ਬੇਅਦਬੀ ਕਾਂਡ: ਬਾਦਲਾਂ ਨੇ ਵਿਸ਼ੇਸ਼ ਜਾਂਚ ਟੀਮ ਨੂੰ ਨਾ ਦਿੱਤਾ ਕੋਈ ਰਾਹ

ਚੰਡੀਗੜ੍ਹ: ਅਕਾਲੀ-ਭਾਜਪਾ ਸਰਕਾਰ ਸਮੇਂ 2015 ਦੌਰਾਨ ਫਰੀਦਕੋਟ ਜ਼ਿਲ੍ਹੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੁਲੀਸ ਗੋਲੀ ਕਾਂਡ ਨਾਲ ਸਬੰਧਤ ਮਾਮਲਿਆਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਕੋਲੋਂ ਇਸ ਮਾਮਲੇ ਬਾਰੇ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਪੁੱਛਗਿੱਛ ਕੀਤੀ ਗਈ।

ਭਾਵੇਂ ਜਾਂਚ ਟੀਮ ਨੇ ਪੁੱਛਗਿੱਛ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਦੋਵਾਂ ਬਾਦਲਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜਾਂਚ ਟੀਮ ਨੂੰ ਹਰ ਸਵਾਲ ਢੁਕਵਾਂ ਜਵਾਬ ਦਿੱਤਾ ਤੇ ਉਸ ਨੂੰ ਜਚਾ ਦਿੱਤਾ ਕਿ ਉਨ੍ਹਾਂ ਨੂੰ ਸਿਆਸੀ ਸ਼ਹਿ ਉਤੇ ਫਸਾਇਆ ਜਾ ਰਿਹਾ ਹੈ। ਸੁਖਬੀਰ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਉਨ੍ਹਾਂ ਨੇ ਸਿੱਟ ਨੂੰ ਹੀ ਅਜਿਹੇ ਸਵਾਲ ਪੁੱਛ ਲਏ ਕਿ ਉਸ ਨੂੰ ਭੱਜਦੀ ਨੂੰ ਰਾਹ ਨਾ ਲੱਭਾ। ਸੁਖਬੀਰ ਨੇ ਸਿੱਟ ਦੇ ਹਰ ਜਵਾਬ ਉਤੇ ਇਕ ਹੀ ਉਤਰ ਦਿੱਤੀ ਹੈ ਕਿ ਉਹ ਗੋਲੀਬਾਰੀ ਸਮੇਂ ਪੰਜਾਬ ਵੀ ਹੈ ਹੀ ਨਹੀਂ ਸੀ। ਦੱਸ ਦਈਏ ਕਿ ਕੈਪਟਨ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਬਾਰੇ ਗਈ ਸਿੱਟ ਨੇ ਦੋਵਾਂ ਬਾਦਲਾਂ ਸਮੇਂ ਅਦਾਕਾਰ ਅਕਸ਼ੈ ਕੁਮਾਰ ਨੂੰ ਤਲਬ ਕੀਤਾ ਸੀ। ਸਾਬਕਾ ਮੁੱਖ ਮੰਤਰੀ ਨੇ ‘ਸਿੱਟ’ ਦੇ ਮੈਂਬਰਾਂ ਨੂੰ ਸਪੱਸ਼ਟ ਕਿਹਾ ਕਿ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਗਏ ਸਨ।
ਧਾਰਮਿਕ ਤੇ ਸੰਵੇਦਨਸ਼ੀਲ ਮਾਮਲੇ ਵਿਚ ਪਹਿਲੀ ਵਾਰ ਪੁੱਛ-ਗਿੱਛ ਹੋਣ ਕਰਕੇ ਸ੍ਰੀ ਬਾਦਲ ਦੇ ਮੱਥੇ ਤੋਂ ਚਿੰਤਾ ਦੀਆਂ ਲਕੀਰਾਂ ਸਾਫ਼ ਪੜ੍ਹੀਆਂ ਜਾ ਸਕਦੀਆਂ ਸਨ। ਉਥੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਘਬਰਾਹਟ ਵਿਚ ਦਿਖਾਈ ਦੇ ਰਹੇ ਸਨ। ਉਂਜ ਇਥੇ ਸੀਨੀਅਰ ਲੀਡਰਸ਼ਿਪ ਨੇ ਵੀ ਭਰਵੀਂ ਹਾਜ਼ਰੀ ਲਵਾਈ। ਸਾਬਕਾ ਮੁੱਖ ਮੰਤਰੀ ਨੇ ਤਫਤੀਸ਼ੀ ਅਧਿਕਾਰੀਆਂ ਨੂੰ ਪੁੱਛ-ਗਿੱਛ ਲਈ ਢਾਈ ਵਜੇ ਦਾ ਸਮਾਂ ਦਿੱਤਾ ਸੀ। ਆਈ.ਜੀ. ਰੈਂਕ ਦੇ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਸਮੇਂ ਮੁਤਾਬਕ ਚੰਡੀਗੜ੍ਹ ਦੇ ਸੈਕਟਰ 4 ਸਥਿਤ ਉਨ੍ਹਾਂ ਦੇ ਐਮ.ਐਲ਼ਏ. ਫਲੈਟ ‘ਤੇ ਪਹੁੰਚ ਗਏ ਸਨ। ਸ੍ਰੀ ਬਾਦਲ ਨੇ ਪੁਲਿਸ ਅਧਿਕਾਰੀ ਦਾ ਸਵਾਗਤ ਤਾਂ ਕੀਤਾ ਪਰ ‘ਸਿੱਟ’ ਮੁਖੀ ਪ੍ਰਬੋਧ ਕੁਮਾਰ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਖੁਦ ਆਉਣ ਲਈ ਕਿਹਾ। ਇਸ ਤੋਂ ਬਾਅਦ ਪ੍ਰਬੋਧ ਕੁਮਾਰ, ਆਈ.ਜੀ. ਅਰੁਣਪਾਲ ਸਿੰਘ ਅਤੇ ਐਸ਼ਪੀ. ਭੁਪਿੰਦਰ ਸਿੰਘ ਉਥੇ ਪਹੁੰਚੇ ਅਤੇ ਬੰਦ ਕਮਰੇ ਵਿਚ ਸ੍ਰੀ ਬਾਦਲ ਤੋਂ ਪੁੱਛਗਿੱਛ ਸ਼ੁਰੂ ਹੋਈ। ਸਿੱਟ ਦੇ ਮੈਂਬਰਾਂ ਨੇ ਪੁੱਛਗਿੱਛ ਦੀ ਵੀਡੀਓਗ੍ਰਾਫੀ ਵੀ ਕੀਤੀ।
ਉਧਰ, ਸਾਬਕਾ ਮੁੱਖ ਮੰਤਰੀ ਨੇ ‘ਸਿੱਟ’ ਦੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ, ”ਮੈਨੂੰ ਪੁਲਿਸ ਅਧਿਕਾਰੀਆਂ ‘ਤੇ ਕੋਈ ਯਕੀਨ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਤਾਂ ਮਹਿਜ਼ ਖਾਨਾਪੂਰਤੀ ਕਰਨੀ ਹੈ ਤੇ ਹੋਣਾ ਤਾਂ ਉਹੀ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁਣਗੇ ਪਰ ਮੈਂ ਕਾਨੂੰਨ ਨੂੰ ਮੰਨਣਾ ਵਾਲਾ ਵਿਅਕਤੀ ਹਾਂ’। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਇਰਾਦਾ ਕਤਲ ਦੇ ਮਾਮਲੇ ਵਿਚ ਤਤਕਾਲੀ ਮੁੱਖ ਮੰਤਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ ਅੰਦਰ ਵੱਡੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਕਦੇ ਮੁੱਖ ਮੰਤਰੀਆਂ, ਪ੍ਰਧਾਨ ਮੰਤਰੀ ਜਾਂ ਮੰਤਰੀਆਂ ਨੂੰ ਸੱਦਿਆਂ ਨਹੀਂ ਜਾਂਦਾ। ਇਥੋਂ ਤੱਕ ਕਿ ਸਾਕਾ ਨੀਲਾ ਤਾਰਾ ਜਾਂ 1984 ਦੇ ਦੰਗਿਆਂ ਬਾਰੇ ਉਸ ਸਮੇਂ ਦੇ ਪ੍ਰਧਾਨ ਮੰਤਰੀਆਂ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ‘ਸਿੱਟ’ ਵੱਲੋਂ ਪੁੱਛੇ ਗਏ ਸਵਾਲ ਪੂਰੀ ਤਰ੍ਹਾਂ ਨਾਲ ਬੇਤੁਕੇ ਸਨ ਅਤੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਚੁੱਕੇ ਵਿਅਕਤੀ ਤੋਂ ਅਜਿਹੇ ਸਵਾਲ ਪੁੱਛਣੇ ਨਹੀਂ ਬਣਦੇ ਸਨ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵੀ ਮੁੱਖ ਮੰਤਰੀ ਹੁੰਦਿਆਂ ਮੇਰੀ ਪਤਨੀ ਸਮੇਤ ਪਰਚਾ ਦਰਜ ਕੀਤਾ ਸੀ ਪਰ ਸੱਚਾਈ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਅਸੀਂ ਕਸੂਰਵਾਰ ਲਗਦੇ ਹਾਂ ਪਰ ਸੱਚਾਈ ਆਖਰ ਲੋਕਾਂ ਦੇ ਸਾਹਮਣੇ ਆ ਜਾਵੇਗੀ। ਉਨ੍ਹਾਂ ਕਾਂਗਰਸ ਸਰਕਾਰ ‘ਤੇ ਸੂਬੇ ਦੇ ਹਾਲਾਤ ਖਰਾਬ ਕਰਨ ਦੇ ਦੋਸ਼ ਵੀ ਲਾਏ।
_________________________________
ਬਾਦਲ ਦੱਸਣ ਗੋਲੀ ਦੇ ਹੁਕਮ ਕਿਸ ਨੇ ਦਿੱਤੇ: ਜਾਖੜ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਜੇਕਰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਤਾਂ ਬਾਦਲ ਨੂੰ ਦੱਸਣਾ ਚਾਹੀਦਾ ਹੈ ਕਿ ਪੁਲਿਸ ਨੇ ਕਿਸ ਦੇ ਕਹਿਣ ‘ਤੇ ਗੋਲੀ ਚਲਾਈ ਤੇ ਤਤਕਾਲੀ ਮੁੱਖ ਮੰਤਰੀ ਨੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਖਿਲਾਫ਼ ਕੀ ਕਾਰਵਾਈ ਕੀਤੀ ਸੀ। ਉਨ੍ਹਾਂ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਕੋਟਕਪੂਰਾ ਵਿਚ ਗੋਲੀ ਸਵੇਰੇ 6.47 ਵਜੇ ਚੱਲੀ ਸੀ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਗੋਲੀ ਚਲਾਉਣ ਅਤੇ ਭੀੜ ਨੂੰ ਖਦੇੜਨ ਪਿਛੋਂ ਪੁਲਿਸ ਵਾਲੇ ਪੂਰੀ ਖੁਸ਼ੀ ਦੇ ਰੌਂਅ ਵਿਚ ਸਨ ਤੇ ਇਹ ਸਥਿਤੀ ਤਾਂ ਹੀ ਪੈਦਾ ਹੋ ਸਕਦੀ ਹੈ ਜੇਕਰ ਸਰਕਾਰ ਨੇ ਉਨ੍ਹਾਂ ਦੀ ਇਸ ਕਾਰਵਾਈ ਨੂੰ ਥਾਪੜਾ ਦਿੱਤਾ ਹੋਵੇ।
_________________________________
ਬਾਦਲ ਜਾਂਚ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨਾ ਚਾਹੁੰਦੈ: ਕੈਪਟਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਦੀ ਆਲੋਚਨਾ ਕੀਤੀ, ਜਿਸ ਵਿਚ ਬਾਦਲ ਨੇ ਕਿਹਾ ਸੀ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਉਨ੍ਹਾਂ ਵਿਰੁੱਧ ਚੱਲ ਰਹੀ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਸਿਆਸਤ ਤੋਂ ਪ੍ਰੇਰਿਤ ਹੈ। ਸ੍ਰੀ ਕੈਪਟਨ ਨੇ ਆਖਿਆ ਕਿ ਅਜਿਹੀ ਬਿਆਨਬਾਜ਼ੀ ਕਰ ਕੇ ਸ੍ਰੀ ਬਾਦਲ ਜਾਂਚ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।