ਫਿਰ ਆ ਰਹੀਆਂ ਹਨ ਡਾਕੂਆਂ ਵਾਲੀਆਂ ਫਿਲਮਾਂ

ਕਦੇ ਹਿੰਦੀ ਸਿਨੇਮਾ ਵਿਚ ਡਾਕੂਆਂ ਦਾ ਬਹੁਤ ਬੋਲਬਾਲਾ ਹੁੰਦਾ ਸੀ। ਠਾਕੁਰ ਜਰਨੈਲ ਸਿੰਘ, ਝੱਬਰ ਸਿੰਘ, ਲਾਖਨ ਸਿੰਘ, ਰੂਪਾ, ਗੱਬਰ ਸਿੰਘ ਅਤੇ ਹੋਰ ਪਤਾ ਨਹੀਂ ਕਿੰਨੇ ਨਾਵਾਂ ਦੇ ਡਾਕੂ ਵੱਡੇ ਪਰਦੇ ‘ਤੇ ਛਾਏ ਹੋਏ ਸਨ। 1963 ਦੀ ਬੇਹੱਦ ਚਰਚਿਤ ਫਿਲਮ ‘ਮੁਝੇ ਜੀਨੇ ਦੋ’ ਵਿਚ ਠਾਕੁਰ ਜਰਨੈਲ ਸਿੰਘ ਦਾ ਕਿਰਦਾਰ ਇੰਨਾ ਹਰਮਨ ਪਿਆਰਾ ਹੋਇਆ ਸੀ ਕਿ ਅਭਿਨੇਤਾ ਸੁਨੀਲ ਦੱਤ ਨੂੰ ਫਿਲਮਾਂ ਦਾ ਸਭ ਤੋਂ ਹਿੱਟ ਡਾਕੂ ਮੰਨਿਆ ਗਿਆ। ਸਿਰਫ ਸੁਨੀਲ ਦੱਤ ਹੀ ਨਹੀਂ ਵਿਨੋਦ ਖੰਨਾ, ਧਰਮਿੰਦਰ ਵੀ ਡਾਕੂ ਦੇ ਤੌਰ ‘ਤੇ ਕਾਫੀ ਮਸ਼ਹੂਰ ਹੋਏ। ਅੱਜ ਕੱਲ੍ਹ ਵੀ ਡਾਕੂਆਂ ਨੂੰ ਆਧਾਰ ਬਣਾ ਕੇ ‘ਸ਼ਮਸ਼ੇਰਾ’, ‘ਸੋਨ ਵਿਰੈਯਾ’, ‘ਠੱਗਜ਼ ਆਫ ਹਿੰਦੁਸਤਾਨ’ ਵਰਗੀਆਂ ਕੁਝ ਫਿਲਮਾਂ ਬਣ ਰਹੀਆਂ ਹਨ।

ਕਦੇ ਇਕ ਮੁਲਾਕਾਤ ਦੌਰਾਨ ਅਭਿਨੇਤਾ ਰਣਬੀਰ ਕਪੂਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਉਹ ਕਿਸੇ ਫਿਲਮ ਵਿਚ ਦਸਯੁ ਸਰਗਨਾ ਦਾ ਕਿਰਦਾਰ ਕਰਨਾ ਚਾਹੁੰਦਾ ਹੈ। ਹੁਣ ਸਾਲਾਂ ਬਾਅਦ ਉਸ ਦੀ ਇਹ ਇੱਛਾ ਪੂਰੀ ਹੋਣ ਜਾ ਰਹੀ ਹੈ। ਆਪਣੀ ਨਵੀਂ ਫਿਲਮ ‘ਸ਼ਮਸ਼ੇਰਾ’ ਵਿਚ ਉਹ ਡਾਕੂ ਸ਼ਮਸ਼ੇਰਾ ਦਾ ਕਿਰਦਾਰ ਕਰਨ ਵਾਲਾ ਹੈ। ਯਸ਼ਰਾਜ ਬੈਨਰ ਦੀ ਇਸ ਫਿਲਮ ਦੇ ਨਿਰਦੇਸ਼ਕ ਕਰਨ ਮਲਹੋਤਰਾ ਹਨ। ਕੁਝ ਦਿਨ ਪਹਿਲਾਂ ਹੀ ਟੀਜ਼ਰ ਦਰਸ਼ਕਾਂ ਵਿਚਕਾਰ ਕਾਫੀ ਪਸੰਦ ਕੀਤਾ ਗਿਆ। ਇਸ ਵਿਚ ਰਣਬੀਰ ਦੀ ਦਿਖ ਕਾਬਿਲੇ-ਗੌਰ ਹੈ। ਇਸ ਵਿਚ ਉਸਦੀ ਟੈਗ ਲਾਈਨ ‘ਕਰਮ ਸੇ ਡਕੈਤ, ਧਰਮ ਸੇ ਆਜ਼ਾਦ’ ਹੈ। ਰਣਬੀਰ ਨੇ ਦੱਸਿਆ ‘ਇਹ ਪੀਰੀਅਡ ਫਿਲਮ ਹੈ ਜਿਸ ਵਿਚ ਡਾਕੂ ਦਾ ਕਿਰਦਾਰ ਅਹਿਮ ਹੈ। ਪਰ ਮੇਰੇ ਲਈ ਸਭ ਤੋਂ ਅਹਿਮ ਹੈ ਕਿ ਮੈਂ ਇਸ ਵਿਚ ਆਪਣੀ ਪਸੰਦ ਦਾ ਕਿਰਦਾਰ ਕਰ ਰਿਹਾ ਹਾਂ। ਬਚਪਨ ਵਿਚ ਮੈਨੂੰ ਡਾਕੂਆਂ ਵਾਲੀਆਂ ਫਿਲਮਾਂ ਪਸੰਦ ਸਨ। ਫਿਲਮ ‘ਸ਼ੋਅਲੇ’ ਦੇ ਸੰਵਾਦ ਮੈਂ ਘਰ ਵਿਚ ਬੋਲਦਾ ਰਹਿੰਦਾ ਸੀ। ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੀ ‘ਸ਼ਮਸ਼ੇਰਾ’ ਦੀ ਦਿਖ ਅਤੇ ਮੇਰੇ ਸੰਵਾਦ ਪਸੰਦ ਕੀਤਾ ਜਾਏਗਾ।’ ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਦੱਸਦੇ ਹਨ, ‘ਰਣਬੀਰ ਕਪੂਰ, ਵਰੁਣ ਧਵਨ, ਰਣਵੀਰ ਸਿੰਘ ਇਸ ਤਰ੍ਹਾਂ ਦੀ ਚੁਣੌਤੀ ਕਬੂਲ ਕਰ ਸਕਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਰਸੇ ਤੋਂ ਵੱਡੇ ਪਰਦੇ ‘ਤੇ ਕੋਈ ਡਾਕੂ ਦਾ ਕਿਰਦਾਰ ਨਜ਼ਰ ਨਹੀਂ ਆਇਆ। ਇਸ ਲਈ ਦਰਸ਼ਕਾਂ ਨੂੰ ਵੀ ਆਪਣੀ ਪਸੰਦ ਦੇ ਸਟਾਰ ਨੂੰ ਇਸ ਤਰ੍ਹਾਂ ਦੇ ਕਿਰਦਾਰ ਵਿਚ ਦੇਖਣ ਦੀ ਇੱਛਾ ਹੋਏਗੀ।’
ਨਵਾਂ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਵੀ ਉਨ੍ਹਾਂ ਕੁਝ ਨਾਇਕਾਂ ਵਿਚੋਂ ਹੈ ਜੋ ਕੁਝ ਨਵਾਂ ਕਰਨ ਲਈ ਬੇਤਾਬ ਰਹਿੰਦੇ ਹਨ। ਧੋਨੀ ਦੀ ਬਾਇਓਪਿਕ ਤੋਂ ਬਾਅਦ ਸੁਸ਼ਾਂਤ ‘ਸੋਨ ਚਿੜੀਆ’ ਵਿਚ ਡਾਕੂ ਦਾ ਰੋਲ ਕਰ ਰਿਹਾ ਹੈ। ਇਸ ਵਿਚ ਉਸਦੀ ਹੀਰੋਇਨ ਭੂਮੀ ਪੇਡਨੇਕਰ ਹੈ ਜੋ ਸਮਾਜਿਕ ਅੱਤਿਆਚਾਰ ਕਾਰਨ ਡਾਕੂ ਬਣਨ ਲਈ ਮਜਬੂਰ ਹੋ ਜਾਂਦੀ ਹੈ।
ਮਨੋਜ ਵਾਜਪਈ ਅਤੇ ਆਸ਼ੂਤੋਸ਼ ਰਾਣਾ ਫਿਲਮ ਦੇ ਹੋਰ ਦੂਜੇ ਅਹਿਮ ਕਿਰਦਾਰਾਂ ਵਿਚ ਹਨ। ਸੁਸ਼ਾਂਤ ਨੇ ਦੱਸਿਆ, ‘ਬਾਲਗ ਹੋਣ ਤੋਂ ਬਾਅਦ ਮੈਂ ਸੋਚਿਆ ਕਿ ਕਦੇ ਵੱਡੇ ਪਰਦੇ ‘ਤੇ ਡਾਕੂਆਂ ਵਾਲੀਆਂ ਫਿਲਮਾਂ ਕਿੰਨੀਆਂ ਪਸੰਦ ਕੀਤੀਆਂ ਜਾਂਦੀਆਂ ਸਨ। ਅਜਿਹੇ ਵਿਚ ‘ਸੋਨ ਚਿੜੀਆ’ ਦਾ ਵਿਸ਼ਾ ਮੈਨੂੰ ਬਹੁਤ ਪਸੰਦ ਆਇਆ। ਇਸ ਵਿਚ ਮੈਂ ਇਕ ਅਜਿਹੇ ਰਾਜਪੂਤ ਨੌਜਵਾਨ ਦਾ ਕਿਰਦਾਰ ਕਰ ਰਿਹਾ ਹਾਂ ਜੋ ਹਾਲਤ ਦੇ ਚੱਲਦੇ ਡਾਕੂ ਬਣਨ ਲਈ ਮਜਬੂਰ ਹੋ ਜਾਂਦਾ ਹੈ। ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਚੰਬਲ ਵਿਚ ਹੋਈ ਹੈ। ਮੈਂ ਮੰਨਦਾ ਹਾਂ ਕਿ ਡਾਕੂਆਂ ਦੇ ਆਤਮ ਸਪਰਪਣ ਤੋਂ ਬਾਅਦ ਉਨ੍ਹਾਂ ਦੀ ਚਰਚਾ ਬਹੁਤ ਘੱਟ ਹੁੰਦੀ ਹੈ, ਪਰ ਉਨ੍ਹਾਂ ਦਾ ਸ਼ੁਦਾਅ ਅਜੇ ਘੱਟ ਨਹੀਂ ਹੋਇਆ।’
ਆਮਿਰ ਖਾਨ ਅਤੇ ਅਮਿਤਾਭ ਬੱਚਨ ਦੀ ਨਵੀਂ ਫਿਲਮ ‘ਠੱਗਜ਼ ਆਫ ਹਿੰਦੁਸਤਾਨ’ ਵਿਚ ਵੀ ਲੁਟੇਰੇ ਠੱਗਾਂ ਦੇ ਰੂਪ ਵਿਚ ਮੌਜੂਦ ਹਨ। ਅਸਲ ਵਿਚ ਕਈ ਡਾਕੂ ਜਨਤਕ ਜੀਵਨ ਵਿਚ ਆਉਣ ਲਈ ਲੁੱਟ ਮਾਰ ਛੱਡ ਕੇ ਕੁਟ ਹੋਰ ਪੇਸ਼ਾ ਕਰ ਲੈਂਦੇ ਸਨ। ਉਨ੍ਹਾਂ ਵਿਚੋਂ ਕੁਝ ਅਜਿਹੇ ਡਾਕੂ ਸਨ ਜੋ ਠੱਗ ਵਿਦਿਆ ਨੂੰ ਅਪਣਾ ਲੈਂਦੇ ਸਨ। ਇਸ ਫਿਲਮ ਵਿਚ ਉਨ੍ਹਾਂ ਵਿਚੋਂ ਹੀ ਕੁਝ ਲੁਟੇਰਿਆਂ ਨੂੰ ਠੱਗ ਦੇ ਤੌਰ ‘ਤੇ ਪੇਸ਼ ਕੀਤਾ ਜਾਏਗਾ।
ਕਈ ਦਿੱਗਜ ਮੇਕਅਪ ਮੈਨ ਮੰਨਦੇ ਹਨ ਕਿ ਡਾਕੂ ਦੇ ਰੋਲ ਵਿਚ ਸੰਜੇ ਦੱਤ ਆਪਣੇ ਪਿਤਾ ਦੀ ਤਰ੍ਹਾਂ ਹੀ ਸ਼ਾਨਦਾਰ ਲੱਗਦਾ ਹੈ। ਉਂਜ ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਉਸਨੇ ਇਕ ਫਲਾਪ ਫਿਲਮ ‘ਜੀਵਾ’ ਵਿਚ ਡਾਕੂ ਦਾ ਕਿਰਦਾਰ ਨਿਭਾਇਆ ਸੀ। ਬੇਸ਼ੱਕ ਦਰਸ਼ਕ ਇਸ ਫਿਲਮ ਨੂੰ ਭੁੱਲ ਚੁੱਕੇ ਹਨ, ਪਰ ਸੰਜੇ ਦਾ ਵਿਅਕਤੀਤਵ ਇਸ ਕਿਰਦਾਰ ਨਾਲ ਬਿਲਕੁਲ ਮਿਲਦਾ ਸੀ। ਕਈ ਆਲੋਚਕ ਵੀ ਮੰਨਦੇ ਹਨ ਕਿ ਉਹ ਡਾਕੂ ਦੇ ਕਿਰਦਾਰ ਵਿਚ ਖੂਬ ਜੱਚਦਾ ਹੈ। ਇਸੇ ਵਜ੍ਹਾ ਕਾਰਨ ਉਹ ਅਦਿੱਤਿਆ ਚੋਪੜਾ ਦੀ ਫਿਲਮ ‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ ਨਾਲ ਅਹਿਮ ਡਾਕੂ ਦਾ ਕਿਰਦਾਰ ਕਰ ਰਿਹਾ ਹੈ। ਮਿਲਨ ਲੁਥੇਰਿਆ ਦੀ ਔਸਤ ਸਫਲ ਫਿਲਮ ‘ਬਾਦਸ਼ਾਹੋ’ ਦੇ ਲੁਟੇਰਿਆਂ ਨੂੰ ਵੀ ਕਾਫੀ ਹੱਦ ਤਕ ਇਸ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਬਲਕਿ ਤੁਸੀਂ ਉਸਨੂੰ ਆਧੁਨਿਕ ਡਾਕੂ ਕਹਿ ਸਕਦੇ ਹੋ।
‘ਮੇਰਾ ਗਾਓਂ ਮੇਰਾ ਦੇਸ਼’ ਦੇ ਝੱਬਰ ਸਿੰਘ ਯਾਨਿ ਵਿਨੋਦ ਖੰਨਾ ਵੀ ਇਸ ਵਿਚ ਸਾਰਥਿਕ ਉਦਾਹਰਨ ਹਨ। ਧਰਮਿੰਦਰ ਵਰਗੇ ਵੱਡੇ ਨਾਇਕ ਦੀ ਫਿਲਮ ਹੋਣ ਦੇ ਬਾਵਜੂਦ ਇਹ ਪੂਰੀ ਤਰ੍ਹਾਂ ਨਾਲ ਝੱਬਰ ਸਿੰਘ ਦੀ ਫਿਲਮ ਸੀ। ਝੱਬਰ ਦਾ ਉਠਣਾ-ਬੈਠਣਾ, ਚੱਲਣਾ-ਬੋਲਣਾ ਬੇਹੱਦ ਜੀਵੰਤ ਢੰਗ ਨਾਲ ਪਰਦੇ ‘ਤੇ ਆਉਂਦਾ ਹੈ। ਜ਼ਾਹਿਰ ਹੈ, ਇਸ ਦਾ ਪੂਰਾ ਸਿਹਰਾ ਵਿਨੋਦ ਖੰਨਾ ਨੂੰ ਜਾਂਦਾ ਹੈ।
ਅਭਿਨੇਤਾ ਇਰਫਾਨ ਖਾਨ ਨੂੰ ਮੋਹਰੀ ਸਫਾਂ ਵਿਚ ਲਿਆਉਣ ਵਿਚ ਤਿਗਮਾਂਸ਼ੂ ਧੂਲੀਆ ਦੀ ਫਿਮਲ ‘ਪਾਨ ਸਿੰਘ ਤੋਮਰ’ ਦਾ ਬਹੁਤ ਯੋਗਦਾਨ ਸੀ। ਇਸ ਵਿਚ ਉਹ ਪਾਨ ਸਿੰਘ ਨਾਂ ਦੇ ਅਜਿਹੇ ਅਥਲੀਟ ਦੇ ਕਿਰਦਾਰ ਵਿਚ ਨਜ਼ਰ ਆਇਆ ਜੋ ਕਈ ਵਿਰੋਧੀ ਹਾਲਾਤ ਵਿਚ ਫਸ ਕੇ ਸਰਗਨਾ ਬਣਨ ਲਈ ਮਜਬੂਰ ਹੋ ਜਾਂਦਾ ਹੈ। ਇਰਫਾਨ ਬਿਹਤਰੀਨ ਅਭਿਨੇਤਾ ਹੈ। ਉਸ ਦਾ ਇਹ ਗੁਣ ਇਸ ਕਿਰਦਾਰ ਵਿਚ ਬੇਹੱਦ ਸ਼ਿੱਦਤ ਨਾਲ ਉਭਰ ਕੇ ਆਉਂਦਾ ਹੈ। ਇਹੀ ਵਜ੍ਹਾ ਹੈ ਕਿ ਇਸ ਕਿਰਦਾਰ ਲਈ ਉਸਨੂੰ ਸਿਰਫ ਵਾਹ-ਵਾਹੀ ਨਹੀਂ ਮਿਲੀ, ਬਲਕਿ ਕਈ ਸਨਮਾਨ ਵੀ ਮਿਲੇ।
ਉਂਜ ਤਾਂ ਡਾਕੂਆਂ ‘ਤੇ ਕਈ ਫਿਲਮਾਂ ਬਣੀਆਂ ਹਨ, ਪਰ ਰਮੇਸ਼ ਸਿੱਪੀ ਦੀ ਫਿਲਮ ‘ਸ਼ੋਅਲੇ’ ਦੀ ਚਰਚਾ ਦੇ ਬਿਨਾਂ ਇਹ ਪੜਤਾਲ ਅਧੂਰੀ ਹੈ। ਸਿਤਾਰਿਆਂ ਨਾਲ ਭਰੀ ਇਸ ਫਿਲਮ ਦਾ ਸਭ ਤੋਂ ਵੱਡਾ ਆਕਰਸ਼ਣ ਡਾਕੂ ਗੱਬਰ ਸਿੰਘ ਦਾ ਕਿਰਦਾਰ ਸੀ। ਇਸ ਕਿਰਦਾਰ ਨੂੰ ਅਮਜਦ ਖਾਨ ਨੇ ਅਮਰ ਕਰ ਦਿੱਤਾ। ਫਿਲਮ ਦਾ ਚਰਚਿਤ ਸੰਵਾਦ ਹੈ, ‘ਗੱਬਰ ਕੀ ਤਾਪ ਸੇ ਤੁਮਹੇ ਸਿਰਫ ਏਕ ਆਦਮੀ ਬਚਾ ਸਕਦਾ ਹੈ, ਵਹ ਹੈ ਖੁਦ ਗੱਬਰ।’ ਦੇਖਿਆ ਜਾਏ ਤਾਂ ਗੱਬਰ ਦਾ ਇਹ ਤਾਪ ਵੱਡੇ ਪਰਦੇ ‘ਤੇ ਹੁਣ ਤਕ ਦੇ ਸਾਰੇ ਡਾਕੂ ਕਿਰਦਾਰਾਂ ‘ਤੇ ਭਾਰੀ ਪਿਆ ਹੈ।
ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਇਸ ਗੱਲ ਦਾ ਸਮਰਥਨ ਕਰਦੇ ਹਨ, ‘ਅਸਲ ਵਿਚ ਗੱਬਰ ਦੇ ਸੰਵਾਦ ਜਿਸ ਤਰ੍ਹਾਂ ਘਰ-ਘਰ ਬੋਲੇ ਗਏ, ਤੁਸੀਂ ਉਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿਰਦਾਰ ਕਿੰਨਾ ਸ਼ਕਤੀਸ਼ਾਲੀ ਸੀ। ਸ਼ਾਇਦ ਇਸੇ ਵਜ੍ਹਾ ਨਾਲ ਸਾਰੇ ਡਾਕੂ ਕਿਰਦਾਰਾਂ ਵਿਚਕਾਰ ਸਭ ਤੋਂ ਵੱਧ ਇਸ ਦਾ ਹੀ ਨਾਂ ਲਿਆ ਜਾਂਦਾ ਹੈ।’
-ਏ. ਚੱਕਰਵਰਤੀ