ਜੀ ਹਾਂ, ਫਿਲਮ ਵੇਖ ਲਈ ਹੈ, ਇਸੇ ਲਈ ਪੁੱਛਿਆ ਹੈ ਸਵਾਲ!
ਜੰਗ ਦੀ ਬੈਕ-ਗਰਾਊਂਡ ‘ਤੇ ਬਣੀਆਂ ਕਈ ਵਧੀਆ ਫਿਲਮਾਂ ਵੇਖਣ ਪਿੱਛੋਂ ‘ਸਲਿਊਟ’ ‘ਤੇ ਮੈਂ ਹੀ ਨਹੀਂ, ਹਰ ਦਰਸ਼ਕ ਸਵਾਲ ਕਰ ਸਕਦਾ ਹੈ ਕਿ ਕਿਹੜੀ ਗੱਲੋਂ ਮਾਰੀਏ ਸਲੂਟ? (ਫਿਲਮ ਨਾਲ ਜੁੜੇ ਹੋਏ ਲੋਕਾਂ ਨੂੰ ਛੱਡ ਕੇ) ਕੀ ਇਸ ਲਈ ਸਲੂਟ ਮਾਰੀਏ ਕਿ ਅਤਿਵਾਦੀਆਂ ਅੱਗੇ ਸਾਡੇ ਫੌਜੀਆਂ ਨੂੰ ਇੰਜ ਮੁਕਾਬਲਾ ਕਰਦੇ ਵਿਖਾਇਆ ਕਿ ਚਲੋ ਬਈ ਗੋਲੀ ਖਾ ਕੇ ‘ਸ਼ਹੀਦ’ ਬਣੋ ਕਿਉਂਕਿ ਕਹਾਣੀ ਅੱਗੇ ਵਧਾਉਣੀ ਹੈ।
ਕੀ ਇਸ ਲਈ ਸਲੂਟ ਮਾਰੀਏ ਕਿ ਫਿਲਮ ਮੇਕਰ ਨੇ ਆਰਮੀ ਕੈਂਪ ਦਾ ਜਲੂਸ ਕੱਢ ਦਿੱਤਾ ਹੈ। ਜਿਵੇਂ ਆਰਟ ਡਾਇਰੈਕਟਰ ਦੀ ਥਾਂ ਕਿਸੇ ਟੈਂਟ ਹਾਊਸ ਵਾਲੇ ਨੂੰ ਸੈਟ ਲਾਉਣ ਦਾ ਠੇਕਾ ਦੇ ਦਿੱਤਾ ਹੋਵੇ। ਇਸ ਤੋਂ ਚੰਗੇ ਆਰਮੀ ਕੈਂਪ ਤਾਂ ਰੰਗ-ਕਰਮੀ ਸਟੇਜ ਉਤੇ ਵਿਖਾ ਦਿੰਦੇ ਹਨ। ਕੀ ਇਸ ਲਈ ਸਲੂਟ ਮਾਰੀਏ ਕਿ ਆਤੰਕਵਾਦੀ ਹਮਲੇ ਸਮੇਂ ਸਾਡੇ ਜਵਾਨ ਇੰਜ ਤੰਬੂਆਂ ਚੋਂ ਬਾਹਰ ਨਿਕਲ ਰਹੇ ਹਨ ਜਿਵੇਂ ਬਿੱਲੀ ਤੋਂ ਡਰਦੇ ਚੂਜ਼ੇ ਸਹਿਮੇ ਹੋਏ ਭੱਜੇ ਫਿਰਦੇ ਹੋਣ। ਫੌਜੀਆਂ ਦੀ ਸਪਿਰਿਟ ਨੂੰ ਲੱਗਭਗ ਜ਼ੀਰੋ ਕਰ ਦਿੱਤਾ ਗਿਆ।
ਕੀ ਇਸ ਲਈ ਸਲੂਟ ਮਾਰਿਆ ਜਾਵੇ ਕਿ ਇਕ ਫੌਜੀ ਦੀ ਵਿਧਵਾ ਉਤੇ ਹੋਏ ਜ਼ੁਲਮਾਂ ਤੇ ਹਮਦਰਦੀ ਨੂੰ ਏਨੀ ਕਰੂਰਤਾ ਨਾਲ ਵਿਖਾਇਆ ਗਿਆ, ਜੋ ਸ਼ਾਇਦ ਹੀ ਕਿਸੇ ਨੇ ਵੇਖਿਆ ਸੁਣਿਆ ਹੋਵੇ।
ਫਿਲਮ ਦਾ ਦੂਜਾ ਹਿੱਸਾ ਪੂਰੇ ਦਾ ਪੂਰਾ ਘ੍ਰਿਣਾ ਨਾਲ ਭਰਿਆ ਹੋਇਆ ਹੈ ਕਿ ਫਿਲਮ ਬਣਾਉਣ ਵਾਲਿਆਂ ਪ੍ਰਤੀ ਵੀ ਘ੍ਰਿਣਾ ਹੋ ਜਾਂਦੀ ਹੈ। ਕੇਵਲ ਆਖਰੀ ਦ੍ਰਿਸ਼ ਵਿਚ ਬੱਚੀ ਮੂੰਹੋਂ ‘ਜੈ ਹਿੰਦ ਮਾਂ…’ ਕਹਾ ਕੇ ਦਰਸ਼ਕਾਂ ਦੀ ਫਿਲਮ ਪ੍ਰਤੀ ਹਮਦਰਦੀ ਨਹੀਂ ਬਟੋਰੀ ਜਾ ਸਕਦੀ।
ਅੱਤਿਆਚਾਰਾਂ ਦੀ ਆੜ ਹੇਠ ਡਾਇਰੈਕਟਰ ਨੇ ਬਲਾਤਕਾਰ ਤੋਂ ਲੈ ਕੇ ਹਰ ਤਰ੍ਹਾਂ ਦਾ ਚਾਲੂ ਫਿਲਮੀ ਮਸਾਲਾ ਤੁੰਨਣ ਦੀ ਕੋਸ਼ਿਸ਼ ਵਿਚ ਫੌਜੀ ਵਿਧਵਾ ਦਾ ਸਨਮਾਨ ਨਹੀਂ, ਬੇਅਦਬੀ ਹੀ ਕੀਤੀ ਹੈ। ਮੈਨੂੰ ਤਾਂ ਫਿਲਮ ਵਿਚ ਅਜਿਹੀ ਕੋਈ ਗੱਲ ਨਜ਼ਰ ਨਹੀਂ ਆਈ ਜਿਸ ਕਾਰਨ ਫਿਲਮ ਨੂੰ ‘ਸਲਿਊਟ’ ਕਰਨ ਦੇ ਯੋਗ ਸਮਝਿਆ ਜਾਵੇ!
ਕਲਾਕਰਾਂ ਦੀ ਚੋਣ ਦੇ ਮਾਮਲੇ ਵਿਚ ਫਿਲਮ ਪੂਰੀ ਤਰ੍ਹਾਂ ਮਿਸ-ਕਾਸਟ ਲੱਗੀ। ਹੀਰੋ ਨਵ ਬਾਜਵਾ ਆਪਣੇ ਕੱਦ-ਕਾਠ ਕਰਕੇ ਕਿਸੇ ਪੱਖੋਂ ਫੌਜੀ ਨਹੀਂ ਲਗਦਾ। ਇੰਜ ਲਗਦਾ ਹੈ ਜਿਵੇਂ ਬਲੂੰਗੜੇ ਨੂੰ ਸ਼ੇਰ ਦੀ ਖੱਲ ਵਿਚ ਲਪੇਟ ਦਿੱਤਾ ਗਿਆ ਹੋਵੇ। ਜਸਪਿੰਦਰ ਚੀਮਾ ਦੇ ਚਿਹਰੇ ਤੇ ਹੁਣ ਹੀਰੋਇਨਾਂ ਵਾਲੀ ਤਾਜ਼ਗੀ ਨਹੀਂ ਰਹੀ। ਦੀਪ ਮਨਦੀਪ ਤੇ ਬੌਬ ਖਹਿਰਾ ਠੀਕ ਠੀਕ ਹਨ। ਸੀਮਾ ਸ਼ਰਮਾ ਦੇ ਕੋਲ ਕਰਨ ਲਈ ਕੁਝ ਸੀ ਹੀ ਨਹੀਂ। ਉਸ ਦੇ ਆਪੋਜ਼ਿਟ ਕਿਰਦਾਰ ਨਿਭਾਉਣ ਵਾਲਾ ਰਾਜਿੰਦਰ ਰਿਖੀ ਬੇਹੱਦ ਕਮਜ਼ੋਰ ਰਿਹਾ। ਜੇ ਕਿਸੇ ਨੇ ਪ੍ਰਭਾਵਿਤ ਕੀਤਾ ਹੈ ਤਾਂ ਉਹ ਹੈ ਸਿਰਫ ਹੀਰੋ ਦੀ ਮਾਂ ਵਾਲਾ ਹਰਿਆਣਵੀ ਕਿਰਦਾਰ ਨਿਭਾਉਣ ਵਾਲੀ ਕਲਾਕਾਰ! ਫਿਲਮ ‘ਚ ਅੱਧੇ ਐਕਟਰ ਪੰਜਾਬੀ ਬੋਲਦੇ ਹਨ ਤੇ ਅੱਧ-ਪਚੱਧ ਹਰਿਆਣਵੀ। ਇੰਜ ਲੱਗਦਾ ਹੀ ਨਹੀਂ ਕਿ ਪੰਜਾਬੀ ਫਿਲਮ ਵੇਖ ਰਹੇ ਹਾਂ। ਦੋਹਾਂ ਭਾਸ਼ਾਵਾਂ ਦਾ ਸੁਮੇਲ ਕਰਨ ਵਿਚ ਫਿਲਮ ਦਾ ਲੇਖਕ ਨਿਰਦੇਸ਼ਕ ਹਰੀਸ਼ ਅਰੋੜਾ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਇੰਜ ਲੱਗਦਾ, ਜਿਵੇਂ ਪੰਜਾਬੀ ਦਾਲ ਨੂੰ ਹਰਿਆਣਵੀ ਕੋਕੜੂਆਂ ਦਾ ਤੜਕਾ ਲਾ ਦਿੱਤਾ ਹੋਵੇ!
ਫਿਲਮ ਦਾ ਇੱਕੋ ਇੱਕ ਗਾਣਾ ‘ਅਸੀਂ ਫੌਜੀ ਪੁੱਤ ਕਹਾਉਂਨੇ ਆਂ’ ਕਾਬਿਲ-ਏ-ਤਾਰੀਫ ਹੈ। ਗੀਤਕਾਰ ਦਿਲਜੀਤ ਅਰੋੜਾ ਵਧਾਈ ਦਾ ਹੱਕਦਾਰ ਹੈ।
ਫਿਲਮ ਦਾ ਕੈਨਵਸ ਬਹੁਤ ਵੱਡਾ ਹੈ। ਇੰਜ ਲੱਗਦਾ ਸੀ ਜਿਵੇਂ ਪੰਜਾਬੀ ਫਿਲਮਾਂ ਵਿਚ ਵੀ ਕੋਈ ਜੇ. ਪੀ. ਦੱਤਾ ਆ ਗਿਆ ਹੋਵੇ, ਪਰ ਫਿਲਮ ਵਿਚ ਕਿਤੇ ਵੀ ਨਾ ਤਾਂ ਫੌਜ ਵਾਲਾ ਮਾਹੌਲ ਹੈ ਤੇ ਨਾ ਹੀ ਫੌਜੀਆਂ ਵਾਲੀ ਸਰੀਰਕ ਭਾਸ਼ਾ। ਵੈਸੇ ਵੀ ਫਿਲਮ ਸ਼ੌਕੀਨਾਂ ਨੇ ਸਿਨਮੇ ਵਿਚ ਜਾ ਕੇ ਫਿਲਮ ਨੂੰ ਸਲਿਊਟ ਤਾਂ ਨਹੀਂ ਮਾਰਿਆ ਪਰ ਦੂਰੋਂ ਹੀ ਹੱਥ ਹਿਲਾ ਕੇ ‘ਬਾਏ ਬਾਏ’ ਜ਼ਰੂਰ ਕਰ ਦਿੱਤੀ ਹੈ।
-ਇਕਬਾਲ ਸਿੰਘ ਚਾਨਾ