ਧਨ ਜਨਨੀ ਜਿਨਿ ਜਾਇਆ ਤੈਨੂੰ

ਡਾ. ਅੰਮ੍ਰਿਤ ਕੌਰ ਰੈਣਾ
ਮਾਤਾ ਤ੍ਰਿਪਤਾ ਉਦਾਸ ਹਨ। ਨਾਨਕ ਦੀ ਯਾਦ ਵਿਚ ਵਿਆਕੁਲ ਹਨ। ਪੁੱਤਰ ਵਿਯੋਗ ਵਿਚ ਅਤ੍ਰਿਪਤ ਮਾਤਾ ਤ੍ਰਿਪਤਾ ਭਾਵੇਂ ਜਗਤ ਨੂੰ ਤ੍ਰਿਪਤ ਕਰਨ ਵਾਲੇ ਨਾਨਕ ਦੀ ਮਾਤਾ ਹੈ ਪਰ ਪੁੱਤਰ ਵਿਯੋਗ ਵਿਚ ਉਸ ਨੂੰ ਨਾ ਦਿਨੇ ਚੈਨ ਤੇ ਨਾ ਰਾਤ ਨੂੰ ਨੀਂਦ। ਪੁੱਤਰ ਮੋਹ ਵਿਚ ਵਿਆਕੁਲ ਉਸ ਦੇ ਨੈਣਾਂ ਵਿਚੋਂ ਛਮਛਮ ਹੰਝੂ ਵਰ੍ਹਦੇ ਹਨ। ਉਹ ਦਿਨ ਪ੍ਰਤੀ ਦਿਨ ਬਿਰਧ ਹੋ ਰਹੇ ਹਨ। ਕੀ ਪਤਾ ਕਦੋਂ ਸੱਦਾ ਆ ਜਾਵੇ। ਪੁੱਤਰ ਨੂੰ ਮਿਲਣ ਦੀ ਸਿੱਕ ਤੇ ਤਾਂਘ ਦਿਲ ਵਿਚ ਹੀ ਰਹਿ ਜਾਵੇ। ਕਦੇ ਕਹਿੰਦੀ ਹੈ, “ਬੀਬੀ ਤੇਰਾ ਵੀਰ ਨਹੀਂ ਆਇਆ, ਘਰ ਸੁੰਨਾ-ਸੁੰਨਾ ਲਗਦਾ ਹੈ। ਵੀਰ ਨੂੰ ਸੱਦ ਮਾਰ ਖਾਂ, ਤੈਨੂੰ ਤਾਂ ਕਹਿ ਗਿਆ ਸੀ, ਭੈਣ ਜਦੋਂ ਯਾਦ ਕਰੇਂਗੀ ਭੱਜਿਆ ਤੁਰਿਆ ਆਵਾਂਗਾ।”

ਇਕਲੌਤੇ ਪੁੱਤਰ ਦੀ ਮਾਂ ਬਸ ਅੰਨ੍ਹੀ ਹੀ ਹੁੰਦੀ ਹੈ। ਕਈ ਸਿਆਲ ਆਏ ਤੇ ਗਏ ਪਰ ਨਾਨਕ ਦਾ ਪਤਾ ਨਹੀਂ। ਕੋਈ ਸੁੱਖ ਸੁਨੇਹਾ ਨਹੀਂ, ਕਿਸੇ ਟਿਕਾਣੇ ਦਾ ਪਤਾ ਨਹੀਂ ਕਿ ਉਸ ਨੂੰ ਜਾ ਕੇ ਮਿਲ ਆਈਏ। ਹਾਂ, ਨਾਨਕ ਦੀ ਮਹਿਮਾ ਸੋਭਾ ਦੀ ਸੋਅ ਉਨ੍ਹਾਂ ਤਕ ਆਏ-ਗਏ ਸੰਨਿਆਸੀਆਂ, ਜੋਗੀਆਂ, ਦਰਵੇਸ਼ਾਂ ਰਾਹੀਂ ਪਹੁੰਚਦੀ ਰਹਿੰਦੀ ਹੈ ਕਿ ਨਾਨਕ ਦੁਖੀ ਲੋਕਾਂ ਨੂੰ ਤਾਰ ਰਿਹਾ ਹੈ; ਅਸ਼ਾਂਤ ਲੋਕਾਂ ਨੂੰ ਅੰਮ੍ਰਿਤ ਨਾਮ ਦਾ ਪਿਆਲਾ ਪਿਲਾ ਕੇ ਉਨ੍ਹਾਂ ਦੇ ਹਿਰਦਿਆਂ ਨੂੰ ਠਾਰ ਰਿਹਾ ਹੈ; ਅਗਿਆਨ ਦਾ ਹਨੇਰਾ ਦੂਰ ਕਰ ਗਿਆਨ ਦਾ ਪ੍ਰਕਾਸ਼ ਕਰ ਰਿਹਾ ਹੈ; ਵੈਰ ਭਾਵ ਦੂਰ ਕਰ ਪਿਆਰ ਦੀ ਵਰਖਾ ਕਰ ਰਿਹਾ ਹੈ। ਪਰ ਉਨ੍ਹਾਂ ਦਾ ਆਪਣਾ ਵਿਹੜਾ ਤਾਂ ਇਕੋ ਇਕ ਪੁੱਤਰ ਬਾਝੋਂ ਸੱਖਣਾ ਹੈ। ਇਥੇ ਰਹਿੰਦਾ ਸੀ ਭਾਵੇਂ ਨਾਮ ਖੁਮਾਰੀ ਵਿਚ ਮਸਤ ਸੀ ਕਈ ਕਈ ਦਿਨ ਸਮਾਧੀ ਵਿਚ ਡੁੱਬਾ ਰਹਿੰਦਾ ਸੀ ਪਰ ਸਾਡੀਆਂ ਅੱਖਾਂ ਦੇ ਸਾਹਮਣੇ ਤਾਂ ਸੀ। ਸਾਡਾ ਕਲੇਜਾ ਉਸ ਨੂੰ ਦੇਖ ਦੇਖ ਕੇ ਠਰਦਾ ਸੀ। ਭਰ ਜਵਾਨ ਨੂੰਹ ਸੁਲੱਖਣੀ, ਸਾਰੀ ਉਮਰ ਇਸ ਦੀ ਵਿਯੋਗਣ ਵਾਂਗ ਬੀਤ ਗਈ। ਨਿੱਕੇ ਨਿੱਕੇ ਬਾਲ ਸ੍ਰੀਚੰਦ ਤੇ ਲੱਖਮੀ ਚੰਦ ਦਾ ਬਚਪਨ ਪਿਤਾ ਦੇ ਪਿਆਰ ਲਈ ਸਹਿਕਦਾ ਲੰਘ ਗਿਆ। ਪਤਾ ਨਹੀਂ ਕਿੰਨੇ ਵਰ੍ਹੇ ਤਾਂ ਬੀਤ ਗਏ ਲਗਦੇ ਹਨ। ਕੀ ਪਤਾ ਘਰ-ਬਾਰ ਤਿਆਗ ਕੇ ਸੰਨਿਆਸੀ ਹੀ ਨਾ ਬਣ ਗਿਆ ਹੋਵੇ ਪਰ ਸੰਨਿਆਸ ਦੀ ਤਾਂ ਉਹ ਸਿੱਖਿਆ ਹੀ ਨਹੀਂ ਦਿੰਦਾ। ਕਹਿੰਦਾ ਹੈ, ਗ੍ਰਹਿਸਥੀ ਰਹਿ ਕੇ ਦੁਨੀਆਂ ਦੇ ਸਭ ਕੰਮ-ਕਾਜ ਕਰਦਿਆਂ ਪ੍ਰਭੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਫਿਰ ਏਨੇ ਵਰ੍ਹੇ ਹੋ ਗਏ ਹਨ ਆਇਆ ਕਿਉਂ ਨਹੀਂ? ਹੁਣ ਤਾਂ ਉਸ ਨੂੰ ਮਿਲਣ ਲਈ ਮਨ ਬੇਕਰਾਰ ਹੈ। ਜ਼ਰਾ ਜਿਹਾ ਖੜਕਾ ਹੁੰਦਾ ਤਾਂ ਲਗਦਾ ਹੈ, ਨਾਨਕ ਮੇਰਾ ਪਿਆਰਾ ਨਾਨਕ ਆਇਆ ਹੈ। ਕੀ ਮੈਂ ਕਦੇ ਰੱਜ ਕੇ ਉਸ ਦੇ ਚੰਨ ਮੁਖੜੇ ਦੇ ਦਰਸ਼ਨ ਵੀ ਕਰਾਂਗੀ। ਉਹ ਸੁਭਾਗਾ ਦਿਨ ਕਦੋਂ ਆਵੇਗਾ, ਜਦੋਂ ਮੇਰਾ ਨਾਨਕ ਘਰ ਆਵੇਗਾ।
ਇਨ੍ਹਾਂ ਵਿਚਾਰਾਂ ਵਿਚ ਡੁੱਬੀ ਮਾਤਾ ਤ੍ਰਿਪਤਾ ਨੂੰ ਇਕ ਗੁਆਂਢਣ ਨੇ ਆ ਸੁਨੇਹਾ ਦਿੱਤਾ ਕਿ ਮਰਦਾਨਾ ਆਇਆ ਹੈ। ਮਾਂ ਭੱਜੀ ਮਰਦਾਨੇ ਨੂੰ ਮਿਲਣ ਵਾਸਤੇ। ਨਾਨਕ ਨਹੀਂ ਆਇਆ, ਉਸ ਦਾ ਯਾਰ ਆਇਆ ਹੈ। ਉਹ ਮਰਦਾਨਾ ਜਿਸ ਨੇ ਦੀਨ ਦੁਨੀਆਂ, ਪਰਿਵਾਰ ਬੱਚੇ, ਮਾਂ-ਬਾਪ ਸਭ ਨੂੰ ਛੱਡ ਦਿੱਤਾ ਹੈ। ਆਪਣੇ ਯਾਰ ਦੀ ਯਾਰੀ ਨਿਭਾਉਣ ਖਾਤਰ ਜੋ ਬਸ ਨਾਨਕ ਦਾ ਬਣ ਕੇ ਰਹਿ ਗਿਆ ਹੈ, ਜੋ ਸਾਏ ਦੀ ਤਰ੍ਹਾਂ ਦਿਨ ਰਾਤ ਨਾਨਕ ਦੇ ਨਾਲ ਰਹਿੰਦਾ ਹੈ। ਜੋ ਨਾਨਕ ਦੇ ਸਾਹ ਨਾਲ ਸਾਹ ਲੈਂਦਾ ਹੈ। ਸਾਡੇ ਨਾਲੋਂ ਤਾਂ ਇਹ ਮਰਦਾਨਾ ਹੀ ਸੁਭਾਗਾ ਹੈ, ਜੋ ਨਾਨਕ ਦੇ ਸਦੀਵੀ ਸਾਥ ਦਾ ਅਨੰਦ ਮਾਣ ਰਿਹਾ ਹੈ, ਪਰ ਇਹ ਇਕੱਲਾ ਕਿਉਂ ਆਇਆ ਹੈ? ਨਾਨਕ ਕਿਥੇ ਹੈ? ਸਾਡਾ ਪਿਆਰਾ ਨਾਨਕ, ਅੱਖੀਆਂ ਦਾ ਤਾਰਾ ਨਾਨਕ ਕਿੱਥੇ ਰਹਿ ਗਿਆ ਹੈ। ਇਨ੍ਹਾਂ ਖਿਆਲਾਂ ਵਿਚ ਡੁੱਬੀ ਤ੍ਰਿਪਤਾ ਮਾਂ ਨੇ ਗਲਵਕੜੀ ਵਿਚ ਘੁੱਟ ਲਿਆ ਮਰਦਾਨੇ ਨੂੰ। ਭਾਵ ਬਿਹਬਲ ਉਸ ਨੂੰ ਕਿੰਨਾ ਚਿਰ ਸੁੱਧ ਹੀ ਨਾ ਰਹੀ। ਮਰਦਾਨੇ ਨੂੰ ਗਲ ਨਾਲ ਲਾਈ ਉਸ ਨੂੰ ਨਾਨਕ ਦੀ ਛੋਹ ਦਾ ਅਨੰਦ ਆ ਰਿਹਾ ਸੀ। ਕਾਫੀ ਚਿਰ ਬਾਅਦ ਇਸ ਪਿਆਰ ਦੀ ਵਿਸਮਾਦੀ ਅਵਸਥਾ ਦਾ ਅਨੰਦ ਰਸ ਮਾਣਨ ਬਾਅਦ ਮਾਤਾ ਨੇ ਪੁੱਛਿਆ, “ਮਰਦਾਨਿਆਂ ਤੂੰ ਇਕੱਲਾ ਆਇਐਂ? ਤੇਰਾ ਯਾਰ ਕਿੱਥੇ ਹੈ? ਮੇਰਾ ਨਾਨਕ ਕਿੱਥੇ ਹੈ?”
ਗਲਾ ਭਰ ਆਇਆ, ਬੋਲਿਆ ਨਾ ਗਿਆ, ਮਰਦਾਨਾ ਖਾਮੋਸ਼ ਰਹਿੰਦਾ ਹੈ। ਕੋਈ ਜਵਾਬ ਨਹੀਂ ਦਿੰਦਾ। ਉਸ ਨੂੰ ਗੁਰੂ ਜੀ ਦਾ ਹੁਕਮ ਸੀ। ਇਸ ਪ੍ਰਸ਼ਨ ਬਾਰੇ ਚੁੱਪ ਧਾਰੀ ਰੱਖੇ। ਗੁਰੂ ਜੀ ਦੀ ਆਗਿਆ ਸੀ, ਉਨ੍ਹਾਂ ਬਾਰੇ ਕੁਝ ਨਹੀਂ ਦੱਸਣਾ। ਉਹ ਡਰਦਾ ਹੈ, ਕੁਝ ਦੱਸ ਹੀ ਨਾ ਬੈਠੇ। ਇਧਰ ਪ੍ਰੇਮ ਦਾ ਵੇਗ ਦੇਖਦਾ ਹੈ, ਸਿਕਦੇ ਨੇਤਰਾਂ ਵਿਚੋਂ ਨਿਕਲਦੇ ਹੰਝੂ ਉਸ ਕੋਲੋਂ ਦੇਖੇ ਨਹੀਂ ਜਾਂਦੇ। ਉਸ ਕੋਲੋਂ ਬੈਠਿਆ ਨਾ ਗਿਆ। ਪ੍ਰੇਮ ਦਾ ਆਵੇਗ ਉਸ ਦੇ ਕਲੇਜੇ ਨੂੰ ਧੂਹ ਰਿਹਾ ਸੀ। ਮਾਤਾ ਦੇ ਵਾਰ ਵਾਰ ਇਸ ਪ੍ਰਸ਼ਨ ਦਾ ‘ਮਰਦਾਨਿਆਂ ਦੱਸ ਮੇਰਾ ਨਾਨਕ ਕਿੱਥੇ ਹੈ”, ਦਾ ਉਹ ਕੀ ਜਵਾਬ ਦੇਵੇ। ਉਸ ਨੂੰ ਸਮਝ ਨਹੀਂ ਸੀ ਆ ਰਹੀ। ਉਸ ਕੋਲੋਂ ਬੈਠਿਆ ਨਾ ਗਿਆ। ਉਹ ਤੁਰ ਚੱਲਿਆ, ਮਾਤਾ ਜੀ ਉਦਾਸ ਪ੍ਰੇਸ਼ਾਨ। ਮਾਤਾ ਜੀ ਦੇ ਕਲੇਜੇ ਤੀਰ ਵੱਜਿਆ, ਰੁੱਗ ਭਰ ਆਇਆ, ਉਦਾਸੀ ਵਿਚ ਇਕ ਆਸ ਦੀ ਕਿਰਨ ਚਮਕੀ। ਕੀ ਪਤਾ ਪੁੱਤਰ ਸਾਧੂ ਹੈ, ਸ਼ਹਿਰ ਦੇ ਬਾਹਰ ਹੀ ਨਾ ਬੈਠਾ ਹੋਵੇ। ਇਹ ਵੀ ਉਸ ਚੋਜੀ ਦਾ ਕੋਈ ਚੋਜ ਹੋਵੇ।
ਮਾਤਾ ਤ੍ਰਿਪਤਾ ਨੇ ਸੁਲੱਖਣੀ ਨੂੰ ਨਾਲ ਲਿਆ, ਸ੍ਰੀਚੰਦ-ਲੱਖਮੀ ਚੰਦ ਨਾਲ ਤੁਰ ਪਏ। ਮਾਤਾ ਜੀ ਪ੍ਰੇਮ ਵਿਚ ਅਤਿ ਅਕੁਲਾਏ, ਪ੍ਰਸ਼ਾਦਾ ਮਿਠਾਈਆਂ ਲਈ, ਨਵੇਂ ਬਸਤਰ ਲਈ ਤੁਰ ਪਏ। ਮਰਦਾਨੇ ਦੇ ਪਿੱਛੇ ਪਿੱਛੇ ਉਨ੍ਹਾਂ ਦੇ ਨਾਲ ਆਂਢੀ-ਗੁਆਂਢੀ ਵੀ ਤੁਰ ਪਏ। ਪ੍ਰੇਮ ਦੀ ਤਾਰ ਉਨ੍ਹਾਂ ਨੂੰ ਨਾਨਕ ਵੱਲ ਧੂਹੀ ਲਿਜਾ ਰਹੀ ਹੈ।
ਸ਼ਹਿਰ ਤੋਂ ਬਾਹਰ ਪਹੁੰਚੇ ਤਾਂ ਕੀ ਦੇਖਦੇ ਹਨ-ਨਾਨਕ ਦਰਖਤ ਦੇ ਥੱਲੇ ਸਤਿ ਕਰਤਾਰ ਦੀ ਧੁਨਿ ਰਮਾ ਕੇ ਬੈਠਿਆ ਹੈ। ਧਾਹ ਕੇ ਪੁੱਤਰ ਨੂੰ ਗਲਵੱਕੜੀ ਵਿਚ ਲਿਆ। ਪੁੱਤਰ ਨੂੰ ਚੁੰਮਦੀ ਵੀ ਜਾਵੇ, ਪਿਆਰ ਵੀ ਕਰਦੀ ਜਾਵੇ, ਅੱਜ ਮੁੱਦਤਾਂ ਬਾਅਦ ਨਾਨਕ ਦੇ ਚੰਨ ਮੁਖੜੇ ਦੇ ਉਸ ਨੂੰ ਦਰਸ਼ਨ ਹੋਏ ਸਨ। ਪੁੱਤ ਨੂੰ ਕਲੇਜੇ ਨਾਲ ਲਾ ਕੇ ਘੁੱਟ ਲਿਆ, ਪਿਆਰ ਦੀ ਖੁਮਾਰੀ ਵਿਚ ਬੇਸੁਧ ਹੋ ਗਈ, “ਵੇ ਪੁੱਤ, ਮੈਂ ਵਾਰੀ ਮੈਂ ਸਦਕੇ-ਮੈਂ ਸਦਕੇ ਉਨ੍ਹਾਂ ਰਾਹਾਂ ਤੋਂ ਜਿਨ੍ਹਾਂ ਤੋਂ ਤੂੰ ਚੱਲ ਕੇ ਆਇਆਂ ਹੈ।”
ਨਾਨਕ ਦੀਆਂ ਅੱਖਾਂ ਮਾਤਾ ਦਾ ਵੈਰਾਗ ਦੇਖ ਕੇ ਭਰ ਆਈਆਂ। ਸੁਲੱਖਣੀ ਗੁਰੂ ਚਰਨਾਂ ਵਿਚ ਢਹਿ ਪਈ। ਮੱਥਾ ਟੇਕਿਆ ਉਸ ਦਾ ਪਿਆਰ ਮੂਕ ਪਿਆਰ ਬਣ ਕੇ ਰਹਿ ਗਿਆ। ਤ੍ਰਿਪ-ਤ੍ਰਿਪ ਹੰਝੂਆਂ ਦੇ ਸਿਵਾ ਉਹ ਕੁੱਝ ਵੀ ਨਾ ਬੋਲ ਸਕੀ। ਸ੍ਰੀਚੰਦ-ਲੱਖਮੀ ਚੰਦ ਲੱਤਾਂ ਨੂੰ ਚਿੰਬੜ ਗਏ।
ਏਨੇ ਵਿਚ ਸਾਰੀ ਤਲਵੰਡੀ ਵਿਚ ਖਬਰ ਫੈਲ ਗਈ, ਬਾਬਾ ਨਾਨਕ ਆਇਆ ਹੈ, ਬਾਬਾ ਕਾਲੂ ਬ੍ਰਿਧ ਜਿਸ ਨੇ ਸੱਚੇ ਸੌਦੇ ਸਮੇਂ ਵੀਹ ਰੁਪਏ ਪਿੱਛੇ ਨਾਨਕ ਨੂੰ ਚਪੇੜਾਂ ਮਾਰੀਆਂ ਸਨ, ਅੱਜ ਪੁੱਤਰ ਪਿਆਰ ਵਿਚ ਹੰਝੂ ਵਹਾ ਰਿਹਾ ਸੀ। ਲੰਮੇ ਵਿਛੋੜੇ ਨੇ ਉਸ ਦੇ ਦਿਲ ਨੂੰ ਮੋਮ ਬਣਾ ਦਿੱਤਾ ਸੀ। ਉਹ ਪੁੱਤਰ ਪਿਆਰ ਨੂੰ ਤਰਸ ਰਿਹਾ ਸੀ। ਧਾਅ ਕੇ ਨਾਨਕ ਨੂੰ ਗਲਵੱਕੜੀ ਵਿਚ ਲੈਂਦਾ ਹੈ, ਮੱਥਾ ਚੁੰਮਦਾ ਹੈ। ਨਾਨਕ ਉਸ ਲਈ ਇਕ ਛੋਟਾ ਬੱਚਾ ਬਣ ਗਿਆ ਹੈ, ਜਿਸ ਨੂੰ ਪਿਆਰ ਕਰਦਾ ਜਾਂਦਾ ਹੈ ਪਰ ਉਸ ਦਾ ਦਿਲ ਭਰਦਾ ਨਹੀਂ।
ਮਾਤਾ ਤ੍ਰਿਪਤਾ ਨਾਨਕ ਨੂੰ ਪੁਛਦੀ ਹੈ, “ਵੇ ਨਾਨਕਾ! ਤੂੰ ਸਾਲਾਂ-ਬੱਧੀ ਘਰ ਨਹੀਂ ਆਉਂਦਾ। ਕੀ ਤੈਨੂੰ ਸਾਡੀ ਯਾਦ ਬਿਲਕੁਲ ਨਹੀਂ ਆਉਂਦੀ? ਇਸ ਸੁਲੱਖਣੀ ਦੀ ਵੀ ਨਹੀਂ, ਜਿਹੜੀ ਤੇਰੇ ਰਾਹ ਵਿਚ ਪਲਕਾਂ ਵਿਛਾਈ ਬੈਠੀ ਰਹਿੰਦੀ ਹੈ। ਨਿੱਕੇ ਨਿੱਕੇ ਬਾਲ ਜੋ ਤੇਰੇ ਪਿਆਰ ਲਈ ਸਹਿਕਦੇ ਰਹਿੰਦੇ ਹਨ।”
ਨਾਨਕ ਹੱਸ ਛੱਡਦਾ ਹੈ, “ਮਾਂ ਇਹ ਸਾਰਾ ਸੰਸਾਰ ਮੇਰਾ ਘਰ ਹੈ, ਇਸ ਸੰਸਾਰ ਵਿਚ ਬਹੁਤ ਦੁੱਖ ਹੈ, ਸੰਤਾਪ ਹੈ। ਮੈਂ ਘਰ ਦੀ ਚਾਰਦੀਵਾਰੀ ਵਿਚ ਡੱਕਿਆ ਨਹੀਂ ਰਹਿ ਸਕਦਾ। ਮੈਂ ਪਰਮਾਤਮਾ ਦੇ ਹੁਕਮ ਦਾ ਬੱਝਾ ਹਾਂ, ਉਸ ਦੇ ਪਿਆਰ ਦਾ ਸੁਨੇਹਾ ਸਾਰੀ ਲੋਕਾਈ ਤਕ ਪਹੁੰਚਾਉਣਾ ਹੈ।”
ਮਰਦਾਨਾ ਕਹਿੰਦਾ ਹੈ, “ਨਹੀਂ ਮਾਂ ਨਾਨਕ ਯਾਦ ਕਰੇ ਨਾ ਕਰੇ, ਮੈਂ ਜ਼ਰੂਰ ਯਾਦ ਕਰਦਾ ਹਾਂ। ਨਾਨਕ ਜਦੋਂ ਕਿਸੇ ਮੁਰਦਾ ਰੂਹ ਅੰਦਰ ਰੂਹ ਫੂਕਦਾ ਹੈ, ਦੁਖੀ ਆਤਮਾ ਨੂੰ ਜਿਵਾਲਦਾ ਹੈ, ਠੰਢ ਪਹੁੰਚਾਉਂਦਾ ਹੈ, ਤਾਂ ਦੁਖੀ ਰੂਹ ਪੁਕਾਰ ਉਠਦੀ ਹੈ, ‘ਧੰਨ ਜਨਨੀ ਜਿਨਿ ਜਾਇਆ ਤੈਨੂੰ, ਧੰਨ ਪਿਤਾ ਵਡਭਾਗੀ।’ ਜਗਤ ਜਲੰਦਾ ਤਾਰਨ ਖਾਤਰ ਨਾਨਕ ਨੇ ਮੋਹ ਮਮਤਾ ਦਾ ਤਿਆਗ ਕੀਤਾ ਹੈ। ਮਾਤਾ ਤੂੰ ਸਚਮੁੱਚ ਧੰਨ ਹੈਂ, ਜਿਸ ਨੇ ਅਜਿਹਾ ਅਣਮੋਲ ਹੀਰਾ ਪੈਦਾ ਕੀਤਾ ਹੈ ਤੇ ਉਸ ਸਮੇਂ ਉਸ ਦੇ ਮੂੰਹੋਂ ਆਪ ਮੁਹਾਰਾ ਨਿਕਲਦਾ ਹੈ, ਧੰਨ ਜਨਨੀ-ਧੰਨ ਜਨਨੀ ਅੰਮੀ ਤੈਨੂੰ ਕਹਿੰਦਾ ਹੈ ਹਰ ਕੋਈ। ਮਾਂ ਤੂੰ ਤਾਂ ਸਾਡੇ ਰੋਮ-ਰੋਮ ਵਿਚ ਵਸਦੀ ਹੈਂ। ਤੈਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ।
ਬਾਬਾ ਨਾਨਕ ਬੋਲਿਆ, “ਨਹੀਂ ਮਾਂ, ਨਹੀਂ ਮੇਰੀ ਪਿਆਰੀ ਅੰਮੀ, ਮੈਂ ਹਰ ਪਲ, ਹਰ ਘੜੀ ਯਾਦ ਕਰਦਾ ਹਾਂ। ਇਹ ਪਿਆਰ ਲਫਜ਼ਾਂ ਦਾ ਮੁਹਤਾਜ ਨਹੀਂ। ਤੂੰ ਸਮਰੱਥ ਮਾਤਾ ਹੈਂ, ਮੈਨੂੰ ਪਤਾ ਹੈ ਤੇਰੇ ਪਿਆਰ ਦੀ ਛੱਤਰ ਛਾਇਆ ਹੇਠ ਸੁਲੱਖਣੀ ਨੂੰ ਕੋਈ ਔਖ ਨਹੀਂ ਹੋਵੇਗੀ। ਆਪਣੀ ਬੱਚੀ ਦੀ ਤਰ੍ਹਾਂ ਘੁੱਟ ਕਲੇਜੇ ਨਾਲ ਲਾਈ ਤੂੰ, ਇਸ ਨੂੰ ਬੈਠੀ ਹੈਂ। ਸੁਲੱਖਣੀ ਦੇ ਸਿਰ ‘ਤੇ ਤੇਰਾ ਪਿਆਰ ਭਰਿਆ ਹੱਥ ਹੈ। ਸ੍ਰੀਚੰਦ-ਲੱਖਮੀ ਚੰਦ ਤੁਹਾਡੀਆਂ ਅੱਖਾਂ ਦੇ ਤਾਰੇ ਹਨ, ਭੈਣ ਨਾਨਕੀ, ਆਪ ਜੀ ਸੁਲੱਖਣੀ ਤੁਸਾਂ ਤਿੰਨਾਂ ਨੇ ਮੈਨੂੰ ਰੱਜਵਾਂ ਪਿਆਰ ਦਿੱਤਾ ਹੈ। ਮਾਂ ਸ਼ਬਦ ਕਿੰਨਾ ਮਿੱਠਾ ਤੇ ਪਿਆਰਾ ਸ਼ਬਦ ਹੈ। ਤੇਰੇ ਪਿਆਰ ਦੀ ਗਹਿਰਾਈ ਨੂੰ ਮਾਪਿਆ ਨਹੀਂ ਜਾ ਸਕਦਾ। ਤੇਰੀਆਂ ਸ਼ੁਭ ਕਾਮਨਾਵਾਂ, ਪ੍ਰਾਰਥਨਾਵਾਂ ਮੇਰਾ ਰਾਹ ਸੁਖਾਲਾ ਕਰਦੀਆਂ ਹਨ। ਮੇਰਾ ਦਿਲ ਕਰਦਾ ਹੈ ਜੋ ਅਰਸ਼ੀ ਪਿਆਰ ਮੈਂ ਤੁਹਾਡੇ ਤੋਂ ਪ੍ਰਾਪਤ ਕੀਤਾ ਹੈ, ਇਸ ਨੂੰ ਸਾਰੀ ਲੋਕਾਈ ਵਿਚ ਵੰਡ ਦਿਆਂ-ਮਾਂ ਦੀ ਮਮਤਾ ਦਾ ਪਿਆਰ ਦਾ ਸੁਨੇਹਾ ਘਰ-ਘਰ ਪਹੁੰਚਾ ਦਿਆਂ।”