ਭੁੱਖ ਦੇ ਮਾਰੇ ਲੋਕਾਂ ਨੂੰ ਧਰਮ ਦਾ ਝੰਡਾ ਚੁਕਾਉਣ ਲੱਗੀ ਹੈ ਭਾਜਪਾ

-ਜਤਿੰਦਰ ਪਨੂੰ
ਅਗਲੀਆਂ ਲੋਕ ਸਭਾ ਚੋਣਾਂ ਹੋਣ ਵਿਚ ਬਹੁਤਾ ਸਮਾਂ ਨਹੀਂ ਰਹਿ ਗਿਆ। ਮਿਥੇ ਸਮੇਂ ਮੁਤਾਬਕ ਤਾਂ ਫਰਵਰੀ ਵਿਚ ਇਸ ਦਾ ਨੋਟੀਫਿਕੇਸ਼ਨ ਜਾਰੀ ਹੋਣਾ ਅਤੇ ਉਸੇ ਦਿਨ ਤੋਂ ਕੁਝ ਰਾਜਾਂ ਵਿਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਜਾਣਾ ਬਣਦਾ ਹੈ। ਉਸ ਹਿਸਾਬ ਨਾਲ ਸਰਗਰਮੀ ਚੱਲ ਪਈ ਨਜ਼ਰ ਆਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ਇਸ ਵਕਤ ਅਗਲੀਆਂ ਚੋਣਾਂ ਲਈ ਸਮੁੱਚਾ ਹੋਮ-ਵਰਕ ਕਰਨ ਤੇ ਅਜੇ ਤੱਕ ਅੜੇ ਹੋਏ ਲੁਕਵੇਂ ਏਜੰਡੇ ਨੂੰ ਲਾਗੂ ਕਰਨ ਦੇ ਗੇਅਰ ਵਿਚ ਪੈ ਚੁਕੀ ਹੈ। ਕਾਂਗਰਸ ਪਾਰਟੀ ਦਾ ਕੋੜਮਾ ਅਜੇ ਤੱਕ ਵੀ ਅੱਕੀਂ-ਪਲਾਹੀਂ ਹੱਥ ਮਾਰਦਾ ਫਿਰ ਰਿਹਾ ਹੈ।

ਉਨ੍ਹਾਂ ਦਾ ਪ੍ਰਧਾਨ ਰਾਹੁਲ ਗਾਂਧੀ ਪਹਿਲਾਂ ਤੋਂ ਸਿਆਣਾ ਹੋ ਕੇ ਵੀ ਅਜੇ ਸਥਿਤੀ ਦੇ ਹਾਣ ਦਾ ਸਾਬਤ ਨਹੀਂ ਹੋ ਰਿਹਾ।
ਜਿੱਥੋਂ ਤੱਕ ਨਵੇਂ ਸਾਲ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਲੁਕਵਾਂ ਏਜੰਡਾ ਲਾਗੂ ਕਰਨ ਦੀ ਗੱਲ ਹੈ, ਉਸ ਵਿਚ ਇਸ ਵੇਲੇ ਸਭ ਤੋਂ ਵੱਡਾ ਕੰਮ ਸ਼ਹਿਰਾਂ ਦੇ ਨਾਂਵਾਂ ਦੇ ਬਹਾਨੇ ਹਿੰਦੂਕਰਨ ਦੀ ਉਹ ਲਹਿਰ ਸਿਰੇ ਉਤੇ ਪੁਚਾਉਣ ਵਾਲਾ ਹੈ, ਜੋ ਇੱਕ ਵਾਰੀ ਚੱਲ ਪਿਆ ਤਾਂ ਚੋਣਾਂ ਵਿਚ ਵਰਤਿਆ ਜਾ ਸਕਦਾ ਹੈ। ਉਤਰ ਪ੍ਰਦੇਸ਼ ਦੇ ਅਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਕੀਤੇ ਜਾਣ ਨਾਲ ਖੇਡ ਸ਼ੁਰੂ ਹੋਈ ਤੇ ਫੈਜ਼ਾਬਾਦ ਜ਼ਿਲੇ ਦਾ ਨਾਂ ਬਦਲ ਕੇ ਅਯੁੱਧਿਆ ਕਰਨ ਤੱਕ ਪਹੁੰਚ ਗਈ। ਅਯੁੱਧਿਆ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਚੋਣ ਉਠਾਣ ਦਾ ਉਸ ਵੇਲੇ ਤੋਂ ਮੁੱਖ ਕੇਂਦਰ ਬਣਿਆ ਰਿਹਾ ਹੈ, ਜਦੋਂ ਰਾਜੀਵ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਹੂੰਝਾ ਫੇਰਨ ਵਿਚ ਸਫਲ ਰਹੀ ਸੀ ਤੇ ਭਾਜਪਾ ਨੂੰ ਸਿਰਫ ਦੋ ਸੀਟਾਂ ਮਿਲੀਆਂ ਸਨ। ਉਸ ਪਿਛੋਂ ਭਾਜਪਾ ਨੇ ਬਾਬਰੀ ਮਸਜਿਦ ਢਾਹੁਣ ਤੇ ਰਾਮ ਮੰਦਿਰ ਬਣਾਉਣ ਲਈ ਰਾਮ-ਰੱਥ ਤੋਰਿਆ ਤਾਂ ਸਿੱਟੇ ਵਜੋਂ ਦੂਜੀ ਵਾਰੀ 86 ਸੀਟਾਂ ਅਤੇ ਤੀਜੀ ਵਾਰੀ 119 ਜਿੱਤਣ ਮਗਰੋਂ ਚੌਥੀ ਵਾਰੀ 182 ਸੀਟਾਂ ਜਿੱਤ ਕੇ ਪਹਿਲੀ ਵਾਰੀ 13 ਦਿਨ ਇਸ ਦੇਸ਼ ਦੀ ਸਰਕਾਰ ਸਾਂਭਣ ਤੱਕ ਦੀ ਮੱਲ ਮਾਰਨ ਜੋਗੀ ਹੋ ਗਈ ਸੀ। ਉਦੋਂ ਤੋਂ ਉਸ ਦੀ ਰਾਜਨੀਤੀ ਅਯੁੱਧਿਆ ਦੁਆਲੇ ਘੁੰਮਦੀ ਹੈ।
ਫੈਜ਼ਾਬਾਦ ਜ਼ਿਲਾ ਬਹੁਤ ਪੁਰਾਣਾ ਸੀ ਤੇ ਅਯੁੱਧਿਆ ਉਸ ਜ਼ਿਲੇ ਦਾ ਸਭ ਤੋਂ ਵੱਡਾ ਕਸਬਾ ਸੀ, ਜਿੱਥੇ ਪਿਛਲੇ ਹਫਤੇ ਉਤਰ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸਰਕਾਰ ਨੇ ਪਲਟੀ ਮਾਰ ਕੇ ਅਯੁੱਧਿਆ ਨੂੰ ਜ਼ਿਲਾ ਬਣਾਇਆ ਤੇ ਉਸ ਕਸਬੇ ਤੋਂ ਵੱਡੇ ਸ਼ਹਿਰ ਫੈਜ਼ਾਬਾਦ ਨੂੰ ਉਸ ਦਾ ਹਿੱਸਾ ਬਣਾਉਣ ਦਾ ਐਲਾਨ ਕਰ ਦਿੱਤਾ। ਅਸੀਂ ਬਹੁਤ ਸਾਰੇ ਲੋਕਾਂ ਬਾਰੇ ਇਹ ਗੱਲ ਜਾਣਦੇ ਹਾਂ ਕਿ ਉਹ ਭਾਜਪਾ ਸਰਕਾਰ ਖਿਲਾਫ ਹਨ, ਪਰ ਅਯੁੱਧਿਆ ਮਾਮਲੇ ਵਿਚ ਉਸ ਦੇ ਨਾਲ ਖੜੋ ਜਾਂਦੇ ਹਨ।
ਇਨ੍ਹਾਂ ਦੋਹਾਂ ਸ਼ਹਿਰਾਂ ਦੇ ਨਾਂ ਬਦਲਣ ਨਾਲ ਇੱਕ ਤਜਰਬਾ ਕੀਤਾ ਗਿਆ ਹੈ, ਜਿਸ ਦਾ ਵਿਰੋਧ ਹੋਣ ਦੀ ਥਾਂ ਮੋਟੇ ਤੌਰ ‘ਤੇ ਲੋਕਾਂ ਨੇ ਜਿਸ ਤਰ੍ਹਾਂ ਚੁੱਪ ਕਰ ਕੇ ਹਜ਼ਮ ਕਰ ਲਿਆ, ਉਸ ਨਾਲ ਕਈ ਹੋਰ ਥਾਂਵਾਂ ਤੋਂ ਇਹ ਮੰਗ ਉਠਣ ਲੱਗ ਪਈ ਹੈ। ਇਸ ਵਕਤ ਸਭ ਤੋਂ ਉਭਰਵੀਂ ਮੰਗ ਗੁਜਰਾਤ ਦੇ ਸਭ ਤੋਂ ਵੱਡੇ ਸ਼ਹਿਰ ਅਹਿਮਦਾਬਾਦ ਦਾ ਨਾਂ ਬਦਲਣ ਅਤੇ ਇਸ ਦਾ ਨਵਾਂ ਨਾਂ ਕਰਨਾਵਤੀ ਰੱਖਣ ਲਈ ਹੋਈ ਹੈ। ਉਥੇ ਰਾਜ ਸਰਕਾਰ ਇਸ ਨੂੰ ਛੇਤੀ ਸਿਰੇ ਚਾੜ੍ਹਨ ਲਈ ਤਿਆਰ ਹੋਈ ਪਈ ਹੈ ਤੇ ਸ਼ਾਇਦ ਇਸ ਹਫਤੇ ਇਹ ਕੰਮ ਹੋ ਵੀ ਜਾਵੇਗਾ।
ਇਸ ਦੌਰਾਨ ਮੁਜ਼ੱਫਰਨਗਰ ਦੇ ਦੰਗਿਆਂ ਵੇਲੇ ਸਭ ਤੋਂ ਵੱਧ ਬਦਨਾਮੀ ਖੱਟਣ ਵਾਲਾ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਦੇ ਮੰਚ ਉਤੇ ਝਲਕ ਦਿਖਾ ਚੁਕਾ ਭਾਜਪਾ ਵਿਧਾਇਕ ਸੰਗੀਤ ਸੋਮ ਵੀ ਝੰਡਾ ਚੁੱਕ ਖੜੋਤਾ ਹੈ। ਉਹ ਜਿਸ ਸਰਧਨਾ ਵਿਧਾਨ ਸਭਾ ਹਲਕੇ ਦਾ ਵਿਧਾਇਕ ਹੈ, ਉਸ ਦਾ ਨਵਾਂ ਨਾਂ ਲਕਸ਼ਮੀ ਨਗਰ ਰੱਖਣ ਦੀ ਮੰਗ ਉਠਾਈ ਗਈ ਹੈ। ਆਗਰੇ ਵਿਚ ਭਾਜਪਾ ਵਿਧਾਇਕ ਜਗਨ ਪ੍ਰਸਾਦ ਗਰਗ ਕਹਿੰਦਾ ਹੈ ਕਿ ਇਸ ਦਾ ਨਵਾਂ ਨਾਂ ਅਗਰਾਵਾਨ ਰੱਖਣਾ ਚਾਹੀਦਾ ਹੈ। ਉਤਰ ਪ੍ਰਦੇਸ਼ ਦੇ ਅਲੀਗੜ੍ਹ ਨੂੰ ਹਰੀਨਗਰ ਬਣਾਉਣ ਦੀ ਮੰਗ ਵੀ ਉਠ ਪਈ ਹੈ। ਇੱਕ ਹੋਰ ਭਾਜਪਾ ਵਿਧਾਇਕ ਨੇ ਮੰਗ ਕਰ ਦਿੱਤੀ ਹੈ ਕਿ ਬਸਤੀ ਸ਼ਹਿਰ ਦਾ ਨਾਂ ਵੀ ਬਦਲ ਕੇ ਰਿਸ਼ੀ ਵਾਸ਼ਿਸ਼ਟ ਦੇ ਨਾਂ ਉਤੇ ਵਾਸ਼ਿਸ਼ਟ ਨਗਰ ਰੱਖ ਦੇਣਾ ਬਣਦਾ ਹੈ। ਇਹ ਅਸਲ ਵਿਚ ਮੰਗਾਂ ਦੀ ਇੱਕ ਲੰਮੀ-ਚੌੜੀ ਲੜੀ ਹੈ। ਇਸ ਦਾ ਸਬੰਧ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਨਾਲ ਹੈ।
ਉਂਜ ਸਾਡੇ ਲੋਕ ਬੜੀ ਛੋਟੀ ਯਾਦਦਾਸ਼ਤ ਵਾਲੇ ਹਨ। ਹਾਲੇ ਚਾਰ ਸਾਲ ਨਹੀਂ ਹੋਏ, ਜਦੋਂ ਹਰਿਆਣਾ ਵਿਚ ਭਾਜਪਾ ਸਰਕਾਰ ਬਣਦੇ ਸਾਰ ਗੁੜਗਾਉਂ ਦਾ ਨਾਂ ਬਦਲ ਕੇ ‘ਗੁਰੂ ਗ੍ਰਾਮ’ ਰੱਖਿਆ ਗਿਆ ਸੀ। ਪੁੱਛਣ ਉਤੇ ਦੱਸਿਆ ਗਿਆ ਕਿ ਕੌਰਵਾਂ ਤੇ ਪਾਂਡਵਾਂ ਨੂੰ ਤੀਰਅੰਦਾਜ਼ੀ ਦੀ ਸਿੱਖਿਆ ਦੇਣ ਵਾਲੇ ਪ੍ਰਸਿੱਧ ਗੁਰੂ ਦਰੋਣਾਚਾਰੀਆ ਦਾ ਆਸ਼ਰਮ ਇਸ ਥਾਂ ਹੁੰਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਦੀ ਵਿਰਾਸਤ ਵਿਚ ਗੁਰੂ ਦਰੋਣਾਚਾਰੀਆ ਦੀ ਬਹੁਤ ਵੱਡੀ ਦੇਣ ਹੋਣ ਕਰ ਕੇ ਉਸ ਦਾ ਨਾਂ ਇਸ ਸ਼ਹਿਰ ਨਾਲ ਜੋੜ ਦਿੱਤਾ ਗਿਆ ਹੈ।
ਇਹ ਗੱਲ ਮੰਨ ਲਈ ਜਾਵੇ ਤਾਂ ਸਵਾਲ ਉਠਦਾ ਹੈ ਕਿ ਜਿਸ ਗੁਰੂ ਦਰੋਣਾਚਾਰੀਆ ਦੀ ਏਨੀ ਮਹਿਮਾ ਦੱਸੀ ਜਾਂਦੀ ਹੈ, ਉਸ ਕੋਲ ਦਲਿਤ ਪਰਿਵਾਰ ਦਾ ਬੱਚਾ ਏਕਲਵਿਆ ਵੀ ਗਿਆ ਸੀ ਤੇ ਅਰਜ਼ ਕੀਤੀ ਸੀ ਕਿ 100 ਅਤੇ 5 ਨੌਜਵਾਨ ਮਿਲਾ ਕੇ ਜਿੱਥੇ 105 ਨੂੰ ਸਿੱਖਾ ਰਹੇ ਹੋ, ਗਰੀਬੜੇ ਨੂੰ ਵੀ ਨਾਲ ਸਿਖਾਈ ਜਾਓ। ਮਹਾਨ ਦੱਸੇ ਜਾਂਦੇ ਇਸ ਗੁਰੂ ਨੇ ਉਸ ਨੂੰ ਝਿੜਕ ਕੇ ਭਜਾ ਦਿੱਤਾ ਸੀ। ਉਸ ਬੱਚੇ ਦੀ ਦੀਨਗੀ ਦੀ ਹੱਦ ਕਿ ਉਸ ਨੇ ਬਾਹਰ ਜਾ ਕੇ ਇਸੇ ਗੁਰੂ ਦਰੋਣਾਚਾਰੀਆ ਦੀ ਮਿੱਟੀ ਦੀ ਮੂਰਤੀ ਬਣਾਈ ਤੇ ਉਸ ਨੂੰ ਪ੍ਰਣਾਮ ਕਰਨ ਪਿੱਛੋਂ ਤੀਰ ਚਲਾਉਣ ਦੀ ਪ੍ਰੈਕਟਿਸ ਕਰਨ ਲੱਗ ਪਿਆ। ਜਿਸ ਦਿਨ ਅਰਜਨ ਦੇ ਮੁਕਾਬਲੇ ਉਸ ਦੀ ਤੀਰ ਅੰਦਾਜ਼ੀ ਕਲਾ ਵਧੇਰੇ ਤਿੱਖੀ ਵੇਖੀ ਤਾਂ ਗੁਰੂ ਦਰੋਣਾਚਾਰੀਆ ਨੇ ਉਸ ਦੇ ਗੁਰੂ ਬਾਰੇ ਪੁੱਛ ਲਿਆ ਤੇ ਜਦੋਂ ਮੁੰਡੇ ਨੇ ਦੱਸਿਆ ਕਿ ਗੁਰੂ ਉਹ ਦਰੋਣਾਚਾਰੀਆ ਨੂੰ ਹੀ ਮੰਨ ਕੇ ਸਿੱਖਦਾ ਰਿਹਾ ਹੈ ਤਾਂ ਦਰੋਣਾਚਾਰੀਆ ਨੂੰ ਇਸ ਨਾਲ ਖੁਸ਼ੀ ਨਹੀਂ ਸੀ ਹੋਈ, ਈਰਖਾ ਜਾਗ ਪਈ ਸੀ। ਉਸ ਨੇ ਮੁੰਡੇ ਨੂੰ ਕਿਹਾ ਕਿ ਜੇ ਮੈਨੂੰ ਗੁਰੂ ਮੰਨਿਆ ਹੈ ਤਾਂ ਮੇਰੀ ਗੁਰੂ-ਦਕਸ਼ਿਣਾ ਦੇਣੀ ਪਵੇਗੀ। ਮੁੰਡੇ ਨੇ ਗੁਰੂ-ਦਕਸ਼ਿਣਾ ਪੁੱਛ ਲਈ। ਅੱਗੋਂ ਗੁਰੂ ਨੇ ਉਸ ਦਾ ਅੰਗੂਠਾ ਮੰਗ ਲਿਆ, ਜਿਸ ਬਿਨਾ ਉਹ ਮੁੰਡਾ ਤੀਰ ਨਹੀਂ ਸੀ ਚਲਾ ਸਕਦਾ। ਬੱਚੇ ਦੀ ਹਿੰਮਤ ਵੇਖੋ ਕਿ ਉਸ ਨੇ ਗੁਰੂ ਦੇ ਕਹੇ ਉਤੇ ਆਪਣਾ ਸੱਜਾ ਅੰਗੂਠਾ ਵੀ ਵੱਢ ਕੇ ਫੜਾ ਦਿੱਤਾ ਸੀ। ਚੇਲਾ ਆਪਣੇ ਵਿਸ਼ਵਾਸ ਦਾ ਪੂਰਾ ਨਿਕਲਿਆ ਤੇ ਗੁਰੂ ਨੇ ਕੂਟਨੀਤੀ ਨੂੰ ਵੀ ਦਾਗ ਲਾ ਦਿੱਤਾ। ਉਸ ਗੁਰੂ ਦੇ ਨਾਂ ਦਾ ਸ਼ਹਿਰ ਹੋ ਗਿਆ।
ਭਾਜਪਾ ਦੇ ਕਿਸੇ ਆਗੂ ਨੂੰ ਇਹ ਖਿਆਲ ਨਹੀਂ ਆਇਆ ਕਿ ਗੁਰੂ ਦਰੋਣਾਚਾਰੀਆ ਦੇ ਨਾਂ ਦਾ ਸ਼ਹਿਰ ਬਣਾ ਦਿੱਤਾ ਤਾਂ ਗਰੀਬ ਬੱਚੇ ਦੇ ਨਾਂ ਦਾ ਕੋਈ ਚੌਕ ਹੀ ਬਣਾ ਦੇਈਏ। ਇਹੋ ਤਾਂ ਵੱਡਾ ਪੇਚ ਹੈ, ਭਾਜਪਾ ਦੀ ਰਾਜਨੀਤੀ ਦਾ। ਜੀ ਹਾਂ, ਇਹੋ ਵੱਡਾ ਤੇ ਸ਼ਾਇਦ ਸਭ ਤੋਂ ਵੱਡਾ ਪੇਚ ਹੈ, ਭਾਜਪਾ ਦੀ ਉਸ ਰਾਜਨੀਤੀ ਦਾ, ਜਿਸ ਨੂੰ ਮੂਹਰੇ ਰੱਖ ਕੇ ਉਹ ਸ਼ਹਿਰਾਂ ਦੇ ਨਾਂ ਬਦਲ ਕੇ ਭੁੱਖ ਦੇ ਮਾਰੇ ਲੋਕਾਂ ਨੂੰ ਧੱਕੇ ਨਾਲ ਧਰਮ ਦਾ ਝੰਡਾ ਚੁਕਾਉਣ ਤੁਰੀ ਹੋਈ ਹੈ।