ਬਲਜੀਤ ਬਾਸੀ
ਪੁਰਾਣੇ ਸਮੇਂ ਤੋਂ ਭਾਰਤ ਵਰਸ਼ ਵਿਚ ਪੜ੍ਹਨ ਪੜ੍ਹਾਉਣ ਦਾ ਕੰਮ ਮੁੱਖ ਤੌਰ ‘ਤੇ ਇੱਕ ਧਾਰਮਕ ਕਾਰਜ ਹੀ ਹੋਇਆ ਕਰਦਾ ਸੀ। ਸਮਝਿਆ ਜਾਂਦਾ ਸੀ ਕਿ ਸਾਰਾ ਗਿਆਨ ਵੇਦਾਂ, ਸ਼ਾਸਤਰਾਂ, ਪੁਰਾਣਾਂ ਆਦਿ ਵਿਚ ਹੀ ਹੈ, ਇਸ ਲਈ ਇਨ੍ਹਾਂ ਦਾ ਹੀ ਅਧਿਐਨ ਕਰਾਇਆ ਜਾਂਦਾ ਸੀ। ਪੜ੍ਹਨ-ਪੜ੍ਹਾਉਣ ਦਾ ਕਿੱਤਾ ਵੀ ਬ੍ਰਾਹਮਣਾਂ ਲਈ ਹੀ ਰਾਖਵਾਂ ਸੀ। ਵਿਦਿਆ ਪੜ੍ਹਾਉਣ ਵਾਲੇ ਨੂੰ ਆਚਾਰੀਆ, ਉਪਾਧਿਆਏ, ਅਧਿਆਪਕ ਜਾਂ ਗੁਰੂ ਕਿਹਾ ਜਾਂਦਾ ਸੀ।
ਇਸ ਪਿਛੋਂ ਮੁਸਲਮਾਨੀ ਦੌਰ ਵਿਚ ਵੀ ਮਸੀਤ ਜਾਂ ਮਦਰੱਸੇ ਵਿਚ ਧਾਰਮਕ ਸਿਖਿਆ ਦਿੱਤੀ ਜਾਂਦੀ ਰਹੀ। ਇਥੇ ਮੌਲਵੀ ਜਾਂ ਮੁਣਸ਼ੀ ਕੁਰਾਨ ਦਾ ਰਟਨ ਕਰਾਉਂਦੇ ਸਨ। ਸਿੱਖਾਂ ਨੂੰ ਗੁਰਮੁਖੀ ਦਾ ਅੱਖਰ ਗਿਆਨ ਦੇਣ ਦਾ ਕੰਮ ਧਰਮਸਾਲਾ ਜਾਂ ਗੁਰਦਵਾਰੇ ਵਿਚ ਹੁੰਦਾ ਸੀ, ਜੋ ਕੰਮ ਭਾਈ ਆਦਿ ਹੀ ਸਾਰਦੇ ਸਨ। ਅੰਗਰੇਜ਼ੀ ਕਾਲ ਵਿਚ ਧਰਮ ਤੋਂ ਬਿਨਾ ਅਸੰਪਰਦਾਇਕ, ਸੰਸਾਰਕ ਤੇ ਵਿਗਿਆਨਕ ਵਿਸ਼ਿਆਂ ਦੀ ਵੀ ਪੜ੍ਹਾਈ ਹੋਣ ਲੱਗੀ। ਭਾਰਤ ਵਿਚ ਸੈਕੂਲਰ ਵਿਦਿਆ ਅੰਗਰੇਜ਼ਾਂ ਨੇ ਹੀ ਸ਼ੁਰੂ ਕੀਤੀ, ਇਸ ਲਈ ਵਿਦਿਆ ਨਾਲ ਸਬੰਧਤ ਬਹੁਤ ਸਾਰੀ ਸ਼ਬਦਾਵਲੀ ਅੰਗਰੇਜ਼ੀ ਵਾਲੀ ਹੀ ਚੱਲ ਪਈ ਜਿਵੇਂ ਪਾਠਸ਼ਾਲਾ ਸਕੂਲ ਬਣ ਗਿਆ, ਪੜ੍ਹਾਉਣ ਵਾਲਾ ਟੀਚਰ ਜਾਂ ਮਾਸਟਰ ਅਤੇ ਵਿਦਿਆਰਥੀ ਸਟੂਡੈਂਟ।
ਅੰਗਰੇਜ਼ਾਂ ਦੇ ਜਾਣ ਪਿਛੋਂ ਭਾਵੇਂ ਸੰਸਕ੍ਰਿਤ ਪਿਛੋਕੜ ਵਾਲੀ ਸ਼ਬਦਾਵਲੀ ‘ਤੇ ਹੀ ਜ਼ੋਰ ਦਿੱਤਾ ਜਾਣ ਲੱਗਾ ਪਰ ਅੰਗਰੇਜ਼ੀ ਦਾ ਬੋਲਬਾਲਾ ਨਾ ਸਿਰਫ ਬਰਕਰਾਰ ਰਿਹਾ ਸਗੋਂ ਹੋਰ ਵੀ ਵਿਆਪਕ ਹੋ ਗਿਆ। ਇਸ ਦੌਰ ਵਿਚ ਵਿਦਿਆ ਦੇਣ ਵਾਲੇ ਨੂੰ ਟੀਚਰ ਦੀ ਥਾਂ ਅਧਿਆਪਕ ਕਹਿਣ ‘ਤੇ ਜ਼ੋਰ ਦਿੱਤਾ ਗਿਆ, ਪਰ ਘੱਟੋ ਘੱਟ ਪੰਜਾਬੀ ਵਿਚ ਆਮ ਬੋਲਚਾਲ ਲਈ ਪੜ੍ਹਾਉਣ ਵਾਲੇ ਲਈ ਮਾਸਟਰ ਜਾਂ ਟੀਚਰ ਸ਼ਬਦ ਹੀ ਪ੍ਰਚਲਤ ਹਨ। ਅਧਿਆਪਕ ਲਈ ਸੰਬੋਧਨੀ ਸ਼ਬਦ ਮਾਸਟਰ ਜੀ ਵਰਤਿਆ ਜਾਂਦਾ ਹੈ, ਭਲਾ ਕੌਣ ਅਧਿਆਪਕ ਜੀ ਕਹਿੰਦਾ ਹੈ। ਮਾਸਟਰ ਸ਼ਬਦ ਲਈ ਮੁੱਖ-ਸੁੱਖ ਵਾਲਾ ਬਾਲਕਾਨਾ ਉਚਾਰਨ ਮਾਹਟਰ ਜੀ, ਮਾਸ਼ਟਰ ਜੀ ਜਾਂ ਮਾੜ੍ਹਜੀ ਆਦਿ ਚੱਲ ਪਏ। ਅਧਿਆਪਕ ਤੇ ਅਧਿਆਪਨ ਸ਼ਬਦ ਆਮ ਤੌਰ ‘ਤੇ ਕਾਗਜ਼ਾਂ ਵਿਚ ਹੀ ਹਨ।
ਜ਼ਰਾ ਅਧਿਆਪਕ ਦਾ ਹੁਲੀਆ ਪੜਤਾਲੀਏ। ਇਹ ਸ਼ਬਦ ਬੜਾ ਟੇਢਾ ਜਿਹਾ ਹੈ। ਇਸ ਦੇ ਅੰਸ਼ਾਂ ਦੀ ਥਾਹ ਪਾਈਏ ਤਾਂ ਪ੍ਰਤੀਤ ਹੋਵੇਗਾ ਕਿ ਇਨ੍ਹਾਂ ਵਿਚੋਂ ਪੜ੍ਹਨ-ਪੜ੍ਹਾਉਣ ਵਾਲੀ ਗੱਲ ਬੜਾ ਖਿੱਚ ਕੇ ਕੱਢੀ ਗਈ ਹੈ। ਸੰਸਕ੍ਰਿਤ ਦਾ ਇਕ ਬਹੁਤ ਵਰਤਿਆ ਜਾਂਦਾ ਅਗੇਤਰ ਹੈ, ‘ਅਧਿ’ ਜਿਸ ਵਿਚ ਉਚਾਈ, ਉਪਰ ਉਠਣ, ਜ਼ਿਆਦਾ, ਵਾਧੂ ਦੇ ਭਾਵ ਹਨ। ਇਸ ਤੋਂ ਬਣਿਆ ਬਹੁਤ ਜਾਣਿਆ ਜਾਂਦਾ ਸ਼ਬਦ ਹੈ, ਅਧਿਕ। ਇਸ ਤੋਂ ਇਲਾਵਾ ਕੁਝ ਹੋਰ ਸ਼ਬਦ ਹਨ: ਅਧਿਰਾਜ, ਜਿਸ ਦਾ ਸ਼ਾਬਦਿਕ ਅਰਥ ਵੱਡਾ ਰਾਜਾ ਜਾਂ ਰਾਜਿਆਂ ਦੇ ਉਪਰ ਦਾ ਰਾਜਾ; ਅਧਿਅਕਸ਼ ਯਾਨਿ ਉਪਰੋਂ ਦੇਖਣ ਵਾਲਾ ਅਰਥਾਤ ਉਪਰ ਦਾ ਬੰਦਾ; ਅਧਿਕਾਰ ਅਰਥਾਤ ਉਪਰ ਦਾ ਕਾਰ (ਅਧਿਕਾਰੀ ਹੇਠਲਿਆਂ ਦੇ ਉਪਰ ਕੰਮ ਕਰਦਾ ਹੈ)। ਫਿਰ ਅਧਿ ਅਗੇਤਰ ਦੇ ਨਾਲ ਲਗਦਾ ਹੈ, ‘ਇ’ ਧਾਤੂ ਜਿਸ ਵਿਚ ਜਾਣ, ਆਉਣ ਦੇ ਭਾਵ ਹਨ। ਇਹ ਧਾਤੂ ਕਈ ਭੇਸ ਬਦਲਦਾ ਹੈ। ਬਹੁਤ ਸਾਰੇ ਸ਼ਬਦਾਂ ਵਿਚ ਇਹ ਧਾਤੂ ਕਾਰਜਸ਼ੀਲ ਹੈ। ਆਮ ਜਾਣਿਆ ਜਾਂਦਾ ਸ਼ਬਦ ‘ਆਉਣਾ’ ਇਸੇ ਦੀ ਦੇਣ ਹੈ। ਇਸ ਤੋਂ ਬਣੇ ਅਯਨਮ ਦਾ ਮਤਲਬ ਹੁੰਦਾ ਹੈ, ਜਾਣਾ, ਆਵਾਗਮਨ, ਰਾਹ ਅਤੇ ਸੂਰਜ ਦਾ ਮਾਰਗ ਜਾਂ ਗਤੀ ਜਿਵੇਂ ਉਤਰਾਇਣ (ਸੂਰਜ ਦੀ ਮਕਰ ਰਾਸ਼ੀ ਤੋਂ ਕਰਕ ਰਾਸ਼ੀ ਵੱਲ ਰਵਾਨਗੀ, ਮੂਲ ਅਰਥ ਸੂਰਜ ਦੀ ਉਤਰ ਵੱਲ ਨੂੰ ਗਤੀ)। ਦੱਖਣਾਇਣ ਇਸ ਤੋਂ ਉਲਟ ਹੁੰਦਾ ਹੈ। ‘ਇ’ ਦੇ ਟਾਕਰੇ ‘ਤੇ ਭਾਰੋਪੀ ਮੂਲ ਹੈ, ‘e’ਿ ਜਿਸ ਵਿਚ ਵੀ ਜਾਣ ਦੇ ਭਾਵ ਹਨ।
ਇਸ ਤੋਂ ਭਾਰੋਪੀ ਭਾਸ਼ਾਵਾਂ ਵਿਚ ਬਣੇ ਬਹੁਤ ਸਾਰੇ ਸ਼ਬਦ ਮਿਲਦੇ ਹਨ। ਅਸੀਂ ਇਸ ਮੂਲ ਦਾ ਚਰਚਾ ਇੱਕ ਹੋਰ ਲੇਖ ਵਿਚ ਕਰ ਆਏ ਹਾਂ। ਇਥੇ ਇੱਕ ਅੰਗਰੇਜ਼ੀ ਸ਼ਬਦ ਓਣਟਿ ਦਾ ਜ਼ਿਕਰ ਕਰ ਲੈਂਦੇ ਹਾਂ। ਇਹ ਮੁਢਲੇ ਤੌਰ ‘ਤੇ ਲਾਤੀਨੀ ਦਾ ਸ਼ਬਦ ਹੈ, ਜਿਸ ਵਿਚ ਬਾਹਰ ਜਾਣ ਦੇ ਭਾਵ ਹਨ। ਇਹ ਸ਼ਬਦ ਓਣ (ਬਾਹਰ ਵੱਲ ਨੂੰ) ਅਗੇਤਰ ਅੱਗੇ ਰਿe ਲੱਗ ਕੇ ਬਣਦਾ ਹੈ। ਰਿe ਸ਼ਬਦ ‘e’ਿ ਧਾਤੂ ਤੋਂ ਹੀ ਬਣਿਆ ਹੈ। ਐਗਜ਼ਿਟ ਸ਼ਬਦ ਵਿਚੋਂ ਕੁਲ ਮਿਲਾ ਕੇ ਬਾਹਰ ਵੱਲ ਜਾਣ ਦਾ ਭਾਵ ਨਿਕਲਦਾ ਹੈ। ਇਸ ਦੇ ਬਰਾਬਰ ਸਾਡੀਆਂ ਭਾਸ਼ਾਵਾਂ ਵਿਚ ‘ਨਿਗਮਨ’ ਸ਼ਬਦ ਹੈ।
ਅਗੇਤਰ ਅਧਿ ਦੇ ਨਾਲ ‘ਇ’ ਲੱਗ ਕੇ ਸੰਸਕ੍ਰਿਤ ਵਿਚ ਅਧਯ ਜਿਹੇ ਸ਼ਬਦ ਦੀ ਰਚਨਾ ਹੁੰਦੀ ਹੈ ਜਿਸ ਵਿਚ ਵੱਲ ਨੂੰ ਮੁੜਨ, ਧਿਆਨ ਦੇਣ, ਪੜ੍ਹਨ ਦੇ ਭਾਵ ਉਤਪੰਨ ਹੁੰਦੇ ਹਨ। ਇਸ ਅਧਯ ਦੇ ਹੋਰ ਨਾਲ ਜੁੜਦਾ ਹੈ, ‘ਆਪ’ ਜੋ ‘ਵੱਲ ਲਿਜਾਣ’ ਦੇ ਭਾਵ ਜੋੜਦਾ ਹੈ। ਹੋਰ ਅੱਗੇ ਕਾਰਜਸੂਚਕ ਪਿਛੇਤਰ ‘ਕ’ ਲੱਗ ਕੇ ਪੂਰਾ ਅਧਿਆਪਕ ਸਾਹਵੇਂ ਆਉਂਦਾ ਹੈ। ਅਸਲ ਵਿਚ ਅਧਯ ਤੋਂ ਹੀ ਅਧਿਆਇ ਸ਼ਬਦ ਬਣਦਾ ਹੈ, ਜਿਸ ਦਾ ਪੰਜਾਬੀ ਵਿਚ ਅਰਥ ਤਾਂ ਕੇਵਲ ਕਿਸੇ ਲਿਖਤ ਦਾ ਕਾਂਡ ਹੀ ਰਹਿ ਗਿਆ ਹੈ ਪਰ ਸੰਸਕ੍ਰਿਤ ਵਿਚ ਇਸ ਦੇ ਅਰਥ ਇਸ ਪ੍ਰਕਾਰ ਹਨ: ਪਾਠ, ਸਬਕ, ਪਾਠਨ, ਵਿਖਿਆਨ, ਉਪਦੇਸ਼, ਪੜ੍ਹਨ ਜਾਂ ਸਬਕ ਲੈਣ ਦਾ ਨਿਰਧਾਰਤ ਸਮਾਂ, ਕਾਂਡ। ਇਸ ਤਰ੍ਹਾਂ ਕਾਂਡ ਦਾ ਅਰਥ ਸਮਝੋ ਕੁੱਲ ਪੜ੍ਹਾਈ ਜਾਂ ਲਿਖਤ ਦਾ ਇਕ ਹਿੱਸਾ ਹੈ, ਜਿਸ ਦਾ ਸਬਕ ਲੈਣਾ ਹੈ। ਇਸੇ ਤੋਂ ਹੋਰ ਸ਼ਬਦ ਬਣਿਆ ਹੈ, ਅਧਿਐਨ ਜਿਸ ਦਾ ਅਰਥ ਪੜ੍ਹਾਈ ਮੂਲ ਅਰਥ ‘ਵੱਲ ਨੂੰ ਜਾਣ’, ਮਨ ਨੂੰ ਭੁਆਉਣ, ਧਿਆਨ ਦੇਣ ਤੋਂ ਹੀ ਵਿਕਸਿਤ ਹੋਇਆ। ਅਧਿਐਨ ਤੋਂ ਮੁਰਾਦ ਆਪਣਾ ‘ਧਿਆਨ ਪਠਨ-ਪਾਠਨ ਵੱਲ ਮੋੜਨ’ ਤੋਂ ਹੈ।
ਅਧਿਆਪਕ ਲਈ ਇੱਕ ਹੋਰ ਸ਼ਬਦ ਉਪਾਧਯਾਯ (ਪੰਜਾਬੀ ਉਪਾਧਿਆਇ) ਵੀ ਵਰਤਿਆ ਜਾਂਦਾ ਹੈ। ਗੁਰੂਕੁਲ ਵਿਚ ਅਧਿਆਪਨ ਦਾ ਕੰਮ ਕਰਨ ਵਾਲੇ ਬ੍ਰਾਹਮਣ ਨੂੰ ਉਪਾਧਯਾਯ ਕਿਹਾ ਜਾਂਦਾ ਹੈ। ਇਹ ਵੀ ਉਪਰੋਕਤ ‘ਅਧਯ’ ਦੇ ਅੱਗੇ ਉਪ ਅਗੇਤਰ ਲੱਗ ਕੇ ਹੀ ਬਣਿਆ ਹੈ। ਜੈਨੀਆਂ ਦੇ ਮੁਨੀ ਅਤੇ ਅਚਾਰੀਆ ਦੇ ਵਿਚਕਾਰਲਾ ਪਦ ਧਾਰਨ ਵਾਲੇ ਵੀ ਉਪਾਧਿਆਇ ਕਹਾਉਂਦੇ ਹਨ। ਆਰ. ਐਸ਼ ਐਸ਼ ਦੇ ਇੱਕ ਬਾਨੀ ਦਾ ਨਾਂ ਦੀਨ ਦਿਆਲ ਉਪਾਧਿਆਇ ਸੀ। ‘ਮੁਗਲਸਰਾਇ’ ਕਸਬੇ ਦਾ ਨਾਂ ਬਦਲ ਕੇ ਇਸੇ ਮਹਾਂਪੁਰਖ ਦੇ ਨਾਂ ‘ਤੇ ਰੱਖ ਦਿੱਤਾ ਗਿਆ ਹੈ। ਕਰਨਾਟਕ, ਗੁਜਰਾਤ ਦੇ ਕਈ ਬ੍ਰਾਹਮਣਾਂ ਦੇ ਉਪ ਨਾਂ ਵੀ ਇਸੇ ਸ਼ਬਦ ਤੋਂ ਵਿਗੜ ਕੇ ਬਣੇ ਹਨ। ਤੈਲਗੂ ਬ੍ਰਾਹਮਣਾਂ ਵਿਚ ਇਹ ਨਾਂ ਬਦਲ ਕੇ ਉਪਾਧਿਆਉਲਾ ਬਣ ਜਾਂਦਾ ਹੈ।
ਪੰਜਾਬੀ ਅਤੇ ਹੋਰ ਸਕੀਆਂ ਭਾਸ਼ਾਵਾਂ ਵਿਚ ਉਪਾਧਯਾਯ ਦਾ ਦਿਲਚਸਪ ਵਿਗਾੜ ਹੋਇਆ ਹੈ। ਸੰਸਕ੍ਰਿਤ ‘ਧਯ’ ਧੁਨੀ ਸਮੇਂ ਦੇ ਗੇੜ ਨਾਲ ਪ੍ਰਾਕ੍ਰਿਤ ਵਿਚ ਆ ਕੇ ‘ਜ’ ਜਾਂ ‘ਝ’ ਵਿਚ ਬਦਲ ਜਾਂਦੀ ਹੈ। ਸੋ, ਉਪਾਧਯਾਯ ਹੌਲੀ ਹੌਲੀ ਓਝਾ ਵਿਚ ਵਟ ਜਾਂਦਾ ਹੈ। ਸੋ, ਓਝੇ ਵੀ ਮੁਢਲੇ ਤੌਰ ‘ਤੇ ਉਪਾਧਿਆਇ ਹੀ ਸਨ। ਓਝਾ ਦਾ ਵਿਕਾਸ ਇਸ ਤਰ੍ਹਾਂ ਹੋਇਆ ਹੋਵੇਗਾ: ਉਪਾਧਯਾਯ> ਉਵਜਝਾਯ> ਉਅਝਾ> ਓਝਾ। ਸਰਜੂਪਾਰੀ, ਗੁਜਰਾਤੀ, ਮੈਥਿਲੀ ਬ੍ਰਾਹਮਣਾਂ ਦਾ ਓਝਾ ਗੋਤ ਇਹੋ ਹੈ। ਭਾਰਤ ਦੇ ਇੱਕ ਇਤਿਹਾਸਕਾਰ ਤੇ ਹਿੰਦੀ ਲੇਖਕ ਦਾ ਨਾਂ ਗੌਰੀਸ਼ੰਕਰ ਹੀਰਾਨੰਦ ਓਝਾ (1863-1947) ਸੀ। ਉਨ੍ਹਾਂ ਨੇ ਰਾਜਸਥਾਨ ਦੀਆਂ ਵੱਖ-ਵੱਖ ਰਿਆਸਤਾਂ ਦਾ ਇਤਿਹਾਸ ਲਿਖਿਆ। ਕਾਲਅੰਤਰ ਨਾਲ ਓਝੇ ਤੇ ਬਾਅਦ ਵਿਚ ਹੋਰ ਲੋਕ ਵੀ, ਟੂਣਾ-ਟਾਮਣ ਕਰਨ ਲੱਗ ਪਏ। ਅੱਜ ਕਲ ਅਜਿਹੇ ਓਝਿਆਂ ਦੀ ਘਾਟ ਨਹੀਂ।
ਇਸ ਓਝਾ ਤੋਂ ਹੀ ‘ਓ’ ਉਡ ਗਿਆ ਤਾਂ ਰਹਿ ਗਿਆ ਝਾਅ। (ਟਰਨਰ ਨੇ ਇਸ ਦੀ ਵਿਉਤਪਤੀ ਆਧਿਆਪਕ ਤੋਂ ਦਰਸਾਈ ਹੈ) ਕਈ ਬ੍ਰਾਹਮਣ ਆਪਣਾ ਗੋਤ ਝਾਅ ਲਿਖਦੇ ਹਨ। ਮਨੀਸ਼ ਝਾਅ ਇਕ ਫਿਲਮ ਡਾਇਰੈਕਟਰ ਹੈ। ਗੋਆ ਅਤੇ ਮਹਾਰਾਸ਼ਟਰ ਦੇ ਬ੍ਰਾਹਮਣ ਇਸ ਗੋਤ ਦਾ ਇਕ ਰੂਪ ਪਾਧੇਯ ਵਰਤਦੇ ਹਨ। ਕੁਲ ਗੁਰੂਆਂ ਜਾਂ ਪੁਰੋਹਿਤਾਂ ਲਈ ਵਰਤਿਆ ਜਾਂਦਾ ਪਾਧਾ ਜਾਂ ਪਾਂਧਾ ਵੀ ਇਹੋ ਸ਼ਬਦ ਹੈ। ਗੁਰੂ ਨਾਨਕ ਦਾ ਅਖੌਤੀ ਪਾਂਧਾ ਗੋਪਾਲ ਦਾਸ ਇਹੋ ਸੀ, ਜਿਸ ਨੂੰ ਕਹਿੰਦੇ ਹਨ, ਗੁਰੂ ਨੇ ਵੀ ਪੜ੍ਹਨੇ ਪਾਇਆ। ਗੁਰੂ ਨਾਨਕ ਲਿਖਦੇ ਹਨ, ‘ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ॥’ ਅਰਥਾਤ ਉਹੀ ਪਾਂਧਾ ਗੁਰਮੁਖ ਕਹਾਉਣ ਦਾ ਹੱਕਦਾਰ ਹੈ ਜੋ ਆਪਣੇ ਸ਼ਿਸ਼ਾਂ ਨੂੰ ਇਹ ਸਿਖਿਆ ਦਿੰਦਾ ਹੈ। ਹੋਰ ਦੇਖੋ, ‘ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ॥’ (ਗੁਰੂ ਅਮਰ ਦਾਸ); ‘ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ॥’ (ਗੁਰੂ ਰਾਮ ਦਾਸ)। ਅੱਜ ਕਲ ਪਾਂਧਾ ਆਮ ਤੌਰ ‘ਤੇ ਪੱਤਰੀਆਂ ਹੀ ਵਾਚਦਾ ਹੈ, ਜੋ ਮੀਨ ਮੇਖ ਕਰਕੇ ਆਪਣੇ ਜਜਮਾਨਾਂ ਨੂੰ ਉਲਝਾਈ ਰੱਖਦਾ ਹੈ ਤੇ ਜਾਇਜ਼-ਨਾਜਾਇਜ਼ ਚੋਖੀ ਦੱਛਣਾ ਲੈ ਲੈਂਦਾ ਹੈ। ਬੁੱਲੇ ਸ਼ਾਹ ਫਰਮਾਉਂਦੇ ਹਨ,
ਬੁੱਲ੍ਹਿਆ ਹਰ ਮੰਦਰ ਮੇਂ ਆਇਕੇ,
ਕਹੋ ਲੇਖਾ ਦਿਓ ਬਤਾ।
ਪੜ੍ਹੇ ਪੰਡਿਤ ਪਾਂਧੇ ਦੂਰ ਕੀਏ,
ਅਹਿਮਕ ਲੀਏ ਬੁਲਾ।….
ਤਾਂ ਤੇ ਪਾਂਧਾ ਨਾ ਹੀ ਪੁੱਛੀਏ!