ਮੰਗਲਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਇਜਲਾਸ ਦੌਰਾਨ ਇਕ ਵਾਰ ਫਿਰ ਲਫਾਫਾ ਕਲਚਰ ਦਾ ਹੀ ਬੋਲਬਾਲਾ ਰਿਹਾ ਅਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਕ ਸਾਲ ਲਈ ਮੁੜ ਪ੍ਰਧਾਨ ਚੁਣ ਲਿਆ ਗਿਆ। ਉਂਜ, ਇਸ ਵਾਰ ਪਹਿਲੀਆਂ ਚੋਣਾਂ ਨਾਲੋਂ ਵੱਧ ਵਧੀਕੀ ਸਾਹਮਣੇ ਆਈ ਹੈ। ਐਤਕੀਂ ਅਸਲ ਵਿਚ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਲੱਗੇ ਬਰਗਾੜੀ ਇਨਸਾਫ ਮੋਰਚੇ ਕਾਰਨ ਸ਼੍ਰੋਮਣੀ ਕਮੇਟੀ ਉਤੇ ਕਬਜ਼ਾ ਕਰੀ ਬੈਠੇ ਬਾਦਲਾਂ ਉਤੇ ਦਬਾਅ ਕੁਝ ਵਧੇਰੇ ਹੀ ਸੀ ਪਰ ਜਿਸ ਢੰਗ ਨਾਲ ਇਜਲਾਸ ਦੀ ਕਾਰਵਾਈ ਚਲਾਈ ਗਈ, ਉਸ ਤੋਂ ਜਾਹਰ ਸੀ ਕਿ ਸਭ ਕੁਝ ਮਿਥ ਕੇ ਕੀਤਾ ਗਿਆ।
ਇਸ ਨਾਲ ਸ਼੍ਰੋਮਣੀ ਕਮੇਟੀ ਉਤੇ ਬਾਦਲਾਂ ਦਾ ਕਬਜ਼ਾ ਤਾਂ ਬਰਕਰਾਰ ਹੀ ਰਿਹਾ (ਉਂਜ ਵੀ ਇਸ ਨੂੰ ਕੋਈ ਵੱਡੀ ਚੁਣੌਤੀ ਦਰਪੇਸ਼ ਵੀ ਨਹੀਂ ਸੀ) ਪਰ ਇਜਲਾਸ ਦੌਰਾਨ ਜਮਹੂਰੀਅਤ ਬੁਰੀ ਤਰ੍ਹਾਂ ਲਤਾੜ ਦਿੱਤੀ ਗਈ। ਉਘੇ ਆਗੂ ਮਾਸਟਰ ਤਾਰਾ ਸਿੰਘ ਦੀ ਦੋਹਤੀ ਨਾਲ ਜੋ ਵਿਹਾਰ ਕੀਤਾ ਗਿਆ, ਉਹ ਸ਼ਾਇਦ ਚਿਰਾਂ ਤੱਕ ਭੁਲਾਇਆ ਨਾ ਜਾ ਸਕੇ। ਉਨ੍ਹਾਂ ਇਜਲਾਸ ਦੌਰਾਨ ਕੁਝ ਮੁੱਦੇ ਉਠਾਉਣ ਦਾ ਯਤਨ ਕੀਤਾ। ਇਨ੍ਹਾਂ ਮੁੱਦਿਆਂ ਵਿਚ ਏਅਰ ਇੰਡੀਆ ਦੀ ਉਡਾਣ ਦੌਰਾਨ ਛੋਟੀ ਕਿਰਪਾਨ ਉਤੇ ਵੀ ਇਤਰਾਜ਼ ਕਰਨ ਅਤੇ ਉਘੇ ਇਤਿਹਾਸਕਾਰ ਪ੍ਰੋਫੈਸਰ ਕਿਰਪਾਲ ਸਿੰਘ ਨੂੰ ਡੇਢ ਦਹਾਕੇ ਪੁਰਾਣੇ ਪ੍ਰਾਜੈਕਟ ਤੋਂ ਲਾਂਭੇ ਕਰਨ ਦੇ ਮੁੱਦੇ ਸ਼ਾਮਲ ਸਨ ਪਰ ਉਨ੍ਹਾਂ ਨੂੰ ਬੋਲਣ ਤੋਂ ਰੋਕਣ ਦਾ ਯਤਨ ਕੀਤਾ ਗਿਆ, ਫਿਰ ਉਨ੍ਹਾਂ ਤੋਂ ਮਾਈਕ ਖੋਹ ਲਿਆ ਅਤੇ ਮਾਈਕ ਦੀ ਆਵਾਜ਼ ਵੀ ਬੰਦ ਕਰ ਦਿੱਤੀ ਗਈ। ਜਦੋਂ ਉਹ ਫਿਰ ਵੀ ਬੋਲਦੇ ਰਹੇ ਤਾਂ ਰੌਲਾ ਪਾ ਕੇ ਉਨ੍ਹਾਂ ਨੂੰ ਵਾਕਆਊਟ ਲਈ ਮਜਬੂਰ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਕੁਝ ਦਿਨਾਂ ਤੋਂ ਜਿਸ ਢੰਗ ਨਾਲ ਕਾਰਵਾਈਆਂ ਕਰ ਰਹੇ ਸਨ, ਉਸ ਤੋਂ ਸਪਸ਼ਟ ਹੋ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਇਜਲਾਸ ਦੌਰਾਨ ਉਨ੍ਹਾਂ ਦਾ ਰੁਖ ਕੀ ਹੋਵੇਗਾ ਪਰ ਵਿਰੋਧੀ ਧਿਰ ਇਕ ਵਾਰ ਫਿਰ ਇਸ ਮਾਮਲੇ ਵਿਚ ਕੋਈ ਰਣਨੀਤੀ ਨਹੀਂ ਉਲੀਕ ਸਕੀ। ਇਸ ਨੇ ਸਗੋਂ ਇਜਲਾਸ ਵਿਚੋਂ ਵਾਕਆਊਟ ਕਰ ਦਿੱਤਾ ਅਤੇ ਇਸ ਨਾਲ ਬਾਦਲਾਂ ਦਾ ਕੰਮ ਸਗੋਂ ਹੋਰ ਸੌਖਾ ਹੋ ਗਿਆ। ਦਰਅਸਲ, ਬਾਦਲ ਸਿੱਖ ਸਿਆਸਤ ਉਤੇ ਕਾਬਜ਼ ਹੀ ਇਸ ਕਰਕੇ ਹੋਏ ਹਨ, ਕਿਉਂਕਿ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਖਿਲਾਫ ਕੋਈ ਠੁੱਕਦਾਰ ਰਣਨੀਤੀ ਹੀ ਨਹੀਂ ਘੜ ਸਕੇ। ਸਿੱਟੇ ਵਜੋਂ ਭਾਰੂ ਧਿਰ ਨੂੰ ਹਰ ਵਾਰ ਆਪਣੀ ਮਨਮਰਜ਼ੀ ਕਰਨ ਦਾ ਮੌਕਾ ਮਿਲ ਜਾਂਦਾ ਹੈ।
ਬਰਗਾੜੀ ਇਨਸਾਫ ਮੋਰਚੇ ਨੇ ਸਿੱਖ ਸਿਆਸਤ ਵਿਚ ਨਵੀਂ ਰੂਹ ਫੂਕਣ ਦੀ ਆਸ ਜਗਾਈ ਸੀ। ਇਸ ਸਰਗਰਮੀ ਦੌਰਾਨ ਸਿਆਸਤ ਵਿਚ ਤੀਜੀ ਧਿਰ ਵਿਚ ਪੰਥਕ ਸਫਾਂ ਦੇ ਨਿੱਗਰ ਯੋਗਦਾਨ ਬਾਰੇ ਵੀ ਕਿਆਸਆਰਾਈਆਂ ਹੋਣ ਲੱਗ ਪਈਆਂ ਸਨ ਪਰ ਸ਼੍ਰੋਮਣੀ ਕਮੇਟੀ ਦੇ ਇਜਲਾਸ ਨੇ ਇਕ ਵਾਰ ਫਿਰ ਦਰਸਾ ਦਿੱਤਾ ਕਿ ਬਾਦਲਾਂ ਨਾਲ ਵਕਤੀ ਸਰਗਰਮੀ ਨਾਲ ਲੋਹਾ ਨਹੀਂ ਲਿਆ ਜਾ ਸਕਦਾ। ਦਸ ਸਾਲ ਸੱਤਾ ਵਿਚ ਰਹਿਣ ਕਾਰਨ ਸਿਆਸਤ ਦੇ ਹਰ ਪੌਡੇ ਉਤੇ ਅਕਾਲੀ ਦਲ ਦਾ ਪੱਖ ਭਾਰੂ ਪਿਆ ਹੋਇਆ ਹੈ। ਇਹੀ ਨਹੀਂ, ਸਮੁੱਚੇ ਪੰਜਾਬ ਵਿਚ ਪਾਰਟੀ ਦਾ ਬਾਕਾਇਦਾ ਢਾਂਚਾ ਹੈ। ਅੱਜ ਭਾਵੇਂ ਬਾਦਲਾਂ ਨੂੰ ਹਰ ਪਾਸਿਓਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਉਸ ਦਾ ਇਹ ਢਾਂਚਾ ਜਿਉਂ ਦਾ ਤਿਉਂ ਬਰਕਰਾਰ ਹੈ। ਇਸ ਨੁਕਤੇ ਨੂੰ ਸਹੀ ਪ੍ਰਸੰਗ ਨਾਲ ਸਮਝਣ ਲਈ ਆਮ ਆਦਮੀ ਪਾਰਟੀ ਦੀ ਸਿਆਸਤ ਉਤੇ ਨਿਗ੍ਹਾ ਮਾਰਨੀ ਪਵੇਗੀ। ਇਸ ਪਾਰਟੀ ਨੇ ਇੰਨੇ ਸਾਲਾਂ ਦੌਰਾਨ ਆਪਣਾ ਜਥੇਬੰਦਕ ਢਾਂਚਾ ਕਾਇਮ ਨਹੀਂ ਕੀਤਾ ਅਤੇ ਇਸ ਪਾਰਟੀ ਨੂੰ ਪੈਰ-ਪੈਰ ‘ਤੇ ਪਛਾੜ ਖਾਣੀ ਪਈ ਹੈ, ਹਾਲਾਂਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਅੱਕ ਕੇ ਪੰਜਾਬ ਦੇ ਬਹੁਤ ਲੋਕਾਂ ਨੇ ਇਸ ਪਾਰਟੀ ਨੂੰ ਹੁੰਗਾਰਾ ਭਰਿਆ ਸੀ। ਇਸੇ ਕਰਕੇ ਜਥੇਬੰਦਕ ਢਾਚੇ ਦੀ ਅਣਹੋਂਦ ਅਤੇ ਲੋਕਾਂ ਦੇ ਭਰਪੂਰ ਹੁੰਗਾਰੇ ਦੇ ਬਾਵਜੂਦ ਇਹ ਪਾਰਟੀ ਸੂਬੇ ਦੀ ਸਿਆਸਤ ਵਿਚ ਉਹ ਤਬਦੀਲੀ ਨਹੀਂ ਲਿਆ ਸਕੀ ਜਿਸ ਦੀ ਆਸ ਕੀਤੀ ਜਾ ਰਹੀ ਹੈ। ਇਸ ਪੱਖ ਤੋਂ ਜੇ ਬਾਦਲ ਵਿਰੋਧੀ ਪੰਥਕ ਸਫਾ ਦੀ ਹੋਂਦ ਉਤੇ ਵਿਚਾਰ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਦੀ ਸਰਗਰਮੀ ਤਾਂ ਆਮ ਆਦਮੀ ਪਾਰਟੀ ਨੂੰ ਮਿਲੇ ਹੁੰਗਾਰੇ ਦਾ ਪਾਸਕੂੰ ਵੀ ਨਹੀਂ ਹੈ। ਗੱਲ ਵਿਚਲੀ ਇਹ ਵੀ ਹੈ ਕਿ ਬਰਗਾੜੀ ਇਨਸਾਫ ਮੋਰਚੇ ਨੂੰ ਮਿਲੇ ਆਪ-ਮੁਹਾਰੇ ਹੁੰਗਾਰੇ ਨੂੰ ਇਹ ਪੰਥਕ ਧਿਰਾਂ ਆਪਣੇ ਪੱਖ ਵਿਚ ਖੜ੍ਹਾ ਕਰਨ ਵਿਚ ਨਾਕਾਮ ਰਹੀਆਂ ਹਨ। ਇਸ ਨਾਕਾਮੀ ਵਿਚ ਸਭ ਤੋਂ ਵੱਡਾ ਪੱਖ ਕਿਸੇ ਲੀਡਰਸ਼ਿਪ ਦਾ ਠੋਕ-ਵਜਾ ਕੇ ਸਾਹਮਣੇ ਨਾ ਆਉਣਾ ਵੀ ਹੈ। ਇਸੇ ਕਰਕੇ ਬਾਦਲ ਹਰ ਵਾਰ ਹਾਰ ਕੇ ਵੀ ਜਿੱਤ ਜਾਂਦੇ ਹਨ ਅਤੇ ਪੰਥਕ ਸਫਾ ਦੇ ਪੱਲੇ ਪਛਾੜ ਪੈਂਦੀ ਹੈ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੈ। ਅਜੇ ਵੀ ਲੋਕਾਂ ਦਾ ਬਾਦਲਾਂ ਅਤੇ ਕਾਂਗਰਸ ਖਿਲਾਫ ਰੋਹ ਅਤੇ ਰੋਸਾ ਬਰਕਰਾਰ ਹੈ। ਹੁਣ ਮਸਲਾ ਸਿਰਫ ਭਰੋਸੇਯੋਗ ਲੀਡਰਸ਼ਿਪ ਦੇ ਉਭਾਰ ਦਾ ਹੈ। ਜਿੰਨੀ ਦੇਰ ਕੋਈ ਭਰੋਸੇਯੋਗ ਲੀਡਰਸ਼ਿਪ ਅੱਗੇ ਨਹੀਂ ਆਉਂਦੀ, ਓਨੀ ਦੇਰ ਬਾਦਲਾਂ ਨੂੰ ਪਛਾੜਨਾ ਮੁਸ਼ਕਿਲ ਹੈ। ਇਸ ਮਾਮਲੇ ਵਿਚ ਇਕ ਹੀ ਕਿਲੇ ‘ਤੇ ਖਲੋ ਕੇ ਲੜਾਈ ਲੜੀ ਜਾਣੀ ਚਾਹੀਦੀ ਹੈ, ਉਹ ਹੈ ਜਮਹੂਰੀ ਕਦਰਾਂ-ਕੀਮਤਾਂ ਦੀ ਬਹਾਲੀ ਦੀ ਲੜਾਈ। ਸ਼੍ਰੋਮਣੀ ਅਕਾਲੀ ਦਾ ਆਪਣਾ ਸ਼ਾਨਾਂਮੱਤਾ ਇਤਿਹਾਸ ਰਿਹਾ ਹੈ। ਹੁਣ ਜੇ ਬਾਦਲਾਂ ਨੇ ਇਸ ਪਾਰਟੀ ਨੂੰ ਆਪਣੀ ਜਾਇਦਾਦ ਵਿਚ ਤਬਦੀਲ ਕਰ ਲਿਆ ਹੈ ਤਾਂ ਸਿਰਫ ਇਸ ਕਰਕੇ ਕਿਉਂਕਿ ਇਸ ਦੇ ਬਹੁਤੇ ਲੀਡਰ ਆਪਣੇ ਨਿੱਜੀ ਅਤੇ ਵਕਤੀ ਫਾਇਦਿਆਂ ਲਈ ਜਮਹੂਰੀਅਤ ਦਾ ਝੰਡਾ ਬੁਲੰਦ ਰੱਖਣ ਵਿਚ ਨਾਕਾਮ ਰਹੇ ਹਨ। ਜਮਹੂਰੀਅਤ ਦੀ ਇਹ ਲੜਾਈ ਨਵੇਂ ਸਿਰਿਓਂ ਸ਼ੁਰੂ ਕਰਨੀ ਪੈਣੀ ਹੈ ਅਤੇ ਇਕ ਗੱਲ ਹੋਰ ਸਾਫ ਹੋਣੀ ਚਾਹੀਦੀ ਹੈ ਕਿ ਤੁਰੰਤ ਨਤੀਜੇ ਮਿਲਣ ਦੀ ਆਸ ਉਕਾ ਹੀ ਨਹੀਂ ਰੱਖਣੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਦਾ ਵੱਕਾਰ ਬਹਾਲ ਲਈ ਹੋਰ ਕੋਈ ਰਾਹ ਨਹੀਂ ਬਚਿਆ ਹੈ। ਪੰਥਕ ਸਫਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ।