ਓਮ ਪੁਰੀ ਦਾ ਟੱਬਰ ਅਤੇ ਅਦਾਕਾਰੀ ਦੀ ਪਰਵਾਜ਼

ਲੰਬੇ ਸਮੇਂ ਤੋਂ ਓਮ ਪੁਰੀ ਤੇ ਉਸ ਦੀ ਪਤਨੀ ਨੰਦਿਤਾ ਵਿਚਾਲੇ ਮਨ-ਮੁਟਾਵ ਚੱਲ ਰਿਹਾ ਹੈ ਤੇ ਉਸ ਨੇ ਤਲਾਕ ਦੀ ਅਰਜ਼ੀ ਅਦਾਲਤ ਵਿਚ ਦਾਖਲ ਕੀਤੀ ਹੋਈ ਹੈ। ਇਸੇ ਦੌਰਾਨ ਖਬਰ ਸੀ ਕਿ ਦੋਹਾਂ ਵਿਚਕਾਰ ਸਮਝੌਤਾ ਹੋਇਆ ਸੀ ਪਰ ਤਾਜ਼ਾ ਖਬਰਾਂ ਹਨ ਕਿ ਓਮ ਪੁਰੀ ਨੰਦਿਤਾ ਤੋਂ ਤਲਾਕ ਲੈਣ ਦਾ ਮਨ ਬਣਾ ਚੁੱਕੇ ਹਨ। ਨੰਦਿਤਾ ਦਾ ਕਹਿਣਾ ਹੈ, ”ਉਹ ਮੈਨੂੰ ਤੇ ਇਸ਼ਾਨ ਨੂੰ ਫਲੈਟ ਵਿਚੋਂ ਬਾਹਰ ਕੱਢਣਾ ਚਾਹੁੰਦੇ ਹਨ ਤੇ ਆਪਣੀ ਪਹਿਲੀ ਪਤਨੀ ਸੀਮਾ ਕਪੂਰ ਦੇ ਨਾਲ ਰਹਿਣਾ ਚਾਹੁੰਦੇ ਹਨ।” ਦੂਸਰੇ ਪਾਸੇ ਓਮ ਪੁਰੀ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਹੋਏ ਕਹਿੰਦੇ ਹਨ, ”ਮੈਂ ਭਲਾ ਉਨ੍ਹਾਂ ਨੂੰ ਫਲੈਟ ਵਿਚੋਂ ਕਿਉਂ ਕੱØਢਾਂਗਾ। ਮੇਰੇ ਕੋਲ ਚਾਰ ਫਲੈਟ ਹਨ ਜਿਨ੍ਹਾਂ ਵਿਚੋਂ ਤਿੰਨ ਸਾਡੇ ਦੋਹਾਂ ਦੇ ਨਾਂ ‘ਤੇ ਹਨ। ਨੰਦਿਤਾ ਨੇ ਮੇਰੀ ਜੀਵਨੀ ਵਿਚ ਮੇਰੀ ਗਲਤ ਤਸਵੀਰ ਪੇਸ਼ ਕੀਤੀ ਸੀ।” ਦੂਜੇ ਪਾਸੇ ਨੰਦਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਵਿਚਕਾਰ ਵੱਖ ਹੋਣ ਪਿੱਛੇ ਜੀਵਨੀ ਦਾ ਤਾਂ ਇਕ ਬਹਾਨਾ ਹੀ ਹੈ। 2008 ਵਿਚ ਓਮ ਦੇ ਜੀਵਨ ਵਿਚ ਉਸ ਦੀ ਪਹਿਲੀ ਪਤਨੀ ਸੀਮਾ ਦੇ ਆਉਣ ਤੋਂ ਬਾਅਦ ਹੀ ਸਾਡੇ ਵਿਚ ਸਮੱਸਿਆਵਾਂ ਪੈਦਾ ਹੋਈਆਂ ਹਨ।
ਓਮ ਪੁਰੀ ਦੀ ਨਿੱਜੀ ਜ਼ਿੰਦਗੀ ਵਿਚ ਭਾਵੇਂ ਅਜੇ ਉਬਾਲ ਜਿਹਾ ਆਇਆ ਹੋਇਆ ਹੈ, ਪਰ ਉਸ ਦਾ ਫਿਲਮੀ ਕਰੀਅਰ ਸਦਾ ਹੀ ਬੜਾ ਸ਼ਾਨਦਾਰ ਰਿਹਾ ਹੈ। ਸੂਰਤ ਪੱਖੋਂ ਬਹੁਤਾ ਸੋਹਣਾ ਨਾ ਹੋਣ ਦੇ ਬਾਵਜੂਦ ਉਸ ਨੇ ਅਦਾਕਾਰੀ ਦੇ ਸਿਰ ਉਤੇ ਫਿਲਮੀ ਦੁਨੀਆਂ ਵਿਚ ਦਹਾਕਿਆਂ ਤੋਂ ਆਪਣਾ ਅਸਰ ਪਾਇਆ ਹੋਇਆ ਹੈ। ਉਸ ਦੀ ਪਹਿਲੀ ਫਿਲਮ ‘ਘਾਸੀਰਾਮ ਕੋਤਵਾਲ’ 1976 ਵਿਚ ਆਈ ਸੀ ਅਤੇ ਇਸ ਫਿਲਮ ਨਾਲ ਉਸ ਨੇ ਆਪਣੀ ਵਿਲੱਖਣ ਅਦਾਕਾਰੀ ਦਾ ਝੰਡਾ ਗੱਡ ਦਿੱਤਾ ਸੀ। ਉਸ ਵੇਲੇ ਉਹ ਸਿਨੇਮਾ ਦੇ ਖੇਤਰ ਵਿਚ ਚੱਲੀ ‘ਸਾਰਥਕ ਸਿਨੇਮਾ ਲਹਿਰ’ ਦੇ ਕਰਤੇ-ਧਰਤਿਆਂ ਵਿਚ ਸ਼ਾਮਲ ਸੀ। ਉਹ ਟੈਲੀਵਿਜ਼ਨ ਉਤੇ ਵੀ ਧਮਾਲਾਂ ਪਾ ਚੁੱਕਾ ਹੈ। ਪਿਛਲੇ ਸਾਲ ਉਸ ਨੇ ‘ਓ ਮਾਈ ਗੌਡ’ ਫਿਲਮ ਨਾਲ ਧਮਾਲ ਪਾਈ। 2013 ਵਿਚ ਉਸ ਦੀ ਫਿਲਮ ‘ਬਠਿੰਡਾ ਟੂ ਬ੍ਰੈਂਪਟਨ’ ਆ ਰਹੀ ਹੈ। ਇਹ ਪੰਜਾਬੀ ਫਿਲਮ ਹੈ ਜਿਹੜੀ ਅੰਗਰੇਜ਼ੀ ਵਿਚ ਵੀ ਡੱਬ ਕੀਤੀ ਗਈ ਹੈ। 2014 ਵਿਚ ‘ਦਿ ਰਿਲੱਕਟੈਂਟ ਫੰਡਾਮੈਂਟਲਿਸਟ’ ਆਵੇਗੀ।

Be the first to comment

Leave a Reply

Your email address will not be published.