ਹਰਮਹਿੰਦਰ ਚਾਹਲ ਦਾ ਨਾਵਲ ‘ਕਿਆਮਤ’ ਇਰਾਕ ਦੇ ਛੋਟੇ ਜਿਹੇ ਅਕੀਦੇ/ਕਬੀਲੇ ਜਾਜ਼ੀਦੀ ਨਾਲ ਸਬੰਧਤ ਕੁੜੀ ਆਸਮਾ ਦੇ ਜੀਵਨ ਦੁਆਲੇ ਬੁਣਿਆ ਗਿਆ ਹੈ। ਇਸ ਵਿਚ ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ. ਐਸ਼ ਆਈ. ਐਸ਼) ਦੇ ਦਹਿਸ਼ਤਗਰਦਾਂ ਦੀਆਂ ਜ਼ਿਆਦਤੀਆਂ ਦਾ ਚਿੱਠਾ ਫਰੋਲਿਆ ਗਿਆ ਹੈ। ਇਰਾਕ ਵਿਚ ਸੱਦਾਮ ਹੁਸੈਨ ਦੇ ਜ਼ਮਾਨੇ ਵਿਚ ਇਨ੍ਹਾਂ ਲੋਕਾਂ ‘ਤੇ ਬਹੁਤ ਕਹਿਰ ਵਾਪਰਿਆ, ਪਰ ਆਈ. ਐਸ਼ ਆਈ. ਐਸ਼ ਦੇ ਉਭਾਰ ਪਿਛੋਂ ਤਾਂ ਉਨ੍ਹਾਂ ਉਤੇ ਕਹਿਰ ਦੀ ਹੱਦ ਹੋ ਗਈ, ਜਿਸ ਨੂੰ ਪੜ੍ਹ-ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ।
‘ਪੰਜਾਬ ਟਾਈਮਜ਼’ ਦੇ ਪਾਠਕ ਕੁਝ ਅਰਸਾ ਪਹਿਲਾਂ ਚਾਹਲ ਦੀ ਇਕ ਹੋਰ ਲਿਖਤ ‘ਆਫੀਆ ਸਿੱਦੀਕੀ ਦਾ ਜਹਾਦ’ ਪੜ੍ਹ ਚੁਕੇ ਹਨ, ਜਿਸ ਵਿਚ ਉਸ ਨੇ ਅਲ-ਕਾਇਦਾ ਨਾਲ ਜੁੜੀ ਅਤੇ ਅਮਰੀਕਾ ਵਿਚ ਪੜ੍ਹਦੀ ਕੁੜੀ ਆਫੀਆ ਸਿੱਦੀਕੀ ਦੇ ਜੀਵਨ ਦੇ ਆਧਾਰ ‘ਤੇ ਕਹਾਣੀ ਬੁਣੀ ਸੀ। ਆਫੀਆ ਨੂੰ 2010 ਵਿਚ 86 ਵਰ੍ਹਿਆਂ ਦੀ ਕੈਦ ਹੋਈ ਸੀ, ਉਹ ਅੱਜ ਕੱਲ੍ਹ ਅਮਰੀਕੀ ਜੇਲ੍ਹ ਵਿਚ ਬੰਦ ਹੈ। -ਸੰਪਾਦਕ
ਤੁਸੀਂ ਪੜ੍ਹ ਚੁਕੇ ਹੋ…
ਇਰਾਕ ਦੇ ਇਕ ਹਿੱਸੇ ਉਤੇ ਆਈ. ਐਸ਼ ਆਈ. ਐਸ਼ ਦੇ ਕਬਜ਼ੇ ਤੋਂ ਬਾਅਦ ਜਾਜ਼ੀਦੀ ਕਬੀਲੇ ਨਾਲ ਸਬੰਧਤ ਲੋਕ ਉਜੜ-ਪੁੱਜੜ ਗਏ। ਅਤਿਵਾਦੀਆਂ ਦੇ ਹੱਥ ਆਈਆਂ ਜਾਜ਼ੀਦੀ ਕੁੜੀਆਂ ਵੱਖ-ਵੱਖ ਥਾਂਈਂ ਰੁਲ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਕੁੜੀ ਆਸਮਾ ਨੂੰ ਸੀਰੀਆ ਭੇਜਿਆ ਜਾ ਰਿਹਾ ਹੈ ਪਰ ਉਹ ਉਨ੍ਹਾਂ ਦੀ ਚੁੰਗਲ ਵਿਚੋਂ ਬਚ ਨਿਕਲਦੀ ਹੈ। ਉਸ ਨੂੰ ਆਪਣੇ ਘਰ ਅਤੇ ਘਰ ਦੇ ਜੀਆਂ ਦਾ ਚੇਤਾ ਆਉਂਦਾ ਹੈ, ਉਹ ਚੇਤਿਆਂ ਵਿਚ ਆਪਣੇ ਪਿੰਡ ਜਾ ਵੜਦੀ ਹੈ। ਉਹਦੇ ਪਿੰਡ ਦੀ ਸ਼ਾਮੀ ਅੰਮਾ ਉਸ ਨੂੰ ਜਾਜ਼ੀਦੀਆਂ ਦੇ ਧਰਮ ਅਤੇ ਕਬੀਲੇ ਬਾਰੇ ਵਿਸਥਾਰ ਨਾਲ ਦੱਸਦੀ ਹੈ।…ਅਮਰੀਕਾ ਨੇ ਸੱਦਾਮ ਹੁਸੈਨ ਦਾ ਤਖਤਾ ਪਲਟਣ ਲਈ ਇਰਾਕ ਉਤੇ ਹਮਲਾ ਕਰ ਦਿੱਤਾ ਅਤੇ ਫਿਰ ਸੱਦਾਮ ਮਾਰਿਆ ਗਿਆ। ਨਵੀਂ ਹਕੂਮਤ ਆ ਗਈ ਪਰ ਉਦੋਂ ਹੀ ਸੁੰਨੀ ਮੁਸਲਮਾਨਾਂ ਦੇ ਕੁਝ ਧੜੇ ਦਹਿਸ਼ਤਪਸੰਦ ਬਣ ਗਏ ਅਤੇ ਸ਼ੀਆ ਮੁਸਲਮਾਨਾਂ ਤੇ ਜਾਜ਼ੀਦੀਆਂ ਉਤੇ ਕਹਿਰ ਕਮਾਉਣ ਲੱਗੇ। ਉਦੋਂ ਹੀ ਆਈ. ਐਸ਼ ਆਈ. ਐਸ਼ ਹੋਂਦ ਵਿਚ ਆ ਗਈ ਤੇ ਜਾਜ਼ੀਦੀਆਂ ‘ਤੇ ਕਹਿਰ ਢਹਿਣ ਲੱਗੇ। ਇਸੇ ਦੌਰਾਨ ਇਸਲਾਮਕ ਸਟੇਟ ਦੇ ਉਨ੍ਹਾਂ ਦੇ ਇਲਾਕੇ ਵਲ ਵਧਣ ਦੀਆਂ ਸੂਹਾਂ ਮਿਲਣ ਲਗਦੀਆਂ ਹਨ। ਹੁਣ ਪੜ੍ਹੋ ਇਸ ਤੋਂ ਅੱਗੇ…
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(6)
ਦਿਨ ਚੜ੍ਹ ਆਇਆ। ਸਾਰਾ ਪਰਿਵਾਰ ਖਾਉ ਪੀਉ ਤੋਂ ਵਿਹਲਾ ਹੋ ਚੁਕਾ ਸੀ। ਖੇਤ ਜਾਣ ਵਾਲੇ ਚਲੇ ਗਏ। ਮੈਂ ਘਰ ਮਾਂ ਕੋਲ ਹੀ ਸਾਂ। ਖੈਰੀ ਬਾਰੇ ਫਿਕਰ ਸੀ ਤੇ ਨਾਲ ਹੀ ਅਸੀਂ ਜਾਲੋ ਦਾ ਫੋਨ ਉਡੀਕ ਰਹੇ ਸਾਂ। ਖੈਰੀ ਵਲੋਂ ਤਾਂ ਸੁੱਖ ਹੀ ਰਹੀ, ਕੋਈ ਉਸ ਦਾ ਪਿੱਛਾ ਕਰਦਾ ਨਾ ਆਇਆ ਪਰ ਜਾਲੋ ਦਾ ਕੋਈ ਪਤਾ ਨਾ ਲੱਗਾ। ਸਾਨੂੰ ਫਿਕਰ ਹੋਣ ਲੱਗਾ। ਦੁਪਹਿਰਾ ਢਲ ਗਿਆ ਤੇ ਫਿਰ ਦਿਨ ਵੀ ਛੁਪ ਗਿਆ ਪਰ ਉਸ ਦਾ ਫੋਨ ਨਾ ਆਇਆ। ਟੀ. ਵੀ. ਨਹੀਂ ਚਲ ਰਿਹਾ ਸੀ, ਕਿਉਂਕਿ ਪਿਛਲੇ ਦਿਨ ਦੀ ਬਿਜਲੀ ਬੰਦ ਸੀ। ਪਿੰਡ ‘ਚ ਕਿਸੇ ਘਰ ਜੈਨਰੇਟਰ ਚੱਲਦਾ ਸੀ ਤੇ ਮੈਂ ਫੋਨ ਵੀ ਉਥੇ ਜਾ ਕੇ ਚਾਰਜ ਕੀਤਾ।
ਅਗਲਾ ਦਿਨ ਵੀ ਉਡੀਕਦਿਆਂ ਲੰਘ ਗਿਆ। ਕਿਧਰੋਂ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। ਉਡੀਕ ‘ਚ ਸਾਡਾ ਮਰਨ ਹੋਇਆ ਪਿਆ ਸੀ। ਤੀਜੇ ਦਿਨ ਪਰਿਵਾਰ ਨੇ ਸਵੇਰ ਦਾ ਖਾਣ ਪਕਾਉਣ ਮੁਕਾਇਆ ਹੀ ਸੀ ਕਿ ਫੋਨ ਦੀ ਘੰਟੀ ਵੱਜੀ, ਪਰ ਫੋਨ ਜਾਲੋ ਦਾ ਨਹੀਂ, ਜਿੰਜ਼ਾਲ ਦਾ ਸੀ। ਉਹ ਇਰਬਲ ਤੋਂ ਬੋਲ ਰਿਹਾ ਸੀ। ਉਹ ਹੌਲੀ ਤੇ ਥੱਕੀ ਜਿਹੀ ਆਵਾਜ਼ ‘ਚ ਬੋਲਿਆ, “ਆਸਮਾ, ਸਿੰਜਾਰ ਤੋਂ ਫੋਨ ਆਇਆ ਸੀ…।”
ਮੈਂ ਗੱਲ ਵਿਚਕਾਰੋਂ ਕੱਟਦਿਆਂ ਕਿਹਾ, “ਅੱਛਾ ਜਾਲੋ ਦਾ ਸੀ? ਅਸੀਂ ਵੀ ਦੋ ਦਿਨਾਂ ਤੋਂ ਉਡੀਕੀ ਜਾ ਰਹੇ ਆਂ। ਕੀ ਕਹਿੰਦਾ ਸੀ?”
“ਨ੍ਹੀਂ ਆਸਮਾ, ਇਹ ਫੋਨ ਜਾਲੋ ਦਾ ਨ੍ਹੀਂ, ਮੇਰੇ ਕਿਸੇ ਦੋਸਤ ਦਾ ਸੀ।” ਉਹਦਾ ਲਹਿਜਾ ਹੋਰ ਉਦਾਸ ਹੋ ਗਿਆ।
“ਹੈਂ! ਕੀ ਹੋਇਆ ਭਾਈਜਾਨ?” ਪ੍ਰੇਸ਼ਾਨ ਹੁੰਦਿਆਂ ਮੈਂ ਪੁੱਛਿਆ।
“ਉਸ ਨੇ ਦੱਸਿਐ ਕਿ ਜਿਸ ਇਲਾਕੇ ‘ਚ ਜਾਲੋ ਰਹਿੰਦਾ ਸੀ, ਉਥੇ ਇਸਲਾਮਕ ਸਟੇਟ ਵਾਲਿਆਂ ਦਾ ਕਬਜ਼ਾ ਹੋ ਚੁਕਾ ਐ।”
“ਤੇ ਫਿਰ ਜਾਲੋ ਕਿਥੇ ਐ?”
“ਦੋਸਤ ਦੱਸ ਰਿਹਾ ਸੀ ਕਿ ਉਸ ਇਲਾਕੇ ਦੇ ਸਾਰੇ ਜਾਜ਼ੀਦੀ ਲੋਕਾਂ ਨੂੰ ਇਸਲਾਮਕ ਸਟੇਟ ਵਾਲੇ ਬੰਦੀ ਬਣਾ ਕੇ ਬਾਹਰ ਲੈ ਗਏ ਨੇ। ਉਹ ਕਹਿ ਰਿਹਾ ਸੀ…।”
ਮੈਨੂੰ ਗੱਲ ਦੀ ਕੋਈ ਸਮਝ ਨਹੀਂ ਆ ਰਹੀ ਸੀ ਅਤੇ ਜਿੰਜ਼ਾਲ ਫਿਕਰ ਤੇ ਪ੍ਰੇਸ਼ਾਨੀ ‘ਚ ਡੁੱਬਿਆ ਬੜੀ ਹੌਲੀ ਗੱਲ ਕਰ ਰਿਹਾ ਸੀ। ਮੈਂ ਵਿਚਕਾਰੋਂ ਹੀ ਟੋਕਦੀ ਨੇ ਪੁੱਛਿਆ, “ਭਾਈਜਾਨ ਕਿਧਰ ਨੂੰ ਲੈ ਗਏ ਨੇ ਉਨ੍ਹਾਂ ਲੋਕਾਂ ਨੂੰ? ਕੋਈ ਖਤਰੇ ਵਾਲੀ ਗੱਲ ਐ?”
“ਕੱਲ੍ਹ ਇਸਲਾਮਕ ਸਟੇਟ ਵਾਲਿਆਂ ਨੇ ਇਰਾਕੀ ਫੌਜਾਂ ਖਦੇੜ ਦਿੱਤੀਆਂ। ਸਿੰਜਾਰ ‘ਤੇ ਇਸਲਾਮਕ ਸਟੇਟ ਵਾਲਿਆਂ ਦਾ ਕਬਜ਼ਾ ਹੋ ਚੁਕੈ। ਉਹ ਜਾਜ਼ੀਦੀ ਲੋਕਾਂ ਨੂੰ ਘਰਾਂ ‘ਚੋਂ ਕੱਢ ਕੇ ਬਾਹਰ ਲੈ ਤੁਰੇ ਨੇ। ਅੱਗੇ ਤਾਂ ਖਤਰਾ ਈ ਖਤਰਾ ਜਾਪਦੈ।” ਉਹ ਠੰਢੀ ਆਹ ਭਰਦਿਆਂ ਚੁੱਪ ਹੋ ਗਿਆ। ਅਗਾਂਹ ਉਸ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਜਦੋਂ ਹੀ ਕੋਈ ਨਵੀਂ ਜਾਣਕਾਰੀ ਮਿਲੀ ਤਾਂ ਉਹ ਸਾਡੇ ਨਾਲ ਗੱਲ ਕਰੇਗਾ।
ਮਾਂ ਮੇਰੀਆਂ ਗੱਲਾਂ ਸੁਣ ਰਹੀ ਸੀ। ਅੱਧੀ ਕੁ ਗੱਲ ਤਾਂ ਉਸ ਨੂੰ ਪਤਾ ਲੱਗ ਗਈ ਸੀ ਤੇ ਬਾਕੀ ਮੈਂ ਦੱਸ ਦਿੱਤਾ। ਮਾਂ ਰੋਣ ਲੱਗੀ। ਘਰ ‘ਚ ਸੋਗ ਫੈਲ ਗਿਆ। ਮੈਂ ਹੈਂਜ਼ੀ ਨੂੰ ਵੀ ਫੋਨ ਕਰਕੇ ਦੱਸ ਦਿੱਤਾ। ਉਦੋਂ ਨੂੰ ਦਰਵਾਜਾ ਖੋਲ੍ਹਦਿਆਂ ਨਿਢਾਲ ਜਾਪਦੀ ਸ਼ਾਮੀ ਅੰਮਾ ਅੰਦਰ ਆਈ। ਕੁਰਸੀ ‘ਤੇ ਬੈਠਦਿਆਂ ਉਸ ਨੇ ਪ੍ਰਾਰਥਨਾ ‘ਚ ਹੱਥ ਜੋੜੇ ਤੇ ਅੱਖਾਂ ਮੀਚੀ ਕੁਝ ਬੁਦਬਦਾਉਂਦਿਆਂ ਹੌਲੀ ਜਿਹੀ ਬੋਲੀ, “ਸਾਇਰਾ ਬੀਬੀ, ਪਹਿਲਾਂ ਤਾਂ ਮੈਂ ਤੈਨੂੰ ਚੰਗੀ ਗੱਲ ਦੱਸ ਦਿਆਂ, ਮੈਂ ਸਿੱਧੀ ਅਹਿਮਦ ਜਾਸੋ ਵਲੋਂ ਆ ਰਹੀ ਆਂ।”
“ਹਾਂ ਅੰਮਾ।” ਮਾਂ ਨੇ ਹੰਝੂ ਰੋਕਦਿਆਂ ਸ਼ਾਮੀ ਅੰਮਾ ਵਲ ਵੇਖਿਆ। ਉਹ ਗਲਾ ਸਾਫ ਕਰਦਿਆਂ ਕਹਿਣ ਲੱਗੀ, “ਉਸ ਨੂੰ ਕਿਰਕੀ ਦੇ ਮੁਖਤਾਰ ਦਾ ਫੋਨ ਆਇਆ ਸੀ। ਉਹ ਪੁੱਛ ਰਿਹਾ ਸੀ ਕਿ ਖੈਰੀ ਕਿਧਰ ਨੂੰ ਗਿਆ। ਅੱਗੋਂ ਅਹਿਮਦ ਜਾਸੋ ਨੇ ਕਿਹਾ ਕਿ ਖੈਰੀ ਤਾਂ ਉਸੇ ਕੋਲ ਸੀ, ਉਹ ਹੀ ਦੱਸੇ ਕਿ ਖੈਰੀ ਕਿਥੇ ਐ। ਇਸ ਗੱਲ ਤੋਂ ਕਿਰਕੀ ਦੇ ਮੁਖਤਾਰ ਨੇ ਕਿਹਾ…।” ਸ਼ਾਮੀ ਅੰਮਾ ਨੇ ਗੱਲ ਵਿਚਾਲੇ ਹੀ ਛੱਡ ਦਿੱਤੀ, ਕਿਉਂਕਿ ਦਰਵਾਜਾ ਖੋਲ੍ਹਣ ਦੀ ਬਿੜਕ ਆਈ ਸੀ। ਸਭ ਦਾ ਉਧਰ ਧਿਆਨ ਗਿਆ। ਇਹ ਹੈਂਜ਼ੀ ਸੀ। ਉਹ ਨੇੜੇ ਆ ਕੇ ਬਹਿ ਗਿਆ ਤਾਂ ਸ਼ਾਮੀ ਅੰਮਾ ਨੇ ਗੱਲ ਅੱਗੇ ਤੋਰੀ, “ਕਿਰਕੀ ਦੇ ਮੁਖਤਾਰ ਨੇ ਅਹਿਮਦ ਜਾਸੋ ਨੂੰ ਫੋਨ ਕਰਦਿਆਂ ਕਿਹਾ ਐ ਕਿ ਖੈਰੀ ਨੂੰ ਅਗਵਾ ਕਰਨ ਵਾਲਿਆਂ ਦਾ ਦਾਅਵਾ ਮੁੱਕ ਗਿਆ ਐ, ਕਿਉਂਕਿ ਖੈਰੀ ਆਪਣੇ ਆਪ ਈ ਸਾਡੇ ਕੋਲੋਂ ਨਿਕਲ ਚੁਕੈ। ਇਸ ਕਰਕੇ ਉਹ ਉਨ੍ਹਾਂ ਵਲੋਂ ਆਜ਼ਾਦ ਐ। ਬੇਫਿਕਰ ਹੋ ਕੇ ਜਿਥੇ ਮਰਜ਼ੀ ਰਹੇ।”
“ਅੰਮਾ ਸ਼ੁਕਰ ਐ ਰੱਬ ਦਾ। ਨਾਲੇ ਤਾਉਸੀ ਮਲਕ ਤੇਰਾ ਵੀ ਭਲਾ ਕਰੇ।”
“ਨ੍ਹੀਂ ਇਉਂ ਨਾ ਕਹਿ, ਤੁਸੀਂ ਸਾਰੇ ਮੇਰੇ ਬੱਚੇ ਹੋ। ਮੈਂ ਖੈਰੀ ਨੂੰ ਵੀ ਕਹਿ ਆਈ ਆਂ ਕਿ ਉਹ ਭਾਵੇਂ ਘਰ ਆ ਜਾਵੇ ਪਰ ਉਹ ਪਹਿਲਾਂ ਆਪਣੇ ਮੁਖਤਾਰ ਅਹਿਮਦ ਜਾਸੋ ਵਲ ਚਲਾ ਗਿਆ ਐ। ਕਹਿੰਦਾ ਸੀ, ਉਸ ਦਾ ਧੰਨਵਾਦ ਕਰਨੈਂ।”
“ਠੀਕ ਐ ਅੰਮਾ…।” ਮਾਂ ਨੇ ਗੱਲ ਵਿਚਾਲੇ ਹੀ ਛੱਡ ਦਿੱਤੀ ਤਾਂ ਸ਼ਾਮੀ ਅੰਮਾ ਵਲ ਵੇਖਿਆ। ਉਹ ਸਮਝ ਗਈ ਕਿ ਇਹ ਕੀ ਜਾਣਨਾ ਚਾਹੁੰਦੀ ਹੈ। ਉਸ ਨੇ ਫਿਰ ਗੱਲ ਸ਼ੁਰੂ ਕੀਤੀ, “ਮੈਨੂੰ ਅਹਿਮਦ ਜਾਸੋ ਤੋਂ ਸਭ ਪਤਾ ਲੱਗ ਗਿਐ। ਜਿੰਜ਼ਾਲ ਨੇ ਉਸ ਨੂੰ ਵੀ ਫੋਨ ਕੀਤੈ। ਸਿੰਜਾਰ ਸ਼ਹਿਰ ਦੇ ਹਾਲਾਤ ਬਹੁਤ ਖਰਾਬ ਨੇ। ਅਹਿਮਦ ਜਾਸੋ ਨੇ ਦੱਸਿਐ ਕਿ ਸਿੰਜਾਰ ਇਸਲਾਮਕ ਸਟੇਟ ਵਾਲਿਆਂ ਦੇ ਕਬਜੇ ‘ਚ ਆ ਚੁਕੈ। ਉਨ੍ਹਾਂ ਉਥੇ ਕਾਬਜ਼ ਹੁੰਦਿਆਂ ਈ ਸ਼ਰੀਅਤ ਕਾਨੂੰਨ ਲਾਗੂ ਕਰ ਦਿੱਤੈ। ਉਨ੍ਹਾਂ ਨੇ ਗੈਰ ਮੁਸਲਮਾਨਾਂ ਨੂੰ ਹੁਕਮ ਦਿੱਤੈ ਕਿ ਉਹ ਇਸਲਾਮ ਧਰਮ ਅਪਨਾ ਲੈਣ, ਨ੍ਹੀਂ ਤਾਂ ਫਿਰ ਸਿੱਟੇ ਭੁਗਤਣ ਲਈ ਤਿਆਰ ਰਹਿਣ।”
ਸ਼ਾਮੀ ਅੰਮਾ ਨੇ ਗੱਲ ਖਤਮ ਕਰਦਿਆਂ ਸਭ ਵਲ ਵੇਖਿਆ। ਸਭ ਦੇ ਚਿਹਰੇ ਉਡ ਗਏ ਸਨ। ਕੋਈ ਨਾ ਬੋਲਿਆ ਤਾਂ ਸ਼ਾਮੀ ਅੰਮਾ ਨੇ ਗੱਲ ਅੱਗੇ ਤੋਰੀ, “ਆਪਣੇ ਲੋਕ ਧਰਮ ਪਰਿਵਰਤਨ ਵਾਲੀ ਗੱਲ ਤਾਂ ਮੰਨ ਈ ਨ੍ਹੀਂ ਸਕਦੇ। ਇਸੇ ਕਰਕੇ ਇਸਲਾਮਕ ਸਟੇਟ ਵਾਲਿਆਂ ਨੇ ਸਭ ਨੂੰ ਬੰਦੀ ਬਣਾ ਲਿਆ। ਬਹੁਤੇ ਮਾਰ ਵੀ ਦਿੱਤੇ ਨੇ ਪਰ ਜਾਲੋ ਬਾਰੇ ਜਿਵੇਂ ਕਿ ਤੁਹਾਨੂੰ ਵੀ ਜਿੰਜ਼ਾਲ ਨੇ ਦੱਸਿਆ, ਇਹੀ ਐ ਕਿ ਉਹ ਬੰਦੀ ਬਣਾਏ ਲੋਕਾਂ ਵਿਚ ਈ ਹੋਵੇਗਾ।”
ਗੱਲ ਸੁਣਦਿਆਂ ਮਾਂ ਦਾ ਰੋਣਾ ਹੋਰ ਉਚਾ ਹੋ ਗਿਆ। ਸ਼ਾਮੀ ਅੰਮਾ ਨੇ ਧਰਵਾਸ ਦਿੰਦਿਆਂ ਕਿਹਾ, “ਸਾਇਰਾ ਬੀਬੀ, ਕੁਛ ਲੋਕ ਬਚ ਕੇ ਨਿਕਲ ਵੀ ਗਏ ਨੇ। ਆਪਾਂ ਨੂੰ ਉਮੀਦ ਨ੍ਹੀਂ ਛੱਡਣੀ ਚਾਹੀਦੀ।”
ਹੈਂਜ਼ੀ ਦੱਸਣ ਲੱਗਾ, “ਮੇਰੀ ਵੀ ਅਹਿਮਦ ਜਾਸੋ ਨਾਲ ਗੱਲ ਹੋਈ ਸੀ। ਉਸ ਨੇ ਇਧਰੋਂ ਉਧਰੋਂ ਪਤਾ ਕੀਤੈ। ਕਹਿੰਦਾ ਸੀ, ਜੋ ਲੋਕ ਭੱਜਣ ‘ਚ ਕਾਮਯਾਬ ਹੋ ਗਏ, ਉਹ ਸਿੰਜਾਰ ਪਹਾੜਾਂ ਵਲ ਨਿਕਲ ਗਏ ਨੇ। ਕੁਛ ਤਾਂ ਬੰਦੀ ਬਣਾਏ ਲੋਕਾਂ ‘ਚੋਂ ਵੀ ਬਚ ਨਿਕਲੇ ਨੇ।”
“ਤਾਂ ਹੀ ਮੈਂ ਕਹਿੰਨੀ ਆਂ ਕਿ ਆਪਾਂ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਐ, ਬਈ ਜਾਲੋ ਉਨ੍ਹਾਂ ਭੱਜਣ ਵਾਲਿਆਂ ਵਿਚ ਐ।” ਸ਼ਾਮੀ ਅੰਮਾ ਬੋਲੀ।
“ਹਾਂ ਅੰਮਾ ਤੁਹਾਡੀ ਗੱਲ ਸਹੀ ਐ। ਨਾਲੇ ਉਸ ਦੀ ਮਕੈਨਿਕ ਸ਼ਾਪ ਸ਼ਹਿਰ ਦੇ ਚੜ੍ਹਦੇ ਵਲ ਐ, ਜਿਥੇ ਇਸਲਾਮਕ ਸਟੇਟ ਵਾਲੇ ਸਭ ਤੋਂ ਪਿੱਛੋਂ ਪਹੁੰਚੇ ਹੋਣਗੇ। ਇਸ ਕਰਕੇ ਮੈਨੂੰ ਵੀ ਲੱਗਦੈ ਕਿ ਜਾਲੋ ਬਚ ਕੇ ਨਿਕਲ ਗਿਐ। ਆਪਾਂ ਉਸ ਦਾ ਸੁਨੇਹਾ ਉਡੀਕੀਏ।” ਹੈਂਜ਼ੀ ਬੋਲਿਆ।
“ਠੀਕ ਐ ਪੁੱਤਰ ਪਰ ਮੇਰੇ ‘ਤੇ ਤਾਂ ਦੁੱਖ ਦਾ ਪਹਾੜ ਟੁੱਟ ਪਿਆ ਐ।” ਮਾਂ ਹੰਝੂ ਪੂੰਝਦੀ ਬੋਲੀ। ਸ਼ਾਮੀ ਅੰਮਾ ਕਹਿਣ ਲੱਗੀ, “ਸਾਇਰਾ ਬੀਬੀ, ਆਪਾਂ ਨੂੰ ਇਸ ਤੋਂ ਵੀ ਵੱਡੇ ਦੁੱਖਾਂ ਦੇ ਪਹਾੜਾਂ ਲਈ ਤਿਆਰ ਰਹਿਣਾ ਚਾਹੀਦੈ। ਮੈਨੂੰ ਕੋਈ ਬੜੀ ਭਿਆਨਕ ਖੂਨੀ ਹਨੇਰੀ ਚੜ੍ਹੀ ਆਉਂਦੀ ਦਿਸਦੀ ਐ।”
ਸਾਰੇ ਚੁੱਪ ਪਸਰ ਗਈ। ਸਭ ਹੈਰਾਨ-ਪ੍ਰੇਸ਼ਾਨ ਤੇ ਚਿਹਰੇ ਉਦਾਸ ਹੋ ਗਏ। ਉਦੋਂ ਹੀ ਖੈਰੀ ਅੰਦਰ ਆਇਆ। ਉਸ ਦਾ ਮੂੰਹ ਉਤਰਿਆ ਹੋਇਆ ਸੀ ਤੇ ਉਹ ਹੈਂਜ਼ੀ ਵਲ ਵੇਖਦਿਆਂ ਕਿਹਾ, “ਮੁਖਤਾਰ ਨੇ ਸਾਰੇ ਬੰਦਿਆਂ ਨੂੰ ਜੇਵਾਤ ‘ਚ ਇਕੱਠੇ ਹੋਣ ਨੂੰ ਕਿਹੈ। ਮੈਂ ਤੈਨੂੰ ਈ ਲੈਣ ਆਇਆਂ।”
“ਪੁੱਤਰਾ ਕੀ ਗੱਲ ਐ?” ਸ਼ਾਮੀ ਅੰਮਾ ਨੇ ਪੁੱਛਿਆ।
“ਅੰਮਾ, ਪਤਾ ਲੱਗੈ, ਇਸਲਾਮਕ ਸਟੇਟ ਵਾਲਿਆਂ ਦੇ ਲੜਾਕੇ ਸਿੰਜਾਰ ਤੋਂ ਅੱਗੇ ਪਿੰਡਾਂ ਵਲ ਵਧਣੇ ਸ਼ੁਰੂ ਹੋ ਗਏ ਨੇ। ਲੋਕ ਭੱਜ ਰਹੇ ਨੇ। ਜਿਸ ਦਾ ਫਹੁ ਪੈਂਦਾ ਐ, ਉਹ ਸਿੰਜਾਰ ਪਹਾੜਾਂ ‘ਤੇ ਪਹੁੰਚ ਜਾਂਦਾ ਐ। ਮੁਖਤਾਰ ਸਲਾਹ ਮਸ਼ਵਰਾ ਕਰਨਾ ਚਾਹੁੰਦਾ ਐ ਕਿ ਆਪਣੇ ਪਿੰਡ ਦੇ ਲੋਕ ਕੀ ਕਰਨ।”
“ਜਾਹ ਹੈਂਜ਼ੀ ਪੁੱਤਰ। ਜਲਦੀ ਵਾਪਸ ਆਇਉ। ਅਸੀਂ ਤੁਹਾਨੂੰ ਇੱਥੇ ਈ ਉਡੀਕਦੇ ਆਂ।” ਸ਼ਾਮੀ ਅੰਮਾ ਨੇ ਇੰਨਾ ਕਿਹਾ ਤਾਂ ਹੈਂਜ਼ੀ ਅਤੇ ਖੈਰੀ ਘਰੋਂ ਨਿਕਲ ਗਏ।
ਅਸੀਂ ਪਿੱਛੇ ਦੁੱਖਾਂ ਸੁੱਖਾਂ ਦੀਆਂ ਗੱਲਾਂ ਕਰਦੇ ਰਹੇ। ਸ਼ਾਮੀ ਅੰਮਾ ਧਰਵਾਸਾ ਦੇਈ ਜਾ ਰਹੀ ਸੀ ਤੇ ਨਾਲ ਹੀ ਰੱਬ ਦੀ ਰਜ਼ਾ ‘ਚ ਰਹਿਣ ਦਾ ਸਬਕ ਸਿਖਾ ਰਹੀ ਸੀ। ਦੋ ਘੰਟਿਆਂ ਪਿੱਛੋਂ ਹੈਂਜ਼ੀ ਅਤੇ ਖੈਰੀ ਘਰ ਮੁੜ ਆਏ। ਉਹ ਪਹਿਲਾਂ ਨਾਲੋਂ ਵੀ ਉਦਾਸ ਸਨ। ਹੈਂਜ਼ੀ ਨੇ ਟੁੱਟੇ ਮਨ ਨਾਲ ਦੱਸਿਆ, “ਗੱਲ ਸੱਚੀ ਐ। ਇਸਲਾਮਕ ਸਟੇਟ ਵਾਲੇ ਪਿੰਡਾਂ ਵਲ ਆ ਰਹੇ ਨੇ। ਉਹ ਜਿਥੇ ਕਿਤੇ ਕਬਜ਼ਾ ਕਰ ਲੈਂਦੇ ਨੇ, ਲੋਕਾਂ ਨੂੰ ਬਾਹਰ ਨ੍ਹੀਂ ਨਿਕਲਣ ਦਿੰਦੇ। ਉਨ੍ਹਾਂ ਦਾ ਕਹਿਣਾ ਐਂ ਕਿ ਭੱਜੋ ਨਾ, ਇਥੇ ਰਹੋ ਪਰ ਸ਼ਰੀਅਤ ਨੂੰ ਮੰਨੋ।”
“ਪੁੱਤਰ, ਫਿਰ ਆਪਣੇ ਪਿੰਡ ਬਾਰੇ ਕੀ ਫੈਸਲਾ ਹੋਇਆ?”
“ਮਾਂ, ਉਥੇ ਕਈ ਕਿਸਮ ਦਾ ਵਿਚਾਰ-ਵਟਾਂਦਰਾ ਹੋਇਆ। ਮੁਖਤਾਰ ਕਹਿ ਰਿਹਾ ਸੀ ਕਿ ਕੁਛ ਪਰਿਵਾਰ ਪਿਛਲੇ ਦਿਨੀਂ ਨਵੇਂ ਹਾਲਾਤ ਤੋਂ ਡਰਦੇ ਕੁਰਦਸਤਾਨ ਵਲ ਗਏ ਸਨ ਪਰ ਸਰਹੱਦੀ ਚੌਂਕੀ ‘ਤੇ ਕੁਰਦ ਪੇਸ਼ਮਰਗਾ ਨੇ ਉਨ੍ਹਾਂ ਨੂੰ ਕੁਰਦਸਤਾਨ ‘ਚ ਦਾਖਲ ਨ੍ਹੀਂ ਹੋਣ ਦਿੱਤਾ ਸਗੋਂ ਇਹ ਕਹਿੰਦਿਆਂ ਵਾਪਸ ਮੋੜ ਦਿੱਤਾ ਕਿ ਤੁਹਾਨੂੰ ਤੁਹਾਡੇ ਪਿੰਡ ‘ਚ ਕੋਈ ਖਤਰਾ ਨ੍ਹੀਂ। ਉਹ ਸਾਡੀ ਰਾਖੀ ਕਰਨਗੇ। ਇਸ ਤੋਂ ਜਾਪਦੈ, ਕੁਰਦਸਤਾਨ ਪੇਸ਼ਮਰਗਾ ਸਾਡੀ ਸੁਰੱਖਿਆ ਕਰੇਗਾ ਤੇ ਸਾਨੂੰ ਆਰਾਮ ਨਾਲ ਇਥੇ ਰਹਿਣਾ ਚਾਹੀਦਾ ਐ।”
ਖੈਰੀ ਨੇ ਗੱਲ ਖਤਮ ਕੀਤੀ ਤਾਂ ਹੈਂਜ਼ੀ ਬੋਲਣ ਲੱਗਾ, “ਪਰ ਮੁਖਤਾਰ ਦਾ ਭਰਾ ਹੁਸੈਨ ਉਸ ਦੇ ਹੱਕ ‘ਚ ਨ੍ਹੀਂ ਸੀ। ਉਸ ਦਾ ਕਹਿਣਾ ਸੀ ਕਿ ਅਸੀਂ ਦੋ ਪਾਸਿਆਂ ਤੋਂ ਇਸਲਾਮਕ ਸਟੇਟ ਵਾਲਿਆਂ ਵਲੋਂ ਘਿਰੇ ਹੋਏ ਆਂ। ਅਸੀਂ ਕਿਧਰੇ ਵੀ ਜਾਈਏ ਤਾਂ ਉਹ ਅੱਗੋਂ ਮਿਲਣਗੇ। ਸਿਰਫ ਕੁਰਦਸਤਾਨ ਵਾਲਾ ਪਾਸਾ ਸੁਰੱਖਿਅਤ ਐ ਪਰ ਉਹ ਸਾਨੂੰ ਅੰਦਰ ਨ੍ਹੀਂ ਆਉਣ ਦਿੰਦੇ ਤੇ ਕਹਿੰਦੇ ਐ ਕਿ ਜਿਥੇ ਹੋ, ਉਥੇ ਹੀ ਰਹੋ। ਇਸ ਕਰਕੇ ਉਸ ਦਾ ਕਹਿਣਾ ਸੀ ਕਿ ਬਜਾਇ ਇਸ ਦੇ ਕਿ ਹਾਲਾਤ ਖਰਾਬ ਹੋਣ, ਉਸ ਤੋਂ ਪਹਿਲਾਂ ਈ ਸਿੰਜਾਰ ਪਹਾੜਾਂ ‘ਤੇ ਚਲੇ ਜਾਣਾ ਚਾਹੀਦਾ ਐ। ਜੇ ਇਸਲਾਮਕ ਸਟੇਟ ਵਾਲੇ ਆ ਗਏ ਤਾਂ ਕਿਸੇ ਪਾਸੇ ਜਾਣ ਜੋਗੇ ਨ੍ਹੀਂ ਰਹਾਂਗੇ।”
ਸ਼ਾਮੀ ਅੰਮਾ ਬੋਲੀ, “ਪੁੱਤਰੋ, ਆਪਾਂ ਇੰਨੀ ਜਲਦੀ ਇਸ ਪਿੰਡ ਨੂੰ ਛੱਡ ਵੀ ਤਾਂ ਨ੍ਹੀਂ ਸਕਦੇ। ਆਪਾਂ ਇਹ ਪਿੰਡ ਵਸਾਇਆ, ਇਥੇ ਘਰ ਬਣਾਏ, ਸਾਡੇ ਵਡੇਰਿਆਂ ਨੇ ਇਥੇ ਆਪਣੀ ਜ਼ਿੰਦਗੀ ਬਿਤਾਈ। ਇਸ ਤੋਂ ਬਿਨਾ ਇਥੇ ਸਾਡੀਆਂ ਫਸਲਾਂ, ਵੱਡੇ-ਵੱਡੇ ਇੱਜੜ ਅਤੇ ਹੋਰ ਬਹੁਤ ਕੁਛ ਐ। ਇਉਂ ਸਭ ਕੁਛ ਕਿਵੇਂ ਛੱਡੀਏ। ਇਹ ਗੱਲ ਸੋਚ ਕੇ ਈ ਡੋਬੂ ਪੈਂਦੇ ਨੇ। ਇਸ ਤੋਂ ਬਿਨਾ ਆਪਣੇ ਲੋਕਾਂ ਦਾ ਕਹਿਣਾ ਐ ਕਿ ਸਿੰਜਾਰ ਇਲਾਕਾ ਜਾਜ਼ੀਦੀਆਂ ਦਾ ਆਪਣਾ ਇਲਾਕਾ ਐ। ਜੇ ਇਥੋਂ ਭੱਜ ਜਾਂਦੇ ਆਂ ਤਾਂ ਕਿਸੇ ਪਾਸੇ ਜੋਗੇ ਨ੍ਹੀਂ ਰਹਾਂਗੇ।”
ਹਾਮੀ ਭਰਦਿਆਂ ਖੈਰੀ ਕਹਿਣ ਲੱਗਾ, “ਜਾਵੇਤ ‘ਚ ਇਕੱਠੇ ਹੋਏ ਬਹੁਤੇ ਲੋਕਾਂ ਦਾ ਕਹਿਣਾ ਐ ਕਿ ਆਪਣੇ ਪਿੰਡ ਪੇਸ਼ਮਰਗਾ ਦਾ ਬੜਾ ਸਖਤ ਪਹਿਰਾ ਐ। ਸ਼ਾਇਦ ਇਸੇ ਕਰਕੇ ਇਸਲਾਮਕ ਸਟੇਟ ਵਾਲੇ ਇਧਰ ਨਾ ਆਉਣ। ਜੇ ਆ ਵੀ ਗਏ ਤਾਂ ਪੇਸ਼ਮਰਗਾ ਨੇ ਉਨ੍ਹਾਂ ਦਾ ਨੱਕ ਮੋੜਦਿਆਂ ਭਜਾ ਦੇਣੈ। ਆਪਾਂ ਨੂੰ ਪਤੈ, ਆਪਣਾ ਇਲਾਕਾ ਕੁਰਦਸਤਾਨ ਸਰਕਾਰ ਲਈ ਵੀ ਬਹੁਤ ਜ਼ਰੂਰੀ ਸੁਰੱਖਿਆ ਲਾਈਨ ਐ। ਆਪਣਾ ਪਿੰਡ ਬਾਰਡਰ ‘ਤੇ ਪੈਂਦੈ। ਜੇ ਇਹ ਪਿੰਡ ਇਸਲਾਮਕ ਸਟੇਟ ਵਾਲਿਆਂ ਦੇ ਕਬਜ਼ੇ ਹੇਠ ਆ ਗਿਆ ਤਾਂ ਕਿਰਕਕ ਦੇ ਤੇਲ ਖੂਹਾਂ ਨੂੰ ਉਨ੍ਹਾਂ ਤੋਂ ਕੋਈ ਨ੍ਹੀਂ ਬਚਾ ਸਕੇਗਾ। ਇਸ ਕਰਕੇ ਆਪਾਂ ਨੂੰ ਕੋਈ ਖਤਰਾ ਨ੍ਹੀਂ ਜਾਪਦਾ। ਸੋ ਲੱਗਦੈ, ਆਪਾਂ ਇਥੇ ਈ ਰੁਕੀਏ। ਨਾਲ ਈ ਇਥੋਂ ਜਾਣ ਦੀ ਤਿਆਰੀ ਵੀ ਰੱਖੀਏ। ਜੇ ਲੋੜ ਪਈ ਤਾਂ ਨਿਕਲ ਤੁਰਾਂਗੇ। ਇਥੋਂ ਸਿੰਜਾਰ ਪਹਾੜ ਵੀ ਬਹੁਤੀ ਦੂਰ ਨ੍ਹੀਂ।”
“ਪੁੱਤਰ, ਆਖਰ ਪੱਕਾ ਫੈਸਲਾ ਕੀ ਹੋਇਆ ਫਿਰ?” ਮਾਂ ਨੇ ਗੱਲ ਮੁਕਾਉਣ ਦੇ ਇਰਾਦੇ ਨਾਲ ਪੁੱਛਿਆ ਤਾਂ ਖੈਰੀ ਕਹਿਣ ਲੱਗਾ, “ਇਹੀ ਕਿ ਪਿੰਡ ਵਾਸੀ ਇਥੇ ਈ ਰਹਿਣਗੇ। ਜੇ ਲੋੜ ਪਈ ਤਾਂ ਸਿੰਜਾਰ ਪਹਾੜ ‘ਤੇ ਚੱਲਦੇ ਰਹਾਂਗੇ। ਉਂਜ ਕੱਲ੍ਹ ਨੂੰ ਸਵੇਰੇ ਫਿਰ ਜਾਵੇਤ ਦਾ ਇਕੱਠ ਹੋਵੇਗਾ।”
“ਠੀਕ ਐ ਪੁੱਤਰੋ, ਆਪਾਂ ਸਾਰੇ ‘ਕੱਠੇ ਈ ਆਂ। ਬਾਕੀ ਰੱਬ ਭਲੀ ਕਰੂ।” ਇੰਨਾ ਕਹਿੰਦਿਆਂ ਸ਼ਾਮੀ ਅੰਮਾ ਉਠ ਖੜੋਤੀ ਤੇ ਬਿਨਾ ਕੁਝ ਹੋਰ ਬੋਲਿਆਂ ਘਰ ਨੂੰ ਤੁਰ ਪਈ। ਪਿੱਛੇ ਅਸੀਂ ਸਾਰੇ ਚੁੱਪ-ਚਾਪ ਬੈਠੇ ਸਾਂ। ਦਿਨ ਸਿਖਰਾਂ ‘ਤੇ ਪਹੁੰਚ ਚੁਕਾ ਸੀ। ਅਗਸਤ ਮਹੀਨੇ ਦੀ ਗਰਮੀ ਵੱਟ ਕੱਢੀ ਜਾ ਰਹੀ ਸੀ। ਉਤੋਂ ਬਿਜਲੀ ਕਈ ਦਿਨਾਂ ਤੋਂ ਬੰਦ ਸੀ। ਸ਼ਾਇਦ ਇਸਲਾਮਕ ਸਟੇਟ ਵਾਲਿਆਂ ਦੇ ਸਿੰਜਾਰ ‘ਤੇ ਕਬਜ਼ੇ ਪਿਛੋਂ ਸਿਸਟਮ ਗੜਬੜਾ ਗਿਆ ਸੀ, ਤਾਂ ਹੀ ਬਿਜਲੀ ਦੇ ਨਾਲ ਨੈਟ ਵੀ ਚੰਗੀ ਤਰ੍ਹਾਂ ਕੰਮ ਨਹੀਂ ਸੀ ਕਰ ਰਿਹਾ। ਪਿੰਡ ਵਾਲੇ, ਸੰਸਾਰ ਨਾਲੋਂ ਲਗਪਗ ਟੁੱਟੇ ਹੋਏ ਸਨ। ਅਸੀਂ ਕੰਧ ਦੀ ਓਟ ‘ਚ ਛਾਂਵੇਂ ਬੈਠਣ ਲਈ ਉਠ ਖੜੋਤੇ। ਉਦੋਂ ਹੀ ਗਲੀ ‘ਚ ਛੋਟਾ ਡਸਟਨ ਪਿਕਅੱਪ ਟਰੱਕ ਆ ਕੇ ਰੁਕਿਆ। ਉਸ ‘ਚੋਂ ਦਾਊਦ, ਖਾਲਿਦ ਤੇ ਵਾਲਿਦ ਉਤਰ ਕੇ ਅੰਦਰ ਆ ਗਏ ਤਾਂ ਅਸੀਂ ਉਤਸੁਕਤਾ ਵੱਸ ਉਨ੍ਹਾਂ ਵਲ ਝਾਕੇ, ਕਿਉਂਕਿ ਉਹ ਦੁਪਹਿਰੇ ਹੀ ਖੇਤੋਂ ਮੁੜ ਆਏ ਸਨ ਜਦੋਂ ਕਿ ਆਮ ਤੌਰ ‘ਤੇ ਸ਼ਾਮ ਵੇਲੇ ਆਉਂਦੇ ਸਨ। ਨੇੜੇ ਆਇਆਂ ਨੂੰ ਮਾਂ ਨੇ ਹੈਰਾਨੀ ਨਾਲ ਪੁੱਛਿਆ, “ਪੁੱਤਰੋ, ਅੱਜ ਸੰਦੇਹਾਂ ਈ ਆ ਗਏ। ਖੈਰ ਤਾਂ ਹੈ ਨਾ?”
“ਮਾਂ ਉਂਜ ਤਾਂ ਖੈਰ ਈ ਪਰ ਅੱਜ ਸੜਕ ਤੋਂ ਲੰਘਦੇ ਕੁਛ ਟਰੱਕ ਵੇਖ ਕੇ ਸਾਨੂੰ ਉਟਪਟਾ ਜਿਹਾ ਲੱਗਾ।” ਮਾਂ ਨੇ ਪੁੱਛਿਆ, “ਉਹ ਕਿਵੇਂ?”
“ਅੱਜ ਉਪਰਲੀ ਵੱਡੀ ਸੜਕ, ਜੋ ਸੀਰੀਆ ਵਲ ਜਾਂਦੀ ਐ, ਉਸ ਉਤੋਂ ਦੀ ਵੱਡੀ ਗਿਣਤੀ ‘ਚ ਇਸਲਾਮਕ ਸਟੇਟ ਵਾਲਿਆਂ ਦੇ ਟਰੱਕ ਲੰਘੇ ਨੇ। ਉਹ ਬਿਲਕੁਲ ਉਹੋ ਜਿਹੇ ਸਨ ਜਿਹੋ ਜਿਹੇ ਟੀ. ਵੀ. ‘ਤੇ ਵੇਖਦੇ ਹੁੰਨੇ ਆਂ। ਉਨ੍ਹਾਂ ਵਲ ਵੇਖ ਕੇ ਸਾਨੂੰ ਭੈਅ ਜਿਹਾ ਆਇਆ। ਇਸੇ ਕਰਕੇ ਅਸੀਂ ਘਰ ਆ ਗਏ ਆਂ।”
“ਚੱਲ ਠੀਕ ਐ ਦਾਊਦ। ਆਉ ਮੈਂ ਤੁਹਾਨੂੰ ਕੁਛ ਖਾਣ ਲਈ ਦਿੰਨੀ ਆਂ।” ਮਾਂ ਉਨ੍ਹਾਂ ਨੂੰ ਰਸੋਈ ਵਲ ਲੈ ਗਈ। ਦਾਊਦ ਹੋਰਾਂ ਦੇ ਇਸ ਤਰ੍ਹਾਂ ਘਰ ਮੁੜ ਆਉਣ ਨਾਲ ਸਾਡਾ ਡਰ ਹੋਰ ਵਧ ਗਿਆ। ਜਾਪਿਆ ਜਿਵੇਂ ਇਸਲਾਮਕ ਸਟੇਟ ਵਾਲਿਆਂ ਦਾ ਸਾਡੇ ਦੁਆਲੇ ਘੇਰਾ ਤੰਗ ਹੁੰਦਾ ਜਾ ਰਿਹਾ ਹੋਵੇ, ਫਿਰ ਉਹੀ ਕੁਝ ਸੋਚ ਕੇ ਮਨ ਨੂੰ ਧਰਵਾਸ ਦੇ ਲਿਆ ਜੋ ਕੁਝ ਖੈਰੀ ਨੇ ਜੇਵਾਤ ‘ਚੋਂ ਆ ਕੇ ਦੱਸਿਆ ਸੀ। ਲੱਗਾ ਕਿ ਅਸੀਂ ਸੁਰੱਖਿਅਤ ਹਾਂ, ਪਿੰਡ ਦੇ ਆਲੇ ਦੁਆਲੇ ਪੇਸ਼ਮਰਗਾ ਦਾ ਸਖਤ ਪਹਿਰਾ ਹੈ, ਅਸੀਂ ਕੁਰਦਸਤਾਨ ਦੀ ਸਰਹੱਦ ‘ਤੇ ਪੈਂਦੇ ਹਾਂ ਅਤੇ ਇਧਰ ਇਸਲਾਮਕ ਸਟੇਟ ਵਾਲੇ ਨਹੀਂ ਆਉਣਗੇ।
ਉਸ ਰਾਤ ਸਾਰਾ ਪਰਿਵਾਰ ਇਕੱਠਾ ਛੱਤ ‘ਤੇ ਸੁੱਤਾ। ਪਹਿਲਾਂ ਕੁਝ ਜਣੇ ਖੇਤ ਹੁੰਦੇ ਸਨ, ਹੈਂਜ਼ੀ ਦੁਕਾਨ ‘ਤੇ ਚਲਾ ਜਾਂਦਾ ਸੀ ਪਰ ਅੱਜ ਸਾਰੇ ਘਰ ਸਨ। ਜਾਲੋ ਦੀ ਕੋਈ ਖਬਰ ਨਾ ਮਿਲਣ ਦੀ ਉਦਾਸੀ ਸੀ। ਇਸਲਾਮਕ ਸਟੇਟ ਵਾਲਿਆਂ ਦਾ ਵਧ ਰਿਹਾ ਡਰ ਸੀ। ਮਾਂ ਨੇ ਖਾਸ ਤੌਰ ‘ਤੇ ਸਭ ਨੂੰ ਨਾਲ ਲਾ ਕੇ ਪ੍ਰਾਰਥਨਾ ਕੀਤੀ। ਰੱਬ ਤੋਂ ਸਾਰੇ ਪਿੰਡ ਦੀ ਖੈਰ ਮੰਗੀ। ਥੋੜ੍ਹੀਆਂ ਬਹੁਤੀਆਂ ਗੱਲਾਂ ਹੋਈਆਂ ਤੇ ਫਿਰ ਸਭ ਆਪੋ ਆਪਣੇ ਵਿਚਾਰਾਂ ‘ਚ ਗੁੰਮ ਚਾਦਰਾਂ ਲੈ ਕੇ ਸੌਂ ਗਏ।
ਸ਼ਾਇਦ ਅਜੇ ਸਾਰੇ ਸੁੱਤੇ ਨਹੀਂ ਸਨ ਕਿ ਹੈਂਜ਼ੀ ਦਾ ਫੋਨ ਖੜਕਿਆ। ਉਸ ਨੇ ਫੋਨ ਆਨ ਕਰਨਾ ਚਾਹਿਆ ਪਰ ਲਾਈਨ ਕੱਟੀ ਗਈ। ਦੁਬਾਰਾ ਫੋਨ ਆਇਆ ਪਰ ਗੱਲ ਫਿਰ ਨਾ ਹੋਈ। ਇੰਜ ਕਈ ਵਾਰ ਹੋਇਆ। ਫਿਰ ਆਖਰ ਕਾਲ ਮਿਲ ਗਈ। ਉਧਰੋਂ ਜਾਲੋ ਬੋਲ ਰਿਹਾ ਸੀ। ਜਾਲੋ ਦਾ ਫੋਨ ਆਇਆ ਸੁਣ ਕੇ ਸਾਰਾ ਪਰਿਵਾਰ ਉਠ ਖੜੋਤਾ। ਸੋਗੀ ਮਾਹੌਲ ਇਕਦਮ ਖੁਸ਼ਗਵਾਰ ਬਣ ਗਿਆ। ਦੋ ਕੁ ਮਿੰਟ ਗੱਲ ਕਰ ਕੇ ਹੈਂਜ਼ੀ ਨੇ ਫੋਨ ਮੈਨੂੰ ਫੜਾ ਦਿੱਤਾ। ਜਾਲੋ ਦੀ ਆਵਾਜ਼ ਥੱਕੀ ਜਿਹੀ ਸੀ ਪਰ ਉਂਜ ਉਹ ਉਤਸ਼ਾਹ ਵਿਚ ਸੀ। ਉਹ ਸਿੰਜਾਰ ਪਹਾੜਾਂ ਤੋਂ ਬੋਲ ਰਿਹਾ ਸੀ। ਆਪਣੇ ਬਚ ਜਾਣ ਬਾਰੇ ਉਹ ਦੱਸਣ ਲੱਗਾ, “ਬੈਂਕ ਤੋਂ ਆ ਕੇ ਮੈਂ ਘਰੇ ਵੜਿਆ ਈ ਸੀ ਕਿ ਉਦੋਂ ਈ ਪਤਾ ਲੱਗਾ ਸਾਡੇ ਇਲਾਕੇ ‘ਚ ਇਸਲਾਮਕ ਸਟੇਟ ਵਾਲੇ ਆ ਗਏ ਨੇ। ਖਦਸ਼ਾ ਤਾਂ ਪਹਿਲਾਂ ਈ ਸੀ ਕਿ ਇਰਾਕ ਫੌਜ ਪਿਛਾਂਹ ਹਟ ਰਹੀ ਐ ਪਰ ਕਿਧਰਿਉਂ ਪੱਕੀ ਖਬਰ ਨ੍ਹੀਂ ਮਿਲ ਰਹੀ ਸੀ। ਫਿਰ ਅਚਾਨਕ ਇਸਲਾਮਕ ਸਟੇਟ ਵਾਲਿਆਂ ਦੇ ਟਰੱਕ ਵੇਖ ਕੇ ਕੋਈ ਸ਼ੱਕ ਨਾ ਰਿਹਾ। ਉਹ ਲਾਊਡ ਸਪੀਕਰਾਂ ‘ਤੇ ਸਭ ਲੋਕਾਂ ਨੂੰ ਦੱਸ ਰਹੇ ਸਨ ਕਿ ਸ਼ਰੀਅਤ ਕਾਨੂੰਨ ਲਾਗੂ ਹੈ ਤੇ ਹਰ ਕੋਈ ਇਸ ਮੰਨੇ…।”
“ਫਿਰ ਤੁਹਾਨੂੰ ਫੜਿਆ ਕਦੋਂ?” ਮੈਂ ਵਿਚਕਾਰੋਂ ਟੋਕਦਿਆਂ ਪੁੱਛਿਆ।
“ਉਹੀ ਦੱਸ ਰਿਹਾਂ। ਉਨ੍ਹਾਂ ਦੇ ਆਉਣ ਨਾਲ ਈ ਫੋਨ ਤੇ ਇੰਟਰਨੈਟ ਡੈਡ ਹੋ ਗਏ। ਕੋਈ ਕਿਸੇ ਨਾਲ ਗੱਲ ਨ੍ਹੀਂ ਕਰ ਸਕਦਾ ਸੀ। ਸਭ ਘਰਾਂ ਅੰਦਰ ਤੜ ਗਏ ਸਨ। ਉਸ ਇਲਾਕੇ ‘ਚ ਜ਼ਿਆਦਾ ਆਬਾਦੀ ਆਪਣੇ ਲੋਕਾਂ ਦੀ ਈ ਹੈ। ਅਗਲੇ ਦਿਨ ਸਵੇਰੇ ਈ ਉਹ ਫਿਰ ਆ ਗਏ ਤੇ ਸਭ ਨੂੰ ਘਰਾਂ ‘ਚੋਂ ਕੱਢਣ ਲੱਗੇ। ਜੇ ਕੋਈ ਹੁਕਮ ਨਾ ਮੰਨਦਾ, ਉਸ ਨੂੰ ਉਥੇ ਈ ਗੋਲੀ ਮਾਰ ਦਿੰਦੇ। ਦੋ ਕੁ ਘੰਟਿਆਂ ‘ਚ ਈ ਉਹ ਲੋਕਾਂ ਨੂੰ ਗਰੁੱਪਾਂ ‘ਚ ਲੈ ਤੁਰੇ। ਪੈਦਲ ਤੋਰਦੇ ਅੱਗੇ ਰੋਕ ਕੇ ਕਹਿੰਦੇ, ਜੋ ਮੁਸਲਮਾਨ ਬਣਨ ਨੂੰ ਤਿਆਰ ਨੇ, ਉਹ ਇਕ ਪਾਸੇ ਹੋ ਜਾਣ ਪਰ ਕੋਈ ਵੀ ਉਸ ਪਾਸੇ ਨਾ ਹੋਇਆ। ਫਿਰ ਸ਼ਹਿਰੋਂ ਬਾਹਰ ਲਿਜਾ ਕੇ ਗਰੁੱਪ ਨੂੰ ਦੂਰ ਖੇਤਾਂ ਵਲ ਲੈ ਤੁਰਦੇ ਸਨ। ਹਰ ਗਰੁੱਪ ‘ਚੋਂ ਲੋਕ ਭੱਜਣ ਦੀ ਕੋਸ਼ਿਸ਼ ਕਰਦੇ। ਕੁਛ ਬਚ ਰਹਿੰਦੇ ਪਰ ਬਹੁਤਿਆਂ ਨੂੰ ਉਨ੍ਹਾਂ ਦੀ ਗੋਲੀ ਮਾਰ ਮੁਕਾਉਂਦੀ। ਮੇਰੇ ਗਰੁੱਪ ‘ਚੋਂ ਜੋ ਭੱਜੇ, ਮੈਂ ਵੀ ਉਨ੍ਹਾਂ ‘ਚ ਸੀ…।”
ਗੱਲ ਕਰਦਾ ਜਾਲੋ ਰੁਕਿਆ ਤਾਂ ਮੈਂ ਵਿਚਾਲੇ ਨਾ ਬੋਲੀ। ਉਹ ਆਪ ਹੀ ਅਗਾਂਹ ਦੱਸਣ ਲੱਗਾ, “ਮੈਂ ਬਚ ਰਿਹਾ ਤੇ ਸਿੰਜਾਰ ਪਹਾੜੀ ਵਲ ਜਾ ਰਹੇ ਕਾਫਲੇ ‘ਚ ਰਲ ਗਿਆ। ਜਿਉਂ ਜਿਉਂ ਕਾਫਲਾ ਅੱਗੇ ਜਾ ਰਿਹਾ ਸੀ, ਆਲੇ ਦੁਆਲਿਉਂ ਹੋਰ ਲੋਕ ਇਸ ‘ਚ ਰਲਦੇ ਜਾ ਰਹੇ ਸਨ। ਇਹ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਸਨ ਜੋ ਇਸਲਾਮਕ ਸਟੇਟ ਵਾਲਿਆਂ ਦਾ ਆਉਣਾ ਸੁਣ ਕੇ ਪਿੰਡ ਛੱਡ ਤੁਰੇ ਸਨ। ਨੇੜੇ ਜਾ ਕੇ ਤਾਂ ਇਹ ਹਜ਼ਾਰਾਂ ਲੋਕਾਂ ਦਾ ਕਾਫਲਾ ਬਣ ਗਿਆ। ਸੜਕ ਭੀੜੀ ਸੀ, ਲੋਕ ਜ਼ਿਆਦਾ ਸਨ। ਬਿਮਾਰ ਤੇ ਵਡੇਰੀ ਉਮਰ ਦੇ ਲੋਕ ਰਾਹ ‘ਚ ਹੀ ਰਹਿ ਗਏ ਸਨ। ਲੋਕ ਇਕ ਦੂਜੇ ਤੋਂ ਬੇਪ੍ਰਵਾਹ ਵਾਹੋ-ਦਾਹੀ ਤੁਰ ਰਹੇ ਸਨ। ਸਭ ਦੇ ਦਿਲਾਂ ‘ਚ ਬੜਾ ਵੱਡਾ ਡਰ ਸੀ ਕਿ ਕਿਸੇ ਵੇਲੇ ਵੀ ਪਿੱਛੋਂ ਉਹ ਆ ਜਾਣਗੇ ਤੇ ਗੋਲੀ ਮਾਰ ਦੇਣਗੇ। ਰਾਹ ‘ਚ ਵੇਖਿਆ ਕਿ ਸੜਕ ਕਿਨਾਰੇ ਬੜੇ ਲੋਕਾਂ ਦੀਆਂ ਲਾਸ਼ਾਂ ਪਈਆਂ ਸਨ। ਇਹ ਸ਼ਾਇਦ ਸਾਡੇ ਤੋਂ ਪਹਿਲਾਂ ਕਿਸੇ ਕਾਫਲੇ ‘ਚੋਂ ਪਛੜੇ ਲੋਕ ਸਨ। ਰੱਬ ਦਾ ਸ਼ੁਕਰ ਐ ਕਿ ਮੈਂ ਕਿਵੇਂ ਨਾ ਕਿਵੇਂ ਇਥੇ ਪਹੁੰਚ ਗਿਆ।”
“ਭਾਈ ਸ਼ੁਕਰ ਐ ਕਿ ਤੂੰ ਬਚ ਗਿਐਂ। ਤੂੰ ਹੁਣ ਅੱਗੇ ਕੀ ਕਰੇਂਗਾ?” ਮੈਂ ਪੁੱਛਿਆ ਤਾਂ ਉਹ ਉਦਾਸ ਲਹਿਜੇ ‘ਚ ਬੋਲਿਆ, “ਕਰਨਾ ਕੀ ਐ, ਮੈਂ ਤਾਂ ਤੁਹਾਡੇ ਕੋਲ ਈ ਆ ਜਾਵਾਂਗਾ। ਜ਼ਰਾ ਕੁ ਆਲੇ ਦੁਆਲੇ ਵੇਖ ਲਵਾਂ, ਜਿਵੇਂ ਈ ਮੌਕਾ ਮਿਲਿਆ, ਮੈਂ ਪਿੰਡ ਆ ਜਾਣਾ ਐਂ, ਕਿਉਂਕਿ ਇਥੇ ਭੁੱਖ ਨਾਲ ਬੁਰਾ ਹਾਲ ਐ। ਸਾਰਾ ਪਹਾੜ ਆਪਣੇ ਲੋਕਾਂ ਨਾਲ ਭਰਿਆ ਪਿਐ। ਨਾ ਕਿਸੇ ਕੋਲ ਕੁਛ ਖਾਣ ਨੂੰ ਐ ਤੇ ਨਾ ਪੀਣ ਨੂੰ। ਲੋਕ ਵਿਲਕਦੇ ਫਿਰਦੇ ਐ। ਪਿਛਲੇ ਦਿਨੀਂ ਅਮਰੀਕਨਾਂ ਦੇ ਜਹਾਜ ਉਪਰੋਂ ਖਾਣ ਪੀਣ ਦੀਆਂ ਵਸਤਾਂ ਸੁੱਟ ਕੇ ਗਏ ਸਨ ਪਰ ਉਹ ਲੋਕਾਂ ਤੱਕ ਬਹੁਤ ਘੱਟ ਪਹੁੰਚੀਆਂ ਨੇ। ਪਹਾੜ ਬਹੁਤ ਵੱਡਾ ਐ ਤੇ ਉਪਰੋਂ ਪਤਾ ਨ੍ਹੀਂ ਲੱਗਦਾ ਹੋਣਾ ਕਿ ਕਿਥੇ ਕਰਕੇ ਚੀਜ਼ਾਂ ਸੁੱਟਣੀਆਂ ਨੇ।”
ਕੁਝ ਕੁ ਹੋਰ ਗੱਲਾਂ ਕਰਦਿਆਂ ਜਾਲੋ ਨੇ ਫੋਨ ਕੱਟ ਦਿੱਤਾ। ਉਸ ਨੇ ਦੱਸਿਆ ਸੀ ਕਿ ਉਸ ਨੇ ਕਿਸੇ ਦਾ ਫੋਨ ਲੈ ਕੇ ਕਾਲ ਕੀਤੀ ਹੈ ਅਤੇ ਉਹ ਫੋਨ ਬਚਾ ਕੇ ਰੱਖਣਾ ਚਾਹੁੰਦੇ ਨੇ ਤਾਂ ਕਿ ਫਿਰ ਇਸ ਦੀ ਵਰਤੋਂ ਕਰ ਸਕਣ। ਉਸ ਨੇ ਇਹ ਵੀ ਦੱਸਿਆ ਸੀ ਕਿ ਪਹਾੜ ‘ਤੇ ਵਸਦੇ ਬਾਸ਼ਿੰਦੇ, ਉਪਰ ਸ਼ਰਨ ਲਈ ਆਏ ਲੋਕਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ ਪਰ ਗਿਣਤੀ ਇੰਨੀ ਵੱਡੀ ਹੈ ਕਿ ਮਦਦ ਪੂਰੀ ਨਹੀਂ ਹੁੰਦੀ। ਬਹੁਤੇ ਲੋਕ ਖਾਸ ਕਰਕੇ ਨਿੱਕੇ ਨਿਆਣੇ ਅਤੇ ਬਜੁਰਗ ਭੁੱਖ ਪਿਆਸ ਨਾਲ ਮਰ ਰਹੇ ਹਨ।
ਜਿਉਂ ਹੀ ਮੈਂ ਫੋਨ ਕੱਟਿਆ ਤਾਂ ਸਾਰੇ ਮੇਰੇ ਵਲ ਹੀ ਵੇਖ ਰਹੇ ਸਨ। ਉਹ ਮੈਥੋਂ ਜਾਲੋ ਦੀਆਂ ਦੱਸੀਆਂ ਗੱਲਾਂ ਸੁਣਨੀਆਂ ਚਾਹੁੰਦੇ ਸਨ। ਮੈਂ ਹੌਲੀ-ਹੌਲੀ ਸਾਰੀ ਗੱਲਬਾਤ ਸੁਣਾ ਦਿੱਤੀ। ਅਚਾਨਕ ਖਾਲਦ ਨੇ ਪੁੱਛਿਆ, “ਪਰ ਇਸਲਾਮਕ ਸਟੇਟ ਵਾਲੇ ਸਿੰਜਾਰ ਪਹਾੜ ‘ਤੇ ਜਾ ਕੇ ਵੀ ਤਾਂ ਲੋਕਾਂ ਨੂੰ ਮਾਰ ਸਕਦੇ ਨੇ।”
ਮਾਂ ਉਸ ਦੀ ਗੱਲ ਸੁਣ ਕੇ ਕੁਝ ਦੇਰ ਉਹਦੇ ਚਿਹਰੇ ਵਲ ਝਾਕੀ ਤੇ ਫਿਰ ਕਹਿਣ ਲੱਗੀ, “ਨ੍ਹੀਂ, ਉਥੇ ਨ੍ਹੀਂ ਉਹ ਜਾ ਸਕਦੇ, ਕਿਉਂਕਿ ਸਿੰਜਾਰ ਪਹਾੜ ਬਹੁਤ ਵੱਡਾ ਐ। ਕਰੀਬ ਸੌ ਮੀਲ ਲੰਬੇ ਇਲਾਕੇ ‘ਚ ਫੈਲਿਆ ਹੋਇਆ ਐ ਤੇ ਅਨੇਕਾਂ ਮੀਲ ਚੌੜਾ ਐ। ਉਪਰਲੇ ਪਾਸੇ ਇਹ ਤੁਰਕੀ ਨਾਲ ਜਾ ਲੱਗਦਾ ਐ। ਇਸ ਦੇ ਦੂਜੇ ਪਾਸੇ ਸੀਰੀਆ ਐ। ਪਹਾੜ ਬੜਾ ਊਬੜ ਖਾਬੜ ਐ। ਕਿਤੇ ਸੁਰੰਗਾਂ ਨੇ, ਕਿਤੇ ਹੋਰ ਲੁਕਣ ਦੀਆਂ ਥਾਂਵਾਂ ਨੇ। ਬਾਹਰਲਿਆਂ ਜਾਂ ਅਣਜਾਣ ਲੋਕਾਂ ਨੂੰ ਉਥੇ ਕੁਛ ਪਤਾ ਨ੍ਹੀਂ ਲੱਗਦਾ ਕਿ ਕਿਧਰ ਨੂੰ ਜਾਣਾ ਐਂ। ਉਪਰ ਛੋਟੇ-ਛੋਟੇ ਬਹੁਤ ਸਾਰੇ ਪਿੰਡ ਵੀ ਨੇ ਜੋ ਜਾਜ਼ੀਦੀ ਲੋਕਾਂ ਦੇ ਈ ਨੇ। ਇਸ ਤੋਂ ਬਿਨਾ ਸਾਡੇ ਮੰਦਿਰ ਵੀ ਪਹਾੜ ਉਪਰ ਈ ਨੇ। ਸਦੀਆਂ ਤੋਂ ਸਾਡੇ ਲੋਕ ਇਸ ਪਹਾੜ ‘ਤੇ ਪਨਾਹ ਲੈ ਕੇ ਜਾਨ ਬਚਾਉਂਦੇ ਆਏ ਨੇ। ਪਹਾੜ ਦੀ ਬਣਤਰ ਈ, ਉਥੇ ਗਏ ਲੋਕਾਂ ਨੂੰ ਬਚਾਉਂਦੀ ਐ। ਇਸੇ ਕਰਕੇ ਜੋ ਸਿੰਜਾਰ ਪਹਾੜ ‘ਤੇ ਪਹੁੰਚ ਗਿਆ, ਸਮਝੋ ਰੱਬ ਦੀ ਸੁਰੱਖਿਆ ‘ਚ ਜਾ ਵੜਿਆ।”
ਕਾਫੀ ਰਾਤ ਹੋ ਚੁਕੀ ਸੀ। ਜਾਲੋ ਦਾ ਫੋਨ ਆ ਜਾਣ ਕਰਕੇ ਸਾਰੇ ਖੁਸ਼ ਸਨ। ਪਿਛਲੇ ਦਿਨਾਂ ਦੀ ਉਦਾਸੀ ਖਤਮ ਹੋ ਗਈ ਸੀ। ਮਨਾਂ ‘ਤੇ ਪਿਆ ਬੋਝ ਲਹਿ ਗਿਆ ਸੀ। ਮਾਂ ਨੇ ਸਭ ਨੂੰ ਸੌਂ ਜਾਣ ਦੀ ਹਦਾਇਤ ਕੀਤੀ ਤਾਂ ਸਾਰੇ ਚੁੱਪ ਹੋ ਗਏ। ਮੈਂ ਚੁੱਪ ਹੋਈ ਨੇ ਉਤੇ ਅਸਮਾਨ ਵਲ ਨਜ਼ਰ ਮਾਰੀ। ਚੰਨ ਚਾਨਣੀ ਰਾਤ ਝਿਲਮਿਲ-ਝਿਲਮਿਲ ਕਰ ਰਹੀ ਸੀ। ਅਸਮਾਨ ਬੜਾ ਸਾਫ ਸੀ। ਪਹਿਲਾਂ ਕੁਝ ਹੁੰਮਸ ਸੀ। ਫਿਰ ਥੋੜ੍ਹੀ-ਥੋੜ੍ਹੀ ਹਵਾ ਰੁਮਕਣੀ ਸ਼ੁਰੂ ਹੋ ਗਈ ਤੇ ਪਤਾ ਹੀ ਨਾ ਲੱਗਾ, ਕਦੋਂ ਨੀਂਦ ਨੇ ਘੇਰ ਲਿਆ।
(ਚਲਦਾ)