ਵਿਵਾਦ ‘ਚੋਂ ਆਪਣਾ ਕੇਸ ਵਾਪਸ ਲੈ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰਾਮ ਮੰਦਰ ਦੇ ਮੁੱਦੇ ਉਤੇ ਕੋਈ ਚਰਚਾ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਵੰਡ ਸਾਨੂੰ ਪ੍ਰਵਾਨ ਨਹੀਂ ਹੈ ਅਤੇ ਭਗਵਾਨ ਰਾਮ ਲਈ ਸਾਰੀ ਜ਼ਮੀਨ ਚਾਹੁੰਦੇ ਹਾਂ। ਹਿੰਦੂ ਇਹ ਪ੍ਰਵਾਨ ਨਹੀਂ ਕਰਨਗੇ ਕਿ ਵਿਵਾਦਪੂਰਨ ਜ਼ਮੀਨ ਦੇ ਕਿਸੇ ਵੀ ਟੁਕੜੇ ‘ਤੇ ਨਮਾਜ਼ ਅਦਾ ਕੀਤੀ ਜਾਵੇ। ਰਾਮ ਜਨਮ ਭੂਮੀ ਨਿਆਸ ਦੇ ਮੁਖੀ ਨ੍ਰਿਤਿਆ ਗੋਪਾਲਦਾਸ ਨੇ ਆਖਿਆ ਕਿ ਇਸ ਤਰ੍ਹਾਂ ਦੀ ਇਕੱਤਰਤਾ ਦਰਸਾਉਂਦੀ ਹੈ ਕਿ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਰਾਮ ਮੰਦਰ ਨਾਲ ਜੁੜੇ ਹੋਏ ਹਨ। ਅਸੀਂ ਅਦਾਲਤਾਂ ਦਾ ਸਤਿਕਾਰ ਕਰਦੇ ਹਾਂ। ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਬਹੁਤ ਉਮੀਦਾਂ ਹਨ।
ਧਰਮ ਸਭਾ ਵਾਲੀ ਜਗ੍ਹਾ ‘ਤੇ ਤਰ੍ਹਾਂ ਤਰ੍ਹਾਂ ਦੇ ਭਗਵੇਂ ਰੰਗ ਦੀਆਂ ਝੰਡੀਆਂ, ਬੈਨਰ ਤੇ ਪਗੜੀਆਂ ਨਜ਼ਰ ਆ ਰਹੀਆਂ ਸਨ ਤੇ ਉਹ ਮੰਦਰ ਨਿਰਮਾਣ ਲਈ ਅਹਿਦ ਲੈਂਦੇ ਨਜ਼ਰ ਆ ਰਹੇ ਸਨ।
ਇਕ ਧਾਰਮਿਕ ਆਗੂ ਰਾਮ ਭਦਰਚਾਰੀਆ ਨੇ ਆਖਿਆ ਕਿ 23 ਨਵੰਬਰ ਨੂੰ ਮੇਰੀ ਕੇਂਦਰ ਦੇ ਇਕ ਸੀਨੀਅਰ ਮੰਤਰੀ ਨਾਲ ਗੱਲਬਾਤ ਹੋਈ ਸੀ ਜਿਸ ਨੇ ਭਰੋਸਾ ਦਿਵਾਇਆ ਸੀ ਕਿ 11 ਦਸੰਬਰ ਨੂੰ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਬੈਠਣਗੇ ਤੇ ਕੋਈ ਫੈਸਲਾ ਲੈਣਗੇ ਤਾਂ ਕਿ ਰਾਮ ਮੰਦਰ ਦੀ ਉਸਾਰੀ ਹੋ ਸਕੇ। ਸਾਨੂੰ ਇਹ ਵੀ ਦੱਸਿਆ ਗਿਆ ਕਿ ਸਾਡੇ ਨਾਲ ਧੋਖਾ ਨਹੀਂ ਕੀਤਾ ਜਾਵੇਗਾ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਪਾਰਲੀਮੈਂਟ ਦੇ ਸਰਦ ਰੁੱਤ ਦੇ ਇਜਲਾਸ ਦੌਰਾਨ ਆਰਡੀਨੈਂਸ ਵਾਲਾ ਰਸਤਾ ਅਖਤਿਆਰ ਕੀਤਾ ਜਾ ਸਕਦਾ ਹੈ। ਅਯੁੱਧਿਆ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਬਬਲੂ ਖ਼ਾਨ ਨੇ ਕਿਹਾ ਕਿ ਤਿੰਨ ਸਾਲਾਂ ਤੋਂ ਉਹ ਮੰਦਰ ਅੰਦੋਲਨ ਨਾਲ ਜੁੜੇ ਹਨ ਤੇ ਇਹ ਇਸ ਸ਼ਹਿਰ ਦੇ ਮਿਲੇ ਜੁਲੇ ਸਭਿਆਚਾਰ ਦਾ ਪ੍ਰਤੀਕ ਹੈ। Ḕਧਰਮ ਸਭਾ’ ਕਰੀਬ ਪੰਜ ਘੰਟੇ ਚੱਲੀ ਤੇ ਵੱਖ ਵੱਖ ਆਸ਼ਰਮਾਂ ਤੇ ਅਖਾੜਿਆਂ ਦੇ 50 ਦੇ ਕਰੀਬ ਮਹੰਤ ਸ਼ਾਮਲ ਹੋਏ।
_____________________
ਊਧਵ ਠਾਕਰੇ ਨੇ ਮੋਦੀ ਸਰਕਾਰ ਨੂੰ ਘੇਰਿਆ
ਅਯੁੱਧਿਆ:ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਆਖਿਆ ਕਿ ਜੇ ਅਯੁੱਧਿਆ ਵਿਚ ਰਾਮ ਮੰਦਰ ਨਾ ਬਣਿਆ ਤਾਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਨਹੀਂ ਬਚ ਸਕਣੀ ਤੇ ਮੰਦਰ ਨਿਰਮਾਣ ਲਈ ਆਰਡੀਨੈਂਸ ਲਿਆਉਣਾ ਚਾਹੀਦਾ ਹੈ ਤਾਂ ਕਿ ਹਿੰਦੂਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾ ਸਕੇ। ਉਧਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਨੇ ਆਖਿਆ ਕਿ ਮੰਦਰ ਅੰਦੋਲਨ ਦੌਰਾਨ ਸ਼ਿਵ ਸੈਨਾ ਦੀ ਕੋਈ ਭੂਮਿਕਾ ਨਹੀਂ ਸੀ ਤੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਭਾਜਪਾ ਸ਼ਾਨਦਾਰ ਰਾਮ ਮੰਦਰ ਬਣਾਉਣ ਦੇ ਹੱਕ ਵਿਚ ਹੈ।
_____________________
ਭਾਜਪਾ ਵੱਲੋਂ ਨਾਕਾਮੀਆਂ ਤੋਂ ਧਿਆਨ ਹਟਾਉਣ ਦਾ ਹਰਬਾ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਅਯੁੱਧਿਆ ਵਿਚ ਰਾਮ ਮੰਦਰ ਲਈ ਵੀ.ਐਚ.ਪੀ., ਆਰ.ਐਸ਼ਐਸ਼, ਭਾਜਪਾ ਤੇ ਹੋਰਨਾਂ ਜਥੇਬੰਦੀਆਂ ਦਾ ਸਾਂਝਾ ਪ੍ਰਦਰਸ਼ਨ ਕਾਲਾ ਧਨ ਤੇ ਬੇਰੁਜ਼ਗਾਰੀ ਜਿਹੇ ਮਸਲਿਆਂ ‘ਤੇ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਦਾ ਹਰਬਾ ਸੀ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਮੈਂ ਸੂਬੇ ਤੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਵੀ.ਐਚ.ਪੀ., ਆਰ.ਐਸ਼ਐਸ਼, ਭਾਜਪਾ ਤੇ ਹੋਰਨਾਂ ਜਥੇਬੰਦੀਆਂ ਦੇ ਸਾਂਝੇ ਸ਼ੋਅ ਨੂੰ ਗੰਭੀਰਤਾ ਨਾਲ ਨਹੀਂ ਲਿਆ।
_____________________
ਮੁਸਲਮਾਨਾਂ ਖਿਲਾਫ਼ ਮਾਹੌਲ ਬਣਾਇਆ ਜਾ ਰਿਹੈ: ਰਹਿਮਾਨੀ
ਲਖਨਊ: ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਆਖਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ Ḕਧਰਮ ਸਭਾ’ ਕਰਵਾ ਕੇ ਤੇ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਵੱਲੋਂ ਸੁਪਰੀਮ ਕੋਰਟ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ ਤੇ ਮੁਸਲਮਾਨਾਂ ਖਿਲਾਫ਼ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਬੋਰਡ ਦੇ ਜਨਰਲ ਸਕੱਤਰ ਮੌਲਾਨਾ ਵਲੀ ਰਹਿਮਾਨੀ ਨੇ ਕਿਹਾ ਕਿ ਇਹ ਕਿਸੇ ਮਸਜਿਦ ਦੀ ਜਗ੍ਹਾ ਦੇਣ ਦਾ ਮਾਮਲਾ ਨਹੀਂ ਸਗੋਂ ਅਸੂਲ ਦਾ ਮਸਲਾ ਹੈ ਕਿ ਹੌਲੀ ਹੌਲੀ ਕਿੰਨੀਆਂ ਕੁ ਮਸੀਤਾਂ ਕੁਰਬਾਨ ਕਰਨੀਆਂ ਪੈਣਗੀਆਂ।
_____________________
ਕਾਂਗਰਸ ਨੇ ਅਯੁੱਧਿਆ ਮਾਮਲੇ ਦੀ ਸੁਣਵਾਈ ਕਰ ਰਹੇ ਜੱਜਾਂ ਨੂੰ ਧਮਕੀਆਂ ਦਿੱਤੀਆਂ: ਮੋਦੀ
ਅਲਵਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਦੋਸ਼ ਲਾਇਆ ਕਿ ਉਸ ਨੇ ਅਯੁੱਧਿਆ ਕੇਸਾਂ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਜੱਜਾਂ ‘ਤੇ ਮਹਾਂਦੋਸ਼ ਚਲਾਉਣ ਦੀ ਧਮਕੀ ਦਿੱਤੀ ਸੀ। ਕਿਸੇ ਦਾ ਨਾਮ ਲਏ ਬਿਨਾਂ ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰਾਂ, ਜੋ ਵਕੀਲ ਵੀ ਹਨ, ਨੇ ਸੁਪਰੀਮ ਕੋਰਟ ਦੇ ਜੱਜਾਂ ‘ਤੇ ਅਯੁੱਧਿਆ ਮਾਮਲੇ ‘ਚ ਸੁਣਵਾਈ 2019 ਦੀਆਂ ਲੋਕ ਸਭਾ ਚੋਣਾਂ ਤੱਕ ਬਕਾਇਆ ਰੱਖਣ ਲਈ ਦਬਾਅ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਲੋਕਤੰਤਰ ਅਤੇ ਨਿਆਂਪਾਲਿਕਾ ‘ਤੇ ਕੋਈ ਭਰੋਸਾ ਨਹੀਂ ਹੈ।