ਕੈਲੀਫੋਰਨੀਆ ‘ਚ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 79 ਹੋਈ, 993 ਲਾਪਤਾ

ਸੈਕਰਾਮੈਂਟੋ (ਬਿਊਰੋ): ਪੈਰਾਡਾਈਜ਼ (ਕੈਲੀਫੋਰਨੀਆ) ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 79 ਹੋ ਗਈ ਹੈ ਅਤੇ 993 ਅਜੇ ਵੀ ਲਾਪਤਾ ਹਨ। ਮ੍ਰਿਤਕਾਂ ਵਿਚੋਂ 64 ਜਣਿਆਂ ਦੀ ਪਛਾਣ ਹੋ ਗਈ ਹੈ।

ਬੂਟੀ ਕਾਊਂਟੀ ਸ਼ੈਰਿਫ ਦੇ ਦਫਤਰ ਵਲੋਂ ਜਾਰੀ ਜਾਣਕਾਰੀ ਮੁਤਾਬਕ ਅੱਗ ਡੇਢ ਲੱਖ ਏਕੜ ਤਕ ਫੈਲ ਗਈ ਹੈ। ਇਹ ਕੈਲੀਫੋਰਨੀਆ ਦੇ ਇਤਿਹਾਸ ਵਿਚ ਹੁਣ ਤਕ ਦੀ ਸਭ ਤੋਂ ਭਿਆਨਕ ਅੱਗ ਹੈ, ਜਿਸ ਵਿਚ 15 ਹਜ਼ਾਰ ਇਮਾਰਤਾਂ ਤਬਾਹ ਹੋ ਗਈਆਂ ਹਨ। ਇਨ੍ਹਾਂ ਵਿਚੋਂ 11700 ਤੋਂ ਵਧੇਰੇ ਘਰ ਹਨ। ਇਸੇ ਦੌਰਾਨ ਮੌਸਮ ਵਿਭਾਗ ਨੇ ਭਵਿਖਵਾਣੀ ਕੀਤੀ ਹੈ ਕਿ ਬੁਧਵਾਰ ਤੋਂ ਸ਼ੁਕਰਵਾਰ ਤਕ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੀ ਸੀਨੀਅਰ ਅਫਸਰ ਕ੍ਰਿਸਟੀਨਾ ਪਿਡੀਨੋਵਿਸਕੀ ਨੇ ਦੱਸਿਆ ਹੈ ਕਿ ਮੀਂਹ ਨਾਲ ਇਸ ਭਿਆਨਕ ਅੱਗ ਨੂੰ ਠੱਲ੍ਹ ਪੈਣ ਵਿਚ ਮਦਦ ਮਿਲੇਗੀ।
ਇਸੇ ਦੌਰਾਨ ਸ਼ੈਰਿਫ ਕੋਰੀ ਹੋਨੀਆ ਨੇ ਦੱਸਿਆ ਹੈ ਕਿ ਅਜੇ ਮ੍ਰਿਤਕਾਂ ਦੇ ਮੁਕੰਮਲ ਅੰਕੜੇ ਹਾਸਲ ਨਹੀਂ ਹੋਏ। ਜਿਸ ਤਰ੍ਹਾਂ ਸਮੁੱਚਾ ਇਲਾਕਾ ਭਿਆਨਕ ਅੱਗ ਦੀ ਭੇਟ ਵਿਚ ਆਇਆ ਹੈ, ਉਸ ਨਾਲ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਤਰਾ ਹੈ। ਉਨ੍ਹਾਂ ਖਦਸ਼ਾ ਜਾਹਰ ਕੀਤਾ ਕਿ ਮ੍ਰਿਤਕਾਂ ਦੀ ਅਸਲ ਗਿਣਤੀ ਬਾਰੇ ਸ਼ਾਇਦ ਕਦੇ ਵੀ ਪਤਾ ਨਾ ਲੱਗੇ। ਉਨ੍ਹਾਂ ਆਸ ਪ੍ਰਗਟਾਈ ਕਿ ਮੀਂਹ ਤੋਂ ਬਾਅਦ ਰਾਹਤ ਕਾਰਜਾਂ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇਗੀ। ਅੱਗ ਦੀ ਲਪੇਟ ਵਿਚ ਆਏ ਲੋਕਾਂ ਨੂੰ ਕੱਢਣ ਲਈ ਵੱਡੇ ਪੱਧਰ ‘ਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਉਂਜ, ਉਨ੍ਹਾਂ ਇਹ ਵੀ ਕਿਹਾ ਕਿ ਹੁਣ ਅੱਗ ਪਿਛੋਂ ਸੁਆਹ ਉਡਣ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਮੀਨ ਉਤੇ ਵਿਛੀ ਸੁਆਹ ਕਾਰਨ ਮੀਂਹ ਦਾ ਪਾਣੀ ਧਰਤੀ ‘ਚ ਜਾਣ ਤੋਂ ਵੀ ਦਿੱਕਤ ਹੋ ਸਕਦੀ ਹੈ।
ਉਤਰੀ ਕੈਲੀਫੋਰਨੀਆ ਵਿਚ ਲੱਗੀ ਇਸ ਅੱਗ ਦਾ ਧੂੰਆਂ ਸੈਨ ਫਰਾਂਸਿਸਕੋ ਤੱਕ ਤਾਂ ਪਹੁੰਚਿਆ ਹੀ, ਇਸ ਦਾ ਅਸਰ ਕੈਲੀਫੋਰਨੀਆ ਤੋਂ ਤਿੰਨ ਹਜ਼ਾਰ ਮੀਲ ਦੂਰ ਨਿਊ ਯਾਰਕ ਦੀ ਫਿਜ਼ਾ ਵਿਚ ਵੀ ਨਜ਼ਰ ਆਇਆ। ਦੇਸ਼ ਦੇ ਹੋਰਨਾਂ ਹਿੱਸਿਆਂ ਤੱਕ ਵੀ ਇਸ ਦਾ ਅਸਰ ਪੁੱਜਾ।
______________________________________
ਡਰਾਈਵਰ ਦੀ ਹਿੰਮਤ ਨਾਲ 22 ਵਿਦਿਆਰਥੀ ਬਚੇ
41 ਵਰ੍ਹਿਆਂ ਦੇ ਬੱਸ ਡਰਾਈਵਰ ਕੇਵਿਨ ਮੈਕੇ ਦੀ ਬਹਾਦਰੀ ਸਦਕਾ 25 ਵਿਦਿਆਰਥੀਆਂ ਦੀ ਜਾਨ ਬਚ ਗਈ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਕਮੀਜ਼ ਪਾੜ ਕੇ ਇਸ ਨਾਲ ਬੱਸ ਦੇ ਸ਼ੀਸ਼ੇ ਨੂੰ ਰਗੜਨਾ ਜਾਰੀ ਰੱਖਿਆ। ਇਸ ਦੌਰਾਨ ਬੱਚਿਆਂ ਨੇ ਰੁਮਾਲ ਗਿੱਲੇ ਕਰਕੇ ਨੱਕ ਢੱਕ ਲਏ ਅਤੇ ਇਨ੍ਹਾਂ ਰੁਮਾਲਾਂ ਰਾਹੀਂ ਹੀ ਸਾਹ ਲਿਆ। ਇੰਜ ਉਹ ਪੰਜ ਘੰਟਿਆਂ ਦੀ ਮੁਸ਼ੱਕਤ ਪਿਛੋਂ ਸੁਰੱਖਿਅਤ ਥਾਂ ‘ਤੇ ਪੁੱਜ ਗਏ। ਮੈਕੇ ਨੇ ਸਕੂਲ ਅਧਿਆਪਕਾ ਮੇਰੀ ਲੁਡਵਿੱਗ (50) ਦੀ ਮਦਦ ਨਾਲ ਬੱਚਿਆਂ ਨੂੰ ਬਚਾਇਆ।