ਸ਼ਾਮ ਦੀਆਂ ਸੁਗਾਤਾਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਦਾਨ ਦੀ ਮਹਿਮਾ ਕਰਦਿਆਂ ਕਿਹਾ ਸੀ, “ਦਾਨ ਹੀ ਦੇਣਾ ਏ ਤਾਂ ਕਿਸੇ ਨਿਆਸਰੇ ਨੂੰ ਆਸਰਾ ਦਿਓ। ਨਿਰਾਸ਼ ਵਿਅਕਤੀ ਦੇ ਪੱਲੇ ਵਿਚ ਆਸ ਦਾ ਸੰਧਾਰਾ ਪਾਓ। ਤਿੜਕੇ ਇਨਸਾਨ ਨੂੰ ਜੋੜਨ ਦੀ ਪਹਿਲ ਕਰੋ।

ਕਮ-ਦਿਲਿਆਂ ਲਈ ਹੌਂਸਲਾ ਅਫਜਾਈ ਦਾ ਬੋਲ ਬੋਲੋ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੂਰਜ ਚੜ੍ਹਨ ਤੋਂ ਪਿਛੋਂ ਡੁੱਬਣ ਵੇਲੇ ਆਈ ਸ਼ਾਮ ਤੋਂ ਲੈ ਕੇ ਜੀਵਨ ਦੀ ਸ਼ਾਮ ਦਾ ਵਿਖਿਆਨ ਕਰਦਿਆਂ ਕਿਹਾ ਹੈ, “ਸ਼ਾਮ, ਜੀਵਨ ਦਾ ਅਜਿਹਾ ਪਹਿਰ, ਜੋ ਮਨੁੱਖੀ ਭਾਵਨਾਵਾਂ ਦੇ ਨਾਮ ਸੰਤੋਖ ਤੇ ਸੁਖਨ ਕਰਦਾ। ਹੰਭੇ ਹਾਰੇ ਪੈਰਾਂ ਨੂੰ ਅਰਾਮ ਦਾ ਸੱਦਾ ਅਤੇ ਸੋਚ ਦੀਆਂ ਰੁਆਂਸੀਆਂ ਖਲਜਗਣਾਂ ਵਿਚ ਤਾਜ਼ਗੀ। ਅਗਲੇ ਦਿਨ ਲਈ ਨਵਾਂ ਉਤਸ਼ਾਹ, ਹੰਭੇ ਹਾਰੇ ਪਲਾਂ ਦੇ ਨਾਮ ਕਰਦਾ ਅਤੇ ਸੁੱਖਦ ਪਲਾਂ ‘ਚੋਂ ਜੀਵਨ ਦੇ ਸਮੁੱਚ ਦੀ ਨਿਸ਼ਾਨਦੇਹੀ ਕਰਦਾ।” ਉਹ ਆਖਦੇ ਹਨ, “ਉਤਰ ਰਹੀ ਸ਼ਾਮ ਦੀ ਖੂਬਸੂਰਤੀ ਇਹ ਹੁੰਦੀ ਕਿ ਤਾਰਿਆਂ ਦਾ ਛੱਜ ਜ਼ਿਆਦਾ ਚਮਕਦਾ ਅਤੇ ਸ਼ਾਮ ਦੀ ਕੁੱਖ ਵਿਚ ਚਾਨਣ ਦਾ ਬੀਜ ਧਰਦਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਹੌਲੀ ਜਿਹੇ ਉਤਰ ਰਹੀ ਹਲਕੀ ਹਲਕੀ ਸ਼ਾਮ। ਚਾਰੇ ਪਾਸੇ ਉਤਰ ਰਹੀ ਚੁੱਪ ਦਾ ਪਹਿਰ। ਪਸਰੀ ਹੋਈ ਸ਼ਾਂਤੀ। ਵਣ-ਤ੍ਰਿਣ ਵਲੋਂ ਸੌਣ ਦੀ ਤਿਆਰੀ। ਸ਼ਾਮ ਦੀਆਂ ਸੁਗਾਤਾਂ ਮਾਣ ਰਹੀ ਅਲਸਾਈ ਲੋਕਾਈ।
ਸ਼ਾਮ ਨੂੰ ਸ਼ਾਮ ਹੀ ਨਾ ਸਮਝੋ। ਇਸ ਦੀ ਕੁੱਖ ਵਿਚ ਉਗਦਾ ਏ ਚੰਦਰਮਾ, ਗਰਭ ਵਿਚ ਪਨਪਦੇ ਨੇ ਤਾਰਿਆਂ ਦੇ ਥਾਲ, ਨਜ਼ਰ ਆਉਣ ਲਈ ਉਤਾਵਲੀਆਂ ਹੋ ਜਾਂਦੀਆਂ ਨੇ ਗਲੈਕਸੀਆਂ, ਸੋਚ-ਪਿੰਡੇ ‘ਤੇ ਸਿੰਮਦੇ ਨੇ ਸਲਾਹ-ਸਰਵਰ, ਧਰਾਤਲ ‘ਤੇ ਸਿਰਜਦੇ ਨੇ ਨਵੀਂਆਂ ਪ੍ਰਾਪਤੀਆਂ ਦੇ ਸ਼ਿਲਾਲੇਖ ਅਤੇ ਕਰਮ-ਰੇਖਾਵਾਂ ਵਿਚ ਉਗਦੀਆਂ ਨੇ ਕੌਮ ਜਾਂ ਦੇਸ਼ ਦੀਆਂ ਤਕਦੀਰਾਂ।
ਸ਼ਾਮ, ਦਿਨ ਭਰ ਦੇ ਵਿਛੋੜੇ ਅਤੇ ਮਿਹਨਤ ਤੋਂ ਬਾਅਦ ਆਪਣਿਆਂ ਦਾ ਆਪਣਿਆਂ ਸੰਗ ਮਿਲਾਪ। ਸਕੂਨਮਈ, ਸਹਿਜਮਈ ਅਤੇ ਸੰਤੋਖੀ ਪਲਾਂ ਨੂੰ ਮਾਣਨ ਦਾ ਸਬੱਬ। ਪੇਤਲੇ ਚਾਨਣ ‘ਚ ਸਾਹਾਂ ਦੇ ਤੱਕਲੇ ‘ਤੇ ਪਾਈ ਜਾ ਰਹੀ ਮੁਹੱਬਤਾਂ ਦੀ ਉਮਰੋਂ ਲੰਮੇਰੀ ਤੰਦ। ਕਦੀ ਪਲ ਦਾ ਉਮਰਾਂ ਜੇਡ ਲੰਮੇਰਾ ਹੋਣਾ ਅਤੇ ਕਦੇ ਕਿਸੇ ਸ਼ਾਮ ਦਾ ਪਲਾਂ ਵਿਚ ਮੁੱਕ ਜਾਣਾ।
ਸ਼ਾਮ, ਜੀਵਨ ਦਾ ਅਜਿਹਾ ਪਹਿਰ, ਜੋ ਮਨੁੱਖੀ ਭਾਵਨਾਵਾਂ ਦੇ ਨਾਮ ਸੰਤੋਖ ਤੇ ਸੁਖਨ ਕਰਦਾ। ਹੰਭੇ ਹਾਰੇ ਪੈਰਾਂ ਨੂੰ ਅਰਾਮ ਦਾ ਸੱਦਾ ਅਤੇ ਸੋਚ ਦੀਆਂ ਰੁਆਂਸੀਆਂ ਖਲਜਗਣਾਂ ਵਿਚ ਤਾਜ਼ਗੀ। ਅਗਲੇ ਦਿਨ ਲਈ ਨਵਾਂ ਉਤਸ਼ਾਹ, ਹੰਭੇ ਹਾਰੇ ਪਲਾਂ ਦੇ ਨਾਮ ਕਰਦਾ ਅਤੇ ਸੁੱਖਦ ਪਲ੍ਹਾਂ ‘ਚੋਂ ਜੀਵਨ ਦੇ ਸਮੁੱਚ ਦੀ ਨਿਸ਼ਾਨਦੇਹੀ ਕਰਦਾ।
ਸ਼ਾਮ, ਕੁੱਖ ਵਿਚ ਸੂਰਜ ਲੁਕੋਂਦੀ। ਉਸ ਦੇ ਦਿਨ ਭਰ ਦੇ ਪੈਂਡੇ ਨੂੰ ਕਿਸੇ ਦੇ ਲੇਖੇ ਲਾਉਂਦੀ। ਉਸ ਦੇ ਘਰਕਦੇ ਸਾਹਾਂ ‘ਚ ਠਰੰਮਾ ਟਿਕਾਉਂਦੀ। ਉਸ ਦੀ ਦਿਨ ਭਰ ਦੀ ਮੁਸ਼ੱਕਤ ਦਾ ਮੁੱਲ ਪਾਉਂਦੀ ਅਤੇ ਨਿੱਕੀ ਨਿੱਕੀ ਲੋਰੀ ਨਾਲ ਸੁਆਉਂਦੀ ਤਾਂ ਕਿ ਉਹ ਅਗਲੇ ਦਿਨ ਦਾ ਸਫਰ ਧਰਤੀ ਦੇ ਇਸ ਪੀਹੜੇ ‘ਤੇ ਪੂਰਨ-ਤਨਦੇਹੀ ਨਾਲ ਨਿਬੇੜ ਸਕੇ।
ਸ਼ਾਮ ਦੀ ਸੁਲੱਖਣੀ ਕੁੱਖ, ਪੁੰਨਿਆ ਦੀ ਜਨਮਦਾਤੀ। ਚਾਨਣ ਦੀ ਕਰਮ-ਭੂਮੀ। ਸੌਣ ਤੋਂ ਪਹਿਲਾਂ ਪਰਿੰਦਿਆਂ ਦੀ ਸੰਗੀਤਕ ਮਹਿਫਿਲ। ਸੌਂਣ ਲੱਗੀ ਕੁਦਰਤ ਨੂੰ ਨਿਹਾਰਨ ਦੀ ਅਸੀਮਤ ਤ੍ਰੇਹ। ਕੋਮਲ ਲਗਰਾਂ ਦੀ ਤਲੀ ‘ਤੇ ਫੁੱਲਾਂ ਤੇ ਫਲਾਂ ਦੀ ਸੰਤੋਖੀ ਸਰਗਮ। ਬ੍ਰਿਖ ਦੇ ਸਿਰ ‘ਤੇ ਆਲ੍ਹਣਿਆਂ ਵਿਚ ਉਤਰ ਰਹੀ ਖਾਮੋਸ਼ੀ ਅਤੇ ਰਾਹੀਆਂ ਦੇ ਨਾਮ ਸਰ ਕੀਤੀਆਂ ਮੰਜ਼ਿਲਾਂ ਦਾ ਵਸੀਅਤਨਾਮਾ।
ਸ਼ਾਮ ਦੀ ਚੁੱਪ ਨੂੰ ਕਦੇ ਕਦੇ ਕਿਸੇ ਪਰਿੰਦੇ ਦੀ ਚੀਖ ਤੋੜਦੀ। ਕੋਈ ਕੋਚਰੀ ਬੋਲਦੀ ਤਾਂ ਘੁਸਮੁਸੇ ਦੀ ਕੁੱਖ ਵਿਚ ਦਰਦ ਉਗਦਾ। ਕਿਸੇ ਦੁਖੀਏ ਦੀ ਲੋਰ, ਫਿਜ਼ਾ ਦੇ ਨਾਮ ਹੁੰਦੀ ਅਤੇ ਫਿਜ਼ਾ ਦੇ ਨੈਣਾਂ ਵਿਚ ਹਿੰਝ ਧਰੀ ਜਾਂਦੀ।
ਸ਼ਾਮ ਜਦ ਚੁੱਪ ਤੇ ਸ਼ਾਂਤ ਹੁੰਦੀ ਤਾਂ ਇਸ ਦੀ ਕੁੱਖ ਵਿਚ ਬਹੁਤ ਕੁਝ ਉਬਾਲੇ ਖਾਂਦਾ। ਦਿਨ ਦੇ ਆਖਰੀ ਇਲਾਹੀ ਆਲਮ ਨੂੰ ਮਾਣਨ ਦਾ ਚਾਅ ਪੈਦਾ ਹੁੰਦਾ। ਸ਼ਾਮ, ਜੀਵਨ ਦੇ ਆਖਰੀ ਪਹਿਰ ਦਾ ਹਰਫ ਤਾਂ ਨਹੀਂ ਅਤੇ ਨਾ ਹੀ ਸ਼ਾਮ ਨੂੰ ਅਵੇਸਲੇ ਹੋਣ ਦਾ ਸ਼ਰਫ ਹਾਸਲ ਏ।
ਸ਼ਾਮ ਦੇ ਦਰਦ ਦੀ ਹਾਥ ਕਿਸੇ ਨਾ ਪਾਈ। ਇਸ ਦੀ ਥਾਹ ਕਿਸੇ ਨੂੰ ਨਾ ਥਿਆਈ ਅਤੇ ਨਾ ਹੀ ਕਿਸੇ ਦੁਪਹਿਰ ਨੇ ਸ਼ਾਮ ਦੀ ਸੁਣੀ ਦੁਹਾਈ। ਧੁਆਂਖੀ ਸ਼ਾਮ ਦੀ ਅਉਧ-ਜਿਹੀ ਆਈ, ਤੇਹੀ ਨਾ ਆਈ।
ਕਈ ਵਿਅਕਤੀ ਸ਼ਾਮ ਦੇ ਉਤਰਦੇ ਹਨੇਰ ਨੂੰ ਨਿੰਦਦੇ ਤੇ ਉਲਾਂਭੇ ਦਿੰਦੇ। ਇਸ ਵਿਚ ਪਸਰੀ ਮਾਤਮੀ ਚੁੱਪ ਨੂੰ ਸੋਗ ਦਾ ਅਫਸਾਨਾ ਕਹਿੰਦੇ ਅਤੇ ਇਸ ਦੇ ਅਰਥਾਂ ‘ਚੋਂ ਪੀੜਾ ਨਾਲ ਲੀਰਾਂ ਹੋਏ ਹਰਫਾਂ ਨੂੰ ਸਿਉਂਦੇ।
ਸ਼ਾਮ, ਕੁਲਹਿਣੇ ਪਲਾਂ ‘ਚ ਕੁਕਰਮਾਂ ਦੀ ਕਰਮ-ਭੂਮੀ। ਸ਼ਾਮ ਦੇ ਗਰਭ ਵਿਚ ਬਹੁਤ ਔਗੁਣਾਂ ਦੀ ਤਫਸੀਲ ਉਗਦੀ। ਨਸ਼ਿਆਂ ਦੀ ਲੋਰ ‘ਚ ਮਾਨਸਿਕ ਅਤੇ ਸਰੀਰਕ ਤੌਰ ‘ਤੇ ਨਿਵਾਣਾਂ ਵੰਨੀ ਵਹਿੰਦਾ ਮਨੁੱਖ। ਜੁਰਮ ਦਾ ਲਿਖਦਾ ਰੋਜ਼ਨਾਮਚਾ। ਨੋਚੇ ਜਾ ਰਹੇ ਜਿਸਮ। ਖੋਹੇ ਜਾ ਰਹੇ ਪਰ। ਸੁੰਨੀ ਹੋ ਰਹੀ ਨਿੱਘੀ ਗੋਦ। ਮੋਹ ਦੀ ਧਰਤ ‘ਚ ਬੀਜਿਆ ਜਾ ਰਿਹਾ ਹਿਰਖ। ਬੋਲਾਂ ਦੀ ਹਿੱਕ ‘ਚ ਉਗਦਾ ਸੋਗ। ਹਰਫਾਂ ਦੇ ਅਰਥਾਂ ‘ਚ ਸਦੀਵੀ ਸੰਤਾਪ।
ਸ਼ਾਮ ‘ਚੋਂ ਚੋਂਦੀ ਰੱਤ ਵੀ ਉਗਦੀ ਅਤੇ ਸੰਧੂਰੀ ਰੁੱਤ ਵੀ। ਰਾਹ ਵੀ ਅਤੇ ਰਾਹੂ ਵੀ। ਰੌਣਕ ਵੀ ਅਤੇ ਰੋਣ ਵੀ। ਰਹਿੰਦ-ਖੂੰਹਦ ਵੀ ਅਤੇ ਰਹਿਤਲ ਵੀ। ਰਹਿਮ-ਦਿਲੀ ਵੀ ਅਤੇ ਰਹਿਮ-ਹੀਣਤਾ ਵੀ। ਨਸਲਕੁਸ਼ੀ ਵੀ ਕਰਦੀ ਪਰ ਨਸਲਾਂ ਵੀ ਪੈਦਾ ਹੁੰਦੀਆਂ। ਫਖਰਯੋਗ ਹਾਸਲ ਵੀ ਅਤੇ ਕੁਲਹਿਣੀ ਕਮੀਨਗੀ ਵੀ।
ਦਿਲ ਚਾਹੇ ਕਿ ਕਾਲਖੀ ਸ਼ਾਮਾਂ ਬਹਿਣ ਨਾ ਮਨ-ਬਨੇਰੇ, ਸੋਗ ਨਾ ਚੜ੍ਹੇ ਸਾਹ-ਕੰਧਾੜੇ ਅਤੇ ਨਾ ਹੀ ਲਕੋਣ ਚਾਨਣ-ਬਨੇਰੇ। ਬੜਾ ਔਖਾ ਹੁੰਦਾ ਸਾਰੀ ਉਮਰ ਹੀ ਸ਼ਾਮਾਂ ਨੂੰ ਜਿਉਣਾ ਅਤੇ ਇਸ ਦੇ ਕਾਲੇ ਪਹਿਰ ‘ਚ ਹੀ ਸਾਹਾਂ ਨੂੰ ਅਲਵਿਦਾ ਕਹਿ ਜਾਣਾ।
ਖੁਦਾ ਕਰੇ! ਸ਼ਾਮ ਆਵੇ ਤਾਂ ਮਨ-ਮਸਤਕ ‘ਤੇ ਰਾਂਗਲੀ ਰਾਤ ਦੀ ਦਸਤਕ ਦੇਵੇ। ਰਾਤ-ਰੂਹਾਂ ਵਿਚ ਖਿੜਨ ਖੁਸ਼ੀਆਂ ਅਤੇ ਖੇੜੇ।
ਸ਼ਾਮ, ਖੁਦ ਸੰਗ ਰੂ-ਬ-ਰੂ ਹੋਣ ਦਾ ਸੁੱਚਾ ਪਲ ਵੀ। ਆਪਣੀ ਅੰਦਰਲੀ ਤੇ ਬਾਹਰਲੀ ਇਕਸਾਰਤਾ ਨੂੰ ਪਛਾਣਨ ਤੋਂ ਖੁਦ ਜਦ ਕੋਈ ਸ਼ਖਸ ਹੋ ਜਾਂਦਾ ਇਨਕਾਰੀ ਤਾਂ ਜੀਵਨ-ਬ੍ਰਿਖ ਦੇ ਮੁੱਢੀਂ ਚਲਦੀ ਏ ਆਰੀ।
ਸ਼ਾਮ ਦੇ ਪਿੰਡੇ ਨੂੰ ਰੁਸ਼ਨਾਉਣ ਦੀ ਹੋੜ ਵਿਚ ਅੰਬਰ ਦੀ ਪਰਿਕਰਮਾ ਕਰਦੇ ਤਾਰੇ। ਚਾਨਣ ਚਾਨਣ ਹੋ ਕੇ ਧਰਤੀ ਦੇ ਕਣ ਕਣ ਨੂੰ ਚਮਕਾਉਣ ਦੀ ਲੋਚਾ। ਹਨੇਰਿਆਂ ਨਾਲ ਆਢਾ ਲਾਉਂਦੇ ਜੁਗਨੂੰ। ਅਸਮਾਨ ‘ਚ ਰੋਸ਼ਨੀ ਦੀ ਲੀਕ ਮਾਰਨ ਵਾਲੇ ਟੁੱਟਦੇ ਤਾਰੇ ਦੀ ਸਾਰਥਕ ਹੱਠ-ਧਰਮੀ। ਤਾਰਿਆਂ ਦਾ ਪੀਹੜਾ ਡਾਹ ਕੇ ਬੈਠਾ ਅੰਬਰ, ਰਾਤ ਦਾ ਸੱਗਵਾਂ ਸੱਜਣ। ਚਾਨਣ ਦੀ ਦਸਤਕ ਦੇਣ ਵਾਲਾ ਪ੍ਰਾਹੁਣਾ। ਰੋਸ਼ਨੀ ਦੀ ਕਾਤਰ ਦੀ ਕਲਾ-ਨਿਕਾਸ਼ੀ ਕਰਨ ਵਾਲਾ ਕਲਾਕਾਰ। ਅੰਬਰ ਦੀ ਮਨੁੱਖਤਾਵਾਦੀ ਸੋਚ ਦੇ ਬਲਹਾਰ ਜਾਂਦੀ ਧਰਤੀ ਮਾਂ।
ਸ਼ਾਮ ਤਾਂ ਸ਼ਾਮ ਹੀ ਹੁੰਦੀ, ਪਰ ਇਸ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਤਾਂ ਤੁਸੀਂ ਕਰਨੀ ਹੈ ਕਿ ਇਸ ਨੂੰ ਕਿਸ ਤਰ੍ਹਾਂ ਪਰਿਭਾਸ਼ਤ ਕਰਨਾ ਏ, ਕਿਹੜੇ ਹਰਫਾਂ ਨਾਲ ਤਸ਼ਬੀਹ ਦੇਣੀ ਏ, ਕਿਹੜੇ ਸ਼ਬਦ-ਜੋੜ ਸੰਗ ਪੜ੍ਹਨਾ ਏ, ਕਿਸ ਤਰ੍ਹਾਂ ਦੇ ਸੁੱਚਮ ਨੂੰ ਸ਼ਾਮ ਦੇ ਨਾਮ ਕਰਨਾ ਅਤੇ ਕਿਹੜੀ ਤਰਤੀਬ ਇਸ ‘ਚੋਂ ਉਘਾੜਨੀ ਏ?
ਸ਼ਾਮ, ਦਿਨ ਦੀਆਂ ਤਲਖੀਆਂ, ਤੰਗੀਆਂ, ਤਕਲੀਫਾਂ ਅਤੇ ਫਿਕਰਾਂ ਤੋਂ ਮੁਕਤੀ ਤੇ ਰਾਤ ਦੇ ਸੰਦਲੀ ਸੁਪਨਿਆਂ ਦੀ ਆਧਾਰਸ਼ਿਲਾ। ਸ਼ਾਮ, ਥਕਾਵਟ ਦੀ ਅਰਾਮ ਵੱਲ ਨੂੰ ਜਾਂਦੀ ਪਗਡੰਡੀ।
ਢਲਦੀ ਸ਼ਾਮ ਵਰਗੀ ਦੋਸਤੀ ਹੋਵੇ ਤਾਂ ਇਹ ਲੰਮੇਰੇ ਹੋ ਰਹੇ ਪ੍ਰਛਾਂਵਿਆਂ ਵਾਂਗ ਵੱਧਦੀ ਹੀ ਜਾਦੀ ਜਿਵੇਂ ਜੀਵਨ ਵਿਹੜੇ ਉਤਰਦੀ ਏ ਸ਼ਾਮ।
ਸ਼ਾਮ, ਦਿਨ ਦੇ ਚਾਨਣ ਤੇ ਰਾਤ ਦੇ ਹਨੇਰੇ ਦਾ ਮਿਲਣ ਬਿੰਦੂ, ਦਿਨ ਦੇ ਵਿਛੋੜੇ ਤੋਂ ਬਾਅਦ ਰਾਤ ਨੂੰ ਮਿਲਣ ਦੀ ਉਮੀਦ ਅਤੇ ਸੁਪਨੇ ਸਿਰਜਣ ਤੇ ਸੁਪਨੇ ਦੇਖਣ ਦਾ ਵਕਤ।
ਸ਼ਾਮ, ਮਨ ਵਿਚ ਕਿਸੇ ਪ੍ਰਾਪਤੀ ਦਾ ਅਹਿਸਾਸ, ਮੰਜ਼ਿਲ ‘ਤੇ ਪਹੁੰਚਣ ਦਾ ਧਰਵਾਸ ਅਤੇ ਮਿੱਤਰ ਪਿਆਰੇ ਨੂੰ ਮਿਲਣ ਦਾ ਵਿਸਮਾਦ, ਪਰਿੰਦਿਆਂ ਦਾ ਆਲ੍ਹਣਿਆਂ ਵੰਨੀਂ ਪਰਵਾਸ ਅਤੇ ਆਲਿਆਂ ਦੀ ਚਾਨਣ-ਚਾਨਣ ਹੋਈ ਆਸ।
ਸ਼ਾਮ ਹੁੰਦੇ ਸਾਰ ਹੀ ਚੜ੍ਹਦਾ ਹੈ ਚੰਨ ਤੇ ਨਿਕਲਦੇ ਨੇ ਤਾਰੇ, ਸੌਣ ਦੀ ਤਿਆਰੀ ਕਰਦੇ ਨੇ ਪੰਛੀ। ਅੰਬਰ ਦੇ ਦਿਲਕਸ਼ ਨਜ਼ਾਰੇ। ਨੈਣਾਂ ਵਿਚ ਮਚਲਦੀ ਨੀਂਦ ਅਤੇ ਮਿੱਤਰ-ਮੋਢੇ ਦੇ ਹੁਲਾਰੇ। ਦੀਦਿਆਂ ਵਿਚ ਅੰਗੜਾਈਆਂ ਭਰਦੇ ਨੇ ਸੁਪਨ-ਸਿਤਾਰੇ।
ਸ਼ਾਮ ਨੂੰ ਜੀਵਨੀ-ਸ਼ਾਮ ਦੇ ਅਰਥਾਂ ਤੀਕ ਸੀਮਤ ਕਰਨ ਵਾਲੇ, ਬੌਣੇ ਲੋਕ। ਇਸ ਦੀ ਅਸੀਮਤਾ ‘ਚੋਂ ਜ਼ਿੰਦਗੀ ਦੇ ਸਮੁੱਚ ਦੀ ਪਛਾਣ ਸਿਰਜਣ ਵਾਲੇ ਲੋਕ ਵਕਤ ਦੇ ਸ਼ਾਹ-ਅਸਵਾਰ।
ਸ਼ਾਮ ਨੂੰ ਗਿਆਨ ਦਾ ਚਿਰਾਗ ਜਗਾਉਣਾ, ਮਸਤਕ ਵਿਚ ਰੋਸ਼ਨੀ ਦਾ ਉਗਾਉਣਾ ਅਤੇ ਸਮਾਜ ਦਾ ਚਾਨਣਾ ਪੱਖ ਰੁਸ਼ਨਾਉਣਾ। ਹਰਫ-ਸਾਧਨਾ ‘ਚੋਂ ਅਰਥਾਂ ਦੇ ਦੇਸੀ ਘਿਉ ਦੇ ਦੀਵੇ ਜਗਾਉਣਾ। ਹਿੰਮਤ ਅਤੇ ਮਿਹਨਤ ਦੀ ਧੂਣੀ ਧੁਖਾ ਕੇ ਮੰਜ਼ਿਲਾਂ ਦੇ ਸਿਰਨਾਵਿਆਂ ਦੀ ਲਿਸ਼ਕੋਰ ਪਾਉਣੀ। ਸ਼ਾਮ ਦੇ ਪਲਾਂ ਨੂੰ ਸਾਂਵੇਂ ਸਾਹਾਂ ਦੀ ਤੌਫੀਕ ਮਿਲੇਗੀ। ਸ਼ਾਮ ਨੂੰ ਉਮਰ ਦਾ ਸੰਜੀਲਾ ਪਹਿਰ ਮਿਥ ਕੇ ਪਹਿਲ-ਪੈਂਡਿਆਂ ਦਾ ਆਗਾਜ਼ ਕਰਨਾ ਅਤੇ ਸਫਲਤਾਵਾਂ ਦੇ ਸੁੱਚਮ ਨੂੰ ਮੱਥਿਆਂ ਦੀ ਕਰਮ-ਰੇਖਾ ਬਣਾਉਣਾ।
ਸ਼ਾਮ ਦੀ ਸੰਗਣੀ ਚੁੱਪ ਤੇ ਇਕੱਲ ਦਾ ਇਲਾਹੀ ਸਾਥ ਹੋਵੇ ਤਾਂ ਇਸ ਦੀ ਅੰਤਰੀਵੀ ਇਬਾਦਤ ਵਿਚੋਂ ਖੁਦ ਦੀ ਪਛਾਣ ਹੁੰਦੀ। ਇਸ ‘ਚੋਂ ਤੁਸੀਂ ਆਪਣੇ ਉਸ ਰੂਪ ਨੂੰ ਨਿਹਾਰਦੇ, ਜੋ ਤੁਹਾਡੇ ਕੋਲ ਹੁੰਦਿਆਂ ਵੀ ਤੁਹਾਥੋਂ ਦੂਰ ਹੁੰਦਾ।
ਉਤਰ ਰਹੀ ਸ਼ਾਮ ਦੀ ਖੂਬਸੂਰਤੀ ਇਹ ਹੁੰਦੀ ਕਿ ਤਾਰਿਆਂ ਦਾ ਛੱਜ ਜ਼ਿਆਦਾ ਚਮਕਦਾ ਅਤੇ ਸ਼ਾਮ ਦੀ ਕੁੱਖ ਵਿਚ ਚਾਨਣ ਦਾ ਬੀਜ ਧਰਦਾ।
ਸ਼ਾਮ ਇਕ ਰੱਬੀ ਨਿਆਮਤ, ਜਿਸ ਦੀ ਕੀਮਤ ਥੱਕੇ-ਹਾਰੇ ਰਾਹੀ, ਸੱਜਣ ਦੀ ਉਡੀਕ ਵਿਚ ਅੱਖਾਂ ਦੇ ਸਿੱਲੇ ਹੋਏ ਕੋਏ ਜਾਂ ਪਰਦੇਸੀ ਪੁੱਤ ਦੀ ਉਡੀਕ ਵਿਚ ਦਰ ‘ਤੇ ਪੱਥਰ ਹੋਏ ਦੀਦੇ ਹੀ ਜਾਣਦੇ। ਸ਼ਾਮ ਦਾ ਬਰਕਤੀ-ਅਹਿਸਾਸ, ਸਿਉਂਕੀ ਸਾਹ-ਸੁਰਤਾਲ ‘ਤੇ ਸੁਗਮ ਸਾਹ-ਸੰਗੀਤ ਖੁਣਦਾ।
ਬੀਤੇ ਸਮੇਂ ਵਿਚ ਸ਼ਾਮ ਨੂੰ ਸਾਡੀਆਂ ਮਾਂਵਾਂ ਦਾ ਦੀਵਾ ਡੰਗਣਾ, ਬੀਤੇ ਦਿਨ ਦੀ ਸ਼ੁਕਰਗੁਜਾਰੀ ਅਤੇ ਉਤਰ ਰਹੀ ਰਾਤ ਲਈ ਸਰਬ-ਸੁੱਖ ਤੇ ਸ਼ਾਂਤੀ ਦੀ ਅਰਜ਼ੋਈ, ਸਾਡੇ ਸਮਿਆਂ ਦੀ ਸੱਚੀ ਅਰਦਾਸ ਹੁੰਦੀ ਸੀ ਜੋ ਹੁਣ ਕਿਤੇ ਵੀ ਸੁਣਾਈ ਨਹੀਂ ਦਿੰਦੀ।
ਸ਼ਾਮ, ਆਉਣ ਵਾਲੀ ਰਾਤ ਦੀ ਸ਼ੁਭ-ਆਮਦ ਦੀ ਕਾਮਨਾ ਜਿਸ ਨੇ ਤੁਹਾਡੇ ਜੀਵਨ-ਵਿਹੜੇ ਵਿਚ ਸੁਪਨਮਈ ਨੀਂਦ ਲੈ ਕੇ ਦਸਤਕ ਦੇਣੀ ਹੁੰਦੀ ਆ। ਸੁਖਨਮਈ ਨੀਂਦ ਹੀ ਸਿਆਣਪਾਂ, ਸੋਚਾਂ, ਸੁਪਨਿਆਂ ਅਤੇ ਸੰਭਾਵਨਾਵਾਂ ਨੂੰ ਹੋਰ ਅਮੀਰੀ ਬਖਸ਼ਦੀ।
ਦਿਨ ਜਲਦੀ ਬੀਤਣ ਦਾ ਉਲਾਹਮਾ ਜਦ ਕਿਸੇ ਹੋਠੀਂ ਗੁਣਗੁਣਾਵੇ ਤਾਂ ਸ਼ਾਮ ਦੇ ਨੈਣਾਂ ਵਿਚ ਸੁਪਨਿਆਂ ਦੀ ਰੁੱਤ ਧਰ ਜਾਵੇ। ਇਸੇ ਲਈ ਸਿਆਣੇ ਕਹਿੰਦੇ ਨੇ ਕਿ ਕਿਸੇ ਦੇ ਦੀਦਿਆਂ ਦੀ ਸ਼ਾਮ ਨਾ ਬਣੋ ਸਗੋਂ ਕਿਸੇ ਲਈ ਸਵੇਰ ਜਰੂਰ ਬਣੋ।
ਸ਼ਾਮ, ਸੁਪਨਿਆਂ ਦੀ ਸਮੀਖਿਆ ਲਈ ਨਿਸ਼ਚਿਤ ਸਮਾਂ ਜਦ ਕਿ ਸਵੇਰ, ਸੁਪਨਿਆਂ ਦੀ ਪੂਰਤੀ ਵੰਨੀਂ ਜਾਂਦਾ ਰਾਹ। ਇਨ੍ਹਾਂ ਵਿਚਲਾ ਸਮਤੋਲ, ਜੀਵਨ ਦਾ ਸੰਦਲੀ ਮਾਰਗ ਜਿਸ ਦੀ ਪੈੜ੍ਹ ਚਾਲ ਵਿਚੋਂ ਸੰਪੂਰਨ ਮਨੁੱਖ ਦੇ ਦਰਸ਼ਨ-ਦੀਦਾਰੇ ਹੁੰਦੇ।
ਸ਼ਾਮ, ਰਾਹੀਆਂ ਦਾ ਸਫਰ-ਟਿਕਾਣਾ। ਸ਼ਾਮ-ਬੀਹੀਏ ਚੰਦ-ਫੱਕਰ ਦਾ ਬਹਿਣਾ। ਸ਼ਾਮ-ਸੰਧੂਰੀ ਨੂੰ ਤਦ ਆਪਣਾ ਕਹਿਣਾ। ਜੇ ਅੰਬਰ ਜੇਡਾ ਜੇਰਾ ਲੈਣਾ। ਸ਼ਾਮ-ਜੂਹ, ਚਾਨਣ ਲਈ ਰੋਣਾ। ਇਸ ਦੇ ਮਸਤਕੀਂ ਚਿਰਾਗ ਜਗਾਉਣਾ। ਸ਼ਾਮ ਦੇ ਮੱਥੇ ਇਕ ਤਾਰਾ ਲਾਈਏ, ‘ਨੇਰਿਆਂ ‘ਚ ਜੁਗਨੂੰਆਂ ਦੀ ਫਸਲ ਉਗਾਈਏ, ਨੇਤਰਹੀਣ ਡੰਗੋਰੀਆਂ ਨੂੰ ਥਮਾਈਏ ਅਤੇ ਤ੍ਰਿਕਾਲਾਂ ਦੇ ਦੀਵੇ ਦਾ ਜਸ਼ਨ ਮਨਾਈਏ।
ਸ਼ਾਮ, ਬੱਚੇ ਦਾ ਲੋਰੀਆਂ ਦੀ ਰੁੱਤ ਮਾਣਨਾ ਤੇ ਪਰੀ ਕਹਾਣੀਆਂ ਵਿਚੋਂ ਹਾਣ ਭਾਲਣਾ। ਅੱਲ੍ਹੜ ਵਰੇਸ ਲਈ ਸੁਪਨਿਆਂ ਦੀ ਤਸ਼ਬੀਹ ਵਿਚੋਂ ਭਵਿੱਖ ਨੂੰ ਨਿਹਾਰਨਾ। ਮਿੱਤਰ-ਪਿਆਰੇ ਦੇ ਸਾਥ ਨਾਲ ਅਲਸਾਏ ਪਲਾਂ ਵਰਗੀ ਰੂਹਾਨੀਅਤ ਵਿਚ ਲੀਨ ਹੋਣਾ। ਬਜੁਰਗੀ ਦਾ ਬੀਤੀ ਜ਼ਿੰਦਗੀ ਦੇ ਵਰਕੇ ਫਰੋਲਦਿਆਂ ਸੌਣ ਲਈ ਤਰਲੇ ਕਰਨੇ ਤੇ ਰਾਤ ਲੰਮੇਰੀ ਹੋਣ ਦਾ ਤਾਹਨਾ ਵਕਤ ਦੀ ਤਲੀ ‘ਤੇ ਧਰਨਾ।
ਪੋਹ ਦੀ ਸ਼ਾਮ, ਕਕਰੀਲੀ ਤੇ ਦਰਦੀਲੀ ਹੋਵੇ ਤਾਂ ਠੰਢੇ ਬੁਰਜ ਵਿਚ ਦਾਦੀ ਦੀ ਗੋਦ ਦਾ ਨਿੱਘ, ਪੋਤਰਿਆਂ ਲਈ ਸਾਹ ਨਿਰੰਤਰਤਾ ਬਣਦਾ। ਇਸ ਦੀ ਵੰਗਾਰ ਵਿਚੋਂ ਉਗਮੇ ਪਲ ਇਤਿਹਾਸ ਦਾ ਉਹ ਵਰਕਾ ਬਣਦੇ ਜਿਸ ਨੂੰ ਸਜ਼ਦਾ ਕਰਦਿਆਂ ਕਈ ਉਮਰਾਂ ਵੀ ਘੱਟ ਹੁੰਦੀਆਂ।
ਸ਼ਾਮ ਦੀ ਸਾਦਗੀ ‘ਚ ਰਾਤ ਦੀ ਰਾਣੀ ਮਹਿਕਦੀ ਜਾਂ ਜੀਵਨ-ਸਾਥੀ ਦੀ ਸਾਥ-ਸੁਗੰਧੀ ਮਨ-ਪੌੜੀਆਂ ਉਤਰਦੀ ਤਾਂ ਘਰ ਨੂੰ ਭਾਗ ਲੱਗਦੇ ਅਤੇ ਘਰ ਨੂੰ ਘਰ ਵਾਲਿਆਂ ਦਾ ਸਾਥ ਨਸੀਬ ਹੁੰਦਾ।
ਸ਼ਾਮ, ਰੰਗੀਲੇ ਪਲਾਂ ਦਾ ਨਿਉਂਦਾ ਹੋਵੇ, ਰੱਤੜੀ ਰੁੱਤ ਦਾ ਪਹਿਲਾ ਪਹਿਰ ਹੋਵੇ, ਰਮਣੀਕ ਪਲਾਂ ਨੂੰ ਹਯਾਤੀ ਬਣਾਉਣ ਦੀ ਮਾਨਵੀ ਤੜਪ ਹੋਵੇ ਅਤੇ ਸਾਹ-ਸੁਗੰਧੀਆਂ ਨੂੰ ਪੌਣਾਂ ਵਿਚੋਂ ਪਕੜਨ ਦਾ ਅਦਬ ਹੋਵੇ ਤਾਂ ਇਸ ਦੇ ਦਰੀਂ ਨਿੰਮ ਦੇ ਪੱਤੇ ਬੰਨੇ ਜਾਂਦੇ।
ਕੁਦਰਤ ਇਕ ਨਿਯਮ ਵਿਚ ਬੱਝੀ। ਧਰਤੀ ਤੇ ਸੂਰਜ ਇਸ ਨਿਯਮ ਦਾ ਹਿੱਸਾ। ਇਸ ਦੀ ਨਿਰੰਤਰਤਾ ਵਿਚੋਂ ਹੀ ਦਿਨ ਤੇ ਰਾਤ ਅਤੇ ਸਵੇਰ ਤੇ ਸ਼ਾਮ ਦਾ ਅਵਾਗਵਣ। ਇਨ੍ਹਾਂ ਦੀ ਆਗਿਆ, ਜੀਵਨੀ-ਹਾਸਲ ਜਦ ਕਿ ਅਵੱਗਿਆ ਜੀਵਨ-ਤਲੀ ‘ਤੇ ਸਾਹ-ਸਿੱਸਕਣੀ।
ਸ਼ਾਮ, ਵੱਖ-ਵੱਖ ਰੂਪਾਂ ਅਤੇ ਰੰਗਾਂ ਵਿਚ ਸਾਡੇ ਦਰੀਂ ਦਸਤਕ ਦਿੰਦੀ। ਕੁਝ ਸ਼ਾਮਾਂ ਦੇ ਜਲਦੀ ਬਤੀਤ ਹੋਣ ਲਈ ਅਸੀਂ ਹੱਥ ਜੋੜਦੇ ਜਦ ਕਿ ਕੁਝ ਦੇ ਸਦੀਆਂ ਜੇਡ ਲੰਮੇਰੀਆਂ ਹੋਣ ਲਈ ਦੁਆਵਾਂ ਕਰਦੇ। ਮਨੁੱਖੀ ਮਨ ਦਾ ਲੋਭ ਕੇਹਾ ਜੋ ਕੁਦਰਤੀ ਕ੍ਰਿਆਵਾਂ ਨੂੰ ਆਪਣੀ ਲੋੜ ਮੁਤਾਬਕ ਬਦਲਣਾ ਚਾਹੁੰਦਾ ਪਰ ਅਜਿਹਾ ਸੰਭਵ ਨਹੀਂ।
ਪੀੜ-ਪਰੁੱਚੀ ਸ਼ਾਮ, ਸਦੀਆਂ ਵਰਗੀ ਰਾਤ ਦਾ ਦਰਦ ਲੈ ਕੇ ਆਉਂਦੀ ਜਦ ਕਿ ਖੁਸ਼ੀਆਂ-ਖੇੜਿਆਂ ਵਰਗੀ ਸ਼ਾਮ ਦਾ ਪਲ ਭਰ ਵਿਚ ਬੀਤਣਾ, ਮਨ ਵਿਚ ਭਰਿਆ ਹੁੰਦਿਆਂ ਵੀ ਖਾਲੀਪਣ ਦਾ ਅਹਿਸਾਸ ਧਰ ਜਾਂਦੀ। ਸ਼ਾਮ ਤਾਂ ਸ਼ਾਮ ਹੁੰਦੀ। ਇਹ ਸਾਡੀ ਮਨੋ-ਕਾਮਨਾਵਾਂ ਵਿਚਲਾ ਅਸਾਵਾਂਪਣ ਹੁੰਦਾ ਜੋ ਸ਼ਾਮ ਦੇ ਮੱਥੇ ‘ਤੇ ਇਲਜ਼ਾਮ ਧਰਦਾ।
ਸ਼ਾਮ ਦੀ ਡੂੰਘੀ ਚੁੱਪ ਦੇ ਨਾਂਵੇਂ, ਉਸ ਚੁੱਪ ਨੂੰ ਕਰੀਏ ਜਿਸ ਦਾ ਇਕ ਹੀ ਬੋਲ, ਆਬੇ-ਹਯਾਤ ਦੀ ਤਿੱਪ ਬਣ ਮਾਨਵਤਾ ਦਾ ਨਗਮਾ ਬੁੱਲੀਂ ਗੁਣਗੁਣਾਵੇ।
ਸ਼ਾਮ ਦੀ ਬੁੱਕਲ ਮਾਰ ਕੇ ਤੁਰੇ ਜਾਂਦੇ ਰਾਹੀ ਸ਼ਾਮ-ਸਰਵਰ ਦੇ ਕੰਢਿਆਂ ‘ਤੇ ਘੜੀ ਪਲ ਸੁਸਤਾ, ਮੰਜ਼ਿਲਾਂ ਦੇ ਪੈਂਡਿਆਂ ਨੂੰ ਆਖਰੀ ਸਾਹ ਤੀਕ ਦਾ ਹਮਸਫਰ ਬਣਾਉਣ ਦੀ ਤਮੰਨਾ ਮਨ ‘ਚ ਪਾਲਦੇ।
ਸ਼ਾਮ ਦੇ ਘੁਸਮੁਸੇ ਵਿਹੜੇ ‘ਚ ਕੋਸਾ-ਕੋਸਾ ਚਾਨਣ ਤਰੌਂਕ, ਸੰਦਲੀ ਜਿਹੀ ਮਹਿਕ ਘਰ ਦੇ ਨਾਮ ਕਰੀਏ, ਤਾਂ ਕਿ ਹਰੇਕ ਬੰਦਾ ਸ਼ਾਮ ਨੂੰ ਖੁਸ਼-ਆਮਦੀਦ ਕਹਿੰਦਾ ਰਾਤ ਦੇ ਦਰਾਂ ‘ਤੇ ਨਤਮਸਤਕ ਹੋ, ਸ਼ਾਮ ਦੀ ਆਰਤੀ ਉਤਾਰੇ। ਰਾਤਾਂ ਦੇ ਗਰਭ ‘ਚੋਂ ਪਨਪੇ ਸਵੇਰ ਦੇ ਮੁਖੜੇ ‘ਤੇ ਹੀ ਚੜ੍ਹਦੇ ਦੀ ਲਾਲੀ ਦਾ ਜਲੌਅ ਹੁੰਦਾ।
ਆਉ! ਸ਼ਾਮ ਦੀ ਹੌਲੀ ਹੌਲੀ ਉਤਰ ਰਹੀ ਇਲਾਹੀ ਖਾਮੋਸ਼ੀ ਨੂੰ ਖਾਮੋਸ਼ ਬੁੱਲਾਂ ‘ਤੇ ਧਰ, ਜੀਵਨ-ਧਾਰਾ ਦਾ ਕਲਕਲ ਕਰਦਾ ਨਗਮਾ ਆਦਮੀਅਤ ਦੇ ਨਾਮ ਕਰੀਏ।