ਸਿਰਫ ਕਲਾ ਨੂੰ ਸਮਰਪਿਤ ਸਨ ਜੁਆਏ ਮੁਖਰਜੀ

ਅਦਾਕਾਰ ਜੁਆਏ ਮੁਖਰਜੀ ਕਈ ਸਫਲ ਫ਼ਿਲਮਾਂ ਤੇ ਬਾਲੀਵੁੱਡ ਦੇ ਰੋਮਾਂਟਿਕ ਹੀਰੋ ਦੇ ਰੂਪ ਵਿਚ ਭਰਪੂਰ ਪ੍ਰਸਿੱਧੀ ਖੱਟਣ ਦੇ ਬਾਵਜੂਦ ਹਿੰਦੀ ਫ਼ਿਲਮਾਂ ਦੇ ਬੇਹੱਦ ਸਫਲ ਅਦਾਕਾਰਾਂ ਦੀ ਸੂਚੀ ਵਿਚ ਕਦੇ ਸ਼ਾਮਲ ਨਾ ਹੋ ਸਕੇ ਕਿਉਂਕਿ ਉਹ ਸਿਰਫ ਕਲਾ ਪ੍ਰਤੀ ਸਮਰਪਿਤ ਸਨ।
ਜੁਆਏ ਮੁਖਰਜੀ ਦਾ ਜਨਮ 24 ਫਰਵਰੀ 1939 ਨੂੰ ਹੋਇਆ ਸੀ। ਉਨ੍ਹਾਂ ਦਾ ਤਕਰੀਬਨ ਸਾਰਾ ਪਰਿਵਾਰ ਹੀ ਫ਼ਿਲਮਾਂ ਵਿਚ ਸਰਗਰਮ ਸੀ। ਉਨ੍ਹਾਂ ਦੇ ਪਿਤਾ ਸ਼ਸ਼ਧਰ ਮੁਖਰਜੀ ਸਫਲ ਨਿਰਮਾਤਾ ਤੇ ਫ਼ਿਲਮਿਸਤਾਨ ਸਟੂਡੀਓ ਦੇ ਸਹਿ-ਬਾਨੀ ਸਨ, ਉਥੇ ਹੀ ਉਨ੍ਹਾਂ ਦੇ ਚਾਚਾ ਜੀ ਸੁਬੋਧ ਮੁਖਰਜੀ ਨਿਰਦੇਸ਼ਕ ਸਨ। ਉਨ੍ਹਾਂ ਦੇ ਮਾਮਾ ਜੀ ਅਸ਼ੋਕ ਕੁਮਾਰ ਤੇ ਕਿਸ਼ੋਰ ਕੁਮਾਰ ਦੀ ਸਫਲਤਾ ਤੇ ਲੋਕਪ੍ਰਿਯਤਾ ਕਿਸੇ ਤੋਂ ਵੀ ਲੁਕੀ ਨਹੀਂ ਹੈ। ਜੁਆਏ ਦੇ ਭਰਾ ਦੇਬ ਮੁਖਰਜੀ ਤੇ ਸ਼ੋਮੂ ਮੁਖਰਜੀ ਹਨ। ਫ਼ਿਲਮੀ ਫਾਰਮੂਲਿਆਂ ਦੇ ਆਦਿ ਗੁਰੂ ਸ਼ਸ਼ਧਰ ਮੁਖਰਜੀ ਦਾ ਪੂਰਾ ਪਰਿਵਾਰ ਭਾਵੇਂ ਫ਼ਿਲਮੀ ਰਿਹਾ ਪਰ ਉਨ੍ਹਾਂ ਦੇ ਬੇਟੇ ਜੁਆਏ ਮੁਖਰਜੀ ਨੂੰ ਫ਼ਿਲਮ ਸਟਾਰ ਬਣਨਾ ਬਿਲਕੁਲ ਵੀ ਪਸੰਦ ਨਹੀਂ ਸੀ।
ਜਦੋਂ ਉਹ ਬੀæਏæ ਦੀ ਪੜ੍ਹਾਈ ਕਰ ਰਹੇ ਸਨ, ਉਦੋਂ ਇਕ ਦਿਨ ਪਿਤਾ ਸ਼ਸ਼ਧਰ ਮੁਖਰਜੀ ਨੇ ਪੁੱਛ ਲਿਆ ਕਿ ਆਖਿਰ ਉਹ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹਨ। ਇਸ ਸਵਾਲ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ‘ਹਮ ਹਿੰਦੁਸਤਾਨੀ’ ਦਾ ਕਾਂਟਰੈਕਟ ਵੀ ਜੁਆਏ ਦੇ ਸਾਹਮਣੇ ਰੱਖ ਦਿੱਤਾ। ਜੁਆਏ ਨੇ ਇਹ ਸੋਚ ਕੇ ਅਣਮੰਨੇ ਮਨ ਨਾਲ ਫ਼ਿਲਮ ਸਾਈਨ ਕਰ ਲਈ ਕਿ ਚਲੋ ਪਾਕੇਟ ਮਨੀ ਲਈ ਚੰਗੀ ਰਕਮ ਮਿਲ ਜਾਏਗੀ ਅਤੇ ਅਖੀਰ ਉਨ੍ਹਾਂ ਨੂੰ ਅਦਾਕਾਰੀ ਵਿਚ ਹੀ ਕਰੀਅਰ ਬਣਾਉਣਾ ਪਿਆ। ਇਸ ਕਰੀਅਰ ਦੀ ਬਕਾਇਦਾ ਸ਼ੁਰੂਆਤ ਵੀ 1960 ਵਿਚ ਪਿਤਾ ਦੇ ਹੋਮ ਪ੍ਰੋਡਕਸ਼ਨ ਦੀ ਫ਼ਿਲਮ ‘ਲਵ ਇਨ ਸ਼ਿਮਲਾ’ ਨਾਲ ਹੋਈ, ਜਿਸ ਵਿਚ ਉਨ੍ਹਾਂ ਦੀ ਹੀਰੋਇਨ ਸਾਧਨਾ ਸੀ। ਇਹ ਫ਼ਿਲਮ ਦੋਹਾਂ ਲਈ ਬੇਹੱਦ ਸਫਲ ਸਿੱਧ ਹੋਈ। ਆਸ਼ਾ ਪਾਰੇਖ, ਸਾਧਨਾ, ਮਾਲਾ ਸਿਨ੍ਹਾ ਤੇ ਸਾਇਰਾ ਬਾਨੋ ਵਰਗੀਆਂ ਸਫਲ ਤੇ ਪ੍ਰਸਿੱਧ ਅਭਿਨੇਤਰੀਆਂ ਨਾਲ ਉਨ੍ਹਾਂ ਦੀ ਰੋਮਾਂਟਿਕ ਜੋੜੀ ਬੇਹੱਦ ਪਸੰਦ ਕੀਤੀ ਗਈ। 1963 ਵਿਚ ਬਣੀ ਫ਼ਿਲਮ ‘ਫਿਰ ਵਹੀ ਦਿਲ ਲਾਇਆ ਹੂੰ’ ਜੁਆਏ ਮੁਖਰਜੀ ਦੇ ਕਰੀਅਰ ਦੀ ਜ਼ਿਕਰਯੋਗ ਫ਼ਿਲਮ ਰਹੀ।
ਫ਼ਿਲਮਾਂ ਵਿਚ ਧਰਮਿੰਦਰ, ਜਤਿੰਦਰ, ਰਾਜੇਸ਼ ਖੰਨਾ ਵਰਗੇ ਅਦਾਕਾਰਾਂ ਦੇ ਦੌਰ ਦੌਰਾਨ ਉਹ ਗਿਣੀਆਂ-ਚੁਣੀਆਂ ਫ਼ਿਲਮਾਂ ਕਰਨ ਲੱਗੇ। ਫਿਰ ਬਤੌਰ ਨਿਰਮਾਤਾ-ਨਿਰਦੇਸ਼ਕ ‘ਹਮਸਾਇਆ’ ਬਣਾਈ। ਰਾਜੇਸ਼ ਖੰਨਾ ਤੇ ਜ਼ੀਨਤ ਅਮਾਨ ਨੂੰ ਲੈ ਕੇ ਉਨ੍ਹਾਂ ਨੇ ‘ਛੈਲਾ ਬਾਬੂ’  ਨਿਰਦੇਸ਼ਤ ਕੀਤੀ ਪਰ ਅਸਫਲਤਾ ਹੀ ਹੱਥ ਲੱਗੀ। ਜੁਆਏ ਮੁਖਰਜੀ ਨੇ 2009 ਵਿਚ ਸੀਰੀਅਲ ‘ਐ ਦਿਲ-ਏ-ਨਾਦਾਨ’ ਰਾਹੀਂ ਛੋਟੇ ਪਰਦੇ ‘ਤੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ। ਵਿਦੇਸ਼ੀ ਕਲਾਕਾਰਾਂ ਵਿਚ ਜੁਆਏ ਮੁਖਰਜੀ ਗ੍ਰੇਗਰੀ ਪੈਕ ਤੋਂ ਕਾਫੀ ਪ੍ਰਭਾਵਿਤ ਸਨ ਤੇ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਵੀ ਮੰਨਦੇ ਸਨ। ਸਟਾਰਡਮ ਦਾ ਭਰਪੂਰ ਸਵਾਦ ਚੱਖਣ ਦੇ ਬਾਵਜੂਦ ਲਗਾਤਾਰ ਆਪਣੇ ਪ੍ਰਸ਼ੰਸਕਾਂ ਨੂੰ ਮਿਲਣਾ, ਹੱਥ ਮਿਲਾਉਣਾ ਜਾਂ ਆਟੋਗ੍ਰਾਫ ਦੇਣਾ ਜੁਆਏ ਨੂੰ ਕਦੇ ਰਾਸ ਨਾ ਆਇਆ। ਇਥੋਂ ਤੱਕ ਕਿ ਪ੍ਰੈੱਸ ਤੋਂ ਵੀ ਜੁਆਏ ਨੇ ਹਮੇਸ਼ਾ ਦੂਰੀ ਹੀ ਬਣਾਈ ਰੱਖੀ। ਇਸ ਦਾ ਕਾਰਨ ਸ਼ਾਇਦ ਇਹੀ ਸੀ ਕਿ ਉਨ੍ਹਾਂ ਨੂੰ ਜ਼ਬਰਦਸਤੀ ਅਦਾਕਾਰ ਬਣਾ ਦਿੱਤਾ ਗਿਆ ਸੀ। ਇਸ ਲਈ ਗਲੈਮਰ ਜਗਤ ਦੇ ਲਟਕਿਆਂ-ਝਟਕਿਆਂ ਤੋਂ ਉਹ ਹਮੇਸ਼ਾ ਅਣਜਾਣ ਹੀ ਰਹੇ।

Be the first to comment

Leave a Reply

Your email address will not be published.