ਰਵੀਸ਼ ਕੁਮਾਰ ਨੇ ਲਿਖਿਆ ਮੋਦੀ ਦਾ ਭਾਸ਼ਣ!
ਐਨæਡੀæਟੀæਵੀæ ਨਾਲ ਜੁੜੇ ਪੱਤਰਕਾਰ ਰਵੀਸ਼ ਕੁਮਾਰ ਨੇ ਮੋਦੀ ਦੀ ਭਾਸ਼ਣ ਸ਼ੈਲੀ ਵਿਚ ਲਿਖੇ ਇਸ ਭਾਸ਼ਣ ਰਾਹੀਂ ਮੱਧ ਪ੍ਰਦੇਸ਼ ਦੀ ਉਚ ਸਿੱਖਿਆ ਦਾ ਹਾਲ ਬਿਆਨ ਕੀਤਾ ਹੈ ਜਿਥੇ ਅੱਜ ਕੱਲ੍ਹ ਚੋਣ ਮੁਹਿੰਮ ਸਿਖਰ ‘ਤੇ ਹੈ। ਇਸ ਲਿਖਤ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।
-ਸੰਪਾਦਕ
ਦੋਸਤੋ, ਚੋਣ-ਦਰ-ਚੋਣ ਮੈਂ ਦੇਖਿਆ ਹੈ ਕਿ ਸਿੱਖਿਆ ਵਰਗੇ ਜ਼ਰੂਰੀ ਵਿਸ਼ੇ ਉਪਰ ਗੱਲ ਨਹੀਂ ਹੁੰਦੀ। ਨੇਤਾ ਗੱਲ ਨਹੀਂ ਕਰਦੇ, ਜਨਤਾ ਗੱਲ ਨਹੀਂ ਕਰਦੀ। ਸੋਚਿਆ ਕਿ ਲਿਖਣ ਦੀ ਸ਼ੈਲੀ ਵਿਚ ਬਦਲਾਓ ਲਿਆਉਂਦਾ ਹਾਂ। ਉਨ੍ਹਾਂ ਦਾ ਭਾਸ਼ਣ ਲਿਖ ਦਿੰਦਾ ਹਾਂ। ਕੋਸ਼ਿਸ਼ ਕਰਦਾ ਹਾਂ ਕਿ ਚੋਣਾਂ ਵਿਚ ਸਿੱਖਿਆ ਦੀ ਗੱਲ ਹੋਵੇ। ਨੌਜਵਾਨ ਮੱਧ ਪ੍ਰਦੇਸ਼ ਦੇ ਕਾਲਜ, ਕਲਾਸ ਰੂਮ ਦੀ ਤਸਵੀਰ ਖਿੱਚ ਕੇ ਪ੍ਰਧਾਨ ਮੰਤਰੀ ਅਤੇ ਰਾਹੁਲ ਗਾਂਧੀ ਨੂੰ ਟੈਗ ਕਰਨ। ਟਵੀਟ ਕਰਨ। ਕਾਲਜ ਜਾਣ ਵਾਲੇ ਨੌਜਵਾਨ ਗੱਲ ਨਹੀਂ ਕਰਨਗੇ ਤਾਂ ਹੋਰ ਕੌਣ ਕਰੇਗਾ? ਕੀ ਉਹ ਚਾਹੁਣਗੇ ਕਿ ਇਹ ਗੱਲ ਸਾਬਤ ਹੋ ਜਾਵੇ ਕਿ ਨੌਜਵਾਨਾਂ ਦੀ ਸਿਆਸੀ ਸੂਝ ਤੀਜੇ ਦਰਜੇ ਦੀ ਨਹੀਂ ਹੈ। -ਰਵੀਸ਼ ਕੁਮਾਰ
“ਭਰਾਵੋ ਅਤੇ ਭੈਣੋ,
ਅੱਜ ਮੈਂ ਭਾਸ਼ਣ ਦਾ ਤਰੀਕਾ ਬਦਲ ਲਿਆ ਹੈ। ਮੈਂ ਅਲੱਗ-ਅਲੱਗ ਫਾਰਮੈੱਟ ਵਿਚ ਭਾਸ਼ਣ ਦਿੱਤੇ ਹਨ ਲੇਕਿਨ ਅੱਜ ਮੈਂ ਉਹ ਕਰ ਰਿਹਾ ਹਾਂ ਜੋ ਕਾਂਗਰਸ ਦੇ ਨੇਤਾ ਪਿਛਲੇ ਸੱਤਰ ਸਾਲਾਂ ਵਿਚ ਨਹੀਂ ਕਰ ਸਕੇ। ਮੈਂ ਰਟਿਆ-ਰਟਾਇਆ ਭਾਸ਼ਣ ਛੱਡ ਕੇ ਕੁਝ ਨਵਾਂ ਕਰਨ ਦਾ ਫ਼ੈਸਲਾ ਕੀਤਾ ਹੈ। ਮੈਨੂੰ ਇਹ ਕਹਿਣ ਵਿਚ ਸੰਕੋਚ ਨਹੀਂ ਕਿ ਇਹ ਭਾਸ਼ਣ ਰਵੀਸ਼ ਕੁਮਾਰ ਨੇ ਲਿਖਿਆ ਹੈ, ਲੇਕਿਨ ਮਿੱਤਰੋ! ਭਾਸ਼ਣ ਕੋਈ ਵੀ ਲਿਖੇ, ਹੋਵੇ ਉਹ ਰਾਸ਼ਟਰ ਹਿਤ ਵਿਚ। ਲੇਕਿਨ ਮੈਂ ਇਹ ਵੀ ਕਹਿ ਦਿੱਤਾ ਕਿ ਮੈਂ ਪੜ੍ਹਾਂਗਾ ਉਹੀ ਜੋ ਸਰਕਾਰੀ ਦਸਤਾਵੇਜ਼ਾਂ ਉਪਰ ਆਧਾਰਤ ਹੁੰਦਾ ਹੈ। ਰਵੀਸ਼ ਕੁਮਾਰ ਮੰਨ ਗਏ ਅਤੇ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਉਚ ਸਿੱਖਿਆ ਵਿਭਾਗ ਦੀ ਵੈੱਬਸਾਈਟ ਤੋਂ 2015-16 ਦੀ ਰਿਪੋਰਟ ਕੱਢ ਲਈ। 2016-17 ਅਤੇ 2017-18 ਦੀ ਰਿਪੋਰਟ ਵੈੱਬਸਾਈਟ ਉਪਰ ਹੈ ਨਹੀਂ।
ਮੈਂ ਤਾਂ ਕਹਿੰਦਾ ਹਾਂ ਕਿ ਰਿਪੋਰਟ ਹੋਵੇਗੀ ਲੇਕਿਨ ਸਾਰਿਆਂ ਨੂੰ ਲੱਭਣੀ ਨਹੀਂ ਆਉਂਦੀ। ਇਹ ਜੋ ਸਪੀਚ ਰਾਈਟਰ ਨੇ, ਤੁਸੀਂ ਤਾਂ ਜਾਣਦੇ ਹੀ ਹੋ ਇਨ੍ਹਾਂ ਨੂੰ। ਅਰੇ, ਦੋ-ਦੋ ਸਾਲ ਦੀ ਰਿਪੋਰਟ ਵੈੱਬਸਾਈਟ ਉਪਰ ਨਹੀਂ ਹੈ, ਫਿਰ ਕੀ ਹੋਇਆ। ਜੋ ਹੈ, ਉਸੇ ਨੂੰ ਪੜ੍ਹਾਂਗੇ। ਸਾਨੂੰ ਪੂਰਾ ਭਰੋਸਾ ਹੈ, ਅਸੀਂ ਕਿਸੇ ਵੀ ਸਾਲ ਨੌਜਵਾਨਾਂ ਨੂੰ ਪਿੱਛੇ ਰੱਖਣ ਵਿਚ ਪਿੱਛੇ ਨਹੀਂ ਹਟੇ ਹਾਂ। ਮੈਂ ਵੀ ਕਿਹਾ ਕਿ ਮੱਧ ਪ੍ਰਦੇਸ਼ ਵਿਚ ਭਾਜਪਾ ਸਰਕਾਰ ਦੇ 15 ਸਾਲ ਕੰਮ ਹੀ ਕੰਮ ਦੇ ਸਾਲ ਰਹੇ ਹਨ, ਪੱਤਰਕਾਰ ਭਾਈ, ਤੁਸੀਂ 2015-16 ਦੀ ਰਿਪੋਰਟ ਨਾਲ ਹੀ ਭਾਸ਼ਣ ਤਿਆਰ ਕਰੋ। ਮੈਂ ਪੜ੍ਹ ਦੇਵਾਂਗਾ। ਡੇਟਾ ਨਵਾਂ ਤੇਲ ਹੈ। ਤੇ ਜੋ ਸਰਕਾਰੀ ਡੇਟਾ ਹੈ, ਉਸ ਵਿਚੋਂ ਸਾਨੂੰ ਤੇਲ ਕੱਢਣਾ ਆਉਂਦਾ ਹੈ।
ਮਿੱਤਰੋ, ਮੱਧ ਪ੍ਰਦੇਸ਼ ਵਿਚ 437 ਸਰਕਾਰੀ ਕਾਲਜ ਹਨ। ਗਵਰਨਮੈਂਟ ਕਾਲਜ। 437 ਕਾਲਜ ਭਰਾਵੋ, ਭੈਣੋਂ। ਇਹ ਕਾਲਜ ਤੁਹਾਡੇ ਪੈਸੇ ਨਾਲ ਚੱਲਦੇ ਹਨ। ਜਦਕਿ 800 ਤੋਂ ਵਧੇਰੇ ਕਾਲਜ ਐਸੇ ਹਨ ਜਿਸ ਦੇ ਲਈ ਤੁਸੀਂ ਟੈਕਸ ਨਹੀਂ ਦਿੰਦੇ ਹੋ, ਲੇਕਿਨ ਜੋ ਮੋਟੀ ਫ਼ੀਸ ਦੇ ਕੇ ਚਲਾਏ ਜਾ ਰਹੇ ਹਨ। ਪ੍ਰਾਈਵੇਟ ਤੋਂ ਲੈ ਕੇ ਪਬਲਿਕ ਸੈਕਟਰ ਸਭ ਤੁਸੀਂ ਹੀ ਚਲਾ ਰਹੇ ਹੋ। 1300 ਤੋਂ ਜ਼ਿਆਦਾ ਕਾਲਜ ਹਨ। ਅਸੀਂ ਮੱਧ ਪ੍ਰਦੇਸ਼ ਦੀ ਜਨਤਾ ਨੂੰ ਕਾਲਜਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ। 2015-16 ਦੀ ਰਿਪੋਰਟ ਹੈ। ਲਾਅ ਕਾਲਜ ਲਈ 28 ਪ੍ਰਿੰਸੀਪਲਾਂ ਦੀਆਂ ਸੀਟਾਂ ਮਨਜ਼ੂਰ ਹਨ। 28 ਦੀਆਂ 28 ਖਾਲੀ ਸਨ ਭਰਾਓ ਭੈਣੋਂ। ਪ੍ਰਿੰਸੀਪਲ ਦੀ ਕੋਈ ਜ਼ਰੂਰਤ ਹੀ ਨਹੀਂ ਹੈ। ਬੇਵਜ੍ਹਾ ਨਿਯਮ ਬਣਾਉਂਦੇ ਰਹਿੰਦੇ ਹਨ। ਅਸੀਂ ‘ਮਿਨੀਮਮ ਗਵਰਨਮੈਂਟ ਮੈਕਸੀਮਮ ਗਵਰਨੈਂਸ’ ਦੀ ਗੱਲ ਕਰਦੇ ਹਾਂ। ਇਹ ਕਾਲਜ ਬਿਨਾਂ ਪ੍ਰਿੰਸੀਪਲ ਦੇ ਆਪਣੇ ਆਪ ਚੱਲ ਰਹੇ ਹਨ।
ਅਸੀਂ ਕਾਲਜ ਹੀ ਨਹੀਂ, ਕਲਾਸ ਰੂਮ ਵੀ ਖਾਲੀ ਰੱਖੇ ਹਨ। ਨੌਜਵਾਨ ਕਲਾਸ ਵਿਚ ਆਉਣ, ਗੱਲਬਾਤ ਕਰਨ, ਆਪਸ ਵਿਚ ਚਰਚਾ ਕਰਨ, ਕੈਂਪਸ ਵਿਚ ਤੋਪ ਦੇਖਣ, ਤਿਰੰਗਾ ਦੇਖਣ, ਹੁਣ ਜੇ ਉਥੇ ਟੀਚਰ ਹੋਣਗੇ ਤਾਂ ਉਹ ਇਹ ਸਭ ਕਿਵੇਂ ਕਰ ਸਕਣਗੇ। ਰਾਸ਼ਟਰਵਾਦ ਦਾ ਨਿਰਮਾਣ ਕਿਥੇ ਹੋ ਸਕੇਗਾ। ਇਸ ਲਈ 2015-16 ਦੀ ਸਾਲਾਨਾ ਰਿਪੋਰਟ ਕਹਿੰਦੀ ਹੈ, ਤੇ ਇਹ ਮੈਂ ਨਹੀਂ ਕਹਿ ਰਿਹਾ। ਉਚ ਸਿੱਖਿਆ ਵਿਭਾਗ ਦੀ ਰਿਪੋਰਟ ਕਹਿੰਦੀ ਹੈ, 704 ਪ੍ਰੋਫੈਸਰ ਹੋਣੇ ਚਾਹੀਦੇ ਸਨ, ਅਸੀਂ 474 ਰੱਖੇ ਹੀ ਨਹੀਂ। 7412 ਅਸਿਸਟੈਂਟ ਪ੍ਰੋਫੈਸਰ ਹੋਣੇ ਚਾਹੀਦੇ ਹਨ, ਸ਼ਿਵਰਾਜ ਜੀ ਨੇ ਕਿਹਾ ਕਿ 3025 ਅਸਿਸਟੈਂਟ ਪ੍ਰੋਫੈਸਰ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਸਾਡਾ ਨੌਜਵਾਨ ਖੁਦ ਹੀ ਪ੍ਰੋਫੈਸਰ ਹੈ। ਉਹ ਤਾਂ ਬੜਿਆਂ ਬੜਿਆਂ ਨੂੰ ਪੜ੍ਹਾ ਦਿੰਦਾ ਹੈ ਜੀ, ਉਸ ਨੂੰ ਕੌਣ ਪੜ੍ਹਾਏਗਾ। ਹਰ ਨੌਜਵਾਨ ਮਾਸਟਰ ਹੈ, ਉਸ ਦਾ ਮਾਸਟਰ ਕੋਈ ਨਹੀਂ। ਇਹ ਸਾਡਾ ਨਾਅਰਾ ਹੈ। ਨਾਅਰਾ ਮੈਂ ਖੁਦ ਲਿਖ ਰਿਹਾ ਹਾਂ, ਰਵੀਸ਼ ਕੁਮਾਰ ਨਹੀਂ। ਪੱਤਰਕਾਰ ਲੋਕ ਡੇਟਾ-ਵੇਟਾ ਕਰਦੇ ਰਹਿੰਦੇ ਹਨ, ਚੋਣਾਂ ਉਸ ਨਾਲ ਨਹੀਂ ਹੁੰਦੀਆਂ; ਲੇਕਿਨ ਅਸੀਂ ਕਿਹਾ ਕਿ ਚੱਲੋ ਭਾਈ, ਅੱਜ ਸਿੱਖਿਆ ਨੂੰ ਮੁੱਦਾ ਬਣਾ ਹੀ ਦਿੰਦੇ ਹਾਂ।
ਲਾਇਬ੍ਰੇਰੀ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਤਾਂ ਸਮਾਰਟ ਫ਼ੋਨ ਨਾਲ ਸਭ ਪੜ੍ਹ ਲੈਂਦੇ ਹੋ। 264 ਕਾਲਜਾਂ ਅਤੇ ਯੂਨੀਵਰਸਿਟੀ ਵਿਚ ਵਾਈ-ਫਾਈ ਦੀ ਸਹੂਲਤ ਦੇ ਦਿੱਤੀ ਗਈ ਹੈ। ਤੁਹਾਨੂੰ ਮਿਲ ਰਹੀ ਹੈ ਕਿ ਨਹੀਂ, ਮਿਲ ਰਹੀ ਹੈ। ਹੱਥ ਉਠਾ ਕੇ ਬੋਲੋ, ਤੁਹਾਡੇ ਕਾਲਜ ਵਿਚ ਵਾਈ-ਫਾਈ ਹੈ ਜਾਂ ਨਹੀਂ। 391 ਲਾਇਬ੍ਰੇਰੀਅਨ ਦੀਆਂ ਅਸਾਮੀਆਂ ਮਨਜ਼ੂਰ ਹਨ ਲੇਕਿਨ 253 ਅਸਾਮੀਆਂ ਅਸੀਂ ਖਾਲੀ ਰੱਖੀਆਂ ਹੋਈਆਂ ਹਨ। ਇਕ ਕਾਲਜ ਵਿਚ ਪ੍ਰਿੰਸੀਪਲ ਤੋਂ ਲੈ ਕੇ ਪ੍ਰੋਫੈਸਰ ਦੀਆਂ ਬਹੁਤ ਅਸਾਮੀਆਂ ਹੁੰਦੀਆਂ ਹਨ। ਇਸ ਤਰ੍ਹਾਂ ਨਾਲ ਮਿੱਤਰੋ 9377 ਅਸਾਮੀਆਂ ਹੋਣੀਆਂ ਚਾਹੀਦੀਆਂ ਸਨ, 4374 ਅਸਾਮੀਆਂ ਖਾਲੀ ਸਨ ਮਿੱਤਰੋ, 4374। ਪ੍ਰਿੰਸੀਪਲ, ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ, ਖੇਡ ਅਧਿਕਾਰੀ, ਰਜਿਸਟਰਾਰ ਅਸੀਂ ਸਭ ਖਾਲੀ ਛੱਡੀਆਂ ਹੋਈਆਂ ਹਨ।
ਐਸਾ ਨਹੀਂ ਹੈ ਕਿ ਅਸੀਂ ਭਰਤੀ ਨਾ ਕਰਨ ਦੀ ਸਹੁੰ ਖਾ ਲਈ ਹੈ। ਅਸੀਂ ਇਸ਼ਤਿਹਾਰ ਦਿੰਦੇ ਹਾਂ। 2015-16 ਵਿਚ 2371 ਅਸਾਮੀਆਂ ਦੀ ਬਹਾਲੀ ਕੱਢੀ ਗਈ ਸੀ। ਹੁਣ ਇਹ ਪਤਾ ਨਹੀਂ ਬਹਾਲੀ ਹੋਈ ਜਾਂ ਨਹੀਂ, ਕਾਸ਼ 2016-17 ਦੀ ਰਿਪੋਰਟ ਵੀ ਵੈੱਬਸਾਈਟ ਉਪਰ ਮਿਲ ਜਾਂਦੀ। ਮੱਧ ਪ੍ਰਦੇਸ਼ ਦਾ ਪੌਣੇ ਛੇ ਲੱਖ ਨੌਜਵਾਨ ਕਾਲਜਾਂ ਵਿਚ ਬਿਨਾਂ ਪ੍ਰੋਫੈਸਰ, ਸਹਾਇਕ ਪ੍ਰੋਫੈਸਰ ਦੇ ਹੀ ਪੜ੍ਹ ਰਿਹਾ ਹੈ। ਸਾਡੇ ਨੌਜਵਾਨਾਂ ਨੇ ਦੁਨੀਆਂ ਨੂੰ ਦਿਖਾ ਦਿੱਤਾ ਹੈ। ਸਾਡਾ ਨੌਜਵਾਨ ਦੇਸ਼ ਮੰਗਦਾ ਹੈ, ਕਾਲਜ ਅਤੇ ਕਾਲਜ ਵਿਚ ਟੀਚਰ ਨਹੀਂ ਮੰਗਦਾ। ਉਹ ਦੇਸ਼ ਦੀ ਖਾਤਰ ਖੁਦ ਚਾਰ ਘੰਟੇ ਵਧੇਰੇ ਪੜ੍ਹ ਲਵੇਗਾ। ਤੇ ਟਿਊਸ਼ਨ ਦੇ ਲਈ ਮਾਸਟਰਾਂ ਦਾ ਕੋਈ ਘਾਟਾ ਨਹੀਂ ਹੈ। ਤਾਂ ਹੀ ਅਸੀਂ ਸਕੂਟੀ ਅਤੇ ਮੋਪਡ ਦੇਣ ਵਾਲੇ ਹਾਂ ਤਾਂ ਕਿ ਬੱਚੇ ਕਾਲਜ ਘੱਟ ਜਾਣ, ਸਿੱਧੇ ਟਿਊਸ਼ਨ ਜਾਣ।
ਪਰਮਾਨੈਂਟ ਟੀਚਰ ਦਾ ਝੰਜਟ ਹੀ ਖਤਮ ਕਰ ਦਿੱਤਾ ਗਿਆ ਹੈ। ਇਸ ਸਾਲ ਤਾਂ ਸ਼ਿਵਰਾਜ ਸਿੰਘ ਚੌਹਾਨ ਨੇ ਗੈਸਟ ਵਿਦਵਾਨਾਂ ਦਾ ਮਾਣਭੱਤਾ ਘੱਟੋ-ਘੱਟ 30000 ਰੁਪਏ ਕਰ ਦਿੱਤਾ ਹੈ, ਵਰਨਾ ਕਈ ਸਾਲ ਤਕ ਤਾਂ ਉਹ ਘੱਟੋ-ਘੱਟ ਮਜ਼ਦੂਰੀ ਤੋਂ ਵੀ ਘੱਟ ਉਪਰ ਪੜ੍ਹਾਉਂਦੇ ਰਹੇ ਹਨ। ਇਸੇ ਨੂੰ ਤਿਆਗ ਕਹਿੰਦੇ ਹਨ। 15 ਸਾਲ ਅਸੀਂ ਐਵੇਂ ਰਾਜ ਨਹੀਂ ਕੀਤਾ ਹੈ। ਇਸੇ ਲਈ ਤਾਂ ਚੋਣਾਂ ਕਾਰਨ ਅਸੀਂ ਜੁਲਾਈ ਵਿਚ ਘੱਟੋ-ਘੱਟ ਮਾਣਭੱਤਾ 30000 ਕਰ ਦਿੱਤਾ। ਦੀਵਾਲੀ ਆਈ ਤਾਂ ਅਸੀਂ ਕਿਹਾ ਕਿ ਇਕ ਮਹੀਨੇ ਦੀ ਤਨਖਾਹ ਦੇ ਦਿਓ ਤਾਂ ਕਿ ਲੱਗੇ ਕਿ ਤਨਖਾਹ ਮਿਲ ਸਕਦੀ ਹੈ। ਪੰਜ ਮਹੀਨੇ ਵਿਚ ਇਕ ਮਹੀਨੇ ਦੀ ਤਨਖਾਹ ਦੇ ਦਿਓ, ਨੌਜਵਾਨ ਕੰਮ ਕਰਨ ਲਈ ਤਿਆਰ ਹਨ। ਅਸੀਂ ਤਾਂ ਉਹ ਵੀ ਨਹੀਂ ਦਿੰਦੇ, ਲੇਕਿਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਦੇ ਦਿੱਤਾ ਕਿ ਇਨ੍ਹਾਂ ਨੂੰ ਤਨਖਾਹ ਦਿੱਤੀ ਜਾਵੇ। ਇਸੇ ਲਈ ਕਹਿੰਦਾ ਹਾਂ ਕਿ ਵਿਕਾਸ ਦੇ ਕੰਮ ਵਿਚ ਇਹ ਮਨੁੱਖੀ ਅਧਿਕਾਰ ਕਮਿਸ਼ਨ ਵਾਲੇ ਬਹੁਤ ਅੜਿੱਕਾ ਡਾਹੁੰਦੇ ਹਨ। ਕੋਈ ਗੱਲ ਨਹੀਂ, ਅਸੀਂ ਵੀ ਚਾਰ ਮਹੀਨੇ ਦੀ ਤਨਖਾਹ ਨਹੀਂ ਦਿੱਤੀ। ਦੀਵਾਲੀ ਦਾ ਖਰਚ ਹੀ ਕੀ ਹੈ। ਪਟਾਕੇ ਤਾਂ ਬੈਨ ਹੋ ਗਏ। ਦੀਵਾ ਤਾਂ ਮਿੱਟੀ ਨਾਲ ਬਣ ਜਾਂਦਾ ਹੈ।
ਹੁਣ ਦੇਖੋ, ਚਾਰ ਮਹੀਨੇ ਦੀ ਤਨਖਾਹ ਨਹੀਂ ਦਿੱਤੀ; ਫਿਰ ਵੀ ਗੈਸਟ ਫੈਕਲਟੀ ਕਾਲਜ ਜਾ ਰਹੇ ਹਨ। ਪੜ੍ਹਾ ਰਹੇ ਹਨ। ਵਿਰੋਧੀ ਕਹਿੰਦੇ ਹਨ ਕਿ ਤਿਰੰਗਾ ਅਤੇ ਤੋਪ ਦਾ ਕੋਈ ਲਾਭ ਨਹੀਂ। ਇਹ ਸਭ ਕਿਵੇਂ ਹੋ ਰਿਹਾ ਹੈ, ਮਿੱਤਰੋ! ਮੈਂ ਮੰਨਦਾ ਹਾਂ ਕਿ ਰਾਸ਼ਟਰਵਾਦ ਦੇ ਕਾਰਨ ਹੋ ਰਿਹਾ ਹੈ। ਰਾਸ਼ਟਰਵਾਦ ਦੀ ਭਾਵਨਾ ਤੋਂ ਪ੍ਰੇਰਿਤ ਨੌਜਵਾਨ ਬਿਨਾਂ ਤਨਖਾਹ ਪੜ੍ਹਾ ਰਹੇ ਹਨ ਅਤੇ ਬਿਨਾਂ ਟੀਚਰ ਪੜ੍ਹ ਰਹੇ ਹਨ। ਇਹ ਲਿਬਰਲ ਅਤੇ ਅਰਬਨ ਨਕਸਲ ਕੁਝ ਵੀ ਕਹਿੰਦੇ ਰਹਿਣ, ਅੱਜ ਦੇਸ਼ ਨੂੰ ਸਿੱਖਿਆ ਦੀ ਜ਼ਰੂਰਤ ਹੀ ਨਹੀਂ ਹੈ। ਅਸੀਂ ਉਸ ਦੀ ਜ਼ਰੂਰਤ ਹੀ ਖਤਮ ਕਰ ਦਿੱਤੀ ਹੈ। ਅਸੀਂ ਨਵੇਂ ਵਿਚਾਰਾਂ ਨੂੰ ਲੈ ਕੇ ਅੱਗੇ ਵਧ ਰਹੇ ਹਾਂ।
ਅਸੀਂ ਗੈਸਟ ਫੈਕਲਟੀ ਨੂੰ ਛੁੱਟੀ ਵੀ ਨਹੀਂ ਦਿੰਦੇ ਹਾਂ। ਛੁੱਟੀ ਲੈਂਦੇ ਹਨ ਤਾਂ ਤਨਖਾਹ ਕੱਟ ਲੈਂਦੇ ਹਾਂ। ਮਿੱਤਰੋ, ਮੈਂ ਇਕ ਦਿਨ ਵੀ ਛੁੱਟੀ ਨਹੀਂ ਲਈ ਹੈ। ਇਹ ਗੈਸਟ ਫੈਕਲਟੀ ਹੀ ਅਸਲ ਮੋਦੀ ਹਨ। ਬਿਨਾਂ ਛੁੱਟੀ ਪੜ੍ਹਾ ਰਹੇ ਹਨ। ਸਾਲ ਵਿਚ ਕੁਲ 1 ਲੱਖ 20 ਹਜ਼ਾਰ ਰੁਪਏ ਲੈ ਕੇ ਪੜ੍ਹਾਉਣ ਵਾਲੇ ਐਸੇ ਟੀਚਰ ਦੁਨੀਆਂ ਵਿਚ ਕਿਤੇ ਨਹੀਂ ਮਿਲਣਗੇ। ਸ਼ਹਿਰਾਂ ਵਿਚ ਦਿੱਕਤ ਹੁੰਦੀ ਹੈ, ਮੈਂ ਮੰਨਦਾ ਹਾਂ। ਇਸ ਲਈ ਜ਼ਿਆਦਾਤਰ ਗੈਸਟ ਫੈਕਲਟੀ ਨੂੰ ਅਸੀਂ ਪਿੰਡਾਂ ਵਿਚ ਲਗਾ ਰੱਖਿਆ ਹੈ। 2002 ਵਿਚ ਇਕ ਕਲਾਸ ਦੇ 75 ਰੁਪਏ ਮਿਲਦੇ ਸਨ ਅਤੇ ਇਕ ਦਿਨ ਵਿਚ ਚਾਰ ਕਲਾਸਾਂ ਦੇ ਪੈਸੇ ਮਿਲਦੇ ਸਨ। ਅੰਦੋਲਨ ਹੋ ਗਿਆ, ਅਸੀਂ ਕਿਹਾ, ਵਧਾ ਦਿਓ। ਚਾਰ ਕਲਾਸਾਂ ਦੀ ਜਗਾ੍ਹ ਤਿੰਨ ਕਲਾਸਾਂ ਦੇ ਪੈਸੇ ਦੇ ਦਿੱਤੇ। ਉਨ੍ਹਾਂ ਦਾ ਕੁਝ ਵਧ ਗਿਆ, ਲੇਕਿਨ ਸਾਡਾ ਬਹੁਤਾ ਨਹੀਂ ਘਟਿਆ। ਮੱਧ ਪ੍ਰਦੇਸ਼ ਦੇ ਕਾਲਜਾਂ ਵਿਚ ਐਮæਏæ ਪਾਸ, ਨੈੱਟ ਪਾਸ, ਪੀæਐਚæਡੀæ ਕੀਤੇ ਨੌਜਵਾਨਾਂ ਨੇ ਕਈ ਸਾਲ ਦੇਸ਼ ਹਿਤ ਵਿਚ 13 ਹਜ਼ਾਰ, 14 ਹਜ਼ਾਰ ਮਹੀਨੇ ਦੀ ਕਮਾਈ ਉਪਰ ਪੜ੍ਹਾਇਆ ਹੈ। ਭਾਈਓ, ਭੈਣੋਂ! ਇਹ ਦੇਸ਼ ਮੋਦੀ ਨਹੀਂ ਚਲਾ ਰਿਹਾ। ਇਹ ਦੇਸ਼ ਇਨ੍ਹਾਂ ਨੌਜਵਾਨਾਂ ਨਾਲ ਚੱਲ ਰਿਹਾ ਹੈ ਜੋ ਆਪਣਾ ਭਵਿੱਖ ਖਤਰੇ ਵਿਚ ਪਾ ਕੇ ਰਾਜ ਦਾ ਭਵਿੱਖ ਸੰਵਾਰ ਰਹੇ ਹਨ।
ਮਿੱਤਰੋ, ਮੇਰੀ ਸਪੀਚ ਰਵੀਸ਼ ਕੁਮਾਰ ਨੇ ਲਿਖੀ ਹੈ। ਉਸ ਨੇ ਗੈਸਟ ਫੈਕਲਟੀ ਦੇ ਨੇਤਾ ਦੇਵਰਾਜ ਨਾਲ ਗੱਲ ਕਰ ਲਈ ਹੈ। ਦੇਵਰਾਜ ਨੇ ਇਸ ਨੂੰ ਦੱਸ ਦਿੱਤਾ ਹੈ ਕਿ ਯੂæਜੀæਸੀæ ਦੇ ਹਿਸਾਬ ਨਾਲ 30 ਵਿਦਿਆਰਥੀਆਂ ਮਗਰ ਇਕ ਸਹਾਇਕ ਪ੍ਰੋਫੈਸਰ ਹੋਣਾ ਚਾਹੀਦਾ ਹੈ। ਇਸ ਹਿਸਾਬ ਨਾਲ 12000 ਸਹਾਇਕ ਪ੍ਰੋਫੈਸਰ ਹੋਣੇ ਚਾਹੀਦੇ ਹਨ। ਸਰਕਾਰੀ ਕਾਲਜਾਂ ਵਿਚ ਸਹਾਇਕ ਪ੍ਰੋਫੈਸਰ ਲਈ 7000 ਤੋਂ ਵਧੇਰੇ ਅਸਾਮੀਆਂ ਮਨਜ਼ੂਰ ਹਨ ਲੇਕਿਨ 5000 ਤੋਂ ਉਪਰ ਟੀਚਰ ਗੈਸਟ ਫੈਕਲਟੀ ਹਨ। ਅਸੀਂ ਨਾ ਤਾਂ ਕਿਸੇ ਨੂੰ ਪਰਮਾਨੈਂਟ ਰੱਖਿਆ, ਨਾ ਇਨ੍ਹਾਂ ਗੈਸਟ ਫੈਕਲਟੀ ਨੂੰ ਕਦੇ ਪੂਰੀ ਤਨਖਾਹ ਦਿੱਤੀ। ਪਰਮਾਨੈਂਟ ਕਰਦੇ ਤਾਂ ਡੇਢ ਲੱਖ ਮਹੀਨੇ ਦੀ ਤਨਖਾਹ ਦੇਣੀ ਪੈਂਦੀ, ਲੇਕਿਨ ਇਹੀ ਨੌਜਵਾਨ 15 ਸਾਲ ਤੋਂ ਸਿਰਫ਼ ਇਕ ਲੱਖ ਦੀ ਤਨਖਾਹ ਨਾਲ ਪੂਰਾ ਸਾਲ ਪੜ੍ਹਾ ਰਹੇ ਸਨ। ਮੱਧ ਪ੍ਰਦੇਸ਼ ਦੀ ਜਨਤਾ ਐਵੇਂ ਹੀ ਮਾਮਾ ਨਹੀਂ ਕਹਿੰਦੀ। ਭਾਣਜਿਆਂ ਦਾ ਕੰਮ ਹੀ ਕੀ ਹੈ। ਮਾਮਾ ਮਾਮਾ ਕਰਨਾ। ਮਾਂ ਵੀ ਖੁਸ਼, ਮਾਮਾ ਵੀ ਖੁਸ਼।
ਇਹੀ ਨਹੀਂ, ਜੋ ਕਾਲਜ ਪਬਲਿਕ ਹਿੱਸੇਦਾਰੀ ਨਾਲ ਚਲਾਏ ਜਾਂਦੇ ਹਨ, ਉਹ ਵੀ ਚਲਾਕ ਹੋ ਗਏ ਹਨ। ਇਕ ਸ਼ਹਿਰ ਦਾ ਇਕ ਕਾਲਜ ਇਕ ਟੀਚਰ ਨੂੰ 18000 ਤਨਖਾਹ ਦਿੰਦਾ ਹੈ ਤਾਂ ਦੂਜਾ ਕਾਲਜ ਉਸੇ ਵਿਸ਼ੇ ਦੀ ਪੜ੍ਹਾਈ 10000 ਵਿਚ ਕਰਵਾ ਰਿਹਾ ਸੀ। ਭਾਜਪਾ ਦੀ ਸਰਕਾਰ ਨੇ ਉਚ ਸਿੱਖਿਆ ਉਪਰ ਵੱਧ ਤੋਂ ਵੱਧ ਪੈਸੇ ਬਚਾਏ ਹਨ। ਅੱਜ ਤਕ ਕਿਸੇ ਨੇ ਇਸ ਦੀ ਸ਼ਿਕਾਇਤ ਕੀਤੀ? ਕਿਸੇ ਨੇ ਵੀ ਨਹੀਂ ਕੀਤੀ। ਅੰਦੋਲਨ ਵਗੈਰਾ ਹੁੰਦੇ ਰਹਿੰਦੇ ਹਨ, ਲੇਕਿਨ ਇਹ ਨੌਜਵਾਨ ਜਾਣਦੇ ਹਨ ਕਿ ਇਨ੍ਹਾਂ ਦਾ ਮਾਮਾ ਅਗਰ ਕੋਈ ਹੈ ਤਾਂ ਉਹ ਕੌਣ ਹੈ। ਕੀ ਭਾਣਜਾ ਕਦੇ ਮਾਮੇ ਤੋਂ ਬਗ਼ਾਵਤ ਕਰਦਾ ਹੈ! ਭਾਰਤੀ ਪਰੰਪਰਾ ਹੈ। ਭਾਰਤੀ ਪਰੰਪਰਾ ਹੈ। ਅਸੀਂ ਸੰਸਕਾਰ ਨੂੰ ਸਿੱਖਿਆ ਤੋਂ ਪਹਿਲ ਦਿੰਦੇ ਹਾਂ। ਪਹਿਲੇ ਰਾਸ਼ਟਰਵਾਦ, ਫਿਰ ਸੰਸਕਾਰ ਅਤੇ ਦੋਨਾਂ ਨਾਲ ਸਰਕਾਰ।
ਅਸੀਂ ਇਨ੍ਹਾਂ ਗੈਸਟ ਫੈਕਲਟੀ ਨੂੰ ਵੀ ਕੱਢਣ ਵਾਲੇ ਹਾਂ। ਅਪਰੈਲ ਵਿਚ 3200 ਅਸਾਮੀਆਂ ਕੱਢੀਆਂ ਸਨ, 2600 ਦਾ ਨਤੀਜਾ ਨਿਕਲਿਆ ਹੈ। ਅਜੇ ਜੁਆਇਨਿੰਗ ਨਹੀਂ ਹੋਈ ਹੈ। ਇਨ੍ਹਾਂ ਦੇ ਕਾਲਜ ਜਾਂਦੇ ਹੀ, ਪੁਰਾਣੇ ਗੈਸਟ ਫੈਕਲਟੀ ਕੱਢ ਦਿੱਤੇ ਜਾਣਗੇ। ਨਵੇਂ ਨੌਜਵਾਨ ਆਉਣਗੇ ਅਤੇ ਡਟ ਕੇ ਪੜ੍ਹਾਉਣਗੇ। ਇਸ ਤਰ੍ਹਾਂ ਨਾਲ ਜੇ ਅਸੀਂ ਪੰਦਰਾਂ ਪੰਦਰਾਂ ਸਾਲ ਵਿਚ ਪੱਕੇ ਟੀਚਰਾਂ ਦੀ ਭਰਤੀ ਕਰੀਏ ਤਾਂ ਸਿੱਖਿਆ ਦਾ ਬੱਜਟ ਕਿੰਨਾ ਘਟ ਸਕਦਾ ਹੈ। ਮਿੱਤਰੋ, ਮੈਂ ਰਵੀਸ਼ ਕੁਮਾਰ ਦੀ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਨੌਜਵਾਨਾਂ ਦੀ ਸਿਆਸੀ ਸੂਝ ਤੀਜੇ ਦਰਜੇ ਦੀ ਹੈ।
ਅੱਜ ਮੱਧ ਪ੍ਰਦੇਸ਼ ਦੇ ਨੌਜਵਾਨਾਂ ਨੇ ਬਿਨਾਂ ਟੀਚਰ ਦੇ ਪੜ੍ਹ ਕੇ ਦੁਨੀਆਂ ਨੂੰ ਦਿਖਾ ਦਿੱਤਾ ਹੈ। ਮੱਧ ਪ੍ਰਦੇਸ਼ ਦੇ ਪੜ੍ਹੇ ਲਿਖੇ ਨੌਜਵਾਨਾਂ ਨੇ ਦਸ ਦਸ ਸਾਲ ਇਕ ਲੱਖ ਰੁਪਏ ਵਿਚ ਪੂਰਾ ਸਾਲ ਪੜ੍ਹਾ ਕੇ ਜੋ ਦਿਖਾਇਆ ਹੈ, ਉਹ ਦੱਸਦਾ ਹੈ ਕਿ ਇਨ੍ਹਾਂ ਦੀ ਸਿਆਸੀ ਸਮਝ ਤੀਜੇ ਦਰਜੇ ਦੀ ਨਹੀਂ ਹੈ। ਇਨ੍ਹਾਂ ਦੇ ਮਾਂ-ਬਾਪ ਨੇ ਸ਼ਿਕਾਇਤ ਨਹੀਂ ਕੀਤੀ। ਇਨ੍ਹਾਂ ਨੂੰ ਸ਼ਿਕਾਇਤ ਨਹੀਂ। ਹੁਣ ਤੁਸੀਂ ਹੀ ਪੁੱਛੋ ਕਿ ਰਵੀਸ਼ ਕੁਮਾਰ ਨੂੰ ਔਕੜ ਕੀ ਹੈ? ਉਸ ਨੂੰ ਸ਼ਿਕਾਇਤ ਕਿਉਂ ਹੈ?
ਮੈਂ ਵਧਾਈ ਦਿੰਦਾ ਹਾਂ, ਅਸੀਂ ਮੱਧ ਪ੍ਰਦੇਸ਼ ਵਿਚ ਉਚ ਸਿੱਖਿਆ ਦਾ ਵਿਕਾਸ ਕੀਤਾ ਹੈ। ਮੈਂ ਤਾਂ ਕਹਿੰਦਾ ਹਾਂ ਕਿ ਕੋਈ ਆ ਕੇ ਸਾਡੇ ਨਾਲ ਇਸ ਮਾਮਲੇ ਵਿਚ ਬਹਿਸ ਕਰ ਲਵੇ। ਮੇਰੇ ਮੱਧ ਪ੍ਰਦੇਸ਼ ਦੇ ਨੌਜਵਾਨ ਕਿਸੇ ਨਾਲ ਬਹਿਸ ਨਹੀਂ ਕਰਦੇ। ਵੈਸੇ ਚੋਣਾਂ ਵਿਚ ਗੱਲਾਂ ਤਾਂ ਬਹੁਤ ਹੁੰਦੀਆਂ ਹਨ, ਲੇਕਿਨ ਸਿੱਖਿਆ ਉਪਰ ਕੋਈ ਵੀ ਮੇਰੇ ਨਾਲ ਗੱਲ ਕਰ ਲਵੇ। ਪੁੱਛੋ, ਜੋ ਪੁੱਛਣਾ ਹੈ, ਮੈਂ ਜਵਾਬ ਦੇਵਾਂਗਾ। ਅਰੇ ਪੁੱਛੋਗੇ ਤਦ ਨਾ, ਜਦੋਂ ਅਸੀਂ ਤੁਹਾਨੂੰ ਪੁੱਛਣ ਦੇ ਲਾਇਕ ਬਣਾਵਾਂਗੇ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ।”