ਦੀਵਾਲੀ: ਅੰਮ੍ਰਿਤਸਰ ‘ਚ ਪਿਛਲੇ ਸਾਲ ਨਾਲੋਂ ਸ਼ੁੱਧ ਰਹੀ ਆਬੋ-ਹਵਾ

ਅੰਮ੍ਰਿਤਸਰ: ਦੀਵਾਲੀ ਮੌਕੇ ਇਸ ਵਾਰ ਹਵਾ ਤੇ ਆਵਾਜ਼ ਪ੍ਰਦੂਸ਼ਣ ਵਿਚ ਭਾਵੇਂ ਪਹਿਲਾਂ ਵਾਂਗ ਹੀ ਵਾਧਾ ਹੋਇਆ ਹੈ ਪਰ ਇਹ ਵਾਧਾ ਪਿਛਲੇ ਵਰ੍ਹੇ 2017 ਨਾਲੋਂ ਕਾਫੀ ਘੱਟ ਹੈ। ਉਂਜ ਇਸ ਵਰ੍ਹੇ ਦੌਰਾਨ ਹਵਾ ਪ੍ਰਦੂਸ਼ਣ ਵਿਚ ਪਿਛਲੇ ਵਰ੍ਹੇ ਦੇ ਮੁਕਾਬਲੇ ਸੁਧਾਰ ਹੋਇਆ ਹੈ। ਇਹ ਖੁਲਾਸਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜਾਰੀ ਕੀਤੇ ਅੰਕੜਿਆਂ ਤੋਂ ਹੋਇਆ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਇਸ ਵਾਰ ਦੀਵਾਲੀ ਮੌਕੇ ਏਅਰ ਕੁਆਲਟੀ ਇੰਡੈਕਸ (ਏਕਿਊਆਈ) ਦਾ ਪੱਧਰ 234 ਦਰਜ ਕੀਤਾ ਗਿਆ ਹੈ ਜਦੋਂਕਿ ਪਿਛਲੇ ਵਰ੍ਹੇ 2017 ਵਿਚ ਦੀਵਾਲੀ ਵਾਲੀ ਰਾਤ ਪ੍ਰਦੂਸ਼ਣ ਦਾ ਇਹ ਪੱਧਰ 328 ਦਰਜ ਕੀਤਾ ਗਿਆ ਸੀ।

ਇਸ ਵਾਰ ਹਵਾ ਪ੍ਰਦੂਸ਼ਣ ਵਿਚ 29 ਫੀਸਦੀ ਕਮੀ ਆਈ ਹੈ। ਜਦੋਂਕਿ ਧੂੜ ਦੇ ਕਣ (ਪੀਐਮ 10) 36 ਫੀਸਦ ਅਤੇ ਵਾਹਨਾਂ ਦੇ ਧੂੰਏਂ ਆਦਿ (ਪੀਐਮ 2.5) ਵਿਚ 44 ਫੀਸਦੀ ਕਮੀ ਦਰਜ ਕੀਤੀ ਗਈ ਹੈ।
ਅੰਮ੍ਰਿਤਸਰ ਵਿਚ ਦੀਵਾਲੀ ਮੌਕੇ ਇਸ ਵਾਰ ਏਕਿਊਵਾਈ ਦਾ ਪੱਧਰ 162 ਦਰਜ ਕੀਤਾ ਗਿਆ ਹੈ। ਜਦੋਂਕਿ ਪਿਛਲੇ ਵਰ੍ਹੇ ਇਹ 318 ਸੀ। ਅੰਮ੍ਰਿਤਸਰ ਵਿਚ ਪੀਐਮ 10 ਦੀ ਮਾਤਰਾ ਦੀਵਾਲੀ ਵਾਲੀ ਰਾਤ 7 ਵਜੇ ਤੋਂ ਲੈ ਕੇ 1 ਵਜੇ ਤੱਕ ਵਧੀ ਹੈ। ਉਸ ਵੇਲੇ ਪੀਐਮ-10 ਦੀ ਮਾਤਰਾ 197 ਤੋਂ ਲੈ ਕੇ 616 ਤੱਕ ਦਰਜ ਕੀਤੀ ਗਈ। ਇਸੇ ਤਰ੍ਹਾਂ ਪੀਐਮ 2.5 ਰਾਤ ਅੱਠ ਵਜੇ ਤੋਂ 1 ਵਜੇ ਤਕ 114 ਤੋਂ ਲੈ ਕੇ 228 ਤੱਕ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਰਬਨ ਆਕਸਾਈਡ, ਸਲਫਰ ਡਾਇਆਕਸਾਈਡ, ਨਾਈਟਰੋਜਨ ਆਕਸਾਈਡ ਆਦਿ ਗੈਸਾਂ ਦੀ ਮਾਤਰਾ ਵਿਚ ਵਾਧਾ ਦਰਜ ਕੀਤਾ ਗਿਆ ਹੈ। ਪਰ ਇਹ ਪ੍ਰਦੂਸ਼ਣ ਤੱਤ 8 ਨਵੰਬਰ ਦੀ ਸਵੇਰ ਤੱਕ ਪਹਿਲਾਂ ਵਾਂਗ ਹੀ ਘੱਟ ਚੁੱਕੇ ਸਨ। ਜਿਸ ਤੋਂ ਸਪੱਸ਼ਟ ਹੈ ਕਿ ਹਵਾ ਪ੍ਰਦੂਸ਼ਣ ਦੀਵਾਲੀ ਵਾਲੀ ਰਾਤ ਕੁਝ ਘੰਟਿਆਂ ਵਾਸਤੇ ਹੀ ਵਧਿਆ ਸੀ।
ਬੋਰਡ ਦੇ ਅਧਿਕਾਰੀਆਂ ਮੁਤਾਬਕ ਭਾਵੇਂ ਦੀਵਾਲੀ ਵਾਲੇ ਦਿਨ ਹਵਾ ਪ੍ਰਦੂਸ਼ਣ ਦੀ ਸਥਿਤੀ ਮਾੜੀ ਰਹੀ ਹੈ ਪਰ ਪਿਛਲੇ ਵਰ੍ਹੇ ਨਾਲੋਂ ਇਸ ਵਿਚ ਸੁਧਾਰ ਹੋਇਆ ਹੈ। ਇਸ ਵਰ੍ਹੇ ਦੌਰਾਨ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦੇ ਮਾਮਲਿਆਂ ਵਿਚ ਵੀ ਕਮੀ ਆਈ ਹੈ, ਜਿਸ ਕਾਰਨ ਹਵਾ ਪ੍ਰਦੂਸ਼ਣ ਵਿਚ ਸੁਧਾਰ ਹੋਇਆ ਹੈ। ਪਿਛਲੇ ਵਰ੍ਹੇ ਸੂਬੇ ਵਿਚ ਫਸਲੀ ਰਹਿੰਦ-ਖੂੰਹਦ ਸਾੜਨ ਦੇ ਮਾਮਲੇ ਵਿਚ 37428 ਮਾਮਲੇ ਦਰਜ ਕੀਤੇ ਸਨ ਜਦੋਂਕਿ ਇਸ ਵਾਰ ਫਸਲੀ ਰਹਿੰਦ-ਖੂੰਹਦ ਸਾੜਨ ਵਿਚ ਆਈ ਕਮੀ ਕਾਰਨ 30,221 ਕੇਸ ਦਰਜ ਹੋਏ ਹਨ। ਇਸੇ ਤਰ੍ਹਾਂ ਸਨਅਤੀ ਪ੍ਰਦੂਸ਼ਣ ਉਤੇ ਵੀ ਸ਼ਿਕੰਜਾ ਕੱਸਿਆ ਗਿਆ ਹੈ, ਜਿਸ ਕਾਰਨ ਹਵਾ ਪ੍ਰਦੂਸ਼ਣ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚਲਾਈ ਗਈ ਜਾਗਰੂਕਤਾ ਮੁਹਿੰਮ ਅਤੇ ਵਰਤੀ ਗਈ ਸਖਤੀ ਦੋਵੇਂ ਮਦਦਗਾਰ ਸਾਬਤ ਹੋਏ ਹਨ।
ਕੌਮੀ ਗਰੀਨ ਟ੍ਰਿਬਿਊਨਲ ਵੱਲੋਂ ਇਸ ਮਾਮਲੇ ਵਿਚ ਸਰਕਾਰਾਂ ਖਿਲਾਫ਼ ਸਖਤ ਰਵੱਈਆ ਅਖਤਿਆਰ ਕੀਤਾ ਗਿਆ ਸੀ। ਜਿਸ ਦੇ ਸਿੱਟੇ ਵਜੋਂ ਸਰਕਾਰ ਵੱਲੋਂ ਇਕ ਪਾਸੇ ਜਾਗਰੂਕਤਾ ਮੁਹਿੰਮ ਅਤੇ ਦੂਜੇ ਪਾਸੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੁਹਿੰਮ ਵਿੱਢੀ ਗਈ ਸੀ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਇਸ ਸਬੰਧੀ ਕੌਮੀ ਗਰੀਨ ਟ੍ਰਿਬਿਊਨਲ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਪੰਜਾਬ ਵਿਚ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਕਾਰਨ ਪੈਦਾ ਹੁੰਦੇ ਧੂੰਏਂ ਨਾਲ ਦਿੱਲੀ ਵਿਚ ਧੂੰਏਂ ਦੇ ਸੰਘਣੇ ਬੱਦਲ ਬਣ ਜਾਂਦੇ ਹਨ, ਜੋ ਮਨੁੱਖੀ ਸਿਹਤ ਲਈ ਨੁਕਸਾਨਦੇਹ ਹਨ।
ਇਸ ਦੌਰਾਨ ਆਵਾਜ਼ ਪ੍ਰਦੂਸ਼ਣ ਦੀ ਸਥਿਤੀ ਵੀ ਬਿਹਤਰ ਰਹੀ ਹੈ। ਸਿਰਫ ਦੀਵਾਲੀ ਵਾਲੀ ਰਾਤ ਹੀ ਕੁਝ ਘੰਟਿਆਂ ਲਈ ਆਵਾਜ਼ ਪ੍ਰਦੂਸ਼ਣ ਵਿਚ ਵਾਧਾ ਦਰਜ ਕੀਤਾ ਗਿਆ ਸੀ। ਇਹ ਵਾਧਾ ਵਪਾਰਕ ਖੇਤਰ ਵਿਚ 67.5 ਡੀਬੀ, ਰਿਹਾਇਸ਼ੀ ਇਲਾਕੇ ਵਿਚ 63.1 ਅਤੇ ਸੰਵੇਦਨਸ਼ੀਲ ਇਲਾਕੇ ਵਿਚ ਇਹ 65 ਫੀਸਦੀ ਦਰਜ ਹੋਇਆ ਹੈ। ਬੋਰਡ ਅਧਿਕਾਰੀ ਮੁਤਾਬਕ ਇਹ ਵਾਧਾ ਸਿਰਫ ਦੀਵਾਲੀ ਮੌਕੇ ਪਟਾਕਿਆਂ ਦੇ ਚੱਲਣ ਕਾਰਨ ਹੋਇਆ ਹੈ ਜਦੋਂਕਿ ਆਮ ਦਿਨਾਂ ਵਿਚ ਆਵਾਜ਼ ਪ੍ਰਦੂਸ਼ਣ ਕਾਬੂ ਹੇਠ ਹੈ ਅਤੇ ਬਿਹਤਰ ਸਥਿਤੀ ਵਿਚ ਹੈ।
_____________________
ਦਿੱਲੀ-ਐਨ.ਸੀ.ਆਰ. ‘ਚ ਪ੍ਰਦੂਸ਼ਣ ਵਧਿਆ
ਨਵੀਂ ਦਿੱਲੀ: ਦੀਵਾਲੀ ਮਗਰੋਂ ਦਿੱਲੀ ਗੈਸ ਚੈਂਬਰ ਵਿਚ ਤਬਦੀਲ ਹੋ ਗਈ ਤੇ ਇਸ ਸਾਲ ਦਾ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ Ḕਗੰਭੀਰ ਤੇ ਐਮਰਜੈਂਸੀ’ ਵਾਲਾ ਹੋ ਗਿਆ ਹੈ। ਦਿੱਲੀ ਦਾ ਪ੍ਰਦੂਸ਼ਣ ਤੈਅ ਮਾਤਰਾ ਨਾਲੋਂ 11 ਗੁਣਾ ਵੱਧ ਸੀ। ਹਵਾ ਦੀ ਅਸ਼ੁੱਧਤਾ ਦਾ ਅੰਕੜਾ 642 ਹੋ ਗਿਆ ਜੋ Ḕਗੰਭੀਰ ਪਰ ਹੰਗਾਮੀ ਹਾਲਤ’ ਵਾਲਾ ਮੰਨਿਆ ਜਾਂਦਾ ਹੈ, ਇਹ ਵੱਡੀ ਪੱਧਰ ‘ਤੇ ਚਲਾਏ ਗਏ ਪਟਾਕਿਆਂ ਨਾਲ ਹੋਇਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੱਡੀ ਪੱਧਰ ‘ਤੇ ਪਟਾਕੇ ਚਲਾਏ ਗਏ।
______________________________
ਪਾਕਿਸਤਾਨੀ ਧੂੰਏਂ ਨੇ ਭਾਰਤੀ ਸਰਹੱਦ ਟੱਪੀ
ਬਠਿੰਡਾ: ਭਾਰਤ ਪਾਕਿਸਤਾਨ ਸਰਹੱਦ ਵੀ ਅਸਮਾਨੀਂ ਚੜ੍ਹੇ ਪਰਾਲੀ ਦੇ ਧੂੰਏਂ ਨੂੰ ਰੋਕ ਨਹੀਂ ਸਕੀ। ਕੌਮਾਂਤਰੀ ਸਰਹੱਦ ‘ਤੇ ਪੈਂਦੇ ਪਿੰਡਾਂ ਨੂੰ ਦਿਨ ਵੇਲੇ ਹੀ ਗੁਬਾਰ ਦੀ ਚਾਦਰ ਢਕ ਲੈਂਦੀ ਹੈ। ਬੇਸ਼ੱਕ ਪੂਰਾ ਪੰਜਾਬ ਗੁਬਾਰ ਦੀ ਲਪੇਟ ਵਿਚ ਹੈ। ਸਰਹੱਦੀ ਪਿੰਡਾਂ ‘ਤੇ ਧੂੰਏਂ ਦਾ ਹੱਲਾ ਦੋਹਰਾ ਹੈ। ਪਾਕਿਸਤਾਨੀ ਖੇਤਾਂ ‘ਚ ਵੀ ਦੋ ਹਫਤਿਆਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਜਿਸ ਦਾ ਧੂੰਆਂ ਭਾਰਤੀ ਸੀਮਾ ਅੰਦਰ ਪ੍ਰਵੇਸ਼ ਕਰ ਰਿਹਾ ਹੈ। ਇਧਰ ਸਰਹੱਦੀ ਖੇਤਾਂ ‘ਚ ਵੀ ਬਾਸਮਤੀ ਦੀ ਫਸਲ ਦੀ ਕਟਾਈ ਹੁਣੇ ਹੋਈ ਹੈ। ਸਰਹੱਦੀ ਪਿੰਡਾਂ ਵਿਚ ਵੀ ਪਰਾਲੀ ਸਾੜੀ ਜਾ ਰਹੀ ਹੈ। ਪਾਕਿ ਤਰਫੋਂ ਧੂੰਆਂ ਆਉਣ ਕਰਕੇ ਇਨ੍ਹਾਂ ਪਿੰਡਾਂ ‘ਚ ਸ਼ਾਮ ਨੂੰ ਸਾਢੇ ਚਾਰ ਵਜੇ ਹੀ ਲਾਈਟਾਂ ਜਗ ਪੈਂਦੀਆਂ ਹਨ। ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਿਹਤ ਨੂੰ ਹੁਣ ਦੁੱਗਣਾ ਖਤਰਾ ਬਣ ਗਿਆ ਹੈ। ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ।