ਚਲੋ ਕਾਬਲ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ, ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਕੈਨਡਾ ਤੋਂ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ।

ਹੁਣ ਅਮਰੀਕਾ ਤੋਂ ਛਪਦੇ ‘ਗਦਰ’ ਵਿਚ ਛਪੀਆਂ ਲਿਖਤਾਂ ਦੀ ਲੜੀ ਛਾਪੀ ਜਾ ਰਹੀ ਹੈ। ਹੁਣ ‘ਗਦਰ’ ਵਿਚ ਛਪੇ ਫੁਟਕਲ ਲੇਖਾਂ ਦੀ ਲੜੀ ਛਾਪੀ ਜਾ ਰਹੀ ਹੈ। ਇਨ੍ਹਾਂ ਵਿਚੋਂ ਗਦਰੀਆਂ ਦੇ ਸਿਦਕ, ਸਿਰੜ ਅਤੇ ਸੁੱਚੀ ਸੋਚ ਦੇ ਝਲਕਾਰੇ ਮਿਲਦੇ ਹਨ ਅਤੇ ਆਜ਼ਾਦੀ ਲਈ ਉਠ ਰਹੇ ਵਲਵਲਿਆਂ ਦਾ ਪਤਾ ਲਗਦਾ ਹੈ। -ਸੰਪਾਦਕ

(ਦਸੰਬਰ 1913 ਨੂੰ ਛਪਿਆ, ਲੇਖਕ – ਭਾਰਦਵਾਜ)
ਕਿਉਂ ਬਈ ਕਾਬਲ ਕਿਉਂ ਚਲੀਏ? ਕਾਬਲ ਵਿਚ ਤਾਂ ਮੇਵੇ, ਬਰਫ ਤੇ ਪਠਾਣਾ ਬਿਨਾਂ ਕੁਝ ਭੀ ਨਹੀਂ? ਇਹ ਕੀ ਚਾਗਾਂ ਮਾਰਨ ਲਗਾ ਹੋਇਆ ਹੈ ਕਿ ਚਲੋ ਕਾਬਲ?
ਵਾਹ ਜੀ ਵਾਹ; ਜਾਗਦੇ ਹੋ ਕਿ ਸੁਤੇ ਪਏ ਹੋ? ਜਾਂ ਕਿਤੇ ਪਹਿਲੇ ਗ਼ਦਰ ਤੋਂ ਭੀ ਅੱਗੇ ਜਨਮ ਲਿਆ ਹੈ? ਭੁੱਖਾਂ ਨੂੰ ਦੁਨੀਆਂ ਦਾ ਕੁਝ ਭੀ ਪਤਾ ਨਹੀਂ? ਕਾਬਲ ਵਿਚ ਤਾਂ ਉਹ ਬਣਨ ਲਗ ਪਈਆਂ ਹਨ।
ਉਹ ਕੀ? ਉਹ ਕੀ? ਉਹ ਕੀ ਚੀਜ਼ ਹੈ, ਕੁਝ ਅਕਲ ਦੀ ਤਾਂ ਗੱਲ ਕਰ ਉਹ ਬਈ, ਉਹ ਚੀਜ਼ ਜਿਸ ਦੀ ਹਿੰਦੁਸਤਾਨ ਨੂੰ ਬਹੁਤ ਲੋੜ ਹੈ, ਕਾਬਲ ਵਿਚ ਬਣਨ ਲੱਗ ਪਈ ਹੈ?
ਹੈ ਕੀ, ਬੰਬ ਤਾਂ ਨਹੀਂ ਬਣਨ ਲਗ ਪਏ? ਜੀ ਨਹੀਂ, ਬੰਬ ਦੇ ਨੇੜੇ ਤੇੜੇ ਹੀ ਹੈ। ਬੰਬ ਦੀ ਭੈਣ ਬੰਦੂਕ।
ਉਹ ਕੀ ਕਾਬਲ ਵਿਚ ਬੰਦੂਕਾਂ ਬਣਨ ਲਗ ਪਈਆਂ ਹਨ? ਵਾਹ ਵਾਹ ਕੇਹੀ ਅੱਛੀ ਖ਼ਬਰ ਹੈ। ਜੀ ਹਾਂ, ਕਾਬਲ ਵਿਚ ਨਵੇਂ ਨਮੂਨੇ ਤੇ ਬੜੇ ਬੜੇ ਕਾਰਖਾਨੇ ਬੰਦੂਕਾਂ ਦੇ ਹਨ। ਸੁਣੋ ਜੀ, ਪਠਾਣਾਂ ਨੂੰ ਦੋ ਚੀਜ਼ਾਂ ਪਿਆਰੀਆਂ ਹਨ। ਆਪਣੀ ਜਾਨ ਤੇ ਬੰਦੂਕ। ਪਠਾਣ ਰੋਟੀ ਤੋਂ ਬਗ਼ੈਰ ਰਹਿ ਸਕਦਾ ਹੈ, ਪਰ ਬੰਦੂਕ ਤੋਂ ਅਲੱਗ ਨਹੀਂ ਰਹਿ ਸਕਦਾ?
ਬਈ ਇਹ ਕਿਉਂ? ਇਹ ਇਸ ਦੀ ਵਜ੍ਹਾ ਹੈ ਕਿ ਪਠਾਣ ਆਜ਼ਾਦੀ ਚਾਹੁਣ ਵਾਲੇ ਹਨ। ਬੰਦੂਕ, ਆਜ਼ਾਦੀ ਦੀ ਰਖਿਆ ਕਰਦੀ ਹੈ। ਬਸ ਇਸ ਕਰਕੇ ਪਠਾਣਾਂ ਨੇ ਹਜ਼ਾਰਾਂ ਤਰੀਕਿਆਂ ਨਾਲ ਬੰਦੂਕਾਂ ਲੈਣ ਦੀ ਕੋਸ਼ਿਸ਼ ਕੀਤੀ। ਅੰਗਰੇਜ਼ ਸਿਪਾਹੀਆਂ ਤੋਂ ਖ਼ਰੀਦ ਲੈਂਦੇ ਹਨ। ਕਿਲ੍ਹਿਆਂ ਵਿਚੋਂ ਚੁਰਾ ਲੈਂਦੇ ਹਨ। ਯੂਰਪ ਵਿਚ ਖ਼ਰੀਦ ਕੇ ਫਰਾਂਸ ਦੀ ਖਾੜੀ ਦੇ ਰਾਹ ਪਠਾਣਾਂ ਨੇ ਹਜ਼ਾਰਾਂ ਬੰਦੂਕਾਂ ਅਫਗ਼ਾਨਿਸਤਾਨ ਤੇ ਬਲੋਚਿਸਤਾਨ ਵਿਚ ਪਹੁੰਚਾਈਆਂ ਹਨ।
ਇਸ ਦੇ ਕਾਰਨ ਅੰਗਰੇਜ਼ ਕੰਬ ਉਠੇ ਕਿਉਂਕਿ ਅੰਗਰੇਜ਼ਾਂ ਦੀ ਅੱਖ ਬੜੇ ਚਿਰ ਤੋਂ ਅਫਗਾਨਿਸਤਾਨ ‘ਤੇ ਹੈ। ਦੋ ਵਾਰ ਹਮਲਾ ਵੀ ਕੀਤਾ ਅਤੇ ਚਪੇੜਾਂ ਖਾ ਕੇ ਭੀ ਮੁੜੇ, ਪਰ ਅਜੇ ਭੀ ਇਨ੍ਹਾਂ ਦਾ ਉਧਰੋਂ ਧਿਆਨ ਨਹੀਂ ਹਟਿਆ। ਬਸ ਆਸਾਨ ਗੱਲ ਤਾਂ ਇਹ ਹੈ ਕਿ ਅੰਗਰੇਜ਼ ਹਿੰਦੁਸਤਾਨ ਵਿਚ ਰਾਜ ਰਹਿਣ ਦੀ ਖ਼ਾਤਿਰ ਅਫਗਾਨਿਸਤਾਨ ਵਿਚ ਕਮਜ਼ੋਰੀ ਤੇ ਬੇਇਲਮੀ ਰੱਖਣਾ ਚਾਹੁੰਦੇ ਹਨ। ਹੁਣ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਅਮੀਰ ਕਾਬਲ ਬੜਾ ਅਹਿਸਾਨਮੰਦ ਤੇ ਸਮਝਦਾਰ ਆਦਮੀ ਹੈ। ਇਲਮ ਤੇ ਤਰੱਕੀ ਦੇ ਅਸੂਲਾਂ ਨਾਲ ਆਪਣੇ ਮੁਲਕ ਨੂੰ ਦੂਜਾ ਜਾਪਾਨ ਬਣਾਉਣਾ ਚਾਹੁੰਦਾ ਹੈ। ਇਸ ਨੇ ਹੁਣ ਇਕ ਯੂਨੀਵਰਸਿਟੀ ਖੋਲ੍ਹੀ ਹੈ ਕਿ ਸਭ ਤੋਂ ਵਧ ਕੇ ਇਹ ਕੰਮ ਕੀਤਾ ਹੈ ਕਿ ਬੰਦੂਕਾਂ ਦੇ ਕਾਰਖਾਨੇ ਖੋਲ੍ਹੇ ਹਨ, ਜਿਨ੍ਹਾਂ ਵਿਚ ਧੜਾਪ ਬੰਦੂਕਾਂ ਬਣਾਈਆਂ ਜਾਂਦੀਆਂ ਹਨ। ਅੰਗਰੇਜ਼ਾਂ ਨੇ ਫਰਾਂਸ ਦੀ ਖਾੜੀ ‘ਤੇ ਪਹਿਰਾ ਲਾ ਕੇ ਪਠਾਣਾਂ ਨੂੰ ਬੰਦੂਕਾਂ ਲਿਆਉਣ ਤੋਂ ਬੰਦ ਕਰ ਦਿੱਤਾ ਸੀ ਤਾਂ ਅਮੀਰ ਸਹਿਬ ਨੇ ਫੇਰ ਜੁਗਤ ਕੱਢੀ ਕਿ ਖ਼ਰੀਦਣ ਤੋਂ ਆਪਣੇ ਦੇਸ਼ ਹੀ ਬੰਦੂਕਾਂ ਬਣਾਉਣੀਆਂ ਅੱਛੀਆਂ ਹਨ। ਇਹ ਅੰਗਰੇਜ਼ਾਂ ਦੀ ਬਰਖ਼ਿਲਾਫੀ ਤੋਂ ਅੱਛਾ ਮਤਲਬ ਨਿਕਲਿਆ ਹੈ। ਹੁਣ ਖ਼ਬਰ ਆਈ ਹੈ ਕਿ ਅਮੀਰ ਨੇ ਪਹਾੜਾਂ ਦੇ ਛੱਤਾਂ ਦੇ ਪਾਣੀ ਨਾਲ ਬਿਜਲੀ ਦੇ ਕਾਰਖਾਨੇ ਖੋਲ੍ਹ ਦਿੱਤੇ ਹਨ। ਅਮਰੀਕਨ ਇੰਜੀਨੀਅਰ ਨੌਕਰ ਰੱਖੇ ਹਨ। ਬੰਦੂਕਾਂ ਤੇ ਕਾਰਤੂਸ ਬਣਦੇ ਹਨ। ਪੰਝੀ (25) ਬੰਦੂਕਾਂ ਰੋਜ਼ ਬਣਦੀਆਂ ਹਨ ਅਤੇ ਦੋ ਵੱਡੀਆਂ ਤੋਪਾਂ ਇਕ ਮਹੀਨੇ ਵਿਚ ਤਿਆਰ ਹੁੰਦੀਆਂ ਹਨ। ਇਨ੍ਹਾਂ ਦੇ ਨਾਲ ਹੀ ਫੌਜ ਦੇ ਵਿਚਕਾਰ ਇਕ ਬੰਬਾਂ ਦਾ ਕਾਰਖਾਨਾ ਖੋਲ੍ਹਿਆ ਹੈ। ਊਨੀ ਕੱਪੜੇ, ਸਾਬਣ, ਮੋਮਬਤੀਆਂ ਦੇ ਸਭ ਤਰ੍ਹਾਂ ਦੇ ਕਾਰਖ਼ਾਨੇ ਬਣਾਏ ਹਨ। ਹੋਰ ਤਾਂ ਹੋਰ, ਕਾਬਲ ਤੇ ਕੰਧਾਰ ਅਤੇ ਹਫਾਤ ਦੇ ਵਿਚਕਾਰ ਟੈਲੀਫੋਨ ਵੀ ਲਾ ਦਿੱਤਾ ਹੈ। ਇਸ ਤੋਂ ਮਨੁੱਖ ਨੂੰ ਮਾਲੂਮ ਹੁੰਦਾ ਹੈ ਕਿ ਅਫਗਾਨਿਸਤਾਨ ਛੇਤੀ ਹੀ ਏਸ਼ੀਆ ਵਿਚ ਇਕ ਚਮਕਦਾ ਹੋਇਆ ਤਾਰਾ ਨਿਕਲੇਗਾ। ਹੁਣ ਪੰਜਾਬ ਦੇ ਸੂਰਬੀਰਾਂ ਨੂੰ ਕਾਬਲ ਵਿਚ ਜਾ ਕੇ ਬੰਦੂਕਾਂ ਬਣਾਉਣ ਦਾ ਹੁਨਰ ਸਿਖਣਾ ਚਾਹੀਦਾ ਹੈ। ਬੰਦੂਕਾਂ ਦੇ ਸੰਦੂਕ ਭਰ ਕੇ ਪੰਜਾਬ ਵਿਚ ਲਿਆਂਦੇ ਜਾਣ ਅਤੇ ਹਰ ਜ਼ਿਲ੍ਹੇ ਵਿਚ ਵੰਡੀਆਂ ਜਾਣ। ਸਮੁੰਦਰ ਦੇ ਰਾਹ ਬੰਦੂਕਾਂ ਲਿਆਉਣਾ ਮੁਸ਼ਕਿਲ ਹੈ। ਇਸ ਵਾਸਤੇ ਅਸੀਂ ਪੰਜਾਬ ਦੇ ਸ਼ੇਰਾਂ ਨੂੰ ਕਹਿੰਦੇ ਹਾਂ ਕਿ ਚਲੋ ਕਾਬਲ, ਹਦ ਉਤੇ ਆਪਣਾ ਮੈਗਜ਼ੀਨ ਬਣਾ ਲਉ ਅਤੇ ਪੰਜਾਬ ਤੇ ਬੰਦੂਕਾਂ ਦੇ ਅੰਮ੍ਰਿਤ ਦੀ ਵਰਖਾ ਕਰ ਦਿਓ।

ਅੰਗਾਂ ਦੀ ਗਵਾਹੀ
(27 ਜਨਵਰੀ 1914 ਨੂੰ ਛਪਿਆ)
ਹਿੰਦੁਸਤਾਨ ਤੋਂ ਦਾਣਿਆਂ ਦਾ ਬਾਹਰ ਜਾਣਾ
ਜਿਸ ਦੇਸ਼ ਵਿਚ ਕੁਦਰਤ ਨੇ ਆਪਣੀ ਮਿਹਰਬਾਨੀ ਨਾਲ ਸਾਰੀਆਂ ਚੀਜ਼ਾਂ ਪੈਦਾ ਕੀਤੀਆਂ ਹੋਣ, ਜ਼ਮੀਨ ਸੋਨਾ ਉਗਲਦੀ ਹੋਵੇ, ਉਸ ਦੇਸ਼ ਵਿਚ ਕਾਲ ਦਾ ਕੀ ਕੰਮ? ਐਸੇ ਦੇਸ਼ ਵਿਚ ਨੰਗ ਭੁੱਖ ਨਹੀਂ ਹੋਣੀ ਚਾਹੀਦੀ। ਐਸਾ ਦੇਸ਼ ਸਾਰੀ ਦੁਨੀਆਂ ਨੂੰ ਅੰਨ ਦੇ ਸਕਦਾ ਹੈ। ਪਰ ਅੱਜ ਇਹ ਹਾਲ ਹੈ ਕਿ ਹਿੰਦੁਸਤਾਨ ਦੇ ਹੀ ਬੱਚਿਆਂ ਨੂੰ ਰੋਟੀ ਨਹੀਂ ਮਿਲਦੀ। ਪਰਦੇਸਾਂ ਵਿਚ ਧੱਕੇ ਖਾਂਦੇ ਹਨ। ਕਾਲ ਵਿਚ ਭੁੱਖ ਦੇ ਦੱਬ ਨਾਲ ਮਰਦੇ ਹਨ। ਇਸ ਦੀ ਕੀ ਵਜ੍ਹਾ ਹੈ ਕਿ ਹਿੰਦੁਸਤਾਨ ਦੇਵਤਿਆਂ ਦੀ ਭੂਮੀ ਵਿਚ ਰੋਟੀ ਭੀ ਨਾ ਮਿਲੇ। ਉਹ ਹਿੰਦੁਸਤਾਨ ਜਿਥੇ ਦੁੱਧ ਦੀਆਂ ਨਦੀਆਂ ਤੇ ਅਨਾਜ ਦੇ ਢੇਰਾਂ ਦੇ ਢੇਰ ਲੱਗੇ ਰਹਿੰਦੇ ਹਨ, ਪੰਜ ਮਣ ਅਨਾਜ ਇਕ ਰੁਪਏ ਦਾ ਤੇ ਵੀਹ ਸੇਰ ਘੀ ਇਕ ਰੁਪਏ ਦਾ ਹੁੰਦਾ ਸੀ, ਅੱਜ ਕੱਲ੍ਹ ਕਾਲ ਉਸ ਪਰ ਕਿਉਂ ਪੈਂਦੇ ਹਨ। ਅਸੀਂ ਅੱਜ ਪਿਆਰੇ ਭਾਈਆਂ ਨੂੰ ਅੰਗਾਂ ਦੀ ਗਵਾਹੀ ਨਾਲ ਦੁੱਧ ਭਰੀਆਂ ਨਜ਼ਰਾਂ ਦਿਖਾਉਂਦੇ ਹਾਂ ਜਿਸ ਤੇ ਉਨ੍ਹਾਂ ਨੂੰ ਬੜੀ ਸ਼ਰਮ ਆਉਂਦੀ ਹੈ। ਲੋਕਾਂ ਨੂੰ ਮਾਲੂਮ ਨਹੀਂ ਹੈ ਕਿ ਹਿੰਦੁਸਤਾਨ ਤੋਂ ਕਿਤਨਾ ਅਨਾਜ ਹੋਰ ਦੇਸ਼ਾਂ ਨੂੰ ਤੇ ਇੰਗਲੈਂਡ ਨੂੰ ਜਾਂਦਾ ਹੈ। ਜਿਸ ਦੇਸ਼ ਵਿਚ ਕਾਲ ਪੈਂਦਾ ਹੈ, ਉਸ ਦੇਸ਼ ਵਿਚੋਂ ਰੇਲਾਂ ਦੀਆਂ ਰੇਲਾਂ ਅਨਾਜ ਦੂਜੇ ਮੁਲਕਾਂ ਨੂੰ ਭੇਜਿਆ ਜਾਂਦਾ, ਉਥੇ ਦੀ ਖ਼ਲਕਤ ਨੂੰ ਤਾਂ ਰੋਟੀ ਭੀ ਖਾਣ ਨੂੰ ਨਹੀਂ ਮਿਲਦੀ ਤੇ ਦੂਜੇ ਦੇਸ਼ਾਂ ਵਾਲੇ ਆਨੰਦ ਲੁੱਟਦੇ ਹਨ। ਇਸੇ ਤਰ੍ਹਾਂ ਰੂਸ ਵਿਚੋਂ ਹਰ ਸਾਲ ਲੱਖਾਂ ਮਣ ਅਨਾਜ ਬਾਹਰ ਭੇਜ ਦਿੱਤਾ ਜਾਂਦਾ ਹੈ। ਜ਼ਿੰਮੀਦਾਰ ਤੇ ਮਜ਼ਦੂਰ ਵਿਚਾਰੇ ਭੁੱਖੇ ਮਰਦੇ ਹਨ। ਇਸੇ ਤਰ੍ਹਾਂ ਹਿੰਦੁਸਤਾਨ ਵਿਚੋਂ ਰੇਲਾਂ ਦੀਆਂ ਰੇਲਾਂ ਅਨਾਜ ਦੀਆਂ ਬਾਹਰ ਭੇਜ ਦਿੱਤੀਆਂ ਜਾਂਦੀਆਂ ਹਨ ਅਤੇ ਹਿੰਦੁਸਤਾਨੀ ਵਿਚਾਰੇ ਫਾਕਿਆਂ ਨਾਲ ਮਰ ਜਾਂਦੇ ਹਨ। ਅਸੀਂ ਲਿਖ ਕੇ ਦਸ ਸਕਦੇ ਹਾਂ ਕਿ ਕਿਸ ਤਰ੍ਹਾਂ ਕਣਕ ਹਿੰਦੁਸਤਾਨ ਵਿਚੋਂ ਬਾਹਰ ਜਾਂਦੀ ਹੈ:-

ਕੀਮਤ ਕਿਤਨੀ ਕਣਕ ਬਾਹਰ ਗਈ ਸਾਲ
4 ਕਰੋੜ 53 ਲੱਖ ਰੁਪਏ 5 ਲੱਖ 14 ਹਜ਼ਾਰ ਟਨ 1902
11 ਕਰੋੜ 8 ਲੱਖ ਰੁਪਏ 12 ਲੱਖ 95 ਹਜ਼ਾਰ ਟਨ 1903
17 ਕਰੋੜ 91 ਲੱਖ ਰੁਪਏ 21 ਲੱਖ 50 ਹਜ਼ਾਰ ਟਨ 1904
8 ਕਰੋੜ 53 ਲੱਖ ਰੁਪਏ 9 ਲੱਖ 37 ਹਜ਼ਾਰ ਟਨ 1905
7 ਕਰੋੜ 25 ਲੱਖ ਰੁਪਏ 8 ਲੱਖ 37 ਹਜ਼ਾਰ ਟਨ 1906
8 ਕਰੋੜ 59 ਲੱਖ ਰੁਪਏ 8 ਲੱਖ 80 ਹਜ਼ਾਰ ਟਨ 1907
1 ਕਰੋੜ 34 ਲੱਖ ਰੁਪਏ 1 ਲੱਖ 9 ਹਜ਼ਾਰ ਟਨ 1908
12 ਕਰੋੜ 78 ਲੱਖ ਰੁਪਏ 10 ਲੱਖ 50 ਹਜ਼ਾਰ ਟਨ 1909
12 ਕਰੋੜ 96 ਲੱਖ ਰੁਪਏ 12 ਲੱਖ 66 ਹਜ਼ਾਰ ਟਨ 1910
13 ਕਰੋੜ 35 ਲੱਖ ਰੁਪਏ 13 ਲੱਖ 61 ਹਜ਼ਾਰ ਟਨ 1911

ਸੋਚ ਕਰੋ ਕਿ ਹਰ ਸਾਲ ਕਿਤਨੀ ਕਣਕ ਹਿੰਦੁਸਤਾਨ ਤੋਂ ਬਾਹਰ ਜਾਂਦੀ ਹੈ ਅਤੇ ਦੇਸ਼ ਦੇ ਅੰਦਰ ਇਸ ਵੇਲੇ ਸੱਤ ਕਰੋੜ ਤੋਂ ਜ਼ਿਆਦਾ ਭਾਈਆਂ ਨੂੰ ਇਕ ਡੰਗ ਦੀ ਰੋਟੀ ਭੀ ਰੱਜ ਕੇ ਨਹੀਂ ਮਿਲਦੀ। ਇਸ ਅਚੰਭੇ ਦਾ ਕੀ ਕਾਰਨ ਹੈ? ਅੰਗਰੇਜ਼ੀ ਗਵਰਨਮੈਂਟ ਦਾ ਲਗਾਨ ਦੇਣ ਦੀ ਖ਼ਾਤਿਰ ਵਿਚਾਰੇ ਜ਼ਿੰਮੀਂਦਾਰਾਂ ਨੂੰ ਬਹੁਤ ਸਾਰੀ ਫਸਲ ਵੇਚ ਦੇਣੀ ਪੈਂਦੀ ਹੈ ਜਿਸ ਕਰਕੇ ਉਨ੍ਹਾਂ ਦੇ ਕੋਲ ਆਪਣੇ ਬਾਲ ਬੱਚੇ ਦੀ ਜ਼ਰੂਰਤ ਵਾਸਤੇ ਪੂਰਾ ਅਨਾਜ ਭੀ ਨਹੀਂ ਬਚਦਾ। ਇਸ ਤਰ੍ਹਾਂ ਕਈ ਢੰਗਾਂ ਦੇ ਨਾਲ ਸਾਰਾ ਰੁਪਿਆ ਇੰਗਲੈਂਡ ਪਹੁੰਚ ਜਾਂਦਾ ਹੈ। ਹਿੰਦੁਸਤਾਨ ਤੋਂ ਜੋ ਰੁਪਿਆ ਇੰਗਲੈਂਡ ਨੂੰ ਜਾਂਦਾ ਹੈ, ਉਹ ਚਾਂਦੀ ਜਾਂ ਨਕਦ ਦੀ ਸ਼ਕਲ ਵਿਚ ਨਹੀਂ ਜਾਂਦਾ ਸਗੋਂ ਰੇਊੜੀ ਦੇ ਫੇਰ ਵਾਂਗ ਘੁੰਮ ਕੇ ਜਾਂਦਾ ਹੈ ਜਿਸ ਕਰਕੇ ਸਾਡਾ ਸਤਿਆਨਾਸ਼ ਬਹੁਤ ਛੇਤੀ ਛੇਤੀ ਹੋ ਜਾਂਦਾ ਹੈ, ਅਥਵਾ ਕਣਕ ਤੇ ਕਪਾਹ ਦੀ ਸੂਰਤ ਵਿਚ ਪਹਿਲਾਂ ਸਾਡੀ ਪੈਦਾਵਾਰ ਇੰਗਲੈਂਡ ਜਾਂਦੀ ਹੈ, ਉਸ ਦੇ ਬਦਲੇ ਜੋ ਰੁਪਿਆ ਮਿਲਦਾ ਹੈ, ਉਹ ਲਗਾਨ ਦੇ ਰਸਤੇ ਇੰਗਲੈਂਡ ਨੂੰ ਜਾਂਦਾ ਹੈ। ਜੇ ਕੋਈ ਪੈਸਾ ਬਾਕੀ ਬਚ ਰਹਿੰਦਾ ਹੈ ਤਾਂ ਉਹ ਅਸੀਂ ਕਪਾਹ ਦੇ ਬੁਣੇ ਹੋਏ ਕੱਪੜੇ ਇੰਗਲੈਂਡ ਤੋਂ ਸਾਡੇ ਦੇਸ਼ ਵਿਚ ਵੇਚ ਕੇ ਇਸ ਢੰਗ ਨਾਲ ਕੱਢ ਲੈਂਦੇ ਹਨ। ਸਾਰੇ ਹੀ ਪਰਦੇਸੀ ਜ਼ਾਲਮ ਰਾਜੇ ਦੂਜੇ ਗ਼ਰੀਬ ਨੂੰ ਇਸ ਹੀ ਢੰਗ ਨਾਲ ਲੁਟਦੇ ਹਨ ਯਾਨੀ ਕਿ ਪੈਦਾਵਾਰ ਦੇ ਰਸਤੇ ਹਿੰਦੁਸਤਾਨ ਦੀ ਕਣਕ ਕਿਧਰ ਜਾਂਦੀ ਹੈ।
ਹੁਣ ਦੂਜੇ ਨਕਸ਼ੇ ‘ਤੇ ਵਿਚਾਰ ਕਰਨ ਤੋਂ ਮਾਲੂਮ ਹੋਵੇਗਾ ਕਿ ਇਹ ਅਨਾਜ ਕਿਧਰ ਜਾਂਦਾ ਹੈ। ਜਵਾਬ ਮਿਲਦਾ ਹੈ, ਇੰਗਲੈਂਡ ਨੂੰ। ਹੇਠਾਂ ਲਿਖੇ ਅੰਕ ਦਸਦੇ ਹਨ ਕਿ ਜਿਤਨਾ ਅਨਾਜ ਦੇਸ਼ ਵਿਚੋਂ ਬਾਹਰ ਜਾਂਦਾ ਹੈ, ਉਸ ਵਿਚੋਂ ਕਿੰਨਾ ਇੰਗਲੈਂਡ ਨੂੰ ਜਾਂਦਾ ਹੈ:-

ਇਸ ਵਿਚੋਂ ਕਿਤਨੀ ਕਣਕ ਇੰਗਲੈਂਡ ਜਾਂਦੀ ਹੈ ਕੁਲ ਕਿਤਨੀ ਕਣਕ ਦੇਸ਼ ਤੋਂ ਬਾਹਰ ਜਾਂਦੀ ਹੈ ਸਾਲ
7 ਲੱਖ 71 ਹਜ਼ਾਰ ਟਨ 8 ਲੱਖ 80 ਹਜ਼ਾਰ ਟਨ 1907
1 ਲੱਖ ਟਨ 1 ਲੱਖ 9 ਹਜ਼ਾਰ ਟਨ 1908
8 ਲੱਖ 81 ਹਜ਼ਾਰ ਟਨ 10 ਲੱਖ 50 ਹਜ਼ਾਰ ਟਨ 1909
10 ਲੱਖ 43 ਹਜ਼ਾਰ ਟਨ 12 ਲੱਖ 66 ਹਜ਼ਾਰ ਟਨ 1910
10 ਲੱਖ 33 ਹਜ਼ਾਰ ਟਨ 13 ਲੱਖ 61 ਹਜ਼ਾਰ ਟਨ 1911

ਸਾਫ ਦਿਸ ਰਿਹਾ ਹੈ ਕਿ ਜੋ ਕਣਕ ਹਿੰਦੁਸਤਾਨ ਤੋਂ ਬਾਹਰ ਜਾਂਦੀ ਹੈ, ਉਸ ਦਾ ਵੱਡਾ ਹਿੱਸਾ ਇੰਗਲੈਂਡ ਪਹੁੰਚਦਾ ਹੈ ਅਤੇ ਥੋੜ੍ਹੀ ਕਣਕ ਦੂਜੇ ਦੇਸ਼ਾਂ ਨੂੰ ਜਾਂਦੀ ਹੈ। ਇਹ ਅੰਕ ਦਸ ਰਹੇ ਹਨ ਕਿ ਗ਼ਰੀਬ ਹਿੰਦੁਸਤਾਨੀਆਂ ਦਾ ਪੇਟ ਕਿਹੜੇ ਪਾਜੀਆਂ ਦੀ ਖ਼ਾਤਿਰ ਕੱਟਿਆ ਜਾਂਦਾ ਹੈ। ਹਿੰਦੁਸਤਾਨੀਆਂ ਨੂੰ ਭੁੱਖ ਮਾਰ ਕੇ ਇਨ੍ਹਾਂ ਦਾ ਪੇਟ ਭਰਿਆ ਜਾਂਦਾ ਹੈ। ਜ਼ਾਲਮ ਅੰਗਰੇਜ਼ਾਂ ਦਾ ਇਹ ਕੋਈ ਮਾਮੂਲੀ ਸੁਦਾਗਰੀ ਦਾ ਕੰਮ ਨਹੀਂ ਹੈ, ਸਗੋਂ ਬੜੀ ਭਾਰੀ ਲੁੱਟ ਮਾਰ ਹੋ ਰਹੀ ਹੈ, ਜੋ ‘ਗ਼ਦਰ’ ਤੋਂ ਬਗ਼ੈਰ ਨਹੀਂ ਰੁਕੇਗੀ।

ਅੰਗਾਂ ਦੀ ਗਵਾਹੀ
(3 ਫਰਵਰੀ 1914 ਨੂੰ ਛਪਿਆ)
ਹਿੰਦੁਸਤਾਨ ਤੋਂ ਅਨਾਜ ਦਾ ਬਾਹਰ ਜਾਣਾ ਚੌਲਾਂ ਦਾ ਹਾਲ:
ਹਿੰਦੁਸਤਾਨ ਦਾ ਅਨਾਜ ਇਸ ਤਰ੍ਹਾਂ ਬੇਨਤੀ ਕਰਦਾ ਹੈ ਜੋ ਹਿੰਦੁਸਤਾਨ ਵਿਚ ਜੰਮਿਆ ਤੇ ਹਿੰਦੁਸਤਾਨ ਵਿਚ ਹੀ ਪਲਿਆ, ਹੁਣ ਮੈਨੂੰ ਬੋਰੀਆਂ ਵਿਚ ਬੰਦ ਕਰਕੇ ਜਹਾਜ਼ਾਂ ਵਿਚ ਲੱਦ ਕੇ ਬਾਹਰ ਕਿਉਂ ਕੱਢਿਆ ਜਾਂਦਾ ਹੈ? ਮੈਨੂੰ ਦੇਸ਼ ਨਿਕਾਲਾ ਕਿਉਂ ਦਿੱਤਾ ਜਾਂਦਾ ਹੈ? ਮੈਂ ਆਪਣੇ ਦੇਸ਼ ਵਿਚ ਰਹਿ ਕੇ ਆਪਣੇ ਦੇਸੀ ਲੋਕਾਂ ਦੀ ਖ਼ੁਰਾਕ ਬਣ ਕੇ ਆਪਣਾ ਜਨਮ ਸਫਲ ਨਹੀਂ ਕਰ ਸਕਦਾ। ਜਿਨ੍ਹਾਂ ਮੂੰਹਾਂ ਨੂੰ ਮੈਂ ਹਰੇ ਕਰਨਾ ਸੀ, ਉਹ ਤਾਂ ਸੁੱਕੇ ਪਏ ਹਨ, ਜੋ ਬਦੇਸ਼ੀ ਲੋਕ ਮੇਰੀ ਸਾਰ ਨਹੀਂ ਜਾਣਦੇ, ਉਹ ਮੈਨੂੰ ਚੱਬ ਸੁਟਦੇ ਹਨ, ਦੇਸੀ ਭਾਈਓ, ਮੈਂ ਭੀ ਹਿੰਦੀ ਹਾਂ, ਮੇਰੀ ਜ਼ਬਾਨ ਨਹੀਂ ਹੈ, ਪਰ ਮੈਨੂੰ ਆਪਣੇ ਦੇਸ਼ ਨਾਲ ਬੜਾ ਪਿਆਰ ਹੈ। ਕੋਈ ਐਸਾ ਬੰਦੋਬਸਤ ਕਰੋ ਜੋ ਮੈਨੂੰ ਦੇਸ਼ ਨਿਕਾਲਾ ਨਾ ਮਿਲੇ। ਪ੍ਰਦੇਸ਼ ਵਿਚ ਖਾਧੇ ਜਾਣ ਤੋਂ ਮੈਨੂੰ ਕੋਈ ਸੁਆਦ ਨਹੀਂ ਆਉਂਦਾ।
ਹਿੰਦੁਸਤਾਨ ਤੋਂ ਟੈਕਸ ਤੇ ਵਿਆਜ ਦੇਣ ਦੀ ਖ਼ਾਤਿਰ ਲੱਖਾਂ ਮਣ ਅਨਾਜ ਦੂਜੇ ਦੇਸ਼ਾਂ ਨੂੰ ਤੇ ਬਹੁਤ ਸਾਰਾ ਇੰਗਲੈਂਡ ਨੂੰ ਭੇਜਿਆ ਜਾਂਦਾ ਹੈ। ਕਾਲ ਦੇ ਦਿਨਾਂ ਵਿਚ ਭੀ ਅਨਾਜ ਦੇਸ਼ ਤੋਂ ਬਾਹਰ ਜਾਣ ਤੇ ਨਹੀਂ ਰੋਕਿਆ ਜਾਂਦਾ, ਜਿਸ ਦੇਸ਼ ਵਿਚ ਕਾਲ ਪੈ ਰਿਹਾ ਹੋਵੇ ਤੇ ਅਨਾਜ ਬਾਹਰ ਭੇਜਿਆ ਜਾਵੇ, ਉਹ ਦੇਸ਼ ਦੀ ਮਾਲੀ ਹਾਲਤ ਵਿਚ ਜ਼ਰੂਰ ਕੋਈ ਗੜਬੜ ਹੈ। ਐਸੀ ਹਾਲਤ ਕਾਨੂੰਨ ਕੁਦਰਤ ਦੇ ਵਿਰੁਧ ਹੈ। ਅਨਾਜ ਦੇਸ਼ ਵਾਸਤੇ ਪੈਦਾ ਕੀਤਾ ਜਾਂਦਾ ਹੈ ਕਿ ਪਹਿਲਾਂ ਪੈਦਾ ਕਰਨ ਵਾਲੇ ਜ਼ਿੰਮੀਦਾਰ ਤੇ ਮਜ਼ਦੂਰ ਆਪ ਪੇਟ ਭਰ ਕੇ ਖਾਣ ਤੇ ਕਮਜ਼ੋਰ ਮਣਖੱਟੂ ਹਾਕਮਾਂ ਨੂੰ ਪਿਛੋਂ ਦੇਖਿਆ ਜਾਵੇ ਮਗਰ ਹਿੰਦੁਸਤਾਨ ਵਿਚ ਅੰਗਰੇਜ਼ੀ ਹਾਕਮ ਤੇ ਵਕੀਲ ਤੇ ਹੋਰ ਪੈਸੇ ਵਾਲੇ ਲੋਕ ਆਪਣਾ ਹਿੱਸਾ ਪਹਿਲਾਂ ਅਲੱਗ ਕਰਵਾ ਲੈਂਦੇ ਹਨ ਤੇ ਅਨਾਜ ਪੈਦਾ ਕਰਨ ਵਾਲੇ ਗ਼ਰੀਬ ਲੋਕ ਭੁੱਖੇ ਮਰਦੇ ਹਨ। ਇਸ ਹਨੇਰਗਰਦੀ ਨੂੰ ਦੂਰ ਕਰਨ ਲਈ ਛੇਤੀ ਹੀ ਸਾਰੇ ਹਿੰਦੁਸਤਾਨੀਆਂ ਨੂੰ ਮਿਲ ਕੇ ਬੜਾ ਭਾਰੀ ਗ਼ਦਰ ਕਰ ਦੇਣਾ ਚਾਹੀਦਾ ਹੈ। ਕਿਤਨੇ ਸਾਲਾਂ ਵਿਚ ਕਿਤਨੇ ਮਣ ਚੌਲ ਬਾਹਰ ਗਏ ਹਨ।

ਕੀਮਤ ਕਿਤਨਾ ਵਜਨ ਸਾਲ
18 ਕਰੋੜ 79 ਲੱਖ ਰੁਪਏ ਸਾਢੇ 23 ਲੱਖ ਟਨ 1902
18 ਕਰੋੜ 95 ਲੱਖ ਰੁਪਏ ਸਾਢੇ 22 ਲੱਖ ਟਨ 1903
19 ਕਰੋੜ 47 ਲੱਖ ਰੁਪਏ ਸਾਢੇ 24 ਲੱਖ ਟਨ 1904
19 ਕਰੋੜ 11 ਲੱਖ ਰੁਪਏ 21 ਲੱਖ ਟਨ 1905
19 ਕਰੋੜ 33 ਲੱਖ ਰੁਪਏ 19 ਲੱਖ ਟਨ 1906
20 ਕਰੋੜ 16 ਲੱਖ ਰੁਪਏ ਸਾਢੇ ਹਜ਼ਾਰ ਲੱਖ ਟਨ 1907
15 ਕਰੋੜ 72 ਲੱਖ ਰੁਪਏ 15 ਲੱਖ ਟਨ 1908