ਬਾਦਲਾਂ ਨੇ ਵਫਾਦਾਰਾਂ ਨੂੰ ਮੁੜ ਵੰਡੀਆਂ ਅਹੁਦੇਦਾਰੀਆਂ

ਗੋਬਿੰਦ ਸਿੰਘ ਲੌਂਗੋਵਾਲ ਦੂਜੀ ਵਾਰ ਪ੍ਰਧਾਨ ਬਣੇ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁੜ ਇਕ ਸਾਲ ਵਾਸਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਵਾਰ ਵੀ ਜਨਰਲ ਇਜਲਾਸ ਰਸਮ ਹੀ ਹੋ ਨਿਬੜਿਆ। ਇਜਲਾਸ ਤੋਂ ਇਕ ਦਿਨ ਪਹਿਲਾਂ ਅਹੁਦੇਦਾਰਾਂ ਦੀ ਚੋਣ ਦੇ ਸਾਰੇ ਅਧਿਕਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਗਏ।

ਇਸ ਦੌਰਾਨ ਵਿਰੋਧੀ ਧਿਰ ਨੇ ਬਹੁ ਗਿਣਤੀ ਮੈਂਬਰਾਂ ਉਤੇ ‘ਪੰਥ ਪ੍ਰਸਤ’ ਹੋਣ ਦੀ ਥਾਂ ‘ਬਾਦਲ ਪ੍ਰਸਤ’ ਹੋਣ ਦਾ ਦੋਸ਼ ਲਾਉਂਦਿਆਂ ਇਜਲਾਸ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਬੰਧਤ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਉਨ੍ਹਾਂ ਨਾਲ ਕੀਤੇ ਦੁਰਵਿਹਾਰ ਦੇ ਰੋਸ ਵਜੋਂ ਇਜਲਾਸ ਵਿਚੋਂ ਵਾਕ ਆਊਟ ਕੀਤਾ। ਉਨ੍ਹਾਂ ਤੋਂ ਇਲਾਵਾ ਦੋ ਹੋਰ ਮੈਂਬਰਾਂ ਬਲਵਿੰਦਰ ਸਿੰਘ ਬੈਂਸ ਅਤੇ ਮਹਿੰਦਰ ਸਿੰਘ ਹੁਸੈਨਪੁਰ ਨੇ ਵੀ ਆਪਣੀ ਸੁਣਵਾਈ ਨਾ ਹੋਣ ਦੇ ਦੋਸ਼ ਹੇਠ ਇਜਲਾਸ ਵਿਚੋਂ ਵਾਕ ਆਊਟ ਕਰ ਦਿੱਤਾ। ਭਾਵੇਂ ਨਵੇਂ ਪ੍ਰਧਾਨ ਲਈ ਮਾਲਵਾ ਖੇਤਰ ਦੇ ਟਕਸਾਲੀ ਆਗੂ ਤੋਤਾ ਸਿੰਘ ਅਤੇ ਮਾਝਾ ਖੇਤਰ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਦੇ ਨੇੜਲੇ ਸਾਥੀ ਅਲਵਿੰਦਰਪਾਲ ਸਿੰਘ ਪੱਖੋਕੇ ਦੇ ਨਾਂ ਦੀ ਵੀ ਪੰਥ ਹਲਕਿਆਂ ‘ਚ ਚਰਚਾ ਚੱਲ ਰਹੀ ਸੀ, ਪਰ ਸਿਆਸੀ ਗਿਣਤੀਆਂ ਮਿਣਤੀਆਂ ਤੇ ਅਕਾਲੀ ਦਲ ਨੂੰ ਦਰਪੇਸ਼ ਬਗਾਵਤਾਂ ਦੇ ਸੰਕਟ ਦੇ ਚਲਦਿਆਂ ਅਕਾਲੀ ਦਲ ਵੱਲੋਂ ਮੌਜੂਦਾ ਪ੍ਰਧਾਨ ਲੌਂਗੋਵਾਲ ਨੂੰ ਹੀ ਪ੍ਰਧਾਨਗੀ ਦੀ ਇਕ ਪਾਰੀ ਹੋਰ ਖੇਡਣ ਦਾ ਮੌਕਾ ਦਿੱਤਾ ਗਿਆ।
ਲੌਂਗੋਵਾਲ ਨੂੰ ਬਾਦਲ ਪਰਿਵਾਰ ਦਾ ਸਭ ਤੋਂ ਵਫਾਦਾਰ ਆਗੂ ਮੰਨਿਆ ਜਾਂਦਾ ਹੈ। ਅਕਾਲੀ ਦਲ ਪ੍ਰਤੀ ਵਫਾਦਾਰੀ ਨੂੰ ਦੇਖਦਿਆਂ ਪਾਰਟੀ ਨੇ ਉਨ੍ਹਾਂ ‘ਤੇ ਮਿਹਰਬਾਨ ਵਿਖਾਈ। ਲੌਂਗੋਵਾਲ ਲੰਬੇ ਸਮੇਂ ਤੋਂ ਪਾਰਟੀ ਵਿਚੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਸੁਖਦੇਵ ਸਿੰਘ ਢੀਂਡਸਾ ਦੀ ਸੱਜੀ ਬਾਂਹ ਸਮਝੇ ਜਾਂਦੇ ਰਹੇ ਹਨ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਥਾਪੇ ਜਾਣ ਸਮੇਂ ਵੀ ਆਮ ਪ੍ਰਭਾਵ ਇਹੀ ਲਿਆ ਜਾਂਦਾ ਸੀ ਕਿ ਢੀਂਡਸਾ ਨੂੰ ਖੁਸ਼ ਕਰਨ ਲਈ ਲੌਂਗੋਵਾਲ ਪ੍ਰਧਾਨ ਬਣਾਏ ਗਏ ਹਨ ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਬੀਰ ਨੇ ਸੰਗਰੂਰ-ਬਰਨਾਲਾ ਜ਼ਿਲ੍ਹਿਆਂ ਵਿਚ ਆਪਣਾ ਹੱਥ ਉਪਰ ਕਰਨ ਅਤੇ ਢੀਂਡਸਾ ਦੀ ਗੁੱਝੀ ਨਾਰਾਜ਼ਗੀ ਨੂੰ ਭਾਂਪਦਿਆਂ ਉਨ੍ਹਾਂ ਦੀ ਸ਼ਖਸੀਅਤ ਨੂੰ ਛੋਟਾ ਕਰਨ ਲਈ ਲੌਂਗੋਵਾਲ ਨੂੰ ਉਚੇ ਅਹੁਦੇ ਉਪਰ ਬਿਠਾਇਆ ਸੀ। ਪਾਰਟੀ ਦੇ ਵੱਡੇ ਹਿੱਸੇ ‘ਚ ਪਹਿਲਾਂ ਹੀ ਇਹ ਪ੍ਰਭਾਵ ਸੀ ਕਿ ਪਾਰਟੀ ਲੀਡਰਸ਼ਿਪ ਢੀਂਡਸਾ ਦੀ ਮਾਲਵੇ ਨੂੰ ਨਾਰਾਜ਼ਗੀ ਦੇ ਅਸਰ ਨੂੰ ਠੱਲ੍ਹਣ ਲਈ ਲੌਂਗੋਵਾਲ ਨੂੰ ਹੀ ਸ਼੍ਰੋਮਣੀ ਕਮੇਟੀ ਦੀ ਕਮਾਨ ਸੰਭਾਲੇਗੀ।
ਪਾਰਟੀ ਲੀਡਰਸ਼ਿਪ ਨੇ ਲੌਂਗੋਵਾਲ ਨੂੰ ਅਹੁਦੇ ਤੋਂ ਹਟਾ ਕੇ ਉਸ ਨੂੰ ਮੁੜ ਢੀਂਡਸਾ ਗਰੁੱਪ ‘ਚ ਸ਼ਾਮਲ ਹੋਣ ਦਾ ਜ਼ੋਖਮ ਨਹੀਂ ਸੀ ਉਠਾਉਣਾ। ਤੋਤਾ ਸਿੰਘ ਪੁਰਾਣੇ ਅਤੇ ਟਕਸਾਲੀ ਅਕਾਲੀ ਆਗੂ ਹਨ। ਭਾਵੇਂ ਪਿਛਲੇ ਸਾਲਾਂ ਵਿਚ ਉਹ ਬਾਦਲ ਪਰਿਵਾਰ ਦੇ ਬੜੇ ਨਜ਼ਦੀਕੀ ਰਹੇ ਹਨ ਪਰ ਉਹ ਬਹੁਤ ਸਾਰੇ ਨਾਜ਼ੁਕ ਮੌਕਿਆਂ ਉਪਰ ਬਾਦਲ ਦੇ ਵਿਰੋਧੀ ਗਰੁੱਪਾਂ ‘ਚ ਵੀ ਵਿਚਰਦੇ ਰਹੇ ਹਨ। ਉਹ ਲੰਬਾ ਸਮਾਂ ਬਰਨਾਲਾ ਧੜੇ ਨਾਲ ਜੁੜੇ ਰਹੇ ਹਨ ਪਰ ਪਿਛਲੇ 20-22 ਸਾਲ ਤੋਂ ਉਹ ਡਟ ਕੇ ਬਾਦਲ ਪਰਿਵਾਰ ਦਾ ਸਾਥ ਦੇ ਰਹੇ ਹਨ। ਸ਼ ਅਲਵਿੰਦਰਪਾਲ ਸਿੰਘ ਪੱਖੋਕੇ ਸਿਆਸੀ ਕੱਦ ਪੱਖੋਂ ਭਾਈ ਲੌਂਗੋਵਾਲ ਦੇ ਬਰਾਬਰ ਹੀ ਸਮਝੇ ਜਾ ਰਹੇ ਹਨ ਪਰ ਸ਼ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਤੇ ਇਕ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵੀ ਕਰ ਚੁੱਕੇ ਹਨ। ਇਸੇ ਕਾਰਨ ਸੁਖਬੀਰ ਨੂੰ ਲੌਂਗੋਵਾਲ ਹੀ ਪ੍ਰਧਾਨਗੀ ਲਈ ਫਿੱਟ ਬੈਠੇ।
ਦੱਸ ਦਈਏ ਕਿ ਐਸ਼ਜੀæਪੀæਸੀæ ਨੂੰ ਹਾਲ ਹੀ ਵਿਚ ਬਰਗਾੜੀ ਮੋਰਚੇ ਕਾਰਨ ਵਿਸ਼ਵ ਪੱਧਰ ‘ਤੇ ਸਿੱਖਾਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਹੈ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਦਾ ਫੈਸਲਾ ਵੀ ਘਾਤਕ ਸਾਬਤ ਹੋਇਆ ਅਤੇ ਇਸ ਨਾਲ ਸੰਸਥਾ ਦੀ ਸਾਖ ਨੂੰ ਢਾਹ ਲੱਗੀ ਹੈ। ਅਕਾਲੀ ਦਲ ਨੂੰ ਇਸ ਵਾਰ ਇਜਲਾਸ ਵਿਚ ਵੱਡੇ ਵਿਰੋਧ ਦੀ ਉਮੀਦ ਸੀ। ਇਸੇ ਲਈ ਸੁਖਬੀਰ ਵੱਲੋਂ ਇਜਲਾਸ ਤੋਂ ਪਹਿਲਾਂ ਚੰਡੀਗੜ੍ਹ ‘ਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵਾਰੋ-ਵਾਰੀ ਬੁਲਾ ਕੇ ਉਨ੍ਹਾਂ ਦੀ ਨਬਜ਼ ਟੋਹੀ। ਜਦੋਂ ਹਾਲਾਤ ਹੱਕ ਵਿਚ ਲੱਗੇ ਤਾਂ ਇਜਲਾਸ ਤੋਂ ਇਕ ਦਿਨ ਪਹਿਲਾਂ ਮੀਟਿੰਗ ਬੁਲਾ ਕੇ ਮੈਂਬਰਾਂ ਤੋਂ ਚੋਣ ਦੇ ਸਾਰੇ ਹੱਕ ਪਾਰਟੀ ਪ੍ਰਧਾਨ ਨੂੰ ਦੇਣ ਲਈ ਹੱਥ ਖੜ੍ਹੇ ਕਰਵਾ ਲਏ।
ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਸਿਰਫ 15 ਮਿੰਟ ਦੀ ਕਾਰਵਾਈ ਵਿਚ ਹੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਦੀ ਬਿਨਾਂ ਕਿਸੇ ਵਿਰੋਧ ਦੇ ਚੋਣ ਹੋ ਗਈ। ਸਮੁੱਚਾ ਇਜਲਾਸ ਸਿਰਫ ਇਕ ਘੰਟੇ ਵਿਚ ਸਮਾਪਤ ਹੋ ਗਿਆ। ਇਜਲਾਸ ਦੌਰਾਨ ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਵਜੋਂ ਰਘੁਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਵਜੋਂ ਬਿੱਕਰ ਸਿੰਘ ਚੰਨੋ ਅਤੇ ਜਨਰਲ ਸਕੱਤਰ ਵਜੋਂ ਗੁਰਬਚਨ ਸਿੰਘ ਕਰਮੂੰਵਾਲ ਚੁਣੇ ਗਏ ਹਨ। ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਵਿਚ ਬਾਬਾ ਗੁਰਮੀਤ ਸਿੰਘ ਤਿਰਲੋਕੇਵਾਲੇ, ਭਾਈ ਮਨਜੀਤ ਸਿੰਘ, ਅਮਰੀਕ ਸਿੰਘ ਵਿਛੋਆ, ਖੁਸ਼ਵਿੰਦਰ ਸਿੰਘ ਭਾਟੀਆ, ਸ਼ਿੰਗਾਰਾ ਸਿੰਘ ਲੋਹੀਆਂ, ਜਰਨੈਲ ਸਿੰਘ ਕਰਤਾਰਪੁਰ, ਤਾਰਾ ਸਿੰਘ ਸੱਲਾ, ਭੁਪਿੰਦਰ ਸਿੰਘ ਭਲਵਾਨ, ਅਮਰੀਕ ਸਿੰਘ ਕੋਟ ਸ਼ਮੀਰ, ਬੀਬੀ ਜਸਵੀਰ ਕੌਰ ਜਫਰਵਾਲ ਤੇ ਜਗਜੀਤ ਸਿੰਘ ਤਲਵੰਡੀ ਨੂੰ ਚੁਣਿਆ ਗਿਆ।
ਜਨਰਲ ਇਜਲਾਸ ਦੌਰਾਨ ਹਾਕਮ ਧਿਰ ਨਾਲ ਸਬੰਧਤ ਮੈਂਬਰ ਬੀਬੀ ਕਿਰਨਜੋਤ ਕੌਰ ਜਦੋਂ ਸੰਬੋਧਨ ਕਰਨ ਲੱਗੀ ਤਾਂ ਉਨ੍ਹਾਂ ਕੋਲੋਂ ਆਪਣੀ ਗੱਲ ਰੱਖਣ ਤੋਂ ਪਹਿਲਾਂ ਹੀ ਮਾਈਕ ਖੋਹ ਲਿਆ ਗਿਆ ਅਤੇ ਮਾਈਕ ਬੰਦ ਕਰ ਦਿੱਤਾ ਗਿਆ। ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਅਤੇ ਇਜਲਾਸ ਸਮਾਪਤੀ ਦਾ ਪਾਠ ਅਰੰਭ ਕਰ ਦਿੱਤਾ ਗਿਆ। ਇਸ ਦੌਰਾਨ ਰੋਸ ਵਜੋਂ ਉਹ ਇਜਲਾਸ ਵਿਚੋਂ ਵਾਕ ਆਊਟ ਕਰ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਇਜਲਾਸ ਦੀ ਸਮਾਪਤੀ ਉਪਰੰਤ ਉਹ ਆਪਣੀ ਗੱਲ ਰੱਖਣ ਲਈ ਖੜ੍ਹੇ ਹੋਏ। ਉਨ੍ਹਾਂ ਨੇ ਜਿਵੇਂ ਹੀ ਮਾਈਕ ‘ਤੇ ਸਿੱਖ ਇਤਿਹਾਸਕਾਰ ਡਾæ ਕਿਰਪਾਲ ਸਿੰਘ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਫੈਸਲੇ ਦੀ ਆਲੋਚਨਾ ਕੀਤੀ ਤਾਂ ਉਨ੍ਹਾਂ ਨੂੰ ਆਪਣੀ ਗੱਲ ਵਿਚਾਲੇ ਹੀ ਬੰਦ ਕਰਨ ਲਈ ਦਬਾਅ ਪਾਇਆ ਗਿਆ।
——————————
ਤਨਖਾਹੀਏ ਨੂੰ ਦੂਜੀ ਵਾਰ ਪ੍ਰਧਾਨਗੀ?
ਗੋਬਿੰਦ ਸਿੰਘ ਲੌਂਗੋਵਾਲ ਉਨ੍ਹਾਂ 39 ਆਗੂਆਂ ਵਿਚ ਸ਼ੁਮਾਰ ਸਨ ਜਿਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਮੁਖੀ ਨਾਲ ਮੁਲਾਕਾਤ ਕਰਨ ਦੇ ਦੋਸ਼ ਵਿਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਲਾਈ ਗਈ ਸੀ। ਚੋਣਾਂ ਫਰਵਰੀ 2017 ਨੂੰ ਹੋਈਆਂ ਸਨ ਤੇ ਇਨ੍ਹਾਂ ਆਗੂਆਂ ਨੂੰ 17 ਅਪਰੈਲ, 2017 ਨੂੰ ਤਨਖਾਹ ਲਾਈ ਗਈ ਸੀ। ਡੇਰੇ ਦਾ ਸਿੱਖਾਂ ਨਾਲ ਵਿਵਾਦ 2007 ਵਿਚ ਉਦੋਂ ਹੋਇਆ ਸੀ ਜਦੋਂ ਇਸ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰ੍ਹਾਂ ਪੋਸ਼ਾਕ ਜਨਤਕ ਤੌਰ ‘ਤੇ ਪਾਈ ਸੀ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਹੋਏ ਕਿ ਸਿੱਖ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਜਿਕ ਸਬੰਧ ਰਾਮ ਰਹੀਮ ਨਾਲ ਨਾ ਰੱਖਣ।