ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਇਨਸਾਫ ਦੀ ਆਸ ਜਾਗੀ ਹੈ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਯਸ਼ਪਾਲ ਸਿੰਘ (55) ਨੂੰ ਫਾਂਸੀ ਅਤੇ ਉਸ ਦੇ ਸਾਥੀ ਨਰੇਸ਼ ਸਹਿਰਾਵਤ (59) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜਾਂਚ ਟੀਮ (ਸਿਟ) ਵਲੋਂ ਦਰਜ ਕੀਤੇ ਗਏ 5 ਮਾਮਲਿਆਂ ਵਿਚ ਪਹਿਲੇ ਮੁਕੱਦਮੇ ਵਿਚ ਇਹ ਸਜ਼ਾ ਦਿੱਤੀ ਗਈ ਹੈ।
ਕਤਲੇਆਮ ਦੇ 34 ਸਾਲ ਬਾਅਦ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ 14 ਨਵੰਬਰ ਨੂੰ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਨ੍ਹਾਂ ‘ਤੇ ਸਿੱਖ ਕਤਲੇਆਮ ਦੌਰਾਨ ਹਰਦੇਵ ਸਿੰਘ (24 ਸਾਲ) ਤੇ ਅਵਤਾਰ ਸਿੰਘ (26 ਸਾਲ) ਨਾਂ ਦੇ ਦੋ ਸਿੱਖਾਂ ਨੂੰ ਮਹੀਪਾਲਪੁਰ ਵਿਚ ਕਤਲ ਕਰਨ ਦੇ ਦੋਸ਼ ਸਾਬਤ ਹੋਏ ਸਨ। ਹਰਦੇਵ ਸਿੰਘ ਦੇ ਭਰਾ ਸੰਤੋਖ ਸਿੰਘ ਨੇ ਸ਼ਿਕਾਇਤ ਕੀਤੀ ਸੀ ਪਰ ਦਿੱਲੀ ਪੁਲਿਸ ਨੇ 1994 ਵਿਚ ਮੁਕੱਦਮਾ ਬੰਦ ਕਰ ਦਿੱਤਾ ਸੀ। ਇਸ ਫੈਸਲਾ ਨੂੰ ਕਤਲੇਆਮ ਦੇ ਹੋਰ ਮਾਮਲਿਆਂ ਵਿਚ ਵੀ ਪੀੜਤਾਂ ਨੂੰ ਨਿਆਂ ਦੀ ਉਮੀਦ ਮੰਨਿਆ ਜਾ ਰਿਹਾ ਹੈ। ਦਿੱਲੀ ਵਿਚ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ 650 ਦੇ ਕਰੀਬ ਮੁਕੱਦਮੇ ਦਰਜ ਹੋਏ ਸਨ, 267 ਬੰਦ ਕਰ ਦਿੱਤੇ ਗਏ ਪਰ ਸੀæਬੀæਆਈæ ਨੇ ਇਨ੍ਹਾਂ ਵਿਚੋਂ 5 ਮੁਕੱਦਮੇ ਮੁੜ ਖੋਲ੍ਹੇ। ਵਿਸ਼ੇਸ਼ ਜਾਂਚ ਟੀਮ ਨੇ ਵੀ 18 ਮਾਮਲੇ ਮੁੜ ਖੋਲ੍ਹੇ ਤੇ 60 ਮਾਮਲੇ ਅਜਿਹੇ ਪਾਏ ਗਏ ਜਿਨ੍ਹਾਂ ਦੀ ਅੱਗੇ ਜਾਂਚ ਕੀਤੀ ਜਾ ਸਕਦੀ ਸੀ। ‘ਸਿਟ’ ਨੇ ਪਿਛਲੇ ਡੇਢ ਸਾਲ ਦੌਰਾਨ 52 ਮਾਮਲਿਆਂ ਨੂੰ ਅਣਲੱਭੇ ਕਰਾਰ ਦਿੱਤਾ। ਬਾਕੀ 8 ਮਾਮਲਿਆਂ ਦੀ ਜਾਂਚ ਹੋ ਰਹੀ ਹੈ, 5 ਦੀ ਚਾਰਜਸ਼ੀਟ ਦਾਖਲ ਹੋ ਚੁੱਕੀ ਹੈ ਤੇ 3 ਮਾਮਲੇ ਜਿਨ੍ਹਾਂ ਵਿਚ ਸੱਜਣ ਕੁਮਾਰ ਨਾਮਜ਼ਦ ਹੈ, ਦੀ ਜਾਂਚ ਲਟਕੀ ਪਈ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੰਗਿਆਂ ਦੇ ਇਕ ਕੇਸ ਵਿਚ ਅਦਾਲਤ ਵਲੋਂ ਮੌਤ ਦੀ ਪਹਿਲੀ ਸਜ਼ਾ ਸੁਣਾਏ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਖਰਕਾਰ ਘਿਨਾਉਣੇ ਅਪਰਾਧ ਲਈ ਨਿਆਂ ਮਿਲਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੋਰਨਾਂ ਕੇਸਾਂ ਦਾ ਵੀ ਨਿਆਂ-ਪਾਲਿਕਾ ਵੱਲੋਂ ਛੇਤੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫੈਸਲੇ ਦਾ ਸਵਾਗਤ ਕੀਤਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਉਮੀਦ ਹੈ ਕਿ ਇਹ ਫੈਸਲਾ ਇਕ ਨੀਂਹ-ਪੱਥਰ ਹੈ, ਜਿਹੜਾ ਬਾਕੀ ਹਜ਼ਾਰਾਂ ਪੀੜਤਾਂ ਨੂੰ ਵੀ ਇਨਸਾਫ ਦਿਵਾਏਗਾ।