ਯੋਗੇਸ਼ ਕੁਮਾਰ
ਫੋਨ: +91-97805-85890
ਪੰਜਾਬ ਦੇ ਦਲਿਤਾਂ ਬਾਬਤ ਲਿਖੇ ਸਾਹਿਤ ਨੂੰ ਮੁੱਖ ਰੂਪ ਵਿਚ ਦੋ ਵਿਚਾਰਧਾਰਾਵਾਂ ਅਧੀਨ ਸਮਝਣ ਅਤੇ ਲਿਖਣ ਦੇ ਯਤਨ ਹੁੰਦੇ ਰਹੇ ਹਨ। ਪਹਿਲੀ ਹੈ- ਖੱਬੇਪੱਖੀ ਜਾਂ ਮਾਰਕਸਵਾਦੀ ਵਿਚਾਰਧਾਰਾ। ਇਸ ਧਾਰਨਾ ਦੇ ਸਮਰਥਕ ਦਲਿਤਾਂ ਦੀ ਪਛਾਣ ਤੇ ਇਤਿਹਾਸ ਨੂੰ ਜਮਾਤੀ ਘੋਲ ਦੇ ਵਰਤਾਰੇ ਰਾਹੀਂ ਖੋਜਣ, ਸਮਝਣ ਅਤੇ ਲਿਖਣ ਦਾ ਯਤਨ ਕਰਦੇ ਹਨ। ਇਸ ਫਲਸਫੇ ਦੇ ਪੈਰੋਕਾਰ ਮਜ਼ਦੂਰ ਕ੍ਰਾਂਤੀ ਦੀ ਵਿਚਾਰਧਾਰਾ ਨਾਲ ਓਤ-ਪੋਤ ਮਜ਼ਦੂਰ ਜਥੇਬੰਦੀਆਂ ਅਧੀਨ ਦਲਿਤ ਮੁਕਤੀ ਅਤੇ ਸ਼ਕਤੀਕਰਨ ਦੇ ਟੀਚੇ ਉਲੀਕਦੇ ਆਏ ਹਨ।
ਦਲਿਤਾਂ ਦੀ ਜਾਤੀ ਪਛਾਣ ਨੂੰ ਖੱਬੇਪੱਖੀ ਕੋਈ ਤਰਜੀਹ ਨਹੀਂ ਦਿੰਦੇ ਜਦੋਂਕਿ ਪੰਜਾਬ ਵਿਚ ਵਧੇਰੇ ਕਰਕੇ ਖੱਬੇਪੱਖੀ ਜਥੇਬੰਦੀਆਂ ਦੇ ਉਚ ਅਹੁਦਿਆਂ ‘ਤੇ ਅਖੌਤੀ ਉਚ ਜਾਤੀ ਦਾ, ਭਾਵ ਜੱਟ ਗ਼ਲਬਾ ਹੀ ਰਿਹਾ ਹੈ। ਪਿੰਡਾਂ ਦੇ ਦਲਿਤਾਂ ਤੇ ਜ਼ਮੀਨ ਦੀ ਕਾਣੀ ਵੰਡ ਨੂੰ ਖੱਬੇਪੱਖੀ ਮੁੱਖ ਉਦੇਸ਼ ਮਿਥ ਕੇ ਖੜ੍ਹੇ ਹਨ, ਜਦੋਂਕਿ ਅਜੋਕੇ ਪੂੰਜੀਵਾਦ ਤੇ ਵਧਦੇ ਸ਼ਹਿਰੀਕਰਨ ਨੇ ਪੰਜਾਬ ਦੇ ਦਲਿਤਾਂ ਤੇ ਹੋਰ ਹਾਸ਼ੀਆਗਤ ਲੋਕਾਂ ਦੇ ਦਮਨ ਲਈ ਨਵੇਂ ਤਰੀਕੇ ਕੱਢ ਲਏ ਹਨ। ਇਸ ਪਾਸੇ ਮਾਰਕਸਵਾਦੀ ਵਿਚਾਰਕਾਂ ਦਾ ਧਿਆਨ ਘੱਟ ਹੀ ਜਾਂਦਾ ਹੈ।
ਦੂਜਾ ਫਲਸਫਾ ਦਲਿਤਾਂ ਦੀ ਪਛਾਣ, ਇਤਿਹਾਸਕ ਸੰਘਰਸ਼ ਤੇ ਸ਼ਕਤੀਕਰਨ ਦੀਆਂ ਜੜ੍ਹਾਂ ਧਰਮ ਵਿਚੋਂ ਲੱਭਣ ਲਈ ਪ੍ਰਤੀਬੱਧ ਨਜ਼ਰ ਆਉਂਦਾ ਹੈ। ਇਹ ਪਿਰਤ ਅੰਗਰੇਜ਼ੀ ਰਾਜ ਤੇ ਉਸ ਦੀਆਂ ਉਸਾਰੀਆਂ ਸੰਸਥਾਵਾਂ (ਜਿਵੇਂ ਜਾਤ ਧਰਮ ਦੇ ਹਿਸਾਬ ਨਾਲ ਕਰਵਾਈ ਮਰਦਮਸ਼ੁਮਾਰੀ) ਰਾਹੀਂ ਪੰਜਾਬ ਵਿਚ ਪਈ ਜਿਸ ਨੂੰ ਅਜੋਕੇ ਲਿਖਾਰੀ ਤੇ ਖੋਜਾਰਥੀ ਹਾਲੇ ਤਕ ਨੌਲ਼ਦੇ ਆ ਰਹੇ ਹਨ। ਜੇ ਪੰਜਾਬ ਦੇ ਦਲਿਤਾਂ ਤੇ ਇਨ੍ਹਾਂ ਦੇ ਸਮਾਜਿਕ ਸਿਆਸੀ ਸੰਗਠਨ ਦੀ ਗੱਲ ਕਰੀਏ ਤਾਂ ਇਹ ਤਕਰੀਬਨ ਵੀਹਵੀਂ ਸਦੀ ਦੇ ਦੂਜੇ ਤੀਜੇ ਦਹਾਕਿਆਂ ਦੌਰਾਨ ਆਦਿ ਧਰਮ ਅੰਦੋਲਨ ਦੇ ਰੂਪ ਵਿਚ ਮੰਗੂ ਰਾਮ ਦੀ ਅਗਵਾਈ ਹੇਠ ਹੋਂਦ ਵਿਚ ਆਇਆ। ਇਸ ਬਾਬਤ ਪਹਿਲੀ ਕਿਤਾਬ ਅਮਰੀਕਾ ਦੇ ਪ੍ਰਸਿੱਧ ਸਮਾਜ ਸ਼ਾਸਤਰੀ ਮਾਰਕ ਜੁਰਗਨਸਮੇਅਰ ਨੇ 1982 ਵਿਚ ਲਿਖੀ: ‘ਰਿਲੀਜਨ ਐਂਡ ਸੋਸ਼ਲ ਵਿਜ਼ਨ: ਦਿ ਮੂਵਮੈਂਟ ਅਗੇਂਸਟ ਅਨਟਚਏਬਿਲਿਟੀ ਇਨ ਟਵੈਂਟੀਅਥ ਸੈਂਚੁਰੀ ਪੰਜਾਬ’। ਹੁਣ ਇਸ ਲੀਕ ਨੂੰ ਹੋਰ ਗੂੜ੍ਹਾ ਕਰਦਿਆਂ ਵਿਦਵਾਨ ਤੇ ਖੋਜੀ ਆਦਿ ਧਰਮ ਅਤੇ ਵਰਤਮਾਨ ਸਮੇ ਵਿਚ ਰਵਿਦਾਸ ਤੇ ਅਨੇਕ ਹੋਰ ਧਾਰਮਿਕ ਡੇਰਿਆਂ ਜ਼ਰੀਏ ਦਲਿਤਾਂ ਦੀ ਅੱਡ ਪਛਾਣ ਤੇ ਸ਼ਕਤੀਕਰਨ ਜਿਹੇ ਮੁੱਦਿਆਂ ‘ਤੇ ਖ਼ੂਬ ਕਲਮ ਅਜ਼ਮਾ ਰਹੇ ਹਨ। ਵਧੇਰੇ ਦਲਿਤ ਸਾਹਿਤ ਦੁਆਬੇ ਦੇ ਦਲਿਤਾਂ ਖ਼ਾਸਕਰ ਰਵਿਦਾਸੀਆਂ ਬਾਬਤ ਹੀ ਰਚਿਆ ਗਿਆ। ਜਦੋਂਕਿ ਪੰਜਾਬ ਦੀ ਮਰਦਮਸ਼ੁਮਾਰੀ ਵੱਲ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ 39 ਦੇ ਕਰੀਬ ਦਲਿਤ ਸਮੂਹ ਹਨ ਜਿਨ੍ਹਾਂ ਵਿਚ ਸਮਾਜਿਕ, ਆਰਥਿਕ, ਧਾਰਮਿਕ, ਸਭਿਆਚਾਰਕ ਤੇ ਭੂਗੋਲਿਕ ਆਧਾਰ ‘ਤੇ ਵਿਲੱਖਣਤਾ ਤੇ ਵੰਨ-ਸੁਵੰਨਤਾ ਦੇ ਲੱਛਣ ਹਨ। ਇਸ ਦੇ ਬਾਵਜੂਦ ਵਰਤਮਾਨ ਪੂਰਬੀ ਪੰਜਾਬ ਵਿਚ ਆਮ ਤੌਰ ‘ਤੇ ਦਲਿਤਾਂ ਬਾਰੇ ਇਹ ਧਾਰਨਾ ਪ੍ਰਚਲਿਤ ਹੈ ਕਿ ਧਾਰਮਿਕ ਡੇਰਿਆਂ ਨੇ ਦਲਿਤਾਂ ਦੇ ਸਮਾਜਿਕ, ਆਰਥਿਕ ਤੇ ਸਭਿਆਚਾਰਕ ਉਥਾਨ, ਉਨ੍ਹਾਂ ਦੀ ਅੱਡ ਪਛਾਣ ਤੇ ਸ਼ਕਤੀਕਰਨ ਵਿਚ ਅਹਿਮ ਯੋਗਦਾਨ ਦਿੱਤਾ ਹੈ।
ਹੁਣ ਸਵਾਲ ਇਹ ਉਠਦਾ ਹੈ ਕਿ ਹੋਰ ਦਲਿਤਾਂ ਬਾਬਤ ਤੇ ਉਨ੍ਹਾਂ ਦੀ ਜੀਵਨ ਕਥਾ ਤੇ ਸੰਘਰਸ਼ ਨੂੰ ਅਕਾਦਮਿਕ ਅਦਾਰਿਆਂ ਤੇ ਲਿਖਾਰੀਆਂ ਨੇ ਅਣਗੌਲ਼ਿਆਂ ਕਿਉਂ ਰੱਖਿਆ? ਕੀ ਕਾਰਨ ਹਨ ਕਿ ਵਧੇਰੇ ਕਰਕੇ ਦਲਿਤ ਸਾਹਿਤ ਦੇ ਲਿਖਾਰੀਆਂ ਨੇ ਦੁਆਬੇ ਤੇ ਰਵਿਦਾਸੀ ਡੇਰਿਆਂ ਤਕ ਹੀ ਆਪਣੀ ਲੇਖਣੀ ਸੀਮਿਤ ਰੱਖੀ ਤੇ ਇਸ ਇਲਾਕੇ ਤਕ ਹੀ ਆਪਣੀ ਖੋਜ ਕੀਤੀ। ਉਨ੍ਹਾਂ ਦਾ ਦਲਿਤ ਲਹਿਰ ਦੀ ਸਿਆਸੀ ਅਗਵਾਈ ਦਾ ਸਿੱਧਾ ਤਜਰਬਾ ਨਹੀਂ ਹੈ ਤੇ ਆਪ ਪਿੰਡਾਂ ਦੀ ਥਾਂ ਸ਼ਹਿਰਾਂ ਵਿਚ ਵੱਸਦੇ ਹਨ। ਸੋ ਹੱਥਲੇ ਲੇਖ ਦਾ ਮੁੱਖ ਉਦੇਸ਼ ਅੰਮ੍ਰਿਤਸਰ ਦੇ ਮੁਹੱਲਿਆਂ ਵਿਚ ਵੱਸਦੇ ਦਲਿਤਾਂ ਦੀ ਰਹਿਣੀ ਨੂੰ ਬਿਆਨ ਕਰਨਾ ਹੈ ਜੋ ਇੰਜ ਹੈ:
ਤੰਗ ਗਲ਼ੀਆਂ, ਕੱਚੇ ਜਾਂ ਨਿਰੇ ਇੱਟਾਂ ਦੇ ਚਬੂਤਰਿਆਂ ਵਾਲੇ ਘਰ, ਮੁੱਖ ਸਮਾਜ ਨਾਲੋਂ ਅੱਡ ਨੁਹਾਰ ਤੇ ਜ਼ਬਾਨ, ਹੁੰਮਸ ਭਰਿਆ ਵਾਤਾਵਰਨ, ਗੰਦੀਆਂ ਗਾਲ੍ਹਾਂ ਤੇ ਆਏ ਦਿਨ ਲੜਾਈ-ਕਲੇਸ਼। ਘਰਾਂ ਦੇ ਬਾਹਰ ਲਟਕਾਈਆਂ ਸਿੱਖ, ਹਿੰਦੂ ਗੁਰੂਆਂ ਤੇ ਈਸਾ ਦੀਆਂ ਤਸਵੀਰਾਂ ਜੋ ਬਾਹਰ ਹੀ ਨੇ। ਘਰਾਂ ਅੰਦਰ ਉਨ੍ਹਾਂ ਆਪਣੇ ਪਿੱਤਰਾਂ, ਕਾਲ਼ੀ, ਦੁਰਗਾ ਤੇ ਹੋਰ ਅਨੇਕ ਦੇਵੀ ਦੇਵਤਿਆਂ ਨੂੰ ਮਿੱਥਿਆ ਹੋਇਆ ਹੈ ਤੇ ਜਿਨ੍ਹਾਂ ਨੂੰ ਉਹ ਆਪਣੇ ਵਿਚੋਂ, ਆਪਣੇ ਵਰਗਾ ਤੇ ਆਪਣੇ ਬਰਾਬਰ ਦਾ ਜਾਣਦੇ ਹਨ। ਤਾਹੀਉਂ ਇਹ ਲੋਕ ਸਮਾਜ ਦੇ ਮੁੱਖ ਧਾਰਮਿਕ ਵਿਸ਼ਵਾਸਾਂ, ਕਦਰਾਂ-ਕੀਮਤਾਂ ਤੇ ਧਾਰਨਾਵਾਂ ਤੋਂ ਅੱਡ ਪ੍ਰਤੀਤ ਹੁੰਦੇ ਹਨ। ਦਲਿਤਾਂ ਦੇ ਅਜਿਹੇ ਧਾਰਮਿਕ ਵਿਸ਼ਵਾਸਾਂ, ਕਦਰਾਂ ਨੂੰ ਕੰਨੜ ਲੇਖਕ ਡੀ.ਆਰ. ਨਾਗਰਾਜ ਨੇ ‘ਰੰਗਲਾ ਤੇ ਦਿਲਚਸਪ ਸੰਸਾਰ’ ਆਖ ਕੇ ਉਲੀਕਿਆ। ਉਸ ਨੇ ਦਲਿਤਾਂ ਦੇ ਸਭਿਆਚਾਰਕ ਜੀਵਨ ਨੂੰ ਪੂਰਨ ਰੂਪ ਵਿਚ ਸੁਤੰਤਰ ਮੰਨਿਆ ਜਿਹਨੂੰ ਅਖੌਤੀ ਉਚ ਜਾਤੀਆਂ ਰਵਾਇਤੀ ਤੇ ਤੁੱਛ ਸਮਝ ਕੇ ਨਕਾਰਦੀਆਂ ਹਨ।
ਔਰਤਾਂ ਤੇ ਜਵਾਨ ਕੁੜੀਆਂ ਦਾ ਵੱਡੇ ਘਰਾਂ ਵਿਚ ਸਫਾਈ ਦਾ ਕੰਮ ਕਰਨਾ। ਮਰਦਾਂ ਦਾ ਠੇਕੇਦਾਰੀ ਪ੍ਰਥਾ ਅਧੀਨ ਕਮੇਟੀ ਘਰਾਂ ਤੇ ਬਹੁਤਿਆਂ ਦਾ ਸਫਾਈ ਤੇ ਮਜ਼ਦੂਰੀ ਕਰਨਾ ਹੀ ਮੁੱਖ ਕਿੱਤਾ ਹੈ। ਆਥਣੇ ਦਾਰੂ ਪੀਣੀ ਤੇ ਫਿਰ ਆਪਣੇ ਰਿਸ਼ਤੇਦਾਰਾਂ ਤੋਂ ਲੈ ਕੇ ਆਪਣੇ ਮਾਲਕਾਂ ਤੇ ਸਰਕਾਰੀ ਅਫਸਰਾਂ ਨੂੰ ਗਾਲ੍ਹਾਂ ਕੱਢਣੀਆਂ। ਫਿਰ ਬੀੜੀ ਸੁਲਗਾਉਂਦਿਆਂ ਰਤਾ ਧੂੰਏ ਵੱਲ ਵਿੰਹਦਿਆਂ ਚੁੱਪ ਵਰਤਾਣੀ। ਭਾਈਚਾਰੇ ਦੀ ਇਨ੍ਹਾਂ ਵਿਚ ਪ੍ਰਬਲ ਭਾਵਨਾ ਹੈ। ਇਹਦੇ ਅਨੇਕ ਕਾਰਨ ਹੋ ਸਕਦੇ ਹਨ, ਪਰ ਮੁੱਖ ਰੂਪ ਵਿਚ ਇਨ੍ਹਾਂ ਦੀ ਰਿਹਾਇਸ਼, ਇਕੋ ਜਿਹਾ ਕਾਰ-ਵਿਹਾਰ ਤੇ ਸਮਾਜ ਦੀ ਇਨ੍ਹਾਂ ਪ੍ਰਤੀ ਜਾਤੀ ਘ੍ਰਿਣਾ ਵਿਚ ਨਿਹਿਤ ਹੈ। ਬਹੁਤਿਆਂ ਦੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿਚ ਪੜ੍ਹਨਾ, ਜਿਥੇ ਮਿਡ-ਡੇ-ਮੀਲ ਤੋਂ ਵੱਧ ਉਪਕਾਰ ਵਿੱਦਿਆ ਨੇ ਇਨ੍ਹਾਂ ਦੀ ਝੋਲੀ ਕਦੇ ਨਹੀਂ ਪਾਇਆ। ਆਪਣੇ ਆਪ ਵਿਚ ਦਲਿਤਾਂ ਦਾ ਇਹ ਵਿਲੱਖਣ, ਅਭਿੱਜ ਤੇ ਅੱਖੋਂ-ਪਰੋਖਿਆ ਸੰਸਾਰ ਕਈ ਪੱਖਾਂ ਤੋਂ ਅੱਡ ਜਾਪਦਾ ਹੈ ਜੋ ਅਜੇ ਤਕ ਸਮਾਜ ਦੀ ਮੁੱਖ ਧਾਰਾ ਵਿਚ ਇਕਮਿਕ ਨਹੀਂ ਹੋਇਆ।
ਪੰਜਾਬ ਦੇ ਦਲਿਤਾਂ ਦੇ ਮਨੋਭਾਵਾਂ ਨੂੰ ਇੰਨ-ਬਿੰਨ ਲਿਖਣਾ ਅਜੇ ਬਾਕੀ ਹੈ; ਕਿਉਂ ਜੋ ਪੰਜਾਬੀ ਵਿਚ ਲਿਖੇ ਦਲਿਤ ਸਾਹਿਤ ਦਾ ਵਧੇਰੇ ਪਿੜ ਧਾਰਮਿਕ ਤੇ ਮਾਰਕਸਵਾਦੀ ਫਲਸਫੇ ਨੇ ਮੱਲਿਆ ਹੋਇਆ ਹੈ ਜਿਸ ਨੂੰ ਨਵੇਂ ਦ੍ਰਿਸ਼ਟੀਕੋਣ ਰਾਹੀਂ ਵਾਚਣ ਤੇ ਲਿਖਣ ਦੀ ਜ਼ਰੂਰਤ ਹੈ।
ਉਪਰੋਕਤ ਲਿਖਤ ਦਲਿਤ ਜੀਵਨ ਕਥਾ ਦੀ ਅਧੂਰੀ ਤਸਵੀਰ ਹੈ ਜੋ ਉਨੀ ਸੌ ਸੱਠਵਿਆਂ ਤੇ ਸੱਤਰਵਿਆਂ ਦੌਰਾਨ ਗੁਰਦਿਆਲ ਸਿੰਘ ਦੇ ਨਾਵਲਾਂ ‘ਮੜ੍ਹੀ ਦਾ ਦੀਵਾ’ ਅਤੇ ‘ਅੰਨ੍ਹੇ ਘੋੜੇ ਦਾ ਦਾਨ’ ਵਿਚ ਮਾਲਵੇ ਦੇ ਦਲਿਤਾਂ ਦੀ ਰਿਹਾਇਸ਼ ਨੂੰ ‘ਕੁੱਤਿਆਂ ਦੇ ਘੋਰਨੇ’ ਦੱਸਣ ਦਾ ਬਿਰਤਾਂਤ ਨਹੀਂ ਸਗੋਂ 2018 ਵਿਚ ਅੰਮ੍ਰਿਤਸਰ ਸ਼ਹਿਰ ਦੇ ਮੁਹੱਲਿਆਂ ਵਿਚ ਵੱਸਦੇ ਅਖੌਤੀ ਦਲਿਤਾਂ ਦੀ ਰਹਿਣੀ ਦਾ ਅੰਸ਼ ਮਾਤਰ ਹੈ। ਇਨ੍ਹਾਂ ਲੋਕਾਂ ਦੇ ਮਨੋਵਿਚੇਰਨ ਤੇ ਮਨੋਭਾਵਾਂ ਨੂੰ ਇੰਨ-ਬਿੰਨ ਲਿਖਣਾ ਅਜੇ ਬਾਕੀ ਹੈ; ਕਿਉਂ ਜੋ ਪੰਜਾਬੀ ਵਿਚ ਲਿਖੇ ਦਲਿਤ ਸਾਹਿਤ ਦਾ ਵਧੇਰੇ ਪਿੜ ਧਾਰਮਿਕ ਤੇ ਮਾਰਕਸਵਾਦੀ ਫਲਸਫੇ ਨੇ ਮੱਲਿਆ ਹੋਇਆ ਹੈ ਜਿਸ ਨੂੰ ਨਵੇਂ ਦ੍ਰਿਸ਼ਟੀਕੋਣ ਰਾਹੀਂ ਵਾਚਣ ਤੇ ਲਿਖਣ ਦੀ ਜ਼ਰੂਰਤ ਹੈ।
ਇਸ ਹਵਾਲੇ ਨਾਲ ਇਤਿਹਾਸਕਾਰ ਰਾਮ ਨਾਰਾਇਣ ਐਸ਼ ਰਾਵਤ ਦੇ ਵਿਚਾਰ ਬੜੇ ਢੁੱਕਵੇਂ ਹਨ। ਉਨ੍ਹਾਂ ਦਾ ਆਖਣਾ ਹੈ ਕਿ ਦਲਿਤ ਇਤਿਹਾਸ ਦੇ ਗਰਭ ਤੇ ਵਰਤਮਾਨ ਵਿਚ ਉਹ ਸਾਰੀਆਂ ਸੰਭਾਵਨਾਵਾਂ ਤੇ ਜਾਣਕਾਰੀਆਂ ਮੌਜੂਦ ਹਨ ਜੋ ਇਸ ਨੂੰ ‘ਨਵੇਂ ਪ੍ਰੰਤੂ ਵਿਪਰੀਤ ਇਤਿਹਾਸ’ ਹੋਣ ਦਾ ਦਰਜਾ ਬਖ਼ਸ਼ਦੀਆਂ ਹਨ। ਇਸ ਲਈ ਦਲਿਤ ਖੋਜੀ ਵਿਦਿਆਰਥੀਆਂ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਸਥਾਪਿਤ ਖੋਜ ਵਿਧੀਆਂ, ਸਿਧਾਂਤਾਂ ਤੇ ਸਰੋਤਾਂ ਨੂੰ ਮੁੜ ਵਾਚਣ ਦਾ ਯਤਨ ਕਰਨ। ਰਾਵਤ ਦੇ ਇਹ ਵਿਚਾਰ ਪੰਜਾਬ ਦੇ ਦਲਿਤਾਂ ਤੇ ਉਨ੍ਹਾਂ ਬਾਰੇ ਖੋਜੀ ਵਿਦਿਆਰਥੀਆਂ ਲਈ ਵੀ ਬਹੁਤ ਲਾਹੇਵੰਦ ਜਾਪਦੇ ਹਨ। ਅੰਗਰੇਜ਼ ਹਾਕਮਾਂ ਨੇ ਵਧੇਰੇ ਕਰਕੇ ਇਤਿਹਾਸਕ ਜਾਣਕਾਰੀ ਆਪਣੇ ਰਾਜਸੀ ਮਨਸੂਬਿਆਂ ਦੀ ਪੂਰਤੀ ਲਈ ਆਪਣੀਆਂ ਹੀ ਸੰਸਥਾਵਾਂ ਤੇ ਅਧਿਕਾਰੀਆਂ ਰਾਹੀਂ ਇਕੱਠੀ ਕੀਤੀ ਸੀ। ਅਜੋਕੇ ਸਮੇਂ ਦੇ ਲਿਖਾਰੀ ਪੜਚੋਲ ਕਰੇ ਬਿਨਾਂ ਇਸ ਨੂੰ ਸੱਚ ਮੰਨ ਕੇ ਦਲਿਤਾਂ ਦੇ ਇਤਿਹਾਸ ਤੇ ਵਰਤਮਾਨ ਨੂੰ ਸਮਝਣ ਦਾ ਦਾਅਵਾ ਕਰਦੇ ਹਨ। ਅਸਲ ਵਿਚ ਜ਼ਰੂਰਤ ਹੈ ਕਿ ਦਲਿਤ ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਪਰੰਪਰਾਗਤ ਸਰੋਤਾਂ, ਸਿਧਾਂਤਾਂ ਤੇ ਸੰਸਥਾਵਾਂ (ਜਿਵੇਂ ਲੰਡਨ ਵਾਲੀ ਬ੍ਰਿਟਿਸ਼ ਲਾਇਬਰੇਰੀ ਤੇ ਦਿੱਲੀ ਦੀ ਨਹਿਰੂ ਮੈਮੋਰੀਅਲ ਲਾਇਬਰੇਰੀ ਜੋ ਅੰਗਰੇਜ਼ੀ ਰਾਜ ਦੇ ‘ਮੁੱਖ ਗਿਆਨਕੋਸ਼ ਕੇਂਦਰ’ ਵਜੋਂ ਜਾਣੀਆਂ ਜਾਂਦੀਆਂ ਹਨ) ਤੋਂ ਹਟ ਕੇ ਸਥਾਨਕ ਪੱਧਰ (ਭਾਵ ਰਾਜਾਂ ਤੇ ਜ਼ਿਲ੍ਹਿਆਂ) ਦੇ ਇਤਿਹਾਸ ਦੇ ਨਵੇਂ ਅਣਵਰਤੇ ਸਰੋਤਾਂ ਨੂੰ ਸ਼ਾਮਿਲ ਕੀਤਾ ਜਾਵੇ ਜਿਵੇਂ: ਸਥਾਨਕ ਬਿਰਤਾਂਤ, ਭੂਮੀ ਤੇ ਲਗਾਨ ਨਾਲ ਸਬੰਧਿਤ ਜ਼ਿਲ੍ਹਾ ਪੱਧਰ ਦੇ ਦਸਤਾਵੇਜ਼ਾਂ, ਥਾਣਿਆਂ ਵਿਚ ਪਏ ਦਸਤਾਵੇਜ਼ ਤੇ ਰਿਪੋਰਟਾਂ, ਦਲਿਤਾਂ ਦੇ ਜੀਵਨ ਬਿਰਤਾਂਤ, ਕਥਾ ਕਹਾਣੀ, ਲੋਕਗੀਤ, ਗਲਪ ਕਥਾ ਆਦਿ। ਕਿਉਂਕਿ ਇਨ੍ਹਾਂ ਸਰੋਤਾਂ ਨੂੰ ਬ੍ਰਿਟਿਸ਼ ਤੇ ਆਧੁਨਿਕ ਲਿਖਾਰੀਆਂ ਨੇ ਆਪਣੇ ਹਿੱਤਾਂ ਜਾਂ ਜਾਤੀ ਚੇਤਨਾ ਸਦਕਾ ਹਮੇਸ਼ਾਂ ਅੱਖੋਂ ਪਰੋਖੇ ਕੀਤਾ ਹੈ। ਅੰਤ ਪੰਜਾਬ ਦੇ ਦਲਿਤਾਂ ਬਾਰੇ ਸਥਾਪਿਤ ਵਿਚਾਰਧਾਰਾਵਾਂ, ਖੋਜ ਵਿਧੀਆਂ ਤੇ ਸਰੋਤਾਂ ਤੋਂ ਅਗਾਂਹ ਵਧਣ ਨਾਲ ਹੀ ਇਨ੍ਹਾਂ ਹਾਸ਼ੀਆਗਤ ਲੋਕਾਂ ਦੀ ਕਥਾ ਨੂੰ ਇਤਿਹਾਸ ਤੇ ਸ਼ਬਦਾਂ ਦੀ ਸੁੱਚੀ ਮਾਲਾ ਵਿਚ ਪਰੋਇਆ ਜਾ ਸਕਦਾ ਹੈ।