ਅਕਾਲੀ ਦਲ ਤੇ ਬਾਦਲ ਪਰਿਵਾਰ ਲਈ ਨਵੀਆਂ ਵੰਗਾਰਾਂ

ਚੰਡੀਗੜ੍ਹ: ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸਮੇਂ ਡੂੰਘੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਹ ਸਥਿਤੀ ਭਾਵੇਂ ਸਿਆਸੀ ਤੇ ਧਾਰਮਿਕ ਚੁਣੌਤੀ ਵਜੋਂ ਦਿਖਾਈ ਦਿੰਦੀ ਹੈ ਪਰ ਮੂਲ ਰੂਪ ਵਿਚ ਪਾਰਟੀ ਲੀਡਰਸ਼ਿਪ ਪ੍ਰਤੀ ਲੋਕਾਂ ਵਿਚ ਪੈਦਾ ਹੋਈ ਬੇਭਰੋਸਗੀ ਦਾ ਸੰਕਟ ਵਧੇਰੇ ਬਣ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਰਾਜਸੀ ਪਾਰਟੀਆਂ ਵਿਚੋਂ ਦੂਜੇ ਨੰਬਰ ਉਤੇ ਆਉਂਦੀ ਹੈ ਅਤੇ ਇਸ ਦਾ ਮੁੱਢ 1920 ਵਿਚ ਬੱਝਿਆ ਸੀ। ਮੌਜੂਦਾ ਪੰਜਾਬ (1966 ਤੋਂ ਬਾਅਦ) ਦੇ ਹੋਂਦ ਵਿਚ ਆਉਣ ਮਗਰੋਂ ਇਸ ਪਾਰਟੀ ਨੇ ਲੋਕਾਂ ਉਤੇ ਸਭ ਤੋਂ ਲੰਮਾ ਸਮਾਂ ਰਾਜ ਕੀਤਾ ਹੈ ਤੇ ਇਸ ਰਾਜ ਭਾਗ ਵਿਚੋਂ ਵਧੇਰੇ ਸਮਾਂ ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਆਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਨਵੀਂ ਪੀੜ੍ਹੀ ਭਾਵ ਪ੍ਰਕਾਸ਼ ਸਿੰਘ ਬਾਦਲ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਦੇ ਹੱਥ ਆਉਣ ਤੋਂ ਬਾਅਦ ਇਸ ਪਾਰਟੀ ਨੇ ਨਵੀਂ ਕਰਵਟ ਲਈ। ਸਾਲ 2007 ਅਤੇ 2012 ਦੀਆਂ ਚੋਣਾਂ ਜਿੱਤ ਕੇ ਜਦੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸਾਂਝੀਆਂ ਸਰਕਾਰਾਂ ਬਣਾਈਆਂ ਤੇ ਸੱਤਾ ਦਾ ਦਸ ਸਾਲਾਂ ਤੱਕ ਅਨੰਦ ਮਾਣਿਆ ਤਾਂ ਟਕਸਾਲੀ ਆਗੂ, ਜੋ ਅੱਜ ਬਾਗੀਆਂ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ, ਫੁੱਲੇ ਨਹੀਂ ਸੀ ਸਮਾਉਂਦੇ ਸਨ। ਪਾਰਟੀ ਅੰਦਰ ਚਾਰੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਦੀ ਚਰਚਾ ਹੁੰਦੀ ਸੀ। ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਇਸ ਪਰਿਵਾਰ ਦੇ ਸਕੇ-ਸਬੰਧੀ ਸੱਤਾ ਦਾ ਲੁਤਫ ਲੈਂਦੇ ਰਹੇ। ਇਨ੍ਹਾਂ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਸਿੰਘ ਮਜੀਠੀਆ ਅਤੇ ਜਨਮੇਜਾ ਸਿੰਘ ਸੇਖੋਂ ਆਦਿ ਸ਼ਾਮਲ ਹਨ, ਜੋ ਕੈਬਨਿਟ ਵਿਚ ਰਹੇ। ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਮੰਤਰੀ ਅਤੇ ਹੋਰ ਕਈ ਰਿਸ਼ਤੇਦਾਰ ਚੇਅਰਮੈਨੀਆਂ ਲੈਂਦੇ ਰਹੇ। ਇਸੇ ਲਈ ਅਕਾਲੀ ਦਲ ਦੇ ਆਗੂ ਦਬਵੀਂ ਸੁਰ ਵਿਚ ਆਖਦੇ ਹਨ ਕਿ ਜੇਕਰ ਸਾਰੇ ਟੱਬਰ ਤੇ ਰਿਸ਼ਤੇਦਾਰਾਂ ਨੇ ਰਾਜ ਭਾਗ ਭੋਗਿਆ ਹੈ ਤਾਂ ਮੁਸ਼ਕਲਾਂ ਵੀ ਤਾਂ ਪਰਿਵਾਰ ਨੂੰ ਹੀ ਝੱਲਣੀਆਂ ਪੈਣਗੀਆਂ। ਪੰਜਾਬ ਵਿਚ 2014 ਦੀਆਂ ਸੰਸਦੀ ਚੋਣਾਂ ਵਿਚ ਲੱਗੇ ਝਟਕੇ ਤੋਂ ਬਾਅਦ ਹੀ ਸਮੇਂ ਦੇ ਹਾਕਮਾਂ ਨੂੰ ਪੰਜਾਬ ਦੇ ਲੋਕਾਂ ਨੇ ਭਵਿੱਖ ‘ਚ ਆਉਣ ਵਾਲੇ ਸਿਆਸੀ ਸੰਕਟ ਦੇ ਸੰਕੇਤ ਦੇ ਦਿੱਤੇ ਸਨ। ਉਸ ਤੋਂ ਬਾਅਦ 2015 ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨੇ ਇਸ ਸੰਕਟ ਦੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਕਰਾਲ ਰੂਪ ਧਾਰਨ ਕਰਨ ਦੀ ਪੇਸ਼ੀਨਗੋਈ ਕਰ ਦਿੱਤੀ ਸੀ। ਹੁਣ ਬਾਦਲ ਪਰਿਵਾਰ ਦੇ ਆਪਣੇ ਹੀ ਮੰਨਦੇ ਹਨ ਕਿ ਗਲਤੀਆਂ ਤੋਂ ਸਬਕ ਨਾ ਸਿੱਖਣ ਦੀ ਸਜ਼ਾ ਹੀ ਪਾਰਟੀ ਅਤੇ ਪਰਿਵਾਰ ਨੂੰ ਭੁਗਤਣੀ ਪੈ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਵਿਚੋਂ ਅਕਾਲੀ ਆਗੂਆਂ ਦਾ ਵੱਖ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਆਦਿ ਵੱਲੋਂ ਚੁੱਕੇ ਕਦਮਾਂ ਨੂੰ ਵੱਖਰੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ। ਅਕਾਲੀ ਦਲ ਅੰਦਰ ਸੁਲਘਦੀ ਅੱਗ ਤੋਂ ਇਹ ਵੀ ਪ੍ਰਭਾਵ ਮਿਲ ਰਿਹਾ ਹੈ ਕਿ ਸੰਸਦੀ ਚੋਣਾਂ ਤੋਂ ਪਹਿਲਾਂ ਅਤੇ ਪਿੱਛੋਂ ਪਾਰਟੀ ਅੰਦਰ ਬਾਗੀਆਂ ਦਾ ਕਾਫਲਾ ਵੱਡਾ ਹੋ ਸਕਦਾ ਹੈ ਤੇ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਭਾਰਤੀ ਚੋਣ ਕਮਿਸ਼ਨ ਵੱਲੋਂ ਆਪਣੀਆਂ ਸ਼ਕਤੀਆਂ ਨੂੰ ਸਹੀ ਰੂਪ ਵਿਚ ਵਰਤਣ ਤੋਂ ਪਹਿਲਾਂ ਅਕਸਰ ਅਕਾਲੀ ਦਲ ਦੀਆਂ ਮੀਟਿੰਗਾਂ ਤੇ ਛੋਟੀਆਂ ਰੈਲੀਆਂ ਗੁਰਦੁਆਰਿਆਂ ਵਿਚ ਹੀ ਹੁੰਦੀਆਂ ਸਨ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਵੀ ਅਕਾਲੀ ਸਿਆਸਤ ਦਾ ਹਿੱਸਾ ਸੀ। ਇਸੇ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦਾਗ ਧੋਣ ਵਿਚ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
_____________________________
ਚੋਣਾਂ ਤੋਂ ਪਹਿਲਾਂ ਚੌਥਾ ਮੋਰਚਾ ਬਣਾਇਆ ਜਾਵੇਗਾ: ਗਾਂਧੀ
ਜਲੰਧਰ: ਪਟਿਆਲਾ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ ਹੈ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਚੌਥਾ ਮੋਰਚਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ‘ਆਪ’ ਦੇ ਨੇਤਾ ਸੁਖਪਾਲ ਖਹਿਰਾ ਤੇ ਬੈਂਸ ਭਰਾਵਾਂ ਦੇ ਨਾਲ ਗੱਲ ਕਰ ਰਹੇ ਹਨ ਅਤੇ ਇਹ ਐਲਾਨ ਛੇਤੀ ਹੀ ਕੀਤਾ ਜਾਵੇਗਾ। ਚੋਣਾਂ ਤੋਂ ਪਹਿਲਾਂ ਸੂਬੇ ਵਿਚ ਚੌਥੇ ਮੋਰਚੇ ਦੇ ਆਉਣ ਬਾਰੇ ਗੱਲ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਚੌਥੇ ਮੋਰਚੇ ਬਾਰੇ ਐਲਾਨ ਜਲਦੀ ਅਤੇ 2019 ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਅਤੇ ਬੈਂਸ ਭਰਾ ਉਨ੍ਹਾਂ ਦੇ ਸੰਪਰਕ ਵਿਚ ਹਨ ਤੇ ਉਨ੍ਹਾਂ ਨਾਲ ਦੋ ਵਾਰ ਗੱਲਬਾਤ ਹੋਈ ਹੈ।
_____________________________
ਬਾਗੀ ਅਕਾਲੀਆਂ ਦੇ ਸਮਰਥਕ ਸ਼੍ਰੋਮਣੀ ਕਮੇਟੀ ‘ਚ ਨਿਸ਼ਾਨੇ ‘ਤੇ ਆਏ
ਅੰਮ੍ਰਿਤਸਰ: ਬਗਾਵਤ ਕਾਰਨ ਸ਼੍ਰੋਮਣੀ ਅਕਾਲੀ ਦਲ ਵਿਚੋਂ ਫਾਰਗ ਕੀਤੇ ਸੀਨੀਅਰ ਅਕਾਲੀ ਆਗੂਆਂ ਦੇ ਸਮਰਥਕ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਖਿਲਾਫ਼ ਵੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਖੂੰਜੇ ਲਾਏ ਜਾਣ ਦੀ ਚਰਚਾ ਹੈ। ਹਾਲ ਹੀ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਪਾਰਟੀ ਵਿਚੋਂ ਫਾਰਗ ਕੀਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਮਾਝੇ ਵਿਚ ਇਨ੍ਹਾਂ ਟਕਸਾਲੀ ਆਗੂਆਂ ਦੇ ਸਮਰਥਕਾਂ ਨੂੰ ਇਨ੍ਹਾਂ ਨਾਲੋਂ ਤੋੜਨ ਦੀ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਪਿਛਲੇ ਦਿਨੀਂ ਪਹਿਲਾਂ ਬ੍ਰਹਮਪੁਰਾ ਸਮਰਥਕ ਅਤੇ ਮਗਰੋਂ ਅਜਨਾਲਾ ਪਰਿਵਾਰ ਸਮਰਥਕਾਂ ਨੇ ਇਨ੍ਹਾਂ ਨਾਲ ਨਾਤਾ ਤੋੜਨ ਅਤੇ ਪਾਰਟੀ ਨਾਲ ਜੁੜੇ ਰਹਿਣ ਦਾ ਐਲਾਨ ਕੀਤਾ ਹੈ। ਅਜਨਾਲਾ ਹਲਕੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਬੀਤੇ ਦਿਨੀਂ ਇਹ ਸੰਕੇਤ ਦਿੱਤਾ ਗਿਆ ਸੀ ਕਿ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਵਿਚਲੇ ਇਨ੍ਹਾਂ ਦੇ ਸਮਰਥਕ ਕਰਮਚਾਰੀ ਵੀ ਮੁੱਖ ਸਥਾਨਾਂ ਤੋਂ ਦੂਜੇ ਸਥਾਨਾਂ ਉਤੇ ਤਬਦੀਲ ਕੀਤੇ ਜਾ ਸਕਦੇ ਹਨ। ਇਸ ਸੰਕੇਤ ਕਾਰਨ ਇਨ੍ਹਾਂ ਟਕਸਾਲੀ ਆਗੂਆਂ ਦੇ ਸਮਰਥਕ ਕਰਮਚਾਰੀਆਂ ਵਿਚ ਸਹਿਮ ਬਣਿਆ ਹੋਇਆ ਹੈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਸੰਸਥਾ ਵੱਲੋਂ ਕਿਸੇ ਵੀ ਕਰਮਚਾਰੀ ਨਾਲ ਵਿਤਕਰਾ ਜਾਂ ਭੇਦਭਾਵ ਦੀ ਭਾਵਨਾ ਨਾਲ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਉਂਜ, ਸ਼੍ਰੋਮਣੀ ਕਮੇਟੀ ਬੁਲਾਰੇ ਨੇ ਭਾਵੇਂ ਅਜਿਹੀ ਕਿਸੇ ਸੰਭਾਵਨਾ ਤੋਂ ਇਨਕਾਰ ਕੀਤਾ ਹੈ, ਪਰ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਅਤੇ ਮੀਤ ਮੈਨੇਜਰ ਪੱਧਰ ਦੇ ਦੋ ਅਧਿਕਾਰੀ ਜੋ ਪਹਿਲਾਂ ਇਨ੍ਹਾਂ ਟਕਸਾਲੀ ਅਕਾਲੀ ਆਗੂਆਂ ਦੀ ਸਿਫਾਰਸ਼ ਉਤੇ ਹਰਿਆਣਾ ਤੇ ਆਨੰਦਪੁਰ ਸਾਹਿਬ ਵਿਚ ਤਬਦੀਲ ਕਰ ਦਿੱਤੇ ਗਏ ਸਨ, ਨੂੰ ਵਾਪਸ ਪਹਿਲੀਆਂ ਥਾਵਾਂ ‘ਤੇ ਤਬਦੀਲ ਕਰ ਦਿੱਤਾ ਹੈ। ਇਹ ਦੋਵੇਂ ਅਧਿਕਾਰੀ ਸ਼੍ਰੋਮਣੀ ਅਕਾਲੀ ਦਲ ਵਿਚੋਂ ਫਾਰਗ ਕੀਤੇ ਗਏ ਨੌਜਵਾਨ ਆਗੂ ਇਕਬਾਲ ਸਿੰਘ ਸੰਧੂ ਦੇ ਨੇੜਲੇ ਹਨ। ਇਸ ਨੌਜਵਾਨ ਆਗੂ ਨੂੰ ਵੀ ਇਨ੍ਹਾਂ ਟਕਸਾਲੀ ਆਗੂਆਂ ਦੀ ਪਾਰਟੀ ਵਿਰੋਧੀ ਕਾਰਵਾਈਆਂ ਦੀ ਸ਼ਿਕਾਇਤ ਕਾਰਨ ਹੀ ਪਾਰਟੀ ਵਿਚੋਂ ਫਾਰਗ ਕੀਤਾ ਗਿਆ ਸੀ।