-ਜਤਿੰਦਰ ਪਨੂੰ
ਦੁਨੀਆਂ ਅੱਗੇ ਵੱਲ ਵਧ ਰਹੀ ਹੈ। ਪਹਿਲਾਂ ਸਾਨੂੰ ਇਹ ਸ਼ਿਕਵਾ ਹੁੰਦਾ ਸੀ ਕਿ ਦੁਨੀਆਂ ਦੀ ਰਫਤਾਰ ਵੱਧ ਹੈ, ਸਾਡੇ ਭਾਰਤ ਦੀ ਰਫਤਾਰ ਉਨ੍ਹਾਂ ਦੇਸ਼ਾਂ ਦੇ ਬਰਾਬਰ ਨਹੀਂ, ਜਿਨ੍ਹਾਂ ਦੀ ਬਰਾਬਰੀ ਕਰਨ ਦੀਆਂ ਗੱਲਾਂ ਹੁੰਦੀਆਂ ਹਨ। ਬਾਅਦ ਵਿਚ ਇਥੇ ਉਹ ਦੌਰ ਵੀ ਆਇਆ, ਜਦੋਂ ਜਾਪਣ ਲੱਗ ਪਿਆ ਕਿ ਭਾਰਤ ਦੀ ਰਫਤਾਰ ਵਿਚ ਖੜੋਤ ਆਈ ਜਾਂਦੀ ਹੈ, ਇਹ ਅੱਗੇ ਨਹੀਂ ਵਧ ਰਿਹਾ। ਆਖਰ ਨੂੰ ਉਹ ਦੌਰ ਵੀ ਆ ਗਿਆ, ਜਦੋਂ ਲੋਕ ਇਹ ਕਹਿਣ ਲੱਗੇ ਕਿ ਭਾਰਤ ਅੱਗੇ ਵੱਲ ਨੂੰ ਜਾਣ ਦੀ ਥਾਂ ਭੂਤ-ਕਾਲ, ਬੀਤੇ ਸਮੇਂ ਵੱਲ ਵਧਣ ਲੱਗ ਪਿਆ ਹੈ। ਇਹ ਚਰਚਾ ਵੀ ਅੱਜ ਕੱਲ੍ਹ ਕੋਈ ਨਹੀਂ ਕਰਦਾ।
ਏਦਾਂ ਲੱਗਦਾ ਹੈ ਕਿ ਇਸ ਦੀ ਪਿੱਛਲ-ਖੁਰੀ ਚਾਲ ਨੂੰ ਲੋਕਾਂ ਨੇ ਭਾਣਾ ਸਮਝ ਕੇ ਪ੍ਰਵਾਨ ਕਰ ਲਿਆ ਹੈ।
ਇਸ ਵਿਚ ਸ਼ੱਕ ਨਹੀਂ ਕਿ ਬਾਕੀਆਂ ਜਿੰਨੀ ਰਫਤਾਰ ਨਾ ਸਹੀ, ਫਿਰ ਵੀ ਭਾਰਤ ਪਹਿਲੇ ਪੰਝੀ ਸਾਲਾਂ ਦੌਰਾਨ ਕੁਝ ਨਾ ਕੁਝ ਅੱਗੇ ਨੂੰ ਵਧਦਾ ਰਿਹਾ ਸੀ। ਚੀਨ ਤੇ ਜਾਪਾਨ ਵਰਗੇ ਦੇਸ਼ਾਂ ਜਿੰਨੀ ਰਫਤਾਰ ਉਦੋਂ ਵੀ ਨਹੀਂ ਸੀ। ਆਜ਼ਾਦੀ ਮਿਲਣ ਦਾ ਸਬੱਬ ਉਦੋਂ ਬਣਿਆ ਸੀ, ਜਦੋਂ ਦੂਜੀ ਸੰਸਾਰ ਜੰਗ ਮੁੱਕਣ ਨੂੰ ਦੋ ਸਾਲ ਮਸਾਂ ਹੋਏ ਸਨ। ਚੀਨ ਤੇ ਭਾਰਤ ਅੱਗੜ-ਪਿੱਛੜ ਹੀ ਆਪਣੀ ਕਿਸਮਤ ਦੇ ਆਪ ਮਾਲਕ ਬਣੇ ਸਨ। ਚੀਨ ਅੱਗੇ ਨਿਕਲਣ ਲੱਗ ਪਿਆ। ਜਾਪਾਨ ਨੂੰ ਦੂਜੀ ਸੰਸਾਰ ਜੰਗ ਨੇ ਉਦੋਂ ਤੱਕ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਜੰਗ ਮੁੱਕੀ ਤਾਂ ਉਹ ਵੀ ਅੱਗੇ ਵਧਣ ਲੱਗ ਪਿਆ।
ਭਾਰਤ ਦੀ ਅੱਗੇ ਵੱਲ ਪੇਸ਼ਕਦਮੀ ਉਨ੍ਹਾਂ ਦੋਹਾਂ ਵਰਗੀ ਨਹੀਂ ਸੀ। ਨਤੀਜਾ ਇਹ ਨਿਕਲਿਆ ਕਿ ਸਾਥੋਂ ਡੇਢ ਸਾਲ ਪਿੱਛੋਂ ਆਪਣੇ ਮੁਕੱਦਰ ਦਾ ਮਾਲਕ ਬਣਿਆ ਚੀਨ ਅੱਜ ਮਨੁੱਖੀ ਵਸੀਲਿਆਂ ਦੇ ਵਿਕਾਸ ਪੱਖੋਂ ਸੰਸਾਰ ਦੀ ਸੂਚੀ ਵਿਚ 86ਵੇਂ ਥਾਂ ਹੈ ਅਤੇ ਭਾਰਤ ਦਾ ਨੰਬਰ 130ਵਾਂ ਦਰਜ ਕੀਤਾ ਗਿਆ ਹੈ। ਜੀਅ ਪ੍ਰਤੀ ਆਮਦਨ ਦੇ ਪੱਖ ਤੋਂ ਚੀਨ ਦਾ ਨੰਬਰ 72ਵਾਂ ਤੇ ਸਾਡੇ ਭਾਰਤ ਦਾ 140ਵਾਂ ਪੜ੍ਹਨ ਨੂੰ ਮਿਲਦਾ ਹੈ। ਇਸ ਸ਼ਰਮ ਤੋਂ ਬਚਣ ਲਈ ਇਹ ਦੱਸਿਆ ਜਾਂਦਾ ਹੈ ਕਿ ਭਾਰਤ ਭਾਵੇਂ ਪਛੜਿਆ ਹੈ, ਪਰ ਪਾਕਿਸਤਾਨ ਨਾਲੋਂ ਤਾਂ ਨਹੀਂ ਪਛੜਿਆ। ਇਹ ਸਿਰਫ ਦਿਲ ਨੂੰ ਤਸੱਲੀ ਦੇਣ ਵਾਲੀ ਦਲੀਲ ਹੈ।
ਜਿਹੜੇ ਪਹਿਲੇ ਪੰਝੀ ਕੁ ਸਾਲਾਂ ਵਿਚ ਇਸ ਦੇਸ਼ ਨੇ ਅੱਗੇ ਵੱਲ ਕਦਮ ਪੁੱਟੇ ਸਨ, ਜਦੋਂ ਇਹ ਐਟਮੀ ਤਾਕਤ ਵਾਲਾ ਦੇਸ਼ ਬਣਿਆ ਸੀ, ਜਦੋਂ ਇਸ ਨੇ ਜਹਾਜ ਬਣਾਉਣ ਦੀ ਸਮਰੱਥਾ ਹਾਸਲ ਕੀਤੀ ਸੀ, ਜਦੋਂ ਇਸ ਨੇ ਸਪੇਸ ਵੱਲ ਉਡਾਰੀ ਭਰਨ ਦਾ ਮਨ ਬਣਾਇਆ ਸੀ, ਉਦੋਂ ਦਾ ਭਾਰਤ ਅੱਜ ਦੇ ਭਾਰਤ ਤੋਂ ਬੜਾ ਵੱਖਰਾ ਸੀ। ਉਸ ਵੇਲੇ ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਵਿਗਿਆਨਕ ਨਜ਼ਰੀਆ ਵਿਕਸਿਤ ਕਰਨ ਲਈ ਪ੍ਰੇਰਦੀ ਹੁੰਦੀ ਸੀ ਤੇ ਉਸ ਤੋਂ ਬਾਅਦ ਦੀ ਸਰਕਾਰ ਨੇ ਇਸ ਤੋਂ ਉਲਟ ਪਾਸੇ ਵੱਲ ਮੂੰਹ ਕਰ ਲਿਆ ਸੀ। ਵਿਗਿਆਨ ਦੀਆਂ ਗੱਲਾਂ ਕਰ ਚੁਕੀ ਇੰਦਰਾ ਗਾਂਧੀ ਨੂੰ ਜਦੋਂ ਇੱਕ ਵੱਡੀ ਹਾਰ ਦੀ ਸੱਟ ਝੱਲਣ ਤੋਂ ਬਾਅਦ ਦੇਸ਼ ਦੀ ਕਮਾਨ ਮੁੜ ਸੌਂਪੀ ਗਈ, ਉਦੋਂ ਤੱਕ ਪੁਰਾਣੀ ਇੰਦਰਾ ਗਾਂਧੀ ਦੀ ਥਾਂ ਉਹ ਨਵੀਂ ਇੰਦਰਾ ਗਾਂਧੀ ਬਣਨ ਲੱਗ ਪਈ ਸੀ, ਜਿਸ ਦੇ ਇਰਦ-ਗਿਰਦ ਧੀਰੇਂਦਰ ਬ੍ਰਹਮਚਾਰੀ ਵਰਗੇ ਸਾਧ-ਸੰਤ ਤੇ ਸਵਾਮੀ ਇਹ ਕਹਿੰਦੇ ਫਿਰਦੇ ਸਨ ਕਿ ਉਹ ਸਾਥੋਂ ਪੁੱਛੇ ਬਿਨਾ ਕੋਈ ਕੰਮ ਨਹੀਂ ਕਰਦੀ। ਉਸ ਦਾ ਪੁੱਤਰ ਰਾਜੀਵ ਗਾਂਧੀ ਵੀ ਮੋੜ ਕੱਟ ਕੇ ਆਪਣੇ ਨਾਨੇ ਜਵਾਹਰ ਲਾਲ ਦੇ ਰਾਹ ਪੈਣ ਦੀ ਥਾਂ ਸਾਧਾਂ-ਸਵਾਮੀਆਂ ਦੇ ਆਖੇ ਬਾਬਰੀ ਮਸਜਿਦ ਵਿਚਲੇ ਉਸ ਕਮਰੇ ਦਾ ਤਾਲਾ ਤੋੜ ਕੇ ਪੂਜਾ ਕਰਨ ਤੁਰ ਪਿਆ ਸੀ, ਜਿਸ ਤੋਂ ਅਦਾਲਤਾਂ ਨੇ ਮਨ੍ਹਾਂ ਕੀਤਾ ਸੀ।
ਕਾਰਨ ਇਹ ਸੀ ਕਿ ਸਾਧਾਂ-ਸੰਤਾਂ ਨੇ ਕਿਹਾ ਸੀ ਕਿ ਉਥੇ ਪੂਜਾ ਕੀਤੀ ਚੋਣਾਂ ਦਾ ਲਾਭ ਕਰੇਗੀ। ਇਹੋ ਫਾਰਮੂਲਾ ਜਦੋਂ ਭਾਜਪਾ ਲੀਡਰਾਂ ਨੇ ਵਰਤਿਆ ਤਾਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵਾਲੇ ਸਾਧ-ਸੰਤ ਉਸ ਪਾਸੇ ਦਲ-ਬਦਲੀ ਕਰ ਗਏ। ਨਤੀਜਾ ਇਹ ਨਿਕਲਿਆ ਕਿ ਨਹਿਰੂ-ਗਾਂਧੀ ਪਰਿਵਾਰ ਨੂੰ ਤਾਂ ਰਾਜ ਮਹਿਲਾਂ ਵਿਚੋਂ ਬਨਵਾਸ ਮਿਲਿਆ ਹੀ, ਜਵਾਹਰ ਲਾਲ ਨਹਿਰੂ ਤੇ ਉਸ ਦੇ ਵਿਗਿਆਨਕ ਸੋਚ ਵਾਲੇ ਆਗੂਆਂ ਦੀ ਅਗਵਾਈ ਵਾਲੇ ਭਾਰਤ ਦਾ ਸਟੇਅਰਿੰਗ ਵੀ ਉਲਟ ਪਾਸੇ ਨੂੰ ਘੁੰਮਦਾ ਗਿਆ।
ਅੱਜ ਦਾ ਭਾਰਤ ਨਹਿਰੂ ਵਾਲਾ ਨਹੀਂ, ਇੰਦਰਾ ਅਤੇ ਰਾਜੀਵ ਵਾਲਾ ਵੀ ਨਹੀਂ, ਸਗੋਂ ਵਾਜਪਾਈ ਦੇ ਦੌਰ ਦਾ ਭਾਰਤ ਵੀ ਨਹੀਂ, ਜਿੱਥੇ ਪਿਛਲੀਆਂ ਲੀਹਾਂ ਤੋਂ ਪਾਸਾ ਵੱਟਣ ਵੇਲੇ ਕੁਝ ਸ਼ਰਮ-ਝਿਜਕ ਹੁੰਦੀ ਸੀ। ਅੱਜ ਦੇ ਭਾਰਤ ਵਿਚ ਨਰਿੰਦਰ ਮੋਦੀ ਅਤੇ ਉਹੋ ਜਿਹੇ ਹੋਰ ਆਗੂਆਂ ਦਾ ਸਿੱਕਾ ਚਲਦਾ ਹੈ, ਜੋ ਆਰਾਮ ਨਾਲ ਵਿਗਿਆਨ ਨੂੰ ਵਹਿਮ-ਭਰਮ ਦੇ ਪੈਰਾਂ ਹੇਠਾਂ ਇੰਜ ਰੋਲ ਦਿੰਦੇ ਹਨ ਕਿ ਇਸ ਦਾ ਵਿਰੋਧ ਕਰਨ ਦੀ ਜੁਰਅਤ ਕਰਨ ਵਾਲੇ ਨਹੀਂ ਲੱਭਦੇ ਤੇ ਅਕਲ ਨਾਲ ਜਮਾਂਦਰੂ ਵਿਰੋਧ ਰੱਖਣ ਵਾਲੇ ਲੋਕ ਬੱਲੇ-ਬੱਲੇ ਕਰੀ ਜਾਂਦੇ ਹਨ।
ਵਿਗਿਆਨ ਤਾਂ ਭਾਰਤ ਦੀ ਵਿਰਾਸਤ ਸੀ। ਕਿਸੇ ਵਕਤ ਭਾਰਤ ਦੇ ਵਿਗਿਆਨੀਆਂ ਨੇ ਬਿਨਾ ਕਿਸੇ ਦੂਰਬੀਨ ਤੋਂ ਰਾਤਾਂ ਨੂੰ ਅਸਮਾਨ ਵੱਲ ਝਾਕ ਕੇ ਤਾਰੇ ਗਿਣੇ ਤੇ ਇਸ ਤਰ੍ਹਾਂ ਦਾ ਸਾਰਾ ਲੇਖਾ ਬਣਾਇਆ ਸੀ ਕਿ ਅੱਜ ਵੀ ਉਸ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਬਿਹਾਰ ਦੇ ਇੱਕ ਪਿੰਡ ਦਾ ਨਾਂ ਤਾਰੇ ਗਣਾ ਇਸ ਲਈ ਪਿਆ ਸੀ ਕਿ ਉਸ ਦੌਰ ਵਿਚ ਜਦੋਂ ਵੀ ਸੂਰਜ ਗ੍ਰਹਿਣ ਦਾ ਦਿਨ ਆਉਂਦਾ ਤਾਂ ਖੋਜੀ ਸੋਚ ਵਾਲੇ ਸਾਰੇ ਲੋਕ ਵਹੀਰਾਂ ਘੱਤ ਕੇ ਉਸ ਪਿੰਡ ਜਾ ਪੁੱਜਦੇ ਸਨ। ਅੱਜ ਵੀ ਸੂਰਜ ਗ੍ਰਹਿਣ ਦੇ ਦਿਨ ਸੰਸਾਰ ਭਰ ਦੇ ਤਾਰਾ ਵਿਗਿਆਨੀਆਂ ਲਈ ਉਹ ਪਿੰਡ ਮੱਕਾ ਬਣ ਜਾਂਦਾ ਹੈ ਤਾਂ ਇਸ ਲਈ ਬਣ ਜਾਂਦਾ ਹੈ ਕਿ ਇਹ ਭਾਰਤ ਦੇ ਵਿਗਿਆਨ ਦੀ ਵਿਰਾਸਤ ਹੈ। ਅਜੋਕੇ ਪ੍ਰਧਾਨ ਮੰਤਰੀ ਨਾਲ ਅਜਿਹੇ ਲੋਕ ਖੜੇ ਹਨ, ਜੋ ਵਿਗਿਆਨ ਨੂੰ ਚਿੜਾਉਂਦੀਆਂ ਗੱਲਾਂ ਕਰਦੇ ਹਨ।
ਪਿਛਲੀ ਵਾਰੀ ਭਾਰਤ ਦੀ ਸਾਇੰਸ ਕਾਂਗਰਸ ਵਿਚ ਆਉਣ ਤੋਂ ਸੰਸਾਰ ਪ੍ਰਸਿੱਧ ਵਿਗਿਆਨੀ ਵੈਂਕਟਾਰਮਨ ਰਾਮਾਕ੍ਰਿਸ਼ਨਨ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਥੇ ਸਾਇੰਸ ਕਾਂਗਰਸ ਦੇ ਨਾਂ ਉਤੇ ਸਰਕਸ ਚਲਾਈ ਜਾਂਦੀ ਹੈ। ਏਡੀ ਤਕੜੀ ਚੋਟ ਉਨ੍ਹਾਂ ਨੇ ਇਸ ਲਈ ਕਰ ਦਿੱਤੀ ਕਿ ਪ੍ਰਧਾਨ ਮੰਤਰੀ ਅਤੇ ਉਸ ਦੇ ਸਾਥੀ ਗੱਲਾਂ ਹੀ ਅਜਿਹੀਆਂ ਕਰਦੇ ਹਨ।
ਵੈਂਕਟਾਰਮਨ ਰਾਮਾਕ੍ਰਿਸ਼ਨਨ ਨੇ ਅਮਰੀਕਾ ਵਿਚ ਇੱਕ ਸੈਮੀਨਾਰ ਵਿਚ ਆਖਿਆ ਕਿ ਉਹ ਭਾਰਤ ਵਿਚ ਇੱਕ ਵਾਰੀ ਇਹ ਸੁਣ ਆਏ ਹਨ ਕਿ ਹਵਾਈ ਜਹਾਜ ਬਾਕੀ ਦੁਨੀਆਂ ਨੇ ਬਾਅਦ ਵਿਚ ਬਣਾਇਆ ਸੀ, ਭਾਰਤ ਵਿਚ ਦੋ ਹਜ਼ਾਰ ਸਾਲ ਪਹਿਲਾਂ ਬਣ ਗਿਆ ਸੀ। ਜਿਸ ਗੱਲ ਦਾ ਕੋਈ ਸਬੂਤ ਨਹੀਂ, ਉਸ ਨੂੰ ਇਸ ਆਧਾਰ ‘ਤੇ ਜਾਇਜ਼ ਠਹਿਰਾਇਆ ਜਾਂਦਾ ਹੈ ਕਿ ਫਲਾਣੇ ਗ੍ਰੰਥ ਵਿਚ ਲਿਖਿਆ ਹੈ ਕਿ ਫਲਾਣਾ ਵਿਅਕਤੀ ‘ਬਿਬਾਣ’ ਉਤੇ ਸਵਾਰ ਹੋ ਕੇ ਫਲਾਣੇ ਥਾਂ ਗਿਆ ਸੀ। ਇਹ ਗੱਲ ਮੰਨ ਲਈ ਜਾਵੇ ਤਾਂ ਇਹ ਵੀ ਦੱਸਣਾ ਪੈਂਦਾ ਹੈ ਕਿ ਇਹ ਵਿਮਾਨ ਜਾਂ ਜਹਾਜ ਉਤਰਨ ਅਤੇ ਉਡਣ ਦਾ ਉਦੋਂ ਵਾਲਾ ਹਵਾਈ ਅੱਡਾ ਫਲਾਣੇ ਥਾਂ ਲੱਭਾ ਹੈ। ਸ਼ਾਇਦ ਇਹ ਗੱਲ ਵੀ ਕਿਸੇ ਦਿਨ ਕਹਿ ਦਿੱਤੀ ਜਾਵੇ, ਕਿਉਂਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਚੁਕੇ ਹਨ ਕਿ ਭਾਰਤ ਵਿਚ ਪਲਾਸਟਿਕ ਸਰਜਰੀ ਕਈ ਹਜ਼ਾਰ ਸਾਲ ਪਹਿਲਾਂ ਵੀ ਹੋਇਆ ਕਰਦੀ ਸੀ।
ਕੇਂਦਰ ਸਰਕਾਰ ਚਲਾ ਰਹੀ ਪਾਰਟੀ ਦੇ ਇੱਕ ਪ੍ਰਮੁੱਖ ਆਗੂ ਨੇ ਇਹ ਵੀ ਕਹਿ ਦਿੱਤਾ ਹੈ ਕਿ ਵਟਸਐਪ ਬਾਕੀ ਦੁਨੀਆਂ ਨੇ ਆਹ ਚਾਰ-ਪੰਜ ਸਾਲ ਪਹਿਲਾਂ ਚੱਲਦਾ ਵੇਖਿਆ ਹੋਵੇਗਾ, ਭਾਰਤ ਵਿਚ ਇਹ ਮਹਾਂਭਾਰਤ ਦੀ ਜੰਗ ਵੇਲੇ ਵੀ ਹੁੰਦਾ ਸੀ ਤੇ ਇਸੇ ਕਰਕੇ ਉਸ ਜੰਗ ਵੇਲੇ ਰਾਜਾ ਧ੍ਰਿਤਰਾਸ਼ਟਰ ਦੇ ਕੋਲ ਖੜਾ ਸੰਜੇ ਉਨ੍ਹਾਂ ਨੂੰ ਜੰਗ ਦਾ ਸਾਰਾ ਹਾਲ ਨਾਲੋ-ਨਾਲ ਦੱਸੀ ਜਾਂਦਾ ਸੀ। ਇਲਾਜ ਪ੍ਰਣਾਲੀ ਬਾਰੇ ਵੀ ਇਹੋ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਮਿਜ਼ਾਈਲਾਂ ਨੂੰ ਉਸ ਯੁੱਗ ਦੇ ਖਿਆਲੀ ਅਗਨ-ਸ਼ਾਸਤਰਾਂ ਨਾਲ ਮੇਲਿਆ ਜਾ ਰਿਹਾ ਹੈ।
ਹੈਰਾਨੀ ਉਦੋਂ ਹੁੰਦੀ ਹੈ, ਜਦੋਂ ਇੱਕੋ ਸਾਹੇ ਦੇਸ਼ ਦਾ ਪ੍ਰਧਾਨ ਮੰਤਰੀ ਇਸ ਵਕਤ ਦੀਆਂ ਵਿਗਿਆਨਕ ਖੋਜਾਂ ਨੂੰ ਰੱਦ ਕਰਨ ਦੇ ਨਾਲ ਇਹ ਦਾਅਵਾ ਵੀ ਕਰੀ ਜਾਂਦਾ ਹੈ ਕਿ ਉਸ ਦੀ ਅਗਵਾਈ ਹੇਠ ਦੇਸ਼ ਨੇ ਵਿਗਿਆਨ ਦੇ ਪੱਖ ਤੋਂ ਬਹੁਤ ਵੱਡੇ ਕਦਮ ਚੁੱਕੇ ਹਨ। ਭਾਰਤ ਦੀ ਪੁਲਾੜ ਖੋਜ ਸੰਸਥਾ ‘ਇਸਰੋ’ ਦਾ ਭੇਜਿਆ ਉਪ ਗ੍ਰਹਿ ਜਿਸ ਦਿਨ ਮੰਗਲ ਤਾਰੇ ਤੱਕ ਪਹੁੰਚ ਗਿਆ ਤੇ ਪਰਿਕਰਮਾ ਕਰਨ ਲੱਗ ਪਿਆ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਮਾਣ ਨਾਲ ਆਖਿਆ ਕਿ ਮੇਰੀ ਸਰਕਾਰ ਦੀ ਅਗਵਾਈ ਹੇਠ ਦੇਸ਼ ਨੇ ਇਹ ਟੀਚਾ ਵੀ ਹਾਸਲ ਕਰ ਲਿਆ ਹੈ। ਇੱਕ ਕਾਂਗਰਸੀ ਆਗੂ ਨੇ ਮਜ਼ਾਕ ਉਡਾਉਂਦਿਆਂ ਕਿਹਾ ਕਿ ਪਿਛਲੀ ਮਨਮੋਹਨ ਸਿੰਘ ਸਰਕਾਰ ਦਾ ਉਡਾਇਆ ਉਪ ਗ੍ਰਹਿ ਮੰਗਲ ਤੱਕ ਪਹੁੰਚ ਗਿਆ ਤਾਂ ਇਸ ਵਿਚ ਮੌਜੂਦਾ ਸਰਕਾਰ ਦੀ ਅਗਵਾਈ ਤੇ ਮਿਹਨਤ ਕਿਹੜੀ ਸੀ? ਭਾਜਪਾ ਵਾਲਿਆਂ ਨੇ ਇਸ ਦਾ ਜਵਾਬ ਨਹੀਂ ਸੀ ਦਿੱਤਾ, ਪਰ ਭਾਰਤ ਦੇ ਇੱਕ ਵੱਡੇ ਵਿਅੰਗਕਾਰ ਸੰਪਤ ਸਰਲ ਨੇ ਜਵਾਬ ਦੇ ਦਿੱਤਾ। ਉਸ ਨੇ ਆਪਣੇ ਪ੍ਰੋਗਰਾਮ ਵਿਚ ਕਿਹਾ ਕਿ ਏਨੀ ਗੱਲ ਵੀ ਛੋਟੀ ਨਹੀਂ ਕਿ ਨਰਿੰਦਰ ਮੋਦੀ ਨੇ ਮਨਮੋਹਨ ਸਿੰਘ ਦੀ ਸਰਕਾਰ ਦੇ ਛੱਡੇ ਹੋਏ ਉਪ-ਗ੍ਰਹਿ ਨੂੰ ਮੰਗਲ ਤੱਕ ਪਹੁੰਚ ਲੈਣ ਦਿੱਤਾ ਹੈ, ਕਿਤੇ ਪਿੱਛੇ ਮੁੜਨ ਲਈ ਇਹ ਨਹੀਂ ਕਹਿ ਦਿੱਤਾ ਕਿ ਪੁਰਾਤਨ ਗ੍ਰੰਥਾਂ ਮੁਤਾਬਕ ‘ਮੰਗਲ’ ਨਾਰਾਜ਼ ਹੋ ਗਿਆ ਤਾਂ ਹੋਰ ਕੋਈ ਸਿਆਪਾ ਨਾ ਪਾ ਦੇਵੇ।
ਜਿਸ ਤਰ੍ਹਾਂ ਦੇ ਹਾਲਾਤ ਹਨ, ਜਦੋਂ ਇਸ ਦੇਸ਼ ਵਿਚ ਮਹਾਂਭਾਰਤ ਦੇ ਯੁੱਗ ਵਿਚ ਵਟਸਐਪ ਭਾਰਤ ਵਿਚ ਚੱਲਦਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਕੱਲ ਨੂੰ ਚੰਦਰ-ਮਿਸ਼ਨ ਲਈ ਸਾਰੀ ਤਿਆਰੀ ਛੱਡ ਕੇ ਇਹ ਫੈਸਲਾ ਕੀਤਾ ਜਾ ਸਕਦਾ ਹੈ ਕਿ ਚੰਦ ਕੋਈ ਆਮ ਗ੍ਰਹਿ ਨਹੀਂ, ਦੇਵਤਾ ਹੈ, ਉਸ ਨੂੰ ਛੋਹਣ ਦੀ ਗਲਤੀ ਮਨੁੱਖ ਨੂੰ ਨਹੀਂ ਕਰਨੀ ਚਾਹੀਦੀ। ਕਿਹਾ ਜਾਂਦਾ ਹੈ ਕਿ ਭਾਰਤ ਤਰੱਕੀ ਨਹੀਂ ਕਰਦਾ, ਏਦਾਂ ਦੀਆਂ ਸੋਚਾਂ ਨਾਲ ਤਰੱਕੀ ਕਰੇਗਾ ਕਿਵੇਂ? ਹਜ਼ਾਰਾਂ ਸਾਲ ਪਿਛਾਂਹ ਗੱਡੇ ਕਿੱਲਿਆਂ ਨਾਲ ਜਦੋਂ ਪੈਰ ਬੱਝੇ ਹੋਣ ਤਾਂ ਵਿਗਿਆਨਕ ਤਰੱਕੀ ਦੇ ਸੁਫਨੇ ਹੀ ਲਏ ਜਾ ਸਕਦੇ ਹਨ, ਸੁਫਨਿਆਂ ਦੇ ਚਸਕੇ ਵੀ ਲਏ ਜਾ ਸਕਦੇ ਹਨ, ਪਰ ਸੰਸਾਰ ਨਾਲ ਬਰ ਮੇਚਣਾ ਤੇ ਤਰੱਕੀ ਕਰਨਾ ਸੌਖਾ ਨਹੀਂ ਹੋ ਸਕਦਾ।
ਫਿਰ ਭਾਰਤ ਦੇ ਲੋਕਾਂ ਨੂੰ ਕਰਨਾ ਕੀ ਚਾਹੀਦਾ ਹੈ? ਲੱਖ ਟਕੇ ਦਾ ਇਹ ਸਵਾਲ ਜਦੋਂ ਦੇਸ਼ ਦੇ ਲੋਕਾਂ ਦੇ ਸਾਹਮਣੇ ਹੈ ਤਾਂ ਇਸ ਦਾ ਹੱਲ ਵੀ ਭਾਰਤ ਦੇ ਲੋਕਾਂ ਨੂੰ ਸੋਚਣਾ ਪਵੇਗਾ-ਉਦੋਂ, ਜਦੋਂ ਅਗਲੀਆਂ ਆਮ ਚੋਣਾਂ ਹੋਣਗੀਆਂ।