ਕਿਆਮਤ-4

ਹਰਮਹਿੰਦਰ ਚਾਹਲ
ਫੋਨ: 703-362-3239
ਤੁਸੀਂ ਪੜ੍ਹ ਚੁੱਕੇ ਹੋ…
ਇਰਾਕ ਦੇ ਇਕ ਹਿੱਸੇ ਉਤੇ ਆਈ. ਐਸ਼ ਆਈ. ਐਸ਼ ਦੇ ਕਬਜ਼ੇ ਤੋਂ ਬਾਅਦ ਜਾਜ਼ੀਦੀ ਕਬੀਲੇ ਨਾਲ ਸਬੰਧਤ ਲੋਕ ਉਜੜ-ਪੁੱਜੜ ਗਏ। ਅਤਿਵਾਦੀਆਂ ਦੇ ਹੱਥ ਆਈਆਂ ਜਾਜ਼ੀਦੀ ਕੁੜੀਆਂ ਵੱਖ-ਵੱਖ ਥਾਂਈਂ ਰੁਲ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਕੁੜੀ ਆਸਮਾ ਨੂੰ ਸੀਰੀਆ ਭੇਜਿਆ ਜਾ ਰਿਹਾ ਹੈ ਪਰ ਉਹ ਉਨ੍ਹਾਂ ਦੀ ਚੁੰਗਲ ਵਿਚੋਂ ਬਚ ਨਿਕਲਦੀ ਹੈ। ਉਸ ਨੂੰ ਆਪਣੇ ਘਰ ਅਤੇ ਘਰ ਦੇ ਜੀਆਂ ਦਾ ਚੇਤਾ ਆਉਂਦਾ ਹੈ,

ਉਹ ਚੇਤਿਆਂ ਵਿਚ ਆਪਣੇ ਪਿੰਡ ਜਾ ਵੜਦੀ ਹੈ। ਉਸ ਦਾ ਪਿੰਡ ਲਗਾਸ਼ ਭਾਵੇਂ ਇਕ ਪੱਛੜਿਆ ਪਿੰਡ ਸੀ, ਪਰ ਲੋਕ ਸੁਖੀ ਵਸਦੇ ਸਨ। ਫਿਰ ਹਾਲਾਤ ਬਦਲੇ ਤੇ ਸਭ ਕੁਝ ਖਿੰਡ-ਪੁੰਡ ਗਿਆ। ਉਹਦੇ ਪਿੰਡ ਦੀ ਸ਼ਾਮੀ ਅੰਮਾ ਉਸ ਨੂੰ ਜਾਜ਼ੀਦੀਆਂ ਦੇ ਧਰਮ ਅਤੇ ਕਬੀਲੇ ਬਾਰੇ ਵਿਸਥਾਰ ਨਾਲ ਦੱਸਦੀ ਹੈ। ਹੌਲੀ ਹੌਲੀ ਪਿੰਡ ਦਾ ਵਿਕਾਸ ਹੋਣ ਲੱਗਾ। ਪਰਿਵਾਰ ਦੇ ਬੱਚੇ ਵੀ ਪੜ੍ਹ-ਲਿਖ ਗਏ। ਉਦੋਂ ਹੀ ਅਮਰੀਕਾ ਨੇ ਸੱਦਾਮ ਹੁਸੈਨ ਦਾ ਤਖਤਾ ਪਲਟਣ ਲਈ ਇਰਾਕ ਉਤੇ ਹਮਲਾ ਕਰ ਦਿੱਤਾ ਅਤੇ ਫਿਰ ਸੱਦਾਮ ਮਾਰਿਆ ਗਿਆ। ਨਵੀਂ ਹਕੂਮਤ ਆ ਗਈ ਪਰ ਉਦੋਂ ਹੀ ਸੁੰਨੀ ਮੁਸਲਮਾਨਾਂ ਦੇ ਕੁਝ ਧੜੇ ਦਹਿਸ਼ਤਪਸੰਦ ਬਣ ਗਏ ਅਤੇ ਸ਼ੀਆ ਮੁਸਲਮਾਨਾਂ ਤੇ ਜਾਜ਼ੀਦੀਆਂ ਉਤੇ ਕਹਿਰ ਕਮਾਉਣ ਲੱਗੇ। ਉਦੋਂ ਹੀ ਆਈ. ਐਸ਼ ਆਈ. ਐਸ਼ ਹੋਂਦ ਵਿਚ ਆ ਗਈ ਤੇ ਜਾਜ਼ੀਦੀਆਂ ‘ਤੇ ਕਹਿਰ ਢਹਿਣ ਲੱਗੇ। ਹੁਣ ਪੜ੍ਹੋ ਇਸ ਤੋਂ ਅੱਗੇ…

(5)
ਉਹ 2014 ਦੀਆਂ ਗਰਮੀਆਂ ਦੇ ਦਿਨ ਸਨ। ਜਾਲੋ ਦਾ ਫੋਨ ਆਇਆ ਕਿ ਉਹ ਹਫਤੇ ਦੇ ਅਖੀਰ ‘ਤੇ ਪਿੰਡ ਆਵੇਗਾ। ਉਸ ਨੇ ਦੂਸਰੇ ਭਾਈਆਂ ਨੂੰ ਫੋਨ ਕੀਤਾ, ਪਰ ਸਿਰਫ ਸਈਅਦ ਨੂੰ ਹੀ ਛੁੱਟੀ ਮਿਲ ਸਕੀ। ਸਨਿਚਰਵਾਰ ਦੀ ਸ਼ਾਮ ਅਸੀਂ ਉਡੀਕ ਹੀ ਰਹੇ ਸਾਂ, ਜਦੋਂ ਜਾਲੋ ਅਤੇ ਸਈਅਦ ਮੋਟਰ ਸਾਈਕਲ ‘ਤੇ ਵਿਹੜੇ ‘ਚ ਆ ਖੜੋਤੇ। ਮਾਂ ਨੇ ਭੱਜ ਕੇ ਉਨ੍ਹਾਂ ਨੂੰ ਗਲ ਨਾਲ ਲਾਇਆ। ਅਸੀਂ ਸਾਰੇ ਵੀ ਉਨ੍ਹਾਂ ਨੂੰ ਚੰਬੜ ਗਏ। ਕੋਈ ਮਹੀਨੇ ਪਿੱਛੋਂ ਭਾਈ ਛੁੱਟੀ ਆਏ ਸਨ। ਉਹ ਥੱਕੇ ਹੋਏ ਸਨ ਤੇ ਨਹਾਉਣ ਧੋਣ ਲੱਗ ਪਏ। ਇੰਨੇ ਨੂੰ ਖੈਰੀ ਵੀ ਖੇਤੋਂ ਆ ਗਿਆ। ਉਸ ਨੇ ਵੱਡਾ ਸਾਰਾ ਟੋਕਰਾ ਸਿਰ ‘ਤੇ ਚੁੱਕਿਆ ਹੋਇਆ ਸੀ। ਹੱਥ ਲਵਾ ਕੇ ਟੋਕਰਾ ਹੇਠਾਂ ਰਖਵਾਉਂਦਿਆਂ ਮਾਂ ਨੇ ਪੁੱਛਿਆ, “ਖੈਰੀ ਪੁੱਤਰ, ਕੀ ਕੁਝ ਲੈ ਆਇਆ ਐਂ?”
“ਮਾਂ, ਇਹ ਮੀਟ ਐ। ਮੈਂ ਤਾਂ ਤਿਆਰੀ ਕੀਤੀ ਸੀ ਕਿ ਦੁੰਬਾ ਵੱਢੂੰਗਾ। ਪਰ ਜਦੋਂ ਮੈਂ ਸੁਣਿਆਂ ਕਿ ਸਿਰਫ ਜਾਲੋ ਤੇ ਸਈਅਦ ਈ ਨੇ ਤਾਂ ਮੈਂ ਇਕ ਦਰਮਿਆਨਾ ਜਿਹਾ ਬੱਕਰਾ ਈ ਬਣਾ ਲਿਆ।”
“ਚੰਗਾ ਕੀਤਾ ਪੁੱਤਰ। ਮੈਂ ਆਸਮਾ ਨੂੰ ਭੇਜਦੀ ਆਂ, ਹੱਟੀ ਤੋਂ ਮਸਾਲੇ ਲੈ ਆਵੇ।” ਇੰਨਾ ਆਖ ਮਾਂ ਨੇ ਮੈਨੂੰ ਆਵਾਜ਼ ਮਾਰੀ ਤੇ ਮੈਂ ਹੈਂਜ਼ੀ ਵਲ ਨੂੰ ਚੱਲ ਪਈ। ਮਸਾਲੇ ਲੈ ਕੇ ਜਦੋਂ ਵਾਪਸ ਆਈ ਤਾਂ ਮਾਂ ਭੁੰਨਣ ਲਈ ਮੀਟ ਤਿਆਰ ਕਰੀ ਬੈਠੀ ਸੀ। ਮੈਂ ਮਸਾਲੇ ਰੱਖ ਦਿੱਤੇ ਤੇ ਭਾਈ ਹੁਰਾਂ ਕੋਲੋਂ ਸ਼ਹਿਰੋਂ ਲਿਆਂਦੀਆਂ ਵਸਤਾਂ ਸਾਂਭਣ ਲੱਗੀ। ਭਾਈ ਸਾਡੇ ਲਈ ਕੈਂਡੀਆਂ, ਚਾਕਲੇਟ ਤੇ ਕਈ ਕੁਝ ਲਿਆਏ ਸਨ। ਅਸੀਂ ਸਾਰੇ ਭੈਣ ਭਰਾ ਚੀਜ਼ਾਂ ਲੈਣ ਲਈ ਖਿੱਚਾ ਧੂਹੀ ਕਰ ਰਹੇ ਸਾਂ। ਇੰਨੇ ਨੂੰ ਮੀਟ ਸੜਨ ਦੀ ਖੁਸ਼ਬੋਈ ਨੱਕ ਨੂੰ ਚੜ੍ਹੀ ਤਾਂ ਮੂੰਹ ਵਿਚ ਪਾਣੀ ਆ ਗਿਆ। ਮਾਂ ਨੇ ਸੀਖਾਂ ‘ਤੇ ਟੰਗ ਕੇ ਮੀਟ ਪਕਾਉਣਾ ਸ਼ੁਰੂ ਕਰ ਦਿੱਤਾ। ਅਸੀਂ ਸਾਰੇ ਹੇਠਾਂ ਗੋਲ ਘੇਰੇ ‘ਚ ਬੈਠ ਗਏ। ਮਾਂ ਨੇ ਪਰਾਤ ‘ਚ ਪਾ ਕੇ ਮੀਟ ਸਾਡੇ ਵਿਚਾਲੇ ਲਿਆ ਰੱਖਿਆ। ਨਾਲ ਹੀ ਉਸ ਨੇ ਤੰਦੂਰ ‘ਤੇ ਪਕਾਈਆਂ ਰੋਟੀਆਂ ਅਤੇ ਸਬਜ਼ੀਆਂ ਦਾ ਸੂਪ ਲਿਆ ਧਰਿਆ। ਗਰਮ ਗਰਮ ਮੀਟ ਦਾ ਮਜ਼ਾ ਲੈਂਦੇ ਸਾਰੇ ਖਾਣਾ ਖਾਣ ਲੱਗੇ। ਹੈਂਜ਼ੀ ਵੀ ਦੁਕਾਨ ਬੰਦ ਕਰਕੇ ਆ ਗਿਆ। ਖਾਉ-ਪੀਉ ਤੋਂ ਵਿਹਲੇ ਹੋ ਅਸੀਂ ਦਰੀ ਵਿਛਾ ਕੇ ਹੇਠਾਂ ਹੀ ਬਹਿ ਗਏ। ਮਾਂ ਵੀ ਕੋਲ ਆ ਬੈਠੀ। ਜਾਲੋ ਵਲ ਵੇਖ ਮਾਂ ਨੇ ਗੱਲ ਤੋਰੀ, “ਜਾਲੋ ਪੁੱਤਰ, ਤੇਰਾ ਕੰਮ ਕਿਵੇਂ ਚੱਲਦਾ ਐ?”
ਜਾਲੋ ਨੇ ਸਭ ਵਲ ਨਜ਼ਰ ਘੁਮਾਈ। ਉਸ ਦੇ ਮੱਥੇ ‘ਤੇ ਸ਼ਿਕਨ ਸੀ। ਉਹ ਕੁਝ ਫਿਕਰਮੰਦ ਜਿਹਾ ਬੋਲਿਆ, “ਮਾਂ, ਕੰਮ ਤਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੋ ਗਿਆ ਐ। ਪਰ ਇਹ ਕਿਸੇ ਮਾੜੇ ਵਕਤ ਦਾ ਸੰਕੇਤ ਐ।”
ਜਾਲੋ ਦੀ ਗੱਲ ਸੁਣ ਮਾਂ ਦੇ ਚਿਹਰੇ ‘ਤੇ ਹੈਰਾਨੀ ‘ਚ ਤਿਉੜੀਆਂ ਉਭਰ ਆਈਆਂ ਤੇ ਉਸ ਨੇ ਫਿਕਰ ਜਿਹੇ ਨਾਲ ਪੁੱਛਿਆ, “ਉਹ ਕਿਉਂ ਪੁੱਤਰ?”
“ਮਾਂ, ਅੱਜ ਕੱਲ ਬਹੁਤ ਸਾਰੀਆਂ ਫੌਜੀ ਗੱਡੀਆਂ ਮੁਰੰਮਤ ਲਈ ਆਉਂਦੀਆਂ ਨੇ। ਇਹ ਸਭ ਇਸਲਾਮਕ ਸਟੇਟ ਵਾਲਿਆਂ ਦੀਆਂ ਨੇ। ਇਨ੍ਹਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਐ। ਮਤਲਬ, ਉਹ ਸਿੰਜਾਰ ਵਲ ਵਧਦੇ ਆ ਰਹੇ ਨੇ।”
ਗੱਲ ਸੁਣ ਕੇ ਇਕਦਮ ਖਾਮੋਸ਼ੀ ਛਾ ਗਈ। ਸਭ ਦੇ ਚਿਹਰਿਆਂ ‘ਤੇ ਤਣਾਅ ਜਿਹਾ ਆ ਗਿਆ। ਫਿਰ ਖੈਰੀ ਦੀ ਆਵਾਜ਼ ਆਈ, “ਮੈਂ ਖੇਤ ਆਪਣੀਆਂ ਭੇਡਾਂ ਕੋਲ ਹੁੰਨਾਂ। ਰਾਤਾਂ ਨੂੰ ਦੂਰ ਦੁਰਾਡ ਬੰਬ ਚੱਲਦੇ ਦਿੱਸਦੇ ਨੇ। ਖੜਾਕ ਸੁਣਦੈ ਤੇ ਚਿੰਗਾੜੇ ਛੱਡਦੀਆਂ ਰੋਸ਼ਨੀਆਂ ਅਸਮਾਨ ਚੜ੍ਹਦੀਆਂ ਨੇ। ਕੁਝ ਦਿਨ ਪਹਿਲਾਂ ਮੈਂ ਮਾਊਂਟ ਸਿੰਜਾਰ ਵਲ ਨਿਕਲ ਗਿਆ ਸਾਂ। ਉਧਰ ਦੇ ਲੋਕ ਵੀ ਮਿਲੇ ਸਨ। ਉਹ ਵੀ ਕਈ ਕੁਝ ਦੱਸਦੇ ਸਨ।”
ਗੱਲ ਬੰਦ ਕਰਦਿਆਂ ਉਸ ਨੇ ਸਭ ਦੇ ਚਿਹਰਿਆਂ ਵਲ ਨਜ਼ਰ ਮਾਰੀ। ਸਾਰੇ ਸਾਹ ਰੋਕੀ ਗੱਲ ਸੁਣ ਰਹੇ ਸਨ। ਕੋਈ ਵੀ ਜੁਆਬ ‘ਚ ਕੁਝ ਨਾ ਬੋਲਿਆ ਤਾਂ ਉਹ ਦੱਸਣ ਲੱਗਾ, “ਉਧਰ ਸਿੰਜਾਰ ਪਹਾੜ ‘ਤੇ ਆਪਣੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਐ। ਦੂਰ ਨੇੜੇ ਦੇ ਉਜੜੇ ਉਖੜੇ ਲੋਕੀਂ ਸਿੰਜਾਰ ਪਹਾੜ ‘ਤੇ ਸ਼ਰਨ ਲੈ ਰਹੇ ਨੇ।”
ਗੱਲ ਸੁਣ ਮਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਕਿਹਾ, “ਮਾਊਂਟ ਸਿੰਜਾਰ ਤਾਂ ਆਪਣੀ ਮਾਂ ਐਂ। ਜਦੋਂ ਕਦੇ ਵੀ ਆਪਣੇ ਲੋਕਾਂ ‘ਤੇ ਬਿਪਤਾ ਬਣਦੀ ਐ ਤਾਂ ਉਹ ਸਿੰਜਾਰ ਪਹਾੜਾਂ ‘ਤੇ ਈ ਸ਼ਰਨ ਲੈਂਦੇ ਨੇ। ਪਰ ਖੈਰੀ ਪੁੱਤਰ ਉਨ੍ਹਾਂ ਦੇ ਖਾਣ ਪੀਣ ਦਾ ਕੀ ਬਣੇਗਾ ਤੇ ਉਤੋਂ ਇੰਨੀ ਗਰਮੀ?”
“ਮਾਂ ਇਸ ਗੱਲੋਂ ਤਾਂ ਹਾਲ ਮਾੜਾ ਈ ਐ। ਜਾਨਾਂ ਜ਼ਰੂਰ ਬਚ ਗਈਆਂ ਪਰ ਖਾਣ ਪੀਣ ਵਲੋਂ ਉਨ੍ਹਾਂ ਦਾ ਬਹੁਤ ਬੁਰਾ ਹਾਲ ਐ।”
“ਭਾਈ, ਜੇ ਇਸਲਾਮਕ ਸਟੇਟ ਵਾਲੇ ਇੱਧਰ ਨੂੰ ਆ ਗਏ ਤਾਂ ਆਪਣਾ ਕੀ ਬਣੂੰ?” ਕਾਫੀ ਚਿਰ ਤੋਂ ਗੱਲਾਂ ਸੁਣਦੀ ਨੇ ਮੈਂ ਡਰ ਵੱਸ ਪੁੱਛਿਆ।
“ਅਜੇ ਤਾਂ ਉਹ ਮੋਸਲ ਵਲ ਈ ਨੇ। ਆਪਣੇ ਵਲ ਤਾਂ ਸ਼ਾਇਦ ਨਾ ਈ ਆਉਣ।” ਹੈਂਜ਼ੀ ਨੇ ਸਭ ਦਾ ਦਿਲ ਧਰਵਾਉਣ ਪੱਖੋਂ ਕਿਹਾ।
“ਕੀ ਕਹਿ ਸਕਦੇ ਆਂ।” ਖੈਰੀ ਨੇ ਉਸ ਦਾ ਜੁਆਬ ਦਿੱਤਾ ਤਾਂ ਹੈਂਜ਼ੀ ਅੱਗੇ ਦੱਸਣ ਲੱਗਾ, “ਕੱਲ੍ਹ ਮੋਸਲ ਤੋਂ ਵਣਜਾਰਾ ਆਇਆ ਸੀ ਮੇਰੀ ਦੁਕਾਨ ਵਿਚ ਸਾਮਾਨ ਭਰਨ। ਉਹ ਦੱਸਦਾ ਸੀ ਕਿ ਅਜੇ ਤਾਂ ਉਹ ਉਥੇ ਈ ਆਪਣੀਆਂ ਜੜ੍ਹਾਂ ਜਮਾਉਣ ਲੱਗੇ ਹੋਏ ਨੇ। ਨਾਲ ਈ ਉਸ ਕਿਹਾ ਕਿ ਅਮਰੀਕਨਾਂ ਨੇ ਧਮਕੀ ਦਿੱਤੀ ਐ, ਜੇ ਉਹ ਅਗਾਂਹ ਵਧੇ ਤਾਂ ਅਮਰੀਕਾ ਫੌਜ ਭੇਜੇਗਾ।”
“ਧਮਕੀ ਤਾਂ ਖੈਰ ਉਹ ਕਿਸੇ ਦੀ ਨ੍ਹੀਂ ਮੰਨਦੇ। ਸਾਡੀ ਯੂਨਿਟ ਵਿਚ ਵੀ ਬੜਾ ਭੈਅ ਫੈਲਿਆ ਹੋਇਆ ਐ। ਮੇਰੇ ਕਈ ਸਾਥੀ ਆਪਣੇ ਪਿੰਡਾਂ ਤੋਂ ਨੇ। ਹਰ ਕੋਈ ਫਿਕਰਮੰਦ ਐ। ਪਰ ਸਾਡਾ ਕਮਾਂਡਰ, ਜੋ ਕੁਰਦਸਤਾਨ ਤੋਂ ਐ, ਕਹਿੰਦਾ ਸੀ, ਇਸ ਇਲਾਕੇ ਵਿਚ ਕੁਰਦ ਪੇਸ਼ਮਰਗਾ ਬਹੁਤ ਮਜ਼ਬੂਤ ਐ। ਇਸ ਕਰਕੇ ਇੱਧਰ ਉਹ ਆਉਣ ਦੀ ਜੁਅਰਤ ਨ੍ਹੀਂ ਕਰਨਗੇ।” ਸਈਅਦ ਨੇ ਆਪਣੀ ਗੱਲ ਕਹੀ।
“ਪੁੱਤਰੋ ਰੱਬ ‘ਤੇ ਭਰੋਸਾ ਰੱਖੋ। ਉਹ ਆਪਣੀ ਮਦਦ ਕਰੂਗਾ। ਆਪਣੇ ‘ਤੇ ਪਹਿਲਾਂ ਬਥੇਰੀਆਂ ਬਿਪਤਾਵਾਂ ਪਈਆਂ ਨੇ। ਤਾਉਸੀ ਮਲਕ ਈ ਆਪਣਾ ਆਸਰਾ ਬਣਦੈ।”
“ਮਾਂ, ਜਿੰਜ਼ਾਲ ਦਾ ਫੋਨ ਨ੍ਹੀਂ ਆਇਆ?” ਖੈਰੀ ਨੇ ਗੱਲ ਦਾ ਰੁਖ ਬਦਲਿਆ।
“ਉਸ ਦਾ ਫੋਨ ਆਉਂਦਾ ਈ ਰਹਿੰਦਾ ਐ। ਕਹਿੰਦੈ, ਛੇਤੀ ਈ ਉਹ ਇੱਥੇ ਆਪਣਾ ਘਰ ਖਰੀਦੂ। ਸ਼ਾਇਦ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਈ ਘਰ ਲੈ ਲਵੇ।”
ਸਭ ਨੂੰ ਪਤਾ ਸੀ ਕਿ ਜਿੰਜ਼ਾਲ ਦੀ ਬੀਵੀ ਜਿਨਾਲ ਗਰਭਵਤੀ ਹੈ। ਛੇਤੀ ਹੀ ਬੱਚੇ ਦਾ ਜਨਮ ਹੋਣ ਵਾਲਾ ਹੈ। ਹੁਣ ਗੱਲ ਛਿੜੀ ਤਾਂ ਸਭ ਦੇ ਚਿਹਰਿਆਂ ‘ਤੇ ਰੌਣਕ ਆ ਗਈ। ਸਈਅਦ ਖੁਸ਼ੀ ‘ਚ ਚਹਿਕਦਾ ਬੋਲਿਆ, “ਉਹ! ਮਤਲਬ ਮੈਂ ਚਾਚਾ ਬਣਨ ਵਾਲਾਂ।”
“ਤੇ ਮੈਂ ਭੂਆ ਬਣਨ ਵਾਲੀ ਆਂ। ਜਿੰਜ਼ਾਲ ਦੇ ਬੱਚੇ ਦੀ ਭੂਆ।” ਮੈਂ ਵੀ ਹੱਸਦਿਆਂ ਜੁਆਬ ਦਿੱਤਾ। ਇਸ ਨਾਲ ਗੱਲ ਦਾ ਰੁਖ ਬਦਲ ਗਿਆ। ਬੜਾ ਚਿਰ ਹੋਰ ਘਰੇਲੂ ਗੱਲਾਂ ਹੁੰਦੀਆਂ ਰਹੀਆਂ। ਦੇਰ ਰਾਤ ਖੈਰੀ ਖੇਤ ਨੂੰ ਮੁੜ ਗਿਆ। ਪਿੱਛੇ ਉਸ ਦਾ ਨੌਕਰ ਇਕੱਲਾ ਸੀ। ਬਾਕੀ ਸਾਰੇ ਜਣੇ ਕੋਠੇ ‘ਤੇ ਜਾ ਸੁੱਤੇ।
ਅਗਲੇ ਦਿਨ ਅਜੇ ਮੂੰਹ ਹਨੇਰਾ ਹੀ ਸੀ ਕਿ ਕੋਈ ਬਾਹਰੋਂ ਜ਼ੋਰ ਜ਼ੋਰ ਦੀ ਦਰਵਾਜਾ ਖੜਕਾਉਣ ਲੱਗਾ। ਅਸੀਂ ਅੱਭੜਵਾਹੇ ਉਠੇ। ਸਈਅਦ ਨੇ ਹੇਠਾਂ ਜਾ ਕੇ ਬੂਹਾ ਖੋਲ੍ਹਿਆ। ਸਾਹਮਣੇ ਨੌਕਰ ਖੜ੍ਹਾ ਸੀ। ਉਸ ਦਾ ਬੁਰਾ ਹਾਲ ਸੀ, ਕੰਬ ਰਿਹਾ ਸੀ, ਬੋਲਿਆ ਨਹੀਂ ਸੀ ਜਾ ਰਿਹਾ। ਉਦੋਂ ਨੂੰ ਸਾਰੇ ਹੇਠਾਂ ਆ ਚੁੱਕੇ ਸਨ। ਸਈਅਦ ਨੇ ਨੌਕਰ ਨੂੰ ਪਾਣੀ ਪਿਆਇਆ ਤੇ ਉਸ ਦੇ ਮੋਢੇ ‘ਤੇ ਹੱਥ ਧਰ ਗੱਲ ਦੱਸਣ ਨੂੰ ਕਿਹਾ। ਨੌਕਰ ਕੰਬਦਿਆਂ ਬੋਲਿਆ, “ਖੈਰੀ ਨੂੰ ਉਹ ਚੁੱਕ ਕੇ ਲੈ ਗਏ ਨੇ।”
“ਕੌਣ?” ਮਾਂ ਨੇ ਇਕਦਮ ਅਗਾਂਹ ਹੁੰਦਿਆਂ ਉਸ ਦੀ ਬਾਂਹ ਝੰਜੋੜੀ।
“ਪਤਾ ਨ੍ਹੀਂ ਕੌਣ ਸਨ ਉਹ। ਉਨ੍ਹਾਂ ਦੇ ਮੂੰਹ ਢਕੇ ਹੋਏ ਸੀ ਤੇ ਗਲੀਂ ਰਾਈਫਲਾਂ ਲਟਕਦੀਆਂ ਸਨ।”
ਸਭ ਦੇ ਹੋਸ਼ ਮਾਰੇ ਗਏ। ਸਭ ਨੂੰ ਲੱਗਾ ਕਿ ਹੋ ਨਾ ਹੋ ਇਹ ਇਸਲਾਮਕ ਸਟੇਟ ਵਾਲਿਆਂ ਦਾ ਹੀ ਕੰਮ ਹੈ। ਜਾਲੋ ਨੂੰ ਕੁਝ ਅਹੁੜਿਆ ਤੇ ਉਸ ਨੇ ਨੌਕਰ ਨੂੰ ਪੁੱਛਿਆ, “ਕੁਛ ਹੋਰ ਵੀ ਲੈ ਗਏ ਜਾਂ ਸਿਰਫ ਖੈਰੀ ਨੂੰ ਚੁੱਕਿਐ?”
“ਉਹ ਦਸ ਭੇਡਾਂ ਵੀ ਟਰੱਕ ‘ਚ ਸੁੱਟ ਕੇ ਲੈ ਗਏ ਨੇ।”
ਗੱਲ ਸੁਣ ਸਈਅਦ ਦੇ ਚਿਹਰੇ ਤੋਂ ਫਿਕਰ ਕੁਝ ਘੱਟ ਗਿਆ ਤੇ ਉਹ ਸਭ ਵਲ ਵੇਖਦਾ ਕਹਿਣ ਲੱਗਾ, “ਬਹੁਤਾ ਘਬਰਾਉਣ ਦੀ ਗੱਲ ਨ੍ਹੀਂ ਲੱਗਦੀ। ਇਹ ਇਸਲਾਮਕ ਸਟੇਟ ਵਾਲੇ ਨ੍ਹੀਂ ਜਾਪਦੇ। ਇਹ ਤਾਂ ਲੁਟੇਰੇ ਲੱਗਦੇ ਨੇ। ਮੈਂ ਮੁਖਤਾਰ ਵਲ ਨੂੰ ਜਾਨਾਂ। ਪਤਾ ਕਰਵਾਉਨੇ ਆਂ।”
ਉਹ ਤੁਰਨ ਲੱਗਾ ਤਾਂ ਰੋਂਦੀ ਹੋਈ ਮਾਂ ਬੋਲੀ, “ਪੁੱਤਰ ਸਈਅਦ ਕੁਝ ਖਾ ਪੀ ਜਾਹ। ਇਵੇਂ ਭੁੱਖੇ ਪੇਟ ਜਾਣਾ ਠੀਕ ਨ੍ਹੀਂ।”
ਮਾਂ ਨੇ ਦੁੱਧ ਦਾ ਗਲਾਸ ਸਈਅਦ ਨੂੰ ਫੜ੍ਹਾ ਦਿੱਤਾ। ਉਸ ਨੇ ਕੁਝ ਹੀ ਘੁੱਟਾਂ ‘ਚ ਗਲਾਸ ਖਾਲੀ ਕਰ ਦਿੱਤਾ। ਮੂੰਹ ਧੋਂਦਾ ਉਹ ਤੁਰਨ ਲੱਗਾ ਹੀ ਸੀ ਕਿ ਮੁਖਤਾਰ ਅਹਿਮਦ ਜਾਸੋ ਬੂਹਿਉਂ ਅੰਦਰ ਆਉਂਦਾ ਦਿੱਸਿਆ। ਸਈਅਦ ਨੇ ਅਗਾਂਹ ਹੁੰਦਿਆਂ ਉਸ ਦਾ ਸੁਆਗਤ ਕੀਤਾ ਤੇ ਉਸ ਲਈ ਕੁਰਸੀ ਡਾਹ ਦਿੱਤੀ। ਉਹ ਗੰਭੀਰ ਜਿਹਾ ਸੀ ਤੇ ਬਹਿੰਦਿਆਂ ਹੀ ਬੋਲਿਆ, “ਮੈਨੂੰ ਜਾਪਦਾ ਐ ਤੁਸੀਂ ਜਾਣ ਈ ਗਏ ਹੋਵੋਗੇ ਕਿ ਰਾਤੀਂ ਕੀ ਹੋਇਆ?”
“ਹਾਂ ਜੀ ਹੁਣੇ ਈ ਨੌਕਰ ਨੇ ਦੱਸਿਐ ਖੈਰੀ ਬਾਰੇ। ਪਰ ਕੁਛ ਪਤਾ ਲੱਗਾ ਕਿ ਕੌਣ ਲੋਕ ਨੇ ਜਿਨ੍ਹਾਂ ਇਹ ਕਾਰਾ ਕੀਤਾ?” ਸਈਅਦ ਨੇ ਪੁੱਛਿਆ।
ਖੰਘੂਰਾ ਜਿਹਾ ਮਾਰ ਮੁਖਤਾਰ ਕਹਿਣ ਲੱਗਾ, “ਮੈਨੂੰ ਪਤਾ ਲੱਗ ਚੁੱਕੈ। ਘਬਰਾਉਣ ਦੀ ਗੱਲ ਨ੍ਹੀਂ। ਇਹ ਕੋਈ ਬਾਹਰਲਾ ਨ੍ਹੀਂ ਐ। ਕਿਰਕੀ ਪਿੰਡ ਦੇ ਮੁਖਤਾਰ ਨੇ ਮੈਨੂੰ ਫੋਨ ਕਰਕੇ ਦੱਸਿਐ ਕਿ ਇਹ ਲੋਕ ਉਸ ਦੇ ਪਿੰਡ ਦੇ ਲੁਟੇਰੇ ਨੇ। ਪੈਸਾ ਮੰਗਦੇ ਨੇ।”
“ਕਿੰਨੇ ਪੈਸੇ ਜੀ?”
“ਬਹੁਤਾ ਤਾਂ ਪਤਾ ਨ੍ਹੀਂ ਲੱਗਾ। ਉਂਜ ਮੰਗਦੇ ਤਾਂ ਇਹ ਬਹੁਤ ਹੁੰਦੇ ਨੇ ਪਰ ਆਖਰ ਪੰਜ-ਸੱਤ ਹਜ਼ਾਰ ‘ਤੇ ਮੰਨ ਜਾਂਦੇ ਨੇ।”
ਉਸ ਦੀ ਗੱਲ ਸੁਣ ਸਈਅਦ ਹੈਂਜ਼ੀ ਅਤੇ ਜਾਲੋ ਦੀਆਂ ਨਜ਼ਰਾਂ ਮਿਲੀਆਂ। ਉਨ੍ਹਾਂ ਦੇ ਚਿਹਰਿਆਂ ‘ਤੇ ਕੁਝ ਤਸੱਲੀ ਜਿਹੀ ਝਲਕਦੀ ਸੀ। ਸ਼ਾਇਦ ਇਹ ਰਕਮ ਉਨ੍ਹਾਂ ਨੂੰ ਕੋਈ ਬਹੁਤੀ ਵੱਡੀ ਨਾ ਲੱਗੀ। ਫਿਰ ਸਈਅਦ ਨੇ ਮੁਖਤਾਰ ਨੂੰ ਕਿਹਾ, “ਤੁਸੀਂ ਗੱਲ ਅਗਾਂਹ ਵਧਾਉ ਜੀ। ਅਸੀਂ ਪੈਸੇ ਦਾ ਇੰਤਜ਼ਾਮ ਕਰਦੇ ਆਂ।”
“ਮੈਂ ਵੀ ਇਹੀ ਸੋਚਦਾ ਸੀ। ਆਪਾਂ ਕਿਰਕੀ ਪਿੰਡ ਦੇ ਮੁਖਤਾਰ ਨੂੰ ਅੱਜ ਈ ਇੱਥੇ ਸੱਦ ਲੈਨੇ ਆਂ। ਦੁਪਹਿਰ ਦੇ ਖਾਣੇ ਦਾ ਨਿਉਂਤਾ ਦੇ ਦਿੰਦੇ ਆਂ। ਕਿਵੇਂ ਰਹੂ?”
“ਬਿਲਕੁਲ ਠੀਕ ਐ ਜੀ। ਤੁਸੀਂ ਕਰੋ ਜੋ ਕਰਨਾ ਐਂ। ਸਾਨੂੰ ਵੀ ਦੱਸ ਦਿਉ ਕਿ ਸਾਨੂੰ ਕੀ ਹੁਕਮ ਐ?”
“ਤੁਸੀਂ ਇਕ ਬੱਕਰਾ ਵੱਢ ਕੇ ਭਿਜਵਾ ਦਿਉ। ਇਕ ਜਣਾ ਦੁਪਹਿਰ ਵੇਲੇ ਮੇਰੇ ਨਾਲ ਰਿਹੋ।”
“ਹਾਂ ਜੀ ਮੈਂ ਤੁਹਾਡੇ ਨਾਲ ਰਹੂੰ।” ਹੈਂਜ਼ੀ ਨੇ ਕਿਹਾ।
“ਠੀਕ ਐ। ਦੁਪਹਿਰ ਵੇਲੇ ਆ ਜਾਵੀਂ।” ਇੰਨਾ ਕਹਿ ਕੇ ਮੁਖਤਾਰ ਘਰ ਨੂੰ ਮੁੜ ਗਿਆ ਤੇ ਹੈਂਜ਼ੀ ਨੌਕਰ ਨੂੰ ਲੈ ਕੇ ਖੇਤ ਨੂੰ ਤੁਰ ਪਿਆ। ਉਸ ਨੇ ਖਾਣ ਪੀਣ ਦਾ ਪ੍ਰਬੰਧ ਕੀਤਾ। ਦੁਪਹਿਰ ਵੇਲੇ ਅਸੀਂ ਵੇਖਿਆ ਕਿ ਕਿਰਕੀ ਦਾ ਮੁਖਤਾਰ ਆਪਣੇ ਬੰਦਿਆਂ ਨਾਲ ਟਰੱਕ ‘ਚ ਅਹਿਮਦ ਜਾਸੋ ਦੇ ਘਰ ਜਾ ਰਿਹਾ ਸੀ। ਹੈਂਜ਼ੀ ਵੀ ਉਧਰੇ ਚਲਾ ਗਿਆ।
ਦੁਪਹਿਰ ਪਿੱਛੋਂ ਹੈਂਜ਼ੀ ਨੇ ਆ ਕੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਖੈਰੀ ਨੂੰ ਅਗਵਾ ਕੀਤਾ ਹੈ ਉਹ ਕਿਰਕੀ ਦੇ ਹੀ ਹਨ। ਉਹ ਸੱਤ ਹਜ਼ਾਰ ਦਿਨਾਰ ‘ਚ ਖੈਰੀ ਨੂੰ ਮੋੜਨਾ ਮੰਨ ਗਏ ਨੇ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਚੁੱਕੀਆਂ ਭੇਡਾਂ ਵੀ ਰੱਖਣਗੇ। ਰੋਂਦੀ ਹੋਈ ਮਾਂ ਨੇ ਖੈਰੀ ਬਾਰੇ ਪੁੱਛਿਆ ਤਾਂ ਹੈਂਜ਼ੀ ਦੱਸਣ ਲੱਗਾ, “ਮਾਂ ਉਹ ਠੀਕ ਐ। ਕਿਰਕੀ ਦਾ ਮੁਖਤਾਰ ਕਹਿੰਦਾ ਸੀ, ਖੈਰੀ ਉਸ ਦੇ ਘਰ ਐ। ਜਿਵੇਂ ਈ ਉਨ੍ਹਾਂ ਨੂੰ ਰਕਮ ਮਿਲ ਗਈ, ਉਹ ਉਸ ਨੂੰ ਇੱਥੇ ਛੱਡ ਜਾਣਗੇ। ਅਸੀਂ ਹੁਣ ਪੈਸੇ ਦਾ ਪ੍ਰਬੰਧ ਕਰਦੇ ਆਂ।”
ਮਾਂ ਨੇ ਸਿਰ ਨਿਵਾਉਂਦਿਆਂ ਹੁੰਗਾਰਾ ਭਰਿਆ। ਉਂਜ ਉਹ ਉਵੇਂ ਹੀ ਹੌਂਕੇ ਭਰਦੀ ਰਹੀ। ਬਾਕੀ ਸਾਰੇ ਵੀ ਘਰ ਦੇ ਇਕ ਖੂੰਝੇ ਬੈਠੇ ਰੋ ਰਹੇ ਸਨ। ਸਈਅਦ, ਜਾਲੋ ਅਤੇ ਹੈਂਜ਼ੀ ਪੈਸੇ ਦਾ ਪ੍ਰਬੰਧ ਕਰਨ ਲੱਗ ਪਏ। ਉਨ੍ਹਾਂ ਨੇ ਜਿੰਜ਼ਾਲ ਨਾਲ ਫੋਨ ‘ਤੇ ਗੱਲ ਕਰ ਲਈ ਸੀ। ਇਸ ਤੋਂ ਬਿਨਾ ਜਾਲੋ ਦੀ ਸਿੰਜਾਰ, ਉਸ ਦੇ ਬੈਂਕ ਨਾਲ ਵੀ ਗੱਲਬਾਤ ਹੋ ਗਈ ਸੀ। ਅਗਲੇ ਦਿਨ ਪੈਸੇ ਮਿਲ ਜਾਣੇ ਸਨ। ਉਦੋਂ ਤੱਕ ਸਾਨੂੰ ਇਵੇਂ ਹੀ ਉਡੀਕ ਕਰਨੀ ਪੈਣੀ ਸੀ। ਸਈਅਦ ਨੇ ਜਾਲੋ ਨੂੰ ਰਾਏ ਦਿੱਤੀ ਕਿ ਉਹ ਸ਼ਹਿਰ ਚਲਾ ਜਾਵੇ ਤਾਂ ਕਿ ਪੈਸੇ ਲਿਆਂਦੇ ਜਾ ਸਕਣ। ਜਾਲੋ ਤਿਆਰ ਹੋ ਗਿਆ। ਉਸ ਨੂੰ ਤੋਰ ਕੇ ਅਸੀਂ ਸਾਰੇ ਉਦਾਸੇ ਚਿਹਰਿਆਂ ਨਾਲ ਵਾਪਸ ਵਿਹੜੇ ‘ਚ ਆ ਬੈਠੇ। ਉਦੋਂ ਨੂੰ ਗਲੀ ਵਲੋਂ ‘ਖੜੱਪ ਖੜੱਪ’ ਦੀ ਆਵਾਜ਼ ਆਈ। ਸਾਡੇ ਚਿਹਰਿਆਂ ਦੀ ਉਦਾਸੀ ਕੁਝ ਘੱਟ ਗਈ। ਸ਼ਾਮੀ ਅੰਮਾ ਨੇ ਅੰਦਰ ਆਉਂਦਿਆਂ ਹੀ ਮਾਂ ਵਲ ਹੱਥ ਖੜ੍ਹਾ ਕਰ ਦਿੱਤਾ। ਭਾਵ ਉਸ ਨੇ ਖਾਣਾ ਪੀਣਾ ਕੁਝ ਨਹੀਂ। ਉਹ ਨੇੜੇ ਆਈ ਤਾਂ ਮਾਂ ਉਸ ਨੂੰ ਚਿੰਬੜ ਕੇ ਰੋਣ ਲੱਗੀ। ਅਸੀਂ ਸਭ ਵੀ ਸੁਬਕਦੇ ਸ਼ਾਮੀ ਅੰਮਾ ਨੂੰ ਲਿਪਟ ਗਏ। ਉਸ ਨੇ ਸਭ ਦੇ ਸਿਰਾਂ ‘ਤੇ ਹੱਥ ਫੇਰਦਿਆਂ ਧਰਵਾਸ ਦਿੱਤਾ। ਮਾਂ ਨੇ ਉਸ ਲਈ ਕੁਰਸੀ ਡਾਹ ਦਿੱਤੀ। ਉਹ ਬਹਿੰਦਿਆਂ ਮਾਂ ਨੂੰ ਬੋਲੀ, “ਸਾਇਰਾ ਬੀਬੀ, ਸਮਾਂ ਬਹੁਤ ਮਾੜਾ ਚੱਲ ਰਿਹਾ ਐ। ਮੈਨੂੰ ਹੁਣੇ ਖੈਰੀ ਬਾਰੇ ਪਤਾ ਲੱਗੈ।”
“ਅੰਮਾ ਕੀ ਕਰੀਏ। ਕੋਈ ਨਾ ਕੋਈ ਵਖਤ ਪਿਆ ਈ ਰਹਿੰਦੈ। ਪਤਾ ਨ੍ਹੀਂ ਰੱਬ ਕਿਉਂ ਨਾਰਾਜ਼ ਐ ਮੇਰੇ ਬੱਚਿਆਂ ‘ਤੇ।”
“ਨ੍ਹੀਂ ਧੀਏ, ਰੱਬ ਦਾ ਕੋਈ ਦੋਸ਼ ਨ੍ਹੀਂ। ਇਹ ਤਾਂ ਲੋਕਾਂ ਦਾ ਈ ਇਮਾਨ ਮਾਰਿਆ ਗਿਆ ਐ।”
“ਅੰਮਾ ਉਤੋਂ ਵਕਤ ਕਿੰਨਾ ਖਰਾਬ ਐ। ਫਿਰ ਆਹ ਡਾਕੂ ਲੁਟੇਰੇ ਸਾਡਾ ਖਹਿੜਾ ਨ੍ਹੀਂ ਛੱਡਦੇ।” ਸਈਅਦ ਨੇ ਇੰਨਾ ਕਿਹਾ ਤਾਂ ਸ਼ਾਮੀ ਅੰਮਾ ਬੋਲੀ, “ਪੁੱਤਰਾ, ਸਾਡਾ ਵਕਤ ਤਾਂ ਹਮੇਸ਼ਾ ਤੋਂ ਈ ਖਰਾਬ ਰਿਹਾ ਐ। ਸਾਨੂੰ ਇਨ੍ਹਾਂ ਸੁੰਨੀ ਅਰਬੀਆਂ ਨੇ ਕਦੇ ਸੁੱਖ ਨਾਲ ਵਸਣ ਨ੍ਹੀਂ ਦਿੱਤਾ। ਇਹ ਮੁੱਦਤਾਂ ਤੋਂ ਇਹੀ ਕੁਛ ਕਰਦੇ ਆਉਂਦੇ ਨੇ। ਇਵੇਂ ਈ ਕਿੰਨੀ ਵਾਰੀ ਆਪਣੇ ਲੋਕਾਂ ਨੂੰ ਅਗਵਾ ਕਰ ਕੇ ਲੈ ਗਏ ਨੇ। ਤੇ ਫਿਰ ਫਿਰੌਤੀ ਲੈ ਕੇ ਈ ਛੱਡਦੇ ਨੇ।”
“ਅੰਮਾ ਖਤਰਾ ਤਾਂ ਕੋਈ ਨ੍ਹੀਂ ਮੇਰੇ ਪੁੱਤਰ ਨੂੰ?” ਮਾਂ ਨੇ ਅੱਖਾਂ ਪੂੰਝਦਿਆਂ ਪੁੱਛਿਆ।
“ਨ੍ਹੀਂ ਸਾਇਰਾ ਬੀਬੀ, ਕਿਉਂਕਿ ਉਥੇ ਦਾ ਮੁਖਤਾਰ ਵਿਚ ਆ ਗਿਐ। ਪੈਸੇ ਤਾਂ ਜ਼ਰੂਰ ਲੱਗਣਗੇ ਪਰ ਮੁਖਤਾਰ ਉਸ ਨੂੰ ਫੁੱਲ ਦੀ ਵੀ ਨ੍ਹੀਂ ਲੱਗਣ ਦੇਵੇਗਾ। ਅਹਿਮਦ ਜਾਸੋ ਨੇ ਵੀ ਮੈਨੂੰ ਇਹੀ ਦੱਸਿਆ ਐ।”
“ਅੰਮਾ ਮੈਂ ‘ਕੱਲੀ ਜਾਨ ਕੀ ਕੀ ਕਰਾਂ, ਇਨ੍ਹਾਂ ਦਾ ਬਾਪ ਤਾਂ…?” ਇੰਨਾ ਕਹਿੰਦਿਆਂ ਮਾਂ ਉਚੀ ਉਚੀ ਰੋਣ ਲੱਗ ਪਈ। ਉਸ ਨੂੰ ਇਸ ਬਿਪਤਾ ਦੀ ਘੜੀ ਬਾਪ ਯਾਦ ਆ ਗਿਆ ਸੀ। ਸ਼ਾਮੀ ਅੰਮਾ ਨੇ ਅਗਾਂਹ ਹੋ ਉਸ ਨੂੰ ਚੁੱਪ ਕਰਾਇਆ। ਮਾਂ ਵਲੋਂ ਹਟ ਉਸ ਨੇ ਸਾਡੇ ਵਲ ਵੇਖਿਆ। ਕੁਝ ਦੇਰ ਚੁੱਪ ਰਹਿ ਬੋਲੀ, “ਬੱਚਿਉ, ਆਪਾਂ ਕਦੇ ਵੀ ਸੁੱਖ ਨਾਲ ਨ੍ਹੀਂ ਰਹਿ ਸਕੇ। ਇਸ ਤਰ੍ਹਾਂ ਦੀਆਂ ਘਟਨਾਵਾਂ ਇੱਥੇ ਵਾਪਰਦੀਆਂ ਈ ਰਹਿੰਦੀਆਂ ਨੇ। ਪਰ ਮੈਨੂੰ ਹੁਣ ਕੋਈ ਹੋਰ ਫਿਕਰ ਮਾਰ ਰਿਹੈ…।” ਅਗਾਂਹ ਸ਼ਾਮੀ ਅੰਮਾ ਨੇ ਗੱਲ ਵਿਚਾਲੇ ਹੀ ਛੱਡ ਦਿੱਤੀ ਤਾਂ ਮਾਂ ਨੇ ਕਾਹਲੀ ਨਾਲ ਪੁੱਛਿਆ, “ਅੰਮਾ, ਉਹ ਕੀ?”
“ਮੈਨੂੰ ਆਪਣੇ ਪਿੰਡ ਵਲ ਕਿਆਮਤ ਦੀ ਕੋਈ ਖੂਨੀ ‘ਨੇਰੀ ਚੜ੍ਹੀ ਆਉਂਦੀ ਦਿਸਦੀ ਐ।
ਗੱਲ ਸੁਣ ਸਾਰੇ ਇਕਦਮ ਹੈਰਾਨ ਹੁੰਦਿਆਂ ਉਸ ਵਲ ਝਾਕੇ ਤਾਂ ਉਹ ਅੱਗੇ ਬੋਲਣ ਲੱਗੀ, “ਆਪਾਂ ਜਾਣਦੇ ਈ ਆਂ ਕਿ ਮੋਸਲ ਤਾਂ ਪਹਿਲਾਂ ਈ ਇਸਲਾਮਕ ਸਟੇਟ ਵਾਲਿਆਂ ਦੇ ਕਬਜ਼ੇ ‘ਚ ਐ। ਹੁਣ ਪਤਾ ਲੱਗੈ, ਉਨ੍ਹਾਂ ਆਪਣੀ ਸਾਰੀ ਫੌਜ ਸਿੰਜਾਰ ਵਲ ਨੂੰ ਤੋਰ ਦਿੱਤੀ ਐ।”
“ਹੈਂ ਅੰਮਾ ਕੀ ਕਿਹਾ? ਇਹ ਕਦੋਂ ਦੀ ਗੱਲ ਐ?” ਸਈਅਦ ਨੇ ਹੈਰਾਨੀ ‘ਚ ਪੁੱਛਿਆ।
“ਹੁਣੇ ਟੀ. ਵੀ. ਵੇਖ ਕੇ ਆ ਰਹੀ ਆਂ। ਤੁਸੀਂ ਤਾਂ ਸ਼ਾਇਦ ਖੈਰੀ ਵਾਲੇ ਮਸਲੇ ਕਰਕੇ ਕੁਛ ਵੇਖਿਆ ਈ ਨ੍ਹੀਂ ਹੋਣਾਂ। ਇਸੇ ਕਰਕੇ…।”
“ਹਾਂ ਅੰਮਾ ਸਾਡੀ ਤਾਂ ਮੱਤ ਈ ਮਾਰੀ ਪਈ ਐ। ਪਰ ਹੁਣ ਬਣੂੰ ਕੀ?” ਮਾਂ ਨੇ ਅੱਥਰੂ ਪੂੰਝਦਿਆਂ ਪੁੱਛਿਆ।
“ਬਣਨਾ ਕੀ ਐ ਬੱਚਿਉ। ਜੋ ਰੱਬ ਨੂੰ ਮਨਜ਼ੂਰ।” ਇੰਨਾ ਕਹਿੰਦਿਆਂ ਸ਼ਾਮੀ ਅੰਮਾ ਨੇ ਲੰਬਾ ਹਉਕਾ ਭਰਿਆ। ਇਕਦਮ ਚੁੱਪ ਪਸਰ ਗਈ। ਫਿਰ ਸ਼ਾਇਦ ਮਾਂ ਨੇ ਸਭ ਦਾ ਦਿਲ ਧਰਵਾਉਣ ਦੇ ਇਰਾਦੇ ਨਾਲ ਕਿਹਾ, “ਜੇ ਉਹ ਸਿੰਜਾਰ ਆ ਵੀ ਗਏ ਤਾਂ ਆਪਣੇ ਵਲ ਫਿਰ ਵੀ ਨ੍ਹੀਂ ਆਉਣਗੇ। ਆਪਾਂ ਠੀਕ ਆਂ।”
“ਮਾਂ ਇੱਧਰ ਕਿਉਂ ਨ੍ਹੀਂ ਆਉਣਗੇ? ਕੋਈ ਵਜ੍ਹਾ ਤਾਂ ਜਾਪਦੀ ਨ੍ਹੀਂ।” ਜ਼ਾਹਰਾ ਨੇ ਕਿਹਾ ਤਾਂ ਮਾਂ ਨੇ ਜੁਆਬ ਦਿੱਤਾ, “ਆਪਾਂ ਧੀਏ ਇੱਧਰ ਸਰਹੱਦ ‘ਤੇ ਆਂ। ਇਸ ਤੋਂ ਬਿਨਾ ਆਪਣੀ ਰਾਖੀ ਲਈ ਪੇਸ਼ਮਰਗਾ ਵੀ ਤਾਂ ਹੈਗਾ।” ਮਾਂ ਨੇ ਫਿਰ ਹੌਸਲਾ ਦਿੱਤਾ। ਪਰ ਸ਼ਾਮੀ ਅੰਮਾ ਉਦਾਸ ਆਵਾਜ਼ ‘ਚ ਬੋਲੀ, “ਸਾਇਰਾ ਬੀਬੀ, ਇਹ ਇਸਲਾਮਕ ਸਟੇਟ ਵਾਲੇ ਬੜੇ ਜ਼ਾਲਮ ਨੇ। ਜੇ ਇਹ ਸਿੰਜਾਰ ਤੱਕ ਆ ਗਏ ਤਾਂ ਇਹ ਅੱਗੇ ਵੀ ਵਧਣਗੇ। ਜਦੋਂ ਇਨ੍ਹਾਂ ਨੂੰ ਪਤਾ ਲੱਗਾ ਕਿ ਇੱਧਰ ਦੇ ਸਾਰੇ ਪਿੰਡ ਜਾਜ਼ੀਦੀਆਂ ਦੇ ਨੇ, ਫਿਰ ਤਾਂ ਜ਼ਰੂਰ ਆਉਣਗੇ।”
“ਤਾਂ ਫਿਰ ਆਪਾਂ ਕੀ ਕਰੀਏ ਅੰਮਾ?” ਹੁਣ ਤੱਕ ਚੁੱਪ ਬੈਠੀ ਜ਼ੀਨਤ ਨੇ ਪੁੱਛਿਆ।
“ਇਸ ਵੇਲੇ ਸਭ ਤੋਂ ਵੱਡੀ ਗੱਲ ਐ ਕਿ ਆਪਾਂ ਇਕਮੁੱਠ ਰਹੀਏ। ਇਕ ਦੂਜੇ ਦਾ ਸਾਥ ਦਈਏ। ਵੇਖੋ ਆਪਣੀ ਰਾਖੀ ਲਈ ਪੇਸ਼ਮਰਗਾ ਹੈਗੈ। ਰੱਬ ‘ਤੇ ਭਰੋਸਾ ਰੱਖੋ।”
ਉਹ ਚੁੱਪ ਹੋਈ ਤਾਂ ਸਈਅਦ ਉਸ ਦੀ ਗੱਲ ਦੀ ਤਾਈਦ ਕਰਦਾ ਕਹਿਣ ਲੱਗਾ, “ਹਾਂ ਇਹ ਗੱਲ ਅੰਮਾ ਦੀ ਬਿਲਕੁਲ ਦਰੁਸਤ ਐ। ਪੇਸ਼ਮਰਗਾ ਬਹੁਤ ਤਾਕਤਵਰ ਐ। ਨਾਲੇ ਪੇਸ਼ਮਰਗਾ ਦਾ ਤਾਂ ਮਤਲਬ ਈ ਜਾਨ ਵਾਰ ਕੇ ਦੂਸਰੇ ਦੀ ਰਾਖੀ ਕਰਨਾ। ਫਿਰ ਕੁਰਦਸਤਾਨ ਵਾਲਿਆਂ ਲਈ ਇਹ ਵੀ ਜ਼ਰੂਰੀ ਐ ਕਿ ਉਹ ਸਿੰਜਾਰ ਤੋਂ ਅੱਗੇ ਇਸਲਾਮਕ ਸਟੇਟ ਵਾਲਿਆਂ ਨੂੰ ਨਾ ਆਉਣ ਦੇਣ। ਇਸ ਵਿਚ ਕੁਰਦਸਤਾਨ ਦੀ ਸੁਰੱਖਿਆ ਵੀ ਖਤਰੇ ‘ਚ ਪੈਂਦੀ ਐ। ਇੱਧਰ ਵਲ ਤੇਲ ਦੇ ਖੂਹ ਵੀ ਇਸਲਾਮਕ ਸਟੇਟ ਵਾਲਿਆਂ ਤੋਂ ਬਚਾਉਣੇ ਬਹੁਤ ਜ਼ਰੂਰੀ ਨੇ। ਮੈਨੂੰ ਪੂਰਾ ਯਕੀਨ ਐ, ਕੁਰਦਸਤਾਨ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਸਿੰਜਾਰ ਤੋਂ ਅੱਗੇ ਨ੍ਹੀਂ ਆਉਣ ਦੇਵੇਗਾ।”
“ਖੁਦਾ ਕਰੇ ਤੇਰੀ ਗੱਲ ਠੀਕ ਹੋਵੇ ਬੱਚਿਆ।” ਸੋਚਾਂ ‘ਚ ਗੁੰਮ ਸ਼ਾਮੀ ਅੰਮਾ ਨੇ ਮੱਠਾ ਜਿਹਾ ਹੁੰਗਾਰਾ ਭਰਿਆ। ਸਈਅਦ ਫਿਰ ਬੋਲਿਆ, “ਸਾਡੀ ਯੂਨਿਟ ‘ਚ ਇਹ ਗੱਲਾਂ ਆਮ ਹੁੰਦੀਆਂ ਰਹਿੰਦੀਆਂ ਨੇ ਕਿ ਇਸ ਗੱਲੋਂ ਅਮਰੀਕਾ ਵੀ ਸਾਵਧਾਨ ਐ, ਬਈ ਇੱਧਰ ਇਸਲਾਮਕ ਸਟੇਟ ਵਾਲਿਆਂ ਨੂੰ ਨਾ ਵਧਣ ਦਿੱਤਾ ਜਾਵੇ। ਸੋ ਜੇ ਉਹ ਇੱਧਰ ਨੂੰ ਵਧਦੇ ਐ ਤਾਂ ਅਮਰੀਕਾ ਪੂਰੀ ਤਾਕਤ ਨਾਲ ਉਨ੍ਹਾਂ ਨੂੰ ਰੋਕੇਗਾ।”
ਸਈਅਦ ਨੇ ਗੱਲ ਪੂਰੀ ਕੀਤੀ ਤਾਂ ਸ਼ਾਮੀ ਅੰਮਾ ਉਠਦਿਆਂ ਬੋਲੀ, “ਰੱਬ ਭਲੀ ਕਰੂ ਪੁੱਤਰੋ। ਚੰਗਾ ਮੈਂ ਹੁਣ ਚੱਲਦੀ ਆਂ। ਖੈਰੀ ਪਰਤ ਆਵੇ ਤਾਂ ਮੈਨੂੰ ਸੁਨੇਹਾ ਭੇਜ ਦੇਣਾ। ਮੇਰੇ ਲਾਇਕ ਕੋਈ ਹੋਰ ਕੰਮ ਹੋਵੇ ਤਾਂ ਵੀ ਦੱਸ ਦੇਣਾ।” ਇੰਨਾ ਆਖ ਸ਼ਾਮੀ ਅੰਮਾ ਤੁਰ ਗਈ। ਅਸੀਂ ਸਾਰੇ ਉਸ ਨੂੰ ਜਾਂਦੀ ਨੂੰ ਵੇਖਦੇ ਰਹੇ। ਉਹ ਆਮ ਨਾਲੋਂ ਬਹੁਤ ਹੌਲੀ ਤੁਰ ਰਹੀ ਸੀ। ਉਹ ਘਰੋਂ ਬਾਹਰ ਨਿਕਲੀ ਹੀ ਸੀ ਕਿ ਸਈਅਦ ਦੇ ਫੋਨ ਦੀ ਘੰਟੀ ਵੱਜੀ। ਉਹ ਪਾਸੇ ਹੋ ਕੇ ਫੋਨ ਸੁਣਨ ਲੱਗਾ। ਗੱਲ ਪੂਰੀ ਹੋਣ ਪਿੱਛੋਂ ਉਹ ਕਹਿਣ ਲੱਗਾ, “ਮਾਂ, ਮੇਰੀ ਯੂਨਿਟ ‘ਚੋਂ ਫੋਨ ਆਇਐ। ਮੈਨੂੰ ਤੁਰੰਤ ਵਾਪਸ ਮੁੜਨ ਨੂੰ ਕਿਹਾ ਐ। ਸ਼ਾਇਦ ਇਸਲਾਮਕ ਸਟੇਟ ਵਾਲਿਆਂ ਦੇ ਵੱਧ ਰਹੇ ਖਤਰੇ ਕਰਕੇ ਈ ਐ।”
ਸੁਣ ਕੇ ਮਾਂ ਨੇ ਹੈਰਾਨੀ ਨਾਲ ਉਸ ਵਲ ਵੇਖਿਆ। ਉਸ ਦਾ ਚਿਹਰਾ ਇਕਦਮ ਚਿੰਤਾਗ੍ਰਸਤ ਹੋ ਗਿਆ। ਪਰ ਫਿਰ ਆਪਣੇ ਆਪ ‘ਤੇ ਕਾਬੂ ਪਾਉਂਦਿਆਂ ਉਸ ਕਿਹਾ, “ਚੰਗਾ ਪੁੱਤਰਾ ਜਾਹ ਤੂੰ।”
ਸਈਅਦ ਦੀ ਗੱਲ ਸੁਣ ਕੇ ਇਕੱਲੀ ਮਾਂ ਹੀ ਨਹੀਂ ਸਗੋਂ ਸਾਰੇ ਹੀ ਹਿਰਾਸੇ ਜਿਹੇ ਹੋ ਗਏ। ਕਿਉਂਕਿ ਇਸ ਵੇਲੇ ਕੋਈ ਨਹੀਂ ਸੀ ਚਾਹੁੰਦਾ ਕਿ ਪਰਿਵਾਰ ਦਾ ਵੱਡਾ ਪੁੱਤਰ ਵੀ ਘਰੋਂ ਚਲਿਆ ਜਾਵੇ। ਪਰ ਮਜਬੂਰੀ ਸੀ। ਸਈਅਦ ਬੜਾ ਉਦਾਸ ਚਿੱਤ ਘਰੋਂ ਤੁਰ ਗਿਆ। ਪਿੱਛੇ ਬੈਠੇ ਅਸੀਂ ਜਾਲੋ ਦਾ ਸੁਨੇਹਾ ਉਡੀਕਣ ਲੱਗੇ। ਸਵੇਰ ਤੋਂ ਸ਼ਾਮ ਹੋ ਗਈ ਪਰ ਉਸ ਦਾ ਫੋਨ ਨਾ ਆਇਆ। ਇਵੇਂ ਉਡੀਕਦਿਆਂ ਅਗਲਾ ਦਿਨ ਬੀਤ ਗਿਆ।
ਪੂਰੇ ਦੋ ਦਿਨ ਜਾਲੋ ਦਾ ਫੋਨ ਨਾ ਆਇਆ। ਅਸੀਂ ਉਡੀਕ ਉਡੀਕ ਪਾਗਲ ਹੋਈ ਜਾ ਰਹੇ ਸਾਂ। ਜਾਲੋ ਦਾ ਫੋਨ ਨਾ ਆਉਣ ਕਰਕੇ ਫਿਕਰ ਤਾਂ ਹੈ ਹੀ ਸੀ ਪਰ ਵੱਡਾ ਫਿਕਰ ਖੈਰੀ ਦਾ ਸੀ। ਉਹ ਤਿੰਨ ਦਿਨਾਂ ਤੋਂ ਸੁੰਨੀ ਅਰਬਾਂ ਦੇ ਕਬਜ਼ੇ ਵਿਚ ਸੀ। ਪੈਸੇ ਨਾ ਪਹੁੰਚਣ ਕਰਕੇ ਉਹ, ਉਸ ਨੂੰ ਰਿਹਾ ਨਹੀਂ ਸਨ ਕਰ ਰਹੇ। ਪਰ ਇੰਨਾ ਧਰਵਾਸ ਜ਼ਰੂਰ ਸੀ ਕਿ ਸਾਡਾ ਮੁਖਤਾਰ ਅਹਿਮਦ ਜਾਸੋ ਸਾਨੂੰ ਹੌਸਲਾ ਦੇ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਉਹ ਲਗਾਤਾਰ ਕਿਰਕੀ ਦੇ ਮੁਖਤਾਰ ਦੇ ਸੰਪਰਕ ਵਿਚ ਹੈ। ਉਸ ਨੇ ਦੱਸ ਦਿੱਤਾ ਹੈ ਕਿ ਅਜੇ ਪੈਸਿਆਂ ਦਾ ਪ੍ਰਬੰਧ ਨਹੀਂ ਹੋ ਸਕਿਆ। ਕਿਰਕੀ ਵਾਲੇ ਮੁਖਤਾਰ ਨੇ ਭਰੋਸਾ ਦਵਾਇਆ ਹੈ ਕਿ ਅਸੀਂ ਖੈਰੀ ਦਾ ਫਿਕਰ ਨਾ ਕਰੀਏ। ਉਹ ਠੀਕ ਠਾਕ ਹੈ ਤੇ ਉਸ ਦੇ ਘਰ ਹੈ। ਪਰ ਜਦੋਂ ਤੱਕ ਪੈਸੇ ਨਾ ਪੁੱਜੇ, ਉਹ ਉਸ ਨੂੰ ਛੱਡ ਨਹੀਂ ਸਕੇਗਾ।
ਤੀਸਰੇ ਦਿਨ ਜਾਲੋ ਦਾ ਫੋਨ ਆਇਆ। ਮੈਂ ਛੇਤੀ ਦੇਣੇ ਚੁੱਕਿਆ ਤਾਂ ਉਹ ਅੱਗੋਂ ਉਦਾਸ ਜਿਹਾ ਬੋਲਿਆ, “ਆਸਮਾ, ਇੱਥੇ ਸਿੰਜਾਰ ਵਿਚ ਹਾਲਾਤ ਬਹੁਤ ਖਰਾਬ ਹੋ ਗਏ ਨੇ। ਦੋ ਦਿਨ ਪਹਿਲਾਂ ਇਸਲਾਮਕ ਸਟੇਟ ਵਾਲੇ ਇੱਥੇ ਪਹੁੰਚ ਚੁੱਕੇ ਨੇ ਤੇ ਸ਼ਹਿਰ ਦੇ ਦੱਖਣ ਵਾਲੇ ਪਾਸੇ ਲੜਾਈ ਚੱਲ ਰਹੀ ਐ। ਬੈਂਕ ਵੀ ਇਸੇ ਕਰਕੇ ਬੰਦ ਸਨ। ਇੰਟਰਨੈਟ ਵੀ ਡਾਊਨ ਹੋ ਗਿਆ ਸੀ ਜਿਸ ਕਰਕੇ ਮੈਂ ਫੋਨ ਵੀ ਨ੍ਹੀਂ ਕਰ ਸਕਿਆ।”
“ਭਾਈ ਹੁਣ ਕੀ ਬਣੂੰ?” ਮੈਂ ਫਿਕਰ ‘ਚ ਪੁੱਛਿਆ।
“ਇਕ ਵਾਰੀ ਤਾਂ ਇਰਾਕੀ ਫੌਜ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਐ। ਇਸੇ ਕਰਕੇ ਆਰਜ਼ੀ ਤੌਰ ‘ਤੇ ਬੈਂਕ ਖੁੱਲ੍ਹੇ ਨੇ ਤੇ ਇੰਟਰਨੈਟ ਚਾਲੂ ਹੋਈ ਐ। ਮੈਂ ਅੱਜ ਈ ਪੈਸੇ ਕਢਾ ਕੇ ਪਿੰਡ ਪਹੁੰਚਦਾਂ। ਤੁਸੀਂ ਫਿਕਰ ਨਾ ਕਰਿਉ।” ਇੰਨਾ ਕਹਿ ਉਸ ਨੇ ਫੋਨ ਕੱਟ ਦਿੱਤਾ। ਮੈਂ ਸਾਰੀ ਗੱਲ ਬਾਕੀ ਪਰਿਵਾਰ ਨੂੰ ਸੁਣਾਈ। ਸਭ ਨੇ ਥੋੜ੍ਹਾ ਸ਼ੁਕਰ ਮਨਾਇਆ ਕਿ ਜਾਲੋ ਦਾ ਫੋਨ ਆ ਗਿਆ। ਪਰ ਇਸਲਾਮਕ ਸਟੇਟ ਵਾਲਿਆਂ ਦੀ ਖਬਰ ਨੇ ਸਾਡੇ ਸਾਹ ਸੁੱਕਣੇ ਪਾ ਦਿੱਤੇ। ਦੁਪਹਿਰ ਪਿੱਛੋਂ ਹੈਂਜ਼ੀ ਦੁਕਾਨ ਤੋਂ ਆਇਆ ਤਾਂ ਉਸ ਦਾ ਚਿਹਰਾ ਉਤਰਿਆ ਹੋਇਆ ਸੀ। ਉਹ ਉਦਾਸਿਆ ਜਿਹਾ ਕਹਿਣ ਲੱਗਾ, “ਹੁਣੇ ਵਣਜਾਰਾ ਮੇਰੀ ਦੁਕਾਨ ‘ਚ ਸਾਮਾਨ ਭਰਨ ਆਇਆ ਸੀ। ਉਹ ਦੱਸਦਾ ਸੀ ਕਿ ਇਸਲਾਮਕ ਸਟੇਟ ਵਾਲੇ ਸਿੰਜਾਰ ਦੇ ਨੇੜੇ ਪਹੁੰਚ ਗਏ ਐ ਤੇ ਬੜੇ ਜੋਸ਼ ‘ਚ ਨੇ। ਛੇਤੀ ਈ ਸਿੰਜਾਰ ‘ਤੇ ਕਬਜ਼ਾ ਕਰ ਲੈਣਗੇ ਤੇ ਉਥੇ ਕਾਬਜ਼ ਹੁੰਦਿਆਂ ਈ ਅੱਗੇ ਵਧਣਗੇ।”
“ਭਾਈ, ਇਹ ਸੁੰਨੀ ਲੋਕ ਨ੍ਹੀਂ ਫਿਕਰ ਕਰਦੇ ਇਸਲਾਮਕ ਸਟੇਟ ਵਾਲਿਆਂ ਦੇ ਆਉਣ ਦਾ?” ਜ਼ੀਨਤ ਨੇ ਭੋਲੇਪਣ ‘ਚ ਪੁੱਛਿਆ।
“ਨ੍ਹੀਂ, ਇਹ ਤਾਂ ਸਗੋਂ ਖੁਸ਼ ਨੇ। ਵਣਜਾਰਾ ਪੂਰਾ ਟਹਿਕਿਆ ਹੋਇਆ ਸੀ। ਉਹ ਕਹਿੰਦਾ ਸੀ ਕਿ ਉਨ੍ਹਾਂ ਦੀ ਸਰਕਾਰ ਆ ਰਹੀ ਐ। ਇਸੇ ਕਰਕੇ ਉਨ੍ਹਾਂ ਲਈ ਇਹ ਬੜੀ ਮਾਣ ਦੀ ਗੱਲ ਐ। ਕਈ ਤਾਂ ਦਾਅਵਤਾਂ ਕਰ ਰਹੇ ਨੇ, ਜਸ਼ਨ ਮਨਾ ਰਹੇ ਨੇ।”
“ਬੇੜਾ ਗਰਕ ਹੋਵੇ ਇਨ੍ਹਾਂ ਦਾ।” ਮਾਂ ਨੇ ਗੁੱਸੇ ‘ਚ ਕਿਹਾ। ਉਦੋਂ ਹੀ ਹੈਂਜ਼ੀ ਆਲੇ ਦੁਆਲੇ ਝਾਕਦਾ ਬੋਲਿਆ, “ਮਾਂ ਜਾਲੋ ਦਾ ਸੁਨੇਹਾ ਆਇਆ ਕੋਈ?”
“ਹਾਂ ਹੁਣੇ ਮੇਰੇ ਨਾਲ ਗੱਲ ਹੋਈ ਐ।” ਅਗਾਂਹ ਉਸ ਨੇ ਜਾਲੋ ਨਾਲ ਹੋਈ ਸਾਰੀ ਗੱਲ ਦੱਸੀ। ਫਿਰ ਉਸ ਨੇ ਮਾਂ ਵਲ ਵੇਖਦਿਆਂ ਪੁੱਛਿਆ, “ਮਾਂ, ਮੈਂ ਕਿਵੇਂ ਕਰਾਂ? ਮੈਨੂੰ ਤਾਂ ਫਿਕਰ ਹੋਇਆ ਪਿਆ ਐ ਕਿ ਜੇ ਕੋਈ ਗੱਲ ਹੋ ਗਈ ਤਾਂ ਦੁਕਾਨ ਦਾ ਕੀ ਬਣੂੰ? ਮੇਰਾ ਮਤਲਬ ਮੈਂ ਹੋਰ ਸਾਮਾਨ ਨਾ ਲਵਾਂ। ਉਂਜ ਮੈਂ ਵਣਜਾਰੇ ਨੂੰ ਕਹਿ ਦਿੱਤੈ ਕਿ ਮੇਰੇ ਫੋਨ ਕਰੇ ਬਿਨਾ ਦੁਕਾਨ ਲਈ ਸਾਮਾਨ ਨਾ ਲਿਆਵੇ।”
“ਠੀਕ ਐ ਪੁੱਤਰਾ ਤੂੰ ਚੰਗਾ ਕੀਤਾ। ਕੁਛ ਦਿਨ ਉਡੀਕ ਲੈਨੇ ਆਂ। ਨਾਲੇ ਪਹਿਲਾਂ ਖੈਰੀ ਆ ਜਾਵੇ। ਉਸ ਬਿਨਾ ਕੁਛ ਨ੍ਹੀਂ ਸੁੱਝਦਾ।”
“ਮਾਂ, ਉਹ ਠੀਕ ਐ। ਮੈਨੂੰ ਅਹਿਮਦ ਜਾਸੋ ਨੇ ਹੁਣੇ ਫੋਨ ਕੀਤਾ ਸੀ। ਉਹ ਪੈਸਿਆਂ ਦੇ ਪ੍ਰਬੰਧ ਬਾਰੇ ਪੁੱਛਦਾ ਸੀ। ਉਦੋਂ ਈ ਉਸ ਨੇ ਖੈਰੀ ਦੀ ਸੁੱਖ ਸਲਾਮਤੀ ਦੀ ਖਬਰ ਦਿੱਤੀ। ਉਸ ਦੀ ਕਿਰਕੀ ਦੇ ਮੁਖਤਾਰ ਨਾਲ ਗੱਲਬਾਤ ਹੁੰਦੀ ਰਹਿੰਦੀ ਐ।”
“ਸ਼ੁਕਰ ਐ ਰੱਬ ਦਾ।”
ਇਸ ਪਿੱਛੋਂ ਅਸੀਂ ਜਾਲੋ ਦਾ ਫੋਨ ਫਿਰ ਤੋਂ ਉਡੀਕਣ ਲੱਗੇ। ਉਡੀਕ ਵਿਚ ਹੀ ਦੁਪਹਿਰਾ ਲੰਘ ਗਿਆ। ਸ਼ਾਮ ਵੇਲੇ ਉਸ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਬੈਂਕ ਖੁੱਲ੍ਹਿਆ ਤਾਂ ਸੀ ਪਰ ਦੋ ਦਿਨ ਬੰਦ ਰਹਿਣ ਕਰਕੇ ਭੀੜ ਬਹੁਤ ਸੀ। ਇਸ ਕਰਕੇ ਉਸ ਦਾ ਨੰਬਰ ਕੱਲ੍ਹ ਨੂੰ ਲੱਗੇਗਾ। ਉਸ ਨੇ ਭਰੋਸਾ ਦਿੰਦਿਆਂ ਸਾਨੂੰ ਸਬਰ ਰੱਖਣ ਨੂੰ ਕਿਹਾ। ਫਿਰ ਰਾਤ ਦਾ ਖਾਣਾ ਖਾ ਸਭ ਸੌਣ ਲਈ ਕੋਠੇ ‘ਤੇ ਜਾ ਚੜ੍ਹੇ।
ਸਵੇਰੇ ਸਦੇਹਾਂ ਹੀ ਜਦੋਂ ਸਾਰੇ ਘੂਰ ਸੁੱਤੇ ਪਏ ਸਨ ਤਾਂ ਦਰਵਾਜਾ ਜ਼ੋਰ ਜ਼ੋਰ ਦੀ ਖੜਕਿਆ। ਅਸੀਂ ਤ੍ਰਭਕ ਕੇ ਉਠੇ। ਮੈਂ ਛੇਤੀ ਦੇਣੇ ਹੇਠਾਂ ਉਤਰੀ। ਮਾਂ ਵੀ ਨਾਲ ਹੀ ਸੀ। ਜਦੋਂ ਮੈਂ ਡਰਦੀ ਡਰਦੀ ਨੇ ਬੂਹਾ ਖੋਲ੍ਹਿਆ ਤਾਂ ਸਾਹਮਣੇ ਖੈਰੀ ਖੜ੍ਹਾ ਸੀ। ਉਸ ਦੇ ਮੂੰਹ ‘ਤੇ ਹਵਾਈਆਂ ਉਡ ਰਹੀਆਂ ਸਨ। ਕੱਪੜੇ ਪਾਟੇ ਤੇ ਉਹ ਮਿੱਟੀ ਘੱਟੇ ਨਾਲ ਲਿਬੜਿਆ ਪਿਆ ਸੀ। ਉਹ ਬਹੁਤ ਡਰਿਆ ਹੋਇਆ ਸੀ। ਮਾਂ ਕੁਝ ਪੁੱਛਣ ਹੀ ਲੱਗੀ ਸੀ ਕਿ ਉਸ ਨੇ ਮੂੰਹ ‘ਤੇ ਉਂਗਲ ਰੱਖਦਿਆਂ ਚੁੱਪ ਰਹਿਣ ਦਾ ਕਿਹਾ। ਉਹ ਛੇਤੀ ਦੇਣੇ ਅੰਦਰ ਲੰਘ ਆਇਆ ਤਾਂ ਮੈਂ ਦਰਵਾਜਾ ਬੰਦ ਕਰ ਦਿੱਤਾ। ਖੈਰੀ ਅੰਦਰਲੇ ਕਮਰੇ ‘ਚ ਚਲਾ ਗਿਆ। ਮੈਂ ਅਤੇ ਮਾਂ ਵੀ ਮਗਰੇ ਹੀ ਸਾਂ। ਮਾਂ ਨੇ ਪੁੱਛਿਆ, ਕੀ ਵਾਪਰਿਆ? ਉਹ ਡਰਦਾ ਜਿਹਾ ਬੋਲਿਆ, “ਮਾਂ, ਮੈਂ ਉਨ੍ਹਾਂ ਦੇ ਕਬਜ਼ੇ ‘ਚੋਂ ਭੱਜ ਆਇਆਂ।”
“ਹੈਂ! ਉਹ ਕਿਵੇਂ?”
“ਮੈਂ ਕਿਰਕੀ ਵਾਲੇ ਮੁਖਤਾਰ ਦੇ ਘਰ ਸੀ। ਰਾਤੀਂ ਉਸ ਦੇ ਘਰੇ ਦਾਅਵਤ ਸੀ। ਉਹ ਇਸਲਾਮਕ ਸਟੇਟ ਵਾਲਿਆਂ ਦੀਆਂ ਇੱਧਰਲੀਆਂ ਜਿੱਤਾਂ ਦਾ ਜਸ਼ਨ ਮਨਾ ਰਹੇ ਸਨ। ਬਹੁਤ ਲੋਕ ਉਸ ਦੇ ਘਰ ਇਕੱਠੇ ਸਨ। ਉਹ ਸਭ ਉਧਰ ਰੁੱਝੇ ਹੋਏ ਸਨ। ਮੇਰਾ ਦਾਅ ਲੱਗ ਗਿਆ ਤੇ ਮੈਂ ਬਚ ਕੇ ਘਰੋਂ ਨਿਕਲ ਪਿਆ। ਬਾਹਰ ਆ ਮੈਂ ਖੇਤਾਂ ਵਿਚੋਂ ਦੀ ਭੱਜਦਾ ਇੱਥੇ ਪਹੁੰਚਿਆਂ। ਪਰ ਮੇਰਾ ਇੱਥੇ ਰਹਿਣਾ ਠੀਕ ਨ੍ਹੀਂ। ਕਿਧਰੇ ਉਹ ਪਿੱਛੇ ਨਾ ਆ ਜਾਣ।”
“ਪੁੱਤਰ ਰੱਬ ਦਾ ਸ਼ੁਕਰ ਐ ਜੋ ਤੂੰ ਸਹੀ ਸਲਾਮਤ ਆ ਗਿਐਂ। ਪਰ ਤੇਰੀ ਗੱਲ ਠੀਕ ਐ ਕਿ ਉਹ ਪਿੱਛੇ ਨਾ ਆ ਜਾਣ। ਆਪਾਂ ਨੂੰ ਪਤਾ ਐ ਕਿ ਜਿਸ ਨੂੰ ਉਹ ਅਗਵਾ ਕਰ ਲੈਂਦੇ ਐ ਤਾਂ ਪੈਸੇ ਲਏ ਬਿਨਾ ਨ੍ਹੀਂ ਛੱਡਦੇ। ਸੁੰਨੀ ਅਰਬਾਂ ਦਾ ਜ਼ੋਰ ਵੀ ਬਹੁਤ ਐ। ਆਪਾਂ ਨੂੰ ਸੰਭਲ ਕੇ ਰਹਿਣਾ ਚਾਹੀਦੈ।”
“ਫਿਰ ਮੈਂ ਕੀ ਕਰਾਂ? ਜੇ ਕਹੇਂ ਤਾਂ ਮੈਂ ਹੈਂਜ਼ੀ ਕੋਲ ਦੁਕਾਨ ‘ਤੇ ਚਲਾ ਜਾਨਾਂ।” ਹੈਂਜ਼ੀ ਰਾਤ ਵੇਲੇ ਦੁਕਾਨ ‘ਤੇ ਹੀ ਸੌਂਦਾ ਸੀ। ਪਰ ਮਾਂ ਨੂੰ ਲੱਗਾ ਕਿ ਉਹ ਸੁਰੱਖਿਅਤ ਥਾਂ ਨਹੀਂ ਹੈ ਤੇ ਬੋਲੀ, “ਤੂੰ ਇਉਂ ਕਰ। ਸ਼ਾਮੀ ਅੰਮਾ ਦੇ ਘਰ ਚਲਾ ਜਾਹ। ਕੁਛ ਵਕਤ ਉਥੇ ਛੁਪ ਜਾਹ। ਜੇ ਉਹ ਪਿੱਛੇ ਆਏ ਤਾਂ ਅਸੀਂ ਕਹਾਂਗੇ ਕਿ ਤੂੰ ਇੱਥੇ ਨ੍ਹੀਂ ਆਇਆ।”
“ਠੀਕ ਐ ਮੈਂ ਅੰਮਾ ਦੇ ਜਾਨਾਂ। ਜੇ ਕੋਈ ਗੱਲ ਕਰਨੀ ਹੋਈ ਤਾਂ ਮੈਂ ਉਸ ਨੂੰ ਭੇਜਾਂਗਾ।” ਇੰਨਾ ਕਹਿੰਦਿਆਂ ਖੈਰੀ ਆਲੇ ਦੁਆਲੇ ਨਜ਼ਰ ਮਾਰਦਾ ਘਰੋਂ ਨਿਕਲ ਗਿਆ। ਅਸੀਂ ਉਸ ਨੂੰ ਬੀਹੀ ‘ਚ ਤੋਰ ਕੇ ਦਰਵਾਜਾ ਬੰਦ ਕਰ ਲਿਆ। ਸਾਨੂੰ ਸੁੱਖ ਦਾ ਸਾਹ ਆਇਆ। ਮਾਂ ਨੇ ਸੁਝਾਅ ਦਿੱਤਾ ਕਿ ਅਸੀਂ ਪ੍ਰਾਰਥਨਾ ਕਰ ਲਈਏ। ਮੈਂ ਹਾਂ ਕਹੀ ਤੇ ਅਸਮਾਨ ਵਲ ਵੇਖਿਆ। ਛਿਪਦੇ ਵਲ ਚੰਨ ਦਾ ਛੋਟਾ ਜਿਹਾ ਟੋਟਾ ਦਿੱਸ ਰਿਹਾ ਸੀ। ਅਸੀਂ ਮੂੰਹ ਹੱਥ ਧੋ ਕੇ, ਚੰਨ ਵਲ ਮੂੰਹ ਕਰਦੀਆਂ ਪ੍ਰਾਰਥਨਾ ਕਰਨ ਲੱਗੀਆਂ। ਇੱਧਰੋਂ ਵਿਹਲੇ ਹੋ ਕੇ ਮਾਂ ਨੇ ਤੰਦੂਰ ਤਪਾਉਂਦਿਆਂ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ। ਚੜ੍ਹਦੇ ਵਲ ਲਾਲੀ ਦਿੱਸਣ ਲੱਗ ਪਈ ਸੀ।
(ਚਲਦਾ)