ਪ੍ਰੇਮ ਮਾਨ
ਫੋਨ: 860-983-5002
ਅਮਰੀਕਾ ਦੇ ਸੰਵਿਧਾਨ ਅਨੁਸਾਰ ਕੇਂਦਰ ਵਿਚ ਤਿੰਨ ਸ਼ਾਖਾਵਾਂ ਹਨ-ਦੇਸ਼ ਦਾ ਰਾਸ਼ਟਰਪਤੀ (ਪ੍ਰੈਜ਼ੀਡੈਂਟ), ਕਾਂਗਰਸ ਅਤੇ ਸੁਪਰੀਮ ਕੋਰਟ, ਜੋ ਆਪਣੇ ਆਪ ਵਿਚ ਅਜ਼ਾਦ ਹਨ। ਜਿਸ ਤਰ੍ਹਾਂ ਹਿੰਦੁਸਤਾਨ ਵਿਚ ਲੋਕ ਸਭਾ ਅਤੇ ਰਾਜ ਸਭਾ ਹਨ, ਇਸੇ ਤਰ੍ਹਾਂ ਅਮਰੀਕਾ ਵਿਚ ਸੈਨੇਟ ਅਤੇ ਹਾਊਸ ਆਫ ਰਿਪ੍ਰਜੈਂਟੇਟਿਵਜ਼ ਹਨ। ਦੋਹਾਂ ਨੂੰ ਮਿਲਾ ਕੇ ਕਾਂਗਰਸ ਕਿਹਾ ਜਾਂਦਾ ਹੈ।
ਪ੍ਰੈਜ਼ੀਡੈਂਟ, ਸੈਨੇਟ ਅਤੇ ਹਾਊਸ ਇਕੋ ਪਾਰਟੀ ਦੇ ਵੀ ਹੋ ਸਕਦੇ ਹਨ ਅਤੇ ਵੱਖੋ ਵੱਖ ਪਾਰਟੀਆਂ ਦੇ ਵੀ। ਅਮਰੀਕਾ ਵਿਚ ਮੁੱਖ ਦੋ ਹੀ ਪਾਰਟੀਆਂ ਹਨ-ਰਿਪਬਲਿਕਨ ਅਤੇ ਡੈਮੋਕਰੈਟ। ਭਾਵੇਂ ਹੋਰ ਕਈ ਛੋਟੀਆਂ ਛੋਟੀਆਂ ਪਾਰਟੀਆਂ ਹਨ ਜਿਵੇਂ ਗਰੀਨ ਪਾਰਟੀ ਤੇ ਲਿਬਰਟੇਰੀਅਨ ਪਾਰਟੀ ਪਰ ਇਨ੍ਹਾਂ ਦਾ ਕਦੇ ਵੀ ਕੋਈ ਉਮੀਦਵਾਰ ਨਹੀਂ ਚੁਣਿਆ ਗਿਆ।
ਪ੍ਰੈਜ਼ੀਡੈਂਟ ਦੀ ਚੋਣ ਥੋੜੀ ਗੁੰਝਲਦਾਰ ਢੰਗ ਨਾਲ ਹੁੰਦੀ ਹੈ, ਜਿਸ ਵਿਚ ਹਰ ਸੂਬੇ (ਸਟੇਟ) ਨੂੰ ਉਸ ਦੇ ਕਾਂਗਰਸ ਵਿਚ ਮੈਂਬਰਾਂ ਅਨੁਸਾਰ ਇਲੈਕਟੋਰਲ ਕਾਲਜ ਵੋਟਾਂ ਵੰਡੀਆਂ ਜਾਂਦੀਆਂ ਹਨ। ਸੈਨੇਟ ਦੇ 100 ਮੈਂਬਰ ਹਨ-ਹਰ ਸੂਬੇ ਤੋਂ ਦੋ ਸੈਨੇਟਰ ਚੁਣੇ ਜਾਂਦੇ ਹਨ, ਭਾਵੇਂ ਸੂਬਾ ਛੋਟਾ ਹੋਵੇ ਜਾਂ ਵੱਡਾ। ਹਰ ਸੈਨੇਟਰ ਦੀ ਮਿਆਦ ਛੇ ਸਾਲ ਹੁੰਦੀ ਹੈ। ਹਰ ਦੋ ਸਾਲ ਬਾਅਦ ਲਗਭਗ 33% ਸੈਨੇਟਰ ਚੁਣੇ ਜਾਂਦੇ ਹਨ। ਹਾਊਸ ਦੇ 435 ਮੈਂਬਰ ਹਨ, ਜਿਨ੍ਹਾਂ ਦੀ ਮਿਆਦ ਸਿਰਫ ਦੋ ਸਾਲ ਹੈ। ਹਰ ਸੂਬੇ ਲਈ ਉਸ ਦੀ ਆਬਾਦੀ ਦੇ ਆਧਾਰ ‘ਤੇ ਹਾਊਸ ਮੈਂਬਰਾਂ ਦੀ ਗਿਣਤੀ ਨਿਰਧਾਰਤ ਕੀਤੀ ਜਾਂਦੀ ਹੈ। ਦਸ ਸਾਲਾਂ ਬਾਅਦ ਹੁੰਦੀ ਮਰਦਮਸ਼ੁਮਾਰੀ ਦੇ ਆਧਾਰ ‘ਤੇ ਸੂਬੇ ਦੇ ਮੈਂਬਰਾਂ ਦੀ ਗਿਣਤੀ ਵਧ-ਘਟ ਸਕਦੀ ਹੈ। ਡਿਸਟ੍ਰਿਕਟ ਆਫ ਕੋਲੰਬੀਆ ਕੋਈ ਸੂਬਾ ਨਹੀਂ ਸਗੋਂ ਆਪਣੇ ਆਪ ਵਿਚ ਇਕ ਸ਼ਹਿਰ ਹੀ ਹੈ ਜਿਸ ਨੂੰ ਵਾਸ਼ਿੰਗਟਨ ਡੀ. ਸੀ. ਕਿਹਾ ਜਾਂਦਾ ਹੈ ਅਤੇ ਇਹ ਅਮਰੀਕਾ ਦੀ ਰਾਜਧਾਨੀ ਹੈ। ਪ੍ਰੈਜ਼ੀਡੈਂਟ ਦੀ ਚੋਣ ਲਈ ਇਸ ਨੂੰ ਵੀ ਇਕ ਸੈਨੇਟਰ ਅਤੇ ਦੋ ਹਾਊਸ ਮੈਂਬਰ ਦਿੱਤੇ ਗਏ ਹਨ ਪਰ ਇਨ੍ਹਾਂ ਕੋਲ ਕਾਂਗਰਸ ਵਿਚ ਵੋਟ ਪਾਉਣ ਦਾ ਹੱਕ ਨਹੀਂ ਹੈ।
ਪ੍ਰੈਜ਼ੀਡੈਂਟ ਦੀ ਚੋਣ ਹਰ ਚਾਰ ਸਾਲ ਬਾਅਦ ਹੁੰਦੀ ਹੈ। ਪ੍ਰੈਜ਼ੀਡੈਂਟ ਦੀਆਂ ਦੋ ਚੋਣਾਂ ਦੇ ਮੱਧ ਵਿਚ ਜੋ ਚੋਣ ਹੁੰਦੀ ਹੈ, ਉਸ ਵਿਚ ਸੈਨੇਟ ਦੇ ਲਗਭਗ 33% ਅਤੇ ਹਾਊਸ ਦੇ ਸਾਰੇ 435 ਮੈਂਬਰ ਚੁਣੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਮੱਧਕਾਲੀ ਚੋਣਾਂ ਕਹਿੰਦੇ ਹਨ। ਇਹ ਸਭ ਚੋਣਾਂ ਨਵੰਬਰ ਮਹੀਨੇ ਦੇ ਪਹਿਲੇ ਮੰਗਲਵਾਰ ਹੁੰਦੀਆਂ ਹਨ। ਕਈ ਸੂਬਿਆਂ ਵਿਚ ਵੋਟਰ ਦੋ ਤਿੰਨ ਹਫਤੇ ਪਹਿਲਾਂ ਵੀ ਵੋਟ ਪਾ ਸਕਦੇ ਹਨ। ਸਾਰੇ ਸੂਬਿਆਂ ਵਿਚ ਵੋਟਰ ਡਾਕ ਰਾਹੀਂ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹਨ। ਇਸ ਤਰ੍ਹਾਂ ਵੋਟ ਵਾਲਾ ਪੇਪਰ ਤੁਹਾਨੂੰ ਤਿੰਨ ਚਾਰ ਹਫਤੇ ਪਹਿਲਾਂ ਹੀ ਘਰ ਆ ਜਾਂਦਾ ਹੈ ਅਤੇ ਤੁਸੀਂ ਉਹ ਭਰ ਕੇ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਡਾਕ ਵਿਚ ਪਾਉਣਾ ਹੁੰਦਾ ਹੈ। ਇਸ ਤਰ੍ਹਾਂ ਤੁਹਾਨੂੰ ਵੋਟ ਪਾਉਣ ਲਈ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ।
ਇਸ ਸਾਲ ਮੱਧਕਾਲੀ ਚੋਣਾਂ 6 ਨਵੰਬਰ ਨੂੰ ਸਨ। ਲਗਭਗ 40 ਮਿਲੀਅਨ ਲੋਕਾਂ ਨੇ ਵੋਟਾਂ 6 ਨਵੰਬਰ ਤੋਂ ਪਹਿਲਾਂ ਹੀ ਪਾ ਦਿੱਤੀਆਂ ਸਨ। ਅੰਦਾਜ਼ੇ ਮੁਤਾਬਕ ਇਸ ਵਾਰੀ 114 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ। ਨਵੰਬਰ 2016 ਦੀਆਂ ਚੋਣਾਂ ਵਿਚ 137 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ ਸਨ। ਆਮ ਤੌਰ ‘ਤੇ ਮੱਧਕਾਲੀ ਚੋਣਾਂ ਵਿਚ ਘੱਟ ਲੋਕ ਵੋਟਾਂ ਪਾਉਂਦੇ ਹਨ ਪਰ ਜਿਸ ਸਾਲ ਪ੍ਰੈਜ਼ੀਡੈਂਟ ਦੀ ਚੋਣ ਹੋਵੇ, ਉਸ ਸਾਲ ਜ਼ਿਆਦਾ ਲੋਕ ਵੋਟਾਂ ਪਾਉਂਦੇ ਹਨ। ਇਸ ਵਾਰ ਮੱਧਕਾਲੀ ਚੋਣਾਂ ਵਿਚ ਪਿਛਲੇ ਸਭ ਰਿਕਾਰਡ ਟੁੱਟੇ ਹਨ।
ਸੈਨੇਟ ਵਿਚ 52 ਸੀਟਾਂ ਰਿਪਬਲਿਕਨ ਪਾਰਟੀ ਅਤੇ 47 ਸੀਟਾਂ ਡੈਮੋਕਰੈਟਿਕ ਪਾਰਟੀ ਨੇ ਜਿੱਤੀਆਂ ਹਨ। ਹਾਲੇ ਇਕ ਸੀਟ ਦਾ ਨਤੀਜਾ ਨਹੀਂ ਆਇਆ। ਮਿਸੀਸਿੱਪੀ ਸੂਬੇ ਵਿਚ ਕਿਸੇ ਵੀ ਉਮੀਦਵਾਰ ਨੂੰ 50% ਵੋਟਾਂ ਨਾ ਮਿਲਣ ਕਰ ਕੇ ਦੋ ਮੁੱਖ ਉਮੀਦਵਾਰਾਂ ਲਈ 27 ਨਵੰਬਰ ਨੂੰ ਮੁੜ ਤੋਂ ਵੋਟਾਂ ਪੈਣਗੀਆਂ। ਅਮਰੀਕਾ ਦੇ ਕੁਝ ਸੂਬਿਆਂ ਵਿਚ ਕਾਨੂੰਨ ਹੈ ਕਿ ਜੇਤੂ ਉਮੀਦਵਾਰ ਨੂੰ ਘੱਟੋ ਘੱਟ 50% ਵੋਟਾਂ ਜ਼ਰੂਰ ਪੈਣ। ਇਨ੍ਹਾਂ ਦੋ ਸੀਟਾਂ ਦੇ ਨਤੀਜੇ ਨਾ ਆਉਣ ਦੇ ਬਾਵਜੂਦ ਸੈਨੇਟ ਵਿਚ ਰਿਪਬਲਿਕਨ ਪਾਰਟੀ ਨੂੰ ਬਹੁਮਤ ਮਿਲ ਗਿਆ ਹੈ।
ਹਾਊਸ ਲਈ ਜੋ ਨਤੀਜੇ ਆ ਗਏ ਹਨ, ਉਨ੍ਹਾਂ ਅਨੁਸਾਰ 233 ਉਮੀਦਵਾਰ ਡੈਮੋਕਰੈਟਿਕ ਪਾਰਟੀ ਅਤੇ 200 ਰਿਪਬਲਿਕਨ ਪਾਰਟੀ ਦੇ ਜਿੱਤੇ ਹਨ। ਦੋ ਥਾਂਵਾਂ ‘ਤੇ ਕਿਸੇ ਨਾ ਕਿਸੇ ਕਾਰਨ ਕਰਕੇ ਨਤੀਜੇ ਹਾਲੇ ਐਲਾਨੇ ਨਹੀਂ ਗਏ। ਇਸ ਦੇ ਬਾਵਜੂਦ ਹਾਊਸ ਵਿਚ ਡੈਮੋਕਰੈਟਿਕ ਪਾਰਟੀ ਜੇਤੂ ਹੋ ਗਈ ਹੈ ਅਤੇ ਇਸ ਨੂੰ ਬਹੁਮਤ ਮਿਲ ਗਿਆ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਸੈਨੇਟ ਅਤੇ ਹਾਊਸ-ਦੋਹਾਂ ਵਿਚ ਰਿਪਬਲਿਕਨ ਪਾਰਟੀ ਦਾ ਬਹੁਮਤ ਸੀ। ਇਸ ਤਰ੍ਹਾਂ ਚੋਣਾਂ ਤੋਂ ਪਹਿਲਾਂ ਪ੍ਰੈਜ਼ੀਡੈਂਟ ਵੀ ਰਿਪਬਲਿਕਨ ਪਾਰਟੀ ਦਾ ਸੀ, ਅਤੇ ਸੈਨੇਟ ਤੇ ਹਾਊਸ ਵਿਚ ਵੀ ਰਿਪਬਲਿਕਨ ਪਾਰਟੀ ਦਾ ਕੰਟਰੋਲ ਸੀ। ਹੁਣ ਹਾਊਸ ਡੈਮੋਕਰੈਟਿਕ ਪਾਰਟੀ ਦੇ ਕੰਟਰੋਲ ਅਧੀਨ ਆ ਗਿਆ ਹੈ।
ਇਸ ਤੋਂ ਇਲਾਵਾ 36 ਸੂਬਿਆਂ ਵਿਚ ਗਵਰਨਰ ਲਈ ਵੀ ਚੋਣਾਂ ਹੋਈਆਂ ਅਤੇ ਸਾਰੇ ਸੂਬਿਆਂ ਵਿਚ ਸੂਬੇ ਦੀ ਸੈਨੇਟ ਅਤੇ ਹਾਊਸ ਲਈ ਵੀ ਹੋਈਆਂ। ਇਨ੍ਹਾਂ ਮੱਧਕਾਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ 27 ਸੂਬਿਆਂ ਦੇ ਗਵਰਨਰ ਰਿਪਬਲਿਕਨ ਪਾਰਟੀ ਦੇ ਹਨ ਅਤੇ 23 ਸੂਬਿਆਂ ਦੇ ਗਵਰਨਰ ਡੈਮੋਕਰੈਟਿਕ ਪਾਰਟੀ ਦੇ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ 16 ਸੂਬਿਆਂ ਵਿਚ ਡੈਮੋਕਰੈਟਿਕ ਪਾਰਟੀ ਦੇ ਗਵਰਨਰ ਸਨ।
ਇਨ੍ਹਾਂ ਚੋਣਾਂ ਤੋਂ ਜੋ ਕੁਝ ਵਿਸ਼ੇਸ਼ ਗੱਲਾਂ ਉਭਰ ਕੇ ਆਈਆਂ, ਉਹ ਹਨ:
1. ਹੁਣ ਤੱਕ ਸੌ ਤੋਂ ਵੱਧ ਔਰਤਾਂ ਹਾਊਸ ਲਈ ਚੁਣੀਆਂ ਗਈਆਂ ਹਨ ਜੋ ਕਦੇ ਪਹਿਲਾਂ ਨਹੀਂ ਹੋਇਆ। ਹਾਲੇ ਕੁਝ ਨਤੀਜੇ ਆਉਣੇ ਬਾਕੀ ਹਨ।
2. ਹੁਣ ਤੱਕ 23 ਔਰਤਾਂ ਸੈਨੇਟ ਲਈ ਚੁਣੀਆਂ ਜਾ ਚੁੱਕੀਆਂ ਹਨ।
3. ਇਨ੍ਹਾਂ ਚੋਣਾਂ ਵਿਚ ਸੈਨੇਟ, ਹਾਊਸ ਅਤੇ ਗਵਰਨਰਾਂ ਦੀਆਂ 585 ਸੀਟਾਂ ਲਈ 276 ਉਮੀਦਵਾਰ ਔਰਤਾਂ ਸਨ।
4. ਚੋਣਾਂ ਵੇਲੇ ਵੋਟਰਾਂ ਤੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਅਨੁਸਾਰ 41% ਵੋਟਰਾਂ ਲਈ ਹੈਲਥ ਕੇਅਰ ਸਭ ਤੋਂ ਵੱਧ ਮਹੱਤਤਾ ਵਾਲਾ ਮੁੱਦਾ ਸੀ। 23% ਲਈ ਇਮੀਗਰੇਸ਼ਨ ਦਾ ਮੁੱਦਾ ਅਹਿਮ ਸੀ। 22% ਲਈ ਦੇਸ਼ ਦੇ ਆਰਥਕ ਹਾਲਤ ਅਹਿਮ ਸਨ, ਅਤੇ 14% ਲਈ ਹੋਰ ਮੁੱਦੇ ਮਹੱਤਤਾ ਰੱਖਦੇ ਸਨ। ਲਗਭਗ 56% ਵੋਟਰਾਂ ਨੇ ਕਿਹਾ ਕਿ ਦੇਸ਼ ਗਲਤ ਪਾਸੇ ਨੂੰ ਜਾ ਰਿਹਾ ਹੈ। 77% ਵੋਟਰਾਂ ਨੇ ਆਖਿਆ ਕਿ ਦੇਸ਼ ਰਾਜਨੀਤਕ ਪੱਖੋਂ ਬਹੁਤ ਵੰਡਿਆ ਹੋਇਆ ਹੈ।
5. ਪਹਿਲੀ ਵਾਰੀ ਜੈਰਡ ਪੋਲਿਸ ਨਾਂ ਦਾ ਸਮਲਿੰਗੀ ਆਦਮੀ ਕਿਸੇ ਸੂਬੇ ਦਾ ਗਵਰਨਰ ਚੁਣਿਆ ਗਿਆ ਹੈ। ਇਹ ਸੂਬਾ ਕਾਲੋਰਾਡੋ ਹੈ।
6. ਪਹਿਲੀ ਵਾਰੀ ਦੋ ਮੁਸਲਮਾਨ ਔਰਤਾਂ ਹਾਊਸ ਦੀਆਂ ਮੈਂਬਰ ਚੁਣੀਆਂ ਗਈਆਂ ਹਨ। ਰਾਸ਼ੀਦਾ ਟਲੇਬ, ਜੋ ਪੈਲਸਟੀਨੀਅਨ ਮਾਪਿਆਂ ਦੀ ਬੱਚੀ ਹੈ, ਮਿਸ਼ੀਗਨ ਸਟੇਟ ਤੋਂ ਚੁਣੀ ਗਈ ਹੈ। ਇਲਹਾਨ ਓਮਾਰ, ਜੋ ਸਮਾਲੀਅਨ ਮਾਪਿਆਂ ਦੀ ਧੀ ਹੈ, ਮਿਨੀਸੋਟਾ ਸਟੇਟ ਤੋਂ ਚੁਣੀ ਗਈ ਹੈ।
7. ਪਹਿਲੀ ਵਾਰੀ ਨੇਟਿਵ ਅਮੈਰਿਕਨ (ਜਿਨ੍ਹਾਂ ਨੂੰ ਕਦੇ ਰੈਡ ਇੰਡੀਅਨ ਕਿਹਾ ਜਾਂਦਾ ਸੀ) ਦੇ ਪਿਛੋਕੜ ਦੀਆਂ ਦੋ ਔਰਤਾਂ ਹਾਊਸ ਦੀਆਂ ਮੈਂਬਰ ਚੁਣੀਆਂ ਗਈਆਂ ਹਨ। ਸ਼ਾਰੀਸ ਡੇਵਿਡਜ਼ ਕੈਨਸਸ ਸਟੇਟ ਅਤੇ ਡੈਬਰਾ ਹਾਲੈਂਡ ਨਿਊ ਮੈਕਸੀਕੋ ਤੋਂ ਚੁਣੀ ਗਈ ਹੈ।
8. ਸਾਫੀਆ ਵਾਜ਼ੀਰ ਅਫਗਾਨਿਸਤਾਨ ਵਿਚ ਜੰਮੀ ਸੀ। ਉਹ ਛੋਟੀ ਉਮਰ ਦੀ ਹੀ ਸੀ ਜਦੋਂ ਉਸ ਦਾ ਸਾਰਾ ਪਰਿਵਾਰ ਸ਼ਰਨਾਰਥੀ ਬਣ ਕੇ ਉਜ਼ਬੇਕਿਸਤਾਨ ਚਲਾ ਗਿਆ। ਸਾਲ 2007 ਵਿਚ ਇਹ ਪਰਿਵਾਰ ਅਮਰੀਕਾ ਆ ਕੇ ਨਿਊ ਹੈਂਪਸ਼ਾਇਰ ਸਟੇਟ ਵਿਚ ਵਸ ਗਿਆ। ਸਾਫੀਆ ਵਾਜ਼ੀਰ ਇਨ੍ਹਾਂ ਚੋਣਾਂ ਵਿਚ ਨਿਊ ਹੈਂਪਸ਼ਾਇਰ ਤੋਂ ਹਾਊਸ ਲਈ ਚੁਣੀ ਗਈ ਹੈ। ਉਹ 27 ਸਾਲਾਂ ਦੀ ਹੈ ਅਤੇ ਦੋ ਬੱਚਿਆਂ ਦੀ ਮਾਂ ਹੈ।
9. ਕਈ ਸੂਬਿਆਂ ਵਿਚ ਭੰਗ ਨੂੰ ਮੈਡੀਕਲ ਲੋੜਾਂ ਲਈ ਵਰਤਣ ਦਾ ਮੁੱਦਾ ਵੋਟਰਾਂ ਨੇ ਪਾਸ ਕਰ ਦਿੱਤਾ ਹੈ। ਮਿਸ਼ੀਗਨ ਸਟੇਟ ਵਿਚ ਤਾਂ ਮਨੋਰੰਜਨ ਲਈ ਵੀ ਭੰਗ ਵਰਤਣ ਦਾ ਮੁੱਦਾ ਪਾਸ ਹੋ ਗਿਆ ਹੈ।
10. ਫਲੋਰਿਡਾ ਸਟੇਟ ਵਿਚ ਵੋਟਰਾਂ ਨੇ ਇਸ ਮੁੱਦੇ ਨੂੰ ਪਾਸ ਕਰ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਜ਼ੁਰਮਾਂ ਵਿਚ ਸਜ਼ਾ ਭੁਗਤ ਲਈ ਹੈ, ਉਹ ਹੁਣ ਵੋਟ ਪਾ ਸਕਣਗੇ। ਅਮਰੀਕਾ ਦੇ ਕੁਝ ਸੂਬਿਆਂ ਵਿਚ ਅਜਿਹੇ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਹੈ ਅਤੇ ਕਈ ਸਟੇਟਾਂ ਵਿਚ ਨਹੀਂ। ਅੰਦਾਜ਼ਾ ਹੈ ਕਿ ਫਲੋਰਿਡਾ ਵਿਚ ਵੋਟ ਪਾਉਣ ਦੀ ਉਮਰ ਦੇ ਲੋਕਾਂ ਵਿਚ ਅਜਿਹੇ ਲੋਕਾਂ ਦੀ ਗਿਣਤੀ ਲਗਭਗ 9% ਹੈ।
11. ਆਇਓਵਾ ਸਟੇਟ ਤੋਂ ਹਾਊਸ ਦਾ ਆਧੁਨਿਕ ਮੈਂਬਰ ਸਟੀਵ ਕਿੰਗ ਫਿਰ ਚੁਣਿਆ ਗਿਆ ਹੈ, ਭਾਵੇਂ ਉਸ ਨੂੰ ਉਸ ਦੀ ਰਿਪਬਲਿਕਨ ਪਾਰਟੀ ਦਾ ਸਮਰਥਨ ਹਾਸਲ ਨਹੀਂ ਸੀ। ਸਟੀਵ ਕਿੰਗ ‘ਤੇ ਨਸਲਵਾਦੀ ਹੋਣ ਦਾ ਦੋਸ਼ ਲਾਇਆ ਜਾਂਦਾ ਹੈ। ਉਸ ਨੂੰ ਸੱਜੇ ਪੱਖੀ ਗੋਰਿਆਂ ਦੀਆਂ ਅਤਿਵਾਦੀ ਪਾਰਟੀਆਂ ਦਾ ਸਮਰਥਕ ਵੀ ਕਿਹਾ ਜਾਂਦਾ ਹੈ। ਉਸ ਨੇ ਹੁਣੇ ਹੁਣੇ ਨਸ਼ਰ ਹੋਈ ਇਕ ਵੀਡੀਓ ਵਿਚ ਬਾਹਰਲੇ ਮੁਲਕਾਂ ਤੋਂ ਆਏ ਇਮੀਗਰਾਂਟ ਲੋਕਾਂ ਨੂੰ ‘ਗੰਦੇḔ ਆਖਿਆ ਹੈ।
12. ਅਲੈਗਜੈਂਡਰੀਆ ਓਕਾਸੀਓ-ਕੋਰਟਿਜ਼ ਨਾਂ ਦੀ 27 ਸਾਲਾਂ ਦੀ ਲੜਕੀ ਨਿਊ ਯਾਰਕ ਦੇ ਬਰਾਂਕਸ ਹਿੱਸੇ ਤੋਂ ਹਾਊਸ ਲਈ ਚੁਣੀ ਗਈ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਔਰਤ ਇੰਨੀ ਛੋਟੀ ਉਮਰ ਵਿਚ ਹਾਊਸ ਦੀ ਮੈਂਬਰ ਚੁਣੀ ਗਈ ਹੋਵੇ। ਸਾਲ ਕੁ ਪਹਿਲਾਂ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ਇਕ ਸ਼ਰਾਬਖਾਨਾ ਕਲੱਬ ਵਿਚ ਸ਼ਰਾਬ ਵਰਤਾਉਣ ਦਾ ਕੰਮ ਕਰਦੀ ਸੀ।
13. ਮੈਸਾਚੂਸਟ ਸਟੇਟ ਤੋਂ ਪਹਿਲੀ ਵਾਰੀ ਇਕ ਕਾਲੇ ਰੰਗ ਦੀ ਔਰਤ (ਆਇਆਨਾ ਪਰੈਸਲੀ) ਹਾਊਸ ਲਈ ਚੁਣੀ ਗਈ ਹੈ।
14. ਵਿਸਕਾਨਸਨ, ਕੈਨਸਸ, ਇਲੀਨਾਏ, ਮੇਨ, ਨੇਵਾਡਾ ਅਤੇ ਨਿਊ ਮੈਕਸੀਕੋ ਸਟੇਟਾਂ ਵਿਚ ਗਵਰਨਰ, ਸੈਨੇਟ ਅਤੇ ਹਾਊਸ-ਤਿੰਨੇ ਹੀ ਡੈਮੋਕਰੈਟਿਕ ਪਾਰਟੀ ਜਿੱਤ ਗਈ ਹੈ। ਮੱਧਕਾਲੀ ਚੋਣਾਂ ਤੋਂ ਬਾਅਦ 14 ਸਟੇਟਾਂ ਵਿਚ ਗਵਰਨਰ, ਸੈਨੇਟ ਅਤੇ ਹਾਊਸ-ਤਿੰਨੇ ਹੀ ਡੈਮੋਕਰੈਟਿਕ ਪਾਰਟੀ ਦੇ ਹਨ, 23 ਸਟੇਟਾਂ ਵਿਚ ਇਹ ਤਿੰਨੇ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਿਚ ਹਨ ਅਤੇ 13 ਸਟੇਟਾਂ ਵਿਚ ਇਹ ਤਿੰਨੇ ਦੋਵਾਂ ਪਾਰਟੀਆਂ ਦੀਆਂ ਰਲਵੀਆਂ ਹਨ। ਸਟੇਟ ਸਰਕਾਰਾਂ ਦੀ ਮਹੱਤਤਾ ਇਸ ਗੱਲ ਵਿਚ ਹੈ ਕਿ ਹਰ ਦਸ ਸਾਲਾਂ ਬਾਅਦ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ ਤਾਂ ਸਟੇਟ ਹਾਊਸ ਦੀਆਂ ਸੀਟਾਂ ਉਨ੍ਹਾਂ ਦੀ ਆਬਾਦੀ ਮੁਤਾਬਕ ਮੁੜ ਵੰਡੀਆਂ ਜਾਂਦੀਆਂ ਹਨ। ਇਨ੍ਹਾਂ ਨਵੀਂਆਂ ਸੀਟਾਂ ਅਨੁਸਾਰ ਸਟੇਟ ਸਰਕਾਰਾਂ ਵੱਖ ਵੱਖ ਹਲਕਿਆਂ ਦੀਆਂ ਹੱਦਾਂ ਆਪਣੇ ਅਨੁਸਾਰ ਨਿਰਧਾਰਤ ਕਰ ਸਕਦੀਆਂ ਹਨ। ਕਈ ਵਾਰੀ ਇਹ ਸਰਹੱਦਾਂ ਇਸ ਤਰ੍ਹਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ ਕਿ ਇਕ ਪਾਰਟੀ ਨੂੰ ਦੂਜੀ ਨਾਲੋਂ ਵੱਧ ਫਾਇਦਾ ਹੋਵੇ।
ਰਾਸ਼ੀਦਾ ਟਲੇਬ, ਇਲਹਾਨ ਓਮਾਰ, ਸ਼ਾਰੀਸ ਡੇਵਿਡਜ਼, ਡੈਬਰਾ ਹਾਲੈਂਡ, ਅਲੈਗਜੈਂਡਰੀਆ ਓਕਾਸੀਓ-ਕੋਰਟਿਜ਼ ਅਤੇ ਆਇਆਨਾ ਪਰੈਸਲੀ-ਸਾਰੀਆਂ ਔਰਤਾਂ ਡੈਮੋਕਰੈਟਿਕ ਪਾਰਟੀ ਵਲੋਂ ਉਮੀਦਵਾਰ ਸਨ।
ਹੁਣ ਹਾਊਸ ਦਾ ਕੰਟਰੋਲ ਡੈਮੋਕਰੈਟਿਕ ਪਾਰਟੀ ਕੋਲ ਆ ਜਾਣ ਨਾਲ ਦੇਸ਼ ‘ਤੇ ਕੀ ਅਸਰ ਪਵੇਗਾ? ਇਸ ਦੇ ਹੇਠ ਲਿਖੇ ਸਿੱਟੇ ਨਿਕਲ ਸਕਦੇ ਹਨ:
1. ਹੁਣ ਡੌਨਲਡ ਟਰੰਪ ਆਪਣੀਆਂ ਮਨਮਰਜ਼ੀਆਂ ਖੁੱਲ੍ਹੇਆਮ ਨਹੀਂ ਕਰ ਸਕੇਗਾ। ਅਮਰੀਕਾ ਵਿਚ ਹਰ ਕਾਨੂੰਨ ਸੈਨੇਟ ਅਤੇ ਹਾਊਸ-ਦੋਹਾਂ ਨੂੰ ਪਾਸ ਕਰਨਾ ਪੈਂਦਾ ਹੈ। ਹੁਣ ਉਹੀ ਕਾਨੂੰਨ ਪਾਸ ਹੋਣਗੇ, ਜਿਨ੍ਹਾਂ ‘ਤੇ ਦੋਹੇਂ ਪਾਰਟੀਆਂ ਸਹਿਮਤ ਹੋਣਗੀਆਂ।
2. ਡੌਨਲਡ ਟਰੰਪ ਅਤੇ ਰਿਪਬਲਿਕਨ ਪਾਰਟੀ ਪਹਿਲਾਂ ਹੀ ਇਕ ਟੈਕਸ ਕਾਨੂੰਨ ਬਣਾ ਕੇ ਅਮੀਰ ਲੋਕਾਂ ਅਤੇ ਕਾਰਪੋਰੇਸ਼ਨਾਂ ਦੇ ਟੈਕਸ ਘਟਾ ਚੁਕੇ ਹਨ। ਚੋਣਾਂ ਤੋਂ ਪਹਿਲਾਂ ਡੌਨਲਡ ਟਰੰਪ ਇਕ ਹੋਰ ਟੈਕਸ ਕਾਨੂੰਨ ਪਾਸ ਕਰਨ ਦੀ ਗੱਲ ਕਰ ਰਿਹਾ ਸੀ, ਜਿਸ ਵਿਚ ਲੋਕਾਂ ਦੇ ਟੈਕਸ ਘਟਾਏ ਜਾਣਗੇ। ਹੁਣ ਇਹੋ ਜਿਹਾ ਕਾਨੂੰਨ ਪਾਸ ਨਹੀਂ ਹੋਵੇਗਾ ਬਸ਼ਰਤੇ ਕਿ ਪਿਛਲੇ ਕਾਨੂੰਨ ਵਿਚ ਸੋਧਾਂ ਕਰ ਕੇ ਮੱਧ ਅਤੇ ਹੇਠਲੀ ਸ਼੍ਰੇਣੀ ਦੇ ਲੋਕਾਂ ਨੂੰ ਫਾਇਦਾ ਹੋਵੇ। ਚੋਣਾਂ ਤੋਂ ਬਾਅਦ ਟਰੰਪ ਨੇ ਇਸ ਨਵੇਂ ਟੈਕਸ ਕਾਨੂੰਨ ਦੀ ਗੱਲ ਹੀ ਨਹੀਂ ਕੀਤੀ। ਲਗਦਾ, ਇਹ ਸਿਰਫ ਵੋਟਾਂ ਲੈਣ ਲਈ ਛੱਡਿਆ ਇਕ ਸ਼ੋਸ਼ਾ ਹੀ ਸੀ।
3. ਹਾਊਸ ਟਰੰਪ ਦੇ ਰੂਸ ਨਾਲ ਸਬੰਧਾਂ ਦੀ ਜਾਂਚ-ਪੜਤਾਲ ਕਰ ਸਕਦਾ ਹੈ। ਸਾਲ ਕੁ ਪਹਿਲਾਂ ਹਾਊਸ ਵਲੋਂ ਅਜਿਹੀ ਜਾਂਚ-ਪੜਤਾਲ ਗੋਲ-ਮੋਲ ਗੱਲਾਂ ਕਰ ਕੇ ਬੰਦ ਕਰ ਦਿੱਤੀ ਗਈ ਸੀ ਕਿਉਂਕਿ ਹਾਊਸ ਵਿਚ ਰਿਪਬਲਿਕਨ ਪਾਰਟੀ ਦਾ ਬਹੁਮਤ ਸੀ।
4. ਹਾਊਸ ਟਰੰਪ ਨੂੰ ਸੰਮਨ ਜਾਰੀ ਕਰ ਕੇ ਉਸ ਦੀਆਂ ਟੈਕਸ ਫਾਈਲਾਂ ਲੈ ਸਕਦਾ ਹੈ ਅਤੇ ਉਨ੍ਹਾਂ ਦੀ ਛਾਣ ਬੀਨ ਕਰ ਸਕਦਾ ਹੈ। ਹੁਣ ਤੱਕ ਟਰੰਪ ਨੇ ਆਪਣੀਆਂ ਟੈਕਸ ਫਾਈਲਾਂ ਦੇਣ ਤੋਂ ਨਾਂਹ ਕੀਤੀ ਹੈ। ਬਹੁਤ ਦੇਰ ਤੋਂ ਇਹ ਰਵਾਇਤ ਹੈ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਨ ਵਾਲਾ ਉਮੀਦਵਾਰ ਆਪਣੀਆਂ ਟੈਕਸ ਫਾਈਲਾਂ ਮੀਡੀਆ ਨੂੰ ਦਿੰਦਾ ਹੈ ਤਾਂ ਜੋ ਲੋਕ ਦੇਖ ਸਕਣ ਕਿ ਇਸ ਇਨਸਾਨ ਨੇ ਕਿਸੇ ਗਲਤ ਢੰਗ ਨਾਲ ਟੈਕਸ ਦੇਣ ਤੋਂ ਆਪਣਾ ਬਚਾ ਤਾਂ ਨਹੀਂ ਕੀਤਾ।
5. ਹਾਊਸ ਕੋਲ ਟਰੰਪ ਅਤੇ ਉਸ ਦੀ ਬੇਟੀ ਇਵਾਨਕਾ ਦੇ ਚੀਨ ਨਾਲ ਵਪਾਰਕ ਸਬੰਧਾਂ ਦੀ ਪੁੱਛ-ਪੜਤਾਲ ਕਰਨ ਦਾ ਹੱਕ ਹੈ ਅਤੇ ਉਮੀਦ ਹੈ ਕਿ ਹਾਊਸ ਇਨ੍ਹਾਂ ਸਬੰਧਾਂ ਦੀ ਜ਼ਰੂਰ ਜਾਂਚ ਕਰੇਗਾ।
6. ਹਾਊਸ ਟਰੰਪ ਅਤੇ ਉਸ ਦੇ ਜੁਆਈ ਜੈਰਡ ਕੁਸ਼ਨਰ ਦੇ ਸਾਊਦੀ ਅਰਬ ਨਾਲ ਵਪਾਰਕ ਸਬੰਧਾਂ ਬਾਰੇ ਜਾਂਚ-ਪੜਤਾਲ ਕਰ ਸਕਦਾ ਹੈ। ਹਾਊਸ ਟਰੰਪ ਵਲੋਂ ਸਾਊਦੀ ਅਰਬ ਨੂੰ ਹਥਿਆਰਾਂ ਦੀ ਵਿੱਕਰੀ ਬੰਦ ਕਰ ਕੇ ਸਾਊਦੀ ਅਰਬ ਤੇ ਯਮਨ ਵਿਚ ਸਾਊਦੀ ਅਰਬ ਵਲੋਂ ਛੇੜੀ ਜੰਗ ਬੰਦ ਕਰਨ ਲਈ ਦਬਾਅ ਪਾ ਸਕਦਾ ਹੈ।
7. ਹਾਊਸ ਟਰੰਪ ਵਲੋਂ ਪੇਸ਼ ਕੀਤੇ ਸਾਲਾਨਾ ਬਜਟ ਨੂੰ ਰੱਦ ਕਰ ਸਕਦਾ ਹੈ।
ਡੈਮੋਕਰੈਟਿਕ ਪਾਰਟੀ ਦੇ ਸੈਨੇਟ ਨਾ ਜਿੱਤ ਸਕਣ ਦਾ ਇਕ ਵੱਡਾ ਨੁਕਸਾਨ ਇਹ ਹੈ ਕਿ ਅਗਲੇ ਦੋ ਸਾਲਾਂ ਵਿਚ ਫੈਡਰਲ ਸਰਕਾਰ ਅਧੀਨ ਆਉਂਦੀਆਂ ਕਚਹਿਰੀਆਂ (ਫੈਡਰਲ ਕੋਰਟਾਂ) ਦੇ ਸਾਰੇ ਨਵੇਂ ਜੱਜ ਸੱਜੇ-ਪੱਖੀ ਹੀ ਲਾਏ ਜਾਣਗੇ। ਇਨ੍ਹਾਂ ਕਚਹਿਰੀਆਂ ਵਿਚ ਜਦੋਂ ਵੀ ਕੋਈ ਥਾਂ ਖਾਲੀ ਹੁੰਦੀ ਹੈ ਤਾਂ ਉਸ ਨੂੰ ਭਰਨ ਲਈ ਪ੍ਰੈਜ਼ੀਡੈਂਟ ਜੱਜ ਦਾ ਨਾਂ ਪੇਸ਼ ਕਰਦਾ ਹੈ ਅਤੇ ਸੈਨੇਟ ਉਸ ਨੂੰ ਮਨਜ਼ੂਰੀ ਦਿੰਦੀ ਹੈ। ਇਸ ਵਿਚ ਹਾਊਸ ਦੀ ਕੋਈ ਭੂਮਿਕਾ ਨਹੀਂ ਹੁੰਦੀ।
ਇਨ੍ਹਾਂ ਮੱਧਕਾਲੀ ਚੋਣਾਂ ਤੋਂ ਬਾਅਦ ਡੌਨਲਡ ਟਰੰਪ ਨੇ ਜੋ ਟਿੱਪਣੀਆਂ ਕੀਤੀਆਂ ਹਨ, ਉਨ੍ਹਾਂ ‘ਚੋਂ ਜ਼ਿਆਦਾ ਤਾਂ ਹਾਸੋਹੀਣੀਆਂ ਹੀ ਹਨ, ਜਿਵੇਂ:
1. ਚੋਣਾਂ ਦੇ ਨਤੀਜੇ ਡੈਮੋਕਰੈਟਿਕ ਪਾਰਟੀ ਲਈ ਫਿਟਕਾਰ ਹਨ ਕਿਉਂਕਿ ਉਨ੍ਹਾਂ ਨੇ ਸੁਪਰੀਮ ਕੋਰਟ ਲਈ ਨਾਮਜ਼ਦ ਕੀਤੇ ਜੱਜ ਬਰੈਟ ਕੈਵਾਨਾਘ ਦਾ ਵਿਰੋਧ ਕੀਤਾ ਸੀ।
2. ਰਿਪਬਲਿਕਨ ਪਾਰਟੀ ਦੇ ਜਿਨ੍ਹਾਂ ਉਮੀਦਵਾਰਾਂ ਨੇ ਮੇਰੀ ਮਦਦ ਠੁਕਰਾਈ ਸੀ, ਉਹ ਹਾਰ ਗਏ ਹਨ।
3. ਅਮਰੀਕਾ ਦੀਆਂ 2016 ਦੀਆਂ ਚੋਣਾਂ ਵਿਚ ਰੂਸ ਦੀ ਦਖਲ ਅੰਦਾਜ਼ੀ ਦੀ ਜਾਂਚ-ਪੜਤਾਲ ਸਿਰਫ ਸਭ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈ।
4. ਮੈਂ ਅਮਰੀਕਾ ਵਿਚ ਏਕਤਾ ਦੇਖਣੀ ਚਾਹਾਂਗਾ। ਮੀਡੀਆ ਨੂੰ ਵੀ ਇਹੋ ਕਰਨਾ ਚਾਹੀਦਾ ਹੈ।
5. ਮੇਰੇ ਵਿਚਾਰ ਵਿਚ ਹੁਣ (ਪ੍ਰੈਜ਼ੀਡੈਂਟ ਅਤੇ ਕਾਂਗਰਸ ਵਿਚਾਲੇ) ਕੰਮ ਘੱਟ ਠੱਪ ਹੋਵੇਗਾ।
6. ਚੋਣਾਂ ਵਿਚ ਮੇਰੇ ਹਿੱਸਾ ਲੈਣ ਨਾਲ ਡੈਮੋਕਰੈਟਿਕ ਪਾਰਟੀ ਦੀ ਜਿੱਤ ਨੂੰ ਠੱਲ੍ਹ ਪੈ ਗਈ ਸੀ।
7. ਸੀ. ਐਨ. ਐਨ. (ਟੀ. ਵੀ. ਚੈਨਲ) ਲੋਕਾਂ ਦਾ ਵੈਰੀ ਹੈ।
8. ਜੇ ਹਾਊਸ ਨੇ ਮੇਰੀ ਜਾਂਚ-ਪੜਤਾਲ ਕੀਤੀ ਤਾਂ ਅਸੀਂ ਉਨ੍ਹਾਂ ਦੀ ਜਾਂਚ-ਪੜਤਾਲ ਕਰਾਂਗੇ ਅਤੇ ਅਗਲੇ ਦੋ ਸਾਲ ਇਸੇ ਤਰ੍ਹਾਂ ਲੰਘ ਜਾਣਗੇ, ਪਰ ਹੋਵੇਗਾ ਕੁਝ ਨਹੀਂ।
ਮੀਡੀਆ ਅਨੁਸਾਰ ਚੋਣਾਂ ਦੇ ਨਤੀਜੇ ਆਉਣ ਵੇਲੇ ਟਰੰਪ ਆਪਣੇ ਕੁਝ ਦੋਸਤਾਂ ਨਾਲ ਟੀ. ਵੀ. ‘ਤੇ ਨਤੀਜਿਆਂ ਦੀਆਂ ਖਬਰਾਂ ਸੁਣ ਰਿਹਾ ਸੀ। ਜਦੋਂ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜਿੱਤ ਰਹੇ ਸਨ ਤਾਂ ਟਰੰਪ ਬਹੁਤ ਗੁੱਸੇ ਵਿਚ ਸੀ। ਅਗਲੇ ਦਿਨ ਇਕ ਪ੍ਰੈਸ ਕਾਨਫਰੰਸ ਵਿਚ ਟਰੰਪ ਨੇ ਸੀ. ਐਨ. ਐਨ. ਦੇ ਰਿਪੋਰਟਰ ਜਿਮ ਅਕੋਸਟਾ ਦੀ ਬੇਇੱਜਤੀ ਕੀਤੀ, ਕਿਉਂਕਿ ਜਿਮ ਅਕੋਸਟਾ ਨੇ ਟਰੰਪ ਨੂੰ ਇਕ ਸਵਾਲ ਪੁੱਛਿਆ ਸੀ, ਜਿਸ ਦਾ ਉਹ ਜਵਾਬ ਨਹੀਂ ਸੀ ਦੇਣਾ ਚਾਹੁੰਦਾ। ਉਸੇ ਦਿਨ ਵ੍ਹਾਈਟ ਹਾਊਸ ਨੇ ਜਿਮ ਅਕੋਸਟਾ ਦਾ ਪਾਸ ਰੱਦ ਕਰ ਦਿੱਤਾ, ਜਿਸ ਕਾਰਨ ਹੁਣ ਉਹ ਅਜਿਹੀਆਂ ਪ੍ਰੈਸ ਕਾਨਫਰੰਸਾਂ ਵਿਚ ਨਹੀਂ ਜਾ ਸਕੇਗਾ। ਟਰੰਪ ਪਿਛਲੇ ਤਿੰਨ ਸਾਲਾਂ ਤੋਂ ਸੀ. ਐਨ. ਐਨ. ਨੂੰ ਲੋਕਾਂ ਦਾ ਦੁਸ਼ਮਣ ਆਖ ਰਿਹਾ ਹੈ, ਕਿਉਂਕਿ ਸੀ. ਐਨ. ਐਨ. ਟਰੰਪ ਦੇ ਪਾਜ ਉਧੇੜਦਾ ਹੈ ਅਤੇ ਉਸ ਦੇ ਝੂਠ ਨੰਗੇ ਕਰਦਾ ਹੈ। ਸੀ. ਐਨ. ਐਨ. ਨੇ ਜਿਮ ਅਕੋਸਟਾ ਦਾ ਪਾਸ ਰੱਦ ਕਰਨ ਲਈ ਟਰੰਪ ਅਤੇ ਵ੍ਹਾਈਟ ਹਾਊਸ ਦੇ ਖਿਲਾਫ ਕਚਹਿਰੀ ਵਿਚ ਮੁਕੱਦਮਾ ਦਰਜ ਕਰ ਦਿੱਤਾ ਸੀ। ਇਸ ਕੇਸ ਵਿਚ ਸੀ. ਐਨ. ਐਨ. ਦੀ ਜਿੱਤ ਹੋਈ ਅਤੇ ਜਿਮ ਅਕੋਸਟਾ ਨੂੰ ਉਸ ਦਾ ਪਾਸ ਵਾਪਸ ਦੇ ਦਿੱਤਾ ਗਿਆ। ਫੈਕਟ ਚੈਕਰ ਡਾਟਾਬੇਸ ਏਜੰਸੀ ਅਨੁਸਾਰ ਟਰੰਪ ਨੇ ਆਪਣੀ ਪ੍ਰਧਾਨਗੀ ਦੀ ਮਿਆਦ ਦੇ ਪਹਿਲੇ 649 ਦਿਨਾਂ ਵਿਚ 6420 ਝੂਠੇ ਅਤੇ ਗੁਮਰਾਹਕੁਨ ਦਾਅਵੇ ਕੀਤੇ।
ਇਨ੍ਹਾਂ ਮੱਧਕਾਲੀ ਚੋਣਾਂ ਤੋਂ ਦੂਜੇ ਦਿਨ ਹੀ ਟਰੰਪ ਨੇ ਆਪਣੇ ਬਣਾਏ ਅਟਾਰਨੀ ਜਰਨਲ ਜੈਫ ਸੈਸ਼ਨਜ਼ ਦੀ ਛੁੱਟੀ ਕਰ ਦਿੱਤੀ। ਜਦੋਂ ਟਰੰਪ ਪ੍ਰੈਜ਼ੀਡੈਂਟ ਲਈ ਚੋਣ ਲੜ ਰਿਹਾ ਸੀ ਤਾਂ ਜੈਫ ਸੈਸ਼ਨਜ਼ ਰਿਪਬਲਿਕਨ ਪਾਰਟੀ ਦਾ ਸੈਨੇਟਰ ਸੀ। ਜੈਫ ਸੈਸ਼ਨਜ਼ ਰਿਪਬਲਿਕਨ ਪਾਰਟੀ ਦੇ ਲੀਡਰਾਂ ਵਿਚੋਂ ਸਭ ਤੋਂ ਪਹਿਲਾ ਇਨਸਾਨ ਸੀ ਜਿਸ ਨੇ ਟਰੰਪ ਨੂੰ ਪ੍ਰੈਜ਼ੀਡੈਂਟ ਦੀ ਚੋਣ ਲਈ ਆਪਣਾ ਸਮਰਥਨ ਦਿੱਤਾ ਸੀ। ਇਸੇ ਕਾਰਨ ਜਦੋਂ ਟਰੰਪ ਪ੍ਰੈਜ਼ੀਡੈਂਟ ਬਣਿਆ ਤਾਂ ਉਸ ਨੇ ਜੈਫ ਸੈਸ਼ਨਜ਼ ਨੂੰ ਅਟਾਰਨੀ ਜਰਨਲ ਬਣਾ ਕੇ ਉਸ ਦੇ ਸਮਰਥਨ ਦਾ ਕਰਜ਼ਾ ਉਤਾਰਿਆ ਸੀ। ਫਿਰ ਟਰੰਪ ਦੇ ਜ਼ੋਰ ਪਾਉਣ ਦੇ ਬਾਵਜੂਦ ਜੈਫ ਸੈਸ਼ਨਜ਼ ਨੇ ਰੂਸ ਦੀ 2016 ਦੀਆਂ ਚੋਣਾਂ ਵਿਚ ਕੀਤੀ ਦਖਲ ਅੰਦਾਜ਼ੀ ਦੀ ਜਾਂਚ-ਪੜਤਾਲ ਨੂੰ ਬੰਦ ਨਹੀਂ ਸੀ ਕੀਤਾ ਕਿਉਂਕਿ ਉਸ ਨੇ ਆਪਣੇ ਆਪ ਨੂੰ ਇਸ ਜਾਂਚ-ਪੜਤਾਲ ਤੋਂ ਬਾਹਰ ਰੱਖਣ ਲਈ ਸੈਨੇਟ ਨਾਲ ਵਾਅਦਾ ਕੀਤਾ ਸੀ। ਕਾਰਨ ਇਹ ਸੀ ਕਿ ਉਸ ਦਾ ਨਾਂ ਵੀ ਇਸ ਜਾਂਚ-ਪੜਤਾਲ ਵਿਚ ਬੋਲਦਾ ਹੈ। ਇਸੇ ਕਰਕੇ ਟਰੰਪ ਲਗਭਗ ਡੇਢ ਸਾਲ ਤੋਂ ਜੈਫ ਸੈਸ਼ਨਜ਼ ਨੂੰ ਬੁਰਾ ਭਲਾ ਆਖ ਰਿਹਾ ਸੀ। ਕਿਹਾ ਤਾਂ ਇਹ ਜਾਂਦਾ ਹੈ ਕਿ ਟਰੰਪ ਅਤੇ ਸੈਸ਼ਨਜ਼ ਦੋਵੇਂ ਹੀ ਨਸਲਵਾਦੀ ਹਨ ਅਤੇ ਗੋਰਿਆਂ ਦੀਆਂ ਸੱਜੇ-ਪੱਖੀ ਅਤਿਵਾਦੀ ਸੰਸਥਾਵਾਂ ਦੇ ਸਮਰਥਕ ਹਨ। ਹੁਣ ਉਮੀਦ ਇਹ ਕੀਤੀ ਜਾਂਦੀ ਹੈ ਕਿ ਟਰੰਪ ਦੇ ਆਪ ਲਾਏ ਹੋਰ ਬਹੁਤ ਸਾਰੇ ਅਫਸਰ ਵੀ ਨੌਕਰੀਆਂ ਤੋਂ ਮੁਕਤ ਕਰ ਦਿੱਤੇ ਜਾਣਗੇ। ਇਸ ਵੇਲੇ ਵ੍ਹਾਈਟ ਹਾਊਸ ਦੇ ਮੁਖੀ ਜੌਹਨ ਕੈਲੀ ਅਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟਨ ਨੈਲਸਨ ਦੇ ਆਪਣੇ ਅਹੁਦੇ ਛੱਡਣ ਦੀ ਅਫਵਾਹ ਬਹੁਤ ਗਰਮ ਹੈ।
ਅਗਲੇ ਦੋ ਸਾਲ ਟਰੰਪ ਲਈ ਬਹੁਤ ਔਖੇ ਹੋਣਗੇ। ਉਸ ਨੂੰ ਹਾਊਸ ਵਿਚਲੀ ਡੈਮੋਕਰੈਟਿਕ ਪਾਰਟੀ ਦੀ ਬਹੁਮਤ ਨਾਲ ਰਲ ਕੇ ਕੰਮ ਕਰਨਾ ਪਵੇਗਾ। ਪਿਛਲੇ ਦੋ ਸਾਲ ਟਰੰਪ ਨੇ ਡੈਮੋਕਰੈਟਿਕ ਪਾਰਟੀ ਦੇ ਲੀਡਰਾਂ ਨਾਲ ਕਦੇ ਵੀ ਅਹਿਮ ਸਲਾਹ-ਮਸ਼ਵਰਾ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਬੁਰਾ-ਭਲਾ ਹੀ ਆਖਿਆ। ਜੇ ਹਾਊਸ ਦੇ ਡੈਮੋਕਰੈਟਿਕ ਲੀਡਰ ਚਾਹੁਣ ਤਾਂ ਉਹ ਅਗਲੇ ਦੋ ਸਾਲ ਟਰੰਪ ਨੂੰ ਬੇਹੱਦ ਜ਼ਲੀਲ ਕਰ ਸਕਦੇ ਹਨ ਅਤੇ ਉਸ ਦੀ ਜ਼ਿੰਦਗੀ ਨਰਕ ਬਣਾ ਸਕਦੇ ਹਨ। ਟਰੰਪ ਦਾ ਸਾਰਾ ਏਜੰਡਾ ਫਾਈਲਾਂ ਵਿਚ ਦੱਬਿਆ ਰਹਿ ਸਕਦਾ ਹੈ।
ਇਨ੍ਹਾਂ ਮੱਧਕਾਲੀ ਚੋਣਾਂ ਵੇਲੇ ਟਰੰਪ ਨੇ ਬਹੁਤ ਗਲਤ ਬਿਆਨੀਆਂ ਕੀਤੀਆਂ, ਝੂਠ ਅਤੇ ਫਰੇਬ ਵਾਲੀਆਂ ਗੱਲਾਂ ਕੀਤੀਆਂ, ਜਿਨ੍ਹਾਂ ਵਿਚ ਕੋਈ ਸੱਚਾਈ ਨਹੀਂ ਸੀ। ਉਸ ਨੇ ਫਲੋਰਿਡਾ ਸਟੇਟ ਵਿਚ ਗਵਰਨਰ ਲਈ ਕਾਲੇ ਮੂਲ ਦੇ ਡੈਮੋਕਰੈਟ ਉਮੀਦਵਾਰ ਐਂਡਰੀਊ ਗਿੱਲਮ ਨੂੰ ਚੋਰ ਆਖਿਆ। ਇਸੇ ਤਰ੍ਹਾਂ ਜਾਰਜੀਆ ਵਿਚ ਡੈਮੋਕਰੈਟਿਕ ਪਾਰਟੀ ਦੀ ਗਵਰਨਰ ਲਈ ਕਾਲੇ ਰੰਗ ਦੀ ਉਮੀਦਵਾਰ ਸਟੇਸੀ ਐਬਰਾਹਮਜ਼ ਨੂੰ ਗਵਰਨਰ ਦੇ ਅਹੁਦੇ ਲਈ ਯੋਗ ਨਾ ਹੋਣ ਦਾ ਨਾਅਰਾ ਲਾਇਆ। ਇਸੇ ਸਮੇਂ ਦੌਰਾਨ ਰੋਜ਼ ਟਰੰਪ ਨੇ ਦੱਖਣੀ ਅਮਰੀਕਾ ਅਤੇ ਲੈਟਨ ਦੇਸ਼ਾਂ ਦੇ ਗਰੀਬ ਲੋਕਾਂ ਦੇ ਕਾਫਲੇ ਵਿਰੁਧ ਬਹੁਤ ਬੁਰੀਆਂ ਗੱਲਾਂ ਕਹੀਆਂ। ਇਹ ਕਾਫਲਾ ਪੰਜ ਤੋਂ ਸੱਤ ਹਜ਼ਾਰ ਲੋਕਾਂ ਦਾ ਹੈ, ਜੋ ਮੈਕਸੀਕੋ ਰਾਹੀਂ ਅਮਰੀਕਾ ਵਲ ਨੂੰ ਤੁਰੇ ਹੋਏ ਹਨ। ਟਰੰਪ ਨੇ ਇਹ ਵੀ ਆਖਿਆ ਕਿ ਇਸ ਕਾਫਲੇ ਵਿਚ ਅਤਿਵਾਦੀ ਅਤੇ ਅਪਰਾਧੀ ਹਨ। ਉਸ ਨੇ 15,000 ਫੌਜੀ ਮੈਕਸੀਕੋ ਦੇ ਬਾਰਡਰ ‘ਤੇ ਭੇਜਣ ਦਾ ਐਲਾਨ ਵੀ ਕੀਤਾ, ਜਿਨ੍ਹਾਂ ਵਿਚੋਂ ਕੁਝ ਫੌਜੀ ਭੇਜ ਵੀ ਦਿੱਤੇ ਗਏ।
ਟਰੰਪ ਨੇ ਇਹ ਸਭ ਗੱਲਾਂ ਸਿਰਫ ਲੋਕਾਂ ਨੂੰ ਭੜਕਾ ਕੇ ਰਿਪਬਲਿਕਨ ਪਾਰਟੀ ਨੂੰ ਵੋਟਾਂ ਪਵਾਉਣ ਲਈ ਕੀਤੀਆਂ, ਪਰ ਚੋਣਾਂ ਪਿਛੋਂ ਹੁਣ ਤੱਕ ਟਰੰਪ ਨੇ ਕਾਫਲੇ ਦੀ ਗੱਲ ਇਕ ਵਾਰੀ ਵੀ ਨਹੀਂ ਕੀਤੀ। ਚੋਣਾਂ ਤੋਂ ਪਹਿਲਾਂ ਟਰੰਪ ਨੇ ਅਮਰੀਕਾ ਵਿਚ ਸੈਰ ਲਈ ਜਾਂ ਕੱਚੇ ਤੌਰ ‘ਤੇ ਆਈਆਂ ਔਰਤਾਂ ਦੇ ਅਮਰੀਕਾ ਵਿਚ ਜਨਮੇ ਬੱਚਿਆਂ ਨੂੰ ਅਮਰੀਕਨ ਨਾਗਰਿਕਤਾ ਦੇਣੀ ਬੰਦ ਕਰਨ ਬਾਰੇ ਵੀ ਬਿਆਨ ਦਿੱਤੇ, ਪਰ ਚੋਣਾਂ ਪਿਛੋਂ ਇਸ ਦਾ ਕੋਈ ਜ਼ਿਕਰ ਨਾ ਕੀਤਾ। ਚੋਣਾਂ ਤੋਂ ਕੁਝ ਦਿਨ ਪਹਿਲਾਂ ਟਰੰਪ ਨੇ ਟੀ. ਵੀ. ‘ਤੇ ਇਕ ਇਸ਼ਤਿਹਾਰ ਦੇਣਾ ਸ਼ੁਰੂ ਕੀਤਾ, ਜਿਸ ਵਿਚ ਮੈਕਸੀਕੋ ਤੋਂ ਆਏ ਇਕ ਕੱਚੇ ਆਦਮੀ ਨੂੰ ਡੈਮੋਕਰੈਟਿਕ ਪਾਰਟੀ ਨਾਲ ਜੋੜਿਆ, ਜਿਸ ਨੇ ਅਮਰੀਕਾ ਵਿਚ ਪੁਲਿਸ ਦੇ ਦੋ ਬੰਦੇ ਮਾਰੇ ਸਨ ਅਤੇ ਹੁਣ ਜੇਲ੍ਹ ਵਿਚ ਹੈ। ਪਰ ਅਖਬਾਰਾਂ ਨੇ ਖੋਜ ਕਰ ਕੇ ਇਹ ਖਬਰ ਛਾਪੀ ਕਿ ਇਹ ਬੰਦਾ ਰਿਪਬਲਿਕਨ ਪਾਰਟੀ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਵੇਲੇ ਮੈਕਸੀਕੋ ਤੋਂ ਆਇਆ ਸੀ। ਸੀ. ਐਨ. ਐਨ. ਟੀ. ਵੀ. ਨੇ ਇਸ ਇਸ਼ਤਿਹਾਰ ਨੂੰ ਟੀ. ਵੀ. ‘ਤੇ ਚਲਾਉਣ ਤੋਂ ਨਾਂਹ ਕਰ ਦਿੱਤੀ, ਕਿਉਂਕਿ ਇਹ ਇਸ਼ਤਿਹਾਰ ਨਸਲਵਾਦੀ ਸੀ। ਫਿਰ ਬਾਕੀ ਟੀ. ਵੀ. ਚੈਨਲਾਂ ਨੇ ਵੀ ਇਸ ਨੂੰ ਚਲਾਉਣ ਤੋਂ ਨਾਂਹ ਕਰ ਦਿੱਤੀ ਸੀ।
ਅਸਲ ਵਿਚ ਅਮਰੀਕਾ ਦੇ ਦੋ ਹਿੱਸੇ ਹਨ। ਇਕ ਹਿੱਸਾ ਅਮਰੀਕਾ ਦੇ ਵਿਚਕਾਰ ਵਾਲੇ ਅਤੇ ਦੱਖਣੀ ਸੂਬਿਆਂ ਦਾ ਹੈ, ਜਿਨ੍ਹਾਂ ਵਿਚ ਰਿਪਬਲਿਕਨ ਪਾਰਟੀ ਦੇ ਸਮਰਥਕਾਂ ਦੀ ਬਹੁਤਾਤ ਹੈ ਅਤੇ ਇਨ੍ਹਾਂ ਨੂੰ ਰੈਡ ਸਟੇਟਸ (ਲਾਲ ਸੂਬੇ) ਕਿਹਾ ਜਾਂਦਾ ਹੈ। ਅਮਰੀਕਾ ਦਾ ਦੂਜਾ ਹਿੱਸਾ ਪੂਰਬੀ ਅਤੇ ਪੱਛਮੀ ਸੂਬੇ ਹਨ, ਜਿਨ੍ਹਾਂ ਵਿਚ ਡੈਮੋਕਰੈਟਿਕ ਪਾਰਟੀ ਦੇ ਵੱਧ ਸਮਰਥਕ ਹਨ। ਇਨ੍ਹਾਂ ਨੂੰ ਬਲੂ ਸਟੇਟਸ (ਨੀਲੇ ਸੂਬੇ) ਕਿਹਾ ਜਾਂਦਾ ਹੈ। ਇਸ ਤਰ੍ਹਾਂ ਲਾਲ ਰੰਗ ਰਿਪਬਲਿਕਨ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਨੀਲਾ ਰੰਗ ਡੈਮੋਕਰੈਟਿਕ ਪਾਰਟੀ ਨਾਲ। ਰਿਪਬਲਿਕਨ ਸਟੇਟਾਂ ਵਿਚ ਵਧੇਰੇ ਲੋਕ ਧਾਰਮਕ, ਸੱਜੇ-ਪੱਖੀ, ਗੋਰੇ ਅਤੇ ਘੱਟ ਪੜ੍ਹੇ-ਲਿਖੇ ਹਨ। ਡੈਮੋਕਰੈਟਿਕ ਸਟੇਟਾਂ ਵਿਚ ਲੋਕ ਵੱਧ ਪੜ੍ਹੇ-ਲਿਖੇ, ਲਿਬਰਲ ਖਿਆਲਾਂ ਵਾਲੇ, ਵੱਖ ਵੱਖ ਰੰਗਾਂ ਦੇ ਅਤੇ ਘੱਟ ਧਾਰਮਿਕ ਖਿਆਲਾਂ ਵਾਲੇ ਹਨ। ਇਕ ਹੋਰ ਅਹਿਮ ਗੱਲ ਇਹ ਹੈ ਕਿ ਸਿਆਣੀ ਉਮਰ ਦੇ ਬਹੁਤੇ ਲੋਕ ਰਿਪਬਲਿਕਨ ਹਨ ਅਤੇ ਨਵੀਂ ਉਮਰ ਦੇ ਬਹੁਤੇ ਲੋਕ ਡੈਮੋਕਰੈਟਿਕ ਪਾਰਟੀ ਨਾਲ ਹਨ।
ਟਰੰਪ ਦੇ ਜਿੱਤਣ ਦਾ ਇਕ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਗੋਰਿਆਂ ਨੂੰ (ਸਭ ਨੂੰ ਨਹੀਂ) ਇਹ ਫਿਕਰ ਹੈ ਕਿ ਉਨ੍ਹਾਂ ਦੀ ਗਿਣਤੀ ਅਮਰੀਕਾ ਵਿਚ ਘਟਦੀ ਜਾ ਰਹੀ ਹੈ ਅਤੇ ਇਕ ਦਿਨ ਅੱਧ ਤੋਂ ਹੇਠਾਂ ਚਲੀ ਜਾਵੇਗੀ। ਸਾਲ 2015 ਵਿਚ ਅਮਰੀਕਾ ਵਿਚ 62% ਲੋਕ ਗੋਰੇ, 12% ਲੋਕ ਕਾਲੇ, 18% ਹਿਸਪੈਨਿਕ (ਮੈਕਸੀਕੋ ਅਤੇ ਹੋਰ ਅਜਿਹੇ ਦੇਸ਼ਾਂ ਤੋਂ), 6% ਏਸ਼ੀਅਨ ਅਤੇ 2% ਹੋਰ ਲੋਕ ਸਨ। ਪੀਊ ਰਿਸਰਚ ਸੈਂਟਰ ਦਾ ਅੰਦਾਜ਼ਾ ਹੈ ਕਿ 2065 ਵਿਚ ਅਮਰੀਕਾ ਵਿਚ ਲਗਭਗ 46% ਗੋਰੇ ਹੋਣਗੇ, 13% ਕਾਲੇ, 24% ਹਿਸਪੈਨਿਕ, 14% ਏਸ਼ੀਅਨ ਅਤੇ 2% ਹੋਰ ਨਸਲਾਂ ਦੇ ਲੋਕ ਹੋਣਗੇ। ਟਰੰਪ ਅਤੇ ਰਿਪਬਲਿਕਨ ਪਾਰਟੀ ਇਮੀਗਰੇਸ਼ਨ ਦੇ ਵਿਰੁਧ ਹੈ, ਕਿਉਂਕਿ ਇਸ ਤਰ੍ਹਾਂ ਜੋ ਲੋਕ ਆ ਰਹੇ ਹਨ, ਉਹ ਗੋਰੇ ਘੱਟ ਹਨ ਅਤੇ ਦੂਜੀਆਂ ਨਸਲਾਂ ਦੇ ਵੱਧ। ਜਿਨ੍ਹਾਂ ਗੋਰਿਆਂ ਨੂੰ ਆਪਣੀ ਗਿਣਤੀ ਘਟ ਜਾਣ ਦਾ ਫਿਕਰ ਹੈ, ਉਹ ਰਿਪਬਲਿਕਨ ਪਾਰਟੀ ਅਤੇ ਟਰੰਪ ਦੇ ਸਮਰਥਕ ਹਨ। ਲਿਬਰਲ ਵਿਚਾਰਾਂ ਵਾਲੇ ਬਹੁਤੇ ਗੋਰੇ ਡੈਮੋਕਰੈਟਿਕ ਪਾਰਟੀ ਨਾਲ ਹਨ। ਕਾਲੇ, ਹਿਸਪੈਨਿਕ ਅਤੇ ਏਸ਼ੀਅਨ ਲੋਕਾਂ ਵਿਚੋਂ ਬਹੁਤੇ ਡੈਮੋਕਰੈਟਿਕ ਪਾਰਟੀ ਨੂੰ ਵੋਟਾਂ ਪਾਉਂਦੇ ਹਨ। ਅੰਦਾਜ਼ੇ ਅਨੁਸਾਰ ਇਨ੍ਹਾਂ ਚੋਣਾਂ ਵਿਚ 77% ਏਸ਼ੀਅਨ ਵੋਟਰਾਂ ਨੇ ਡੈਮੋਕਰੈਟਿਕ ਅਤੇ 23% ਨੇ ਰਿਪਬਲਿਕਨ ਪਾਰਟੀ ਨੂੰ ਵੋਟਾਂ ਪਾਈਆਂ। ਹਿਸਪੈਨਿਕ (ਜਿਨ੍ਹਾਂ ਨੂੰ ਲਾਟੀਨੋ ਵੀ ਕਿਹਾ ਜਾਂਦਾ ਹੈ) ਵੋਟਰਾਂ ਵਿਚੋਂ 68% ਨੇ ਡੈਮੋਕਰੈਟਿਕ ਪਾਰਟੀ, 30% ਨੇ ਰਿਪਬਲਿਕਨ ਪਾਰਟੀ ਅਤੇ 2% ਵੋਟਰਾਂ ਨੇ ਹੋਰ ਪਾਰਟੀਆਂ ਨੂੰ ਵੋਟਾਂ ਪਾਈਆਂ।
2020 ਵਿਚ ਹੋਣ ਵਾਲੀਆਂ ਪ੍ਰੈਜ਼ੀਡੈਂਟ, ਸੈਨੇਟ ਅਤੇ ਹਾਊਸ ਦੀਆਂ ਚੋਣਾਂ ਲਈ ਹੁਣੇ ਤੋਂ ਮੁਹਿੰਮ ਸ਼ੁਰੂ ਹੋ ਗਈ ਹੈ, ਖਾਸ ਕਰ ਕੇ ਪ੍ਰੈਜ਼ੀਡੈਂਟ ਦੀ ਚੋਣ ਲਈ। ਬਹੁਤ ਛੇਤੀ ਇਹ ਮੁਹਿੰਮ ਬਹੁਤ ਤੇਜ਼ ਹੋ ਜਾਵੇਗੀ। ਟਰੰਪ ਨੇ ਰਿਪਬਲਿਕਨ ਪਾਰਟੀ ਵਲੋਂ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਉਮੀਦਵਾਰ ਵਜੋਂ ਬਹੁਤ ਦੇਰ ਪਹਿਲਾਂ ਹੀ ਪੇਪਰ ਭਰ ਦਿੱਤੇ ਸਨ। ਡੈਮੋਕਰੈਟਿਕ ਪਾਰਟੀ ਵਲੋਂ ਇਸ ਵੇਲੇ 2020 ਦੀ ਪ੍ਰਧਾਨਗੀ ਦੀ ਚੋਣ ਲਈ ਕਈ ਉਮੀਦਵਾਰ ਹਨ। ਦੇਖੋ ਕੌਣ ਅੱਗੇ ਆਉਂਦਾ ਹੈ?