ਸਿੱਖ ਧਰਮ ਅਤੇ ਸਿਆਸਤ

ਸਿੱਖ ਪੰਥ ਵਿਚ ਮੀਰੀ ਤੇ ਪੀਰੀ ਦੇ ਆਧਾਰ ਉਤੇ ਧਰਮ ਅਤੇ ਸਿਆਸਤ ਨੂੰ ਇਕੱਠਿਆਂ ਰੱਖਣ ਦੀ ਵਕਾਲਤ ਅਕਸਰ ਕੀਤੀ ਜਾਂਦੀ ਹੈ, ਪਰ ਅਸਲ ਵਿਚ ਹੁੰਦਾ ਇਹ ਹੈ ਕਿ ਧਰਮ ਦੇ ਨਾਂ ‘ਤੇ ਸਿਆਸਤ ਹੋਣ ਲੱਗ ਪੈਂਦੀ ਹੈ। ਧਰਮ ਅਤੇ ਸਿਆਸਤ ਦੇ ਸਬੰਧਾਂ ਦਾ ਨਿਰਣਾ ਇਕ ਔਖਾ ਪੈਂਡਾ ਹੈ। ਇਸ ਲੇਖ ਵਿਚ ਲੇਖਕ ਨੇ ਇਨ੍ਹਾਂ ਸਬੰਧਾਂ ‘ਤੇ ਵਿਚਾਰ ਕੀਤੀ ਹੈ।

-ਸੰਪਾਦਕ

ਹਾਕਮ ਸਿੰਘ
ਸਿੱਖ ਪੰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਨੂੰ ਸਿੱਖ ਧਰਮ ਦਾ ਆਧਾਰ ਮੰਨਦਾ ਹੈ। ਗੁਰਬਾਣੀ ਮਨੁੱਖ ਨੂੰ ਸ੍ਰਿਸ਼ਟੀ ਦੇ ਕਰਤੇ ਪ੍ਰਭੂ ਦਾ ਗਿਆਨ ਦਿੰਦੀ ਹੈ ਅਤੇ ਉਸ ਨਾਲ ਮਿਲਾਪ ਨੂੰ ਮਨੁੱਖੀ ਜੀਵਨ ਦਾ ਮਨੋਰਥ ਦੱਸਦੀ ਹੈ। ਪ੍ਰਭੂ ਨਾਲ ਮਿਲਾਪ ਲਈ ਮਨੁੱਖ ਨੂੰ ਧਰਮ ਦੇ ਮਾਰਗ ‘ਤੇ ਚਲਣ ਦੀ ਲੋੜ ਹੁੰਦੀ ਹੈ। ਗੁਰਬਾਣੀ ਅਨੁਸਾਰ ਧਰਮ ਦਇਆ ਦੀ ਉਪਜ ਹੈ ਅਤੇ ਸੰਤੋਖ ਦੇ ਨਿਯਮ ਦੀ ਪਾਲਣਾ ਕਰਦਾ ਹੈ, “ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥” (ਗੁਰੂ ਗ੍ਰੰਥ ਸਾਹਿਬ, ਪੰਨਾ 3)
ਦਇਆ ਅਤੇ ਸੰਤੋਖ ਦੇ ਧਾਰਮਕ ਮਾਰਗ ‘ਤੇ ਚਲਦਿਆਂ ਮਨੁੱਖ ਨੂੰ ਆਪਣੇ ਮਨ ‘ਤੇ ਕਾਬੂ ਪਾ ਕੇ ਸੰਸਾਰਕ ਇੱਛਾਵਾਂ ਦੇ ਤਿਆਗ ਨਾਲ ਹੀ ਪ੍ਰਭੂ ਮਿਲਾਪ ਸੰਭਵ ਹੁੰਦਾ ਹੈ। ਗੁਰਬਾਣੀ ਦਾ ਇਹ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿਚ ਮੁੜ ਮੁੜ ਕੇ ਦ੍ਰਿੜ੍ਹ ਕਰਵਾਇਆ ਗਿਆ ਹੈ। ਗੁਰਬਾਣੀ ਦੀ ਵਿਚਾਰਧਾਰਾ ਸਿਆਸਤ ਨੂੰ ਕੋਈ ਮਹੱਤਤਾ ਨਹੀਂ ਦਿੰਦੀ। ਸਿੱਖ ਪੰਥ ਗੁਰਬਾਣੀ ਨੂੰ ਸਿੱਖ ਧਰਮ ਦਾ ਆਧਾਰ ਤਾਂ ਮੰਨਦਾ ਹੈ ਪਰ ਮਨ ਨੂੰ ਕਾਬੂ ਕਰਕੇ ਸੰਸਾਰਕ ਇੱਛਾਵਾਂ ਦਾ ਤਿਆਗ ਕਰਨ ਦੇ ਉਪਦੇਸ਼ ਨੂੰ ਅਣਗੌਲਿਆਂ ਕਰ ਦਿੰਦਾ ਹੈ। ਉਸ ਦੀ ਥਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮਥਾ ਟੇਕਣ, ਚੜ੍ਹਾਵਾ ਚੜ੍ਹਾਉਣ, ਪਾਠ ਕਰਵਾਉਣ, ਨਿਤਨੇਮ ਕਰਨ, ਕੀਰਤਨ ਅਤੇ ਗੁਰਬਾਣੀ ਦਾ ਪਾਠ ਤੇ ਵਿਆਖਿਆ ਸੁਣਨ ਅਤੇ ਰਹਿਤ ਰਖਣ ਨੂੰ ਅਸਲੀ ਧਾਰਮਕ ਕ੍ਰਿਆ ਮੰਨਦਾ ਤੇ ਪ੍ਰਚਾਰਦਾ ਹੈ। ਪੰਥ ਵਲੋਂ ਪ੍ਰਚਾਰੇ ਧਰਮ ਦੇ ਉਪਾਸ਼ਕਾਂ ਵਿਚ ਸਫਲਤਾ, ਵਡਿਆਈ ਅਤੇ ਪਰਿਵਾਰਕ ਸੁਖ ਦੀ ਪ੍ਰਾਪਤੀ ਲਈ ਆਪਣੀ ਕਮਾਈ ਦਾ ਦਸਵੰਧ ਕੱਢਣ ਤੇ ਪ੍ਰਭੂ ਅੱਗੇ ਅਰਦਾਸ ਕਰਨ ਦੀ ਪ੍ਰਥਾ ਹੈ। ਉਹ ਧਰਮ ਦੀ ਰਖਿਆ ਅਤੇ ਪ੍ਰਸਾਰ ਲਈ ਸਿਆਸਤ ਵਿਚ ਭਾਗ ਲੈਣਾ ਵੀ ਜ਼ਰੂਰੀ ਸਮਝਦੇ ਹਨ। ਸਿੱਖ ਜਗਤ ਵਿਚ ਪੰਥਕ ਧਰਮ ਦਾ ਹੀ ਬੋਲ ਬਾਲਾ ਹੈ। ਭਾਵੇਂ ਗੁਰਬਾਣੀ ਉਪਦੇਸ਼ ਅਤੇ ਪੰਥ ਦੇ ਪਰੰਪਰਾਗਤ ਧਰਮ ਵਿਚ ਮੂਲ ਅੰਤਰ ਹੈ, ਫਿਰ ਵੀ ਪੰਥਕ ਧਰਮ ਦੇ ਉਪਾਸ਼ਕਾਂ ਦਾ ਵਿਸ਼ਵਾਸ ਹੈ ਕਿ ਉਹ ਗੁਰਬਾਣੀ ਦੇ ਦੱਸੇ ਮਾਰਗ ‘ਤੇ ਚਲ ਰਹੇ ਹਨ।
ਸਿੱਖ ਪੰਥ ਦਾ ਧਾਰਮਕ ਵਿਹਾਰ ਭਾਵੇਂ ਗੁਰਬਾਣੀ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈ, ਫਿਰ ਵੀ ਉਹ ਸਿੱਖਾਂ ਦੇ ਉਜਲ ਭਵਿੱਖ ਬਾਰੇ ਗੰਭੀਰ ਹੈ ਅਤੇ ਉਸ ਲਈ ਧਾਰਮਕ ਸਿਆਸਤ ਕਰਨਾ ਜ਼ਰੂਰੀ ਸਮਝਦਾ ਹੈ। ਧਰਮ ਅਤੇ ਸਿਆਸਤ ਵਿਚ ਮੂਲ ਅੰਤਰ ਹੋਣ ਕਾਰਨ ਧਾਰਮਕ ਸਿਆਸਤ ਦੋ ਪਰਸਪਰ ਵਿਰੋਧੀ ਕ੍ਰਿਆਵਾਂ ਦਾ ਅਣਸੁਖਾਵਾਂ ਮਿਸ਼ਰਨ ਬਣੀ ਹੋਈ ਹੈ। ਰਾਜਨੀਤੀ ਦੇ ਢੰਗ-ਤਰੀਕੇ, ਰਾਹ ਅਤੇ ਮਨੋਰਥ ਧਾਰਮਕ ਵਿਸ਼ਵਾਸ ਦੇ ਬਿਲਕੁਲ ਉਲਟ ਹਨ। ਧਰਮ ਦਾ ਮੂਲ ਮਨੋਰਥ ਸਵਰਗ ਜਾਂ ਪ੍ਰਭੂ ਪ੍ਰਾਪਤੀ ਹੈ, ਜਦੋਂ ਕਿ ਰਾਜਨੀਤੀ ਦਾ ਮਨੋਰਥ ਸੰਗਠਤ ਸਮਾਜ ਦਾ ਯੋਗ ਪ੍ਰਬੰਧ ਕਰਨਾ ਹੈ। ਧਰਮ ਭਗਤੀ ਦਾ ਮਾਰਗ ਹੈ ਅਤੇ ਸਿਆਸਤ ਸ਼ਕਤੀ ਦੀ ਪ੍ਰਤੀਨਿਧਤਾ ਹੈ। ਧਰਮ ਸਫਲ ਜੀਵਨ ਲਈ ਅਦ੍ਰਿਸ਼ਟ ਸ਼ਕਤੀਆਂ ਤੋਂ ਮੰਨਤ ਮੰਗਦਾ ਹੈ ਪਰ ਸਿਆਸਤ ਉਸ ਲਈ ਸਹੀ ਨੀਤੀ ਵਿਚ ਵਿਸ਼ਵਾਸ ਦਰਸਾਉਂਦੀ ਹੈ। ਧਰਮ ਦਾ ਸਬੰਧ ਮਨੁੱਖ ਦੇ ਨਿੱਜ ਨਾਲ ਹੈ ਅਤੇ ਸਿਆਸਤ ਦਾ ਸਮਾਜ ਨਾਲ। ਧਰਮ ਧਾਰਮਕ ਵਿਚਾਰਧਾਰਾ ਦਾ ਵਿਸ਼ਵਾਸ ਹੈ ਅਤੇ ਸਿਆਸਤ ਯਥਾਰਥ ਨੂੰ ਬਦਲਣ ਦੀ ਕ੍ਰਿਆ। ਧਰਮ ਪਰੰਪਰਾ ਅਤੇ ਅਤੀਤ ਨੂੰ ਮਹਤੱਤਾ ਦਿੰਦਾ ਹੈ ਪਰ ਸਿਆਸਤ ਭਵਿਖ ਬਾਰੇ ਚਿੰਤਤ ਹੁੰਦੀ ਹੈ।
ਸਿੱਖ ਧਰਮ ਪੰਜਾਬ ਦੀ ਵਸੋਂ ਦੇ ਇੱਕ ਵਰਗ ਬਾਰੇ ਸੋਚਦਾ ਹੈ ਜਦੋਂ ਕਿ ਸਿਆਸਤ ਸਾਰੇ ਪੰਜਾਬੀਆਂ ਦਾ ਫਿਕਰ ਕਰਦੀ ਹੈ। ਧਰਮ ਅਤੇ ਸਿਆਸਤ ਦੀ ਸੋਚ ਤੇ ਵਿਹਾਰ ਬਿਲਕੁਲ ਵਖਰੇ ਹਨ ਅਤੇ ਜੋ ਸਮਾਜ ਧਰਮ ਦੀ ਸਿਆਸਤ ਕਰਦਾ ਹੈ, ਉਸ ਦਾ ਹਸ਼ਰ ਦੋ ਬੇੜੀਆਂ ਵਿਚ ਸਵਾਰ ਵਾਲਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਨਿਰਣਾ ਹੈ ਕਿ ਅਧਿਆਤਮਕ ਵਿਚਾਰਧਾਰਾ ਅਤੇ ਸਮਾਜਕ ਵਿਹਾਰ ਵਿਚ ਕੋਈ ਸਾਂਝ ਨਹੀਂ ਹੈ, “ਭਗਤਾ ਤੇ ਸੈਸਾਰੀਆ ਜੋੜੁ ਕਦੇ ਨ ਆਇਆ॥” (ਪੰਨਾ 145)
ਸਿੱਖ ਜਗਤ ਵਿਚ ਆਮ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਿੱਖ ਪੰਥ ਵਿਚ ਧਰਮ ਅਤੇ ਸਿਆਸਤ ਦਾ ਸੁਮੇਲ ਹੈ। ਇਸ ਵਿਚਾਰ ਨੂੰ ਕੁਝ ਇਤਿਹਾਸਕ ਵਾਰਦਾਤਾਂ ਅਤੇ ਮਿਥਿਹਾਸਕ ਕਹਾਣੀਆਂ ਰਾਹੀਂ ਮੰਨਣਯੋਗ ਬਣਾਉਣ ਦਾ ਯਤਨ ਵੀ ਕੀਤਾ ਜਾਂਦਾ ਹੈ ਪਰ ਗੁਰਬਾਣੀ ਅਨੁਸਾਰ ਸੰਸਾਰ ਦੀ ਮਾਇਆ ਅਤੇ ਧਰਮ ਦਾ ਮੇਲ ਸੰਭਵ ਨਹੀਂ।
ਅਸਲ ਵਿਚ ਗੁਰਬਾਣੀ ਸੰਸਾਰ ਨੂੰ ਪ੍ਰਭੂ ਦੀ ਕਿਰਤ ਜਾਂ ਖੇਡ, ਉਸ ਤੋਂ ਵਖਰਾ, ਦੂਜਾ, ਜਨਮ-ਮਰਨ ਦੇ ਗੇੜ ਵਿਚ ਪਿਆ ਪਦਾਰਥ ਅਤੇ ਮਿਥਿਆ ਮੰਨਦੀ ਹੈ, “ਦ੍ਰਿਸਟਮਾਨ ਹੈ ਸਗਲ ਮਿਥੇਨਾ॥” (ਪੰਨਾ 1090)। ਉਹ ਸੰਸਾਰ ਵਿਚ ਤ੍ਰੈਗੁਣਾਂ, ਰਜੋ, ਤਮੋ, ਸਤੋ “ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹਿ ਗੁਬਾਰ॥” (ਪੰਨਾ 30) ਨੂੰ ਕ੍ਰਿਆਸ਼ੀਲ ਅਤੇ ਪ੍ਰਭੂ ਨੂੰ ਅਦ੍ਰਿਸ਼ਟ ਪਰ ਸੱਤ ਮੰਨਦੀ ਹੈ। ਮਨੁੱਖ ਮਾਇਆ ਦੇ ਤ੍ਰੈਗੁਣਾਂ ਤੋਂ ਉਤੇ ਉਠ ਕੇ ਹੀ ਪ੍ਰਭੂ ਦੀ ਕਿਰਪਾ ਰਾਹੀਂ ਚੌਥੇ ਪਦ ਵਿਚ ਉਸ ਦਾ ਗਿਆਨ ਪ੍ਰਾਪਤ ਕਰਕੇ ਉਸ ਦੇ ਦਰਸ਼ਨ ਅਤੇ ਮਿਲਾਪ ਕਰਨਯੋਗ ਬਣ ਸਕਦਾ ਹੈ। ਗੁਰਬਾਣੀ ਦੀ ਇਹ ਅਧਿਆਤਮਕ ਵਿਚਾਰਧਾਰਾ ਸਨਾਤਨੀ ਅਤੇ ਸੈਮਟਿਕ ਵਿਚਾਰਧਾਰਾਵਾਂ ਵਿਚੋਂ ਵਿਕਸਿਤ ਹੋਈ ਹੈ।
ਗੁਰੂ ਨਾਨਕ ਦੇਵ ਨੇ ਆਪਣੇ ਸਮੇਂ ਦੇ ਪਹੁੰਚਯੋਗ ਜਗਤ ਦਾ ਰਟਨ ਕਰ, ਭਗਤਾਂ, ਸੰਤਾਂ ਤੇ ਧਾਰਮਕ ਆਗੂਆਂ ਨਾਲ ਵਿਚਾਰ ਵਟਾਂਦਰੇ ਅਤੇ ਰਿਸ਼ੀਆਂ, ਮੁਨੀਆਂ ਤੇ ਭਗਤਾਂ ਦੀਆਂ ਰਚਨਾਵਾਂ ਦਾ ਅਧਿਐਨ ਕਰਕੇ ਗੁਰਬਾਣੀ ਵਿਚਾਰਧਾਰਾ ਨੂੰ ਨਾਨਕ ਬਾਣੀ ਦੇ ਰੂਪ ਵਿਚ ਪ੍ਰਗਟ ਕੀਤਾ ਹੈ। ਉਨ੍ਹਾਂ ਆਪਣੀ ਬਾਣੀ ਨੂੰ ‘ਖਸਮ ਕੀ ਬਾਣੀ’ ਆਖਿਆ ਹੈ। ਦੂਜੇ ਪੰਜ ਗੁਰੂ ਸਾਹਿਬਾਨ ਨੇ ਇਸੇ ਨਾਨਕ ਬਾਣੀ ਦੀ ਵਿਆਖਿਆ ਕੀਤੀ ਹੈ ਅਤੇ ਆਪਣੀਆਂ ਰਚਨਾਵਾਂ ਨੂੰ ਨਾਨਕ ਬਾਣੀ ਦਾ ਨਾਂ ਦਿੱਤਾ ਹੈ। ਸਮਾਜਕ ਪੱਧਰ ‘ਤੇ ਗੁਰਬਾਣੀ ਮਨੁੱਖ ਨੂੰ ਆਪਣੇ ਜੀਵਨ ਵਿਚ ਪਰਿਵਾਰਕ ਤੇ ਸਮਾਜਕ ਜਿੰਮੇਵਾਰੀਆਂ ਨਿਭਾਉਣ ਦਾ ਉਪਦੇਸ਼ ਦਿੰਦੀ ਹੈ ਅਤੇ ਮਨੁੱਖੀ ਏਕਤਾ, ਸੁਤੰਤਰਤਾ ਤੇ ਬਰਾਬਰੀ ਦੀ ਸਮਰਥਕ ਹੈ। ਪੰਥਕ ਧਾਰਮਕ ਕ੍ਰਿਆਵਾਂ ਗੁਰਬਾਣੀ ਵਿਚਾਰਧਾਰਾ ਦੇ ਅਨੁਕੂਲ ਨਹੀਂ ਹਨ।
ਸਿੱਖ ਪੰਥ ਦੀ ਧਾਰਮਕ ਸਿਆਸਤ ਦਾ ਮਨੋਰਥ ਸਿੱਖ ਧਰਮ ਦੀ ਚੜ੍ਹਦੀ ਕਲਾ ਦੀ ਪ੍ਰਾਪਤੀ ਸੀ। ਪੰਥਕ ਸਿਆਸਤ ਦੀਆਂ ਪ੍ਰਾਪਤੀਆਂ ਦੇ ਮੁਲਾਂਕਣ ਲਈ ਉਸ ਦੀ ਉਤਪਤੀ ਅਤੇ ਪਿਛੋਕੜ ‘ਤੇ ਇੱਕ ਝਾਤ ਪਾਉਣੀ ਜ਼ਰੂਰੀ ਹੈ, ਪਰ ਕਿਉਂਕਿ ਉਸ ਸਿਆਸਤ ਦਾ ਕਾਰਜ ਖੇਤਰ ਪੰਜਾਬ ਸੀ, ਇਸ ਲਈ ਪੰਜਾਬ ਦੇ ਉਦਭਵ ਬਾਰੇ ਵੀ ਵਿਚਾਰ ਕਰਨਾ ਬਣਦਾ ਹੈ। ਪੰਜਾਬ ਦੇਸ਼ ਅਤੇ ਪੰਜਾਬੀ ਕੌਮ ਦੀ ਉਤਪਤੀ ਗੁਰੂ ਨਾਨਕ ਵਿਚਾਰਧਾਰਾ ਦੇ ਪਰਿਣਾਮ ਹਨ। ਉਨ੍ਹਾਂ ਦੇ ਉਦਮ ਸਦਕਾ ਹੀ ਪੇਸ਼ਾਵਰ ਤੋਂ ਦਿੱਲੀ ਤਕ ਦੇ ਖਿੱਤੇ ਵਿਚ ਪੰਜਾਬੀ ਸਭਿਆਚਾਰ ਦਾ ਬੋਲ ਬਾਲਾ ਹੋਇਆ ਸੀ। ਉਨ੍ਹਾਂ ਵਿਚ ਹੀ ਬਾਬਰ ਨੂੰ ਚੁਣੌਤੀ ਦੇਣ ਅਤੇ ਮਨੁੱਖਤਾ ਦੀ ਸਾਂਝੀਵਾਲਤਾ ਦਾ ਹੋਕਾ ਦੇਣ ਦੀ ਸਮਰੱਥਾ ਸੀ। ਉਨ੍ਹਾਂ ਦੇ ਮਾਨਵਵਾਦੀ ਵਿਚਾਰ ਹਿੰਦੂਆਂ ਨੂੰ ਚੰਗੇਰੇ ਹਿੰਦੂ ਅਤੇ ਮੁਸਲਮਾਨਾਂ ਨੂੰ ਅੱਛੇ ਮੁਸਲਮਾਨ ਬਣਨ ਲਈ ਪ੍ਰੇਰਿਤ ਕਰਦੇ ਸਨ। ਮੁਸਲਮਾਨਾਂ ਪ੍ਰਤੀ ਉਨ੍ਹਾਂ ਦਾ ਕਥਨ ਹੈ,
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ
ਤਾ ਮੁਸਲਮਾਣੁ ਕਹਾਵੈ॥
ਅਵਲਿ ਅਉਲਿ ਦੀਨ ਕਰਿ
ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥
ਹੋਇ ਮੁਸਲਿਮੁ ਦੀਨ ਮੁਹਾਣੈ
ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾਇ ਮੰਨੇ ਸਿਰ ਉਪਰਿ
ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ
ਤ ਮੁਸਲਮਾਣੁ ਕਹਾਵੈ॥ (ਪੰਨਾ 141)
ਗੁਰੂ ਨਾਨਕ ਦੇਵ ਪੰਜਾਬ ਦੇ ਸਰਬ ਸਾਂਝੇ ਆਗੂ ਪ੍ਰਵਾਨ ਹੋਏ। ਮੁਸਲਮਾਨ ਉਨ੍ਹਾਂ ਨੂੰ ਆਪਣਾ ਪੀਰ ਅਤੇ ਹਿੰਦੂ ਆਪਣਾ ਗੁਰੂ ਮੰਨਦੇ ਸਨ।
ਹੇਠਾਂ ਪੰਜਾਬ ਦੀਆ ਕੁਝ ਇਤਿਹਾਸਕ ਵਾਰਦਾਤਾਂ ਵਿਚ ਧਰਮ ਅਤੇ ਸਿਆਸਤ ਦੀ ਭੂਮਿਕਾ ਦਾ ਮੁਲਾਂਕਣ ਕਰਨ ਦਾ ਯਤਨ ਕੀਤਾ ਗਿਆ ਹੈ:
ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਧਾਰਮਕ ਨਹੀਂ ਸਨ, ਸਿਆਸੀ ਸਨ। ਉਨ੍ਹਾਂ ਦੇ ਸੈਨਿਕਾਂ ਅਤੇ ਸਹਿਯੋਗੀਆਂ ਦਾ ਸਬੰਧ ਸਾਰੇ ਧਰਮਾਂ ਨਾਲ ਸੀ।
ਸਿੱਖ ਮਿਸਲਾਂ ਪੰਜਾਬੀਆਂ ਵਲੋਂ ਸਿੱਖ ਜੋਧਿਆਂ ਦੀ ਅਗਵਾਈ ਹੇਠ ਗੁਰੀਲਾ ਜੰਗ ਲਈ ਬਣਾਏ ਸੰਗਠਨ ਸਨ। ਮਿਸਲਾਂ ਦਾ ਸੰਘਰਸ਼ ਧਾਰਮਕ ਨਹੀਂ, ਰਾਜਸੀ ਸੀ।
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਧਰਮਤੰਤਰਕ ਨਹੀਂ ਸੀ। ਉਹ ਸਿੱਖ ਰਾਜੇ ਦਾ ਪੰਜਾਬ ਵਿਚ ਧਰਮ ਨਿਰਪੱਖ ਰਾਜ ਸੀ। ਧਰਮ ਨਿਰਪੱਖਤਾ ਉਸ ਦੇ ਰਾਜ ਦੀ ਸਫਲਤਾ ਦਾ ਇੱਕ ਕਾਰਨ ਸੀ।
ਅੰਗਰੇਜ਼ਾਂ ਦੀ ਸਿੱਖਾਂ ਨਾਲ ਦੂਜੀ ਜੰਗ ਬਾਰੇ ਸ਼ਾਹ ਮੁਹੰਮਦ ਲਿਖਦਾ ਹੈ, “ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।” ਸਿੱਖ ਫੌਜ ਨੇ ਅੰਗਰੇਜ਼ਾਂ ਨੂੰ ਹਰਾ ਦਿੱਤਾ ਸੀ ਪਰ ਉਨ੍ਹਾਂ ਆਪਣੀ ਜਿੱਤ ਦਾ ਐਲਾਨ ਨਾ ਕੀਤਾ ਅਤੇ ਮੌਕਾ ਪਾ ਕੇ ਲਾਰਡ ਡਲਹੌਜ਼ੀ ਨੇ ਅੰਗਰੇਜ਼ਾਂ ਦੀ ਜਿੱਤ ਦਾ ਝੂਠਾ ਐਲਾਨ ਕਰ ਦਿੱਤਾ।
ਨਾਮਧਾਰੀਆਂ ਦੇ ਧਾਰਮਕ ਸੰਘਰਸ਼ ਵਿਚ ਉਨ੍ਹਾਂ ਦੇ ਬਹੁਤੇ ਆਗੂ ਤੋਪਾਂ ਨਾਲ ਉੜਾ ਦਿੱਤੇ ਗਏ ਸਨ ਪਰ ਸਿੱਖ ਇਤਿਹਾਸ ਨੇ ਉਨ੍ਹਾਂ ਨੂੰ ਹਾਸ਼ੀਏ ‘ਤੇ ਰੱਖਿਆ ਹੋਇਆ ਹੈ। ਇਸ ਦੇ ਉਲਟ ਗਦਰ ਪਾਰਟੀ ਦੇ ਸੰਘਰਸ਼ ਨੇ ਹਿੰਦੋਸਤਾਨ ਅਤੇ ਕੈਨੇਡਾ ਦੇ ਇਤਿਹਾਸ ਵਿਚ ਆਪਣੀ ਛਾਪ ਛੱਡ ਦਿੱਤੀ ਹੈ ਅਤੇ ਕੈਨੇਡਾ ਦੀ ਸਰਕਾਰ ਨੇ ਗਦਰੀ ਬਾਬਿਆਂ ਨਾਲ ਕੀਤੇ ਅਨਿਆਂ ਦੀ ਖਿਮਾ ਮੰਗ ਕੇ ਉਨ੍ਹਾਂ ਦੀ ਬਹਾਦਰੀ ਨੂੰ ਅਲੌਕਿਕ ਬਣਾ ਦਿੱਤਾ ਹੈ।
ਹਿੰਦੋਸਤਾਨ ਦੀ ਧਰਤੀ ‘ਤੇ ਧਾਰਮਕ ਸਿਆਸਤ ਦੀ ਪ੍ਰਥਾ ਅੰਗਰੇਜ਼ ਸਰਕਾਰ ਨੇ 1909 ਦਾ ਐਕਟ ਬਣਾ ਕੇ ਸਥਾਪਤ ਕੀਤੀ ਸੀ। ਉਸ ਐਕਟ ਨੂੰ ਮਿੰਟੋ-ਮੋਰਲੇ ਰਿਫਾਰਮ ਵੀ ਕਿਹਾ ਜਾਂਦਾ ਹੈ। ਇਹ ਨਾਪਾਕ ਬੀਮਾਰੀ ਅੰਗਰੇਜ਼ੀ ਸਾਮਰਾਜ ਦੇ ਉਸੇ ਅਧਿਨਿਯਮ ਦੀ ਦੇਣ ਹੈ। 1909 ਦਾ ਐਕਟ ਬਣਨ ਤੇ ਹਿੰਦੂਆਂ ਨੇ ਹਿੰਦੂ ਮਹਾ ਸਭਾ ਬਣਾਈ ਸੀ, ਜਿਸ ਨੂੰ ਗਾਂਧੀ ਨੇ ਸਾਬੋਤਾਜ ਕਰਕੇ ਅਰਥਹੀਣ ਕਰ ਦਿੱਤਾ ਸੀ। ਯੂ. ਪੀ. ਦੇ ਮੁਸਲਮਾਨ ਮੁਸਲਿਮ ਲੀਗ ਦੇ ਵੱਡੇ ਸਮਰਥਕ ਸਨ ਪਰ ਉਸ ਦੀ ਅਗਵਾਈ ਧਰਮ ਨਿਰਪੱਖ ਸੋਚ ਵਾਲੇ ਬੰਬਈ ਦੇ ਵਸਨੀਕ ਜਿਨਾਹ ਨੇ ਸਾਂਭ ਲਈ ਸੀ। ਸਿੱਖਾਂ ਨੇ ਵੀ ਆਪਣੇ ਧਰਮ ‘ਤੇ ਆਧਾਰਤ ਸਿਆਸੀ ਪਾਰਟੀ ਅਕਾਲੀ ਦਲ ਸਥਾਪਤ ਕਰ ਲਿਆ ਸੀ। ਹਿੰਦੂ ਬੁਹਗਿਣਤੀ ਨੇ ਗਾਂਧੀ ਦੀ ਅਗਵਾਈ ਹੇਠ ਭਾਰਤ ਨੂੰ ਆਜ਼ਾਦ ਕਰਵਾ ਕੇ ਧਰਮ ਨਿਰਪੱਖ ਰਾਜ ਸਥਾਪਤ ਕਰ ਲਿਆ। ਜਿਨਾਹ ਵੀ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਖੇਤਰਾਂ ਵਿਚ ਸੁਤੰਤਰ ਪਾਕਿਸਤਾਨ ਰਾਜ ਦੀ ਸਥਾਪਨਾ ਕਰਨ ਵਿਚ ਸਫਲ ਹੋ ਗਿਆ ਅਤੇ ਉਸ ਨੇ ਵੀ ਪਾਕਿਸਤਾਨ ਨੂੰ ਧਰਮ ਨਿਰਪੇਖ ਰਾਜ ਬਣਾਉਣ ਦਾ ਫੈਸਲਾ ਕਰ ਲਿਆ। ਸੀ. ਰਾਜਗੋਪਾਲਾਚਾਰੀ ਨੇ ਕਾਂਗਰਸ ਨੂੰ ਪਾਕਿਸਤਾਨ ਦੇ ਮਤੇ ਨੂੰ ਪ੍ਰਵਾਨ ਕਰਨ ਦਾ ਸੁਝਾਅ ਦਿੱਤਾ ਸੀ ਪਰ ਕਾਂਗਰਸ ਤਾਂ ਪਾਕਿਸਤਾਨ ਦਾ ਨਾਂ ਸੁਣਨ ਲਈ ਤਿਆਰ ਨਹੀਂ ਸੀ। ਅਕਾਲੀਆਂ ਨੇ ਪਾਕਿਸਤਾਨ ਦੀ ਥਾਂ ਭਾਰਤ ਵਿਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ।
ਗੁਰਦੁਆਰਾ ਸੁਧਾਰ ਲਹਿਰ ਨੂੰ ਅਕਸਰ ਧਾਰਮਕ ਸੰਘਰਸ਼ ਸਮਝ ਲਿਆ ਜਾਂਦਾ ਹੈ। ਭਾਵੇਂ ਉਹ ਸਿੱਖ ਧਰਮ ਨਾਲ ਸਬੰਧਤ ਸੰਘਰਸ਼ ਸੀ ਪਰ ਉਸ ਦਾ ਮਨੋਰਥ ਧਾਰਮਕ ਆਜ਼ਾਦੀ ਦੀ ਪ੍ਰਾਪਤੀ ਸੀ। ਉਸ ਸੰਘਰਸ਼ ਦੀ ਅਗਵਾਈ ਨਿਰਭੈ ਅਤੇ ਸੂਝਵਾਨ ਆਗੂ ਸਰਦਾਰ ਖੜਗ ਸਿੰਘ ਕਰ ਰਿਹਾ ਸੀ। ਉਸ ਨੇ ਅੰਗਰੇਜ਼ੀ ਸਾਮਰਾਜ ਦੇ ਘੁਮੰਡ ਨੂੰ ਖੇਰੂੰ ਖੇਰੂੰ ਕਰ ਦਿੱਤਾ, ਪਰ ਅੰਗਰੇਜ਼ ਸਰਕਾਰ ਵਿਰੁਧ ਜਿੱਤੇ ਸੰਘਰਸ਼ ਨੂੰ ਸਿੱਖ ਧਾਰਮਕ ਆਗੂਆਂ ਨੇ ਗੁਰਦੁਆਰਾ ਐਕਟ ਬਣਵਾ ਸਿੱਖ ਧਰਮ ਵਿਚ ਸਰਕਾਰ ਦੀ ਦਖਲ ਅੰਦਾਜ਼ੀ ਲਈ ਰਾਹ ਖੋਲ੍ਹ ਕੇ ਅਰਥਹੀਣ ਬਣਾ ਦਿੱਤਾ। ਹੁਣ ਸਰਕਾਰ ਆਪਣੀ ਮਰਜ਼ੀ ਨਾਲ ਐਕਟ ਨੂੰ ਬਦਲ ਕੇ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਕਰਨ ਦੇ ਯੋਗ ਹੋ ਗਈ ਹੈ। ਇਸ ਵਿਵਸਥਾ ਅਧੀਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰਾਂ ਦੇ ਨਾਂ ਲਫਾਫਿਆਂ ਵਿਚੋਂ ਨਿਕਲਣ ਲੱਗ ਪਏ ਹਨ।
ਦੱਸਿਆ ਜਾਂਦਾ ਹੈ ਕਿ ਸਰ ਸਟੈਫੋਰਡ ਕਰਿਪਸ ਨੇ ਆਪਣੇ ਮਿਸ਼ਨ ਸਮੇਂ ਅਕਾਲੀਆਂ ਨੂੰ ਸਿੱਖ ਰਾਜਿਆਂ ਦੇ ਮਾਲਵਾ, ਪੁਆਧ ਅਤੇ ਬਾਂਗਰ ਦੇ ਇਲਾਕਿਆਂ ‘ਤੇ ਰਾਜ ਨੂੰ ਸੁਤੰਤਰ ਸਿੱਖ ਰਾਜ ਬਣਾਉਣ ਬਾਰੇ ਵਿਚਾਰ ਕਰਨ ਦਾ ਸੰਕੇਤ ਦਿੱਤਾ ਸੀ ਪਰ ਅਕਾਲੀ ਪਾਰਟੀ ਨੂੰ ਵੀਹਵੀਂ ਸ਼ਤਾਬਦੀ ਦੀ ਸਿਆਸਤ ਦਾ ਗਿਆਨ ਨਹੀਂ ਸੀ ਕਿਉਂਕਿ ਉਹ ਮੱਧਕਾਲੀ ਸਿੱਖ ਧਾਰਮਕ ਪਰੰਪਰਾ, ਸਿੱਖ ਮਿਸਲਾਂ ਅਤੇ ਰਣਜੀਤ ਸਿੰਘ ਦੇ ਰਾਜ ਤੋਂ ਪ੍ਰਭਾਵਤ ਧਾਰਮਕ ਸਿਆਸਤ ਕਰਦੇ ਸਨ। ਉਨ੍ਹਾਂ ਦੀ ਸੋਚ ਅਨੁਸਾਰ ਮਾਲਵਾ ਤੇ ਬਾਂਗਰ ਅਤੇ ਉਥੋਂ ਦੇ ਸਿੱਖ ਰਾਜਿਆਂ ਨਾਲ ਸਿੱਖ ਪੰਥ ਦਾ ਕੋਈ ਵਾਸਤਾ ਨਹੀਂ ਸੀ। ਉਨ੍ਹਾਂ ਕਰਿਪਸ ਦੇ ਸੰਕੇਤ ਨੂੰ ਅਣਗੌਲਿਆ ਕਰ ਦਿੱਤਾ।
ਮੁਹੰਮਦ ਅਲੀ ਜਿਨਾਹ ਨੇ ਅਕਾਲੀਆਂ ਨੂੰ ਪਾਕਿਸਤਾਨ ਪ੍ਰਵਾਨ ਕਰਨ ਅਤੇ ਉਸ ਵਿਚ ਰਹਿਣ ਦੀ ਪੇਸ਼ਕਸ਼ ਕੀਤੀ ਸੀ, ਜੋ ਉਨ੍ਹਾਂ ਪ੍ਰਵਾਨ ਨਾ ਕੀਤੀ। ਆਰੀਆ ਸਮਾਜੀ ਤਾਂ ਪਾਕਿਸਤਾਨ ਦੇ ਵਿਰੋਧੀ ਸਨ ਪਰ ਸਿੱਖਾਂ ਨੂੰ ਪਾਕਿਸਤਾਨ ਵਿਚ ਵਸੇ ਰਹਿਣ ਬਾਰੇ ਕੋਈ ਉਜ਼ਰ ਨਹੀਂ ਸੀ ਹੋਣਾ ਚਾਹੀਦਾ। ਜੇ ਅਕਾਲੀ ਪਾਕਿਸਤਾਨ ਵਿਚ ਰਹਿਣ ਲਈ ਰਾਜ਼ੀ ਹੋ ਜਾਂਦੇ ਤਾਂ ਬਹੁਤੇ ਹਿੰਦੂਆਂ ਦੇ ਰਾਜ਼ੀ ਹੋ ਜਾਣ ਦੀ ਵੀ ਸੰਭਾਵਨਾ ਸੀ। ਐਸਾ ਹੋਣ ਨਾਲ ਪੰਜਾਬ ਦਾ ਬਟਵਾਰਾ ਹੋਣ ਤੋਂ ਬਚ ਜਾਂਦਾ ਅਤੇ ਲੱਖਾਂ ਲੋਕਾਂ ਦੇ ਉਜਾੜੇ ਤੇ ਖੂਨ ਖਰਾਬੇ ਦੀ ਸੰਭਾਵਨਾ ਵੀ ਘਟ ਜਾਂਦੀ। ਫਰੰਟੀਅਰ ਗਾਂਧੀ ਅਬਦੁਲ ਗੱਫਾਰ ਖਾਨ ਵਲੋਂ ਵੀ ਅਕਾਲੀਆਂ ਦੇ ਫੈਸਲੇ ਦਾ ਸਵਾਗਤ ਹੋਣਾ ਸੀ। ਹੈਰਾਨੀ ਹੁੰਦੀ ਹੈ ਕਿ ਅਕਾਲੀ ਪਾਕਿਸਤਾਨ ਵਿਚ ਰਲਣ ਤੋਂ ਤਾਂ ਇਨਕਾਰੀ ਸਨ ਪਰ ਭਾਰਤ ਵਿਚ ਬਿਨਾ ਕਿਸੇ ਲਿਖਤੀ ਇਕਰਾਰਨਾਮੇ ਦੇ ਕਾਂਗਰਸੀ ਸਿਅਸਤਦਾਨਾਂ ਦੀਆਂ ਗੱਲਾਂ ‘ਤੇ ਭਰੋਸਾ ਕਰਕੇ ਰਲਣ ਲਈ ਤਿਆਰ ਹੋ ਗਏ।
ਡਾ. ਅੰਬੇਦਕਰ ਦਾ ਖਿਆਲ ਸੀ ਕਿ ਗੁਰਬਾਣੀ ਜਾਤ-ਪਾਤ ਦਾ ਖੰਡਨ ਕਰਦੀ ਹੈ ਅਤੇ ਸਿੱਖ ਪੰਥ “ਅਵਲ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਣ ਭਲੇ ਕੋ ਮੰਦੇ॥” (ਪੰਨਾ 1349) ਵਿਚ ਜ਼ਰੂਰ ਆਸਥਾ ਰਖਦਾ ਹੋਵੇਗਾ। ਇਸ ਲਈ ਉਸ ਨੇ ਦਲਿਤਾਂ ਨੂੰ ਵੀ ਸਿੱਖ ਧਰਮ ਵਿਚ ਸ਼ਾਮਲ ਕਰ ਲੈਣ ਲਈ ਅਕਾਲੀਆਂ ਨੂੰ ਬੇਨਤੀ ਕੀਤੀ ਸੀ, ਜੋ ਉਨ੍ਹਾਂ ਪ੍ਰਵਾਨ ਨਾ ਕੀਤੀ।
ਪੰਜਾਬੀ ਸੂਬੇ ਦੇ ਸੰਘਰਸ਼ ਦਾ ਮੁੱਖ ਟੀਚਾ ਤਾਂ ਭਾਸ਼ਾ ਦੇ ਆਧਾਰ ‘ਤੇ ਰਾਜ ਦੀ ਸੀਮਾ ਮਿਥਣਾ ਸੀ ਪਰ ਕੁੰਡਾਂ ਵਿਚ ਸੜ ਮਰਨ ਦੇ ਡਰਾਮੇ ਨੇ ਇਸ ਦੇ ਟੀਚੇ ਵਿਚ ਪਾੜ ਪਾ ਦਿੱਤੀ। ਇਹ ਸੰਘਰਸ਼ ਅਕਾਲੀ ਦਲ ਦੀ ਲੀਡਰੀ ਪੋਠੋਹਾਰੀਆਂ ਅਤੇ ਮਝੈਲਾਂ ਤੋਂ ਖੋਹ ਕੇ ਮਲਵਈਆਂ ਨੂੰ ਦੇਣ ਵਲ ਤੁਰ ਪਿਆ। ਸਿੱਖਾਂ ਦੀ ਫੁੱਟ ਦਾ ਲਾਭ ਵਿਰੋਧੀਆਂ ਨੇ ਉਠਾ ਲਿਆ।
ਇੰਦਰਾ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਨੇ ਅਕਾਲੀ ਦਲ ਦੇ ਸਿਆਸੀ ਪ੍ਰਭਾਵ ਨੂੰ ਘਟਾਉਣ ਲਈ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਿੱਖ ਸਿਆਸਤ ਦੇ ਪਿੜ ਵਿਚ ਉਤਾਰਿਆ ਸੀ। ਉਹ ਸਿੱਖ ਧਰਮ ਦੀ ਇੱਕ ਸੰਪਰਦਾ ਦਾ ਮੁਖੀ ਸੀ। ਉਸ ਨੇ ਸਿੱਖਾਂ ਨਾਲ ਹੋਈਆਂ ਵਧੀਕੀਆਂ, ਵਿਤਕਰੇ ਅਤੇ ਅਨਿਆਂ ਦੀਆਂ ਭਾਵਨਾਵਾਂ ਤੋਂ ਉਪਜੇ ਰੋਹ ਨੂੰ ਉਭਾਰ ਕੇ ਸਿੱਖ ਪੰਥ ਵਿਚ ਸਿਆਸੀ ਹਨੇਰੀ ਲਿਆ ਦਿੱਤੀ। ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨ ਵਿਚ ਤਾਂ ਸਫਲ ਹੋ ਗਿਆ ਪਰ ਉਨ੍ਹਾਂ ਦੇ ਰੋਹ ਨੂੰ ਕਾਬੂ ਕਰਨ ਅਤੇ ਭਾਵਨਾਵਾਂ ਦੀ ਹਨੇਰੀ ਨੂੰ ਸਹੀ ਦਿਸ਼ਾ ਦੇਣ ਦੇ ਸਮਰੱਥ ਨਾ ਹੋ ਸਕਿਆ। ਸਿਆਸਤ ਸਮਾਜ ਅਤੇ ਦੂਜੀਆਂ ਕੌਮਾਂ ਨਾਲ ਸਬੰਧਾਂ ਦੇ ਪ੍ਰਬੰਧ ਦਾ ਕਿੱਤਾ ਹੈ। ਇਸ ਕਿੱਤੇ ਵਿਚ ਸਫਲਤਾ ਰਾਜਨੀਤੀ ਸ਼ਾਸਤਰ ਅਤੇ ਕਾਨੂੰਨ ਦੇ ਗਿਆਨ ਤੇ ਤਜਰਬੇ ਦੇ ਨਾਲ ਸਿਆਸੀ ਬੋਧ ‘ਤੇ ਨਿਰਭਰ ਕਰਦੀ ਹੈ। ਧਾਰਮਕ ਸਿੱਖਿਆ ਅਤੇ ਅਭਿਆਸ ਧਰਮ ਵਿਚ ਯੋਗ ਬਣਾਉਣ ਦੇ ਸਮਰੱਥ ਤਾਂ ਹੁੰਦੇ ਹਨ ਪਰ ਸਿਆਸਤ ਤੇ ਜੰਗ ਵਿਚ ਕੁਸ਼ਲਤਾ ਪ੍ਰਦਾਨ ਕਰਨਯੋਗ ਨਹੀਂ। ਸਿਆਸਤ ਵਿਰੋਧੀ ਦੀ ਸ਼ਕਤੀ ਦਾ ਅਨੁਮਾਨ ਲਾਉਣ ਅਤੇ ਆਪਣੇ ਅਨੁਯਾਈਆਂ ਦੀ ਸ਼ਕਤੀ ਨੂੰ ਕਾਬੂ ਕਰਕੇ ਉਚਿੱਤ ਚਾਲ ਚਲਣ ਦੀ ਵਿਧੀ ਹੈ। ਉਸ ਵਿਚ ਸਫਲਤਾ ਜੰਗੀ ਤਿਆਰੀ ਦੇ ਨਾਲ ਪੱਕੇ ਸਿਆਸੀ ਸੰਗਠਨ ਅਤੇ ਚਿੰਤਕ ਸਲਾਹਕਾਰਾਂ ਦੀ ਟੀਮ ‘ਤੇ ਨਿਰਭਰ ਕਰਦੀ ਹੈ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਇੱਕੇ ਦੁੱਕੇ ਚਿੰਤਕਾਂ ਦੀ ਸਲਾਹ ਤਾਂ ਲੈਂਦਾ ਸੀ ਪਰ ਉਸ ਦੀ ਸਿਆਸਤ ਧਾਰਮਕ ਵਿਸ਼ਵਾਸਾਂ ਤੋਂ ਭਾਵੁਕ ਹੋ ਕੇ ਭਾਵਨਾਵਾਂ ਦੇ ਹੜ੍ਹ ਦੇ ਨਿਵਾਣ ਵਲ ਤੁਰੀ ਹੋਈ ਸੀ। ਭਾਰਤ ਸਰਕਾਰ ਨੇ ਅੰਗਰੇਜ਼ੀ ਸਾਮਰਾਜ ਦੀ ਸਲਾਹ ਨਾਲ ਸਿੱਖ ਧਾਰਮਕ ਅਸਥਾਨਾਂ ਦੀ ਬੇਪਤੀ ਕਰਕੇ ਸਿੱਖ ਸ਼ਰਧਾਲੂਆਂ ਨੂੰ ਮਾਰ ਮੁਕਾਉਣ ਅਤੇ ਪੰਜਾਬ ਦੀ ਜਵਾਨੀ ਤੇ ਪੰਜਾਬ ਨੂੰ ਬਰਬਾਦ ਕਰਨ ਦੀ ਗੁਪਤ ਯੋਜਨਾ ਬਣਾਈ ਹੋਈ ਸੀ, ਜਿਸ ਦੀ ਸੰਤ ਭਿੰਡਰਾਂਵਾਲੇ ਨੂੰ ਕੋਈ ਜਾਣਕਾਰੀ ਨਹੀਂ ਸੀ।
ਪੰਜਾਬ ਗੁਰੂ ਨਾਨਕ ਸਾਹਿਬ ਦੀ ਵਰੋਸਾਈ ਪ੍ਰਭਾਵਸ਼ਾਲੀ ਸਭਿਆਚਾਰਕ ਹਸਤੀ ਹੈ, ਜਿਸ ਨਾਲ ਭਾਰਤ ਸਰਕਾਰ ਵਿਤਕਰਾ ਅਤੇ ਵੈਰ ਕਰਦੀ ਆ ਰਹੀ ਹੈ। ਬਹੁਕੌਮੀ ਦੇਸ਼ ਹੋਣ ਕਾਰਨ ਭਾਰਤੀ ਸਿਆਸੀ ਪਾਰਟੀਆਂ ਪੰਜਾਬ ਅਤੇ ਕਈ ਹੋਰ ਦੂਜੀਆਂ ਕੌਮਾਂ ਨਾਲ ਨਿਆਂ ਨਹੀਂ ਕਰਦੀਆਂ। ਇਸੇ ਵਿਤਕਰੇ ਕਾਰਨ ਦੱਖਣੀ ਰਾਜਾਂ, ਉਤਰ ਪ੍ਰਦੇਸ਼ ਅਤੇ ਬੰਗਾਲ ਨੇ ਆਪਣੇ ਲੋਕਾਂ ਦੇ ਹਿਤਾਂ ਲਈ ਖੇਤਰੀ ਸਿਆਸੀ ਪਾਰਟੀਆਂ ਬਣਾ ਲਈਆਂ ਹਨ। ਪੰਜਾਬ ਦੇ ਸਿੱਖਾਂ ਨੇ ਵੀ ਅੱਧੇ ਪੰਜਾਬੀਆਂ ਦੇ ਹਿੱਤਾਂ ਲਈ ਖੇਤਰੀ ਅਕਾਲੀ ਪਾਰਟੀ ਬਣਾਈ ਸੀ ਪਰ ਭਾਰਤੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਅੱਧੇ ਬਚੇ ਲੋਕਾਂ ਦੀ ਸਮਰਥਕ ਬਣ ਕੇ ਪੰਜਾਬ ਵਿਚ ਆਪਣੀ ਹੋਂਦ ਕਾਇਮ ਰਖਣ ਲਈ ਅਕਾਲੀਆਂ ਨਾਲ ਭਾਈਵਾਲੀ ਪਾ ਲਈ। ਪੰਜਾਬ ਨੂੰ ਪੰਜਾਬ ਅਤੇ ਸਾਰੇ ਪੰਜਾਬੀਆਂ ਦੇ ਉਜਲ ਭਵਿਖ ਨੂੰ ਸਮਰਪਿਤ ਪੜ੍ਹੇ-ਲਿਖੇ, ਸੂਝਵਾਨ, ਦੂਰ ਅੰਦੇਸ਼ ਅਤੇ ਪੰਜਾਬ ਪ੍ਰੇਮੀਆਂ ਦੀ ਅਗਵਾਈ ਹੇਠ ਪੰਜਾਬੀ ਸਿਆਸੀ ਪਾਰਟੀ ਦੀ ਲੋੜ ਹੈ। ਪੰਜਾਬ ਅਤੇ ਸਿੱਖਾਂ ਨੂੰ ਹੁਣ ਧਾਰਮਕ ਸਿਆਸਤ ਨੂੰ ਅਲਵਿਦਾ ਆਖ ਐਸੀ ਪਾਰਟੀ ਬਣਾ ਕੇ ਕੇਂਦਰ ਦੇ ਦਖਲ ਤੋਂ ਆਜ਼ਾਦ ਹੋਣ ਦਾ ਉਪਰਾਲਾ ਅਤੇ ਭਾਰਤ ਵਿਚ ਨਿਰੋਲ ਸੰਘੀ ਢਾਂਚਾ ਕਾਇਮ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ।