ਕਿਰਤ-ਕਮਾਈ ਦੀ ਕੀਰਤੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸੂਰਜ ਚੜ੍ਹਨ ਤੋਂ ਪਿਛੋਂ ਡੁੱਬਣ ਵੇਲੇ ਆਈ ਸ਼ਾਮ ਤੋਂ ਲੈ ਕੇ ਜੀਵਨ ਦੀ ਸ਼ਾਮ ਦਾ ਵਿਖਿਆਨ ਕਰਦਿਆਂ ਕਿਹਾ ਸੀ, “ਸ਼ਾਮ, ਜੀਵਨ ਦਾ ਅਜਿਹਾ ਪਹਿਰ, ਜੋ ਮਨੁੱਖੀ ਭਾਵਨਾਵਾਂ ਦੇ ਨਾਮ ਸੰਤੋਖ ਤੇ ਸੁਖਨ ਕਰਦਾ। ਹੰਭੇ ਹਾਰੇ ਪੈਰਾਂ ਨੂੰ ਅਰਾਮ ਦਾ ਸੱਦਾ ਅਤੇ ਸੋਚ ਦੀਆਂ ਰੁਆਂਸੀਆਂ ਖਲਜਗਣਾਂ ਵਿਚ ਤਾਜ਼ਗੀ।

ਅਗਲੇ ਦਿਨ ਲਈ ਨਵਾਂ ਉਤਸ਼ਾਹ, ਹੰਭੇ ਹਾਰੇ ਪਲਾਂ ਦੇ ਨਾਮ ਕਰਦਾ ਅਤੇ ਸੁੱਖਦ ਪਲਾਂ ‘ਚੋਂ ਜੀਵਨ ਦੇ ਸਮੁੱਚ ਦੀ ਨਿਸ਼ਾਨਦੇਹੀ ਕਰਦਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਿਰਤ ਦੀ ਪਾਕੀਜ਼ਗੀ ਅਤੇ ਇਸ ਦੀਆਂ ਨਿਆਮਤਾਂ ਦੀ ਗੱਲ ਕੀਤੀ ਹੈ। ਬਾਬੇ ਨਾਨਕ ਵਲੋਂ ਕਰਤਾਰਪੁਰ ਵਿਚ ਆਪ ਹਲ ਚਲਾ ਕੇ ਦਿੱਤੇ ਗਏ ਕਿਰਤ ਦੀ ਸੁੱਚਮ ਦੇ ਸੁਨੇਹੇ ਦਾ ਹਵਾਲਾ ਦਿੰਦਿਆਂ ਕਹਿੰਦੇ ਹਨ, “ਕਿਰਤੀ ਬਾਬੇ ਨਾਨਕ ਦੇ ਪੈਰਾਂ ਦੀਆਂ ਫਟੀਆਂ ਬਿਆਈਆਂ, ਹੱਥਾਂ ‘ਤੇ ਪਏ ਰੱਟਣਾਂ, ਸੁੱਕੀਆਂ ਪਿੰਜਣੀਆਂ ਅਤੇ ਕਰੜ-ਬਰੜੀ ਦਾਹੜੀ ਜਿਹਾ ਸਰੂਪ, ਮਨ-ਮਸਤਕ ਵਿਚ ਕਿਆਸਣਾ, ਤੁਹਾਨੂੰ ਬਾਬੇ ਨਾਨਕ ਦੀ ਵਿਸ਼ਾਲ ਸੋਚ ਅਤੇ ਉਸ ਦੀ ਕਰਮਸ਼ੀਲਤਾ ਵਿਚ ਕਿਰਤ ਦੀ ਅਹਿਮੀਅਤ ਦਾ ਅੰਦਾਜ਼ਾ ਹੋ ਜਾਵੇਗਾ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਕਿਰਤ, ਸੱਚੀ-ਸੁੱਚੀ ਕਾਰਜ-ਕੁਸ਼ਲਤਾ, ਇਮਾਨਦਾਰੀ ਨਾਲ ਕੀਤੀ ਇੱਛਾ-ਇਬਾਦਤ ਅਤੇ ਇਸ ‘ਚੋਂ ਬੂੰਦ-ਬੂੰਦ ਕਿਰਦੀ ਇਨਾਇਤ।
ਕਿਰਤ-ਸਾਧਨਾ, ਸੰਘਣੀ ਆਸਥਾ ਨੂੰ ਕਰਮਸ਼ੈਲੀ ਵਿਚ ਸਮਾਉਣ ਦੀ ਪ੍ਰਕ੍ਰਿਆ, ਜਿਸ ‘ਚੋਂ ਹੁੰਦੀ ਏ ਕਿਰਤ ਦੀ ਉਚਮ ਅਤੇ ਸੁੱਚਮ ਦੀ ਬੂੰਦਾ-ਬਾਂਦੀ। ਇਸ ‘ਚ ਭਿੱਜਦੀ ਰੂਹ, ਜੀਵਨ-ਧਾਰਾ ਲਈ ਚਿਰੰਜੀਵਤਾ।
ਕਿਰਤ-ਕਮਾਈ, ਕਿਰਤ ਵਿਚੋਂ ਤ੍ਰਿਪ-ਤ੍ਰਿਪ ਚੋ ਰਿਹਾ ਮਾਖਿਉਂ, ਕੱਚੇ ਦੁੱਧ ਦੀਆਂ ਧਾਰਾਂ ਵਰਗੀ ਤਾਜ਼ਗੀ, ਮਹਿਕ ਤੇ ਤੰਦਰੁਸਤੀ ਦਾ ਨਾਮ ਅਤੇ ਜ਼ਿੰਦਗੀ ਦੇ ਹਰ ਪਲ ਲਈ ਸੁੱਚਮ ਦਾ ਪੈਗਾਮ।
ਕਿਰਤ-ਕਮਲ, ਡਾਲ ਨੂੰ ਲੱਗੀ ਡੋਡੀ ਵਿਚੋਂ ਹੌਲੀ ਹੌਲੀ ਖਿੜ ਰਹੇ ਫੁੱਲ ਦਾ ਮੁੜਕਾ-ਮੁਹਾਂਦਰਾ, ਬਿਰਖ ਦੀ ਟਾਹਣ ‘ਤੇ ਨਿੱਕੀਆਂ ਤੇ ਕੋਮਲ ਕਰੂੰਬਲਾਂ ਦੀ ਜੁਗਲਬੰਦੀ, ਛੋਟੇ ਛੋਟੇ ਪੁੰਗਾਰਿਆਂ ਦੀ ਵਿਸਮਾਦੀ ਹਰਿਆਵਲ ਅਤੇ ਬਿਰਖ-ਪਿੰਡੇ ਨੂੰ ਯੁੱਗ ਜਿਉਣ ਦਾ ਵਰਦਾਨ।
ਕਿਰਤ, ਕਾਰ ਨੂੰ ਯਾਰ ਬਣਾਉਣ ਦਾ ਉਦਮ, ਕੰਮ ਨੂੰ ਪਾਕੀਜ਼ਗੀ ਦੀ ਪਾਹੁਲ ਅਤੇ ਇਸ ਦੀ ਪੂਰਨਤਾ ‘ਚੋਂ ਕੰਮਕਾਜ਼ੀ ਰੂਹ ਨੂੰ ਮਿਲਿਆ ਆਰਾਮ। ਕਿਰਤ ਕਰੇਂਦੇ ਹੱਥ ਕਦੇ ਨਹੀਂ ਵਿਹਲੇ ਬਹਿੰਦੇ। ਉਨ੍ਹਾਂ ਦੀ ਸੋਚ ਵਿਚ ਕੁਝ ਚੰਗੇਰਾ ਕਰਨ ਦਾ ਚਾਅ ਘਨੇਰਾ ਅਤੇ ਜਿੰਦ-ਬਨੇਰੇ ਤੋਂ ਉਤਰਦਾ ਸਵੇਰਾ।
ਕਿਰਤ, ਕਾਮਨਾ ‘ਚੋਂ ਉਗਮਦੀ। ਚਾਹਨਾ ਨੂੰ ਕਰਮ-ਜਾਚਨਾ ਬਣਾਉਂਦੀ ਅਤੇ ਕਰਮਯੋਗਤਾ ਨੂੰ ਸਾਹਾਂ ਦੇ ਨਾਮ ਲਾਉਂਦੀ। ਕਰਮ-ਧਰਾਤਲ ਵਿਚੋਂ ਸੁੱਚੇ ਫੁੱਲਾਂ ਜਿਹੀ ਕਰਮ-ਸਾਧਨਾ ਕਮਾਉਂਦੀ ਅਤੇ ਜੀਵਨ ਪੱਲੂ ਵਿਚ ਕਿਰਤ-ਕਮਾਈ ਪਾਉਂਦੀ।
ਕਿਰਤ, ਖੁਦ ਨਾਲ ਜੁੜ ਕੇ ਆਪੇ ਨੂੰ ਵਿਸਥਾਰਨਾ, ਆਪਣੀ ਸਮਰੱਥਾ ਤੇ ਸਾਧਨਾਂ ਨੂੰ ਵੰਗਾਰਨਾ ਅਤੇ ਅਸੰਭਵ ਕਾਰਜਾਂ ਨੂੰ ਨੇਪਰੇ ਚਾੜ੍ਹ ਆਪਣੀ ਜਿੱਦ ਅਤੇ ਸਮਰਪਣ ਦੀ ਆਰਤੀ ਉਤਾਰਨਾ।
ਕਿਰਤ, ਕਮੀਨਗੀ ਨੂੰ ਉਲਾਹਮਾ, ਕੁਤਾਹੀਆਂ ਤੋਂ ਦੂਰੀ ਅਤੇ ਕੋਝੇਪਣ ਤੋਂ ਫਾਸਲਾ। ਕਿਰਤ ਤਾਂ ਸੁੱਚਮ, ਸਾਦਗੀ ਅਤੇ ਸੁੰਦਰਤਾ ਦਾ ਦੂਜਾ ਨਾਮ ਅਤੇ ਇਸ ਨਾਲ ਹੀ ਹੁੰਦਾ ਮਨੁੱਖੀ ਮਨ ਵਿਚ ਮਾਨਵਤਾ ਦਾ ਅਲਹਾਮ।
ਕਿਰਤ ਨੂੰ ਖੁਦ ਨਾਲ ਜੋੜ, ਖੁਦ ਵਿਚੋਂ ਕਿਰਤ-ਕਾਮਨਾ ਉਪਜਾ ਅਤੇ ਕਿਰਤ ਦਾ ਬਿੰਬ ਬਣਾ, ਸਮਾਜ ਲਈ ਰੋਲ-ਮਾਡਲ ਨੂੰ ਕਿਆਸ ਕੀਤਾ ਜਾ ਸਕਦਾ।
ਕਿਰਤ, ਕਈ ਰੂਪਾਂ, ਧਰਾਤਲਾਂ ਅਤੇ ਪਹਿਲੂਆਂ ਸੰਗ ਮਨੁੱਖੀ ਯੋਗਤਾ ਅਤੇ ਕਾਰਜ ਸ਼ੈਲੀ ਨੂੰ ਪਰਖਦੀ। ਮਨੁੱਖੀ ਮਨ ਦਾ ਹਿੱਸਾ ਬਣ ਚੁਕੀ ਕਿਰਤ ਹੀ ਆਪਣੀ ਅਲੱਗ ਪਛਾਣ ਸਿਰਜਦੀ। ਮਨ ਮਾਰ ਕੇ ਕੁਝ ਵੀ ਕਰਨ ਵਾਲਾ ਵਿਅਕਤੀ ਕਿਰਤੀ ਨਹੀਂ ਹੋ ਸਕਦਾ। ਕਿਰਤੀ ਬਣਨ ਲਈ ਤਾਂ ਰੂਹ ਦਾ ਸਮਰਪਣ ਅਤੇ ਰੂਹ ਦੀ ਭਾਈਵਾਲੀ ਹੀ ਕਿਰਤ-ਕਰਮ ਦਾ ਫਲ ਹੁੰਦਾ।
ਕਿਰਤ, ਸਰੀਰ ਦੀ ਅੰਗ-ਹਰਕਤ, ਦਿਮਾਗ ਦੀ ਪੈਦਾਇਸ਼ ਅਤੇ ਮਨ ਦੀ ਅੰਬਰ ਉਡਾਣ ਵਿਚਲੀ ਇਕਸੁਰਤਾ ਤੇ ਇਕਸਾਰਤਾ ਵਿਚੋਂ ਜਨਮ ਲੈ, ਨਵੀਆਂ ਬੁਲੰਦੀਆਂ ਬਣਦੀ।
ਕਿਰਤੀ ਹੱਥਾਂ ਨੇ ਭਵਿੱਖ-ਮੁਖੀ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਹੀ ਵੱਡੇ-ਵੱਡੇ ਅਦਾਰਿਆਂ ਨੂੰ ਜਨਮ ਦਿਤਾ। ਇਨ੍ਹਾਂ ਸਦਕਾ ਹੀ ਮਨੁੱਖ ਆਧੁਨਿਕ ਸਹੂਲਤਾਂ ਨੂੰ ਮਾਣਨ ਅਤੇ ਇਸ ਦੀ ਉਪਯੋਗਤਾ ਨੂੰ ਲਾਹੇਵੰਦ ਕਰਨ ਲਈ ਤਤਪਰ। ਕੁੱਲੀ, ਗੁੱਲੀ ਅਤੇ ਜੁੱਲੀ ਨਾਲ ਜੁੜੀਆਂ ਅਤਿ-ਆਧੁਨਿਕ ਸਹੂਲਤਾਂ ਮਨੁੱਖੀ ਸੋਚ ਦੀ ਭਵਿੱਖਮੁਖੀ ਉਡਾਣ ਦਾ ਹਾਸਲ। ਕਿਰਤੀ ਹੱਥ, ਕਿਰਤੀ ਹੱਥਾਂ ਨਾਲ ਮਿਲਦੇ ਤਾਂ ਕਿਰਤ-ਕਾਫਲਾ ਬਣਦਾ, ਜੋ ਕਿਰਤ-ਕਮਾਈ ਦੀ ਕੀਮਤ ਨੂੰ ਸਮਝ, ਇਸ ਦੀ ਸਦ-ਉਪਯੋਗਤਾ ਨੂੰ ਮਨੁੱਖੀ ਮਨ ਵਿਚ ਧਰਦਾ। ਕਾਮਿਆਂ ਦੀਆਂ ਕਾਮਨਾਵਾਂ ਤੇ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਕਦਰ ਕਰਨ ਵਾਲੇ ਲੋਕ ਹੀ ਸਫਲ ਵਿਅਕਤੀ ਹੁੰਦੇ। ਇਨ੍ਹਾਂ ਦੀ ਅਵੱਗਿਆ ਵਿਚੋਂ ਹੀ ਕਿਰਤ ਦਾ ਸ਼ੋਸ਼ਣ ਅਤੇ ਕਿਰਤੀਆਂ ਦੀ ਭੁੱਖਮਰੀ ਦਾ ਕਾਰਨ ਬਣਦਾ, ਜੋ ਹੌਲੀ ਹੌਲੀ ਕਿਰਤੀ ਨੂੰ ਹਜ਼ਮ ਕਰ ਜਾਂਦਾ, ਮਾਲਕ ਦਾ ਵੀ ਆਖਰੀ ਫਾਤਿਹਾ ਪੜ੍ਹ ਜਾਂਦਾ। ਕਿਰਤੀਆਂ ਨੂੰ ਮਾਰਨਾ ਦਰਅਸਲ ਕਿਰਤ ਤੇ ਕੀਰਤੀ ਨੂੰ ਕਤਲ ਕਰਨਾ, ਮਨੁੱਖੀ ਵਿਨਾਸ਼ ਦਾ ਪਹਿਲਾ ਕਦਮ। ਕਿਰਤ ਜਿਉਂਦੀ ਹੋਵੇ ਤਾਂ ਮਨੁੱਖਤਾ ਜਿਉਂਦੀ ਅਤੇ ਸਮਾਜ ਨੂੰ ਕਿਰਤੀ-ਸਮਾਜ ਦਾ ਲਕਬ ਮਿਲਦਾ।
ਕਿਰਤ ਜਦ ਕਲਮ ਨੂੰ ਆਪਣਾ ਧਰਮ ਬਣਾਉਂਦੀ ਤਾਂ ਇਹ ਮਾਨਵੀ ਵਿਚਾਰਾਂ ਤੇ ਸਰੋਕਾਰਾਂ ਨੂੰ ਅਪਨਾਉਂਦੀ ਅਤੇ ਸੁੱਤ-ਉਨੀਂਦੀਆਂ ਸੋਚਾਂ ‘ਚ ਕੁਝ ਕਰਨ ਦਾ ਜਾਗ ਲਾਉਂਦੀ। ਮਨੁੱਖੀ ਮਨ ਦੀ ਸਮਰੱਥਾ ਅਤੇ ਸੋਚ-ਦਿਸਹੱਦਿਆਂ ‘ਚ ਸੁਪਨ-ਮੰਡਲ ਸਜਾਉਂਦੀ ਅਤੇ ਇਨ੍ਹਾਂ ਦੀ ਪੂਰਨਤਾ ਹੀ ਮਨੁੱਖ ਨੂੰ ਪੂਰਨ ਬਣਾਉਂਦੀ। ਕਲਮ ਦੀ ਅਣਕਿਆਸੀ ਤਾਕਤ ਹੀ ਤਖਤਾਂ ਨੂੰ ਉਲਟਾਉਂਦੀ ਅਤੇ ਭੁਰ ਰਹੇ ਸਮਾਜ ਦੀ ਤਾਕਤ ਬਣ, ਸਮਾਜਕ-ਸਦੀਵਤਾ ਨੂੰ ਆਪਣਾ ਅਕੀਦਾ ਬਣਾਉਂਦੀ। ਕਲਮ ਹੀ ਹੁੰਦੀ, ਜੋ ਫੱਟੀ ਦੇ ਪੂਰਨਿਆਂ ‘ਚੋਂ ਹੀ ਸੂਖਮ ਤੇ ਸੁੱਚੀ ਸੋਚ ਦੀ ਦੱਸ ਪਾਉਂਦੀ। ਅਜਿਹੀਆਂ ਪੈੜਾਂ ਹੀ ਨਵੀਆਂ ਤਰਜ਼ੀਹਾਂ, ਤਦਬੀਰਾਂ ਅਤੇ ਤਕਦੀਰਾਂ ਦੀ ਤਹਿਜ਼ੀਬ ਹੁੰਦੀਆਂ। ਕਲਮੀ ਕਿਰਤ ਦਾ ਨਹੀਂ ਕੋਈ ਹਾਣ। ਇਹ ਹੈ, ਮਨੁੱਖ ਦੇ ਨੈਣ-ਪਰਾਣ। ਇਸ ‘ਚੋਂ ਉਪਜੇ ਯੁੱਗਾਂ ਦਾ ਜਿਉਣ ਅਤੇ ਵਕਤ ਦੀ ਪਛਾਣ। ਕਲਮ-ਕਿਰਤੀਆਂ ਦਾ ਜਦ ਸਮਾਜ ਕਰੇ ਸਨਮਾਨ, ਤਾਂ ਭਵਿੱਖ ਦੇ ਸਿਰ ਚੜ੍ਹਦੇ ਬਹੁਤ ਸਾਰੇ ਅਹਿਸਾਨ। ਇਨ੍ਹਾਂ ਨੂੰ ਉਤਾਰਦਿਆਂ ਹੀ ਉਮਰਾਂ ਦਾ ਪੈਂਡਾ ਬਣਦਾ ਰਾਹਾਂ ਦੀ ਸ਼ਾਨ। ਮਹਾਨ ਚਿੰਤਕ, ਸਾਹਿਤਕਾਰ ਅਤੇ ਸ਼ੈਲੀਕਾਰਾਂ ਨੇ ਹਰਫ-ਅਰਾਧਨਾ ਵਿਚੋਂ ਹੀ ਹਰਫਾਂ ਦੀ ਬੰਦਗੀ ਮਾਣੀ। ਹਰਫ-ਕਿਰਤ ਰਾਹੀਂ ਮਨੁੱਖੀ ਕਿਰਦਾਰ ਦੀ ਕਸ਼ੀਦਕਾਰੀ ਕੀਤੀ।
ਕਿਰਤ ਜਦ ਬੁਰਸ਼-ਛੋਹਾਂ ਨੂੰ ਆਪਣੀ ਕਰਮ-ਧਰਾਤਲ ਬਣਾਵੇ ਤਾਂ ਖਾਲੀ ਕੈਨਵਸ ਵਿਚੋਂ ਬਿੰਬਾਂ ਤੇ ਬੁੱਤਾਂ ਰਾਹੀਂ ਕਲਾ ਜਗਾਵੇ। ਕੈਨਵਸ ਵਿਚ ਧੜਕਣ ਉਪਜਾਵੇ। ਕੋਮਲ ਤੇ ਭਾਵਪੂਰਤ ਛੋਹਾਂ ਨਾਲ ਕਲਾ-ਕੀਰਤੀ ਨੂੰ ਭਾਗ ਲਾਵੇ। ਕੈਨਵਸ ‘ਤੇ ਉਕਰੇ ਚਿੱਤਰਾਂ, ਲਕੀਰਾਂ ਤੇ ਰੰਗਾਂ ਵਿਚੋਂ ਮਨੁੱਖੀ ਸੋਚ ਨੇ ਕਿਹੜੀ ਉਡਾਣ ਭਰਨੀ, ਕਿਹੜੇ ਭਾਵਾਂ ਦੀ ਨਿਸ਼ਾਨਦੇਹੀ ਕਰਨੀ ਅਤੇ ਕਿਹੜੀ ਅਰਥੀ ਨੀਝ ਨੂੰ ਵਿਸ਼ਾਲਤਾ ਅਰਪ ਕਰਨੀ, ਇਹ ਮਨੁੱਖੀ ਮਨ ਦੀ ਸਮਰੱਥਾ ਤੇ ਪੈਗੰਬਰੀ ਮਾਨਸਿਕਤਾ ‘ਤੇ ਨਿਰਭਰ। ਇਸ ਕਿਰਤ-ਕਲਾ ਰਾਹੀਂ ਮਹਾਨ ਚਿੱਤਰਕਾਰਾਂ ਨੇ ਕਲਾ-ਜਗਤ ਵਿਚ ਨਵੀਆਂ ਪੈੜਾਂ ਪਾਈਆਂ ਅਤੇ ਮਨੁੱਖ ਨੂੰ ਕਰਤਾਰੀ ਹੋਣ ਦਾ ਮਾਣ ਦਿਵਾਇਆ।
ਜਦ ਕਿਸੇ ਅਧਿਆਪਕ, ਡਾਕਟਰ, ਵਕੀਲ ਜਾਂ ਪੇਸ਼ੇਵਰ ਦੀ ਕਿਰਤ ਵਿਚੋਂ ਸਮਰਪਣ ਅਤੇ ਸੁੱਚਮ ਖਤਮ ਹੋ ਜਾਂਦੇ ਤਾਂ ਸਮਾਜ ਵਿਚ ਅਰਾਜਕਤਾ ਫੈਲਦੀ। ਕਿਰਤ ਵਿਚਲੀ ਬਦਨੀਤੀ ਅਤੇ ਕੁਤਾਹੀ ਹੀ ਕਮੀਨਗੀ ਤੇ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੀ। ਮਾਨਵੀ ਕੁਰੀਤੀਆਂ, ਕਮੀਆਂ ਅਤੇ ਕਾਲਖੀ ਵਰਤਾਰਿਆਂ ਦੀ ਨਵੀਂ ਹੱਦਬੰਦੀ ਸ਼ੁਰੂ ਹੁੰਦੀ, ਜੋ ਸਮਾਜ ਦੇ ਸੁਰਖ ਮੁਹਾਂਦਰੇ ਨੂੰ ਧੁਆਂਖਦੀ, ਲਾਹਨਤ ਤੇ ਕੋਹੜ ਬਣ ਕੇ ਸਮਾਜ ਨੂੰ ਚਿੰਬੜਦੀ। ਇਸ ਕਰਕੇ ਹੀ ਮਾਨਸਿਕ ਅਧਰੰਗਤਾ ਦਾ ਸ਼ਿਕਾਰ ਹੋ ਗਏ ਨੇ, ਸਮਾਜ ਦੇ ਸਿਰਜਣਹਾਰੇ ਅਧਿਆਪਕ, ਰੋਗ ਮਿਟਾਉਣ ਵਾਲੇ ਡਾਕਟਰ ਜਾਂ ਸੇਧ ਦੇਣ ਵਾਲੇ ਸਮਾਜਕ ਰਹਿਬਰ। ਅਜੋਕੇ ਸਮਾਜਕ ਵਰਤਾਰੇ ਵਿਚ ਨਜ਼ਰ ਆ ਰਹੀਆਂ ਖੁਨਾਮੀਆਂ ਮਨੁੱਖੀ ਕਿਰਦਾਰ ਦਾ ਨਿਘਾਰ ਹਨ।
ਸਮਾਜ ਵਿਚ ਨਫਰਤ, ਧਾਰਮਕ ਕੱਟੜਤਾ ਜਾਂ ਸਮਾਜਕ ਵੰਡੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਬੋਲ, ਮਨੁੱਖੀ ਖੂਨ ਤੇ ਮਾਸੂਮ ਜਾਨਾਂ ਨਾਲ ਖੇਡਣ ਵਾਲੇ ਦਰਿੰਦੇ ਅਤੇ ਬੰਬਾਂ ਤੇ ਗੋਲੀਆਂ ਦੀ ਭਾਸ਼ਾ ਬੋਲ ਰਹੇ ਚਿਹਰੇ, ਕਿਹੜੀ ਕਿਰਤ ਕਰ ਰਹੇ ਨੇ? ਕਿਹੜੀ ਕੀਰਤੀ ਨੂੰ ਜਨਮ ਦੇ ਰਹੇ ਨੇ? ਕੀ ਲਾਸ਼ਾਂ ਦੇ ਢੇਰ ‘ਤੇ ਝੂਲਦੇ ਝੰਡੇ, ਪੱਤ ਦੀ ਪੌੜੀ ਬਣਾ ਕੇ ਛੋਹੀ ਬੁਲੰਦੀ, ਕੀਰਨਿਆਂ ਨਾਲ ਮਨਾਏ ਜਾ ਰਹੇ ਜਸ਼ਨ ਜਾਂ ਵਿਲਕਦੇ ਬਾਲ ਦੀਆਂ ਲਿੱਲਕੜੀਆਂ ‘ਚ ਮਾਰੇ ਲਲਕਾਰੇ ਕੇਹੀ ਕਿਰਤ-ਕਾਮਨਾ ਦਾ ਆਧਾਰ ਏ?
ਕਿਰਤ ਨੂੰ ਕਾਮਨਾ ਤੇ ਕੀਰਤੀਮਾਨ ਨਾਲ ਜੋੜੋ। ਇਹ ਸਹਿਜ ਵਿਚੋਂ ਜਨਮਦੀ। ਮੁਫਾਦ, ਮਾਨ-ਸਨਮਾਨ ਜਾਂ ਸਮਾਜਕ ਪਛਾਣ ਨੂੰ ਕਿਆਸ ਕੇ ਕੀਤਾ ਹੋਇਆ ਕੰਮ, ਮਨੁੱਖੀ ਲਾਲਚ ਦੀ ਨਿਸ਼ਾਨੀ। ਲੋਭਵੰਤੇ ਕਾਰਜ ਵਿਚ ਕਦੇ ਵੀ ਪਵਿੱਤਰਤਾ ਤੇ ਪਾਹੁਲ ਨਹੀਂ ਹੁੰਦੀ।
ਮਾਂ ਸਭ ਤੋਂ ਵੱਡੀ ਕਿਰਤੀ ਅਤੇ ਉਸ ਦੀ ਕਿਰਤ-ਸਾਧਨਾ ਨੂੰ ਸਲਾਮ। ਉਹ ਆਪਣੀ ਕੁੱਖ ਵਿਚ ਜਿਸਮ ਦੇ ਟੁਕੜੇ ਨੂੰ ਪਾਲਦੀ, ਜਨਮ ਦਿੰਦੀ ਅਤੇ ਕੀਰਤੀ ਸਿਰਜਣਾ ਵਿਚ ਅਹਿਮ ਰੋਲ ਅਦਾ ਕਰਦੀ। ਫਿਰ ਅਰਦਾਸ ਕਰਦੀ ਕਿ ਉਹ ਆਪਣੇ ਕੀਰਤੀ ਦੀ ਪਛਾਣ ‘ਚੋਂ ਪਛਾਣੀ ਜਾਵੇ। ਮਾਂ ਦੀ ਕਿਰਤ ਦਾ ਨਹੀਂ ਕੋਈ ਮੁੱਲ। ਸਭ ਤੋਂ ਮਹਿੰਗੀ ਅਤੇ ਅਣਮੋਲ। ਸਿਰਜਣਹਾਰੀ, ਸਿਰਫ ਅਦਬ ਅਤੇ ਸਤਿਕਾਰ ਮੰਗਦੀ। ਵਕਤ ਦੀ ਕੇਹੀ ਤ੍ਰਾਸਦੀ ਕਿ ਔਲਾਦ ਆਪਣੀ ਮਾਂ ਨੂੰ ਹੀ ਅਦਬ ਦੇਣ ਤੋਂ ਇਨਕਾਰੀ। ਮਾਂ ਵਰਗੀ ਕਿਰਤਣ ਨੂੰ ਨਕਾਰਨਾ, ਮਾਨਵ-ਜਾਤੀ ਦੇ ਮੱਥੇ ਦਾ ਕਲੰਕ। ਪਰ ਅਸੀਂ ਇਸ ਨੂੰ ਧੋਣ ਲਈ ਨਹੀਂ ਕਰਦੇ ਕੋਈ ਵੀ ਉਜਰ।
ਕਿਰਤ ਜਦ ਬੋਲਾਂ ਦਾ ਬਾਣਾ ਪਾਉਂਦੀ ਤਾਂ ਇਹ ਸੰਤਾਂ, ਫਕੀਰਾਂ ਅਤੇ ਮਹਾਂ-ਗਿਆਨੀਆਂ ਦਾ ਰੁਤਬਾ ਪਾਉਂਦੀ। ਪਰ ਕਈ ਵਾਰ ਮਖੌਟਾਧਾਰੀ, ਬੋਲ-ਕਿਰਤ ਨੂੰ ਨਿੱਜੀ ਲਾਲਸਾਵਾਂ ਦੀ ਪੂਰਤੀ ਲਈ ਖਚਤ ਕਰ, ਸ਼ਰਧਾਲੂਆਂ ਦੀ ਆਸਥਾ ਦਾ ਮਖੌਲ ਉਡਾਉਂਦੇ, ਸਮੁੱਚੀ ਸੰਤਗਿਰੀ ਨੂੰ ਹੀ ਬਦਨਾਮ ਕਰ ਜਾਂਦੇ। ਅਜਿਹੇ ਬੋਲ-ਕਿਰਤੀਆਂ ਦੀ ਕਮੀਨਗੀ ਹੀ ਸੁੱਚੇ ਬੋਲਾਂ ਨੂੰ ਦਾਗੀ ਕਰ ਜਾਂਦੀ।
ਕੁਦਰਤ, ਸਭ ਤੋਂ ਵੱਡੀ ਕਿਰਤੀ। ਇਸ ਦੀ ਕ੍ਰਿਆਸ਼ੀਲਤਾ ਅਤੇ ਕੀਰਤੀਮਾਨਾਂ ਦਾ ਨਹੀਂ ਕੋਈ ਹਾਣੀ। ਇਸ ਦੀ ਪ੍ਰਤਿਭਾ ਨਹੀਂ ਜਾਂਦੀ ਸਾਥੋਂ ਪਛਾਣੀ। ਇਸ ਦੀ ਅਨੰਤਤਾ ਵਿਚ ਹੈ ਸਮੁੱਚੀ ਕਾਇਨਾਤ ਦੀ ਅਕੱਥ ਕਹਾਣੀ, ਜੋ ਇਨ੍ਹਾਂ ਸ਼ਬਦਾਂ ਨੇ ਕਿੰਜ ਹੈ ਸੁਣਾਉਣੀ?
ਇਕ ਕਿਰਤ ਅਸੀਂ ਬਾਹਰੀ ਰੂਪ ਵਿਚ ਕਰਦੇ। ਸਮਾਜਕ ਸਰੋਕਾਰਾਂ ਦੀ ਸੰਪੂਰਨਤਾ ਲਈ ਖੁਦ ਨੂੰ ਵਿਉਂਤਦੇ। ਸੁਚੱਜੇ ਅਤੇ ਸਾਂਵੇਂ ਸਰੂਪ ਲਈ ਉਚੇਚ ਕਰਦੇ, ਪਰ ਇਕ ਕੀਰਤੀ ਸਾਡੇ ਅੰਤਰੀਵ ਵਿਚ ਵੀ ਵੱਸਦੀ ਜੋ ਪ੍ਰਸ਼ਨਾਂ ਤੇ ਉਤਰਾਂ ‘ਚੋਂ ਖੁਦ ਨੂੰ ਵਿਸਥਾਰਨ ਲਈ ਪ੍ਰੇਰਦੀ। ਖੁਦ ਦੇ ਵਿਸਥਾਰ ਅਤੇ ਵਿਕਾਸ ਲਈ ਅਸੀਂ ਕਿੰਨੇ ਕੁ ਚੇਤੰਨ ਤੇ ਯਤਨਸ਼ੀਲ, ਇਹ ਸਾਨੂੰ ਹੀ ਸਭ ਤੋਂ ਵੱਧ ਪਤਾ।
ਕਿਰਤ ਜਦ ਕਰਮਯੋਗਤਾ, ਕੀਰਤੀਮਾਨ ਤੇ ਕਾਮਯਾਬੀਆਂ ਬਣ ਕੇ ਕਥਨੀਆਂ ਤੇ ਕਹਿਣੀਆਂ ਵਿਚਲਾ ਅੰਤਰ ਸਮੇਟਦੀ ਤਾਂ ਕੀਰਤੀ ਦਾ ਹਾਸਲ ਬਣਦੀ।
ਕਿਰਤ ਜਦ ਪ੍ਰੇਰਨਾ ‘ਚੋਂ ਪੈਦਾ ਹੁੰਦੀ ਤਾਂ ਕਿਰਤ ਦਾ ਸੁਹੰਢਣਾ ਰੂਪ ਮਾਨਵਤਾ ਦਾ ਮੁਹਾਂਦਰਾ ਸੰਵਾਰਨ ਅਤੇ ਲਿਸ਼ਕਾਉਣ ਵਿਚ ਅਹਿਮ ਹੁੰਦਾ।
ਕਿਰਤ ਦਾ ਕੋਈ ਬਦਲ ਨਹੀਂ। ਧਨ, ਸ਼ੋਹਰਤ, ਰੁਤਬਾ ਜਾਂ ਸਮਾਜਕ ਚੌਧਰ ਕਿਰਤ ਦਾ ਸਥਾਨ ਨਹੀਂ ਲੈ ਸਕਦੇ। ਕਿਰਤ ਦੀ ਘਾਟ ਕਾਰਨ ਹੀ ਕਈ ਵਾਰ ਬੌਧਿਕ ਤੇ ਚਿੰਤਕ ਲੋਕ ਜੀਵਨ-ਸਫਰ ਵਿਚ ਮਾਰ ਖਾ ਜਾਂਦੇ।
ਕਿਰਤ, ਆਤਮ-ਵਿਸ਼ਵਾਸ, ਸੋਚ-ਸਪੱਸ਼ਟਤਾ ਅਤੇ ਸੇਧਤ-ਕੋਸ਼ਿਸ਼ਾਂ ਹੀ ਸੰਧੂਰੀ ਸੁਪਨਿਆਂ ਦੀ ਸਫਲਤਾ ਦਾ ਸਬਬ ਬਣਦੀਆਂ ਨੇ ਜਿਨ੍ਹਾਂ ਨੂੰ ਜੀਵਨ ਵਿਚ ਅਪਨਾਉਣ ਦੀ ਸਭ ਤੋਂ ਵੱਧ ਲੋੜ। ਕਿਰਤ ਤੋਂ ਬਗੈਰ ਤਾਂ ਸੁਪਨੇ, ਸੁਪਨੇ ਹੀ ਰਹਿੰਦੇ। ਫਿਰ ਮਨੁੱਖ ਨੂੰ ਸੁਪਨਿਆਂ ਦੇ ਨੈਣਾਂ ਵਿਚ ਸਦੀਵੀ ਸਿੱਲ ਨਾਲ ਜਿਉਣ ਦਾ ਹਰਜਾਨਾ ਭੁਗਤਣਾ ਪੈਂਦਾ।
ਕਿਰਤ-ਕਲਮ ਨਾਲ ਸੁਪਨਿਆਂ ਦੀ ਇਬਾਦਤ ਲਿਖਣ ਵਾਲਿਆਂ ਦੀ ਜਿੰ.ਦਗੀ ਦੀ ਪੁਸਤਕ ਕਦੇ ਵੀ ਕੋਰੀ ਨਹੀਂ ਹੁੰਦੀ। ਇਸ ਦੀ ਹਰਫ-ਇਬਾਦਤ ਵਿਚ ਜੀਵਨ ਦੀਆਂ ਅਮੁੱਲੀਆਂ ਅਮਾਨਤਾਂ ਹੁੰਦੀਆਂ।
ਕਿਰਤ, ਸਫਲਤਾ ਦੀ ਪੌੜੀ ਏ, ਜਿਸ ਰਾਹੀਂ ਜੀਵਨ ਵਿਚ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ। ਕਿਰਤੀ ਸੁਭਾਅ ਵਿਚ ਜੇ ਹੌਂਸਲਾ ਅਤੇ ਸੋਚ-ਦ੍ਰਿੜਤਾ ਹੋਵੇ ਤਾਂ ਪੌੜੀਆਂ ਨਾਲ ਅੰਬਰ ਨੂੰ ਟਾਕੀ ਲਾਈ ਜਾ ਸਕਦੀ ਏ।
ਕਿਰਤ ਨਾਲ ਹੀ ਕਿਸਮਤ ਦੀਆਂ ਰੇਖਾਵਾਂ ਨੂੰ ਮਸਤਕ ‘ਤੇ ਖੁਣਿਆ ਜਾ ਸਕਦਾ। ਹੱਥਾਂ ਦੀਆਂ ਲਕੀਰਾਂ ਤਾਂ ਕਾਮਿਆਂ ਦੀ ਅਮਾਨਤ ਹੁੰਦੀਆਂ। ਕਦੇ ਬਜੁਰਗਾਂ ਦੀਆਂ ਹਥੇਲੀਆਂ ‘ਤੇ ਉਕਰੀਆਂ ਲਕੀਰਾਂ ਦੀ ਨਿਸ਼ਾਨਦੇਹੀ ਕਰਨੀ, ਤੁਹਾਨੂੰ ਉਨ੍ਹਾਂ ਦੀ ਮਿਹਨਤ ਅਤੇ ਮੁਸ਼ੱਕਤ ਦਾ ਅਹਿਸਾਸ ਹੋ ਜਾਵੇਗਾ।
ਕਿਰਤ ਸਾਹਵੇਂ ਹਾਲਾਤ ਬਦਲ ਜਾਂਦੇ ਅਤੇ ਮੁਸ਼ਕਿਲਾਂ ਮਿੱਟ ਜਾਂਦੀਆਂ। ਕਿਰਤੀ ਲੋਕ, ਕਿਰਤ ਦਾ ਅਜਿਹਾ ਮੁਜੱਸਮਾ ਬਣ ਜਾਂਦੇ ਕਿ ਕਿਰਤ-ਕਿਰਨਾਂ ਦਾ ਆਭਾ-ਮੰਡਲ ਮੁਖੜੇ ‘ਤੇ ਫੈਲ ਜਾਂਦਾ। ਕਿਰਤੀਆਂ ਲਈ ਹਰ ਵੇਲਾ ਹੀ ਸਵੇਰ ਹੁੰਦਾ। ਉਨ੍ਹਾਂ ਲਈ ਢਲਦੇ ਦਿਨ ਜਾਂ ਸ਼ਾਮ ਨਹੀਂ ਹੁੰਦੀ। ਉਨ੍ਹਾਂ ਦਾ ਬਨੇਰਾ ਤਾਂ ਉਗਦੇ ਸੂਰਜ ਦਾ ਅੰਬਰ ਹੁੰਦਾ।
ਕਿਰਤ ਦਾ ਪਸੀਨਾ ਵਹਾਉਣ ਵਾਲਿਆਂ ਨੂੰ ਆਪਣੀ ਅਸਫਲਤਾ ‘ਤੇ ਕਦੇ ਵੀ ਹੰਝੂ ਨਹੀਂ ਵਹਾਉਣੇ ਪੈਂਦੇ ਅਤੇ ਨਾ ਹੀ ਉਨ੍ਹਾਂ ਦੀ ਕਿਸਮਤ ਦਾ ਸੂਰਜ ਸਮੇਂ ਦੀ ਗਰਦਿਸ਼ ਵਿਚ ਅਲੋਪ ਹੁੰਦਾ। ਉਹ ਤਾਂ ਜ਼ਿੰਦਗੀ ਦੀ ਜ਼ਿੰਦਾਦਿਲੀ ਹੁੰਦੇ।
ਅਸੀਂ ਕਿਸੇ ਸਫਲ ਵਿਅਕਤੀ ‘ਤੇ ਰਸ਼ਕ ਕਰਦੇ ਹਾਂ, ਪਰ ਉਸ ਦੀ ਸਫਲਤਾ ਦਾ ਰਾਜ਼ ਸਮਝਣ ਲਈ ਉਸ ਵਲੋਂ ਘਾਲੀਆਂ ਘਾਲਨਾਵਾਂ, ਮਿਹਨਤੀ-ਮਾਰਗ ਅਤੇ ਸਿਰੜੀ-ਸਾਧਨਾ ਰਾਹੀਂ ਕੀਤੀ ਕਿਰਤ ਨੂੰ ਚੇਤਿਆਂ ਵਿਚ ਚਿੱਤਵਣਾ, ਤੁਹਾਨੂੰ ਸਫਲਤਾ ਦੇ ਰਾਜ਼ ਦੀ ਸਮਝ ਆ ਜਾਵੇਗੀ।
ਕਿਰਤ ਸਭ ਤੋਂ ਉਚੀ। ਕਿਰਤ ਵਿਚੋਂ ਹੀ ਕਰਮਾਂ ਦੀ ਨਿਸ਼ਾਨਦੇਹੀ ਹੁੰਦੀ। ਵਿਦੇਸ਼ ਦੀ ਧਰਤੀ ‘ਤੇ ਹਰੇਕ ਦਾ ਕਿਰਤੀ ਸੁਭਾਅ, ਅੰਤਰੀਵ ਨੂੰ ਜਗਾ ਦਿੰਦਾ। ਆਪਣੇ ਘਰ, ਦਫਤਰ ਤੇ ਅਦਾਰੇ ਦੀ ਸਫਾਈ ਤੇ ਸਾਂਭ-ਸੰਭਾਲ ਖੁਦ ਕਰਦੇ, ਕਿਰਤੀ-ਆਭਾ ਨੂੰ ਚੌਗਿਰਦੇ ਵਿਚ ਫੈਲਾਉਂਦੇ।
‘ਕਿਰਤ ਕਰਨਾ’ ਵਰਗਾ ਅਸੂਲ ਜਦ ਕਿਸੇ ਕੌਮ ਦੀ ਵਿਰਾਸਤ ਹੋਵੇ ਤਾਂ ਉਸ ਵੇਲੇ ਮਨ ਉਦਾਸ ਹੋ ਜਾਂਦਾ, ਜਦ ਉਹੀ ਕੌਮ ਕਿਰਤੀਆਂ ਦੇ ਅਪਮਾਨ ਦਾ ਰਾਹ ਚੁਣਦੀ। ਕਿਰਤੀ ਬਾਬੇ ਨਾਨਕ ਦੇ ਪੈਰਾਂ ਦੀਆਂ ਫਟੀਆਂ ਬਿਆਈਆਂ, ਹੱਥਾਂ ‘ਤੇ ਪਏ ਰੱਟਣਾਂ, ਸੁੱਕੀਆਂ ਪਿੰਜਣੀਆਂ ਅਤੇ ਕਰੜ-ਬਰੜੀ ਦਾਹੜੀ ਜਿਹਾ ਸਰੂਪ, ਮਨ-ਮਸਤਕ ਵਿਚ ਕਿਆਸਣਾ, ਤੁਹਾਨੂੰ ਬਾਬੇ ਨਾਨਕ ਦੀ ਵਿਸ਼ਾਲ ਸੋਚ ਅਤੇ ਉਸ ਦੀ ਕਰਮਸ਼ੀਲਤਾ ਵਿਚ ਕਿਰਤ ਦੀ ਅਹਿਮੀਅਤ ਦਾ ਅੰਦਾਜ਼ਾ ਹੋ ਜਾਵੇਗਾ। ਪਤਾ ਨਹੀਂ ਕਿਉਂ ਕਿਸੇ ਚਿੱਤਰਕਾਰ ਨੇ ਬਾਬੇ ਨਾਨਕ ਦਾ ਅਜਿਹਾ ਚਿੱਤਰ ਚਿੱਤਰਨ ਵਿਚ ਪਹਿਲ ਨਹੀਂ ਕੀਤੀ? ਜਾਂ ਤਾਂ ਉਹ ਕਿਰਤ ਦੀ ਮਹਾਨਤਾ ਨੂੰ ਜੱਗ-ਜਾਹਰ ਕਰਨ ਤੋਂ ਇਨਕਾਰੀ ਏ ਜਾਂ ਉਹ ਦੰਭ ਨੂੰ ਹੀ ਜਿਉਣਾ ਸਿੱਖ ਗਏ।
ਸੱਚੇ-ਸੁੱਚੇ ਕਿਰਤੀ ਤਾਂ ਸਾਡੇ ਬਜੁਰਗ ਸਨ, ਜੋ ਕੁੱਕੜ ਦੀ ਪਹਿਲੀ ਬਾਂਗ ਨੂੰ ਹੱਲ ਜੋੜਦੇ, ਸੂਰਜ ਦੀ ਟਿੱਕੀ ਤੋਂ ਪਹਿਲਾਂ ਖੇਤ ਵਾਹ, ਫਿਰ ਗੋਡੀ ਕਰਦੇ, ਪੱਠੇ ਵੱਢਦੇ, ਡੰਗਰਾਂ ਦਾ ਖਿਆਲ ਕਰਦੇ ਅਤੇ ਡੂੰਘੀ ਸ਼ਾਮ ਨੂੰ ਅਰਾਮ ਲਈ ਵਕਤ ਮਿਲਦਾ। ਉਨ੍ਹਾਂ ਲਈ ਜ਼ਿੰਦਗੀ ਹੀ ਕਿਰਤ ਦਾ ਸਿਰਨਾਵਾਂ ਸੀ ਅਤੇ ਉਹ ਇਸ ਦਾ ਸੁਰਖ ਆਭਾ-ਮੰਡਲ ਸਨ।
ਕਿਰਤ, ਇਕ ਕਰਤਾਰੀ ਸ਼ਕਤੀ, ਕ੍ਰਿਸ਼ਮਾਮਈ ਵਰਤਾਰਾ, ਕੁਲ ਸੰਵਾਰਨ ਵਾਲੀ ਜੀਵਨ-ਜਾਚ ਅਤੇ ਕੰਗਾਲੀ ਨੂੰ ਕੁਬੇਰਤਾ ‘ਚ ਤਬਦੀਲ ਕਰਨ ਵਾਲੀ ਕ੍ਰਿਆ।
ਕਦੇ ਆਲੇ-ਦੁਆਲੇ ਦ੍ਰਿਸ਼ਟਮਾਨ ਹੋਈ ਕਿਰਤ ਦੀ ਕਾਇਨਾਤ ਨੂੰ ਦੇਖਣਾ। ਕੁਦਰਤ ਦੀਆਂ ਵਿਭਿੰਨ ਕਿਰਤਾਂ, ਵੱਖੋ-ਵੱਖਰੇ ਸਰੂਪਾਂ, ਕ੍ਰਿਆਵਾਂ, ਅਦਾਵਾਂ ਅਤੇ ਪ੍ਰਭਾਵ ਨੇ ਕ੍ਰਿਆਸ਼ੀਲ। ਅਚੰਭਤ ਹੈ ਕੁਦਰਤੀ ਪਸਾਰਾ ਅਤੇ ਇਸ ‘ਚੋਂ ਪਨਪਿਆ ਚਾਨਣ-ਉਜਿਆਰਾ।
ਕਿਰਤ-ਕਾਮਨਾ ਤੇ ਕਿਰਤ-ਕਮਾਈ, ਕਿਰਤ ਹੀ ਵਣਜ ਦਾ ਨਾਂ। ਕਿਰਤ ਦੀ ਜੂਹੇ ਕਿਰਤੀ ਵਿਗਸਣ, ਪਾਕ-ਪਵਿੱਤਰ ਗਰਾਂ। ਕਿਰਤ ਦੇ ਰਾਹੀਂ ਬੰਦਾ ਜਿਉਂਦਾ, ਬੰਦਿਆਈ ਦਾ ਵਿਹੜਾ। ਕਿਰਤ ਨੂੰ ਮਾਣੋ ਸੁਪਨੇ ਵਾਂਗੂੰ, ਰਹੇ ਨਾ ਕੋਈ ਝੇੜਾ। ਕਿਰਤ-ਬੀਹੀ ‘ਚ ਨਾਦ ਗੂੰਜਦਾ, ਬਣ ਵਿਸਮਾਦੀ ਲੋਰ। ਕਿਰਤ-ਗਲੀਏ ਫਕੀਰ ਅੱਲਾ ਦੇ ਤੁਰਨ ਅਨਾਦੀ ਤੋਰ। ਕਿਰਤ-ਅਰਥਾਂ ਦੀ ਸੋਝੀ ਜਿਹੜੀ ਸੋਚ ਸਮਾਵੇ। ਉਹ ਹੀ ਕਿਰਤ ‘ਚ ਹੱਸੇ-ਖੇਡੇ ਤੇ ਮਨ-ਮੌਜ ‘ਚ ਗਾਵੇ।
ਕਿਰਤ ਦੀ ਕਾਮਨਾ ਕਰਨ ਵਾਲਿਓ, ਕਦੇ ਕਦਾਈਂ ਕਿਰਤੀ ਦੀ ਕੀਰਤੀ ਨੂੰ ਸਲਾਹੋ। ਅੰਤਰੀਵ ਨੂੰ ਕਿਰਤ ਦੇ ਰਾਹ ਪਾਵੋ ਅਤੇ ਕਿਰਤ ਵਿਚੋਂ ਇਨਸਾਨੀਅਤ ਦਾ ਰੂਪ ਪ੍ਰਗਟਾਵੋ। ਕਿਰਤ ਤੁਹਾਡੀ ਕ੍ਰਿਆਸ਼ੀਲਤਾ ਵਿਚੋਂ ਕਰਮਯੋਗਤਾ ਦਾ ਕਮਾਲ ਬਣ ਜਾਵੇਗੀ।