ਅੰਮ੍ਰਿਤਸਰ: ਰਾਜਾਸਾਂਸੀ ਕਸਬੇ ਨੇੜਲੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ ਵਿਚ ਚੱਲ ਰਹੇ ਸਤਿਸੰਗ ਦੌਰਾਨ ਗ੍ਰਨੇਡ ਹਮਲੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਗ੍ਰਨੇਡ ਧਮਾਕੇ ਵਿਚ ਮਾਰੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਸੰਦੀਪ ਸਿੰਘ ਵਾਸੀ ਰਾਜਾਸਾਂਸੀ, ਸੁਖਦੇਵ ਸਿੰਘ ਵਾਸੀ ਪਿੰਡ ਮੀਰਾਂਕੋਟ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਬੱਗਾ ਕਲਾਂ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ 9 ਔਰਤਾਂ ਵੀ ਸ਼ਾਮਲ ਹਨ।
ਵੇਰਵਿਆਂ ਮੁਤਾਬਕ ਮੋਟਰਸਾਈਕਲ ‘ਤੇ ਸਵਾਰ ਦੋ ਹਥਿਆਰਬੰਦ ਨੌਜਵਾਨ ਆਏ ਜਿਨ੍ਹਾਂ ਨੇ ਲੋਈਆਂ ਲਈਆਂ ਹੋਈਆਂ ਸਨ ਅਤੇ ਮੂੰਹ ਢਕੇ ਹੋਏ ਸਨ। ਉਨ੍ਹਾਂ ‘ਚੋਂ ਇਕ ਨੌਜਵਾਨ ਨੇ ਪਿਸਤੌਲ ਕੱਢ ਲਈ ਅਤੇ ਮੁੱਖ ਗੇਟ ਉਤੇ ਖੜ੍ਹੇ ਸ਼ਰਧਾਲੂ ਨੂੰ ਇਕ ਪਾਸੇ ਲੈ ਗਿਆ ਅਤੇ ਉਸ ਕੋਲੋਂ ਅੰਦਰ ਚੱਲ ਰਹੇ ਸਮਾਗਮ ਬਾਰੇ ਜਾਣਕਾਰੀ ਲਈ। ਇਸ ਦੌਰਾਨ ਉਸ ਦਾ ਦੂਜਾ ਸਾਥੀ ਅੰਦਰ ਗਿਆ ਅਤੇ ਉਸ ਨੇ ਹਾਲ ਵਿਚ ਬੈਠੀ ਸੰਗਤ ਉਤੇ ਹੈਂਡ ਗ੍ਰਨੇਡ ਸੁੱਟਿਆ। ਧਮਾਕੇ ਨਾਲ ਭੱਜ-ਨੱਠ ਮੱਚ ਗਈ ਜਿਸ ਵਿਚ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਰਹੇ। ਮੌਕੇ ‘ਤੇ ਹਾਜ਼ਰ ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੇਟਿਆਂ ਨਾਲ ਸਮਾਗਮ ਵਿਚ ਆਇਆ ਸੀ ਅਤੇ ਦੋਵੇਂ ਪਤੀ-ਪਤਨੀ ਧਮਾਕੇ ਵਿਚ ਜ਼ਖ਼ਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਉਹ ਮੰਚ ਨੇੜੇ ਬੈਠੇ ਹੋਏ ਸਨ ਅਤੇ ਅਚਨਚੇਤੀ ਕੋਈ ਠੋਸ ਚੀਜ਼ ਡਿੱਗੀ ਜਿਸ ਮਗਰੋਂ ਜ਼ੋਰਦਾਰ ਧਮਾਕਾ ਹੋਇਆ। ਉਸ ਨੇ ਦੱਸਿਆ ਕਿ ਜਦੋਂ ਉਹ ਪਤਨੀ ਅਤੇ ਬੱਚਿਆਂ ਨਾਲ ਹਸਪਤਾਲ ਜਾਣ ਲੱਗਾ ਸੀ ਤਾਂ ਉਸ ਨੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ‘ਤੇ ਭਜਦੇ ਹੋਏ ਦੇਖਿਆ। ਹਾਲ ਵਿਚ ਧਮਾਕੇ ਸਮੇਂ ਲਗਭਗ 200 ਸ਼ਰਧਾਲੂ ਹਾਜ਼ਰ ਸਨ। ਇਸ ਕੰਪਲੈਕਸ ਵਿਚ ਕਿਸੇ ਵੀ ਥਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਨਹੀਂ ਲੱਗੇ ਹੋਏ ਹਨ। ਧਮਾਕੇ ਨਾਲ ਜ਼ਮੀਨ ‘ਤੇ ਤਿੰਨ ਇੰਚ ਦੇ ਘੇਰੇ ਵਿਚ ਛੋਟਾ ਟੋਆ ਪੈ ਗਿਆ ਜਿਸ ਦੀ
ਜਾਂਚ ਫੋਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਹੈ। ਗ੍ਰਨੇਡ ਦਾ ਸੇਫਟੀ ਵਾਲਵ ਮਿਲਿਆ ਹੈ ਅਤੇ ਉਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ, ਡੇਰੇ ਦੇ ਪ੍ਰਬੰਧਕਾਂ ਤੇ ਸ਼ਰਧਾਲੂਆਂ ਨੇ ਦੋਸ਼ ਲਾਇਆ ਕਿ ਹਮਲਾ ਪ੍ਰਸ਼ਾਸਨ ਦੀ ਢਿੱਲ ਅਤੇ ਲਾਪਰਵਾਹੀ ਦਾ ਸਿੱਟਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਮੁਫਤ ਇਲਾਜ ਤੇ ਬਿਹਤਰੀਨ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਹੈ ਕਿ ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਕਾਬੂ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ਖੌਫਜ਼ਦਾ ਨਾ ਹੋਣ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ। ਗ੍ਰਹਿ ਮੰਤਰੀ ਨੇ ਇਸ ਹਮਲੇ ਨੂੰ ਭਿਆਨਕ ਦੱਸਦਿਆਂ ਇਸ ਹਮਲੇ ‘ਚ ਹੋਈਆਂ ਮੌਤਾਂ ‘ਤੇ ਦੁਖ ਜ਼ਾਹਿਰ ਕੀਤਾ।
_________________________
ਹਮਲਾ ਅਤਿਵਾਦੀਆਂ ਦਾ ਕਾਰਾ: ਡੀ.ਜੀ.ਪੀ.
ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ ਵਿਚ ਹੋਏ ਗ੍ਰਨੇਡ ਧਮਾਕੇ ਬਾਰੇ ਆਖਿਆ ਕਿ ਪੁਲਿਸ ਇਸ ਨੂੰ ਅਤਿਵਾਦੀ ਹਮਲੇ ਵਜੋਂ ਦੇਖ ਰਹੀ ਹੈ ਅਤੇ ਇਸੇ ਨਜ਼ਰੀਏ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਦੀ ਜਾਂਚ ਵਾਸਤੇ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਟੀਮ ਵੀ ਦਿੱਲੀ ਤੋਂ ਇਥੇ ਪੁੱਜ ਰਹੀ ਹੈ।
ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਮੀਡੀਆ ਨਾਲ ਸੰਖੇਪ ਗੱਲਬਾਤ ‘ਚ ਡੀ.ਜੀ.ਪੀ. ਨੇ ਆਖਿਆ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਧਮਾਕੇ ਲਈ ਹੈਂਡ ਗ੍ਰਨੇਡ ਦੀ ਵਰਤੋਂ ਕੀਤੀ ਗਈ। ਪਾਕਿਸਤਾਨੀ ਅਤਿਵਾਦੀ ਜ਼ਾਕਿਰ ਮੂਸਾ ਦਾ ਹਮਲੇ ਪਿੱਛੇ ਹੱਥ ਹੋਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਆਖਿਆ ਕਿ ਅਜੇ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
_________________________
ਖਾਲਿਸਤਾਨੀ ਵਿਚਾਰਧਾਰਾ ਵਾਲਿਆਂ ਦੀ ਜਾਂਚ ਹੋਵੇ: ਬਿੱਟੂ
ਲੁਧਿਆਣਾ: ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਬਰਗਾੜੀ ਵਿਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਿੱਤ ਭਾਸ਼ਣ ਦਿੰਦੇ ਰਹਿੰਦੇ ਹਨ, ਜਿਸ ਤੋਂ ਪ੍ਰਭਾਵਿਤ ਹੋ ਕੇ ਨੌਜਵਾਨਾਂ ਨੇ ਇਹ ਕਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਖਾਲਿਸਤਾਨੀ ਵਿਚਾਰਧਾਰਾ ਰੱਖਣ ਵਾਲੇ ਬਲਜੀਤ ਸਿੰਘ ਦਾਦੂਵਾਲ ਅਤੇ ਅਜਿਹੀ ਵਿਚਾਰਧਾਰਾ ਰੱਖਣ ਵਾਲੇ ਵਿਅਕਤੀਆਂ ਦੀ ਇਸ ਹਮਲੇ ਸਬੰਧੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜਥੇਦਾਰ ਦਾਦੂਵਾਲ ਨੂੰ ਵਿਦੇਸ਼ਾਂ ਤੋਂ ਵੱਡੀ ਰਕਮ ਪ੍ਰਾਪਤ ਹੋ ਰਹੀ ਹੈ।
_________________________
ਮੌੜ ਬੰਬ ਧਮਾਕਾ: ‘ਆਪ’ ਵੱਲੋਂ ਸੁਖਬੀਰ ਵੱਲ ਉਂਗਲ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗ ਕੀਤੀ ਕਿ ਮੌੜ ਬੰਬ ਕਾਂਡ ‘ਚ ਸੁਖਬੀਰ ਸਿੰਘ ਬਾਦਲ ਦੀ ਸ਼ੱਕੀ ਭੂਮਿਕਾ ਦੀ ਜਾਂਚ ਕਰਵਾਈ ਜਾਵੇ। ਸੂਬੇ ਦੀਆਂ ਆਮ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ 31 ਜਨਵਰੀ 2017 ਨੂੰ ਮੌੜ ਮੰਡੀ ਤੋਂ ਕਾਂਗਰਸੀ ਉਮੀਦਵਾਰ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ਨੇੜੇ ਹੋਏ ਇਸ ਧਮਾਕੇ ‘ਚ 7 ਬੇਕਸੂਰਾਂ ਦੀ ਮੌਤ ਹੋ ਗਈ ਸੀ ਅਤੇ ਉਸ ਸਮੇਂ ਸੁਖਬੀਰ ਸਿੰਘ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸਨ।
ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਮੌੜ ਬੰਬ ਧਮਾਕੇ ‘ਚ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਭੂਮਿਕਾ ਬੇਹੱਦ ਸ਼ੱਕੀ ਹੈ, ਇਥੋਂ ਤੱਕ ਕਿ ਕੇਂਦਰ ਦੀਆਂ ਏਜੰਸੀਆਂ ਦੇ ਹੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਇਨ੍ਹਾਂ ਸਾਰਿਆਂ ਦਾ ਇਕੋ-ਇਕ ਮੰਤਵ ਸੀ ਕਿ ਪੰਜਾਬ ਅੰਦਰ ਕਿਸੇ ਵੀ ਕੀਮਤ ਉਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣਨ ਦਿੱਤੀ ਜਾਵੇ। ਆਪਣੇ ਇਸ ਮਨਸੂਬੇ ਦੀ ਪੂਰਤੀ ਲਈ ਇਨ੍ਹਾਂ ਆਗੂਆਂ ਨੇ ਮਿਲ ਕੇ ਵੱਡੀਆਂ ਸਾਜਿਸ਼ਾਂ ਰਚੀਆਂ ਅਤੇ ਮੌੜ ਬੰਬ ਧਮਾਕੇ ਦਾ ਦੋਸ਼ ਵੀ ‘ਆਪ’ ਸਿਰ ਲਾ ਕੇ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਵਿਰੁੱਧ ਬੇਬੁਨਿਆਦ ਅਤੇ ਝੂਠਾ ਪ੍ਰਚਾਰ ਕੀਤਾ ਗਿਆ। ਅਮਨ ਅਰੋੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਕਾਫੀ ਰੌਲਾ ਪਾਇਆ ਕਿ ਮੌੜ ਬੰਬ ਧਮਾਕੇ ‘ਚ ਆਮ ਆਦਮੀ ਪਾਰਟੀ ਦਾ ਹੱਥ ਹੈ।
ਬਾਦਲਾਂ ਅਤੇ ਕੈਪਟਨ ਨੇ ਇਕੋ ਭਾਸ਼ਾ ‘ਚ ‘ਆਪ’ ਖਿਲਾਫ ਰੱਜ ਕੇ ਕੁਫਰ ਤੋਲਿਆ। ਉਹੀ ਸੁਖਬੀਰ ਸਿੰਘ ਬਾਦਲ ਅੱਜ ਕਹਿ ਰਹੇ ਹਨ ਕਿ ਮੌੜ ਬੰਬ ਧਮਾਕੇ ‘ਚ ਸ਼ਾਮਲ ਡੇਰਾ ਪ੍ਰੇਮੀਆਂ ਨੂੰ ਤੁਰਤ ਗ੍ਰਿਫਤਾਰ ਕੀਤਾ ਜਾਵੇ। ਅਮਨ ਅਰੋੜਾ ਨੇ ਕਿਹਾ ਕਿ ਸਵਾਲ ਇਹ ਹੈ ਕਿ ਪੌਣੇ ਦੋ ਸਾਲ ‘ਚ ਅਜਿਹਾ ਕੀ ਬਦਲ ਗਿਆ ਹੈ? ਦੂਜੇ ਪਾਸੇ ਮੌੜ ਬੰਬ ਧਮਾਕੇ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੀਆਂ ਸਾਰੀਆਂ ਕੜੀਆਂ ਅਤੇ ਗਤੀਵਿਧੀਆਂ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਦੀ ਭੂਮਿਕਾ ਨੂੰ ਸ਼ੱਕੀ ਬਣਾਉਂਦੀਆਂ ਹਨ, ਜਿਸ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ‘ਚ ਬੰਬ ਧਮਾਕਾ ਕਰਵਾਇਆ ਜਾਂਦਾ ਹੈ, ਉਹ ਡੇਰਾ ਮੁੱਖੀ ਦਾ ਕੁੜਮ ਹੈ। ਬੰਬ ਧਮਾਕੇ ਤੋਂ ਠੀਕ ਅਗਲੇ ਦਿਨ ਡੇਰਾ ਸਿਰਸਾ ਨੇ ਅਧਿਕਾਰਤ ਤੌਰ ਉਤੇ ਅਕਾਲੀ-ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਸਮਰਥਨ ਦਾ ਐਲਾਨ ਕਰ ਦਿੰਦਾ ਹੈ। ਅਮਨ ਅਰੋੜਾ ਨੇ ਇਹ ਵੀ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਮੌੜ ਬੰਬ ਧਮਾਕੇ ਵਿਚ ‘ਆਪ’ ਉਤੇ ਲਗਾਏ ਝੂਠੇ ਦੋਸ਼ਾਂ ਲਈ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣ।