ਸਿੱਖ ਸਰਗਰਮੀਆਂ ਦੀ ਦਿਸ਼ਾ: ਕੁਝ ਵਿਚਾਰ

ਪਿਛਲੇ ਕੁਝ ਸਮੇਂ ਦੌਰਾਨ ਪਾਠਕ ਸਿੱਖ ਵਿਚਾਰਵਾਨ ਪ੍ਰਭਸ਼ਰਨਦੀਪ ਸਿੰਘ (ਆਕਸਫੋਰਡ ਯੂਨੀਵਰਸਿਟੀ) ਦੇ ਕੁਝ ਲੇਖ ਪੜ੍ਹ ਚੁਕੇ ਹਨ। ਉਨ੍ਹਾਂ ਨੇ ਆਪਣੀ ਇਸ ਲਿਖਤ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਘੇ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਦੇ ਹਵਾਲੇ ਨਾਲ ਸਿੱਖ ਚੇਤਨਾ ਵਿਚ ਆਏ ਉਭਾਰ ਦੀ ਚਰਚਾ ਛੇੜੀ ਹੈ। ਉਹ ਕਹਿੰਦੇ ਹਨ, ਸਿੱਖਾਂ ਨੇ ਕੁਝ ਵਿਦਵਾਨ ਤਾਂ ਪੈਦਾ ਕੀਤੇ ਹਨ ਪਰ ਅਜੇ ਸਿੱਖਾਂ ਅੰਦਰ ਕੋਈ ਸਾਬਤ ਬੌਧਿਕ ਸਭਿਆਚਾਰ ਪੈਦਾ ਨਹੀਂ ਹੋ ਸਕਿਆ ਹੈ। ਇਸ ਕਾਰਜ ਲਈ ਉਨ੍ਹਾਂ ਨੌਜਵਾਨਾਂ ਨੂੰ ਉਦਮ ਕਰਨ ਦਾ ਹੋਕਾ ਦਿੱਤਾ ਹੈ।

-ਸੰਪਾਦਕ

ਪ੍ਰਭਸ਼ਰਨਦੀਪ ਸਿੰਘ
ਆਕਸਫੋਰਡ ਯੂਨੀਵਰਸਿਟੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖਾਂ ਨੂੰ ਧੁਰ-ਅੰਦਰ ਤੱਕ ਝੰਜੋੜਿਆ ਹੈ। ਇਹ ਸਿੱਖਾਂ ਦੇ ਸਭ ਤੋਂ ਪਵਿੱਤਰ ਅਹਿਸਾਸ ‘ਤੇ ਕੀਤਾ ਜਾ ਰਿਹਾ ਨਿਹਾਇਤ ਘਟੀਆ ਤੇ ਕੋਝਾ ਵਾਰ ਹੈ। ਆਰੀਆ ਸਮਾਜ ਲਹਿਰ ਦੇ ਵੇਲੇ ਤੋਂ ਸਿੱਖਾਂ ਨੂੰ ਅਜਿਹੇ ਹਮਲੇ ਬਰਦਾਸ਼ਤ ਕਰਨੇ ਪੈ ਰਹੇ ਹਨ। ਪੰਜਾਬ ਦੀਆਂ ਖੱਬੇ-ਪੱਖੀ ਧਿਰਾਂ ਦੀ ਵੀ ਬੇਅਦਬੀ ਨੂੰ ਸਹੀ ਠਹਿਰਾਉਣ ਵਾਲਾ ਮਾਹੌਲ ਬਣਾਉਣ ‘ਚ ਭੂਮਿਕਾ ਰਹੀ ਹੈ। ਹਿੰਦੁਸਤਾਨ ਦੀ ਸਥਾਪਤੀ ਨੇ ਸਿੱਖ ਅਹਿਸਾਸ ਦੀ ਸੰਵੇਦਨਸ਼ੀਲਤਾ ਨੂੰ ਲਗਾਤਾਰ ਆਪਣੇ ਅਤਿ ਹਿੰਸਕ ਅਤੇ ਨੀਵੇਂ ਪੱਧਰ ਦੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਅਹਿਸਾਸ ਭਾਰਤੀ ਹਾਕਮਾਂ ਦੀ ਮਾਰ ਤੋਂ ਉਚੇਰੇ ਸਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਿੱਖਾਂ ਨੇ ਇਨ੍ਹਾਂ ਹਮਲਿਆਂ ਦੇ ਜੁਆਬ ‘ਚ ਆਪਣੀ ਵਿਰਾਸਤ ਹੋਰ ਸ਼ਾਨ ਨਾਲ ਸੁਰਜੀਤ ਕੀਤੀ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਸਿੱਖਾਂ ਅੰਦਰਲੀ ਪੁਨਰ-ਸੁਰਜੀਤੀ ਦੇ ਦੋ ਵਿਲੱਖਣ ਅਤੇ ਅਹਿਮ ਰੰਗ ਹਨ।
ਸੰਤਾਂ ਨੇ ਸਿੱਖ ਰੂਹਾਨੀਅਤ ‘ਚੋਂ ਪੈਦਾ ਹੁੰਦੀ ਚੜ੍ਹਦੀ ਕਲਾ ਨੂੰ ਆਪਣੇ ਜੀਵਨ ਵਿਚੋਂ ਰੂਪਮਾਨ ਕੀਤਾ। ਸੰਤਾਂ ਦੇ ਜੀਵਨ ਨੇ ਪੰਥ ਨੂੰ ਧੁਰ-ਅੰਦਰੋਂ ਟੁੰਬਿਆ। ਪੰਥ ਨੇ ਆਪਣੀ ਪੱਤ ਪਛਾਣੀ। ਜ਼ਿੰਦਾ ਸ਼ਹੀਦਾਂ ਦੇ ਕਾਫਲੇ ਗੁਰਮੁਖ ਦੇ ਇੱਕ ਬੋਲ ‘ਤੇ ਨਿਛਾਵਰ ਹੋਣ ਲਈ ਆ ਖਲੋਤੇ। ਹਿੰਦੂ ਸਾਮਰਾਜ ਦੀ ਹੈਂਕੜ ‘ਤੇ ਅਣਕਿਆਸੇ ਵਦਾਣ ਵੱਜੇ। ਇਸ ਫਾਸ਼ੀ ਸਾਮਰਾਜ ਨੇ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ‘ਤੇ ਹਮਲਾ ਕਰ ਪੰਥ ਅੰਦਰ ਜਾਗੇ ਸਿੱਖ ਅਹਿਸਾਸ ਟੈਂਕਾਂ ਹੇਠ ਦਰੜ ਦੇਣ ਦੀ ਕੋਸ਼ਿਸ਼ ਕੀਤੀ। ਅਜਿਹੇ ਮਨਸੂਬੇ ਪੂਰੇ ਨਾ ਹੋਏ ਤਾਂ ਸਿੱਖਾਂ ਨੂੰ ਨਸਲਕੁਸ਼ੀ ਦੇ ਕਈ ਦੌਰਾਂ ਦਾ ਸਾਹਮਣਾ ਕਰਨਾ ਪਿਆ।
ਮਹਿਬੂਬ ਸਾਹਿਬ ਨੇ ਕਵਿਤਾ ਅਤੇ ਫਲਸਫੇ ਰਾਹੀਂ ਸਿੱਖ ਅਹਿਸਾਸ ਦੀ ਨੁਮਾਇੰਦਗੀ ਦਾ ਅਤਿ ਲੋੜੀਂਦਾ ਕਾਰਜ ਆਪਣੇ ਹੱਥ ਲਿਆ। ਉਨ੍ਹਾਂ ਨੇ ਆਧੁਨਿਕਵਾਦ ਦੇ ਬੋਲੀ ਅਤੇ ਬਿਰਤਾਂਤ ਉਤੇ ਹਮਲਿਆਂ ਦੀ ਪਛਾਣ ਕੀਤੀ। ਬਿਪਰ ਦੇ ਸੂਖਮ ਹਮਲਿਆਂ ਦੀ ਰਗ ਨੂੰ ਹੱਥ ਪਾ ਉਨ੍ਹਾਂ ਨੇ ਸ਼ਮਸ਼ੀਰਾਂ ਦੇ ਵਜਦ ਅੰਦਰਲੇ ਸਾਬਤ ਅਹਿਸਾਸ ਨੂੰ ਜ਼ੁਬਾਨ ਦਿੱਤੀ। ਮਹਿਬੂਬ ਸਾਹਿਬ ਦੇ ਫਲਸਫਾਨਾ ਕੰਮ ਨੇ ਆਧੁਨਿਕਵਾਦ ਦੀ ਹਿੰਸਾ ਦੇ ਵਲੂੰਧਰੇ ਇਤਿਹਾਸ ਅਤੇ ਧਰਮ ਦੇ ਸਰੂਪਾਂ ਨੂੰ ਸਿੱਖ ਅਨੁਭਵ ‘ਚੋਂ ਸਮਝਣ ਅਤੇ ਬਿਆਨ ਕਰਨ ਵਿਚ ਅਹਿਮ ਹਿੱਸਾ ਪਾਇਆ। ਮਹਿਬੂਬ ਸਾਹਿਬ ਦੀ ਕਾਵਿ-ਭਾਸ਼ਾ ਗੁਆਚੇ ਬੋਲਾਂ ਦਾ ਸੱਜਰਾ ਆਗਮਨ ਸੀ। ਭਾਸ਼ਾ ਮਹਿਜ਼ ਸੰਚਾਰ ਦਾ ਮਾਧਿਅਮ ਨਹੀਂ ਹੁੰਦੀ, ਇਹ ਜਿਉਂਦਾ ਜਹਾਨ ਹੁੰਦੀ ਹੈ। ਆਧੁਨਿਕਤਾ ਦੇ ਨਾਂ ਹੇਠ ਸਾਮਰਾਜੀਆਂ ਨੇ ਸਿੱਖਾਂ ਨੂੰ ਉਨ੍ਹਾਂ ਦੇ ਬੋਲਾਂ ਤੋਂ ਵਿਰਵੇ ਕਰ ਦਿੱਤਾ ਸੀ, ਉਨ੍ਹਾਂ ਦੀ ਭਾਸ਼ਾ ਵਿਚ ਵੱਸੇ ਜਹਾਨ ਨੂੰ ਪੁਰਾਤਤਵ ਸਮੱਗਰੀ ਵਿਚ ਬਦਲ ਕੇ ਰੱਖ ਦਿੱਤਾ ਸੀ। ਮਹਿਬੂਬ ਸਾਹਿਬ ਦੀ ਕਵਿਤਾ ਰਾਹੀਂ ਹੋਈ ਭਾਸ਼ਾ ਦੀ ਇਸ ਪੁਨਰ-ਸੁਰਜੀਤੀ ਨਾਲ ਸਿੱਖ ਸੱਭਿਅਤਾ ਦੇ ਡੂੰਘੇ ਦੱਬੇ ਰੰਗ ਮੁੜ ਉਜਾਗਰ ਹੋ ਗਏ, ਥੇਹਾਂ ‘ਤੇ ਫੁੱਲ ਖਿੜ ਪਏ, ਤੇ ਨਵੀਆਂ ਆਬਾਦੀਆਂ ਵਸਣ ਦੀਆਂ ਉਮੀਦਾਂ ਜਾਗ ਪਈਆਂ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੀ ਭਾਸ਼ਾ ਦਾ ਅਸਲ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਅਤੇ ਅਨੇਕ ਹੋਰ ਸਿੱਖ ਕਵੀਆਂ ਨੇ ਸਿੱਖ ਭਾਸ਼ਾ ਦੇ ਕਈ ਰੰਗਾਂ ਦੀ ਲਾਮਿਸਾਲ ਤਰਜਮਾਨੀ ਕੀਤੀ ਹੈ। ਸਿੱਖ ਮੁੱਖ ਤੌਰ ‘ਤੇ ਬਚੇ ਵੀ ਆਪਣੇ ਮੂਲ ਸਰੋਤਾਂ ਨਾਲ ਜੁੜੇ ਰਹਿਣ ਕਰਕੇ ਹਨ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਪੈਦਾ ਹੋਣ ਦਾ ਮੂਲ ਆਧਾਰ ਸਿੱਖਾਂ ਦਾ ਸਮੂਹਕ ਤੌਰ ‘ਤੇ ਸ਼ਬਦ ਗੁਰੂ ਨਾਲ ਜੁੜੇ ਰਹਿਣਾ ਹੈ। ਸੰਤਾਂ ਨੂੰ ਪੰਥ ਤੋਂ ਮਿਲੇ ਹੁੰਗਾਰੇ ਦੀ ਵੀ ਇਹੀ ਬੁਨਿਆਦ ਹੈ। ਪਰ ਤਾਂ ਵੀ ਭਾਸ਼ਾ ਦੀ ਸਾਹਿਤਕ ਨੁਮਇੰਦਗੀ ਦਾ ਨਿਰੰਤਰ ਵਹਾਅ ਲੋੜੀਂਦਾ ਹੈ। ਹਰ ਦੌਰ ਦੀ ਲੋੜ ਹੈ ਕਿ ਨਵੇਂ ਕਵੀ ਪੈਦਾ ਹੋਣ ਜੋ ਭਾਸ਼ਾ ਦੇ ਪੁਰਾਣੇ ਰੰਗਾਂ ਵਿਚ ਵਸਦੇ ਜਹਾਨ ਨਾਲ ਲੋਕਾਂ ਦੀ ਸਾਂਝ ਪੁਆਉਂਦੇ ਰਹਿਣ। ਪੁਰਾਣੇ ਜਹਾਨ ਦਾ ਆਬਾਦ ਹੋਣਾ ਹੀ ਨਵੇਂ ਹਮਲਿਆਂ ਦਾ ਸਹੀ ਜੁਆਬ ਹੈ। ਨਵੇਂ ਹਮਲੇ ਮੂਲ ਰੂਪ ਵਿਚ ਬਿਰਤਾਂਤਕ ਹਨ। ਦੂਜੇ ਸ਼ਬਦਾਂ ਵਿਚ ਸਾਮਰਾਜੀ ਆਪਣੇ ਫਲਸਫੇ ਸਥਾਪਤ ਕਰ ਸਾਡੀ ਜ਼ਿੰਦਗੀ ਦੇ ਅਰਥ ਬਦਲਦੇ ਹਨ।
ਬਾਹਰੀ ਤਾਕਤਾਂ ਦੇ ਸ਼ੁਰੂ ਕੀਤੇ ਬਿਰਤਾਂਤਕ ਅਮਲ ਐਨੇ ਕੁ ਪ੍ਰਭਾਵਕਾਰੀ ਸਨ ਕਿ ਅੱਜ ਇਹ ਅੰਦਰੂਨੀ ਮਸਲੇ ਵੀ ਬਣ ਗਏ ਹਨ। ਮਿਸਾਲ ਵਜੋਂ ਆਧੁਨਿਕਵਾਦੀ ਬਿਰਤਾਂਤ ਪਹਿਲਾਂ ਅੰਗਰੇਜ਼ੀ ਤੇ ਫਿਰ ਹਿੰਦੂ ਸਾਮਾਰਾਜ ਦਾ ਹਥਿਆਰ ਸੀ ਪਰ ਜਦੋਂ ਇਹ ਸਿੱਖਾਂ ਦੇ ਅੰਦਰ ਘਰ ਕਰ ਗਿਆ ਤਾਂ ਸੁਧਾਰਵਾਦ ਦੇ ਨਾਂ ਹੇਠ ਸਿੱਖਾਂ ਦੇ ਇੱਕ ਹਿੱਸੇ ਨੇ ਇਸ ਨੂੰ ਵਰਤ ਸਭ ਕੁਝ ਬਰਬਾਦ ਕਰਨ ਦਾ ਰਾਹ ਫੜ ਲਿਆ। ਅੱਜ ਅਖੌਤੀ ਸਿੱਖ ਮਿਸ਼ਨਰੀ ਆਧੁਨਿਕਵਾਦੀ ਬਿਰਤਾਂਤ ਰਾਹੀਂ ਖੁਦ ਹੀ ਸਿੱਖ ਪਰੰਪਰਾਵਾਂ ‘ਤੇ ਹਮਲੇ ਕਰ ਰਹੇ ਹਨ। ਕਵਿਤਾ ਅਜਿਹੀ ਸਤਹੀ ਮਾਨਸਿਕਤਾ ਦੇ ਬਰਾਬਰ ਅਹਿਸਾਸ ਦੇ ਉਚੇਰੇ ਰੂਪ ਦੀ ਨੁਮਾਇੰਦਗੀ ਸਾਹਮਣੇ ਲਿਆਉਂਦੀ ਹੈ। ਮਹਿਬੂਬ ਸਾਹਿਬ ਦੀ ਕਵਿਤਾ ਇਸ ਦੀ ਗਵਾਹੀ ਹੈ।
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਅਤੇ ਮਹਾਂਕਵੀ ਹਰਿੰਦਰ ਸਿੰਘ ਮਹਿਬੂਬ ਵਿਚ ਇਹ ਗੱਲ ਸਾਂਝੀ ਸੀ ਕਿ ਉਹ ਸਿੱਖ ਰੂਹਾਨੀਅਤ ਨੂੰ ਪੰਥ ਦੇ ਹਰ ਅਹਿਸਾਸ, ਹਰ ਕਦਮ ਵਿਚ ਆਬਾਦ ਹੋਈ ਵੇਖਣਾ ਚਾਹੁੰਦੇ ਸਨ। ਪਰ ਦੋਹਾਂ ਨੇ ਇਹ ਕਦੇ ਨਹੀਂ ਕਿਹਾ ਕਿ ਇਸ ਦਾ ਸਿੱਖਾਂ ਦੇ ਸਿਆਸੀ ਸਰੋਕਾਰਾਂ ਜਾਂ ਸਿੱਖਾਂ ਦੀਆਂ ਸਿਆਸੀ ਖਾਹਿਸ਼ਾਂ ਨਾਲ ਕੋਈ ਵਿਰੋਧ ਹੈ। ਦੋਵੇਂ ਸਿੱਖ ਪ੍ਰਭੂਸੱਤਾ ਦੇ ਪੱਕੇ ਹਾਮੀ ਸਨ। ਭਾਵੇਂ ਕਿ ਸੰਤਾਂ ਨੇ ਇਹ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਨਾਲ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਪਰ ਉਨ੍ਹਾਂ ਨੇ ਸਿੱਖ ਪ੍ਰਭੂਸੱਤਾ ਦਾ ਅਹਿਸਾਸ ਪਹਿਲੇ ਦਿਨ ਤੋਂ ਹੀ ਸੁਰਜੀਤ ਕਰਨਾ ਸ਼ੁਰੂ ਕਰ ਦਿੱਤਾ ਸੀ। ਸੰਤਾਂ ਨੇ ਸਿੱਖ ਪ੍ਰਭੂਸੱਤਾ ਦੀ ਅਣਸਰਦੀ ਲੋੜ ਨੂੰ ਸਿੱਖ ਮਨਾਂ ਵਿਚ ਸਥਾਪਤ ਕਰਨ ਵਿਚ ਵੱਡਾ ਹਿੱਸਾ ਪਾਇਆ। ਖਾਲਿਸਤਾਨ ਦੀ ਨੀਂਹ ਟਿਕਣ ਦਾ ਐਲਾਨ ਸੰਤਾਂ ਨੇ ਕਰ ਦਿੱਤਾ ਸੀ ਪਰ ਸੰਤਾਂ ਦੀ ਸਿੱਖਾਂ ਦੇ ਆਜ਼ਾਦ ਪ੍ਰਭੂਸੱਤਾ ਸੰਪੰਨ ਮੁਲਕ ਦੇ ਅਹਿਸਾਸ ਅਤੇ ਲਕਸ਼ ਨੂੰ ਦੇਣ ਇਸ ਤੋਂ ਕਿਤੇ ਵੱਡੀ ਹੈ।
ਸੰਤਾਂ ਦੀ ਦੇਣ ਵੀ ਬਹੁਤ ਵੱਡੀ ਹੈ, ਮਹਿਬੂਬ ਸਾਹਿਬ ਦਾ ਕੰਮ ਵੀ ਲਾਮਿਸਾਲ ਹੈ, ਪਰ ਸੁਆਲ ਤਾਂ ਇਹ ਹੈ ਕਿ ਅੱਜ ਸਿੱਖ ਕੀ ਕਰਨ? ਸੰਤਾਂ ਅਤੇ ਮਹਿਬੂਬ ਸਾਹਿਬ ਦੀ ਦੇਣ ਦੇ ਮੱਦੇ-ਨਜ਼ਰ ਹੁਣ ਕਿਹੋ-ਜਿਹੇ ਕਦਮ ਚੁੱਕੇ ਜਾਣ? ਇਸ ਦਾ ਸਿੱਧਾ ਜੁਆਬ ਹੋ ਸਕਦਾ ਹੈ ਕਿ ਸਿੱਖਾਂ ਦਾ ਕਿਸੇ ਇੱਕ ਅੱਧੇ ਕੰਮ ਨਾਲ ਗੁਜ਼ਾਰਾ ਨਹੀਂ। ਸਿੱਖਾਂ ਨੂੰ ਜ਼ਿੰਦਗੀ ਦੇ ਕੁੱਲ ਪਹਿਲੂਆਂ ਨੂੰ ਮੁਨਾਸਬ ਤਵੱਜੋਂ ਦੇਣੀ ਚਾਹੀਦੀ ਹੈ ਤੇ ਹਰ ਦਿਸ਼ਾ ਵਿਚ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਇਨ੍ਹਾਂ ਵਿਚੋਂ ਕੁਝ ਅਹਿਮ ਪਹਿਲੂ ਹਨ ਬੌਧਿਕ, ਸਾਹਿਤਕ, ਸੱਭਿਆਚਾਰਕ, ਅਤੇ ਸਿਆਸੀ, ਪਰ ਇਹ ਜੁਆਬ ਪੂਰਾ ਠੋਸ ਨਹੀਂ।
ਸਾਨੂੰ ਉਪਰੋਕਤ ਹਰ ਪਹਿਲੂ ਬਾਰੇ ਬਹੁਤ ਸਪੱਸ਼ਟ ਪਹੁੰਚ ਅਪਨਾਉਣ ਦੀ ਲੋੜ ਹੈ। ਪਰ ਇਸ ਸਪੱਸ਼ਟਤਾ ਦਾ ਇਸ ਦਿਸ਼ਾ ਵਿਚ ਵਿਚਾਰ-ਵਟਾਂਦਰੇ ਦੇ ਜਾਰੀ ਰਹਿਣ ਨਾਲ ਕੋਈ ਮੱਤਭੇਦ ਨਹੀਂ। ਕਹਿਣ ਤੋਂ ਭਾਵ ਇਨ੍ਹਾਂ ਪਹਿਲੂਆਂ ਬਾਰੇ ਹੋਰ ਵਿਅਕਤੀਆਂ ਦੇ ਵਿਚਾਰ, ਜੋ ਭਾਵੇਂ ਸਾਡੇ ਤੋਂ ਬਿਲਕੁਲ ਵੱਖਰੇ ਨਜ਼ਰੀਏ ਦੀ ਨੁਮਇੰਦਗੀ ਕਰਦੇ ਹੋਣ, ਸਾਨੂੰ ਜ਼ਿਆਦਾ ਉਸਾਰੂ ਸੇਧ ਦੇ ਸਕਦੇ ਹਨ। ਅਸੀਂ ਅਜਿਹੇ ਵਿਚਾਰਾਂ ਦਾ ਸੁਆਗਤ ਸਿਰਫ ਚੰਗੀ ਸੰਭਾਵਨਾ ਵਜੋਂ ਨਹੀਂ ਕਰਦੇ ਸਗੋਂ ਇਸ ਨੂੰ ਅਣਸਰਦੀ ਲੋੜ ਸਮਝਦੇ ਹਾਂ।
ਬੌਧਿਕ ਖੇਤਰ ਵਿਚ ਸਿੱਖ ਸਰੋਤਾਂ, ਹਿੰਦੂ ਬੌਧਿਕ ਪਰੰਪਰਾਵਾਂ, ਅਤੇ ਪੱਛਮੀ ਫਲਸਫੇ ‘ਤੇ ਪਕੜ ਰੱਖਣ ਵਾਲੇ ਨੌਜੁਆਨ ਵਿਦਵਾਨਾਂ ਦਾ ਅੱਗੇ ਆਉਣਾ ਜ਼ਰੂਰੀ ਹੈ। ਅਜਿਹਾ ਨਹੀਂ ਹੁੰਦਾ ਕਿ ਹਰ ਵਿਦਵਾਨ ਉਪਰੋਕਤ ਸਾਰੀਆਂ ਬੌਧਿਕ ਪਰੰਪਰਾਵਾਂ ਦਾ ਮਾਹਿਰ ਹੋਵੇ ਪਰ ਤਾਂ ਵੀ ਇਨ੍ਹਾਂ ਪਰੰਪਰਾਵਾਂ ਦੀ ਇੱਕ ਪੱਧਰ ਦੀ ਸਮਝ ਹੋਵੇ ਤਾਂ ਵਧੀਆ ਗੱਲ ਹੈ। ਸਿੱਖਾਂ ਨੇ ਕੁਝ ਕੁ ਚੰਗੇ ਵਿਦਵਾਨ ਤਾਂ ਪੈਦਾ ਕੀਤੇ ਹਨ ਪਰ ਅਜੇ ਸਿੱਖਾਂ ਵਿਚ ਕੋਈ ਸਾਬਤ ਬੌਧਿਕ ਸੱਭਿਆਚਾਰ ਪੈਦਾ ਨਹੀਂ ਹੋ ਸਕਿਆ। ਬਹੁਗਿਣਤੀ ਸਿੱਖ ਨੌਜੁਆਨਾਂ ਨੂੰ ਆਪਣਾ ਅਧਿਐਨ ਅਤੇ ਚਿੰਤਨ ਕਾਫੀ ਮੁੱਢਲੇ ਪੱਧਰ ਤੋਂ ਸ਼ੁਰੂ ਕਰਨ ਦੀ ਲੋੜ ਹੈ।
ਸਾਹਿਤਕ ਖੇਤਰ ਦਾ ਬੌਧਿਕ ਕੰਮ ਨਾਲ ਡੂੰਘਾ ਨਾਤਾ ਹੈ। ਉਚੇਰੇ ਸਾਹਿਤ ਦੀ ਬੌਧਿਕਤਾ ‘ਤੇ ਨਿਰਭਰਤਾ ਘੱਟ ਹੁੰਦੀ ਹੈ, ਕਈ ਵਾਰ ਇਹ ਉਸ ਤੋਂ ਪਾਰ ਲੰਘ ਜਾਂਦਾ ਹੈ, ਪਰ ਆਮ ਤੌਰ ‘ਤੇ ਅਜਿਹਾ ਨਹੀਂ ਹੁੰਦਾ। ਬਹੁਤਾ ਸਾਹਿਤ ਬੌਧਿਕਤਾ ਤੋਂ ਖੁਰਾਕ ਲੈਂਦਾ ਹੈ ਤੇ ਕੋਈ ਵੀ ਸਾਹਿਤ ਬੌਧਿਕ ਕੰਮਾਂ ਤੋਂ ਅਣਭਿੱਜ ਨਹੀਂ ਹੁੰਦਾ। ਸਾਹਿਤ ਸਿਰਜਣਾ ਲਈ ਭਾਸ਼ਾ ‘ਤੇ ਮੁਹਾਰਤ ਪਹਿਲੀ ਲੋੜ ਹੈ। ਅਹਿਸਾਸ ਦੀਆਂ ਮਹੀਨ ਪਰਤਾਂ ‘ਚੋਂ ਨਵੀਆਂ ਰਮਜ਼ਾਂ ਲੱਭਣ ਲਈ ਕੋਈ ਆਪਣਾ ਸਾਬਤ ਅਨੁਭਵ ਵੀ ਹੋਣਾ ਚਾਹੀਦਾ ਹੈ। ਸਿੱਖੀ ਦੇ ਅਨੁਭਵ ਨੂੰ ਰੂਹਾਨੀ ਕਹਿਣਾ ਕੋਈ ਗਲਤ ਗੱਲ ਨਹੀਂ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖੀ ਸੂਖਮ ਅਤੇ ਸਥੂਲ ‘ਚੋਂ ਇੱਕੋ ਵੇਲੇ ਵਾਹਿਗੁਰੂ ਦੇ ਰੰਗ ਪਛਾਨਣ ਦਾ ਰਾਹ ਵਿਖਾਉਂਦੀ ਹੈ। ਸੂਖਮ ਅਹਿਸਾਸ ਨੂੰ ਮਾਣਦੇ ਸਿੱਖ ਸਥੂਲ ਜਗਤ ਪ੍ਰਤੀ ਜ਼ਿੰਮੇਵਾਰੀਆਂ ਤੋਂ ਕੰਨੀ ਨਹੀਂ ਕਤਰਾਉਂਦੇ। ਬਹੁਤੇ ਰੂਹਾਨੀ ਰਾਹਾਂ ਕੋਲ ਅਜਿਹਾ ਸੰਤੁਲਨ ਨਹੀਂ ਹੈ, ਇਸ ਲਈ ਇਸ ਨੂੰ ਰੂਹਾਨੀ ਅਨੁਭਵ ਕਹਿਣ ਨਾਲੋਂ ਸਿੱਖੀ ਦਾ ਅਨੁਭਵ ਕਹਿਣਾ ਬਿਹਤਰ ਹੈ। ਸਿੱਖ ਸਾਹਿਤਕਾਰਾਂ ਨੂੰ ਸਿੱਖੀ ਦੇ ਅਨੁਭਵ ਦੇ ਨਾਲ-ਨਾਲ ਜਗਤ-ਸਾਹਿਤ ਦੇ ਅਧਿਐਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਅਹਿਸਾਸ ਦੀ ਨੁਮਾਇੰਦਗੀ ਦੇ ਕੁੱਲ ਜਤਨਾਂ ਦਾ ਸਾਡੀ ਇਸ ਦੁਨੀਆਂ ਨਾਲ ਸਬੰਧ ਹੈ। ਸਾਡੇ ਸਰੋਕਾਰਾਂ ਨੂੰ ਦੁਨੀਆਂ ਦੇ ਅਨੇਕ ਸਾਹਿਤਕਾਰਾਂ ਨੇ ਜ਼ੁਬਾਨ ਦਿੱਤੀ ਹੈ ਤੇ ਅਸੀਂ ਵੀ ਉਨ੍ਹਾਂ ਦੇ ਸਫਰ ਵਿਚ ਬਣਦਾ ਹਿੱਸਾ ਪਾਉਣਾ ਹੈ। ਪਰ ਇਸ ਦਿਸ਼ਾ ਵਿਚ ਸਾਨੂੰ ਅਜੇ ਕਾਫੀ ਪੈਂਡੇ ਮਾਰਨੇ ਪੈਣੇ ਹਨ। ਅੱਜ ਸਿੱਖ ਨੌਜੁਆਨਾਂ ਦੇ ਸਾਹਿਤਕ ਸੁਹਜ-ਸੁਆਦ ਉਚੇਚੇ ਧਿਆਨ ਦੀ ਮੰਗ ਕਰਦੇ ਹਨ।
ਸੱਭਿਆਚਾਰਕ ਖੇਤਰ ਦੀ ਅਜੋਕੇ ਦੌਰ ਵਿਚ ਖਾਸ ਅਹਿਮੀਅਤ ਹੈ। ਇਸ ਦੀ ਵਜ੍ਹਾ ਹੈ ਕਿ ਅੱਜ ਹਕੂਮਤੀ ਧਿਰਾਂ ਨਾ ਸਿਰਫ ਜੰਗ ਦੇ ਸੱਭਿਆਚਾਰਕ ਮੁਹਾਜ਼ ਬਾਰੇ ਚੇਤੰਨ ਹਨ ਸਗੋਂ ਉਨ੍ਹਾਂ ਨੇ ਇਸ ਲਈ ਲੋੜੀਂਦੀ ਤਕਨਾਲੋਜੀ ਵੀ ਤਿਆਰ ਕਰ ਲਈ ਹੈ। ਸੱਭਿਆਚਾਰਕ ਜੰਗ ਦਾ ਸੰਸਾਰੀਕਰਨ ਨਾਲ ਸਿੱਧਾ ਨਾਤਾ ਹੈ ਜਿਸ ਕਰਕੇ ਬਹੁਕੌਮੀ ਕੰਪਨੀਆਂ ਦੀ ਇਸ਼ਤਿਹਾਰਬਾਜ਼ੀ ਰਾਹੀਂ ਬੇਪਨਾਹ ਵਿੱਤੀ ਵਸੀਲੇ ਇਸ ਦੀ ਪਿੱਠ ‘ਤੇ ਖੜ੍ਹੇ ਹਨ। ਪਰ ਸਿੱਖਾਂ ਖਿਲਾਫ ਭਾਰਤੀ ਸੱਭਿਆਚਾਰਕ ਜੰਗ ਸੰਸਾਰੀਕਰਨ ਤੋਂ ਪਹਿਲਾਂ ਦੀ ਚੱਲ ਰਹੀ ਹੈ। ਇਹ ਬਹੁਤ ਵੱਡੇ ਪੱਧਰ ਦੇ ਸਰਕਾਰੀ ਮੇਲਿਆਂ ਨਾਲ ਸ਼ੁਰੂ ਹੋਈ ਜਿਸ ਨੇ ਗਾਇਕੀ ਦੇ ਕਾਰੋਬਾਰ ਰਾਹੀਂ ਹੋਰ ਪੈਰ ਪਸਾਰੇ। ਸਿੱਖਾਂ ਦੇ ਜਿਹੜੇ ਅਹਿਸਾਸ ਭਾਰਤੀ ਹਕੂਮਤ ਟੈਂਕਾਂ ਹੇਠ ਨਪੀੜ ਕੇ ਖਤਮ ਨਹੀਂ ਕਰ ਸਕੀ, ਉਨ੍ਹਾਂ ਨੂੰ ਬੇਸੁਰੀ ਗਾਇਕੀ ਵਿਚਲੀ ਸਸਤੀ ਤੁਕਬੰਦੀ ਨੇ ਵੱਡੀ ਠੇਸ ਪੁਚਾਈ। ਸੱਭਿਆਚਾਰ ਦੀ ਉਸਾਰੀ ਵਿਚ ਹੋਰ ਗੱਲਾਂ ਦੇ ਨਾਲ-ਨਾਲ ਚੰਗੇ ਸੰਗੀਤ ਤੇ ਉਤਮ ਫਿਲਮਸਾਜ਼ੀ ਦੀ ਵੱਡੀ ਭੂਮਿਕਾ ਬਣਦੀ ਹੈ। ਸੰਗੀਤ ਅਤੇ ਫਿਲਮਸਾਜ਼ੀ ਲਈ ਚੰਗਾ ਸਾਹਿਤ, ਕਵਿਤਾ ਅਤੇ ਗਲਪ ਲੋੜੀਂਦਾ ਹੈ। ਸਾਹਿਤ ਦਾ ਬੌਧਿਕਤਾ ਨਾਲ ਡੂੰਘਾ ਨਾਤਾ ਹੈ।
ਜ਼ਿੰਦਗੀ ਦਾ ਅਗਲਾ ਅਹਿਮ ਖੇਤਰ ਹੈ ਸਿਆਸਤ। ਬਾਕੀ ਖੇਤਰਾਂ ਵਾਂਗ ਸਿਆਸਤ ਬਾਰੇ ਵੀ ਇਹ ਸਪੱਸ਼ਟ ਹੈ ਕਿ ਇਸ ਵਿਚ ਖਲਾਅ ਕਦੇ ਨਹੀਂ ਚਿਤਵਿਆ ਜਾ ਸਕਦਾ; ਜੇ ਇੱਕ ਧਿਰ ਸਿਆਸੀ ਪਿੜ ਵਿਚੋਂ ਗੈਰ-ਹਾਜ਼ਰ ਰਹਿੰਦੀ ਹੈ ਤਾਂ ਦੂਜੀ ਨੇ ਉਸ ਦੀ ਥਾਂ ਲੈਣੀ ਹੈ; ਇੱਕ ਧਿਰ ਚੋਣਾਂ ਦਾ ਬਾਈਕਾਟ ਕਰੇਗੀ ਤਾਂ ਦੂਜੀ ਧਿਰ ਸਰਕਾਰ ਬਣਾ ਆਪਣੀ ਮਨਮਰਜ਼ੀ ਨਾਲ ਹਕੂਮਤ ਚਲਾਵੇਗੀ। ਇਸ ਲਈ ਸਾਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਿਆਸਤ ਜੇ ਕੱਚੀ-ਪਿੱਲੀ ਨਮੋਸ਼ੀਜਨਕ ਖੇਡ ਹੈ ਤਾਂ ਇਹ ਖੇਡਣੀ ਪੈਣੀ ਹੈ, ਜੇ ਇਹ ਜ਼ਹਿਰ ਹੈ ਤਾਂ ਇਹ ਪੀਣੀ ਪੈਣੀ ਹੈ। ਅਸੀਂ ਇਹ ਬਿਲਕੁਲ ਨਹੀਂ ਸੋਚਦੇ ਕਿ ਸਿੱਖ ਸਿਆਸੀ ਸਰਗਰਮੀ ਚੋਣਾਂ ਤੱਕ ਸੀਮਤ ਰਹਿਣੀ ਚਾਹੀਦੀ ਹੈ। ਇਸ ਵਿਚ ਕੋਈ ਮਾੜੀ ਗੱਲ ਨਹੀਂ ਜੇ ਸਿੱਖਾਂ ਦੀਆਂ ਕੁਝ ਧਿਰਾਂ ਚੋਣਤੰਤਰ ਤੋਂ ਪਾਰ ਦੀ ਨਿਸ਼ਕਾਮ ਸਿਆਸਤ ਕਰਨ। ਪਰ ਇਨ੍ਹਾਂ ਧਿਰਾਂ ਨੂੰ ਚੋਣਾਂ ਦੇ ਅਮਲ ਵਿਚ ਸ਼ਾਮਲ ਹੋਣ ਵਾਲੀਆਂ ਧਿਰਾਂ ਦੇ ਵਿਰੋਧ ਵਿਚ ਖੜ੍ਹਨ ਦੀ ਵੀ ਕੋਈ ਲੋੜ ਨਹੀਂ। ਬਦਕਿਸਮਤੀ ਨੂੰ ਅੱਜ ਪੰਜਾਬ ਵਿਚ ਚੋਣਾਂ ਦੇ ਅਮਲ ‘ਚੋਂ ਬਾਹਰ ਹੋਣ ਦਾ ਅਰਥ ਹੈ ਸਿਆਸੀ ਪਿੜ ‘ਚੋਂ ਬਾਹਰ ਹੋਣਾ। ਇਸ ਤਲਖ ਹਕੀਕਤ ਤੋਂ ਅੱਖਾਂ ਮੀਟਣੀਆਂ ਕਿਸੇ ਮਸਲੇ ਦਾ ਹੱਲ ਨਹੀਂ। ਸਿੱਖਾਂ ਨੂੰ ਇੱਕੋ ਵੇਲੇ ਬਹੁਪਰਤੀ ਸਿਆਸੀ ਸਰਗਰਮੀ ਸ਼ੁਰੂ ਕਰਨੀ ਚਾਹੀਦੀ ਹੈ। ਬਾਹਰੋਂ ਵਿਰੋਧੀ ਜਾਪਦੇ ਵੱਖੋ-ਵੱਖਰੇ ਸਿਆਸੀ ਅਮਲ ਕਿਸੇ ਸੁਚੱਜੇ ਅੰਦਰੂਨੀ ਤਾਲਮੇਲ ਵਿਚ ਗੁੰਦੇ ਹੋਣੇ ਚਾਹੀਦੇ ਹਨ।
ਅਜਿਹੇ ਪੱਧਰ ਦੀ ਸਿਆਸਤ ਲਈ ਸਿੱਖ ਹਲਕਿਆਂ ਨੂੰ ਆਪਣੇ ਅੰਦਰ ਜਮਹੂਰੀ ਸੱਭਿਆਚਾਰ ਉਸਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਬੇਬਾਕ ਵਿਸ਼ਲੇਸ਼ਣ ਅਤੇ ਸਖਤ ਆਲੋਚਨਾ ਕਿਸੇ ਵੀ ਬੌਧਿਕ ਜਾਂ ਸਿਆਸੀ ਅਮਲ ਦੀ ਬੁਨਿਆਦੀ ਲੋੜ ਹਨ। ਸਿੱਖ ਜਥੇਬੰਦੀਆਂ ਦਾ ਬੁੱਕਲ ‘ਚ ਗੁੜ ਭੰਨਣ ਵਾਲਾ ਤਜਰਬਾ ਕਾਮਯਾਬ ਨਹੀਂ ਹੋਇਆ। ਅਸੀਂ ਪਹਿਲਾਂ ਹੀ ਕਈ ਦਹਾਕੇ ਇਸ ਪਹੁੰਚ ਤਹਿਤ ਖਰਾਬ ਕਰ ਚੁੱਕੇ ਹਾਂ। ਦੁਨੀਆਂ ਦੇ ਸਮੂਹ ਕਾਮਯਾਬ ਮੁਲਕਾਂ ਨੇ ਵਿਚਾਰਾਂ ਦੀ ਆਜ਼ਾਦੀ ਨੂੰ ਅਣਸਰਦੀ ਲੋੜ ਮੰਨ ਕੇ ਇਸ ਨੂੰ ਕਾਨੂੰਨੀ ਅਤੇ ਸੱਭਿਆਚਾਰਕ ਪ੍ਰਵਾਨਗੀ ਦਿੱਤੀ ਹੈ। ਸਿੱਖ ਆਗੂਆਂ ਅਤੇ ਸਿੱਖਾਂ ਦੇ ਮਸਲਿਆਂ ‘ਤੇ ਲਿਖਣ ਵਾਲੇ ਵਿਦਵਾਨਾਂ ਆਦਿ ਦੀ ਜੁਆਬਦੇਹੀ ਜ਼ਰੂਰੀ ਹੈ। ਵਿਚਾਰ ਅਧੀਨ ਮੁੱਦਿਆਂ ‘ਤੇ ਆਪਣਾ ਪੱਖ ਰੱਖਣਾ ਹਰ ਕਿਸੇ ਦਾ ਹੱਕ ਹੈ ਪਰ ਸੁਆਲ ਕਰਨ ਵਾਲੇ ਦਾ ਹੋਛੇ ਹਥਕੰਡਿਆਂ ਨਾਲ ਮੂੰਹ ਬੰਦ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ।
ਮੈਂ ਮੁੜ ਕਹਿਣਾ ਚਾਹਾਂਗਾ ਕਿ ਸਿੱਖਾਂ ਦੀ ਅਜੋਕੀ ਸਿਆਸੀ ਖੜੋਤ ਦੀ ਜੜ੍ਹ ਉਨ੍ਹਾਂ ਅੰਦਰਲੀ ਬੌਧਿਕ, ਸਾਹਿਤਕ, ਅਤੇ ਸੱਭਿਆਚਾਰਕ ਖੜੋਤ ਵਿਚ ਪਈ ਹੈ। ਮੈਂ ਧਰਮ ਦਾ ਜ਼ਿਕਰ ਜਾਣ-ਬੁੱਝ ਕੇ ਨਹੀਂ ਕੀਤਾ ਕਿਉਂਕਿ ਇੱਕ ਤਾਂ ਧਰਮ ਉਪਰੋਕਤ ਸਭ ਅਮਲਾਂ ਅਤੇ ਸਿਆਸੀ ਸਰਗਰਮੀ ਤੋਂ ਵੱਖਰਾ ਨਹੀਂ, ਦੂਜਾ, ਧਰਮ ਨਾਲ ਹੋਰ ਬਹੁਤ ਸਾਰੇ ਪਹਿਲੂ ਜੁੜੇ ਹੋਏ ਹਨ ਜਿਸ ਕਰਕੇ ਉਸ ਬਾਰੇ ਵੱਖਰੇ ਤੌਰ ‘ਤੇ, ਵਿਸਥਾਰ ਸਹਿਤ ਵਿਚਾਰ ਕਰਨ ਦੀ ਲੋੜ ਹੈ। ਇਸ ਲਈ ਸਿੱਖਾਂ ਨੂੰ ਉਪਰੋਕਤ ਸਭ ਖੇਤਰਾਂ ਵਿਚ ਬਹੁਪਰਤੀ ਸਰਗਰਮੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਇਨ੍ਹਾਂ ਸਰਗਰਮੀਆਂ ਲਈ ਸ਼ਖਸੀ ਅਤੇ ਸਮੂਹਕ-ਦੋਹਾਂ ਪੱਧਰਾਂ ‘ਤੇ ਜਤਨ ਹੋਣੇ ਚਾਹੀਦੇ ਹਨ। ਸੰਸਥਾਵਾਂ ਹਮੇਸ਼ਾ ਬਣਨੀਆਂ ਚਾਹੀਦੀਆਂ ਹਨ ਪਰ ਲਗਾਤਾਰ ਤਬਾਹੀ ਵੱਲ ਨੂੰ ਧੱਕੇ ਜਾ ਰਹੇ ਸਿੱਖਾਂ ਦੀ ਹੋਣੀ ਨਾਲ ਸਰੋਕਾਰ ਰੱਖਣ ਵਾਲਿਆਂ ਕੋਲ ਸੰਸਥਾਵਾਂ ਖੜ੍ਹੀਆਂ ਹੋਣ ਦੀ ਉਡੀਕ ਕਰਨ ਦਾ ਸਮਾਂ ਨਹੀਂ ਹੈ। ਕਈ ਵਾਰ ਸ਼ਖਸੀ ਜਤਨ ਸੰਸਥਾਵਾਂ ਨੂੰ ਮਾਤ ਦੇ ਜਾਂਦੇ ਹਨ। ਸਿੱਖਾਂ ਦੇ ਬਹੁਤੇ ਵਿਦਵਾਨ ਅਤੇ ਸਾਹਿਤਕਾਰ ਨਿੱਜੀ ਉਦਮ ਕਰਕੇ ਹੀ ਸੰਸਥਾਵਾਂ ਤੋਂ ਵੱਧ ਕੰਮ ਕਰ ਗਏ। ਪੰਜਾਬ ਵਿਚ ਕਮਿਊਨਿਸਟਾਂ ਦੇ ਬਹੁਤੇ ਵਿਦਵਾਨ ਅਤੇ ਸਾਹਿਤਕਾਰ ਸਾਹਿਤ ਸਭਾਵਾਂ, ਸਿਆਸੀ ਪਾਰਟੀਆਂ ਅਤੇ ਯੂਨੀਵਰਸਿਟੀਆਂ ਵਰਗੀਆਂ ਸੰਸਥਾਵਾਂ ਦੀ ਪੈਦਾਇਸ਼ ਹਨ ਅਤੇ ਲਗਭੱਗ ਸਾਰੇ ਹੀ ਨਿਕੰਮੇ ਹਨ। ਇਸ ਲਈ ਸਿੱਖ ਨੌਜੁਆਨਾਂ ਨੂੰ ਆਪਣੇ ਤੌਰ ‘ਤੇ ਇਹ ਚੁਣੌਤੀ ਸਵੀਕਾਰ ਕਰਨੀ ਚਾਹੀਦੀ ਹੈ ਤੇ ਆਪੋ-ਆਪਣੀ ਦਿਲਚਸਪੀ ਵਾਲੇ ਖੇਤਰਾਂ ਵਿਚ ਗੁਰੂ ਦੇ ਓਟ ਆਸਰੇ ਨਾਲ ਨਿੱਜੀ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।
ਅਖੀਰ ਵਿਚ ਇਸ ਗੱਲ ਬਾਰੇ ਸਪੱਸ਼ਟ ਹੋ ਜਾਈਏ ਕਿ ਗੁਰੂ ਸਾਹਿਬਾਨ ਦੇ ਬਖਸ਼ੇ ਸਿੱਖ ਸੱਭਿਆਚਾਰ ਦੀ ਸੁਰਜੀਤੀ ਹਮੇਸ਼ਾ ਸਾਡੀ ਬੁਨਿਆਦੀ ਲੋੜ ਹੈ। ਅਸੀਂ ਇਸ ਪੱਖ ਨੂੰ ਤਵੱਜੋਂ ਦੇਣੀ ਹੈ ਪਰ ਮੌਜੂਦਾ ਸਿਆਸੀ ਹਕੀਕਤਾਂ ਅੱਗੇ ਗੋਡੇ ਟੇਕ ਕੇ ਨਹੀਂ, ਆਪਣੀਆਂ ਸਿਆਸੀ ਜ਼ਿੰਮੇਵਾਰੀਆਂ ਤੋਂ ਪਿੱਠ ਮੋੜ ਕੇ ਨਹੀਂ। ਹਾਂ, ਇਹ ਜ਼ਰੂਰ ਹੈ ਕਿ ਸਾਡੀ ਬੌਧਿਕ, ਸਾਹਿਤਕ, ਸੱਭਿਆਚਾਰਕ, ਅਤੇ ਸਿਆਸੀ ਸਰਗਰਮੀ ਸੇਵਾ ਦਾ ਰੂਪ ਹੋਵੇ ਜੋ ਕਿ ਸਿੱਖ ਲਈ ਰੂਹਾਨੀ ਕਰਮ ਹੈ। ਸਾਡੀਆਂ ਸਮੂਹ ਸਰਗਰਮੀਆਂ ਸਾਡੇ ਅੰਦਰਲੇ ਸਿੱਖੀ ਦੇ ਸਫਰ ਤੋਂ ਰੌਸ਼ਨੀ ਲੈਣ ਅਤੇ ਉਸ ਵਿਚ ਹੋਰ ਸ਼ਿੱਦਤ ਭਰਨ।
ਸੰਘਰਸ਼ਾਂ ਤੋਂ ਪਿੱਠ ਮੋੜ ਕੇ ਚੰਗੇ ਚਰਿੱਤਰ ਨਹੀਂ ਉਸਾਰੇ ਜਾਂਦੇ। ਚੰਗੇ ਚਰਿੱਤਰ ਜਾਂ ਸੱਭਿਆਚਾਰ ਦੀ ਘਾੜਤ ਤਾਂ ਔਖੇ ਤੋਂ ਔਖੇ ਹਾਲਾਤ ਨਾਲ ਸਿੱਧਾ ਮੱਥਾ ਲਾਉਣ ਨਾਲ ਹੁੰਦੀ ਹੈ। ਜਬਰ ਦਾ ਵਿਰੋਧ ਅਤੇ ਪ੍ਰਭੂਸੱਤਾ ਸੰਪੰਨ ਸੁਰਤਿ ਦਾ ਪ੍ਰਗਟਾਵਾ ਬੰਦੇ ਦੇ ਅੰਦਰਲੀ ਅਵਸਥਾ ਹੈ ਜੋ ਬੌਧਿਕ, ਸਾਹਿਤਕ, ਸਿਆਸੀ ਜਾਂ ਜੰਗ ਦੇ ਮੈਦਾਨ ਆਦਿ ਕਿਸੇ ਵੀ ਮਾਧਿਅਮ ਰਾਹੀਂ ਪ੍ਰਗਟਾਵਾ ਹਾਸਲ ਕਰ ਸਕਦੀ ਹੈ। ਅੰਦਰਲੀ ਪ੍ਰਭੂਸੱਤਾ ਧਰਤੀ ‘ਤੇ ਵਿਦਮਾਨ ਹੋਣੀ ਚਾਹੀਦੀ ਹੈ। ਬਾਰ ਪਰਾਏ ਬੈਸਣਾ ਨਮੋਸ਼ੀਜਨਕ ਹੈ, ਪਰ ਆਪਣੇ ਘਰ ‘ਚ ਹੀ ਬਿਗਾਨੇ ਹੋ ਜਾਣਾ ਹੋਰ ਵੀ ਬਦਕਿਸਮਤੀ ਵਾਲੀ ਗੱਲ ਹੈ। ਮਹਿਬੂਬ ਸਾਹਿਬ ਲਿਖਦੇ ਹਨ:
ਆਪਣੇ ਦਰ ਨੂੰ ਬਾਰ ਬਿਗਾਨਾ,
ਮੰਨ ਜਦੋਂ ਕੋਈ ਜੀਵੇ।
ਬਦਨਸੀਬ ਅੱਥਰੂ ਪਰਦੇਸੀ
ਹੌਲ ਚਰਖ ਦਾ ਪੀਵੇ।
(ਝਨਾਂ ਦੀ ਰਾਤ, ਪੰਨਾ 613)