ਪ੍ਰੋਫੈਸਰ ਬਸੰਤ ਸਿੰਘ ਬਰਾੜ
ਫੋਨ: 91-98149-41214
ਵਿਸ਼ਵ ਦੇ ਸਾਰੇ ਧਰਮਾਂ ਦੇ ਸੰਸਥਾਪਕਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਅਤੇ ਦੇਣ ਨਿਵੇਕਲੀ ਹੈ, ਲਾਸਾਨੀ ਹੈ। ਕਿਧਰੇ ਕੋਈ ਅਜਿਹੀ ਧਾਰਮਿਕ, ਅਧਿਆਤਮਕ, ਸਮਾਜਕ, ਰਾਜਨੀਤਕ, ਮਾਨਵਵਾਦੀ ਅਤੇ ਪਰਿਵਾਰਕ ਖੇਤਰਾਂ ਵਿਚ ਨਾਲ ਨਾਲ ਵਿਚਰਨ ਵਾਲੀ ਹਸਤੀ ਨਹੀਂ ਮਿਲਦੀ, ਜਿਸ ਨੇ ਆਪਣੇ ਬ੍ਰਹਮ-ਗਿਆਨ ਨੂੰ ਆਮ ਲੋਕਾਂ ਦੀ ਭਾਸ਼ਾ ਵਿਚ ਸੰਗੀਤਮਈ ਕਵਿਤਾ ਦੇ ਰਾਹੀਂ ਦੂਰ ਦੂਰ ਜਾ ਕੇ ਸਮਝਾਇਆ ਹੋਵੇ। ਅਫਸੋਸ ਇਹ ਹੈ ਕਿ ਉਨ੍ਹਾਂ ਨੂੰ ਸਿਰਫ ਸਿੱਖ ਧਰਮ ਤੱਕ ਸੀਮਿਤ ਕਰ ਕੇ ਬਾਕੀ ਵਿਸ਼ਵ ਉਨ੍ਹਾਂ ਦੀਆਂ ਲਾਸਾਨੀ ਰਚਨਾਵਾਂ ਤੋਂ ਲਗਭਗ ਅਣਜਾਣ ਹੈ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਰਾਬਿੰਦਰਨਾਥ ਟੈਗੋਰ ਅਤੇ ਅਲਾਮਾ ਇਕਬਾਲ ਵਰਗੇ ਕੁਝ ਮਹਾਨ ਗੈਰ ਸਿੱਖਾਂ ਨੇ ਹੀ ਪੂਰੀ ਤਰ੍ਹਾਂ ਸਮਝਿਆ ਹੈ ਅਤੇ ਪ੍ਰਸ਼ੰਸਾ ਕੀਤੀ ਹੈ। ਟੈਗੋਰ ਪਰਿਵਾਰ ਹਰ ਸਾਲ ਕੁਝ ਦਿਨਾਂ ਲਈ ਹਰਿਮੰਦਿਰ ਸਾਹਿਬ, ਅੰਮ੍ਰਿਤਸਰ ਆਉਂਦਾ ਸੀ ਅਤੇ ਉਨ੍ਹਾਂ ਨੇ ਗੁਰਬਾਣੀ ਵਿਚੋਂ ਚਾਰ ਸ਼ਬਦਾਂ ਨੂੰ ਬ੍ਰਹਮੋ ਸਮਾਜ ਦੇ ਨਿਤਨੇਮ ਵਿਚ ਸ਼ਾਮਿਲ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਨਿਵੇਕਲੀ ਆਰਤੀ “ਗਗਨ ਮੈ ਥਾਲ…” ਨੂੰ ਉਹ ਸੰਸਾਰ ਦੇ ਸਰਵਸ੍ਰੇਸ਼ਟ ਕਾਵਿ ਵਿਚੋਂ ਇਕ ਗਿਣਦੇ ਸਨ। ਇਸੇ ਤਰ੍ਹਾਂ ਸਰ ਮੁਹੰਮਦ ਇਕਬਾਲ ਨੇ ਲਿਖਿਆ ਹੈ, “ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇਕ ਮਰਦੇ-ਕਾਮਲ ਨੇ ਜਗਾਇਆ ਖਵਾਬ ਸੇ।”
ਬਾਬਰਵਾਣੀ ਵਿਚ ਜ਼ੁਲਮ ਅਤੇ ਹਿੰਸਾ ਦੇ ਵਿਰੁੱਧ ਦਲੇਰੀ ਨਾਲ ਬੋਲਣ ਅਤੇ ਲੜਨ ਦੀ ਗੁਰੂ ਜੀ ਦੀ ਲਲਕਾਰ ਅਦੁੱਤੀ ਹੈ। ਇਸ ਵਿਚ ਤਿੰਨ ਸ਼ਬਦ ਰਾਗ ਆਸਾ ਵਿਚ ਹਨ: “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ”, “ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਏ ਸੰਧੂਰ”, “ਕਹਾਂ ਸੋ ਖੇਲ ਤਬੇਲਾ ਘੋੜੇ” ਅਤੇ “ਜੈਸੀ ਮੈਂ ਆਵੈ ਖਸਮ ਕੀ ਬਾਣੀ” ਰਾਗ ਤਿਲੰਗ ਵਿਚ ਹੈ। ਗੁਰੂ ਜੀ ਨੇ ਬੇਖੌਫ ਹੋ ਕੇ ਬਾਬਰ ਦੀ ਫੌਜ ਨੂੰ “ਪਾਪ ਕੀ ਜੰਝ” ਕਿਹਾ ਅਤੇ ਸਖਤ ਭਾਸ਼ਾ ਵਿਚ “ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਇ ਜਗਾਇਨ ਬੈਠੇ ਸੁੱਤੇ” ਕਹਿਣ ਤੋਂ ਗੁਰੇਜ਼ ਨਹੀਂ ਕੀਤਾ। ਉਹ ਰੱਬ ਨੂੰ ਵੀ ਉਲ੍ਹਾਮਾ ਦੇਣ ਤੋਂ ਨਹੀਂ ਝਿਜਕੇ, “ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ।” ਸੱਚ, ਇਨਸਾਫ ਅਤੇ ਮਨੁੱਖੀ ਸਮਾਨਤਾ ਲਈ ਲੜਨ ਅਤੇ ਬਲੀਦਾਨ ਦੇਣ ਲਈ ਉਨ੍ਹਾਂ ਨੇ ਸਭ ਨੂੰ ਚੁਣੌਤੀ ਦਿੱਤੀ:
“ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰ ਧਰ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਔਰਤ ਨੂੰ ਆਦਮੀ ਦੇ ਬਰਾਬਰ ਦਾ ਦਰਜਾ ਦਿਵਾਉਣ ਵਿਚ ਗੁਰੂ ਨਾਨਕ ਦੇਵ ਜੀ ਦਾ ਯੋਗਦਾਨ ਅਤੁੱਲ ਅਤੇ ਅਭੁੱਲ ਹੈ। ਜਿਸ ਵੇਲੇ ਭਾਰਤ ਵਿਚ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਉਨ੍ਹਾਂ ਨੇ ਗੱਜ ਕੇ ਕਿਹਾ, “ਸੋ ਕਿਉਂ ਮੰਦਾ ਆਖੀਐ ਜਿਤੁ ਜੰਮੇ ਰਾਜਾਨ॥” ‘ਰਾਜਾਨ’ ਤੋਂ ਉਨ੍ਹਾਂ ਦਾ ਭਾਵ ਰਾਜੇ ਮਹਾਰਾਜੇ ਨਹੀਂ ਬਲਕਿ ਉਚ ਕੋਟੀ ਦੇ ਇਨਸਾਨ ਸੀ। ਭਾਰਤੀ ਸਮਾਜ ਵਿਚ ਖੁਲ੍ਹ ਕੇ ਜੀਣ ਅਤੇ ਵਿਕਾਸ ਕਰਨ ਦੇ ਜਿੰਨੇ ਮੌਕੇ ਗੁਰੂ ਸਾਹਿਬ ਦੀਆਂ ਸ਼ਿਸ਼ (ਸਿੱਖ) ਔਰਤਾਂ ਨੂੰ ਹਨ, ਉਨੇ ਸ਼ਾਇਦ ਹੀ ਕਿਸੇ ਹੋਰ ਸਮਾਜ ਵਿਚ ਹੋਣ। ਇਹ ਸਭ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੀ ਲਹਿਰ ਸਦਕਾ ਹੀ ਹੈ।
ਗੁਰੂ ਨਾਨਕ ਦੇਵ ਜੀ ਵਲੋਂ ਆਪਣੀ ਬਾਣੀ ਰਚਣ ਲਈ ਵਰਤੀ ਗਈ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਬਾਰੇ ਕੁਝ ਗਲਤ ਧਾਰਨਾਵਾਂ ਫੈਲੀਆਂ ਹੋਈਆਂ ਹਨ। ਪਹਿਲੀ ਇਹ ਕਿ ਪੰਜਾਬੀ ਭਾਸ਼ਾ ਗੁਰੂ ਨਾਨਕ ਦੇਵ ਜੀ ਸਮੇਂ ਅਰੰਭ ਹੋਈ, ਜੋ ਸਰਾਸਰ ਗਲਤ ਹੈ ਕਿਉਂਕਿ ਬਾਬਾ ਫਰੀਦ ਦੀ ਬਾਣੀ ਠੇਠ ਪੰਜਾਬੀ ਵਿਚ ਹੈ ਅਤੇ ਉਹ ਗੁਰੂ ਸਾਹਿਬ ਤੋਂ ਪਹਿਲਾਂ ਹੋਏ ਹਨ। ਦੂਜੀ ਧਾਰਨਾ ਗੁਰਮੁਖੀ ਲਿਪੀ ਬਾਰੇ ਹੈ ਕਿ ਇਹ ਗੁਰੂ ਅੰਗਦ ਦੇਵ ਜੀ ਨੇ ਵਿਕਸਿਤ ਕੀਤੀ। ਦਰਅਸਲ ਇਹ ਲਿਪੀ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਦੀ ਹੈ। ਗੁਰੂ ਜੀ ਨੇ ‘ਪੱਟੀ ਲਿਖੀ’ ਵਿਚ ਸਾਰੇ ਪੈਂਤੀ ਅੱਖਰਾਂ ਨਾਲ ਸ਼ਬਦ ਲਿਖੇ ਹਨ। ਸਿਰਫ ਤਰਤੀਬ ਥੋੜੀ ਵੱਖਰੀ ਹੈ। ਸ, e, ਅਤੇ A ਅਰੰਭ ਵਿਚ ਹਨ। ਹ ਅਤੇ ਅ ਅੰਤ ਵਿਚ ਹਨ। ਦੋ ਅੱਖਰ ਜੋ ਅਲੋਪ ਹੋ ਚੱਲੇ ਹਨ, ਵੀ ਇਸ ਵਿਚ ਸ਼ਾਮਿਲ ਹਨ। ਗੁਰੂ ਅੰਗਦ ਦੇਵ ਜੀ ਨੇ ਇਨ੍ਹਾਂ ਪੈਂਤੀ ਅੱਖਰਾਂ ਨੂੰ ਨਵੀਂ ਤਰਤੀਬ ਦਿੱਤੀ ਸੀ। ਲਗਾਂ ਮਾਤਰਾਂ ਦਾ ਵਿਕਾਸ ਕੁਝ ਬਾਅਦ ਵਿਚ ਹੋਇਆ।
ਗੁਰੂ ਨਾਨਕ ਦੇਵ ਜੀ ਦੇ ਅਧਿਆਤਮਕ ਫਲਸਫੇ, ਪਰਮਾਤਮਾ ਦੀ ਕੁਦਰਤ ਵਿਚ ਹੋਂਦ, ਸੱਚਾ-ਸੁੱਚਾ ਜੀਵਨ ਜੀਣ, ਵੰਡ ਕੇ ਛਕਣ, ਗਊ ਗਰੀਬ ਦੀ ਰੱਖਿਆ ਕਰਨ, ਦਸਾਂ ਨਹੁੰਆਂ ਦੀ ਕਿਰਤ ਕਰਨ ਅਤੇ ਅਨੇਕ ਹੋਰ ਪਹਿਲੂਆਂ ਬਾਰੇ ਸਾਰੇ ਲੋਕ ਜਾਣਦੇ ਹਨ, ਪ੍ਰੰਤੂ ਉਨ੍ਹਾਂ ਦੀ ਵਿਗਿਆਨਕ ਸੋਚ ਬਾਰੇ ਹੋਰ ਚਾਨਣ ਪਾਉਣ ਦੀ ਲੋੜ ਹੈ। ਬ੍ਰਹਮ- ਗਿਆਨ ਦੀ ਸ਼ਕਤੀ, ਜਿਸ ਨੂੰ ਮਨੋਵਿਗਿਆਨੀ ਪੇਸ਼ੀਨਗੋਈ (ਛਲਅਰਿਵੇਅਨਚe) ਕਹਿੰਦੇ ਹਨ, ਨਾਲ ਗੁਰੂ ਜੀ ਨੂੰ ਸਾਰੀ ਸ੍ਰਿਸ਼ਟੀ ਬਾਰੇ ਹੈਰਾਨੀਜਨਕ ਪੱਧਰ ਦਾ ਗਿਆਨ ਸੀ। ਗੁਰੂ ਸਾਹਿਬ ਨੇ ਕਿਹਾ ਕਿ ਸ੍ਰਿਸ਼ਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ “ਅਰਬਦ ਨਰਬਦ ਧੁੰਧੂਕਾਰਾ” ਸੀ (ਅਰਬਾਂ, ਖਰਬਾਂ ਸਾਲ ਪਹਿਲੇ ਬ੍ਰਹਿਮੰਡ ਸਿਰਫ ਧੁੰਦ ਦਾ ਗੁਬਾਰ ਸੀ)। ਗੁਰੂ ਸਾਹਿਬ ਨੇ ਅੱਗੇ ਕਿਹਾ, “ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਇ ਲਖ ਦਰਿਆਉ॥’ (ਇਕ ਬੋਲ ਨਾਲ ਲੱਖਾਂ ਦਰਿਆਵਾਂ ਦੀ ਉਤਪਤੀ ਹੋ ਗਈ)। ਜਿਸ ਨੂੰ ਸਟੀਫਨ ਹਾਕਿੰਗ (1942-2018) ਵਰਗੇ ਵਿਗਿਆਨੀ ਭਗਿ ਭਅਨਗ ਠਹeੋਰੇ ਕਹਿੰਦੇ ਹਨ, ਉਸ ਨੂੰ ਗੁਰੂ ਸਾਹਿਬ ਨੇ ‘ਏਕੋ ਕਵਾਉ’ ਕਿਹਾ ਹੈ। ਫਿਰ “ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ॥ ਜਲ ਤੇ ਤ੍ਰਿਭਵਣ ਸਾਜਿਆ ਘਟੇ ਘਟ ਜੋਤ ਸਮੋਇ॥” ਇਹ ਵਿਸ਼ਲੇਸ਼ਣ ਡਾਰਵਿਨ ਦੇ ਫਲਸਫੇ ਨਾਲ ਮੇਲ ਖਾਂਦਾ ਹੈ। ਜਦੋਂ ਇਹ ਮੰਨਿਆਂ ਜਾਂਦਾ ਸੀ ਕਿ ਧਰਤੀ ਇਕ ਬੈਲ ਨੇ ਚੁੱਕੀ ਹੋਈ ਹੈ ਤਾਂ ਗੁਰੂ ਸਾਹਿਬ ਨੇ ਕਿਹਾ: “ਧਰਤੀ ਹੁਰ ਪਰੈ ਹੋਰੁ ਹੋਰੁ॥ ਤਿਸ ਤੇ ਭਾਰ ਤਲੈ ਕਵਣੁ ਜੋਰੁ॥” ਆਧੁਨਿਕ ਵਿਗਿਆਨ ਮੰਨਦਾ ਹੈ ਕਿ ਸਿਰਫ ਇਕ ਅਕਾਸ਼-ਗੰਗਾ (ਘਅਲਅਣੇ) ਵਿਚ ਹੀ ਕਰੋੜਾਂ ਸੂਰਜ ਹਨ, ਪਰ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀ: “ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ।”
ਕੁਝ ਅਖਾਉਤੀ ਵਿਦਵਾਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਸੰਸਕ੍ਰਿਤ, ਫਾਰਸੀ, ਅਰਬੀ ਵਗੈਰਾ ਦੇ ਗਿਆਨ ਬਾਰੇ ਸ਼ੰਕੇ ਪੈਦਾ ਕੀਤੇ ਹਨ। ਇਸ ਦਾ ਕਾਰਨ ਸਿਰਫ ਇਹ ਹੈ ਕਿ ਗੁਰੂ ਜੀ ਨੇ ਸਵਾਰਥੀ ਹਿਤਾਂ ਵਾਲੇ ਤੱਤਾਂ ਦੀ ਲੁੱਟ-ਘਸੁੱਟ ਤੋਂ ਆਮ ਆਦਮੀ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਬਾਣੀ ਹਰ ਕਿਸੇ ਦੇ ਸਮਝ ਵਿਚ ਆਉਣ ਵਾਲੀ ਭਾਸ਼ਾ ਵਿਚ ਰਚੀ। ਉਨ੍ਹਾਂ ਨੇ ਸਾਧਾਰਣ ਜੀਵਨ ਦੀ ਬੋਲ-ਚਾਲ ਵਾਲੀ ਭਾਸ਼ਾ ਵਰਤ ਕੇ ਆਤਮਾ, ਪਰਮਾਤਮਾ ਅਤੇ ਜੀਵਨ ਜਾਚ ਦੇ ਰਹੱਸ ਜਨ ਸਾਧਾਰਣ ਤੱਕ ਪਹੁੰਚਾਏ। ਇਸ ਆਮ ਭਾਸ਼ਾ ਅਤੇ ਨਿਤ-ਪ੍ਰਤੀ ਦੇ ਜੀਵਨ ਵਿਚੋਂ ਉਨ੍ਹਾਂ ਨੇ ਅਜਿਹੇ ਬਿੰਬ ਵਰਤੇ ਜਿਸ ਨਾਲ ਪੰਜਾਬੀ ਕਵਿਤਾ ਵਿਚ ਗਜ਼ਬ ਦੀ ਸੰਖੇਪਤਾ, ਸਪਸ਼ਟਤਾ ਅਤੇ ਉਚਾਈ ਆਈ। ਹਲ, ਸੁਹਾਗਾ, ਅਹਰਣਿ, ਖਲਾ ਆਦਿ ਉਨ੍ਹਾਂ ਨੇ ਉਚ ਕੋਟੀ ਦੇ ਬਿੰਬ ਬਣਾਏ। ਇਕ ਸ਼ਬਦ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਸਾਇਰ (ਸ਼ਾਇਰ) ਕਿਹਾ ਹੈ ਅਤੇ ਜੇ ਉਨ੍ਹਾਂ ਦਾ ਇਕ ਕਵੀ ਦੇ ਤੌਰ ‘ਤੇ ਹੀ ਮੁਲੰਕਣ ਕੀਤਾ ਜਾਵੇ ਤਾਂ ਉਹ ਦੁਨੀਆਂ ਦੇ ਮਹਾਨ ਕਵੀ ਹਨ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਇਸ ਤੱਥ ਦੇ ਪ੍ਰਤੱਖ ਪ੍ਰਮਾਣ ਹਨ ਕਿ ਉਹ ਸੰਸਕ੍ਰਿਤ, ਫਾਰਸੀ ਅਤੇ ਅਰਬੀ ਵਿਚ ਨਿਪੁੰਨ ਸਨ। ਉਨ੍ਹਾਂ ਨੇ ਸ੍ਰਿਸ਼ਟੀ ਦੇ ਸਾਜਣ ਬਾਰੇ ਮਨੁੱਖੀ ਅਗਿਆਨਤਾ ਪ੍ਰਗਟ ਕਰਦਿਆਂ ਲਿਖਿਆ ਹੈ,
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣ॥
ਵਖਤ ਨ ਪਾਇਓ ਕਾਦੀਆ ਜਿ ਲਿਖਨਿ ਲੇਖ ਕੁਰਾਣ॥
ਥਿਤਿ ਵਾਰ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥
ਇਸ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬ ਨੇ ਸਾਰੇ ਹਿੰਦੂ ਗ੍ਰੰਥ ਵੀ ਪੜ੍ਹੇ ਹੋਏ ਸਨ ਅਤੇ ਕੁਰਾਨ ਸ਼ਰੀਫ ਵੀ। ਉਸ ਵੇਲੇ ਹਿੰਦੂ ਗ੍ਰੰਥ ਕੇਵਲ ਸੰਸਕ੍ਰਿਤ ਵਿਚ ਸਨ, ਅਤੇ ਕੁਰਾਨ ਸ਼ਰੀਫ ਅਰਬੀ ਭਾਸ਼ਾ ਵਿਚ ਹੈ। ਫਾਰਸੀ ਵਿਚ ਗੁਰੂ ਜੀ ਨੇ ਚਾਰ ਸ਼ਲੋਕ ਲਿਖੇ ਹਨ:
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ॥
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ॥
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ॥
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ॥1॥ ਰਹਾਉ॥
ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ॥
ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ॥2॥
ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ॥
ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ॥3॥
ਬਦਬਖਤ ਹਮਚੁ ਬਖੀਲ ਗਾਫਿਲ ਬੇਨਜਰ ਬੇਬਾਕ॥
ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾਖਾਕ॥4॥ (ਪੰਨਾ 690)
ਗੁਰੂ ਨਾਨਕ ਦੇਵ ਜੀ ਬਹੁਤ ਸੁਰੀਲੇ ਗਲੇ ਦੇ ਵੀ ਧਨੀ ਸਨ। ਜਪੁ ਜੀ ਸਾਹਿਬ ਤੋਂ ਬਿਨਾ ਉਨ੍ਹਾਂ ਦੀ ਸਾਰੀ ਬਾਣੀ ਵੱਖ ਵੱਖ ਰਾਗਾਂ ਵਿਚ ਹੈ। ਰਾਗਾਂ ਦੇ ਸੰਪੂਰਨ ਗਿਆਨ ਤੋਂ ਬਿਨਾ ਇਹ ਰਚੀ ਨਹੀਂ ਸੀ ਜਾ ਸਕਦੀ। ਉਦਾਸੀਆਂ ਸਮੇਂ ਗੁਰੂ ਜੀ ਨਾਲ ਬਾਲਾ ਅਤੇ ਮਰਦਾਨਾ ਹੁੰਦੇ ਸਨ। ਬਾਲਾ ਮੁਖ ਤੌਰ ‘ਤੇ ਸ਼ਰਧਾਲੂ ਅਤੇ ਸੇਵਕ ਸੀ। ਮਰਦਾਨਾ ਰਬਾਬ ਵਜਾਉਂਦਾ ਸੀ, ਜਿਸ ਦੀ ਸੰਗਤ ਵਿਚ ਰਾਗਾਂ ਵਿਚ ਗਾਉਣਾ ਸੰਭਵ ਹੈ। ਗੁਰੂ ਸਾਹਿਬ ਗਾ ਕੇ ਬਾਣੀ ਉਚਾਰਦੇ ਹੋਣਗੇ। ਜਨਮ ਸਾਖੀਆਂ ਵਿਚ ਵੀ ਆਉਂਦਾ ਹੈ ਕਿ ਗੁਰੂ ਸਾਹਿਬ ਭਾਈ ਮਰਦਾਨੇ ਨੂੰ ਕਹਿੰਦੇ ਹੁੰਦੇ ਸਨ: “ਮਰਦਾਨਿਆ, ਰਬਾਬ ਉਠਾ। ਬਾਣੀ ਆਈ ਹੈ।” ਇਕ ਸ਼ਲੋਕ ਵਿਚ ਗੁਰੂ ਸਾਹਿਬ ਨੇ ਕਿਹਾ ਹੈ: “ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ॥” ਭਾਵ: “ਨਾਨਕ ਨੂੰ ਆਪਣੇ ਨਾਮ ਦੀ ਦੌਲਤ ਪ੍ਰਦਾਨ ਕਰ, ਹੇ ਸੁਆਮੀ। ਉਸ ਨਾਲ ਉਹ ਆਪਣੇ ਦਿਲ ਅਤੇ ਗਲੇ ਨੂੰ ਸ਼ਿੰਗਾਰ ਲਵੇਗਾ।” ਗੁਰੂ ਸਾਹਿਬ ਨੂੰ ਰਾਗਾਂ ਵਿਚ ਬਾਣੀ ਉਚਾਰਦੇ ਹੋਏ ਕਲਪਨਾ ਕਰ ਕੇ ਰੂਹ ਸਰਸ਼ਾਰ ਹੋ ਜਾਂਦੀ ਹੈ।