ਬੇਅਦਬੀ ਦੀਆਂ ਘਟਨਾਵਾਂ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਜੂਨ ਵਿਚ ਸ਼ੁਰੂ ਹੋਏ ਬਰਗਾੜੀ ਇਨਸਾਫ ਮੋਰਚੇ ਨੇ ਪੰਜਾਬ ਦੀ ਸਿਆਸਤ ਵਿਚ ਤਾਜ਼ੀ ਹਵਾ ਦਾ ਬੁੱਲਾ ਲਿਆਂਦਾ ਹੈ। ਕੁਝ ਵਿਸ਼ਲੇਸ਼ਕਾਂ ਨੇ ਇਸ ਨੂੰ ਪੰਜਾਬ ਵਿਚ ਤੀਜੇ ਸਿਆਸੀ ਮੋਰਚੇ ਨਾਲ ਜੋੜ ਕੇ ਵੀ ਦੇਖਿਆ ਹੈ। ਇਸੇ ਪ੍ਰਸੰਗ ਵਿਚ ਆਕਸਫੋਰਡ ਯੂਨੀਵਰਸਿਟੀ ਦੇ ਖੋਜਾਰਥੀ ਅਤੇ ਸਿੱਖ ਵਿਦਵਾਨ ਪ੍ਰਭਸ਼ਰਨਦੀਪ ਸਿੰਘ ਨੇ ਦੋ ਲੇਖ ਲਿਖੇ ਜਿਨ੍ਹਾਂ ਵਿਚ ਬਰਗਾੜੀ ਮੋਰਚੇ ਅਤੇ ਅੰਮ੍ਰਿਤਸਰ ਵਿਚ ਹੋਈ ਪੰਥਕ ਅਸੈਂਬਲੀ ਨੂੰ ਕੇਂਦਰ ਵਿਚ ਰੱਖ ਕੇ ਉਨ੍ਹਾਂ ਸਿੱਖ ਸਿਆਸਤ ਬਾਰੇ ਗੱਲਾਂ ਸਾਂਝੀਆਂ ਕੀਤੀਆਂ।
ਇਹ ਦੋਵੇਂ ਲੇਖ ਪਾਠਕ ਪਿਛਲੇ ਅੰਕਾਂ (43 ਅਤੇ 44) ਵਿਚ ਪੜ੍ਹ ਚੁਕੇ ਹਨ। ਹੁਣ ਉਨ੍ਹਾਂ ਤੀਜਾ ਲੇਖ ਭੇਜਿਆ ਹੈ, ਜੋ ਨਿਰੋਲ ਸਿੱਖ ਵਿਦਵਾਨਾਂ, ਖਾਸ ਕਰਕੇ ਪਿਛਲੇ ਕੁਝ ਸਮੇਂ ਦੌਰਾਨ ਸਿੱਖ ਚਿੰਤਨ ਵਜੋਂ ਉਭਰੇ ਸਾਬਕਾ ਨਕਸਲੀ ਆਗੂ ਅਜਮੇਰ ਸਿੰਘ ਦੀ ਸਿੱਖ ਸਿਆਸਤ ਬਾਰੇ ਪਹੁੰਚ ਨਾਲ ਸਬੰਧਤ ਹੈ। ਇਸ ਲੇਖ ਬਾਰੇ ਸੀਨੀਅਰ ਪੱਤਰਕਾਰ ਅਤੇ ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ ਦੇ ਸਾਬਕਾ ਅਸਿਸਟੈਂਟ ਐਡੀਟਰ ਤੇ ਸਿੱਖ ਵਿਦਵਾਨ ਕਰਮਜੀਤ ਸਿੰਘ ਨੇ ਵੀ ਵਿਚਾਰ ਲਿਖ ਭੇਜੇ ਹਨ। ਇਹ ਲੇਖ ਅਸੀਂ ਪਾਠਕਾਂ ਦੀ ਕਚਹਿਰੀ ਵਿਚ ਰੱਖ ਰਹੇ ਹਾਂ ਤਾਂ ਕਿ ਸਿੱਖ ਸਿਆਸਤ ਦੇ ਮੌਜੂਦਾ ਮਾਹੌਲ ਨੂੰ ਸਮਝਿਆ-ਸਮਝਾਇਆ ਜਾ ਸਕੇ। ਇਸ ਬਾਰੇ ਆਏ ਹਰ ਸੰਜੀਦਾ ਵਿਚਾਰ ਨੂੰ ਪਰਚੇ ਵਿਚ ਬਣਦੀ ਥਾਂ ਦਿੱਤੀ ਜਾਵੇਗੀ ਪਰ ਬੇਨਤੀ ਇਕ ਹੀ ਹੈ ਕਿ ਬਹਿਸ ਨਿੱਜੀ ਦੂਸ਼ਣਬਾਜ਼ੀ ਦੀ ਥਾਂ ਮਸਲਿਆਂ ਉਤੇ ਹੀ ਕੇਂਦਰਿਤ ਰੱਖੀ ਜਾਵੇ। -ਸੰਪਾਦਕ
ਪ੍ਰਭਸ਼ਰਨਦੀਪ ਸਿੰਘ
ਪਿਛਲੇ ਦਿਨੀਂ ਅਜਮੇਰ ਸਿੰਘ ਬਾਰੇ ਮੇਰੀਆਂ ਟਿੱਪਣੀਆਂ ਤੋਂ ਬਾਅਦ ਕਾਫੀ ਵਾਵੇਲਾ ਖੜ੍ਹਾ ਹੋਇਆ। ਅਫਸੋਸ ਦੀ ਗੱਲ ਹੈ ਕਿ ਅਜਮੇਰ ਸਿੰਘ ਦੀ ਹਮਾਇਤ ਵਿਚ ਉਠੇ ਇਸ ਤੂਫਾਨ ਨੇ ਕਿਸੇ ਸੰਜ਼ੀਦਾ ਚਰਚਾ ਦਾ ਰੂਪ ਨਹੀਂ ਲਿਆ। ਅਜਮੇਰ ਸਿੰਘ ਦੇ ਹਮਾਇਤੀਆਂ ਨੇ ਮੇਰੇ ਲੇਖਾਂ ਵਿਚਲੇ ਮੁੱਦੇ ਅਣਗੌਲੇ ਕਰ ਦਿੱਤੇ। ਉਹ ਨਿੱਜੀ ਹਮਲਿਆਂ ‘ਤੇ ਉਤਰ ਆਏ। ਅਜਮੇਰ ਸਿੰਘ ਨੂੰ ਚਾਹੀਦਾ ਸੀ, ਆਪਣੀ ਸਥਿਤੀ ਖੁਦ ਸਪੱਸ਼ਟ ਕਰਦਾ। ਪਰ ਅਜਮੇਰ ਸਿੰਘ ਚੁੱਪ ਹੈ। ਚੁੱਪ ਉਹਨੂੰ ਰਾਸ ਜ਼ਰੂਰ ਆਉਂਦੀ ਹੈ, ਪਰ ਇਹ ਕੋਈ ਇਮਾਨਦਾਰੀ ਵਾਲਾ ਰਵੱਈਆ ਨਹੀਂ। ਗੱਲ ਅਜਮੇਰ ਸਿੰਘ ਦੀ ਸਿਆਸੀ ਪਹੁੰਚ ਤੇ ਉਸ ਦੇ ਸੰਭਾਵੀ ਸਿੱਟਿਆਂ ਬਾਰੇ ਸ਼ੁਰੂ ਹੋਈ ਸੀ। ਹਥਲੇ ਲੇਖ ਵਿਚ ਅਸੀਂ ਅਜਮੇਰ ਸਿੰਘ ਦੀ ਪੰਥਕ ਸਿਆਸਤ ਵਿਚ ਭੂਮਿਕਾ ਬਾਰੇ ਕੁਝ ਸੁਆਲ ਅਤੇ ਸਰੋਕਾਰ ਪਾਠਕਾਂ ਨਾਲ ਸਾਂਝੇ ਕਰਾਂਗੇ ਤੇ ਆਸ ਕਰਾਂਗੇ ਕਿ ਇਸ ਵਿਚੋਂ ਕੋਈ ਸੰਜ਼ੀਦਾ ਸੰਵਾਦ ਨਿੱਕਲੇਗਾ।
ਅਜਮੇਰ ਸਿੰਘ ਪੰਜਾਬੀ ਦਾ ਬਹੁਤ ਮਕਬੂਲ ਵਾਰਤਕ ਲਿਖਾਰੀ ਹੈ, ਜੋ ਆਪਣੇ ਗਿਆਨ ਅਤੇ ਸਿਆਸੀ ਤਜ਼ਰਬੇ ਦੇ ਦਾਅਵੇ ਕਰਕੇ ਇੱਕ ਸਿਆਸੀ ਮਾਹਿਰ ਵਾਲਾ ਰੁਤਬਾ ਬਣਾਈ ਬੈਠਾ ਹੈ। ਉਹ ਕੁਝ ਸਿੱਖ ਆਗੂਆਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਿੱਖਾਂ ਦੀ ਸਿਆਸੀ ਦਿਸ਼ਾ ਪਲਟਣ ਦੇ ਸਮਰੱਥ ਹੈ। ਅਜਿਹੀ ਸਮਰੱਥਾ ਰੱਖਣ ਵਾਲੇ ਕਿਸੇ ਵੀ ਆਗੂ ਜਾਂ ਵਿਦਵਾਨ ਬਾਰੇ ਸੁਆਲ ਉਠਾਉਣੇ ਉਸ ਸਿਆਸੀ ਲਹਿਰ ਨਾਲ ਸਰੋਕਾਰ ਰੱਖਣ ਵਾਲੇ ਹਰ ਸ਼ਖਸ ਦਾ ਬੁਨਿਆਦੀ ਜਮਹੂਰੀ ਹੱਕ ਹੈ। ਪਰ ਅਜਮੇਰ ਸਿੰਘ ਦੇ ਸਮਰਥਕ ਇਹ ਗੱਲ ਸਮਝਣ ਲਈ ਰਾਜ਼ੀ ਨਹੀਂ ਕਿ ਇਉਂ ਸੁਆਲਾਂ ਜਾਂ ਆਲੋਚਨਾ ‘ਤੇ ਰੋਕ ਲਾਉਣੀ ਤਾਨਾਸ਼ਾਹੀ ਰਵੱਈਆ ਹੈ, ਜਿਸ ਨਾਲ ਲਹਿਰ ਕੁਝ ਕੁ ਬੰਦਿਆਂ ‘ਤੇ ਨਿਰਭਰ ਹੋ ਕੇ ਰਹਿ ਜਾਂਦੀ ਹੈ। ਇਸ ਤਰ੍ਹਾਂ ਕੁਝ ਕੁ ਕਥਿਤ ਖਾਸ ਬੰਦੇ ਆਪਣੀ ਸਮਝ ਜਾਂ ਇਮਾਨਦਾਰੀ ਦੀ ਘਾਟ ਸਦਕਾ ਸਾਰੀ ਦੀ ਸਾਰੀ ਲਹਿਰ ਨੂੰ ਬਰਬਾਦੀ ਦੇ ਮੂੰਹ ਧੱਕ ਸਕਦੇ ਹਨ। ਸਿੱਖਾਂ ਨਾਲ ਅਜਿਹਾ ਬਹੁਤ ਵਾਰੀ ਹੋਇਆ ਹੈ, ਹਰ ਵਾਰ ਕੋਈ ਨਵਾਂ ਬੰਦਾ ਇਉਂ ਹੀ ਸਿੱਖਾਂ ਨਾਲ ਖਿਲਵਾੜ ਕਰ ਜਾਂਦਾ ਹੈ।
ਅਜਮੇਰ ਸਿੰਘ ਆਪਣੇ ਕੰਮਾਂ ਜਾਂ ਸਲਾਹਾਂ ਲਈ ਜੁਆਬਦੇਹ ਨਹੀਂ ਹੋਣਾ ਚਾਹੁੰਦਾ, ਪਰ ਨਕਸਲੀ ਲਹਿਰ ਤੋਂ ਲੈ ਕੇ ਅੱਜ ਤੱਕ ਵੇਖ ਲਵੋ, ਜਿਹੜੀ ਵੀ ਜਥੇਬੰਦੀ ਅਜਮੇਰ ਸਿੰਘ ਦੀ ਸਲਾਹ ‘ਤੇ ਚੱਲੀ ਹੈ, ਉਹ ਹਮੇਸ਼ਾ ਬੁਰੀ ਤਰ੍ਹਾਂ ਅਸਫਲ ਹੋਈ ਹੈ। ਅਜਮੇਰ ਸਿੰਘ ਨੂੰ ਪੰਥਕ ਸੰਘਰਸ਼ ਅੰਦਰ ਹਾਸਲ ਹੋਏ ਪ੍ਰਭਾਵ ਦਾ ਸਿੱਟਾ ਇਹ ਨਿਕਲਿਆ ਕਿ ਖਾਲਿਸਤਾਨੀ ਧਿਰਾਂ ਦੇ ਬਹੁਤ ਵੱਡੇ ਕੌਮਾਂਤਰੀ ਜਥੇਬੰਦਕ ਢਾਂਚੇ ਅਤੇ ਲੋੜੀਂਦੇ ਸਰੋਤ ਹੋਣ ਦੇ ਬਾਵਜੂਦ ਵੀ ਇੱਕ ਤੋਂ ਬਾਅਦ ਇੱਕ ਜਥੇਬੰਦੀ ਅਸਫਲ ਹੁੰਦੀ ਗਈ। ਆਖਰ ਇਹ ਕਿਸ ਕਿਸਮ ਦੀ ਵਿਦਵਤਾ ਸੀ? ਇਸ ਮੁੱਦੇ ‘ਤੇ ਵਿਚਾਰ ਕਰਨੀ ਗੁਨਾਹ ਕਿਉਂ ਹੈ? ਇਸ ਦੇ ਉਲਟ ਪ੍ਰੋ. ਪੂਰਨ ਸਿੰਘ, ਜਿਨ੍ਹਾਂ ਦੇ ਵਿਦਵਾਨ ਹੋਣ ਬਾਰੇ ਕਿਸੇ ਨੂੰ ਵੀ ਭੁਲੇਖਾ ਨਹੀਂ, 1928 ਵਿਚ ਹੀ ਪੇਸ਼ੀਨਗੋਈ ਕਰ ਗਏ ਸਨ ਕਿ ਜੇ ਸਿੱਖਾਂ ਨੂੰ ਹਿੰਦੂ ਬਹੁਗਿਣਤੀ ਵਾਲੇ ਆਜ਼ਾਦ ਭਾਰਤ ਵਿਚ ਰਹਿਣਾ ਪਿਆ ਤਾਂ ਸਿੱਖਾਂ ਦੀ ਬਹੁਤ ਬੁਰੀ ਦੁਰਦਸ਼ਾ ਹੋਵੇਗੀ, ਪਰ ਜਿਸ ਸ਼ਖਸ ਨੂੰ ਭਗਵੰਤ ਮਾਨ ਵਰਗੇ ਮਸਖਰੇ ਵਿਚੋਂ ਪੰਜਾਬ ਦੀ ਮੁਕਤੀ ਦਾ ਨਾਇਕ ਦਿਸਣ ਲੱਗ ਪਵੇ, ਉਸ ਤੋਂ ਸੁਹਿਰਦਤਾ ਅਤੇ ਸਿਆਣਪ ਦੀ ਆਸ ਰੱਖਣ ਦੀ ਕੀ ਤੁਕ ਬਣਦੀ ਹੈ?
ਕਿਸੇ ਵਿਦਵਾਨ ਦੀ ਆਲੋਚਨਾ ਗੁਨਾਹ ਨੂੰ ਗੁਨਾਹ ਕਰਾਰ ਦੇਣ ਵਾਲੇ ਅਜਮੇਰ ਸਿੰਘ ਦੇ ਸਮਰਥਕ ਸ਼ਾਇਦ ਇਸ ਗੱਲ ਤੋਂ ਜਾਣੂੰ ਨਹੀਂ ਕਿ ਅਜਮੇਰ ਸਿੰਘ ਨੇ ਆਪਣੀਆਂ ਲਿਖਤਾਂ ਵਿਚ ਪ੍ਰੋ. ਪੂਰਨ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਵਰਗੇ ਪੰਥ ਦੇ ਸਥਾਪਤ ਅਤੇ ਸਤਿਕਾਰਤ ਵਿਦਵਾਨਾਂ ‘ਤੇ ਬਹੁਤ ਗੰਭੀਰ ਹਮਲੇ ਕੀਤੇ ਹਨ। ਅਜਮੇਰ ਸਿੰਘ ਨੇ ਉਪਰੋਕਤ ਦੋਹਾਂ ਵਿਦਵਾਨਾਂ ਨੂੰ ਰਾਜਨੀਤਕ ਸਥਿਤੀਆਂ ਦੇ ਦਬਾਅ ਹੇਠ ਸਿੱਖੀ ਦੇ ਮੂਲ ਨੂੰ ਹਿੰਦੂ ਸੱਭਿਅਤਾ ਨਾਲ ਜੋੜਦੇ ਵਿਖਾਇਆ ਹੈ। ਆਪਣੀਆਂ ਟਿੱਪਣੀਆਂ ਤੋਂ ਬਾਅਦ ਅਜਮੇਰ ਸਿੰਘ ਨੇ ਇਨ੍ਹਾਂ ਵਿਦਵਾਨਾਂ ਦੀਆਂ ਲਿਖਤਾਂ ਵਿਚੋਂ ਹਵਾਲੇ ਪੇਸ਼ ਕੀਤੇ ਹਨ। ਹੇਠਾਂ ਅਜਮੇਰ ਸਿੰਘ ਦੀ ਟਿੱਪਣੀ ‘ਚੋਂ ਕੁਝ ਹਿੱਸਾ ਸਾਂਝਾ ਕਰਦੇ ਹਾਂ:
“ਵੀਹਵੀਂ ਸਦੀ ਅੰਦਰ ਸਮਕਾਲੀ ਰਾਜਨੀਤਕ ਸਥਿਤੀ ਦੇ ਪ੍ਰਭਾਵ ਅਤੇ ਦਬਾਅ ਹੇਠ, ਸਿੱਖ ਧਰਮ ਦੀ ਹਿੰਦੂ ਧਰਮ ਨਾਲ ਨੇੜਤਾ ਅਤੇ ਸਮਾਨਤਾ ਦਰਸਾਉਣ ਅਤੇ ਇਸ ਦੇ ਮੂਲ ਨੂੰ ਭਾਰਤ ਦੀ ਹਿੰਦੂ ਸੱਭਿਅਤਾ ਨਾਲ ਜੋੜਨ ਦਾ ਸਿਧਾਂਤਕ ਕੁਰਾਹਾ ਵੇਗ ਫੜ ਗਿਆ।” (ਕਿਸ ਬਿਧ ਰੁਲੀ ਪਾਤਸ਼ਾਹੀ, ਪੰਨਾ 224-25)
ਅਜਮੇਰ ਸਿੰਘ ਪ੍ਰੋ. ਪੂਰਨ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਨੂੰ ਸਮੁੱਚਤਾ ਵਿਚ ਵੇਖਣ ਦੀ ਬਜਾਏ ਆਪਣੀ ਮਰਜ਼ੀ ਦੇ ਹਵਾਲੇ ਕੱਢ ਉਨ੍ਹਾਂ ਦੀ ਥਾਂ ਨਿਸਚਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਪਰੋਕਤ ਦੋਵੇਂ ਵਿਦਵਾਨ ਵੱਡੇ ਫਿਲਾਸਫਰ ਸਨ, ਜਿਨ੍ਹਾਂ ਬਾਰੇ ਕਿਸੇ ਇੱਕ ਅੱਧੇ ਹਵਾਲੇ ਨਾਲ ਸੰਤੁਲਿਤ ਰਾਇ ਨਹੀਂ ਬਣਾਈ ਜਾ ਸਕਦੀ। ਡਾ. ਗੁਰਭਗਤ ਸਿੰਘ ਵਰਗੇ ਪ੍ਰਬੀਨ ਵਿਦਵਾਨ, ਜਿਨ੍ਹਾਂ ਨੇ ਉਕਤ ਦੋਹਾਂ ਬਾਰੇ ਲਿਖਿਆ ਹੈ, ਉਪਰੋਕਤ ਪੱਖ ਨੂੰ ਕੋਈ ਵੱਡੀ ਅਹਿਮੀਅਤ ਨਹੀਂ ਦਿੰਦੇ। ਇਸ ਦੀ ਵਜ੍ਹਾ ਹੈ ਕਿ ਅਜਮੇਰ ਸਿੰਘ ਵੱਲੋਂ ਕੱਢੇ ਹਵਾਲੇ ਉਕਤ ਦੋਹਾਂ ਵਿਦਵਾਨਾਂ ਦੀਆਂ ਲਿਖਤਾਂ ਵਿਚ ਮੌਜੂਦ ਜ਼ਰੂਰ ਹਨ, ਪਰ ਉਨ੍ਹਾਂ ਦੋਹਾਂ ਦੀ ਅਦੁੱਤੀ ਬੌਧਿਕ ਦੇਣ ਅਤੇ ਹਿੰਦੂਵਾਦ ਪ੍ਰਤੀ ਸਪੱਸ਼ਟਤਾ ਅਜਿਹੇ ਵਿਚਾਰਾਂ ਦੀ ਮੌਜੂਦਗੀ ਦੇ ਬਾਵਜੂਦ ਫਿੱਕੀ ਨਹੀਂ ਪੈਂਦੀ। ਮਿਸਾਲ ਵਜੋਂ ਉਨ੍ਹਾਂ ਦੀਆਂ ਲਿਖਤਾਂ ਵਿਚ ਅਨੇਕ ਹਵਾਲੇ ਹੋਰ ਵੀ ਹਨ ਜਿਨ੍ਹਾਂ ਵਿਚ ਉਨ੍ਹਾਂ ਨੇ ਹਿੰਦੂਵਾਦ ਦੇ ਖੁਣਸੀ ਅਤੇ ਭਿਆਨਕ ਰੂਪ ਨੂੰ ਚੰਗੀ ਤਰ੍ਹਾਂ ਉਜਾਗਰ ਕੀਤਾ ਹੈ। ਕੋਈ ਆਲੋਚਕ ਇਹ ਕਹਿ ਸਕਦਾ ਹੈ ਕਿ ਪ੍ਰੋ. ਪੂਰਨ ਸਿੰਘ ਦੀਆਂ ਲਿਖਤਾਂ ਵਿਚ ਬਹੁਤ ਸਾਰੀਆਂ ਵਿਰੋਧਤਾਈਆਂ ਹਨ, ਪਰ ਸਮਝਣ ਵਾਲੀ ਗੱਲ ਹੈ ਕਿ ਪ੍ਰੋ. ਪੂਰਨ ਸਿੰਘ ਆਪਣੀਆਂ ਵਿਰੋਧਤਾਈਆਂ ਨੂੰ ਕਿਸੇ ਕਿਸਮ ਦਾ ਔਗੁਣ ਨਹੀਂ ਸਮਝਦੇ, ਸਗੋਂ ਇਨ੍ਹਾਂ ਨੂੰ ਇੱਕ ਸਿਫਤ ਵਜੋਂ ਬਿਆਨ ਕਰਦੇ ਹਨ। ਪ੍ਰੋ. ਪੂਰਨ ਸਿੰਘ ਅਜਿਹੀ ਅਵਸਥਾ ਦੇ ਮਾਲਕ ਸਨ ਕਿ ਉਨ੍ਹਾਂ ਦੇ ਕਿਸੇ ਵਿਚਾਰ ਨਾਲ ਮੱਤਭੇਦ ਹੋ ਸਕਦੇ ਹਨ ਪਰ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹ ਕਦੇ ਵੀ ਕਿਸੇ Ḕਰਾਜਨੀਤਕ ਸਥਿਤੀ ਦੇ ਪ੍ਰਭਾਵ ਅਤੇ ਦਬਾਅ ਹੇਠḔ ਵਿਚਰੇ ਹੋਣ। ਪੂਰਨ ਸਿੰਘ ਬਾਰੇ ਅਜਮੇਰ ਸਿੰਘ ਦੀ ਇਸ ਟਿੱਪਣੀ ਦਾ ਅਰਥ ਹੈ ਕਿ ਉਸ ਨੂੰ ਮਹਾਨ ਕਵੀ ਦੀਆਂ ਲਿਖਤਾਂ ਜਾਂ ਸ਼ਖਸੀਅਤ ਦੀ ਉਕਾ ਹੀ ਕੋਈ ਸਾਰ ਨਹੀਂ। ਜੇ ਅਜਮੇਰ ਸਿੰਘ ਨੇ ਪ੍ਰੋ. ਪੂਰਨ ਸਿੰਘ ਦੀਆਂ ਲਿਖਤਾਂ ਦਾ ਦੀਰਘ ਅਧਿਐਨ ਕੀਤਾ ਹੁੰਦਾ ਤਾਂ ਉਸ ਨੇ ਅਜਿਹੀ ਬੇਹੂਦਗੀ ‘ਤੇ ਉਤਾਰੂ ਨਹੀਂ ਸੀ ਹੋਣਾ। ਮਿਸਾਲ ਵਜੋਂ, ਹਿੰਦੂਵਾਦ ਬਾਰੇ ਪ੍ਰੋ. ਪੂਰਨ ਸਿੰਘ ਲਿਖਦੇ ਹਨ:
When Sikhism came to the Punjab, Brahminism interpreted it as its off-spring with a view to holding it in its tentacles. And merely because Nanak’s mother-tongue was Punjabi, and his theological language of the Hindus, the Guru’s wholly original outlook on life was not understood. (Spirit of the Sikh, Part 2, Volume 2, p. 213)
In seeming the Hindu is most intolerant when his pet ideas are actually interfered with as in the case of Buddhism, and he finds his very being endangered by better ones. He acknowledges truth only if no one disturbs him. He does not concede the right of Brahmanism to any other. The low castes are always low, even if they think and act superior to the Brahmin. Hinduism was once intolerant to Buddhism; it is now intolerant to Sikhism because it threatens to change Hinduism vitally. (Spirit of the Sikh, Part 2, Volume 2, pp. 43-44)
ਪ੍ਰੋ. ਪੂਰਨ ਸਿੰਘ ਮੁਤਾਬਕ ਹਿੰਦੂ ਗੁਰੂ ਨਾਨਕ ਸਾਹਿਬ ਦਾ ਜ਼ਿੰਦਗੀ ਪ੍ਰਤੀ ਪੂਰੀ ਤਰ੍ਹਾਂ ਮੌਲਿਕ ਨਜ਼ਰੀਆ ਸਮਝ ਨਾ ਸਕੇ। ਪ੍ਰੋ. ਪੂਰਨ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਅਜਿਹੇ ਬੇਸ਼ੁਮਾਰ ਹਵਾਲਿਆਂ ਨਾਲ ਭਰੀਆਂ ਪਈਆਂ ਹਨ। ਪਰ ਆਪਣੇ ਨਿਗੂਣੇਪਣ ਤੋਂ ਬੇਖਬਰ ਅਜਮੇਰ ਸਿੰਘ ਇਨ੍ਹਾਂ ਸ਼ਤੀਰਾਂ ਵਰਗੇ ਵਿਦਵਾਨਾਂ ਨੂੰ ਜੱਫੇ ਪਾ ਕੇ ਸਿੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਚਲੋ, ਪ੍ਰੋ. ਪੂਰਨ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਦੀ ਸਿੱਖੀ ਬਾਰੇ ਪਹੁੰਚ ਇੱਕ ਵੱਖਰਾ ਮਸਲਾ ਹੈ ਜਿਸ ‘ਤੇ ਵਿਚਾਰ ਹੋ ਸਕਦੀ ਹੈ। ਹਥਲੀ ਬਹਿਸ ਦੇ ਸੰਦਰਭ ਵਿਚ ਇਸ ਦਾ ਭਾਵ ਹੈ ਕਿ ਅਜਮੇਰ ਸਿੰਘ ਨੂੰ ਹੋਰ ਵਿਦਵਾਨਾਂ ‘ਤੇ ਸਖਤ ਆਲੋਚਨਾਤਮਕ ਟਿੱਪਣੀਆਂ ਕਰਨਾ ਕੋਈ ਮਾੜੀ ਗੱਲ ਨਹੀਂ ਲਗਦੀ। ਪਰ ਸੁਆਲ ਹੈ ਕਿ ਜੇ ਅਜਮੇਰ ਸਿੰਘ ਪੰਥ ਦੇ ਸਭ ਤੋਂ ਸਤਿਕਾਰਤ ਵਿਦਵਾਨਾਂ ਬਾਰੇ ਜੋ ਮਰਜ਼ੀ ਬੋਲ ਸਕਦਾ ਹੈ, ਤਾਂ ਅਜਮੇਰ ਸਿੰਘ ਵਰਗੇ ਪੱਤਰਕਾਰ ਬਾਰੇ ਕੋਈ ਕੁਛ ਵੀ ਕਿਉਂ ਨਹੀਂ ਕਹਿ ਸਕਦਾ?
ਅਜਮੇਰ ਸਿੰਘ ਦਾ ਖਾਲਿਸਤਾਨ ਦੀ ਲਹਿਰ ਵਿਚ ਪ੍ਰਭਾਵ ਘੱਟੋ-ਘੱਟ 1991 ਤੱਕ ਸਥਾਪਤ ਕੀਤਾ ਜਾ ਸਕਦਾ ਹੈ ਪਰ 1996 ਤੋਂ ਬਾਅਦ ਉਸ ਦੀ ਸਰਗਰਮੀ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਉਸ ਦਾ ਸਬੰਧ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਖਾਲਿਸਤਾਨੀ ਧੜੇ ਨਾਲ ਹੈ। ਇਹ ਧੜਾ ਅੱਸੀਵਿਆਂ ਦੇ ਮਗਰਲੇ ਅੱਧ ਵਿਚ ਲਹਿਰ ਦਾ ਸਭ ਤੋਂ ਅਹਿਮ ਧੜਾ ਬਣ ਕੇ ਸਾਹਮਣੇ ਆਇਆ।
2005 ਵਿਚ ਭਾਈ ਦਲਜੀਤ ਸਿੰਘ ਦੀ ਜੇਲ੍ਹ ਵਿਚੋਂ ਰਿਹਾਈ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਵਾਲੀ ਜਥੇਬੰਦੀ ਨੇ ਨਵੀਂ ਸਿਆਸੀ ਸਰਗਰਮੀ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸ ਵੇਲੇ ਤੱਕ ਅਜਮੇਰ ਸਿੰਘ ਇਸ ਜਥੇਬੰਦੀ ਦੇ ਧੁਰ ਅੰਦਰ ਤੱਕ ਆਪਣਾ ਪ੍ਰਭਾਵ ਬਣਾ ਚੁਕਾ ਸੀ। ਭਾਈ ਦਲਜੀਤ ਸਿੰਘ ਦੀ ਅਗਵਾਈ ਵਾਲੇ ਖਾਲਿਸਤਾਨੀ ਜਥੇਬੰਦਕ ਢਾਂਚੇ ਦੇ ਕੌਮਾਂਤਰੀ ਤਾਣੇ-ਬਾਣੇ ਦੀਆਂ ਇਕਾਈਆਂ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ ਅਤੇ ਬਹੁਤ ਸਾਰੇ ਯੂਰਪੀ ਮੁਲਕਾਂ ਸਮੇਤ ਦੁਨੀਆਂ ਦੇ ਅਨੇਕ ਹਿੱਸਿਆਂ ਵਿਚ ਸਥਾਪਤ ਸਨ। ਅਜਮੇਰ ਸਿੰਘ ਦੀ ਕਿਤਾਬ Ḕਵੀਹਵੀਂ ਸਦੀ ਦੀ ਸਿੱਖ ਰਾਜਨੀਤੀḔ ਦਾ ਇਸੇ ਜਥੇਬੰਦਕ ਤਾਣੇ-ਬਾਣੇ ਨੇ ਦੁਨੀਆਂ ਭਰ ਵਿਚ ਪ੍ਰਚਾਰ ਕੀਤਾ।
ਅਜਮੇਰ ਸਿੰਘ ਦੀ ਬਤੌਰ ਸਿਆਸੀ ਸਲਾਹਕਾਰ ਕਾਰਗੁਜ਼ਾਰੀ ਦੇ ਮੁਲਾਂਕਣ ਦੀ ਲੋੜ ਹੈ। ਉਸ ਦੀ ਬੌਧਿਕ ਰਹਿਨੁਮਾਈ ਹੇਠ ਭਾਈ ਦਲਜੀਤ ਸਿੰਘ ਦੀ ਅਗਵਾਈ ਵਾਲੀਆਂ ਇੱਕ ਤੋਂ ਬਾਅਦ ਇੱਕ ਜਥੇਬੰਦੀਆਂ, ਜਿਵੇਂ ਕਿ ਸ਼੍ਰੋਮਣੀ ਖਾਲਸਾ ਦਲ, ਖਾਲਸਾ ਐਕਸ਼ਨ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਆਦਿ ਅਲੋਪ ਹੁੰਦੀਆਂ ਗਈਆਂ। ਸਿੱਖ ਸਟੂਡੈਂਟਸ ਫੈਡਰੇਸ਼ਨ ਭੰਗ ਹੀ ਕਰ ਦਿੱਤੀ ਗਈ ਤੇ ਫੈਡਰੇਸ਼ਨ ਦੇ ਨੌਜੁਆਨ ਆਗੂ ਅਜਮੇਰ ਸਿੰਘ ਦੇ ਸਹਾਇਕ ਜਾਂ ਪ੍ਰਚਾਰਕ ਬਣ ਕੇ ਰਹਿ ਗਏ। ਆਖਰ ਫੈਡਰੇਸ਼ਨ ਭੰਗ ਕਰਨ ਦੀ ਕੀ ਲੋੜ ਸੀ? ਇਸ ਦਾ ਕੋਈ ਚੰਗਾ ਸਿੱਟਾ ਤਾਂ ਨਿਕਲਿਆ ਨਹੀਂ। ਜਿਹੜੇ ਸਿੱਖ ਨੌਜੁਆਨਾਂ ਨੇ ਭਵਿੱਖ ਦੇ ਆਗੂ ਬਣਨਾ ਸੀ, ਉਹ ਅਜਮੇਰ ਸਿੰਘ ਦੇ ਸਮਾਗਮਾਂ ਦੀ ਰੌਣਕ ਵਧਾਉਣ ਜੋਗੇ ਰਹਿ ਗਏ। ਇੱਕ ਤਾਂ ਅਜਮੇਰ ਸਿੰਘ ਆਪਣੇ-ਆਪ ਨੂੰ ਇਨ੍ਹਾਂ ਨੌਜੁਆਨਾਂ ‘ਤੇ ਵੱਡੇ ਰੁੱਖ ਵਾਂਗੂੰ ਸਥਾਪਤ ਕਰ ਗਿਆ ਜਿਸ ਦੀ ਛਾਂ ਥੱਲੇ ਇਹ ਨਿੱਕੇ ਬੂਟੇ ਮੌਲ ਹੀ ਨਾ ਸਕੇ। ਦੂਜਾ, ਅਜਮੇਰ ਸਿੰਘ ਨੇ ਬੌਧਿਕਤਾ ਦੇ ਮਿਆਰ ਬਹੁਤ ਨੀਵੇਂ ਨਿਸਚਿਤ ਕਰ ਦਿੱਤੇ। ਪੱਤਰਕਾਰ ਜਾਂ ਵਿਦਵਾਨ ਬਣਨ ਦੀ ਤਾਂ ਗੱਲ ਹੀ ਛੱਡੋ, ਫਿਲਾਸਫਰ ਬਣਨਾ ਵੀ ਸਸਤੀ ਜਿਹੀ ਖੇਡ ਹੋ ਕੇ ਰਹਿ ਗਈ।
ਵਰ੍ਹੇ ਬੀਤਦੇ ਗਏ। ਅਜਮੇਰ ਸਿੰਘ ਆਪਣੀਆਂ ਕਿਤਾਬਾਂ ਦੇ ਪ੍ਰਚਾਰ ਲਈ ਕੌਮਾਂਤਰੀ ਦੌਰੇ ਕਰਦਾ ਰਿਹਾ। ਦੂਜੇ ਪਾਸੇ, ਪੰਜਾਬ ਵਿਚ ਉਸ ਦੇ ਹਮਾਇਤੀਆਂ ਦੀ ਹਰ ਜਥੇਬੰਦਕ ਕੋਸ਼ਿਸ਼ ਨਾਕਾਮ ਹੁੰਦੀ ਰਹੀ। ਜਾਂ ਤਾਂ ਅਜਮੇਰ ਸਿੰਘ ਨੇ ਕੋਈ ਕੰਮ ਦੀ ਸਲਾਹ ਦਿੱਤੀ ਨਹੀਂ ਜਾਂ ਇਹ ਉਹਦੇ ਵੱਸ ਦੀ ਗੱਲ ਨਹੀਂ ਸੀ। ਅਜਮੇਰ ਸਿੰਘ ਦੀ ਭੂਮਿਕਾ ਬਾਰੇ ਸੋਚਣ ਦੀ ਲੋੜ ਹੈ। ਇਸ ਸਬੰਧੀ ਵਿਚਾਰ ਸਭ ਦੇ ਆਪੋ-ਆਪਣੇ ਹੋ ਸਕਦੇ ਹਨ ਪਰ ਸੁਆਲਾਂ ਦਾ ਮੂੰਹ ਬੰਦ ਕਰਨਾ ਠੀਕ ਨਹੀਂ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀਆਂ ਕੋਸ਼ਿਸ਼ਾਂ ਚੱਲ ਹੀ ਰਹੀਆਂ ਸਨ ਕਿ ਹਿੰਦੁਸਤਾਨ ਵਿਚ ਆਮ ਆਦਮੀ ਪਾਰਟੀ ਨਾਂ ਦੀ ਨਵੀਂ ਸਿਆਸੀ ਪਾਰਟੀ ਸਾਹਮਣੇ ਆਈ। ਪੰਜਾਬ ਵਿਚ ਅਜਿਹੀ ਪਾਰਟੀ ਦੇ ਪੈਰ ਜਮਾਉਣੇ ਭਾਰਤੀ ਸਥਾਪਤੀ ਦੀ ਲੋੜ ਸੀ। ਪੰਜਾਬ ਦੇ ਲੋਕ ਬਾਦਲ ਦਲ ਅਤੇ ਕਾਂਗਰਸ-ਦੋਹਾਂ ਤੋਂ ਦੁਖੀ ਸਨ। ਉਕਤ ਦੋਹਾਂ ਪਾਰਟੀਆਂ ਨੇ ਸਾਬਤ ਕੀਤਾ ਸੀ ਕਿ ਪੰਜਾਬ ਨੂੰ ਕਿਸੇ ਸਾਬਤ ਰਾਹ ‘ਤੇ ਤੋਰਨਾ ਨਾ ਉਨ੍ਹਾਂ ਦੇ ਵੱਸ ਦੀ ਗੱਲ ਸੀ ਤੇ ਨਾ ਹੀ ਉਹ ਇਸ ਬਾਰੇ ਸੰਜ਼ੀਦਾ ਸਨ। ਭਾਰਤੀ ਸਥਾਪਤੀ ਨੂੰ ਪਤਾ ਸੀ ਕਿ ਲੋਕ ਉਕਤ ਪਾਰਟੀਆਂ ਬਾਰੇ ਕਿਸੇ ਭੁਲੇਖੇ ਵਿਚ ਨਹੀਂ ਸਨ। ਇਸ ਕਰਕੇ ਲੋਕਾਂ ਨੇ ਕਿਸੇ ਤੀਜੇ ਬਦਲ ਵੱਲ ਵੇਖਣਾ ਸੀ। ਪੰਥਕ ਧਿਰਾਂ ਦਾ ਤੀਜੇ ਬਦਲ ਵਜੋਂ ਸਾਹਮਣੇ ਆਉਣਾ ਭਾਰਤੀ ਸਥਾਪਤੀ ਨੂੰ ਭਾਉਂਦਾ ਨਹੀਂ ਸੀ। ਭਾਰਤੀ ਹਾਕਮਾਂ ਨੂੰ ਕੋਈ ਲਿਬਰਲ-ਸੈਕੂਲਰ ਤੀਜਾ ਬਦਲ ਚਾਹੀਦਾ ਹੈ ਜੋ ਸਿੱਖ ਸਰੋਕਾਰਾਂ ਨੂੰ ਹਾਸ਼ੀਏ ‘ਤੇ ਧੱਕ ਕੇ ਰੱਖੇ। ਇਸ ਦਿਸ਼ਾ ਵਿਚ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਸਾਹਮਣੇ ਆਈ ਪਰ ਉਹ ਛੇਤੀ ਹੀ ਬੇਨਕਾਬ ਹੋ ਕੇ ਖਤਮ ਹੋ ਗਈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਉਠੀ ਜਿਸ ਨੇ ਇੱਕ ਵੱਡੀ ਲੋਕ-ਲਹਿਰ ਦਾ ਰੂਪ ਧਾਰ ਲਿਆ।
ਆਮ ਆਦਮੀ ਪਾਰਟੀ ਨੇ ਕਿਸੇ ਵੀ ਢਾਂਚਾਗਤ ਤਬਦੀਲੀ ਦੇ ਵਾਅਦੇ ਬਗੈਰ, ਮਹਿਜ ਚੰਗੇ ਅਤੇ ਭ੍ਰਿਸ਼ਟਾਚਾਰ-ਮੁਕਤ ਪ੍ਰਬੰਧ ਆਸਰੇ, ਇਨਕਲਾਬ ਲਿਆਉਣ ਦਾ ਦਾਅਵਾ ਕੀਤਾ। ਇਹ ਇਨਕਲਾਬ ਦੇ ਨਾਂ ‘ਤੇ ਲੋਕਾਂ ਨਾਲ ਨੰਗਾ ਚਿੱਟਾ ਖਿਲਵਾੜ ਸੀ। ਪਰ ਮਾਰਕਸੀ ਇਨਕਲਾਬ ਲਈ ਚੱਲੀ ਨਕਸਲੀ ਲਹਿਰ ਦਾ ਹਿੱਸਾ ਰਹੇ ਅਜਮੇਰ ਸਿੰਘ ਨੂੰ, ਖਾਲਿਸਤਾਨ ਦੀ ਲਹਿਰ ਦਾ ਖਾਸ ਸਲਾਹਕਾਰ ਹੁੰਦੇ ਹੋਏ, ਆਮ ਆਦਮੀ ਪਾਰਟੀ ਦਾ ਇਨਕਲਾਬ ਵੀ ਭਾਅ ਗਿਆ ਤੇ ਇਸ ਨਵੇਂ ਇਨਕਲਾਬ ਦੇ ਜੋਸ਼ ਵਿਚ ਉਸ ਨੇ ਖਾਲਿਸਤਾਨੀਆਂ ਨੂੰ ḔਡਿਸਗਸਟਿੰਗḔ ਵੀ ਗਰਦਾਨ ਦਿੱਤਾ। ਇਸ ਮੁੱਦੇ ‘ਤੇ ਬਾਅਦ ਵਿਚ ਸਪੱਸ਼ਟੀਕਰਨ ਦਿੰਦਿਆਂ ਅਜਮੇਰ ਸਿੰਘ ਨੇ ਕਿਹਾ ਕਿ ਉਸ ਨੇ ḔਡਿਸਗਸਟਿੰਗḔ ਸ਼ਬਦ ਸਿਰਫ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲਈ ਵਰਤਿਆ ਸੀ। ਅਜਮੇਰ ਸਿੰਘ ਦੇ ਇਸ ਦਾਅਵੇ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਯਾਦਵਿੰਦਰ ਕਰਫਿਊ ਨਾਲ ਮੁਲਾਕਾਤ ਵਿਚ ਉਸ ਨੇ ਕਿਹਾ ਸੀ ਕਿ ਮੈਂ ਨਕਸਲੀਆਂ ਅਤੇ ਖਾਲਿਸਤਾਨੀਆਂ-ਦੋਹਾਂ ਦੇ ਵਿਚ ਰਿਹਾ ਹਾਂ, ਜਦੋਂ ਕਿ ਅਜਮੇਰ ਸਿੰਘ ਅਕਾਲੀ ਦਲ (ਅੰਮ੍ਰਿਤਸਰ) ਵਿਚ ਕਦੇ ਵੀ ਨਹੀਂ ਰਿਹਾ। ਆਮ ਆਦਮੀ ਪਾਰਟੀ ਦਾ ਇਨਕਲਾਬ ਲਿਆਉਣ ਦਾ ਦਾਅਵਾ ਅਜਮੇਰ ਸਿੰਘ ਨੂੰ ਹੀ ਪਹਿਲਾਂ ਸਮਝ ਆਉਣਾ ਚਾਹੀਦਾ ਸੀ। ਸਾਰੀ ਉਮਰ ਮਾਰਕਸੀ ਕਾਰਕੁਨ ਰਹੇ ਅਜਮੇਰ ਸਿੰਘ ਨੂੰ ਅਜਿਹਾ ਥੋਥਾ ਦਾਅਵਾ ḔਡਿਸਗਸਟਿੰਗḔ ਕਿਉਂ ਨਾ ਲੱਗਿਆ?
ਆਮ ਆਦਮੀ ਪਾਰਟੀ ਦਾ ਏਜੰਡਾ ਕਦੇ ਵੀ ਐਨਾ ਗੁੱਝਾ ਨਹੀਂ ਸੀ, ਬੱਸ ਕੁਝ ਲੋਕ ਇਸ ਨੂੰ ਸਮਝਣਾ ਹੀ ਨਹੀਂ ਸਨ ਚਾਹੁੰਦੇ। ਮੈਂ 2014 ਵਿਚ ਆਮ ਆਦਮੀ ਪਾਰਟੀ ਬਾਰੇ ਲੇਖ ਲਿਖ ਕੇ ਇਸ ਦੀ ਸਖਤ ਆਲੋਚਨਾ ਕੀਤੀ ਸੀ ਪਰ ਉਸ ਵੇਲੇ ਕੋਈ ਇਸ ਪਾਰਟੀ ਦੀ ਆਲੋਚਨਾ ਸੁਣਨ ਨੂੰ ਤਿਆਰ ਨਹੀਂ ਸੀ। ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦਾ ਰਵੱਈਆ ਉਦੋਂ ਐਨ ਉਹੋ ਸੀ ਜੋ ਅੱਜ ਅਜਮੇਰ ਸਿੰਘ ਬਾਰੇ ਲੇਖ ਲਿਖਣ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਦਾ ਹੈ। ਪਰ ਥੋੜ੍ਹੇ ਸਮੇਂ ਬਾਅਦ ਹੀ ਬਹੁਤ ਸਾਰੇ ਸਿੱਖ ਨੌਜੁਆਨ, ਜੋ ਨਾ ਅਜਮੇਰ ਸਿੰਘ ਵਾਂਗੂੰ ਸਿਆਸੀ ਤਜਰਬੇ ਦਾ ਤੇ ਨਾ ਹੀ ਵਿਦਵਤਾ ਦਾ ਦਾਅਵਾ ਰੱਖਦੇ ਸਨ, ਆਮ ਆਦਮੀ ਪਾਰਟੀ ਦੀ ਅਸਲੀਅਤ ਤੋਂ ਜਾਣੂੰ ਹੋ ਗਏ। ਸੁਆਲ ਹੈ ਕਿ ਜੇ ਸਾਡੇ ਵਰਗੇ ਸਧਾਰਨ ਲੋਕਾਂ ਨੂੰ ਆਮ ਆਦਮੀ ਪਾਰਟੀ ਬਾਰੇ ਸ਼ੁਰੂ ਵਿਚ ਹੀ ਸਪੱਸ਼ਟ ਹੋ ਗਿਆ ਤਾਂ ਅਜਮੇਰ ਸਿੰਘ ਵਰਗੇ ḔਤਜਰਬੇਕਾਰḔ ਅਤੇ ḔਗਿਆਨਵਾਨḔ ਬੰਦੇ ਨੂੰ ਇਸ ਦੀ ਸਮਝ ਕਿਉਂ ਨਹੀਂ ਆਈ? ਕੀ ਅੱਜ ਅਜਮੇਰ ਸਿੰਘ ਅਤੇ ਉਸ ਦੇ ਸਮਰਥਕ ਇਹ ਮੰਨਣ ਲਈ ਤਿਆਰ ਹਨ ਕਿ ਆਮ ਆਦਮੀ ਪਾਰਟੀ ਦੀ ਹਮਾਇਤ ਉਨ੍ਹਾਂ ਦੀ ਗਲਤੀ ਸੀ? ਜੇ ਇਹ ਗਲਤੀ ਸੀ ਤਾਂ ਕੀ ਉਨ੍ਹਾਂ ਦੇ ḔਚਿੰਤਕḔ ਨੂੰ ਹੋਰ ਚਿੰਤਨ ਦੀ ਲੋੜ ਹੈ ਜਾਂ ਫਿਰ ਰੂਹਾਨੀ ਨੈਤਿਕਤਾ ਦੀ?
ਅਜਮੇਰ ਸਿੰਘ ਰਾਸ਼ਟਰਵਾਦ ਦਾ ਕੱਟੜ ਵਿਰੋਧੀ ਹੈ। ਆਮ ਆਦਮੀ ਪਾਰਟੀ ਵਾਲੇ ਪੱਕੇ ਭਾਰਤੀ ਰਾਸ਼ਟਰਵਾਦੀ ਹਨ। ਸਿੱਖ ਰਾਸ਼ਟਰਵਾਦ ਦੇ ਪੱਕੇ ਵਿਰੋਧੀ ਅਜਮੇਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਭਾਰਤੀ ਰਾਸ਼ਟਰਵਾਦ ‘ਤੇ ਕੋਈ ਖਾਸ ਇਤਰਾਜ਼ ਨਾ ਹੋਇਆ। ਅਜਮੇਰ ਸਿੰਘ ਤੇ ਉਸ ਦੇ ਸਾਥੀ ਜਸਪਾਲ ਸਿੰਘ ਸਿੱਧੂ ਨੇ ਖਾਲਿਸਤਾਨ ਦੀ ਵਿਰੋਧਤਾ ਤਾਂ ਇਸ ਕਰਕੇ ਕੀਤੀ ਕਿ ਉਹ ਰਾਸ਼ਟਰਵਾਦੀ ਨਮੂਨੇ ‘ਤੇ ਆਧਾਰਿਤ ਹੈ ਪਰ ਆਮ ਆਦਮੀ ਪਾਰਟੀ ਵਾਰੀ ਇਸ ਗੱਲ ਨਾਲ ਕੋਈ ਖਾਸ ਫਰਕ ਨਹੀਂ ਪਿਆ।
ਇਨ੍ਹਾਂ ਹੀ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੁਝ ਸੀਨੀਅਰ ਆਗੂ ਤੇ ਬਹੁਤ ਸਾਰਾ ਕਾਡਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਸ਼ ਹਰਿੰਦਰ ਸਿੰਘ ਖਾਲਸਾ ਜੋ ‘ਪੰਚ ਪ੍ਰਧਾਨੀ’ ਦੇ ਪੰਜ ਮੈਂਬਰਾਂ ਵਿਚੋਂ ਇੱਕ ਸਨ, ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਫਤਹਿਗੜ੍ਹ ਸਾਹਿਬ ਤੋਂ ਐਮ. ਪੀ. ਚੁਣੇ ਗਏ। ‘ਪੰਚ ਪ੍ਰਧਾਨੀ’ ਦੇ ਇੱਕ ਬਹੁਤ ਹੀ ਸਰਗਰਮ ਆਗੂ ਭਾਈ ਦਰਸ਼ਨ ਸਿੰਘ (ਜਗ੍ਹਾ ਰਾਮ ਤੀਰਥ) ਦੀ ਧੀ ਪ੍ਰੋ. ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਵਜੋਂ ਐਮ. ਐਲ਼ ਏ. ਬਣ ਗਈ ਅਤੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਧੜੇ ਦੇ ਮੁੱਖ ਆਗੂਆਂ ਵਿਚੋਂ ਇਕ ਹੈ। ‘ਪੰਚ ਪ੍ਰਧਾਨੀ’ ਦਾ ਵਜੂਦ ਹੀ ਖਤਮ ਹੋ ਗਿਆ। ਇੱਕ ਪੰਥਕ ਧਿਰ ਦੇ ਮਨੁੱਖੀ ਸਰੋਤ ਇੱਕ ਭਾਰਤੀ ਰਾਸ਼ਟਰਵਾਦੀ ਪਾਰਟੀ ਦੀ ਕਾਮਯਾਬੀ ਦਾ ਸਾਧਨ ਬਣ ਗਏ। ਕੀ ਆਮ ਆਦਮੀ ਪਾਰਟੀ ਵਿਚ ਬੰਦੇ ਭੇਜਣ ਦਾ ਫੈਸਲਾ ਵਿਦਵਾਨ ਸਲਾਹਕਾਰ ਅਜਮੇਰ ਸਿੰਘ ਦੇ ਮਸ਼ਵਰਿਆਂ ਦਾ ਸਿੱਟਾ ਸੀ? ਜੇ ਨਹੀਂ ਤਾਂ ਫਿਰ ਇਹ ਸਲਾਹਕਾਰ ਉਸ ਵੇਲੇ ਕੀ ਕਰ ਰਿਹਾ ਸੀ? ਉਸ ਦੇ ਤਜਰਬੇ ਤੇ ਸਿਆਣਪ ਦਾ ‘ਪੰਚ ਪ੍ਰਧਾਨੀ’ ਵਾਲਿਆਂ ਨੂੰ ਕੀ ਲਾਭ ਹੋਇਆ? ਲਾਭ ਤਾਂ ਕੀ ਹੋਣਾ ਸੀ, ‘ਪੰਚ ਪ੍ਰਧਾਨੀ’ ਲਈ ਅਜਮੇਰ ਸਿੰਘ ਅਮਰਵੇਲ ਸਾਬਤ ਹੋਇਆ। ਅਜਮੇਰ ਸਿੰਘ ਦਿਨੋਂ-ਦਿਨ ਤਰੱਕੀ ਕਰਦਾ ਗਿਆ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਲਗਾਤਾਰ ਨਿਵਾਣ ਵੱਲ ਨੂੰ ਜਾਂਦਾ ਅਖੀਰ ਨੂੰ ਖਤਮ ਹੋ ਗਿਆ। ਇਸ ਜਥੇਬੰਦੀ ਦਾ ਪੰਥਕ ਸਰੋਤਾਂ ਨਾਲ ਖੜ੍ਹਾ ਕੀਤਾ ਮੀਡੀਆ ਮੁੱਖ ਤੌਰ ‘ਤੇ ਅਜਮੇਰ ਸਿੰਘ ਦੇ ਮਸ਼ਹੂਰੀ-ਪ੍ਰਚਾਰ ਦਾ ਸਾਧਨ ਬਣ ਕੇ ਰਹਿ ਗਿਆ।
ਆਮ ਆਦਮੀ ਪਾਰਟੀ ਪਰਦੇਸੀਂ ਵਸਦੇ ਸਿੱਖਾਂ ਵਿਚ ਵੀ ਆਪਣਾ ਪ੍ਰਭਾਵ ਬਣਾਉਣ ਵਿਚ ਕਾਮਯਾਬ ਹੋ ਗਈ। ਇਹ ਖਾਲਿਸਤਾਨ ਦੀ ਲਹਿਰ ਦੇ ਭਵਿੱਖ ਲਈ ਬੇਹੱਦ ਘਾਤਕ ਵਰਤਾਰਾ ਸੀ। ਇਸ ਤੋਂ ਪਹਿਲਾਂ ਬਾਦਲ ਦਲ ਅਤੇ ਕਾਂਗਰਸ ਸਭ ਯਤਨਾਂ ਦੇ ਬਾਵਜੂਦ ਪਰਦੇਸੀ ਸਿੱਖਾਂ ਵਿਚ ਆਪਣੇ ਪੈਰ ਨਹੀਂ ਸਨ ਲਾ ਸਕੇ। ਇਹ ਖਾਲਿਸਤਾਨ ਦੀ ਲਹਿਰ ਦੀ ਪਰਦੇਸਾਂ ਵਿਚੋਂ ਜੜ੍ਹ ਪੱਟਣ ਦੀ ਕੋਸ਼ਿਸ਼ ਸੀ। ਇਸ ਦੌਰਾਨ ਬਾਹਰਲੇ ਸਿੱਖਾਂ ਦੀ ਕਿਰਤ-ਕਮਾਈ ਵਿਚੋਂ ਕਰੋੜਾਂ ਰੁਪਏ (ਕੁਝ ਹਲਕਿਆਂ ਮੁਤਾਬਕ 400 ਕਰੋੜ) ਆਮ ਆਦਮੀ ਪਾਰਟੀ ਦੇ ਦਿੱਲੀ ਵਿਚਲੇ ਬੈਂਕ ਖਾਤਿਆਂ ਵਿਚ ਗਏ ਜਿਸ ਦਾ Ḕਭ੍ਰਿਸ਼ਟਾਚਾਰ ਵਿਰੋਧੀḔ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਦੇ ਹਿਸਾਬ ਨਹੀਂ ਦਿੱਤਾ। ਅਜਮੇਰ ਸਿੰਘ ਦਾ ਬਾਹਰਲੇ ਸਿੱਖਾਂ ਵਿਚ ਚੰਗਾ ਪ੍ਰਭਾਵ ਰਿਹਾ ਹੈ। ਸੋ ਜਾਹਰ ਹੈ ਕਿ ਅਜਮੇਰ ਸਿੰਘ ਦੀਆਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਕੀਤੀਆਂ ਗਈਆਂ ਤਕਰੀਰਾਂ ਨੇ ਵੀ ਸਿੱਖਾਂ ਦੀ ਇਸ ਲੁੱਟ ਵਿਚ ਹਿੱਸਾ ਪਾਇਆ ਹੈ। ਆਮ ਆਦਮੀ ਪਾਰਟੀ ਨੂੰ ਭੇਜੇ ਗਏ ਪੈਸੇ ਨਾਲ ਸਿੱਖਾਂ ਦੇ ਦਹਾਕਿਆਂ ਤੋਂ ਪਛੜੇ ਅਨੇਕ ਕੰਮ ਹੋ ਸਕਦੇ ਸਨ। ਜਿਵੇਂ, ਬਹੁਤ ਸਾਰੀਆਂ ਪੰਥਕ ਸੰਸਥਾਵਾਂ ਖੜੀਆਂ ਕੀਤੀਆਂ ਜਾ ਸਕਦੀਆਂ ਸਨ, ਸ਼ਹੀਦ ਪਰਿਵਾਰਾਂ ਦੀ ਮੱਦਦ ਕੀਤੀ ਜਾ ਸਕਦੀ ਸੀ, ਸਿਕਲੀਗਰ ਅਤੇ ਵਣਜਾਰੇ ਸਿੱਖਾਂ ਵਿਚ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਜਾ ਸਕਦਾ ਸੀ ਅਤੇ ਕਈ ਹੋਰ ਲੋੜੀਂਦੇ ਕਾਰਜ ਨੇਪਰੇ ਚਾੜ੍ਹੇ ਜਾ ਸਕਦੇ ਸਨ। ਪਰ ਅਫਸੋਸ ਕਿ ਉਹ ਸਾਰਾ ਪੈਸਾ ਭਾਰਤੀ ਰਾਸ਼ਟਰਵਾਦ ਦੇ ਪੱਕੇ ਭਗਤਾਂ-ਅਰਵਿੰਦ ਕੇਜਰੀਵਾਲ, ਦੁਰਗੇਸ਼ ਪਾਠਕ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਖਿਲਾਫ ਅਪਸ਼ਬਦ ਬੋਲਣ ਵਾਲੇ ਕੁਮਾਰ ਵਿਸ਼ਵਾਸ ਦੀਆਂ ਜੇਬਾਂ ਵਿਚ ਚਲਾ ਗਿਆ। ਆਮ ਆਦਮੀ ਪਾਰਟੀ ਦੇ ਝਾਂਸੇ ਵਿਚ ਆ ਕੇ ਸਿੱਖਾਂ ਦਾ ਪੈਸਾ ਤਾਂ ਜ਼ਾਇਆ ਹੋਇਆ ਹੀ, ਇਸ ਨਾਲ ਸੈਕੂਲਰ ਭਾਰਤੀ ਰਾਸ਼ਟਰਵਾਦੀ ਬਦਲ ਨੂੰ ਪੰਜਾਬ ਵਿਚ ਤੀਜੀ ਧਿਰ ਵਜੋਂ ਖੜ੍ਹਾ ਕਰਨ ਦਾ ਭਾਰਤੀ ਸਥਾਪਤੀ ਦਾ ਮਨਸੂਬਾ ਵੀ ਸਿਰੇ ਚੜ੍ਹਦਾ ਜਾਪਿਆ।
2015 ਵਿਚ ਸਿੱਖਾਂ ਵਿਚ ਵੱਡਾ ਉਭਾਰ ਪੈਦਾ ਹੋਇਆ। ਸਿੱਖ ਆਗੂਆਂ ਨੇ ਪੰਥ ਨੂੰ ਕਿਸੇ ਰਾਹ ਪਾਉਣ ਲਈ ਸਰਬੱਤ ਖਾਲਸਾ ਦਾ ਸੱਦਾ ਦਿੱਤਾ। ਅਜਮੇਰ ਸਿੰਘ ਨੇ ਸਰਬੱਤ ਖਾਲਸਾ ਦਾ ਡੱਟ ਕੇ ਵਿਰੋਧ ਕੀਤਾ। ਅਸੀਂ ਦੋਹਾਂ ਭਰਾਵਾਂ ਨੇ ਉਸ ਵੇਲੇ ਸਰਬੱਤ ਖਾਲਸਾ ਦੀ ਹਮਾਇਤ ਕੀਤੀ ਅਤੇ ਅਜਮੇਰ ਸਿੰਘ ਦੀ ਹਰ ਦਲੀਲ ਦਾ ਜੁਆਬ ਦਿੱਤਾ। ਅਜਮੇਰ ਸਿੰਘ ਦੀ ਦਲੀਲ ਸੀ ਕਿ ਇਹ ਸਰਬੱਤ ਖਾਲਸਾ ਵਾਜਿਬ ਨਹੀਂ ਹੈ ਕਿਉਂਕਿ ਸਰਬੱਤ ਖਾਲਸਾ ਹੋਣ ਤੋਂ ਪਹਿਲਾਂ ਇਸ ਦਾ ਕੋਈ ਵਿਧੀ-ਵਿਧਾਨ ਬਣਨਾ ਚਾਹੀਦਾ ਹੈ। ਜੇ ਇਹ ਦਲੀਲ ਮੰਨ ਲਈ ਜਾਵੇ ਤਾਂ ਫਿਰ ਇਹ ਵੀ ਮੰਨਣਾ ਪੈਣਾ ਹੈ ਕਿ ਪਹਿਲਾਂ ਹੋਏ ਸਾਰੇ ਸਰਬੱਤ ਖਾਲਸੇ ਵੀ ਵਾਜਬ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਵੀ ਕੋਈ ਵਿਧੀ-ਵਿਧਾਨ ਨਹੀਂ ਸੀ। ਕੀ ਅਜਮੇਰ ਸਿੰਘ ਚਲਾਕੀ ਨਾਲ ਸਰਬੱਤ ਖਾਲਸਾ ਦੀ ਪਰੰਪਰਾ ‘ਤੇ ਹੀ ਸੁਆਲ ਖੜ੍ਹਾ ਕਰ ਰਿਹਾ ਸੀ? ਜਾਂ ਉਹ ਹਿੰਦੂਤਵੀਆਂ ਦੇ ਭਾਈਵਾਲ ਬਾਦਲ ਦਲ ਦਾ ਸਿੱਖ ਸੰਸਥਾਵਾਂ ‘ਤੇ ਕਬਜ਼ਾ ਜਿਉਂ ਦਾ ਤਿਉਂ ਰਹਿਣ ਦੇਣਾ ਚਾਹੁੰਦਾ ਸੀ? ਉਸ ਦੀ ਦੂਜੀ ਦਲੀਲ ਸੀ ਕਿ ਇਹ ਸਰਬੱਤ ਖਾਲਸਾ ਸਹੀ ਨਹੀਂ ਕਿਉਂਕਿ ਮੋਹਕਮ ਸਿੰਘ ਵਰਗੇ ਦਾਗੀ ਬੰਦੇ ਇਸ ਵਿਚ ਮੋਹਰੀ ਸਨ, ਪਰ ਕੋਈ ਪੁੱਛਣ ਵਾਲਾ ਹੋਵੇ ਕਿ ਜਦੋਂ ਉਹੀ ਮੋਹਕਮ ਸਿੰਘ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਸ਼ਮੂਲੀਅਤ ਵਾਲੀ ਖਾਲਸਾ ਐਕਸ਼ਨ ਕਮੇਟੀ ਦਾ ਪ੍ਰਧਾਨ ਸੀ ਤਾਂ ਅਜਮੇਰ ਸਿੰਘ ਨੇ ਕੋਈ ਉਜਰ ਕਿਉਂ ਨਾ ਕੀਤਾ? ਜੇ ਅਜਮੇਰ ਸਿੰਘ ਇਹ ਸਭ ਕੁਝ ਅਣਜਾਣੇ ਵਿਚ, ਬਗੈਰ ਕਿਸੇ ਮੰਦਭਾਵਨਾ ਤੋਂ ਕਰ ਰਿਹਾ ਸੀ ਤਾਂ ਉਸ ਦੇ ਚਿੰਤਕ ਹੋਣ ਦੇ ਦਾਅਵੇ ਨੂੰ ਕਿਵੇਂ ਸਮਝੀਏ?
ਅਜਮੇਰ ਸਿੰਘ ਦੇ ਵਿਰੋਧ ਦੇ ਬਾਵਜੂਦ ਸਰਬੱਤ ਖਾਲਸਾ ਨੇਪਰੇ ਚੜ੍ਹਿਆ ਤੇ ਕੁਝ ਵਕਫੇ ਬਾਅਦ ਉਸੇ ਪੰਥਕ ਉਭਾਰ ਨੇ ਬਰਗਾੜੀ ਮੋਰਚੇ ਦਾ ਰੂਪ ਧਾਰਿਆ। ਹੁਣ ਅਜਮੇਰ ਸਿੰਘ ਬਰਗਾੜੀ ਮੋਰਚੇ ਦਾ ਨਿੱਠ ਕੇ ਵਿਰੋਧ ਕਰ ਰਿਹਾ ਹੈ। ਪੰਥਕ ਅਸੈਂਬਲੀ ਵਿਚ ਬੋਲਦਿਆਂ ਅਜਮੇਰ ਸਿੰਘ ਨੇ ਕਿਹਾ ਕਿ ਇਹੋ ਜਿਹੇ ਇਕੱਠਾਂ ਦਾ ਕੀ ਐ, ਇਹ ਤਾਂ ਹੁੰਦੇ ਹੀ ਰਹਿੰਦੇ ਹਨ। ਪਰ ਬਰਗਾੜੀ ਮੋਰਚਾ ਮਹਿਜ ਇਕੱਠ ਨਹੀਂ ਹੈ ਤੇ ਨਾ ਹੀ ਇਸ ਤਰ੍ਹਾਂ ਦੇ ਇਕੱਠ ਨਿੱਤ-ਦਿਹਾੜੀ ਹੁੰਦੇ ਹਨ। ਇਹ ਸਿੱਖਾਂ ‘ਚ ਆਈ ਸਿਆਸੀ ਜਾਗ੍ਰਤੀ ਹੈ ਜੋ ਇਕੱਠ ਰਾਹੀਂ ਜਾਹਰ ਹੋਈ ਹੈ। ਇਸ ਜਾਗ੍ਰਤੀ ਨੂੰ ਟਿਕਵੇਂ ਤੇ ਲੰਮੇ ਸੰਘਰਸ਼ ਵਿਚ ਬਦਲਣ ਲਈ ਸੋਚ-ਵਿਚਾਰ ਕਰਨ ਦੀ ਲੋੜ ਹੈ, ਪਰ ਅਜਮੇਰ ਸਿੰਘ ਇਸ ਪਾਸੇ ਗੱਲ ਤੁਰਨ ਹੀ ਨਹੀਂ ਦਿੰਦਾ। ਉਸ ਅਨੁਸਾਰ ਸਿੱਖ ਬਹਿ ਕੇ ਭਗਤੀ ਕਰਨ, ਨਾ ਰਾਜ ਦਾ ਸੁਪਨਾ ਲੈਣ, ਨਾ ਉਹਦੇ ਲਈ ਲੜਨ। ਇਹ ਇੱਕ ਆਮ ਸਮਝ ਹੈ ਕਿ ਕਿਸੇ ਵੀ ਸਿਆਸੀ ਸੰਘਰਸ਼ ਵਿਚ ਸ਼ਾਮਲ ਧਿਰਾਂ ਆਪ-ਮੁਹਾਰੇ ਆਏ ਲੋਕ-ਉਭਾਰ ਨੂੰ ਆਪਣੇ ਸੰਘਰਸ਼ ਨੂੰ ਅਗਾਂਹ ਤੋਰਨ ਦੇ ਮੌਕੇ ਵਜੋਂ ਵਰਤਦੀਆਂ ਹਨ। ਕਿਸੇ ਲੋਕ ਲਹਿਰ ਨੂੰ ਨਿਗੂਣਾ ਬਣਾ ਕੇ ਪੇਸ਼ ਕਰਨਾ ਉਸ ਲਹਿਰ ਦੀ ਦੁਸ਼ਮਣ ਹਕੂਮਤੀ ਧਿਰ ਦੇ ਹਿਤ ਵਿਚ ਹੁੰਦਾ ਹੈ। ਅਜਮੇਰ ਸਿੰਘ ਦੇ ਹਮਾਇਤੀ ਦੱਸਣ ਕਿ ਇਹ ਮਹਾਨ ਚਿੰਤਕ ਇਸ ਪ੍ਰਤੱਖ ਤਬਦੀਲੀ ਨੂੰ ਵੇਖਣਾ ਕਿਉਂ ਨਹੀਂ ਚਾਹੁੰਦਾ? ਉਸ ਦੀ ਅਜਿਹੇ ਉਭਾਰ ਰਾਹੀਂ ਕੋਈ ਨਵਾਂ ਸਿਆਸੀ ਪ੍ਰਵਾਹ ਸ਼ੁਰੂ ਕਰਨ ਵਿਚ ਉਕਾ ਹੀ ਦਿਲਚਸਪੀ ਕਿਉਂ ਨਹੀਂ ਹੈ?
ਬਰਗਾੜੀ ਮੋਰਚੇ ਦੀ ਅਹਿਮੀਅਤ ਸਮਝਣ ਲਈ ਇਸ ਪ੍ਰਤੀ ਸਰਕਾਰੀ ਰਵੱਈਆ ਧਿਆਨ ਵਿਚ ਰੱਖਣ ਦੀ ਲੋੜ ਹੈ। ਇਸ ਸਬੰਧੀ 11 ਅਕਤੂਬਰ ਦੇ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਉਤੇ ਛਪੀ ਇਕ ਖਬਰ ਵੇਖੀ ਜਾ ਸਕਦੀ ਹੈ ਜਿਸ ਵਿਚ ਪੁਲਿਸ ਅਤੇ ਖੁਫੀਆ ਏਜੰਸੀਆਂ ਦੇ ਉਚ-ਅਧਿਕਾਰੀਆਂ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਬਰਗਾੜੀ ਮੋਰਚੇ ਸਬੰਧੀ ਹੋਈ ਇਕ ਬੈਠਕ ਦਾ ਵੇਰਵਾ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ: “ਸੀਨੀਅਰ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਕੀਤਾ ਕਿ ‘ਬਰਗਾੜੀ ਮੋਰਚੇ’ ਦੇ ਲੰਮਾ ਸਮਾਂ ਲੱਗੇ ਰਹਿਣ ਕਾਰਨ ਹਾਕਮ ਪਾਰਟੀ ਨੂੰ ਨਾ ਸਿਰਫ ਸਿਆਸੀ ਤੌਰ ‘ਤੇ ਹੀ ਭਵਿੱਖ ਵਿਚ ਵੱਡੇ ਸੰਕਟ ਵਿਚੋਂ ਲੰਘਣਾ ਪੈ ਸਕਦਾ ਹੈ, ਸਗੋਂ ਕਾਨੂੰਨ ਵਿਵਸਥਾ ਦੀ ਸਥਿਤੀ ਕਾਰਨ ਵੀ ਇਹ ਮਾਮਲਾ ਬੇਹੱਦ ਗੰਭੀਰ ਬਣਦਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਬਰਗਾੜੀ ਵਿਚ ਗਰਮਖਿਆਲੀਆਂ ਵੱਲੋਂ ਲਾਏ ਗਏ ਪੱਕੇ ਮੋਰਚੇ ਨਾਲ ਲੋਕ ਜਜ਼ਬਾਤੀ ਤੌਰ ‘ਤੇ ਜੁੜ ਰਹੇ ਹਨ ਜੋ ਜ਼ਿਆਦਾ ਗੰਭੀਰ ਵਿਸ਼ਾ ਹੈ।” ਹੁਣ ਪਾਠਕ ਇਸ ਗੱਲ ਦਾ ਫੈਸਲਾ ਖੁਦ ਕਰਨ ਕਿ ਬਰਗਾੜੀ ਮੋਰਚੇ ਦਾ ਵਿਰੋਧ ਕਰ ਕੇ ਅਜਮੇਰ ਸਿੰਘ ਕੀ ਹਾਸਲ ਕਰਨਾ ਚਾਹੁੰਦਾ ਹੈ? ਸਰਕਾਰ, ਪੁਲਿਸ-ਤੰਤਰ ਅਤੇ ਅਜਮੇਰ ਸਿੰਘ ਦੇ ਹਿਤ ਸਾਂਝੇ ਕਿਉਂ ਹਨ?
ਅਜਮੇਰ ਸਿੰਘ ਦਾ ਰਵੱਈਆ ਵਿਦਵਾਨ ਵਾਲਾ ਨਹੀਂ, ਡੇਰੇਦਾਰ ਵਾਲਾ ਹੈ। ਉਹ ਖੁਦ ਕਿਸੇ ਨਾਲ ਸੰਵਾਦ ਵਿਚ ਨਹੀਂ ਆਉਂਦਾ ਅਤੇ ਉਸ ਦੇ ਸ਼ਰਧਾਲੂ ਹਰ ਸੁਆਲ ਕਰਨ ਵਾਲੇ ਦੀ ਕਿਰਦਾਰਕੁਸ਼ੀ ਕਰਦੇ ਹਨ। ਮੇਰੇ ਖਿਲਾਫ ਅਜਮੇਰ ਸਿੰਘ ਦੇ ਹਮਾਇਤੀਆਂ ਨੇ ਇੱਕ ਮੁੱਦਾ ਇਹ ਚੁੱਕਿਆ ਕਿ ਮੈਂ ਹਮੇਸ਼ਾ ਹੀ ਕਿਸੇ ਨਾ ਕਿਸੇ ਦਾ ਵਿਰੋਧ ਕਰਦਾ ਰਹਿੰਦਾ ਹਾਂ। ਜਦੋਂ ਕਿ ਸੱਚਾਈ ਇਹ ਹੈ ਕਿ ਮੈਂ ਲਿਖਦਾ ਹੀ ਬਹੁਤ ਘੱਟ ਹਾਂ। ਮੈਂ ਆਪਣਾ ਸਾਰਾ ਸਮਾਂ ਸਾਹਿਤ, ਫਲਸਫੇ ਅਤੇ ਇਤਿਹਾਸ ਬਾਰੇ ਆਪਣੀ ਖੋਜ ਵਿਚ ਲਾਉਂਦਾ ਹਾਂ। ਅਜਮੇਰ ਸਿੰਘ ਦੀਆਂ ਕਿਤਾਬਾਂ 2003 ਤੋਂ ਜ਼ੋਰ-ਸ਼ੋਰ ਨਾਲ ਛਪ ਰਹੀਆਂ ਹਨ। ਪਰ ਮੈਂ ਹੁਣ ਤੱਕ ਕੁਝ ਇੱਕ ਵਾਰ, ਕੁਝ ਖਾਸ ਮੁੱਦਿਆਂ ‘ਤੇ ਹੀ, ਉਸ ਦੀ ਆਲੋਚਨਾ ਕੀਤੀ ਹੈ: ਪਹਿਲੀ ਵਾਰ ਜਦੋਂ ਉਸ ਨੇ ਖਾਲਿਸਤਾਨੀਆਂ ਨੂੰ ḔਡਿਸਗਸਟਿੰਗḔ ਕਿਹਾ, ਦੂਜੀ ਵਾਰ ਜਦੋਂ ਉਸ ਨੇ ਸਰਬੱਤ ਖਾਲਸਾ ਦਾ ਵਿਰੋਧ ਕੀਤਾ ਤੇ ਤੀਜੀ ਵਾਰ ਜਦੋਂ ਉਸ ਨੇ ਬਰਗਾੜੀ ਮੋਰਚੇ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ। ਪਾਠਕ ਆਪ ਸੋਚਣ ਕਿ ਇਨ੍ਹਾਂ ਤਿੰਨਾਂ ਵਿਚੋਂ ਕਿਹੜਾ ਮੁੱਦਾ ਬੇਲੋੜਾ ਸੀ ਜਾਂ ਮੈਂ ਕਿਵੇਂ ਗਲਤ ਸੀ? ਪੰਜਾਬ ਅਸੈਂਬਲੀ ਬਾਰੇ ਮੇਰਾ ਲੇਖ ਕੋਈ ਤਿੰਨ ਸਾਲ ਦੇ ਵਕਫੇ ਤੋਂ ਬਾਅਦ ਛਪਿਆ ਪਹਿਲਾ ਲੇਖ ਸੀ। ਇਹ ਲੇਖ ਵੀ ਮੈਂ ਇਸ ਲਈ ਲਿਖਿਆ ਕਿਉਂਕਿ ਮੇਰੀ ਸਮਝ ਸੀ ਕਿ ਜਾਣੇ-ਅਣਜਾਣੇ ਸਿੱਖਾਂ ਦੀਆਂ ਕੁਝ ਧਿਰਾਂ ਵੱਲੋਂ ਬਰਗਾੜੀ ਮੋਰਚੇ ਦੇ ਸਮਾਨੰਤਰ ਸ਼ੁਰੂ ਕੀਤਾ ਕੋਈ ਵੀ ਸਿਆਸੀ ਅਮਲ ਇਸ ਵੇਲੇ ਸਿੱਖਾਂ ਲਈ ਮਾਰੂ ਸਾਬਤ ਹੋ ਸਕਦਾ ਹੈ। ਇਸ ਲੇਖ ਵਿਚ ਮੈਂ ਅਜਮੇਰ ਸਿੰਘ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਕੀਤਾ ਸੀ। ਇਸ ਤੋਂ ਬਾਅਦ ਆਏ ਦੂਜੇ ਲੇਖ ਵਿਚ ਮੈਂ ਆਪਣੇ ਵਿਸ਼ਲੇਸ਼ਣ ਨੂੰ ਵਿਸਥਾਰ ਦਿੱਤਾ ਸੀ। ਮੈਂ ਜੋ ਸਹੀ ਸਮਝਿਆ, ਲਿਖ ਦਿੱਤਾ ਕਿਉਂਕਿ ਮੇਰੇ ਲਈ ਅਜਮੇਰ ਸਿੰਘ ਕੋਈ ਪਵਿੱਤਰ ਬੁੱਤ ਨਹੀਂ ਜਿਸ ਵੱਲ ਉਂਗਲ ਨਹੀਂ ਚੁੱਕੀ ਜਾ ਸਕਦੀ। ਪਰ ਅਜਮੇਰ ਸਿੰਘ ਦੇ ਹਮਾਇਤੀ ਵੀ ਪੰਥਕ ਕਹਾਉਂਦੇ ਹਨ, ਉਹ ਇਨ੍ਹਾਂ ਮੁੱਦਿਆਂ ਬਾਰੇ ਕਿਉਂ ਨਹੀਂ ਬੋਲਦੇ? ਉਨ੍ਹਾਂ ਦੇ ਆਪਣੇ ਕੀ ਸਰੋਕਾਰ ਹਨ?
ਅਜਮੇਰ ਸਿੰਘ ਬਾਰੇ ਬੁਨਿਆਦੀ ਸੁਆਲ ਹੈ ਕਿ ਕੀ ਉਹ ਸਿੱਖਾਂ ਦੇ ਆਜ਼ਾਦ ਪ੍ਰਭੂਸੱਤਾ ਸੰਪੰਨ ਮੁਲਕ ਹਾਸਲ ਕਰਨ ਦੇ ਨਿਸ਼ਾਨੇ ਨਾਲ ਸਹਿਮਤ ਹੈ ਜਾਂ ਸਾਡੇ ਸੰਘਰਸ਼ ਨੂੰ ਆਪਣੇ ਮਨਸੂਬਿਆਂ ਦੀ ਪੂਰਤੀ ਲਈ ਵਰਤਣਾ ਚਾਹੁੰਦਾ ਹੈ? ਅਜੇ ਤੱਕ ਉਸ ਨੇ ਆਪਣੇ ਮੂੰਹੋਂ ਇੱਕ ਵਾਰ ਵੀ ਸਿੱਖਾਂ ਦੇ ਆਜ਼ਾਦ ਪ੍ਰਭੂਸੱਤਾ ਸੰਪੰਨ ਮੁਲਕ ਖਾਲਿਸਤਾਨ ਦੇ ਨਿਸ਼ਾਨੇ ਦੀ ਸਪੱਸ਼ਟ ਪ੍ਰੋੜ੍ਹਤਾ ਨਹੀਂ ਕੀਤੀ, ਜਦੋਂ ਕਿ ਵਿਰੋਧਤਾ ਕਈ ਵਾਰ ਕੀਤੀ ਹੈ। ਇਸ ਦੇ ਬਾਵਜੂਦ ਜੇ ਅਜਮੇਰ ਸਿੰਘ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਹਰ ਗੱਲ ਸਹੀ ਲਗਦੀ ਹੈ ਤਾਂ ਸੋਚਣ ਦੀ ਲੋੜ ਹੈ ਕਿ ਆਖਰ ਉਸ ਦੇ ਸਮਰਥਕਾਂ ਦੀਆਂ ਕੀ ਸੀਮਾਵਾਂ ਹਨ? ਮੈਂ ਅਜਮੇਰ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਨ ਦੇ ਖਿਲਾਫ ਨਹੀਂ ਹਾਂ, ਬੱਸ ਉਸ ਪ੍ਰਤੀ ਪੈਦਾ ਹੋਈ ਅੰਨ੍ਹੀ ਸ਼ਰਧਾ ਕਰਕੇ ਫੈਲੀ ਨਾਸਮਝੀ ਨੂੰ ਇੱਕ ਚਿੰਤਾਜਨਕ ਵਰਤਾਰੇ ਵਜੋਂ ਵੇਖਦਾ ਹਾਂ। ਮੈਂ ਉਸ ਦੀਆਂ ਲਿਖਤਾਂ ਪੜ੍ਹੀਆਂ ਹਨ, ਪਰ ਗਿਆਨ ਦੇ ਇੱਕੋ-ਇੱਕ ਤੇ ਅੰਤਮ ਸਰੋਤ ਵਜੋਂ ਨਹੀਂ, ਸਗੋਂ ਇਹ ਸਮਝਣ ਲਈ ਕਿ ਇੱਕ ਸਾਬਕਾ ਨਕਸਲੀ ਸਾਡੀ ਲਹਿਰ ਵਿਚ ਕਿਸ ਮਨਸ਼ਾ ਤਹਿਤ ਆਇਆ ਹੈ?
ਬਿਹਤਰ ਹੈ, ਅਜਮੇਰ ਸਿੰਘ ਤੋਂ ਪ੍ਰਭਾਵਿਤ ਹੋਏ ਨੌਜੁਆਨ ਵੀ ਗੰਭੀਰ ਅਧਿਐਨ ਦੇ ਰਾਹ ਪੈਣ। ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਜਾਂ ਮਸਲਿਆਂ ਨੂੰ ਸਮਝਣ ਲਈ, ਅਜਮੇਰ ਸਿੰਘ ਦੀਆਂ ਕਿਤਾਬਾਂ ਦੇ ਪੱਧਰ ਦੀਆਂ ਲਿਖਤਾਂ ਕਾਫੀ ਨਹੀਂ। ਇਹਦੇ ਲਈ ਘੱਟੋ-ਘੱਟ ਉਨ੍ਹੀਵੀਂ ਸਦੀ ਦੇ ਸ਼ੁਰੂ ਤੋਂ ਅੱਜ ਤੱਕ ਦੇ ਫਲਸਫਾਨਾ, ਇਤਿਹਾਸਕ, ਰਾਜਨੀਤਕ, ਅਤੇ ਹੋ ਸਕੇ ਤਾਂ ਸਾਹਿਤਕ ਬਿਰਤਾਂਤਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ; ਜਾਂ ਘੱਟੋ-ਘੱਟ ਉਨ੍ਹਾਂ ਨਾਲ ਵਾਬਸਤਗੀ ਤਾਂ ਰੱਖਣੀ ਹੀ ਚਾਹੀਦੀ ਹੈ। ਅਜਮੇਰ ਸਿੰਘ ਨੂੰ ਉਪਰੋਕਤ ਚਿੰਤਨ-ਧਾਰਾਵਾਂ ਦੀ ਬੁਨਿਆਦੀ ਜਾਣਕਾਰੀ ਨਹੀਂ ਹੈ। ਇਸ ਲਈ ਉਸ ਦੀਆਂ ਲਿਖਤਾਂ ਗਿਆਨ ਦਾ ਅੰਤਿਮ ਸਰੋਤ ਨਹੀਂ ਬਣ ਸਕਦੀਆਂ।
ਅਜਮੇਰ ਸਿੰਘ ਦੇ ਗਿਆਨ ਦੇ ਖਿਲਾਰੇ ਵਿਚੋਂ ਉਪਜੀਆਂ ਅੱਧੀ ਦਰਜਨ ਕਿਤਾਬਾਂ ਵਿਚਲੇ ਅੰਤਰ-ਵਿਰੋਧਾਂ ਅਤੇ ਸਿਧਾਂਤਕ ਕਚਿਆਈਆਂ ਦੀ ਗੱਲ ਕਰਨੀ ਹੋਵੇ ਤਾਂ ਗੱਲ ਇੱਕ-ਅੱਧੇ ਲੇਖ ‘ਚ ਸਮੇਟਣੀ ਵੀ ਔਖੀ ਹੈ। ਪਰ ਜੇ ਅਜਮੇਰ ਸਿੰਘ ਸੰਵਾਦ ਲਈ ਰਾਜ਼ੀ ਹੋਵੇ ਤਾਂ ਮੈਂ ਉਸ ਦੀਆਂ ਕਿਤਾਬਾਂ ‘ਤੇ ਹਵਾਲਿਆਂ ਸਹਿਤ ਲੇਖ ਲਿਖ ਕੇ ਵਿਚਾਰ ਕਰਨ ਲਈ ਤਿਆਰ ਹਾਂ। ਜੇ ਨਹੀਂ, ਤਾਂ ਮੈਂ ਇਹ ਬਹਿਸ ਇੱਥੇ ਹੀ ਬੰਦ ਕਰਦਾ ਹਾਂ ਤੇ ਅਜਮੇਰ ਸਿੰਘ ਆਪਣੀ ਜਿੱਤ ਦਾ ਜਸ਼ਨ ਮਨਾ ਲਵੇ। ਪਾਠਕ ਧਿਆਨ ਦੇਣ ਕਿ ਅਜਮੇਰ ਸਿੰਘ ਸੰਵਾਦ ਤੋਂ ਪਿੱਠ ਮੋੜਦਾ ਹੈ ਤੇ ਰੌਲੇ-ਰੱਪੇ ਰਾਹੀਂ ਹਰ ਸੁਆਲ ਪੁੱਛਣ ਵਾਲੇ ਨੂੰ ਜਿੱਚ ਹੁੰਦੇ ਵੇਖਦਾ ਹੈ। ਸਾਨੂੰ ਸੋਚਣ ਦੀ ਲੋੜ ਹੈ ਕਿ ਉਪਰੋਕਤ ਰਵੱਈਆ ਸਾਨੂੰ ਕਿੱਧਰ ਨੂੰ ਲਿਜਾ ਰਿਹਾ ਹੈ।
ਅੱਜ ਸਿੱਖਾਂ ਦਾ ਮੁਖ ਸੰਕਟ ਕਾਬਲ ਤੇ ਪ੍ਰਤੀਬੱਧ ਆਗੂਆਂ ਦੇ ਨਵੇਂ ਪੋਚ ਦੀ ਅਣਹੋਂਦ ਹੈ। ਸਰਬੱਤ ਖਾਲਸਾ ਅਤੇ ਬਰਗਾੜੀ ਮੋਰਚੇ ਤੋਂ ਬਾਅਦ ਕੌਮ ਅੰਦਰ ਜਾਨਦਾਰ ਜਨਤਕ ਉਭਾਰ ਪੈਦਾ ਹੋਇਆ ਹੈ। ਦੁੱਖ ਦੀ ਗੱਲ ਹੈ ਕਿ ਇਸ ਉਭਾਰ ਨੂੰ ਸੰਗਠਿਤ ਸਿਆਸੀ ਲਹਿਰ ਦੇ ਰੂਪ ਵਿਚ ਅਗਾਂਹ ਤੋਰਨ ਲਈ ਲੋੜੀਂਦੇ ਆਗੂ ਨਜ਼ਰ ਨਹੀਂ ਆ ਰਹੇ। 1996 ਤੋਂ ਬਾਅਦ ਪੰਥਕ ਹਲਕਿਆਂ ਵਿਚ ਸ਼ੁਰੂ ਹੋਈ ਨਵੀਂ ਸਫਬੰਦੀ ਵਿਚੋਂ ਅੱਜ ਤੱਕ ਬਹੁਤ ਕੁਛ ਪੈਦਾ ਹੋ ਸਕਦਾ ਸੀ। ਪਰ ਉਦੋਂ ਤੋਂ ਹੀ ਅਜਮੇਰ ਸਿੰਘ ਦਾ ਮੁੱਖ ਨੀਤੀਵਾਨ ਦੇ ਤੌਰ ‘ਤੇ ਸਾਰੇ ਸਿਆਸੀ ਅਮਲ ‘ਤੇ ਕਾਬੂ ਹੈ। ਦੋ ਦਹਾਕਿਆਂ ਤੋਂ ਅਜਮੇਰ ਸਿੰਘ ਨੇ ਚੰਗੇ ਬੌਧਿਕ, ਸਿਆਸੀ ਅਤੇ ਵਿਦਿਆਰਥੀ ਆਗੂ ਪੈਦਾ ਕਰਨ ਲਈ ਲੋੜੀਂਦਾ ਮਾਹੌਲ ਹੀ ਨਹੀਂ ਬਣਨ ਦਿੱਤਾ। ਅਜਮੇਰ ਸਿੰਘ ਨਿੱਕੇ ਦਾਇਰੇ ਦਾ ਵੱਡਾ ਵਿਦਵਾਨ ਹੈ। ਸਿੱਖ ਆਗੂਆਂ ਅਤੇ ਨੌਜੁਆਨਾਂ ਨੂੰ ਸਮਝਣ ਦੀ ਲੋੜ ਹੈ ਕਿ ਐਨੀ ਸੀਮਤ ਦੁਨੀਆਂ ਤੱਕ ਸਿਮਟ ਜਾਣਾ ਸਾਡੀ ਚੋਣ ਨਹੀਂ ਹੋ ਸਕਦੀ। ਇਹ ਤਾਂ ਜ਼ਿੰਦਗੀ ਤੋਂ ਹਾਰ ਮੰਨ, ਮੌਤ ਦੀ ਉਡੀਕ ਕਰਦਿਆਂ, ਅੰਤਲੀਆਂ ਘੜੀਆਂ ਖੁਸ਼ੀ ਨਾਲ ਬਿਤਾਉਣ ਵਰਗੀ ਗੱਲ ਹੈ। ਅਜਿਹੇ ਸੁਪਨ-ਸੰਸਾਰ ਨਾਲੋਂ ਤਲਖ ਆਲੋਚਨਾ ਦੀ ਜ਼ਹਿਰ ਚੰਗੀ ਹੈ। ਜਿਵੇਂ ਮਹਿਬੂਬ ਸਾਹਿਬ ਨੇ ਕਿਹਾ ਹੈ:
ਵਿਸੁ ਵਿਸ਼ਵ ਦੀ ਭਰਕੇ ਨਾਗੋ
ਫਣਾਂ ‘ਚ ਰੋਹ ਨੂੰ ਬਾਲੋ,
ਜ਼ਰਾ ਏਸ ਸੁਪਨੇ ਦੀ ਸ਼ੀਰੀਂ
ਕੌੜੇ ਡੰਗ ਨਾ’ ਟੁੱਟੇ।
(ਝਨਾਂ ਦੀ ਰਾਤ, ਪੰਨਾ 47)