ਨਿਰੰਕਾਰੀ ਭਵਨ ‘ਤੇ ਹਮਲੇ ਨਾਲ ਸਿਆਸਤ ਦਾ ਰੁਖ ਮੁੜਿਆ

ਚੰਡੀਗੜ੍ਹ: ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਉਤੇ ਹੋਏ ਗ੍ਰਨੇਡ ਹਮਲੇ ਪਿੱਛੋਂ ਪੰਜਾਬ ਇਸ ਸਮੇਂ ਹਾਈ ਅਲਰਟ ਉਤੇ ਹੈ। ਪੰਜਾਬ ਦੇ ਲੋਕਾਂ ਅੰਦਰ ਚਿੰਤਾ ਅਤੇ ਸਹਿਮ ਹੈ। ਇਸ ਹਮਲੇ ਨੂੰ ਚਾਲੀ ਸਾਲ ਪਹਿਲਾਂ 13 ਅਪਰੈਲ 1978 ਨੂੰ ਹੋਈ ਸਿੱਖ-ਨਿਰੰਕਾਰੀ ਟਕਰਾਅ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਪੰਜਾਬ ਵਿਚ ਅਤਿਵਾਦ ਦੀ ਮੁੜ ਸੁਰਜੀਤੀ ਬਾਰੇ ਰੌਲਾ ਪਾਇਆ ਜਾ ਰਿਹਾ ਸੀ।

ਹਮਲੇ ਤੋਂ ਤਿੰਨ ਦਿਨ ਪਹਿਲਾਂ ਪੰਜਾਬ ਵਿਚ ਅਲਰਟ ਜਾਰੀ ਕੀਤਾ ਹੋਇਆ ਸੀ।
ਯਾਦ ਰਹੇ ਕਿ ਭਾਰਤ ਦੇ ਫੌਜ ਮੁਖੀ ਨੇ ਕੁਝ ਦਿਨ ਪਹਿਲਾਂ ਹੀ ਆਖਿਆ ਸੀ ਕਿ ਪੰਜਾਬ ਮੁੜ ਅਤਿਵਾਦ ਦੇ ਸਾਏ ਹੇਠ ਹੈ। ਨਿਰੰਕਾਰੀ ਭਵਨ ਉਤੇ ਹਮਲਾ ਅਤਿਵਾਦੀ ਕਾਰਾ ਸੀ ਜਾਂ ਕੁਝ ਹੋਰ ਇਸ ਬਾਰੇ ਕੌਮੀ ਜਾਂਚ ਏਜੰਸੀ ਸਮੇਤ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ ਤੇ ਇਸ ਬਾਰੇ ਅਜੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਸਿਆਸੀ ਧਿਰਾਂ ਇਸ ਦੁਖ ਦੀ ਘੜੀ ਮੌਕੇ ਵੀ ਸਿਆਸੀ ਫਾਇਦੇ ਦਾ ਤਾਕ ਵਿਚ ਹਨ। ਮੁੱਖ ਮੰਤਰੀ ਨੇ ਪਹਿਲੇ ਸੱਟੇ ਹੀ ਇਸ ਹਮਲੇ ਨੂੰ ਪਾਕਿਸਤਾਨ ਨਾਲ ਜੋੜ ਦਿੱਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਪਿੱਛੇ ਬਰਗਾੜੀ ਮੋਰਚੇ ਦੇ ਆਗੂਆਂ ਦੇ ਹੱਥ ਹੋਣ ਦਾ ਦਾਅਵਾ ਕਰ ਰਿਹਾ ਹੈ। ਉਘੇ ਵਕੀਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਸ ਹਮਲੇ ਪਿੱਛੇ ਭਾਰਤੀ ਫੌਜ ਦਾ ਹੱਥ ਹੋਣ ਦੇ ਸ਼ੰਕੇ ਵੀ ਖੜ੍ਹੇ ਕਰ ਦਿੱਤੇ ਹਨ।
ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਪੰਜਾਬ ਵਿਚ ਰਵਾਇਤੀ ਧਿਰਾਂ ਡੂੰਘੇ ਸੰਕਟ ਵਿਚ ਹਨ। ਅਕਾਲੀ ਦਲ ਬਾਦਲ ਅੰਦਰੂਨੀ ਅਤੇ ਬਾਹਰੀ ਸੰਕਟ ਵਿਚੋਂ ਲੰਘ ਰਿਹਾ ਹੈ। ਕਾਂਗਰਸ ਸਰਕਾਰ ਖਿਲਾਫ ਵੱਡੇ ਪੱਧਰ ਉਤੇ ਮੋਰਚੇ ਲੱਗੇ ਹੋਏ ਹਨ। ਅਧਿਆਪਕਾਂ ਤੇ ਕਿਸਾਨਾਂ ਸਮੇਤ ਹਰ ਮੁਲਾਜ਼ਮ ਧਿਰ ਸਰਕਾਰ ਖਿਲਾਫ ਸੜਕਾਂ ਉਤੇ ਨਿੱਤਰੀ ਹੋਈ ਹੈ। ਬਰਗਾੜੀ ਮੋਰਚੇ ਨੇ ਸਭ ਤੋਂ ਵੱਧ ਸਰਕਾਰ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਵੱਡੀ ਗਿਣਤੀ ਲੋਕ ਆਪ ਮੁਹਾਰੇ ਇਸ ਮੋਰਚੇ ਨਾਲ ਜੁੜ ਰਹੇ ਹਨ। ਲੋਕ ਸਭਾ ਚੋਣਾਂ ਤੱਕ ਇਸ ਮੋਰਚੇ ਦੇ ਸਿਆਸੀ ਪੌੜੀਆਂ ਚੜ੍ਹਨ ਵੱਲ ਵੀ ਸੰਕੇਤ ਦਿੱਤੇ ਹਨ। ਇਸ ਲਈ ਸ਼ੱਕ ਦੀ ਸੂਈ ਸਿਆਸੀ ਧਿਰਾਂ ਵੱਲ ਵੀ ਮੁੜ ਰਹੀ ਹੈ।
ਮੁਢਲੀ ਜਾਂਚ ਇਹੀ ਦੱਸ ਰਹੀ ਹੈ ਕਿ ਹਮਲਾਵਰਾਂ ਦਾ ਇਰਾਦਾ ਕੋਈ ਵੱਡਾ ਨੁਕਸਾਨ ਕਰਨਾ ਨਹੀਂ ਸੀ। ਦੋ ਹਮਲਾਵਰ ਭਵਨ ਦੇ ਗੇਟ ਕੋਲ ਆਏ ਤੇ ਜਿਨ੍ਹਾਂ ਵਿਚੋØਂ ਇਕ, ਗੇਟ ਉਤੇ ਖੜ੍ਹੇ ਸੇਵਾਦਾਰ ਨੂੰ ਬਾਂਹ ਤੋਂ ਫੜ ਕੇ ਪਾਸੇ ਲੈ ਕ ਗਿਆ ਤੇ ਦੂਜੇ ਨੇ ਗ੍ਰਨੇਡ ਸੁੱਟ ਦਿੱਤਾ। ਇਸ ਪੱਖੋਂ ਇਹ ਕੋਈ ਅਤਵਾਦੀ ਕਾਰਾਂ ਨਹੀਂ ਲੱਗਦਾ। ਹਮਲੇ ਦਾ ਮਕਸਦ ਜਾਨੀ ਨੁਕਸਾਨ ਨਾਲੋਂ ਦਹਿਸ਼ਤ ਪੈਦਾ ਕਰਨਾ ਤੇ ਇਸ ਦਾਅਵੇ ਨੂੰ ਪੱਕਾ ਕਰਨਾ ਸੀ ਕਿ ਪੰਜਾਬ ਵਿਚ ਸਿਰ ਚੁੱਕ ਰਿਹਾ ਹੈ। ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਦਾਅਵਾ ਹੈ ਕਿ ਇਹ ਕਾਰ ਸਰਕਾਰ ਦੇ ਕਹਿਣ ਉਤੇ ਖੁਫੀਆ ਏਜੰਸੀਆਂ ਨੇ ਕੀਤਾ ਹੈ ਅਤੇ ਬਰਗਾੜੀ ਮੋਰਚੇ ਨੂੰ ਅਤਿਵਾਦ ਨਾਲ ਜੋੜਨ ਲਈ ਇਹ ਖੇਡ ਖੇਡੀ ਗਈ ਸੀ। ਚੇਤੇ ਰਹੇ ਕਿ ਵਿਧਾਨ ਸਭਾ ਚੋਣਾਂ ਵੇਲੇ ਮੌੜ ਮੰਡੀ ਧਮਾਕੇ ਨੂੰ ਵੀ ਇਸੇ ਨਜ਼ਰੀਏ ਨਾਲ ਵੇਖਿਆ ਗਿਆ ਸੀ। ਪੌਣੇ 2 ਸਾਲ ਬਾਅਦ ਵੀ ਇਸ ਹਮਲੇ ਬਾਰੇ ਕੋਈ ਸੂਹ ਨਹੀਂ ਮਿਲੀ ਤੇ ਜਾਂਚ ਏਜੰਸੀਆਂ ਹਵਾ ਵਿਚ ਟੱਕਰਾਂ ਮਾਰ ਰਹੀਆਂ।
ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਵਿਚ ਪੰਜਾਬ ਵਿਚ ਵੱਡੀ ਗਿਣਤੀ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ। ਇਨ੍ਹਾਂ ਨੌਜਵਾਨਾਂ ਨੂੰ ਖਾਲਿਸਤਾਨ ਲਹਿਰ ਨਾਲ ਜੋੜਿਆ ਜਾ ਰਿਹਾ ਹੈ। ਪਿਛਲੇ ਮਹੀਨੇ ਜਲੰਧਰ ਦੇ ਮਕਸੂਦਾਂ ਥਾਣੇ ਉਤੇ ਵੀ ਅਜਿਹਾ ਗ੍ਰਨੇਡ ਹਮਲਾ ਹੋਇਆ ਸੀ। ਇਸ ਸਮੇਂ ਵੀ ਸੂਈ ਗਰਮਖਿਆਲੀਆਂ ਵੱਲ ਗਈ ਸੀ, ਪਰ ਬਾਅਦ ਵਿਚ ਕੁਝ ਕਸ਼ਮੀਰੀ ਵਿਦਿਆਰਥੀਆਂ ਨੂੰ ਇਸ ਕੇਸ ਵਿਚ ਕਾਬੂ ਕਰ ਲਿਆ ਤੇ ਇਸ ਮਾਮਲੇ ਨੂੰ ਅਤਿਵਾਦੀ ਜ਼ਾਕਿਰ ਮੂਸਾ ਨਾਲ ਜੋੜਿਆ ਗਿਆ ਹੈ।