ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ
ਪ੍ਰਿੰ. ਸਰਵਣ ਸਿੰਘ ਚਕਰ
ਪੰਜਾਬ ਦੀ ਮੈਰੀਕਾਮ ਕਹੀ ਜਾਂਦੀ ਸਿਮਰਨਜੀਤ ਕੌਰ ਨੇ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਦਿੱਲੀ ‘ਚੋਂ ਕਾਂਸੀ ਦਾ ਮੈਡਲ ਜਿੱਤ ਕੇ ਆਪਣਾ ਪਿੰਡ ਚਕਰ ਫਿਰ ਚਰਚਾ ਵਿਚ ਲੈ ਆਂਦਾ ਹੈ। ਪਹਿਲਾਂ ਇਸੇ ਪਿੰਡ ਦੀ ਮਨਦੀਪ ਕੌਰ ਨੇ ਜੂਨੀਅਰ ਵਰਲਡ ਚੈਂਪੀਅਨ ਬਣ ਕੇ ਚਰਚਾ ਵਿਚ ਲਿਆਂਦਾ ਸੀ। ਦੋਵੇਂ ਲੜਕੀਆਂ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਚਕਰ ਦੀ ਦੇਣ ਹਨ। ਉਨ੍ਹਾਂ ਨੂੰ ਬਚਪਨ ਤੋਂ ਮੁੱਕੇਬਾਜ਼ੀ ਦੀ ਟ੍ਰੇਨਿੰਗ ਦੇਣ ਵਾਲੀ ਚਕਰ ਦੀ ਅਕੈਡਮੀ ਨੇ ਪੰਜਾਬ ਦੀ ਮੁੱਕੇਬਾਜ਼ੀ ਦਾ ਮਾਣ ਹੋਰ ਵਧਾ ਦਿੱਤਾ ਹੈ।
ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਕੋਈ ਲੜਕੀ ਔਰਤਾਂ ਦੀ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਦੇ ਜਿੱਤ-ਮੰਚ ‘ਤੇ ਚੜ੍ਹਨ ਵਿਚ ਕਾਮਯਾਬ ਹੋਈ ਹੈ। ਸਾਧਾਰਨ ਕਿਸਾਨ ਪਰਿਵਾਰ ਦੀ ਜੰਮਪਲ, ਚਕਰ ਦੇ ਸਰਕਾਰੀ ਸਕੂਲ ਵਿਚ ਪੜ੍ਹੀ, ਚਕਰ ਦੀ ਸਪੋਰਟਸ ਅਕੈਡਮੀ ਦੀ ਤਰਾਸ਼ੀ ਮੁੱਕੇਬਾਜ਼ ਦਾ ਵਿਸ਼ਵ ਦੀਆਂ ਉਪਰਲੀਆਂ ਚਾਰ ਮੁੱਕੇਬਾਜ਼ਾਂ ਵਿਚ ਆ ਖੜ੍ਹਨਾ ਬੜੀ ਵੱਡੀ ਪ੍ਰਾਪਤੀ ਹੈ। 23 ਸਾਲਾਂ ਦੀ ਇਸ ਲੜਕੀ ਤੋਂ ਟੋਕੀਓ ਦੀਆਂ ਓਲੰਪਿਕ ਖੇਡਾਂ ਅਤੇ ਅਗਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਦੀ ਆਸ ਹੈ। ਪੰਜਾਬ ਦੇ ਖੇਡ ਮੰਤਰੀ ਨੇ ਸਿਮਰਨਜੀਤ, ਉਹਦੇ ਮਾਪਿਆਂ ਤੇ ਚਕਰ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਨੂੰ ਵਧਾਈ ਦਿੱਤੀ ਹੈ।
ਕੁੜੀਆਂ ਨੂੰ ਸਹੀ ਸੇਧ ਮਿਲੇ ਤਾਂ ਉਹ ਕੁਝ ਦਾ ਕੁਝ ਕਰ ਕੇ ਵਿਖਾ ਸਕਦੀਆਂ ਹਨ। ਚਕਰ ਦੀਆਂ ਧੀਆਂ ਦੀ ਮਿਸਾਲ ਸਾਡੇ ਸਾਹਮਣੇ ਹੈ। ਮੁੱਕੇਬਾਜ਼ੀ ਵਰਗੀ ਜੁਝਾਰੂ ਖੇਡ ਵਿਚ ਚਕਰ ਦੀਆਂ ਕੁੜੀਆਂ ਨੇ ਪੰਜਾਬ, ਭਾਰਤ ਤੇ ਅੰਤਰਰਾਸ਼ਟਰੀ ਪੱਧਰ ‘ਤੇ ਦਰਜਨਾਂ ਮੈਡਲ ਜਿੱਤੇ ਹਨ। 2006 ਵਿਚ ਸ਼ੁਰੂ ਹੋਈ ਚਕਰ ਅਕੈਡਮੀ ਦੀ ਪਹਿਲੀ ਮੁੱਕੇਬਾਜ਼ ਸ਼ਵਿੰਦਰ ਕੌਰ 2012 ਦੀ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨ ਬਣੀ ਸੀ, ਜੋ ਭਾਰਤ ਦੀ ਸਰਬੋਤਮ ਮੁੱਕੇਬਾਜ਼ ਐਲਾਨੀ ਗਈ। ਉਹ ਭਾਰਤੀ ਟੀਮ ਦੀ ਮੈਂਬਰ ਬਣ ਕੇ ਸ੍ਰੀ ਲੰਕਾ ਦਾ ਬਾਕਸਿੰਗ ਕੱਪ ਖੇਡੀ। ਮਨਦੀਪ ਕੌਰ ਸੰਧੂ ਏਸ਼ੀਆ ਦੀ ਬੈਸਟ ਜੂਨੀਅਰ ਬਾਕਸਰ ਐਲਾਨੀ ਗਈ। ਇਹ ਲੜਕੀ 24 ਮਈ 2015 ਨੂੰ ਤੈਪਈ, ਚੀਨ ਵਿਚ ਮੁੱਕੇਬਾਜ਼ੀ ਦੀ ਜੂਨੀਅਰ ਵਿਸ਼ਵ ਚੈਂਪੀਅਨ ਬਣੀ ਸੀ। ਉਥੇ 46 ਮੁਲਕਾਂ ਦੀਆਂ 441 ਮੁੱਕੇਬਾਜ਼ਾਂ ਨੇ ਹਿੱਸਾ ਲਿਆ ਸੀ। ਸੱਤ ਅਰਬ ਤੋਂ ਵੱਧ ਦੀ ਆਬਾਦੀ ਵਾਲੀ ਦੁਨੀਆਂ ‘ਚੋਂ ਕਿਸੇ ਜੁਝਾਰੂ ਖੇਡ ਦੀ ਵਰਲਡ ਚੈਂਪੀਅਨ ਬਣਨਾ, ਪੰਜਾਬ ਦੀ ਪੇਂਡੂ ਕੁੜੀ ਦੀ ਵੱਡੀ ਪ੍ਰਾਪਤੀ ਸੀ। ਉਸ ਨੇ ਇੰਗਲੈਂਡ, ਹੰਗਰੀ, ਫਰਾਂਸ ਤੇ ਆਇਰਲੈਂਡ ਦੀਆਂ ਚੈਂਪੀਅਨ ਮੁੱਕੇਬਾਜ਼ਾਂ ਨੂੰ ਹਰਾ ਕੇ ਗੁਰਜ ਜਿੱਤੀ ਸੀ।
ਚਾਂਦੀ ਦਾ ਤਮਗਾ ਜਿੱਤਣ ਵਾਲੀ ਹਰਪ੍ਰੀਤ ਕੌਰ ਵੀ ਏਸ਼ੀਅਨ ਤੇ ਕਾਮਨਵੈਲਥ ਖੇਡਾਂ ਦਾ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਬਣ ਸਕਦੀ ਹੈ। ਨੈਸ਼ਨਲ ਪੱਧਰ Ḕਤੇ ਚਾਂਦੀ ਦਾ ਤਮਗਾ ਜਿੱਤਣ ਵਾਲੀ ਮਨਪ੍ਰੀਤ ਕੌਰ ਤੇ ਹੋਣਹਾਰ ਮੁੱਕੇਬਾਜ਼ ਮੁਸਕਾਨ ਸਿੱਧੂ ਤੋਂ ਵੀ ਬੜੀਆਂ ਆਸਾਂ ਹਨ। ਜਿਵੇਂ ਮਾਡਲ ਪਿੰਡ ਚਕਰ ਨੂੰ ਪਿੰਡਾਂ ਦਾ ਚਾਨਣ ਮੁਨਾਰਾ ਕਿਹਾ ਜਾਂਦੈ, ਉਵੇਂ ਚਕਰ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਵੀ ਖੇਡ ਖੇਤਰ ਦਾ ਚਾਨਣ ਮੁਨਾਰਾ ਹੈ। ਪਿੰਡ ਵਿਚ ਇਕੋ ਗੁਰਦੁਆਰਾ ਰੱਖਣ ਦੀ ਮੁਹਿੰਮ ਪਿੰਡ ਚਕਰ ਤੋਂ ਹੀ ਸ਼ੁਰੂ ਕੀਤੀ ਗਈ ਸੀ। ਚਕਰ ਦਸ ਹਜ਼ਾਰ ਤੋਂ ਵੱਧ ਆਬਾਦੀ ਵਾਲਾ ਪਿੰਡ ਹੈ ਪਰ ਗੁਰਦੁਆਰਾ ਕੇਵਲ ਇਕੋ ਹੈ।
ਪੁਰਸ਼ਾਂ ਵਿਚ ਸੁਖਦੀਪ ਚਕਰੀਆ ਭਾਰਤ ਦਾ ਨੈਸ਼ਨਲ ਚੈਂਪੀਅਨ ਬਣਿਆ, ਜੋ ਦੇਸ਼ ਦਾ ਸਰਬੋਤਮ ਮੁੱਕੇਬਾਜ਼ ਐਲਾਨਿਆ ਗਿਆ। ਉਹ ਭਾਰਤ ਵੱਲੋਂ ਅੰਤਰਰਾਸ਼ਟਰੀ ਮੁਕਾਬਲੇ ਲੜਦਾ ਰਿਹਾ ਅਤੇ ਹੁਣ ਪ੍ਰੋਫੈਸ਼ਨਲ ਮੁੱਕੇਬਾਜ਼ੀ ਕਰ ਰਿਹੈ। ਉਸ ਨੇ ਆਪਣੀ ਕਮਾਈ ਵਿਚੋਂ 50 ਹਜ਼ਾਰ ਰੁਪਏ ਆਪਣੇ ਬਚਪਨ ਦੀ ਅਕੈਡਮੀ ਨੂੰ ਭੇਟ ਕੀਤੇ ਹਨ। ਉਸ ਦੀ ਭੈਣ ਪਰਮਿੰਦਰ ਕੌਰ ਇੰਟਰਵਰਸਿਟੀ ਚੈਂਪੀਅਨ ਹੈ, ਜੋ ਕੌਮੀ ਪੱਧਰ ‘ਤੇ ਮੈਡਲ ਜਿੱਤ ਰਹੀ ਹੈ।
ਅਮਨਦੀਪ ਕੌਰ ਪੰਜਾਬ ਦੀ ਚੈਂਪੀਅਨ ਬਣੀ ਤੇ ਸੀਨੀਅਰ ਨੈਸ਼ਨਲ ਵਿਚ ਜਿੱਤ-ਮੰਚ ‘ਤੇ ਚੜ੍ਹੀ। ਅਮਨਦੀਪ ਦੀ ਛੋਟੀ ਭੈਣ ਸਿਮਰਨਜੀਤ ਕੌਰ ਨੈਸ਼ਨਲ ਚੈਂਪੀਅਨ ਬਣਨ ਉਪਰੰਤ 2013 ਵਿਚ ‘ਦੂਜੀ ਗੋਲਡਨ ਗਲਵਜ਼ ਇੰਟਰਨੈਸ਼ਨਲ ਯੂਥ ਬਾਕਸਿੰਗ ਚੈਂਪੀਅਨਸ਼ਿਪ’ ਖੇਡਣ ਸਰਬੀਆ ਗਈ। ਫਿਰ ਸਤੰਬਰ 2013 ਵਿਚ ਉਸ ਨੇ ਬੁਲਗਾਰੀਆ ‘ਚ ਹੋਈ ‘ਯੂਥ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ’ ਵਿਚੋਂ ਕਾਂਸੀ ਦਾ ਮੈਡਲ ਜਿੱਤਿਆ। ਉਥੇ 33 ਦੇਸ਼ਾਂ ਦੀਆਂ ਮੁੱਕੇਬਾਜ਼ ਕੁੜੀਆਂ ਪਹੁੰਚੀਆਂ ਸਨ। ਭਾਰਤ ਦੇ ਦੋ ਮੈਡਲਾਂ ਵਿਚੋਂ ਇਕ ਮੈਡਲ ਚਕਰ ਅਕੈਡਮੀ ਯਾਨਿ ਪੰਜਾਬ ਦਾ ਸੀ। 2016 ਦੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਹਰਿਦੁਆਰ ‘ਚੋਂ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ। 2017 ਵਿਚ ਆਇਰਲੈਂਡ ਤੋਂ ਚਾਂਦੀ ਦਾ ਤਗਮਾ, ਕਜ਼ਾਖਿਸਤਾਨ ਤੋਂ ਕਾਂਸੀ ਦਾ ਮੈਡਲ, ਜੂਨ 2017 ਵਿਚ ਓਪਨ ਨੈਸ਼ਨਲ ਨਵੀਂ ਦਿੱਲੀ ਵਿਚੋਂ ਤਾਂਬੇ ਦਾ ਤਗਮਾ ਤੇ ਸਤੰਬਰ ਨੈਸ਼ਨਲ ਰੋਹਤਕ ਤੋਂ ਚਾਂਦੀ ਦਾ ਅਤੇ ਸਤੰਬਰ 18 ਵਿਚ ਤੁਰਕੀ ਤੋਂ ਗੋਲਡ ਮੈਡਲ ਜਿੱਤਿਆ। ਨਵੰਬਰ 2018 ਦੀ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦਿੱਲੀ ਲਈ ਪੰਜਾਬ ਤੋਂ ਉਹ ਕੇਵਲ ਇਕੋ-ਇਕ ਬਾਕਸਰ ਭਾਰਤੀ ਟੀਮ ਵਿਚ ਚੁਣੀ ਗਈ ਸੀ। ਉਹ ਤਿੰਨ ਮੁਕਾਬਲੇ ਜਿੱਤ ਕੇ ਸੈਮੀ ਫਾਈਨਲ ਵਿਚ ਪੁੱਜੀ। ਸੈਮੀ ਫਾਈਨਲ ਉਹ ਜਿੱਤਦੀ-ਜਿੱਤਦੀ ਰਹਿ ਗਈ।
ਸਿਮਰਨਜੀਤ ਮੇਰੇ ਸਕੂਲ ਵੇਲੇ ਦੇ ਜਮਾਤੀ ਕਾਮਰੇਡ ਮਹਿੰਦਰ ਸਿੰਘ ਸੈਕਟਰੀ ਦੀ ਪੋਤੀ ਹੈ, ਜਿਸ ਨੂੰ ਦਹਿਸ਼ਤੀ ਦੌਰ ਵਿਚ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ ਸੀ। ਉਦੋਂ ਤੋਂ ਪਰਿਵਾਰ ਨੇ ਅਤਿ ਮਾੜੇ ਦਿਨ ਦੇਖੇ ਹਨ। ਸਿਮਰਨਜੀਤ ਦਾ ਪਿਤਾ ਕਮਲਜੀਤ ਸਿੰਘ ਠੇਕੇ ਦਾ ਕਾਰਿੰਦਾ ਰਿਹਾ, ਜੋ ਅਧਖੜ ਉਮਰ ਵਿਚ ਇਸੇ ਸਾਲ ਜੁਲਾਈ ਵਿਚ ਚਲਾਣਾ ਕਰ ਗਿਆ। ਵਿਧਵਾ ਰਾਜਪਾਲ ਕੌਰ ਦੋ ਕਮਰਿਆਂ ਦੇ ਨਿੱਕੇ ਜਿਹੇ ਘਰ ਵਿਚ ਘਰੇਲੂ ਤੇ ਬਾਹਰ ਦੇ ਨਿੱਕੇ ਮੋਟੇ ਕੰਮ ਕਰਦੀ ਆਪਣੇ ਚਾਰਾਂ ਬੱਚਿਆਂ ਨੂੰ ਪਾਲ ਰਹੀ ਹੈ। ਉਸ ਦੀਆਂ ਦੋਵੇਂ ਲੜਕੀਆਂ-ਅਮਨਦੀਪ ਤੇ ਸਿਮਰਨਜੀਤ ਅਤੇ ਦੋਵੇਂ ਲੜਕੇ-ਅਰਸ਼ਦੀਪ ਤੇ ਕੰਵਲਪ੍ਰੀਤ ਬਾਕਸਿੰਗ ਕਰ ਰਹੇ ਹਨ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵਿਸ਼ਵ ਚੈਂਪੀਅਨਸ਼ਿਪ ‘ਚੋਂ ਮੈਡਲ ਜਿੱਤਣ ਵਾਲੀ ਅਤੇ ਓਲੰਪਿਕ ਖੇਡਾਂ ‘ਚੋਂ ਮੈਡਲ ਜਿੱਤਣ ਦੀ ਪੂਰੀ ਸੰਭਾਵਨਾ ਰੱਖਣ ਵਾਲੀ ਗਰੀਬ ਘਰ ਦੀ ਇਸ ਹੋਣਹਾਰ ਬੀ. ਏ. ਪਾਸ ਲੜਕੀ ਨੂੰ ਚੱਜ ਦੀ ਨੌਕਰੀ ਦੇ ਕੇ ਪੰਜਾਬ ਵਿਚ ਰੱਖ ਲਵੇ, ਨਹੀਂ ਤਾਂ ਹਰਿਆਣੇ ਵਾਲੇ ਜਾਂ ਕਿਸੇ ਹੋਰ ਸੂਬੇ/ਮਹਿਕਮੇ ਵਾਲੇ ਲੈ ਜਾਣਗੇ। ਚਕਰੀਏ ਚਾਹੁੰਦੇ ਹਨ, ਉਹ ਆਪਣੇ ਪਿੰਡ ਦੀ ਅਕੈਡਮੀ ਤੇ ਪੰਜਾਬ ਲਈ ਮੈਡਲ ਜਿੱਤੇ। ਇਸ ਮੌਕੇ ਪੰਜਾਬ ਸਰਕਾਰ ਨੂੰ ਸਿਮਰਨਜੀਤ ਕੌਰ ਦਾ ਉਚੇਚਾ ਮਾਣ ਸਨਮਾਨ ਕਰਨਾ ਚਾਹੀਦਾ ਹੈ। ਸ਼ੇਰੇ ਪੰਜਾਬ ਅਕੈਡਮੀ ਚਕਰ ਵੀ ਮਾਣ ਸਨਮਾਨ ਦੀ ਹੱਕਦਾਰ ਹੈ।
ਚਕਰ ਦੀ ਸ਼ੇਰੇ ਪੰਜਾਬ ਅਕੈਡਮੀ ਹਾਲਾਂ ਤਕ ਸਰਕਾਰੀ ਸਹਿਯੋਗ ਤੋਂ ਵਾਂਝੀ ਹੀ ਖਿਡਾਰੀਆਂ ਦੀ ਪਨੀਰੀ ਤਿਆਰ ਕਰਦੀ ਆ ਰਹੀ ਹੈ। ਮੁੱਕੇਬਾਜ਼ੀ ਤੇ ਫੁੱਟਬਾਲ ਇਸ ਦੀਆਂ ਮੁੱਖ ਖੇਡਾਂ ਹਨ। ਇਸ ਨੂੰ ਕੈਨੇਡਾ ਰਹਿੰਦਾ ਸਿੱਧੂ ਪਰਿਵਾਰ, ਮੋਢੀ ਪ੍ਰੋ. ਬਲਵੰਤ ਸਿੰਘ ਸੰਧੂ, ਸਾਬਕਾ ਪੁਲਿਸ ਅਫਸਰ ਦੇਵਿੰਦਰ ਸਿੰਘ, ਚੀਫ ਕੋਚ ਗੁਰਬਖਸ਼ ਸਿੰਘ ਸੰਧੂ ਅਕੈਡਮੀ ਦੀ ਕਾਰਜਕਾਰੀ ਕਮੇਟੀ ਦੀ ਨਿਗਰਾਨੀ ਹੇਠ ਚਲਾ ਰਹੇ ਹਨ। ਅਕੈਡਮੀ ਦੇ ਬਾਨੀ ਅਜਮੇਰ ਸਿੰਘ ਸਿੱਧੂ ਦਾ ਦਸੰਬਰ 2014 ਵਿਚ ਦੇਹਾਂਤ ਹੋ ਗਿਆ ਸੀ। ਇਸ ਅਕੈਡਮੀ ਦੀ ਪ੍ਰਾਪਤੀ ਸਾਰਾ ਸਾਲ 300 ਬੱਚਿਆਂ ਨੂੰ ਰੋਜ਼ਾਨਾ ਖੇਡਾਂ ਦੀ ਟ੍ਰੇਨਿੰਗ ਦੇਣਾ ਹੈ। ਖੇਡਾਂ ਦਾ ਸਮਾਨ, ਟ੍ਰੈਕ ਸੂਟ, ਰਨਿੰਗ ਸ਼ੂਅ, ਰਿਫਰੈਸ਼ਮੈਂਟ, ਕੋਚਿੰਗ ਤੇ ਖੇਡ ਮੁਕਾਬਲਿਆਂ ਲਈ ਲੈਜਾਣ-ਲਿਆਉਣ ਦੇ ਪ੍ਰਬੰਧ ਅਕੈਡਮੀ ਵੱਲੋਂ ਕੀਤੇ ਜਾਂਦੇ ਹਨ। ਵਿਸ਼ੇਸ਼ ਗੱਲ ਇਹ ਕਿ ਲੜਕੀਆਂ, ਲੜਕਿਆਂ ਨਾਲੋਂ ਵੀ ਵੱਧ ਖੇਡਾਂ ਵਿਚ ਹਿੱਸਾ ਲੈਂਦੀਆਂ ਹਨ।
ਮੈਰਾਥਨ ਦਾ ਮਹਾਂਰਥੀ ਬਾਬਾ ਫੌਜਾ ਸਿੰਘ ਇਕ ਵਾਰ ਚਕਰ ਆਇਆ ਤਾਂ ਉਸ ਨੇ ਖੇਡ ਅਕੈਡਮੀ ਵੇਖਣ ਪਿੱਛੋਂ ਕਿਹਾ, “ਚਕਰ ਨੂੰ ਦੇਖ ਕੇ ਯਕੀਨ ਹੋ ਗਿਆ ਕਿ ਪੰਜਾਬ ਮਰਨ ਵਾਲਾ ਨਹੀਂ। ਚਕਰ ‘ਚ ਜੋ ਮਾਹੌਲ ਦੇਖਿਆ, ਇਹ ਮੈਨੂੰ ਕਦੇ ਨਹੀਂ ਭੁੱਲ ਸਕਦਾ। ਚਕਰ ਦੀ ਸਪੋਰਟਸ ਅਕੈਡਮੀ, ਚਕਰ ਦੇ ਖਿਡਾਰੀ, ਚਕਰ ਦੀਆਂ ਝੀਲਾਂ ਦੇ ਕੁਦਰਤੀ ਨਜ਼ਾਰੇ ਤੇ ਮੇਰੀ ਉਮਰ ਦੇ ਨੇੜੇ ਪਹੁੰਚੇ ਸਾਥੀਆਂ ਦਾ ਗਰਮਜੋਸ਼ੀ ਨਾਲ ਮਿਲਣਾ-ਮੇਰੇ ਜੀਵਨ ਦੀਆਂ ਅਭੁੱਲ ਯਾਦਾਂ ਬਣ ਗਈਆਂ ਹਨ।”
ਚਕਰੀਆਂ ਨੇ ਪਿੰਡ ਦੇ ਵਿਕਾਸ ਜਾਂ ਖੇਡ ਅਕੈਡਮੀ ਲਈ ਕਦੇ ਕਿਸੇ ਸਰਕਾਰ ਅੱਗੇ ਤਰਲਾ ਨਹੀਂ ਮਾਰਿਆ। ਆਪਣੇ ਹੱਥੀਂ ਆਪਣਾ ਕਾਜ ਆਪੇ ਸੰਵਾਰਿਆ ਹੈ। ਫਿਰ ਵੀ ਪੰਜਾਬ ਤੇ ਭਾਰਤ ਸਰਕਾਰ ਪਿੰਡ ਦੇ ਵਿਕਾਸ ਅਤੇ ਅਕੈਡਮੀ ਨੂੰ ਅੰਤਰਰਾਸ਼ਟਰੀ ਪੱਧਰ ਦੀ ਬਣਾਉਣ ਲਈ ਸਹਿਯੋਗ ਦੇਵੇ ਤਾਂ ਚਕਰ ਵਾਸੀ ਧੰਨਵਾਦੀ ਹੋਣਗੇ। ਗਰਾਂਟਾਂ ਬਦਲੇ ਵੋਟਾਂ ਦੇਣ ਲਈ ਨਾ ਉਹ ਪਹਿਲਾਂ ਖਰੀਦੇ ਗਏ ਤੇ ਨਾ ਅੱਗੋਂ ਖਰੀਦੇ ਜਾਣਗੇ। ਵੇਖਦੇ ਹਾਂ ਅਜੋਕੀ ਸਰਕਾਰ ਕੀ ਰੁਖ ਅਖਤਿਆਰ ਕਰਦੀ ਹੈ?