ਅੰਮ੍ਰਿਤਸਰ: ਸਦੀ ਪੁਰਾਣੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀਆਂ 2 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਅਣਖੀ ਅਤੇ ਰਾਜਮਹਿੰਦਰ ਧੜੇ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜੇਕਰ ਦੀਵਾਨ ਦੀ ਸੇਵਾ ਉਨ੍ਹਾਂ ਨੂੰ ਮਿਲੀ ਤਾਂ ਉਹ ਇਸ ਦਾ ਪੁਰਾਤਨ ਸੰਵਿਧਾਨ ਲਾਗੂ ਕਰਕੇ ਇਸ ਦਾ ਪੁਰਾਣਾ ਸਰੂਪ ਬਹਾਲ ਕਰਨਗੇ। ਇਸ ਦੌਰਾਨ ਮੈਂਬਰਾਂ ਦਾ ਇਕੱਠ ਕਰਕੇ ਧੜੇ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ।
ਸਿੱਖ ਸੰਸਥਾ ਦੀਆਂ ਚੋਣਾਂ ਵਾਸਤੇ ਇਸ ਵੇਲੇ ਦੋ ਧੜੇ ਮੈਦਾਨ ਵਿਚ ਹਨ ਅਤੇ ਛੇ ਅਹੁਦਿਆਂ ਵਾਸਤੇ 12 ਉਮੀਦਵਾਰ ਚੋਣ ਲੜ ਰਹੇ ਹਨ। ਦੋਵਾਂ ਧੜਿਆਂ ਵੱਲੋਂ ਸੰਸਥਾ ਦੇ ਲਗਭਗ 433 ਮੈਂਬਰਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦਾ ਸਮਰਥਨ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਪ੍ਰਧਾਨ ਦੀ ਚੋਣ ਲੜ ਰਹੇ ਨਿਰਮਲ ਸਿੰਘ ਠੇਕੇਦਾਰ ਨੇ ਆਖਿਆ ਕਿ ਜੇਕਰ ਦੀਵਾਨ ਦੀ ਸੱਤਾ ਉਨ੍ਹਾਂ ਦੇ ਧੜੇ ਦੇ ਹੱਥ ਵਿਚ ਆਈ ਤਾਂ ਇਸ ਦਾ ਪੁਰਾਤਨ ਵਿਧਾਨ ਮੁੜ ਬਹਾਲ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ 2011 ਵਿਚ ਇਸ ਨੂੰ ਚੈਰੀਟੇਬਲ ਸੁਸਾਇਟੀ ਬਣਾ ਕੇ ਨਿੱਜੀ ਸੰਸਥਾ ਵਿਚ ਤਬਦੀਲ ਕਰ ਦਿੱਤਾ ਸੀ। ਉਨ੍ਹਾਂ ਆਖਿਆ ਕਿ ਪੁਰਾਤਨ ਵਿਧਾਨ ਬਹਾਲ ਹੋਣ ਉਤੇ ਇਸ ਦੇ ਅਹੁਦੇਦਾਰਾਂ ਦੀ ਗਿਣਤੀ ਘੱਟ ਕੇ ਚਾਰ ਰਹਿ ਜਾਵੇਗੀ ਅਤੇ ਪ੍ਰਧਾਨ ਦਾ ਕਾਰਜਕਾਲ ਵੀ ਤਿੰਨ ਸਾਲ ਦਾ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਸੰਸਥਾ ਵਿਚ ਸਮੁੱਚੇ ਕਾਰਜ ਪਾਰਦਰਸ਼ੀ ਢੰਗ ਨਾਲ ਹੋਣਗੇ, ਵਿਆਪਕ ਸੁਧਾਰ ਕੀਤਾ ਜਾਵੇਗਾ ਅਤੇ ਬੇਨੇਮੀਆਂ ਦੂਰ ਕੀਤੀਆਂ ਜਾਣਗੀਆਂ।
ਲੋਕਲ ਕਮੇਟੀਆਂ ਨੂੰ ਵਧੇਰੇ ਅਖਤਿਆਰ ਦਿੱਤੇ ਜਾਣਗੇ, ਜਿਸ ਤਹਿਤ ਉਹ ਆਪੋ-ਆਪਣੇ ਵਿਦਿਅਕ ਅਦਾਰਿਆਂ ਦੀ ਬਿਹਤਰੀ ਲਈ ਕੰਮ ਕਰ ਸਕਣਗੇ। ਇਕ ਸਵਾਲ ਦੇ ਜਵਾਬ ਵਿਚ ਆਦਰਸ਼ ਸਕੂਲਾਂ ਨੂੰ ਚਲਾਉਣ ਲਈ ਕੀਤੇ ਸਮਝੌਤੇ ਉਤੇ ਨਜ਼ਰਸਾਨੀ ਕਰਨ ਦਾ ਵੀ ਦਾਅਵਾ ਕੀਤਾ ਗਿਆ ਹੈ। ਇਸੇ ਤਰ੍ਹਾਂ ਦੀਵਾਨ ਵਿਚੋਂ ਪਤਿਤ ਮੈਂਬਰਾਂ ਨੂੰ ਵੋਟ ਪਾਉਣ ਤੋਂ ਰੋਕਣ ਦਾ ਦਾਅਵਾ ਕੀਤਾ ਹੈ। ਚੋਣ ਮਨੋਰਥ ਪੱਤਰ ਜਾਰੀ ਕਰਨ ਦੇ ਨਾਂ ਹੇਠ ਇਸ ਧੜੇ ਵਲੋਂ ਇਥੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਲਗਭਗ 70 ਤੋਂ ਵੱਧ ਮੈਂਬਰ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ।