ਡਾ. ਕਿਰਪਾਲ ਸਿੰਘ ਦੀ ਛੁੱਟੀ ਬਾਰੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਖਿਲਾਫ ਲਾਮਬੰਦੀ

ਅੰਮ੍ਰਿਤਸਰ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਸਿਲੇਬਸ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਬਜ਼ੁਰਗ ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰੋਜੈਕਟ ‘ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ’ ਤੋਂ ਲਾਂਭੇ ਕਰਨ ਦੇ ਫੈਸਲੇ ਨਾਲ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰ ਸਹਿਮਤ ਨਹੀਂ ਹਨ। ਉਧਰ, ਡਾ. ਕਿਰਪਾਲ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਭੇਜੇ ਪੱਤਰ ਵਿਚ ਆਖਿਆ ਹੈ ਕਿ ਉਨ੍ਹਾਂ ਇਸ ਪ੍ਰੋਜੈਕਟ ਲਈ ਕੋਈ ਅਰਜ਼ੀ ਨਹੀਂ ਦਿੱਤੀ ਸੀ, ਸਗੋਂ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਦਾ ਹੁਕਮ ਦੱਸ ਕੇ ਇਹ ਸੇਵਾ ਸੌਂਪੀ ਗਈ ਸੀ।

ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ 9 ਨਵੰਬਰ ਨੂੰ ਸਿੱਖ ਜਥੇਬੰਦੀਆਂ ਮੀਟਿੰਗ ਮਗਰੋਂ ਕੀਤੇ ਫੈਸਲੇ ਤਹਿਤ ਡਾ. ਕਿਰਪਾਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੌਂਪੀਆਂ ਸੇਵਾਵਾਂ ਵਾਪਸ ਲੈ ਲਈਆਂ ਸਨ। ਡਾ. ਕਿਰਪਾਲ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੇ 11ਵੀਂ ਤੇ 12ਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਨੂੰ ਤਿਆਰ ਕਰਨ ਲਈ ਸਰਕਾਰ ਵੱਲੋਂ ਬਣਾਈ ‘ਸਿਲੇਬਸ ਕਮੇਟੀ’ ਦੀ ਅਗਵਾਈ ਕਰ ਰਹੇ ਹਨ। ਸਿਲੇਬਸ ਦੇ ਪੰਜ ਚੈਪਟਰਾਂ ਵਿਚ ਸਿੱਖ ਇਤਿਹਾਸ ਸਬੰਧੀ ਗਲਤ ਤੱਥ ਪੇਸ਼ ਕੀਤੇ ਜਾਣ ਉਤੇ ਇਤਰਾਜ਼ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਸਿਲੇਬਸ ਕਮੇਟੀ ਵਿਚ ਸ਼ਾਮਲ ਆਪਣੇ ਦੋ ਮੈਂਬਰ ਵਾਪਸ ਲੈ ਲਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਸਿਲੇਬਸ ਵਿਚ ਸਿੱਖ ਇਤਿਹਾਸ ਨਾਲ ਹੋਈ ਛੇੜਛਾੜ ਮਾਮਲੇ ਦੀ ‘ਸਜ਼ਾ’ ਵਜੋਂ ਡਾ. ਕਿਰਪਾਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੌਂਪੇ ਪ੍ਰੋਜੈਕਟ ਤੋਂ ਹਟਾਉਣ ਦੇ ਫੈਸਲੇ ਨਾਲ ਸ਼੍ਰੋਮਣੀ ਕਮੇਟੀ ਦੇ ਹੀ ਕਈ ਮੈਂਬਰ ਸਹਿਮਤ ਨਹੀਂ ਹਨ।
ਜਨਰਲ ਇਜਲਾਸ ਵੇਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਡਾ. ਕਿਰਪਾਲ ਸਿੰਘ ਵੱਲੋਂ ਭੇਜਿਆ ਪੱਤਰ ਵੀ ਵੰਡਿਆ ਗਿਆ ਸੀ, ਜਿਸ ਵਿਚ ਉਨ੍ਹਾਂ ਆਪਣਾ ਪੱਖ ਸ਼੍ਰੋਮਣੀ ਕਮੇਟੀ ਕੋਲ ਰੱਖਿਆ ਸੀ। ਇਹ ਦੋ ਸਫਿਆਂ ਦਾ ਪੱਤਰ ਉਨ੍ਹਾਂ ਵੱਲੋਂ 10 ਨਵੰਬਰ ਨੂੰ ਭੇਜਿਆ ਗਿਆ ਸੀ। ਪੱਤਰ ਵਿਚ ਉਨ੍ਹਾਂ ਲਿਖਿਆ ਕਿ 23 ਫਰਵਰੀ 2001 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ‘ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ’ ਪ੍ਰੋਜੈਕਟ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਇਸ ਪ੍ਰੋਜੈਕਟ ਲਈ ਕੋਈ ਅਰਜ਼ੀ ਨਹੀਂ ਦਿੱਤੀ ਸੀ, ਸਗੋਂ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਦਾ ਹੁਕਮ ਦੱਸ ਕੇ ਇਹ ਸੇਵਾ ਸੌਂਪੀ ਗਈ ਸੀ, ਜਿਸ ਤਹਿਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਨੌਵੇਂ ਗੁਰੂ ਤਕ ਦੇ ਇਤਿਹਾਸ ਦੀਆਂ 21 ਜਿਲਦਾਂ ਛਪ ਚੁੱਕੀਆਂ ਹਨ ਤੇ ਦੋ ਜਿਲਦਾਂ ਪ੍ਰੈੱਸ ਵਿਚ ਹਨ। ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਵਿਚ ਗਲਤੀਆਂ ਬਾਰੇ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਵਿਚੋਂ ਇਕ ਡਾ. ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਭੇਜੇ ਇਤਰਾਜ਼ ਪੱਤਰ ਦੀਆਂ ਕਾਪੀਆਂ ਉਨ੍ਹਾਂ ਸਾਰੇ ਸਿਲੇਬਸ ਕਮੇਟੀ ਦੇ ਮੈਂਬਰਾਂ ਨੂੰ ਭੇਜੀਆਂ ਸਨ ਤੇ ਇਹ ਵੀ ਲਿਖਿਆ ਸੀ ਕਿ ਇਸੇ ਦੀ ਰੌਸ਼ਨੀ ਵਿਚ ਹੀ ਇਤਿਹਾਸ ਲਿਖਿਆ ਜਾਵੇ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਨੁਮਾਇੰਦਿਆਂ ਦੇ ਮੀਟਿੰਗ ਵਿਚ ਨਾ ਆਉਣ ਕਾਰਨ ਉਨ੍ਹਾਂ ਦਾ ਪੱਖ ਹਰ ਮੀਟਿੰਗ ਵਿਚ ਕਮਜ਼ੋਰ ਹੁੰਦਾ ਗਿਆ। ਉਨ੍ਹਾਂ ਆਖਿਆ ਕਿ ਸਿਲੇਬਸ ਦੇ ਇਕ ਤੋਂ ਪੰਜ ਤੱਕ ਚੈਪਟਰ ਪ੍ਰੋ. ਜੇ.ਐਸ਼ ਗਰੇਵਾਲ ਨੇ ਲਿਖੇ ਹਨ, ਜਿਸ ਵਿਚ ਗਲਤੀਆਂ ਬਾਰੇ ਸੂਚਿਤ ਕਰ ਦਿੱਤਾ ਸੀ, ਪਰ ਸਿੱਖਿਆ ਮੰਤਰੀ ਦੇ ਜ਼ੋਰ ਦੇਣ ਕਾਰਨ ਤੇ ਦਰੁਸਤ ਕੀਤੇ ਚੈਪਟਰ ਉਨ੍ਹਾਂ ਨੂੰ ਦਿਖਾਏ ਬਿਨਾਂ ਹੀ ਬੋਰਡ ਦੀ ਵੈੱਬਸਾਈਟ ਉਤੇ ਅਪਲੋਡ ਕਰ ਦਿੱਤੇ ਗਏ। ਉਨ੍ਹਾਂ ਆਖਿਆ ਕਿ ਇਸ ਕਾਰਜ ਵਿਚ ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਪੱਖ ਜ਼ਰੂਰ ਵਿਚਾਰਿਆ ਜਾਵੇ। ਉਨ੍ਹਾਂ ਇਹ ਵੀ ਲਿਖਿਆ ਕਿ ਜਿਸ ਨੂੰ ਸਜ਼ਾ ਦਿੱਤੀ ਜਾਂਦੀ ਹੈ, ਉਸ ਦਾ ਪੱਖ ਵੀ ਸੁਣਿਆ ਜਾਣਾ ਜ਼ਰੂਰੀ ਹੁੰਦਾ ਹੈ।
___________________
ਡਾ. ਕਿਰਪਾਲ ਸਿੰੰਘ ਨੂੰ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ: ਕਿਰਨਜੋਤ ਕੌਰ
ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਡਾ. ਕਿਰਪਾਲ ਸਿੰਘ ਨੂੰ ਜਿਸ ਢੰਗ ਨਾਲ ਜ਼ਲੀਲ ਕਰ ਕੇ ਸੇਵਾਵਾਂ ਵਾਪਸ ਲਈਆਂ ਹਨ, ਉਹ ਠੀਕ ਨਹੀਂ ਹੈ। ਡਾ. ਕਿਰਪਾਲ ਸਿੰਘ ਨੇ ਸਾਰੀ ਜ਼ਿੰਦਗੀ ਸਿੱਖ ਇਤਿਹਾਸ ਨੂੰ ਸਮਰਪਿਤ ਕੀਤੀ ਹੈ। 96 ਸਾਲ ਦੀ ਉਮਰ ਵਿਚ ਵੀ ਉਹ ਸ਼੍ਰੋਮਣੀ ਕਮੇਟੀ ਲਈ ਕੰਮ ਕਰ ਰਹੇ ਸਨ। ਜੇਕਰ ਉਨ੍ਹਾਂ ਦੇ ਇਸ ਕੰਮ ਵਿਚ ਕੋਈ ਗਲਤੀ ਹੈ ਤਾਂ ਉਨ੍ਹਾਂ ਨਾਲ ਗੱਲ ਕੀਤੀ ਜਾ ਸਕਦੀ ਸੀ। ਉਨ੍ਹਾਂ ਨੂੰ ਪੱਖ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ।
___________________
ਸ਼੍ਰੋਮਣੀ ਕਮੇਟੀ ਦਾ ਫੈਸਲਾ ਡਾ. ਕਿਰਪਾਲ ਸਿੰਘ ਨੂੰ ਜ਼ਲੀਲ ਕਰਨ ਵਾਲਾ: ਮੱਕੜ
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਵੀ ਡਾ. ਕਿਰਪਾਲ ਸਿੰਘ ਪ੍ਰਤੀ ਸ਼੍ਰੋਮਣੀ ਕਮੇਟੀ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਆਖਿਆ ਕਿ ਉਹ 2001 ਤੋਂ ਸ਼੍ਰੋਮਣੀ ਕਮੇਟੀ ਵਾਸਤੇ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ। ਹੁਣ ਤੱਕ ਉਨ੍ਹਾਂ ਨੇ ਇਸ ਸਬੰਧੀ ਕਈ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਨੇ 96 ਸਾਲ ਦੀ ਉਮਰ ਵਿਚ ਵੀ ਸਿੱਖ ਕੌਮ ਲਈ ਇਤਿਹਾਸ ਸੋਧਣ ਦਾ ਵੱਡਾ ਕੰਮ ਕੀਤਾ ਹੈ। ਸ਼੍ਰੋਮਣੀ ਕਮੇਟੀ ਦਾ ਫੈਸਲਾ ਡਾ. ਕਿਰਪਾਲ ਸਿੰਘ ਨੂੰ ਜ਼ਲੀਲ ਕਰਨ ਵਾਲਾ ਹੈ।
___________________
ਡਾ. ਕਿਰਪਾਲ ਸਿੰਘ ਖਿਲਾਫ਼ ਫੈਸਲਾ ਦੁਖਦਾਈ: ਢੀਂਡਸਾ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਸਿੱਖ ਇਤਿਹਾਸ ਸਰੋਤ ਸੰਪਾਦਨਾ ਪ੍ਰੋਜੈਕਟ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਉਣਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੂੰ ਆਪਣੇ ਫੈਸਲੇ ‘ਤੇ ਮੁੜ ਗੌਰ ਕਰਨੀ ਚਾਹੀਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਮਾਮਲੇ ‘ਚ ਐਸ਼ਜੀ.ਪੀ.ਸੀ. ਨੇ ਡਾ. ਕਿਰਪਾਲ ਸਿੰਘ ਦਾ ਪੱਖ ਸੁਣੇ ਬਗੈਰ ਹੀ ਉਨ੍ਹਾਂ ਨੂੰ ਸੇਵਾ ਤੋਂ ਲਾਂਭੇ ਕਰ ਦਿੱਤਾ ਹੈ।