ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿਚ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਦੀ ਬੁਲਾਈ ਗਈ ਵਿਸ਼ੇਸ਼ ਇਕੱਤਰਤਾ ‘ਚ ਜਿਥੇ ਹਾਜ਼ਰ ਸ਼ਖ਼ਸੀਅਤਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਅਵੱਗਿਆ ਬਦਲੇ ਸਿੱਖ ਜਗਤ ਤੋਂ ਮੁਆਫੀ ਮੰਗਣ ਦੀ ਮੰਗ ‘ਤੇ ਜ਼ੋਰ ਦਿੱਤਾ ਗਿਆ, ਉਥੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਚੰਡੀਗੜ੍ਹ ਵਿਖੇ ਚੱਲ ਰਹੇ Ḕਸਿੱਖ ਇਤਿਹਾਸਕ ਸਰੋਤ ਸੰਪਾਦਨਾ ਪ੍ਰਾਜੈਕਟ’ ਦੇ ਡਾਇਰੈਕਟਰ ਡਾ. ਕਿਰਪਾਲ ਸਿੰਘ, ਜੋ ਕਿ ਪੰਜਾਬ ਸਰਕਾਰ ਦੀ ਸਿਲੇਬਸ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਵੀ ਹਨ, ਨੂੰ ਪ੍ਰਾਜੈਕਟ ਦੇ ਡਾਇਰੈਕਟਰ ਦੇ ਅਹੁਦੇ ਤੋਂ ਫਾਰਗ ਕਰਨ ਦਾ ਐਲਾਨ ਕੀਤਾ ਗਿਆ।
ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਵੱਖ-ਵੱਖ ਸਿੱਖ ਸੰਸਥਾਵਾਂ ਦੀ ਬੁਲਾਈ ਗਈ ਇਕੱਤਰਤਾ ‘ਚ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਦਲਾਂ, ਸੰਤ ਸਮਾਜ, ਸਿੱਖ ਸੰਪਰਦਾਵਾਂ, ਗੁਰਮਤਿ ਟਕਸਾਲਾਂ ਦੇ ਨੁਮਾਇੰਦਿਆਂ ਤੇ ਸਿੱਖ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਇਕੱਤਰਤਾ ਦੌਰਾਨ ਸਾਹਮਣੇ ਆਏ ਵਿਚਾਰਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਆਪਣੇ ਸਿੱਖ ਇਤਿਹਾਸਕ ਸਰੋਤ ਸੰਪਾਦਨਾ ਪ੍ਰਾਜੈਕਟ ਦੇ ਡਾਇਰੈਕਟਰ ਡਾ. ਕਿਰਪਾਲ ਸਿੰਘ ਨੂੰ ਪ੍ਰਾਜੈਕਟ ਦੇ ਕਾਰਜਾਂ ਤੋਂ ਲਾਂਭੇ ਕਰਨ ਦਾ ਐਲਾਨ ਕੀਤਾ ਗਿਆ। ਲੌਂਗੋਵਾਲ ਨੇ ਆਖਿਆ ਕਿ ਗੁਰ ਇਤਿਹਾਸ ਬਾਰੇ ਗਲਤ ਤੱਥ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਗਲਤੀ ਸਵੀਕਾਰਨ ਦੀ ਬਜਾਏ ਸਿਲੇਬਸ ਪੁਸਤਕ ‘ਚ ਸ਼ਾਮਲ ਗਲਤ ਤੱਥਾਂ ਨੂੰ ਸਹੀ ਠਹਿਰਾਉਣ ਦਾ ਯਤਨ ਕੀਤਾ ਸੀ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਇਤਿਹਾਸ ਦੀ ਕਿਸੇ ਪੁਸਤਕ ‘ਚ ਰਹਿ ਗਈ ਉਕਾਈ ਲਈ ਵੀ ਸਿੱਖ ਸੰਗਤਾਂ ਤੋਂ ਮੁਆਫੀ ਮੰਗੀ। ਇਕੱਤਰਤਾ ਦੌਰਾਨ ਪਾਸ ਮਤੇ ਰਾਹੀਂ ਭਾਈ ਲੌਂਗੋਵਾਲ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਇਤਿਹਾਸ ਵਿਗਾੜਨ ਲਈ ਪੰਜਾਬ ਦੀ ਮੌਜੂਦ ਕਾਂਗਰਸ ਸਰਕਾਰ ਦੋਸ਼ੀ ਹੈ ਤੇ ਮੁੱਖ ਮੰਤਰੀ ਨੂੰ ਇਸ ਦੀ ਜ਼ਿੰਮੇਵਾਰੀ ਕਬੂਲਦਿਆਂ ਸਿੱਖ ਜਗਤ ਤੋਂ ਮੁਆਫੀ ਮੰਗ ਕੇ ਇਸ ਮੰਦਭਾਗੀ ਸਾਜਿਸ਼ ‘ਚ ਸ਼ਾਮਲ ਅਖੌਤੀ ਵਿਦਵਾਨਾਂ ਤੇ ਲੇਖਕਾਂ ਵਿਰੁੱਧ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਮਤੇ ਦੀ ਪ੍ਰੋੜ੍ਹਤਾ ਕਰਦਿਆਂ ਸੰਤ ਸਮਾਜ ਦੇ ਪ੍ਰਧਾਨ ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਨਾਲ ਖੜ੍ਹਨ ਦੀ ਵਚਨਬੱਧਤਾ ਦੁਹਰਾਈ ਤੇ ਸਮੁੱਚੇ ਸਿੱਖ ਜਗਤ ਨੂੰ ਵੀ ਇਸ ਮਾਮਲੇ ‘ਚ ਅੱਗੇ ਆਉਣ ਦੀ ਅਪੀਲ ਕੀਤੀ। ਲੌਂਗੋਵਾਲ ਨੇ ਕਿਹਾ ਕਿ ਇਕੱਤਰਤਾ ਦੌਰਾਨ ਸਾਰੇ ਬੁਲਾਰਿਆਂ ਨੇ ਇਕ ਰਾਇ ਹੋ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਗੁਰ ਇਤਿਹਾਸ ਵਿਗਾੜਨ ਦੀ ਅਵੱਗਿਆ ਬਦਲੇ ਸਿੱਖ ਜਗਤ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਕੱਤਰਤਾ ਦੌਰਾਨ ਆਏ ਵਿਚਾਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਗਾਮੀ ਜਨਰਲ ਹਾਊਸ ਵਿਚ ਵਿਚਾਰਿਆ ਜਾਵੇਗਾ ਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਮੁਆਫੀ ਨਾ ਮੰਗੀ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
_________________________
ਸ਼੍ਰੋਮਣੀ ਕਮੇਟੀ ਦਾ ਇਕਤਰਫਾ ਫੈਸਲਾ: ਡਾ. ਕਿਰਪਾਲ ਸਿੰਘ
ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਫੈਸਲੇ ਸਬੰਧੀ ਪ੍ਰਸਿੱਧ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਇਹ ਫੈਸਲਾ ਬਿਲਕੁਲ ਰਾਜਨੀਤਕ ਹੈ। ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ Ḕਗੁਰਪ੍ਰਤਾਪ ਸੂਰਜ ਗ੍ਰੰਥ’ ਦੀਆਂ 22 ਜਿਲਦਾਂ ਤਿਆਰ ਕਰ ਚੁੱਕੇ ਹਨ ਤੇ ਦੋ ਜਿਲਦਾਂ ਪ੍ਰੈੱਸ ਵਿਚ ਹਨ। ਉਨ੍ਹਾਂ ਨੇ ਸਾਰਾ ਜੀਵਨ ਸਿੱਖੀ ਇਤਿਹਾਸ ‘ਤੇ ਹੀ ਕੰਮ ਕੀਤਾ ਹੈ ਪਰ ਇਹ ਫੈਸਲਾ ਸੁਣਨ ਉਪਰੰਤ ਉਨ੍ਹਾਂ ਦੇ ਮਨ ਨੂੰ ਜ਼ਰੂਰ ਠੇਸ ਪੁੱਜੀ ਹੈ ਕਿਉਂ ਜੋ ਉਨ੍ਹਾਂ ਦੇ ਪੱਖ ਨੂੰ ਸੁਣਿਆ ਤੱਕ ਨਹੀਂ ਗਿਆ। ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੱਖ ਨੂੰ ਸੁਣੇ ਬਿਨਾਂ ਉਨ੍ਹਾਂ ਤੋਂ ਇਹ ਪ੍ਰਾਜੈਕਟ ਵਾਪਸ ਲੈਣਾ ਸ਼੍ਰੋਮਣੀ ਕਮੇਟੀ ਦਾ ਇਕ ਤਰਫਾ ਫੈਸਲਾ ਹੈ।
_____________________________
ਮੁੱਖ ਮੰਤਰੀ ਵੱਲੋਂ ਡਾ. ਕਿਰਪਾਲ ਸਿੰਘ ਨੂੰ ਹਟਾਉਣ ਦੀ ਆਲੋਚਨਾ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਗਲਤੀਆਂ ਦੇ ਵਿਵਾਦ ਦੇ ਅੱਧ ਵਿਚਾਲੇ ਹੀ ਸਿੱਖ ਵਿਦਵਾਨ ਅਤੇ ਉਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਸਿੱਖ ਹਿਸਟਰੀ ਰਿਸੋਰਸ ਐਡੀਟਿੰਗ ਪ੍ਰਾਜੈਕਟ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਲਈ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਫੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਸਪਸ਼ਟ ਤੌਰ ‘ਤੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਅਕਾਲੀ ਆਕਾਵਾਂ ਦੀ ਤਰਫੋਂ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਸ ਫੈਸਲੇ ਦੇ ਸਮੇਂ ‘ਤੇ ਵੀ ਉਂਗਲ ਧਰੀ ਹੈ ਤੇ ਕਿਹਾ ਕਿ ਇਹ ਫੈਸਲਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ ਜੋ ਸ਼੍ਰੋਮਣੀ ਕਮੇਟੀ ਉਤੇ ਨਿਯੰਤਰਣ ਕਰਦੇ ਅਕਾਲੀਆਂ ਵੱਲੋਂ ਲਿਆ ਗਿਆ ਹੈ।