ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਖਬਰਾਂ ਅਨੁਸਾਰ ਦੋ ਵੱਡੀਆਂ ਅਤੇ ਮਸ਼ਹੂਰ ਫਿਲਮੀ ਹਸਤੀਆਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਸ਼ਾਦੀ ਦੀ ਰਸਮ ਇਟਲੀ ਵਿਚ ਕਿਸੇ ਹੋਟਲ ਦੇ ਹਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸੰਪੰਨ ਹੋਈ। ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਅਤੇ ਪੱਕੇ ਰਾਗੀ ਭਾਈ ਨਰਿੰਦਰ ਸਿੰਘ ਬਨਾਰਸੀ ਨੇ ਅਨੰਦ ਕਾਰਜ ਦੀ ਰਸਮ ਸਮੇਂ ਕੀਰਤਨ ਦੀ ਸੇਵਾ ਨਿਭਾਈ। ਇਹ ਗੱਲ ਸਿੱਖ ਸਮਾਜ ਲਈ ਵੱਡੇ ਮਾਣ ਵਾਲੀ ਹੈ ਕਿ ਮਸ਼ਹੂਰੀ ਦੀ ਬੁਲੰਦੀ ‘ਤੇ ਪੁੱਜ ਕੇ ਵੀ ਕੋਈ ਆਪਣੇ ਵਿਰਸੇ ਦਾ ਆਦਰ ਕਰਦਾ ਹੈ। ਨਹੀਂ ਤਾਂ ਲੋਕੀਂ ਮਾੜੀ ਜਿਹੀ ਮਸ਼ਹੂਰੀ ਹੋਣ ‘ਤੇ ਹੀ ਆਪਣਾ ਸਦੀਆਂ ਪੁਰਾਣਾ ਵਿਰਸਾ ਵਿਸਾਰ ਦਿੰਦੇ ਹਨ।
ਕਹਿੰਦੇ ਹਨ, ਰਣਵੀਰ ਸਿੰਘ ਸਿੰਧੀ ਸਿੱਖ ਪਰਿਵਾਰ ਵਿਚੋਂ ਹਨ, ਜਿਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਥਾਹ ਸ਼ਰਧਾ ਅਤੇ ਅਟੱਲ ਵਿਸ਼ਵਾਸ ਹੈ। ਉਸ ਪਰਿਵਾਰ ਦੀ ਹਰ ਰਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜੂਰੀ ਵਿਚ ਹੀ ਸੰਪੰਨ ਹੁੰਦੀ ਹੈ। ਸਿੰਧੀ ਸਿੱਖਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਰਧਾ ਅਤੇ ਉਨ੍ਹਾਂ ਦੇ ਵਿਸ਼ਵਾਸ ਦੀ ਲੋਕ ਅਕਸਰ ਮਿਸਾਲ ਦਿੰਦੇ ਹਨ।
ਕੁੱਝ ਘੁਣਤਰੀ, ਘੋਚਰੀ ਤੇ ਖੁਣਸੀ ਸਿੱਖਾਂ ਨੇ ਵਾਵੇਲਾ ਜਿਹਾ ਮਚਾ ਦਿੱਤਾ ਹੈ ਕਿ ਇਸ ਸ਼ਾਦੀ ਮੌਕੇ ਮਰਿਆਦਾ ਦੀ ਉਲੰਘਣਾ ਹੋਈ ਹੈ। ਤੱਤਭੜੱਤੇ ਪੱਤਰਕਾਰਾਂ ਨੇ ਅਖਬਾਰਾਂ ਦੀਆਂ ਤਾਰਾਂ ਖੜਕਾ ਦਿੱਤੀਆਂ, ਜਿਨ੍ਹਾਂ ਨੇ ਡੂੰਘੇ ਸਲਾਹ ਮਸ਼ਵਰੇ ਬਿਨਾ ਖਬਰਾਂ ਛਾਪ ਦਿੱਤੀਆਂ। ਸਾਡੀਆਂ ਅਖਬਾਰਾਂ ਸਿਰਫ ਬਲਦੀ ‘ਤੇ ਤੇਲ ਹੀ ਨਹੀਂ ਪਾਉਂਦੀਆਂ, ਸਗੋਂ ਮੌਕੇ ਅਤੇ ਲੋੜ ਅਨੁਸਾਰ ਅੱਗ ਵੀ ਬਾਲ ਲੈਂਦੀਆਂ ਹਨ; ਕਿਉਂਕਿ ਅੱਗ ਬਬੋਲਾ ਖਬਰਾਂ ਵਧੇਰੇ, ਜਲਦੀ ਅਤੇ ਮਹਿੰਗੇ ਭਾਅ ਵਿਕਦੀਆਂ ਹਨ। ਸਾਡੀਆਂ ਅਖਬਾਰਾਂ ਆਪਣੇ ਵਪਾਰ ਲਈ ਆਪਣੇ ਹੀ ਘਰ ਨੂੰ ਬਲਦਾ ਦੇਖਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਸਾਡੇ ਬਹੁਤੇ ਉਪੱਦਰ ਅਖਬਾਰਾਂ ਦੀ ਹੀ ਉਪਜ ਹੁੰਦੇ ਹਨ।
ਖੈਰ! ਮੈਂ ਸਮਝਣਾ ਚਾਹਿਆ ਕਿ ਇਸ ਸ਼ਾਦੀ ਸਮੇਂ ਮਰਿਆਦਾ ਦੀ ਉਲੰਘਣਾ ਕਿਵੇਂ ਹੋਈ? ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਤ ਮਰਿਆਦਾ ਪੜ੍ਹੀ, ਜਿਸ ਵਿਚ ‘ਅਨੰਦ ਸੰਸਕਾਰ’ ਅਧਿਆਇ ਵਿਚ ਪੰਨਾ 22 ‘ਤੇ ਸਾਫ ਲਿਖਿਆ ਹੈ, “ਸਿੱਖ-ਸਿੱਖਣੀ ਦਾ ਵਿਆਹ, ਬਿਨਾ ਜਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਏ।” ਮੈਨੂੰ ਲੱਗਾ, ਸ਼ਾਇਦ ਇਨ੍ਹਾਂ ਨੇ ਵਿਆਹ ਦੇ ਮਾਮਲੇ ਵਿਚ ਜਾਤ ਗੋਤ ਦਾ ਵਿਚਾਰ ਕਰਕੇ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ ਹੋਵੇਗੀ। ਮੈਨੂੰ ਯਾਦ ਆਇਆ ਕਿ ਇਹ ਉਲੰਘਣਾ ਤਾਂ ਹਰੇਕ ਸਿੱਖ-ਸ਼ਾਦੀ ਸਮੇਂ ਹੁੰਦੀ ਹੈ। ਇਹ ਉਲੰਘਣਾ ਤਾਂ ਹੁਣ ਉਲੰਘਣਾ ਨਹੀਂ ਰਹੀ, ਸਗੋਂ ‘ਮੌਡਰਨ’ ਸਿੱਖ ਰਹਿਤ ਮਰਿਆਦਾ ਦਾ ‘ਲਾਜ਼ਮੀ’ ਅੰਗ ਬਣ ਚੁਕੀ ਹੈ।
ਫਿਰ ਵੀ ਮੈਂ ਗੂਗਲ ‘ਤੇ ਸਰਚ ਕੀਤੀ। ਮੈਂ ਦੰਗ ਰਹਿ ਗਿਆ ਕਿ ਇਨ੍ਹਾਂ ਦੀ ਸ਼ਾਦੀ ਤਾਂ ਪੂਰਨ ਅਤੇ ਪੁਰਾਤਨ ਰਹਿਤ ਮਰਿਆਦਾ ਅਨੁਸਾਰ ਹੋਈ ਹੈ, ਕਿਉਂਕਿ ਇਨ੍ਹਾਂ ਨੇ ਜਾਤ ਗੋਤ ਦੀ ਵਿਚਾਰ ਬਿਲਕੁਲ ਹੀ ਨਹੀਂ ਕੀਤੀ। ਬਾਕੀ ਰਹਿਤ ਮਰਿਆਦਾ ਵਿਚ ਕੁਝ ਵੀ ਅਜਿਹਾ ਨਹੀਂ ਲਿਖਿਆ, ਜਿਸ ਦਾ ਪਾਲਣ ਇਸ ਸ਼ਾਦੀ ਸਮੇਂ ਨਾ ਹੋਇਆ ਹੋਵੇ। ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਾਹਿਬਾਨ ਤੋਂ ਰਹਿਤ ਮਰਿਆਦਾ ਦੀ ਵਧੇਰੇ ਜਾਣਕਾਰੀ ਕਿਸ ਨੂੰ ਹੋ ਸਕਦੀ ਹੈ!
ਮੇਰੇ ਖਿਆਲ ਵਿਚ ਇਹ ਇੱਕੋ ਇੱਕ ਸ਼ਾਦੀ ਅਜਿਹੀ ਹੋਈ ਹੈ, ਜਿਸ ਨੂੰ ਗੁਰ ਮਰਿਆਦਾ ਅਨੁਸਾਰ ਸਮਝਿਆ ਜਾ ਸਕਦਾ ਹੈ। ਇਸ ਬਾਬਤ ਨਘੋਚਾਂ ਕੱਢਣੀਆਂ ਸਾਡੇ ਘੁਣਤਰੀ ਅਤੇ ਖੁਣਸੀ ਰਵੱਈਏ ਦੀ ਹੀ ਨੁਮਾਇਸ਼ ਹੈ। ਸਾਨੂੰ ਇਸ ਤੋਂ ਬਾਜ ਆਉਣ ਦੀ ਲੋੜ ਹੈ। ਨਹੀਂ ਤਾਂ ਸਿੱਖੀ ਦਾ ਵਿਸ਼ਾਲ ਰੁੱਖ ਰੁੰਡ ਮਰੁੰਡ ਹੋ ਜਾਵੇਗਾ। ਛਾਂਗੇ ਹੋਏ ਰੁੱਖ ‘ਤੇ ਕੋਈ ਪੰਛੀ ਆਲ੍ਹਣਾ ਨਹੀਂ ਬਣਾਉਂਦਾ।
ਮੈਂ ਕਈ ਦੋਸਤਾਂ ਨੂੰ ਪੁੱਛਿਆ ਕਿ ਆਖਰ ਇਸ ਸ਼ਾਦੀ ‘ਚ ਕੀ ਗਲਤ ਹੋ ਗਿਆ? ਇੱਕ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਟਲ ‘ਚ ਨਹੀਂ ਜਾਣਾ ਚਾਹੀਦਾ। ਅਖੇ ‘ਮਾਹਰਾਜ ਦੀ ਬੇਅਦਬੀ ਹੁੰਦੀ ਹੈ।’ ਪੁੱਛਿਆ ਕਿ ਅਜਿਹਾ ਕੌਣ ਕਹਿੰਦਾ ਹੈ? ਅਖੇ, ਜਥੇਦਾਰ। ਮੈਨੂੰ ਚੇਤੇ ਆਇਆ ਕਿ ਜਥੇਦਾਰ ਦਾ ਬਿਆਨ ਆਇਆ ਸੀ ਕਿ ਮਾਹਰਾਜ ਦਾ ਸਰੂਪ ਮੈਰਿਜ ਪੈਲਸਾਂ ‘ਚ ਨਾ ਲੈਜਾਇਆ ਜਾਵੇ।
ਜਥੇਦਾਰ ਦਾ ਫਰਜ਼ ਹੈ, ਪੁਰਾਤਨ ਮਰਿਆਦਾ ਦਾ ਪਾਲਣ ਕਰਨਾ ਤੇ ਕਰਾਉਣਾ। ਜਥੇਦਾਰ ਨਵੀਂ ਮਰਿਆਦਾ ਨਹੀਂ ਬਣਾ ਸਕਦਾ। ਮਰਿਆਦਾ ਪੰਥ ਬਣਾਉਂਦਾ ਹੈ। ਸਿਰਫ ਤੇ ਸਿਰਫ ਪੰਥ ਹੀ ਗੁਰੂ ਦਾ ਹਮਰੁਤਬਾ ਹੈ, ਜਥੇਦਾਰ ਨਹੀਂ। ਜਥੇਦਾਰ ਤਾਂ ਪੰਥ ਵਲੋਂ ਬਣਾਏ ਗਏ ਨੇਮਾਂ ਦੀ ਦੇਖ-ਰੇਖ ਕਰਦਾ ਹੈ। ਜਥੇਦਾਰ ਤਾਨਾਸ਼ਾਹ ਨਹੀਂ, ਸਗੋਂ ਪੰਥ ਦਾ ਸੇਵਕ ਹੈ। ਸਮੂਹ ਪੰਥ ਹੀ ਸਮਰੱਥ ਹੈ, ਮਰਿਆਦਾ ਵਿਚ ਸੋਧ ਕਰਨ ਲਈ। ਜਥੇਦਾਰ ਉਸ ਦਾ ਐਲਾਨ ਕਰਦਾ ਹੈ।
ਜਥੇਦਾਰ ਦੇ ਐਲਾਨ ਦੀ ਕੋਈ ਸਮਾਂ ਸੀਮਾ ਹੋਣੀ ਲਾਜ਼ਮੀ ਹੈ। ਜਾਂ ਤੇ ਉਹ ਛੇ ਮਹੀਨੇ ਜਾਂ ਸਾਲ ਬਾਅਦ ਖਾਰਜ ਹੋ ਜਾਵੇ ਜਾਂ ਰਹਿਤ ਮਰਿਆਦਾ ਵਿਚ ਜੋੜ ਦਿੱਤੀ ਜਾਵੇ। ਅਸੀਂ ਜਾਣਦੇ ਹਾਂ ਕਿ ਸਾਡੀ ਰਹਿਤ ਮਰਿਆਦਾ ਵਿਚ ਕਦੀ ਕੋਈ ਸੋਧ ਨਹੀਂ ਹੋਈ; ਨਾ ਕਦੀ ਕੁਝ ਕੱਢਿਆ ਗਿਆ ਹੈ ਤੇ ਨਾ ਕੁਝ ਪਾਇਆ ਗਿਆ ਹੈ।
ਹੱਡ ਮਾਸ ਵਿਚ ਵਿਚਰਦੇ ਗੁਰੂ ਸਾਹਿਬਾਨ ਕਾਮਰੂਪ ਦੇ ਚਲੇ ਗਏ, ਕੌਡੇ ਰਾਕਸ਼ ਦੇ ਗਏ, ਸੱਜਣ ਠੱਗ ਦੇ ਗਏ, ਕੋਹੜੀ ਦੀ ਝੁੱਗੀ ‘ਚ ਚਲੇ ਗਏ, ਸ਼ਾਹੀ ਮਹਿਲਾਂ ‘ਚ ਵੀ ਗਏ; ਉਨ੍ਹਾਂ ਦੀ ਕਿਤੇ ਬੇਅਦਬੀ ਨਹੀਂ ਹੋਈ। ਲੇਕਿਨ ਕਾਗਜ਼ ‘ਤੇ ਉਤਰੇ ਉਸੇ ਗੁਰੂ ਦੀ ਹੋਟਲ ‘ਚ ਜਾਣ ‘ਤੇ ਵੀ ਬੇਅਦਬੀ ਹੋ ਜਾਂਦੀ ਹੈ! ਇਹ ਕੇਹੀ ਦਲੀਲ ਹੈ?
ਜਿਸ ਗੁਰੂ ਨੇ ਆਪਣੀ ਛੋਹ ਨਾਲ ਹੀ ਗੂੰਗਿਆਂ ਤੋਂ ਗੀਤਾ ਦੇ ਅਰਥ ਕਰਵਾ ਦਿੱਤੇ ਸਨ, ਅਸੀਂ ਉਸੇ ਗੁਰੂ ਦੇ ਪਾਵਨ ਸਰੂਪ ਨੂੰ ਰੁਮਾਲਿਆਂ ‘ਚ ਲਪੇਟ ਲਪੇਟ ਕੇ ਗੂੰਗਾ ਬਣਾਉਣ ਦੇ ਰਾਹ ਪੈ ਗਏ ਹਾਂ। ਕਿਤੇ ਤਾਂ ਬੱਸ ਕਰੀਏ!
ਇਹ ਗੱਲ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਕਾਪੀ ਰਾਈਟ ਨਹੀਂ ਹੈ। ਇਸ ਨੂੰ ਕੋਈ ਵੀ ਸ਼ਰਧਾਵਾਨ ਲਿਖ ਅਤੇ ਪੜ੍ਹ ਸਕਦਾ ਹੈ। ਇਸ ਨੂੰ ਲਿਖਣ ਅਤੇ ਛਾਪਣ ਦੀ ਮਰਿਆਦਾ ਪਰੰਪਰਾ ‘ਚ ਪਈ ਹੈ, ਜਿਸ ਦਾ ਕੋਈ ਡਿਕਟੇਟਰ ਨਹੀਂ ਹੈ। ਇਸ ਦਾ ਕਾਪੀ ਰਾਈਟ ਬਣਾਉਣ ਜਾਂ ਲੈਣ ਨਾਲ ਇਹ ‘ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਆਸਣ ਤੋਂ ਹੇਠਾਂ ਸਰਕ ਕੇ ਇੱਕ ਸਾਧਾਰਣ ਕਿਤਾਬ ਰਹਿ ਜਾਵੇਗਾ। ਇਸ ਗੱਲੋਂ ਬੇਹੱਦ ਖਬਰਦਾਰ ਰਹਿਣ ਦੀ ਸਖਤ ਲੋੜ ਹੈ।
ਬਾਣੀ ਵਿਚ ਆਇਆ ਹੈ, “ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥” ਗੁਰੂ ਦੀ ਛੋਹ ਤਾਂ ਪਤਿਤ ਨੂੰ ਪਾਵਨ ਕਰਨ ਦੇ ਸਮਰੱਥ ਹੈ। ਇਹ ਕੌਣ ਹੈ, ਜੋ ਸਾਨੂੰ ਦੱਸਦਾ ਹੈ ਕਿ ਹੁਣ ਪਤਿਤ ਇੰਨਾ ਤਾਕਤਵਰ ਹੋ ਗਿਆ ਹੈ ਕਿ ਉਸ ਦੀ ਭਿੱਟ ਗੁਰੂ ਨੂੰ ਵੀ ਚੜ੍ਹ ਜਾਂਦੀ ਹੈ। ਇਹ ਕਿਹੜੀ ਮਰਿਆਦਾ ਹੈ! ਮਾਹਰਾਜ ਦੀ ਬਾਣੀ ਤੋਂ ਉਤੇ ਵੀ ਕੋਈ ਰਹਿਤ ਮਰਿਆਦਾ ਹੈ? ਗੁਰਬਾਣੀ ਵਿਚ ਪਤਿਤ ਨੂੰ ਪੁਨੀਤ ਕਰਨ ਦੀ ਦੱਸ ਪਾਉਂਦੀਆਂ ਸੈਂਕੜੇ ਪੰਗਤੀਆਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ।
ਕਿਸੇ ਦੀ ਸ਼ਾਦੀ ਦਾ ਚਾਅ ਕਿਰਕਰਾ ਕਰਨਾ ਮਹਾਂ ਪਾਪ ਹੈ। ਅਜਿਹੇ ਉਪੱਦਰ ਨਾ ਬਖਸ਼ਣਯੋਗ ਹਨ। ਸਾਨੂੰ ਬਾਜ ਆਉਣਾ ਚਾਹੀਦਾ ਹੈ। ਗੁਰੂ ਦੇ ਓਟ ਆਸਰੇ ਜਾਂ ਸ਼ਰਣ ਵਿਚ ਆਏ ਕਿਸੇ ਵੀ ਪ੍ਰਾਣੀ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਅਜਿਹੇ ਕਿਸੇ ਪ੍ਰਾਣੀ ਦਾ ਤ੍ਰਿਸਕਾਰ ਕਰਕੇ ਅਸੀਂ ਆਪਣਾ ਮੁੱਖ ਗੁਰੂ ਅੱਗੇ ਨਹੀਂ ਲਿਜਾ ਸਕਦੇ।
ਗੁਰੂ ਦੇ ਸਰਸਬਜ਼ ਅਤੇ ਲਹਿਲਹਾਉਂਦੇ ਵਿਸ਼ਾਲ ਰੁੱਖ ‘ਤੇ ਚਹਿਚਹਾਉਂਦੇ ਪੰਖੇਰੂਆਂ ਨੂੰ ਨਫਰਤ ਦੇ ਗੁਲੇਲੇ ਮਾਰਨ ਵਾਲੇ ਗੁਰੂ ਨਿੰਦਕਾਂ ਅਤੇ ਗੁਰੂ ਦੋਖੀਆਂ ਤੋਂ ਸਾਨੂੰ ਖਬਰਦਾਰ ਰਹਿਣਾ ਚਾਹੀਦਾ ਹੈ। ਅੱਗੇ ਹੀ ਨੁਕਸਾਨ ਬਹੁਤ ਹੋ ਚੁਕਾ ਹੈ।
ਆਗੇ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ।