ਹਰਮਹਿੰਦਰ ਚਾਹਲ ਦਾ ਨਾਵਲ ‘ਕਿਆਮਤ’ ਇਰਾਕ ਦੇ ਛੋਟੇ ਜਿਹੇ ਅਕੀਦੇ/ਕਬੀਲੇ ਜਾਜ਼ੀਦੀ ਨਾਲ ਸਬੰਧਤ ਕੁੜੀ ਆਸਮਾ ਦੇ ਜੀਵਨ ਦੁਆਲੇ ਬੁਣਿਆ ਗਿਆ ਹੈ। ਇਸ ਵਿਚ ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ. ਐਸ਼ ਆਈ. ਐਸ਼) ਦੇ ਦਹਿਸ਼ਤਗਰਦਾਂ ਦੀਆਂ ਜ਼ਿਆਦਤੀਆਂ ਦਾ ਚਿੱਠਾ ਫਰੋਲਿਆ ਗਿਆ ਹੈ। ਇਰਾਕ ਵਿਚ ਸੱਦਾਮ ਹੁਸੈਨ ਦੇ ਜ਼ਮਾਨੇ ਵਿਚ ਇਨ੍ਹਾਂ ਲੋਕਾਂ ‘ਤੇ ਬਹੁਤ ਕਹਿਰ ਵਾਪਰਿਆ, ਪਰ ਆਈ. ਐਸ਼ ਆਈ. ਐਸ਼ ਦੇ ਉਭਾਰ ਪਿਛੋਂ ਤਾਂ ਉਨ੍ਹਾਂ ਉਤੇ ਕਹਿਰ ਦੀ ਹੱਦ ਹੋ ਗਈ, ਜਿਸ ਨੂੰ ਪੜ੍ਹ-ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ।
‘ਪੰਜਾਬ ਟਾਈਮਜ਼’ ਦੇ ਪਾਠਕ ਕੁਝ ਅਰਸਾ ਪਹਿਲਾਂ ਛਪੀ ਚਾਹਲ ਦੀ ਇਕ ਹੋਰ ਲਿਖਤ ‘ਆਫੀਆ ਸਿੱਦੀਕੀ ਦਾ ਜਹਾਦ’ ਪੜ੍ਹ ਚੁਕੇ ਹਨ, ਜੋ ਅੱਜ ਵੀ ਉਨ੍ਹਾਂ ਦੇ ਚੇਤਿਆਂ ਵਿਚ ਖੁਣੀ ਹੋਈ ਹੈ। ਉਹ ਲਿਖਤ ਅਲ-ਕਾਇਦਾ ਨਾਲ ਜੁੜੀ ਅਤੇ ਅਮਰੀਕਾ ਵਿਚ ਪੜ੍ਹਦੀ ਕੁੜੀ ਆਫੀਆ ਸਿੱਦੀਕੀ ਦੇ ਜੀਵਨ ਦੇ ਆਧਾਰ ‘ਤੇ ਸੀ। ਆਫੀਆ ਨੂੰ 2010 ਵਿਚ 86 ਵਰ੍ਹਿਆਂ ਦੀ ਕੈਦ ਹੋਈ ਸੀ, ਉਹ ਅੱਜ ਕੱਲ੍ਹ ਅਮਰੀਕੀ ਜੇਲ੍ਹ ਵਿਚ ਬੰਦ ਹੈ। -ਸੰਪਾਦਕ
ਹਰਮੋਹਿੰਦਰ ਚਾਹਲ
ਫੋਨ: 703-362-3239
ਚਹਅਹਅਲਸ57@ੇਅਹੋ।ਚੋਮ
ਤੁਸੀਂ ਪੜ੍ਹ ਚੁਕੇ ਹੋ…
ਜਾਜ਼ੀਦੀ ਕਬੀਲੇ ਦੇ ਉਜਾੜੇ ਪਿਛੋਂ ਅਤਿਵਾਦੀਆਂ ਦੇ ਹੱਥ ਆਈਆਂ ਕੁੜੀਆਂ ਵਿਚੋਂ ਇਕ ਆਸਮਾ ਨੂੰ ਹੋਰ ਕੁੜੀਆਂ ਨਾਲ ਸੀਰੀਆ ਭੇਜਿਆ ਜਾ ਰਿਹਾ ਹੈ ਪਰ ਉਹ ਕਿਸੇ ਤਰੀਕੇ ਉਨ੍ਹਾਂ ਦੀ ਚੁੰਗਲ ਵਿਚੋਂ ਬਚ ਨਿਕਲਦੀ ਹੈ। ਉਸ ਨੂੰ ਆਪਣੇ ਪਿਛੇ ਛੁੱਟ ਗਏ ਘਰ ਅਤੇ ਘਰ ਦੇ ਜੀਆਂ ਦਾ ਚੇਤਾ ਆਉਂਦਾ ਹੈ ਤੇ ਉਹ ਚੇਤਿਆਂ ਵਿਚ ਆਪਣੇ ਪਿੰਡ ਜਾ ਵੜਦੀ ਹੈ। ਉਸ ਦਾ ਪਿੰਡ ਲਗਾਸ਼ ਭਾਵੇਂ ਇਕ ਪੱਛੜਿਆ ਪਿੰਡ ਸੀ, ਪਰ ਲੋਕ ਸੁਖੀ ਵਸਦੇ ਸਨ। ਫਿਰ ਹਾਲਾਤ ਬਦਲੇ ਤੇ ਸਭ ਕੁਝ ਖਿੰਡ-ਪੁੰਡ ਗਿਆ। ਹੁਣ ਪੜ੍ਹੋ ਇਸ ਤੋਂ ਅੱਗੇ…
(4)
ਵਕਤ ਲੰਘਦਾ ਗਿਆ। ਲਗਾਸ਼ ਦੇ ਲੋਕ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਮੌਜਾਂ ਮਾਣ ਰਹੇ ਸਨ। ਪਹਿਲਾਂ ਪਿੰਡ ਵਿਚ ਮਿਡਲ ਸਕੂਲ ਸੀ ਪਰ ਜਦੋਂ ਨੂੰ ਮੈਂ ਅੱਠਵੀਂ ਪਾਸ ਕੀਤੀ, ਇਥੇ ਹਾਈ ਸਕੂਲ ਬਣ ਗਿਆ। ਜ਼ਾਹਰਾ ਦਸਵੀਂ ਕਰਕੇ ਹਟ ਗਈ। ਮੈਂ ਹਾਈ ਸਕੂਲ ਵਿਚ ਪਹੁੰਚ ਗਈ। ਘਰ ਦੇ ਹਾਲਾਤ ਕਾਫੀ ਚੰਗੇ ਹੋ ਗਏ ਸਨ। ਜਿੰਜ਼ਾਲ ਪੁਲਿਸ ‘ਚ ਭਰਤੀ ਹੋ ਗਿਆ ਤੇ ਉਸ ਦੀ ਪੋਸਟਿੰਗ ਕੁਰਦਸਤਾਨ ਦੀ ਰਾਜਧਾਨੀ ਇਰਬਲ ਵਿਚ ਹੋ ਗਈ। ਉਸ ਦਾ ਵਿਆਹ ਵੀ ਹੋ ਗਿਆ ਪਰ ਉਸ ਦੀ ਪਤਨੀ ਜਿਨਾਲ, ਅਜੇ ਸਾਡੇ ਕੋਲ ਪਿੰਡ ਹੀ ਰਹਿੰਦੀ ਸੀ। ਸਈਅਦ, ਕੁਰਦਸਤਾਨ ਦੀ ਬਾਰਡਰ ਸਿਕਿਉਰਿਟੀ ਫੋਰਸ, ਜਿਸ ਨੂੰ ਪੇਸ਼ਮਰਗਾ ਕਿਹਾ ਜਾਂਦਾ ਸੀ, ਵਿਚ ਨੌਕਰ ਹੋ ਗਿਆ। ਮਸੂਦ ਵੀ ਕੰਮ ‘ਤੇ ਲੱਗ ਗਿਆ। ਮੈਥੋਂ ਵੱਡਾ, ਜਾਲੋ ਮਕੈਨਿਕ ਬਣ ਗਿਆ ਤੇ ਉਹ ਸਿੰਜਾਰ ਵਿਚ ਕਿਸੇ ਮਕੈਨਿਕ ਸ਼ਾਪ ‘ਤੇ ਕੰਮ ਕਰਨ ਲੱਗਾ। ਹੈਂਜ਼ੀ ਨੇ ਪਿੰਡ ਵਿਚ ਪਰਚੂਨ ਦੀ ਹੱਟੀ ਪਾ ਲਈ। ਦਾਊਦ ਖੇਤੀ ਕਰਦਾ ਸੀ। ਖੈਰੀ ਅਜੇ ਵੀ ਭੇਡਾਂ ਹੀ ਚਾਰਦਾ ਸੀ ਤੇ ਉਸ ਨੇ ਆਪਣਾ ਇੱਜੜ ਵਧਾ ਲਿਆ ਸੀ। ਖਾਲਿਦ, ਹਾਜ਼ਮ ਹੋਰੀਂ ਅਜੇ ਛੋਟੇ ਸਨ ਅਤੇ ਉਹ ਦਾਊਦ ਨਾਲ ਖੇਤੀ ‘ਚ ਮਦਦ ਕਰਾਉਂਦੇ ਸਨ। ਸਭ ਤੋਂ ਛੋਟੀ ਨੂਰੀ ਅਜੇ ਬੱਚੀ ਹੀ ਸੀ। ਜ਼ੀਨਤ ਛੋਟੀਆਂ ਜਮਾਤਾਂ ‘ਚ ਪੜ੍ਹਦੀ ਸੀ। ਛੁੱਟੀ ਪਿੱਛੋਂ ਅਸੀਂ ਪਹਿਲਾਂ ਦੀ ਤਰ੍ਹਾਂ ਹੀ ਖੇਤ ਕੰਮ ਕਰਵਾਉਂਦੀਆਂ ਰਹਿੰਦੀਆਂ। ਖੇਤੀ ਵੀ ਵਧੀਆ ਹੁੰਦੀ ਸੀ।
ਹੈਂਜ਼ੀ ਦੀ ਦੁਕਾਨ ਚੰਗੀ ਚੱਲਦੀ ਸੀ। ਸਾਡੀ ਮਾਂ ਸਾਂਝੇ ਟੱਬਰ ਦੀ ਸੂਤਰਧਾਰ ਸੀ। ਇੱਡਾ ਵੱਡਾ ਪਰਿਵਾਰ ਵੀ ਧਾਗੇ ‘ਚ ਪਰੋਏ ਮੋਤੀਆਂ ਵਾਂਗ ਸੀ। ਜਿੰਜ਼ਾਲ ਸਭ ਤੋਂ ਸਿਆਣਾ ਤੇ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਸੀ ਕਿਉਂ ਜੋ ਉਹ ਰਾਜਧਾਨੀ ਵਿਚ ਰਹਿੰਦਾ ਸੀ। ਘਰ ‘ਚ ਦੋ ਕਮਰੇ ਹੋਰ ਪਾ ਲਏ ਸਨ। ਬਹੁਤੇ ਪਿੰਡਾਂ ਵਿਚ ਬਿਜਲੀ ਆ ਗਈ ਸੀ। ਪਰ ਸਾਡੇ ਇਲਾਕੇ ਦੇ ਪਿੰਡ ਹਾਲੇ ਵੀ ਇਸ ਨਿਆਮਤ ਤੋਂ ਵਾਂਝੇ ਸਨ। ਸੁਣਨ ਵਿਚ ਆਇਆ ਸੀ ਕਿ ਸ਼ਹਿਰਾਂ ਵਿਚ ਲੋਕਾਂ ਕੋਲ ਸੈਲ ਫੋਨ ਹਨ। ਪਰ ਸਾਡੇ ਪਿੰਡ ਤਾਂ ਹਾਲੇ ਲੈਂਡ ਲਾਈਨ ਵਾਲਾ ਫੋਨ ਵੀ ਮੁਖਤਾਰ ਤੋਂ ਬਿਨਾ ਹੋਰ ਕਿਸੇ ਦੇ ਘਰ ਨਹੀਂ ਸੀ। ਨਾ ਹੀ ਕਦੇ ਕਿਸੇ ਨੇ ਟੀ. ਵੀ. ਵੇਖਿਆ ਸੀ।
ਮਾਂ ਸਾਡੀ ਉਵੇਂ ਹੀ ਸਵੇਰੇ ਸਵੇਰੇ ਤੰਦੂਰ ‘ਤੇ ਰੋਟੀਆਂ ਪਕਾ ਰਹੀ ਹੁੰਦੀ। ਹੁਣ ਪੰਦਰਾਂ ਕੁ ਦਿਨਾਂ ਬਾਅਦ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ। ਜਦੋਂ ਬਾਹਰਲੇ ਭਰਾਵਾਂ ਨੇ ਆਉਣਾ ਹੁੰਦਾ ਤਾਂ ਉਹ ਫੋਨ ‘ਤੇ ਗੱਲਬਾਤ ਕਰ ਲੈਂਦੇ। ਫਿਰ ਉਨ੍ਹਾਂ ਦੇ ਆਉਣ ਵਾਲੇ ਦਿਨ ਖੈਰੀ ਬੱਕਰਾ ਵੱਢਦਾ। ਮਾਂ ਸੀਖਾਂ ‘ਤੇ ਲਾ ਲਾ ਕੇ ਗੋਸ਼ਤ ਭੁੰਨਦੀ। ਰਾਤ ਵੇਲੇ ਘਰ ਵਿਚ ਰੌਣਕ ਲੱਗ ਜਾਂਦੀ। ਕੁਲ ਮਿਲਾ ਕੇ ਜ਼ਿੰਦਗੀ ਬੜੀ ਅਨੰਦਮਈ ਚੱਲ ਰਹੀ ਸੀ। ਮੌਜਾਂ ਮਾਣਦੇ ਰੱਬ ਦਾ ਸ਼ੁਕਰ ਕਰਦੇ ਸਾਂ। ਸ਼ਾਮੀ ਅੰਮਾ, ਜਾਪਦਾ ਸੀ ਜਿਵੇਂ ਪਹਿਲਾਂ ਜਿਹੀ ਹੀ ਪਈ ਹੋਵੇ। ਉਹ ‘ਖੜੱਪ ਖੜੱਪ’ ਕਰਦੀ ਹਰ ਦੂਜੇ ਤੀਜੇ ਦਿਨ ਆ ਜਾਂਦੀ।
ਇਕ ਦਿਨ ਪਤਾ ਲੱਗਾ, ਮੇਰਾ ਬਾਪ ਬਿਮਾਰ ਹੈ। ਮੇਰੇ ਭਾਈ ਉਸ ਨੂੰ ਸਿੰਜਾਰ ਲੈ ਗਏ। ਉਸ ਨੂੰ ਦਿਲ ਦੀ ਤਕਲੀਫ ਸੀ। ਸ਼ਹਿਰ ਜਾ ਕੇ ਇਕ ਹੋਰ ਦੌਰਾ ਪੈ ਗਿਆ ਤੇ ਉਹ ਸਾਨੂੰ ਛੱਡ ਗਿਆ। ਘਰ ਵਿਚ ਮਾਤਮ ਛਾ ਗਿਆ। ਉਸ ਦੇ ਨੇੜਲਿਆਂ ਨੇ ਕਾਲੇ ਕੱਪੜੇ ਪਹਿਨ ਲਏ। ਜਿਉਂ ਹੀ ਪਿੰਡ ਵਿਚ ਉਸ ਦੀ ਮੌਤ ਦਾ ਪਤਾ ਲੱਗਾ ਤਾਂ ਸਾਰੇ ਪਾਸੇ ਫਾਇਰ ਹੋਣ ਲੱਗੇ। ਪਿੰਡ ਵਾਲਿਆਂ ਨੇ ਬੰਦੂਕਾਂ ਚਲਾ ਕੇ ਆਪਣੇ ਸੋਗ ਦਾ ਪ੍ਰਗਟਾਵਾ ਕੀਤਾ। ਜਿਨ੍ਹਾਂ ਘਰਾਂ ‘ਚ ਵਿਆਹ ਸਨ, ਇਕ ਮਹੀਨਾ ਪਿਛਾਂਹ ਪਾ ਦਿੱਤੇ ਗਏ। ਹੌਲੀ ਹੌਲੀ ਬਾਪ ਕਰਕੇ ਫੈਲਿਆ ਸੋਗੀ ਮਾਹੌਲ ਬਦਲਣ ਲੱਗਾ।
ਉਸ ਦਿਨ ਅਸੀਂ ਅਜੇ ਕੋਠੇ ਉਤੇ ਹੀ ਸੁੱਤੇ ਪਏ ਸਾਂ ਕਿ ਉਪਰ ਬਹੁਤ ਖੜਾਕ ਹੋਇਆ। ਅਸੀਂ ਉਭੜਵਾਹੇ ਉਠੇ ਤਾਂ ਖੜਾਕ ਦੂਰ ਲੰਘ ਗਿਆ ਸੀ। ਅਸੀਂ ਇਕ ਦੂਜੇ ਵਲ ਝਾਕ ਹੀ ਰਹੇ ਸਾਂ ਕਿ ਇੰਨੇ ਨੂੰ ਫਿਰ ਅਸਮਾਨ ਵਿਚ ਖੜਾਕ ਹੋਇਆ। ਚਾਰ ਜਹਾਜ ਲਾਈਨ ਵਿਚ ਛੂ ਦੇਣੇ ਸਾਡੇ ਉਪਰ ਦੀ ਲੰਘ ਗਏ। ਸਾਡੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਅਸੀਂ ਪਹਿਲੀ ਵਾਰ ਜਹਾਜ ਵੇਖੇ ਸਨ। ਫਿਰ ਤਾਂ ਥੋੜ੍ਹੀ ਦੇਰ ਪਿੱਛੋਂ ਹੀ ਕਦੇ ਜਹਾਜ ਇੱਧਰ ਲੰਘ ਜਾਂਦੇ ਤੇ ਕਦੇ ਉਧਰ। ਕੋਈ ਸਮਝ ਨਾ ਆਈ। ਸਭ ਹੇਠਾਂ ਉਤਰ ਆਏ। ਮਾਂ ਨੇ ਤੰਦੂਰ ਤਪਾ ਲਿਆ। ਅਸੀਂ ਮਾਂ ਕੋਲ ਬੈਠੇ ਹੀ ਸਾਂ ਕਿ ਬੀਹੀ ਵਲੋਂ ‘ਖੜੱਪ ਖੜੱਪ’ ਦੀ ਆਵਾਜ਼ ਆਈ। ਅਸੀਂ ਉਧਰ ਝਾਕੇ, ਸ਼ਾਮੀ ਅੰਮਾ ਅੰਦਰ ਵੜਦਿਆਂ ਹੀ ਬੋਲੀ, “ਸਾਇਰਾ ਬੀਬੀ, ਕੁਛ ਪਤਾ ਐ ਤੈਨੂੰ?”
“ਨਾ ਅੰਮਾ, ਕੀ ਹੋਇਆ?”
“ਤੂੰ ਉਪਰ ਦੀ ਲੰਘਦੇ ਜਹਾਜ ਨ੍ਹੀਂ ਵੇਖੇ?”
ਉਸ ਦੀ ਗੱਲ ਸੁਣ ਮੈਂ ਛੇਤੀ ਦੇਣੇ ਕਿਸੇ ਉਤਸ਼ਾਹ ਜਿਹੇ ‘ਚ ਬੋਲੀ, “ਅੰਮਾ, ਹਾਂ ਜਹਾਜ ਲੰਘੇ ਐ। ਨਾਲੇ ਅਸੀਂ ਤਾਂ ਪਹਿਲੀ ਵਾਰ ਵੇਖੇ ਐ।”
“ਤਾਂ ਸੁਣ ਲਉ ਫਿਰ। ਲੱਗਦਾ ਐ ਰੱਬ ਨੇ ਆਪਣੀ ਫਰਿਆਦ ਸੁਣ ਲਈ। ਹੁਣ ਸ਼ਾਇਦ ਇਸ ਚੰਦਰੇ ਸੱਦਾਮ ਹੁਸੈਨ ਤੋਂ ਖਹਿੜਾ ਛੁੱਟ ਜਾਵੇ।”
“ਪਰ ਹੋਇਆ ਕੀ ਐ?” ਮਾਂ ਖੜ੍ਹੀ ਹੋ ਸ਼ਾਮੀ ਅੰਮਾ ਦੇ ਨੇੜੇ ਚਲੀ ਗਈ।
“ਇਹ ਜਹਾਜ ਅਮਰੀਕਨਾਂ ਦੇ ਨੇ। ਉਨ੍ਹਾਂ ਇਰਾਕ ‘ਤੇ ਹਮਲਾ ਕਰ ਦਿੱਤੈ।”
“ਹੈਂ! ਅਮਰੀਕਨਾਂ?” ਹੈਰਾਨੀ ‘ਚ ਸਾਡੇ ਸਭ ਦੇ ਮੂੰਹੋਂ ਨਿਕਲਿਆ।
“ਆਹੋ, ਮੈਂ ਦੱਸਦੀ ਆਂ ਥੋਨੂੰ।” ਇੰਨਾ ਆਖ ਸ਼ਾਮੀ ਅੰਮਾ ਆ ਕੇ ਮੂਹੜੇ ‘ਤੇ ਬਹਿ ਗਈ। ਮਾਂ ਨੇ ਦੁੱਧ ਦਾ ਕੱਪ ਉਸ ਨੂੰ ਫੜ੍ਹਾਇਆ। ਉਸ ਨੇ ਘੁੱਟ ਭਰਿਆ ਤੇ ਗੱਲ ਸ਼ੁਰੂ ਕੀਤੀ, “ਅਮਰੀਕਾ ਦੇ ਨਿਊ ਯਾਰਕ ਸ਼ਹਿਰ ‘ਚ ਡੇਢ ਕੁ ਸਾਲ ਪਹਿਲਾਂ, ਅਤਿਵਾਦੀਆਂ ਨੇ ਕਿਸੇ ਇਮਾਰਤ ‘ਤੇ ਜਹਾਜਾਂ ਨਾਲ ਹਮਲਾ ਕਰਕੇ ਬਹੁਤ ਸਾਰੇ ਲੋਕ ਮਾਰ ਦਿੱਤੇ ਸਨ। ਅਮਰੀਕਨ ਕਹਿੰਦੇ ਨੇ, ਸੱਦਾਮ ਹੁਸੈਨ ਨੇ ਉਨ੍ਹਾਂ ਨੂੰ ਸ਼ਹਿ ਦਿੱਤੀ ਸੀ।”
“ਹਾਂ ਅੰਮਾ, ਇਹ ਗੱਲ ਤਾਂ ਸਾਡਾ ਉਸਤਾਦ ਵੀ ਦੱਸਦਾ ਸੀ। ਪਰ ਉਹ ਕਹਿੰਦਾ ਸੀ, ਇਹ ਇਲਜ਼ਾਮ ਝੂਠਾ ਐ। ਸੱਦਾਮ ਹੁਸੈਨ ਇਸ ਗੱਲ ਨੂੰ ਨ੍ਹੀਂ ਮੰਨਦਾ।” ਮੈਂ ਕੁਝ ਦੇਰ ਪਹਿਲਾਂ ਸਕੂਲ ਵਿਚ ਸੁਣੀ ਗੱਲ ਦੱਸੀ।
“ਕੋਈ ਘਟੀਆ ਕਾਰਾ ਕਰਕੇ ਮੰਨਦਾ ਥੋੜ੍ਹਾ ਈ ਹੁੰਦਾ। ਨਾਲੇ ਸੱਦਾਮ ਹੁਸੈਨ ਤਾਂ ਉਸ ਮਿੱਟੀ ਦਾ ਬਣਿਆਂ ਈ ਨ੍ਹੀਂ।”
“ਅੰਮਾ, ਇਸ ਨੇ ਤਾਂ ਆਪਣੇ ਈ ਲੋਕਾਂ ‘ਤੇ ਜ਼ਹਿਰੀਲੀ ਗੈਸ ਛੱਡ ਦਿੱਤੀ ਸੀ।” ਮਾਂ ਨੇ ਕੋਈ ਪਿਛਲੀ ਗੱਲ ਕੀਤੀ।
“ਲੈ ਕੋਈ ਇਕ ਵਾਰ ਛੱਡੀ ਐ ਗੈਸ। ਜਦੋਂ ਕੁਰਦਸਤਾਨ ਵਾਲੇ ਆਪਣੇ ਹੱਕ ਮੰਗਦੇ ਤਾਂ ਇਹ ਹਵਾਈ ਜਹਾਜਾਂ ਨਾਲ ਉਨ੍ਹਾਂ ‘ਤੇ ਜ਼ਹਿਰੀਲੀਆਂ ਗੈਸਾਂ ਸੁੱਟਦਾ ਤੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ। ਉਧਰ ਇਰਾਨ ਨਾਲ ਲੱਗਦੇ ਇਲਾਕੇ ਦੇ ਸ਼ੀਆ ਲੋਕਾਂ ‘ਤੇ ਵੀ ਕਈ ਵਾਰੀ ਗੈਸ ਛੱਡੀ। ਹਜ਼ਾਰਾਂ ਮਰ ਗਏ ਤੇ ਹੋਰ ਬੜੇ ਇਸ ਗੈਸ ਨਾਲ ਸਦਾ ਲਈ ਨਕਾਰਾ ਹੋ ਗਏ। ਪਰ ਰੱਬ ਵੀ ਤਾਂ ਕਿਧਰੇ ਵੇਖਦਾ ਈ ਐ। ਉਹ ਆਪ ਈ ਸਜ਼ਾ ਦਿੰਦਾ ਐ ਅਜਿਹੇ ਜ਼ਾਲਮਾਂ ਨੂੰ। ਇਸ ਨੇ ਤਾਂ ਆਪਣੇ ਲੋਕਾਂ ‘ਤੇ ਵੀ ਗੈਸ ਬੰਬ ਸੁੱਟ ਕੇ ਕਿੰਨੇ ਪਿੰਡ ਉਜਾੜ ਦਿੱਤੇ ਸਨ।”
“ਪਰ ਅੰਮਾ, ਆਪਣੇ ਨਾਲ ਇਹ ਇੰਨਾ ਕਿਉਂ ਲੱਗਦਾ ਐ?”
“ਵੇਖ ਸਾਇਰਾ ਬੀਬੀ, ਹਾਂ ਤਾਂ ਆਪਾਂ ਇਰਾਕ ਵਿਚ ਈ ਪਰ ਬਿਲਕੁਲ ਸਰਹੱਦ ‘ਤੇ ਪੈਨੇਂ ਆਂ। ਦੂਜੇ ਪਾਸੇ ਕੁਰਦਸਤਾਨ ਸ਼ੁਰੂ ਹੋ ਜਾਂਦਾ ਐ। ਉਹ ਆਪਣੇ ‘ਤੇ ਇਲਜ਼ਾਮ ਲਾਉਂਦਾ ਰਹਿੰਦਾ ਸੀ ਕਿ ਆਪਾਂ ਕੁਰਦਾਂ ਦੇ ਹੱਕ ‘ਚ ਭੁਗਤਦੇ ਆਂ। ਉਂਜ ਕੁਛ ਹੱਦ ਤੱਕ ਇਹ ਠੀਕ ਵੀ ਐ, ਕਿਉਂਕਿ ਜੇ ਆਪਣੀ ਕਿਸੇ ਨਾਲ ਨੇੜਤਾ ਬਣਦੀ ਐ ਤਾਂ ਉਹ ਕੁਰਦ ਈ ਨੇ। ਉਨ੍ਹਾਂ ਦੀ ਤੇ ਆਪਣੀ ਬੋਲੀ ਇਕ ਐ, ਰਹਿਣ ਸਹਿਣ ਇਕ ਐ, ਖਾਣ ਪੀਣ ਇਕੋ ਜਿਹਾ ਐ ਤੇ ਸਦੀਆਂ ਤੋਂ ਆਪਾਂ ਇਕ ਦੂਜੇ ਦੇ ਨੇੜੇ ਰਹੇ ਆਂ।”
“ਅੰਮਾ, ਫਿਰ ਤਾਂ ਉਨ੍ਹਾਂ ਦੇ ਹੱਕ ‘ਚ ਭੁਗਤਣਾ ਜਾਇਜ਼ ਐ। ਨਾਲੇ ਇਹ ਤਾਂ ਕੋਈ ਵੱਡਾ ਗੁਨਾਹ ਨਾ ਹੋਇਆ।”
“ਹਾਂ ਬਿਲਕੁਲ ਜਾਇਜ਼ ਐ। ਪਰ ਇਹੋ ਗੱਲ ਸੱਦਾਮ ਹੁਸੈਨ ਨੂੰ ਚੁੱਭਦੀ ਸੀ ਤੇ ਇਸੇ ਕਰਕੇ ਉਸ ਨੇ ਕੁਰਦਾਂ ਦੇ ਨਾਲ ਆਪਾਂ ਨੂੰ ਵੀ ਗੈਸ ਬੰਬਾਂ ਦਾ ਨਿਸ਼ਾਨਾ ਬਣਾਇਆ। ਹੁਣ ਲੜਾਈ ਚੱਲੀ ਐ ਤਾਂ ਕੁਰਦ ਈ ਸਭ ਤੋਂ ਮੂਹਰੇ ਹੋ ਕੇ ਉਸ ਦੇ ਖਿਲਾਫ ਨਿੱਤਰੇ ਨੇ।”
“ਅੰਮਾ, ਫਿਰ ਤਾਂ ਹੋ ਸਕਦਾ ਐ ਕਿ ਇਹ ਜੰਗ ਆਪਣੇ ਇਲਾਕੇ ਤੱਕ ਵੀ ਆ ਪਹੁੰਚੇ, ਕਿਉਂਕਿ ਜੇ ਕੁਰਦਸਤਾਨ ਵਾਲਿਆਂ ਨੇ ਲੜਾਈ ‘ਚ ਹਿੱਸਾ ਲਿਆ ਤਾਂ ਆਪਣੇ ਪਿੰਡ ਵੀ ਲੜਾਈ ਦਾ ਅਖਾੜਾ ਬਣਨਗੇ।”
“ਹਿੱਸਾ ਤਾਂ ਉਹ ਲੈਣ ਲੱਗ ਵੀ ਪਏ ਨੇ। ਮੈਂ ਹੁਣੇ ਮੁਖਤਾਰ ਅਹਿਮਦ ਜਾਸੋ ਵਲੋਂ ਆ ਰਹੀ ਆਂ। ਉਹ ਕਹਿੰਦਾ ਐ ਕਿ ਕੁਰਦਸਤਾਨ ਸਰਕਾਰ ਤਾਂ ਬਹੁਤ ਖੁਸ਼ ਐ ਕਿ ਹੁਣ ਸ਼ਾਇਦ ਉਨ੍ਹਾਂ ਦਾ ਸੱਦਾਮ ਹੁਸੈਨ ਤੋਂ ਪਿੱਛਾ ਛੁੱਟ ਜਾਵੇ।”
“ਫੇਰ ਤਾਂ ਇਹ ਲੜਾਈ ਪਤਾ ਨ੍ਹੀਂ ਕਿੰਨਾ ਕੁ ਚਿਰ ਚੱਲੇ। ਆਪਾਂ ਤਾਂ ਪਹਿਲਾਂ ਈ ਸੈਂਕਸ਼ਨਾਂ (ਪਾਬੰਦੀਆਂ) ਦੇ ਮਾਰੇ ਪਏ ਆਂ। ਕੋਈ ਵੀ ਚੀਜ਼ ਨ੍ਹੀਂ ਲੱਭਦੀ। ਜੇ ਮਿਲਦੀ ਐ ਤਾਂ ਕਈ ਗੁਣਾ ਵੱਧ ਕੀਮਤ ‘ਤੇ।” ਮਾਂ ਨੇ ਫਿਕਰ ਜਾਹਰ ਕੀਤਾ।
“ਨ੍ਹੀਂ ਹੁਣ ਲੜਾਈ ਲੰਬੀ ਨ੍ਹੀਂ ਚੱਲਣੀ। ਕਿਉਂਕਿ ਅਮਰੀਕਨ ਬੜੇ ਤਾਕਤਵਰ ਨੇ। ਉਨ੍ਹਾਂ ਕੁਛ ਈ ਦਿਨਾਂ ‘ਚ ਜੰਗ ਜਿੱਤ ਲੈਣੀ ਐਂ। ਮੈਂ ਸੁਣਿਐਂ, ਜਦੋਂ ਦੀ ਲੜਾਈ ਸ਼ੁਰੂ ਹੋਈ ਐ, ਸੱਦਾਮ ਹੁਸੈਨ ਤਾਂ ਕਿਧਰੇ ਦਿਸ ਈ ਨ੍ਹੀਂ ਰਿਹਾ। ਸ਼ਾਇਦ ਰੂਪੋਸ਼ ਹੋ ਗਿਐ,” ਅੰਮਾ ਬੋਲੀ।
“ਅੱਛਾ!”
“ਹਾਂ, ਨਾਲੇ ਜੇ ਅਮਰੀਕਨਾਂ ਨੇ ਉਸ ਨੂੰ ਪਾਸੇ ਕਰ ਦਿੱਤਾ ਤਾਂ ਸੈਂਕਸ਼ਨਾਂ ਵੀ ਚੁੱਕੀਆਂ ਜਾਣਗੀਆਂ। ਸਭ ਕੁਛ ਮਿਲਣ ਲੱਗ ਪਊ। ਹੋ ਸਕਦੈ, ਆਪਣੇ ਇਲਾਕੇ ਨੂੰ ਕੁਰਦਸਤਾਨ ‘ਚ ਈ ਮਿਲਾ ਦਿੱਤਾ ਜਾਵੇ।”
“ਅੰਮਾ ਔਹ ਵੇਖ!” ਇੰਨੇ ਨੂੰ ਜ਼ੀਨਤ ਨੇ ਦੂਰੋਂ ਅਸਮਾਨ ‘ਚ ਆਉਂਦੇ ਹਵਾਈ ਜਹਾਜਾਂ ਵਲ ਇਸ਼ਾਰਾ ਕੀਤਾ। ਅਸੀਂ ਗੱਲ ਵਿਚਾਲੇ ਛੱਡ ਉਧਰ ਵੇਖਣ ਲੱਗੇ। ਚਾਰ ਜਹਾਜ ਫੁਰਰ ਦੇਣੇ ਉਤੋਂ ਦੀ ਲੰਘ ਗਏ। ਇੰਨੇ ਨੂੰ ਸ਼ਾਮੀ ਅੰਮਾ ਨੇ ਗਲਾਸ ਖਾਲੀ ਕਰਕੇ ਪਾਸੇ ਰੱਖ ਦਿਤਾ। ਫਿਰ ਚਾਦਰ ਨਾਲ ਮੂੰਹ ਪੂੰਝਦਿਆਂ ਉਹ ਬੋਲੀ, “ਕੁਰਦਸਤਾਨ ਵਾਲੇ ਬੜੇ ਹੌਸਲੇ ‘ਚ ਨੇ। ਉਹ ਤਾਂ ਬੜੀ ਦੇਰ ਤੋਂ ਬਾਹਰਲਿਆਂ ਨੂੰ ਕਹਿੰਦੇ ਆ ਰਹੇ ਸਨ ਕਿ ਉਨ੍ਹਾਂ ਦਾ ਵੱਖਰਾ ਮੁਲਕ ਬਣਾ ਦਿੱਤਾ ਜਾਵੇ ਕਿਉਂਕਿ ਇਰਾਕ ਸਰਕਾਰ ਉਨ੍ਹਾਂ ‘ਤੇ ਜ਼ੁਲਮ ਕਰਦੀ ਐ।”
ਉਸ ਦੀ ਗੱਲ ਸੁਣਦਿਆਂ ਜ਼ੀਨਤ ਨੇ ਖੁਸ਼ੀ ਜਿਹੀ ‘ਚ ਪੁੱਛਿਆ, “ਅੰਮਾ, ਆਪਣਾ ਨ੍ਹੀਂ ਬਣ ਸਕਦਾ ਵੱਖਰਾ ਮੁਲਕ?”
ਸੁਣ ਕੇ ਅੰਮਾ ਨੇ ਫਿੱਕਾ ਤੇ ਉਦਾਸ ਜਿਹਾ ਮੁਸਕਰਾਉਂਦਿਆਂ ਕਿਹਾ, “ਬੱਚੀਏ, ਗਰੀਬਾਂ ਦੇ ਕਿਹੜੇ ਮੁਲਕ ਹੁੰਦੇ ਨੇ। ਆਪਾਂ ਤਾਂ ਇਵੇਂ ਈ ਖੁੱਦੋ ਦੀ ਤਰ੍ਹਾਂ ਕਦੇ ਇੱਧਰ ਤੇ ਕਦੇ ਉਧਰ ਵਿਚਾਲੇ ਈ ਰੁੜਦੇ ਫਿਰਾਂਗੇ। ਪਰ ਇੰਨਾ ਜ਼ਰੂਰ ਐ ਕਿ ਕੁਰਦਸਤਾਨ ਵਾਲੇ ਆਪਣੇ ਨਾਲ ਸੱਦਾਮ ਹੁਸੈਨ ਵਰਗਾ ਮਾੜਾ ਵਰਤਾਅ ਨ੍ਹੀਂ ਕਰਨ ਲੱਗੇ।”
ਗੱਲਾਂ ਚਲਦੀਆਂ ਰਹੀਆਂ। ਅਸਮਾਨ ਵਿਚ ਜਹਾਜਾਂ ਦੇ ਝੁੰਡਾਂ ਦੇ ਝੁੰਡ ਲੰਘਦੇ ਰਹੇ। ਉਦੋਂ ਹੀ ਦਾਊਦ ਘਰ ਵੜਿਆ। ਉਹ ਜਾਵੇਤ ਤੋਂ ਆਇਆ ਸੀ। ਦਾਊਦ, ਮੁਖਤਾਰ ਦੀਆਂ ਸੁਣਾਈਆਂ ਗੱਲਾਂ ਕਰਨ ਲੱਗਾ। ਉਸ ਮੁਤਾਬਕ ਮੁਖਤਾਰ ਨੇ ਲੋਕਾਂ ਨੂੰ ਦੱਸਿਆ ਸੀ ਕਿ ਕੁਰਦਸਤਾਨ ਨੇ ਇਸ ਹਮਲੇ ਦੇ ਦਿਨ ਨੂੰ ਆਜ਼ਾਦੀ ਦਿਹਾੜਾ ਐਲਾਨ ਦਿੱਤਾ ਹੈ ਅਤੇ ਹੁਣ ਅਮਰੀਕਾ ਇਕ ਪਾਸਾ ਕਰਕੇ ਹਟੂ। ਹੋਰ ਕੁਝ ਭਾਵੇਂ ਹੋਵੇ ਨਾ ਹੋਵੇ ਪਰ ਸੱਦਾਮ ਹੁਸੈਨ ਦਾ ਜਾਣਾ ਅਤੇ ਕੁਰਦਸਤਾਨ ਦਾ ਉਸ ਦੇ ਕਬਜ਼ੇ ‘ਚੋਂ ਆਜ਼ਾਦ ਹੋਣਾ ਤੈਅ ਹੈ।
ਫਿਰ ਨਿੱਤ ਦਿਨ ਲੜਾਈ ਚੱਲਣ ਲੱਗੀ। ਆਖਰ ਉਹ ਦਿਨ ਵੀ ਆ ਗਿਆ ਜਦੋਂ ਅਮਰੀਕਨਾਂ ਨੇ ਜਿੱਤ ਦਾ ਐਲਾਨ ਕੀਤਾ। ਸਾਨੂੰ ਪਤਾ ਲੱਗਾ ਕਿ ਅਮਰੀਕਨ ਦੂਰ ਦੁਰਾਡੇ ਦੇ ਪਿੰਡਾਂ ਤੱਕ ਘੁੰਮਣ ਲੱਗੇ ਹਨ। ਇਕ ਦਿਨ ਦੁਪਹਿਰ ਵੇਲੇ ਸਾਰੇ ਪਿੰਡ ਵਿਚ ਗੱਲ ਉਡ ਗਈ ਕਿ ਅੱਜ ਅਮਰੀਕਨ ਆਪਣੇ ਪਿੰਡ ਆਉਣਗੇ। ਅਸੀਂ ਜੁਆਕ ਬਾਹਰਲੀ ਵੱਡੀ ਗਲੀ ‘ਤੇ ਉਡੀਕ ਰਹੇ ਸੀ ਜਦੋਂ ਦੂਰੋਂ ਧੂੜ ਉਡਦੀ ਦਿਸੀ। ਅਸੀਂ ਉਤਸ਼ਾਹ ‘ਚ ਚੀਕਾਂ ਮਾਰਨ ਲੱਗੇ। ਇੰਨੇ ਨੂੰ ਕਈ ਫੌਜੀ ਗੱਡੀਆਂ ਦਾ ਕਾਫਲਾ ਨੇੜੇ ਆਉਂਦਾ ਗਿਆ। ਜਦੋਂ ਗੱਡੀਆਂ ਕੋਲ ਆ ਗਈਆਂ ਤਾਂ ਅਸੀਂ ਬੜੇ ਚਾਅ ਨਾਲ ਅਮਰੀਕਨ ਫੌਜੀਆਂ ਵਲ ਹੱਥ ਹਿਲਾਉਣ ਲੱਗੇ। ਉਹ ਹੌਲੀ ਜ਼ਰੂਰ ਹੋਏ ਪਰ ਗੱਡੀਆਂ ਰੁਕੀਆਂ ਨਾ। ਤੁਰੀਆਂ ਜਾਂਦੀਆਂ ਗੱਡੀਆਂ ‘ਚੋਂ ਫੌਜੀਆਂ ਨੇ ਜੁਆਕਾਂ ਵਲ ਕੈਂਡੀਆਂ ਸੁੱਟੀਆਂ। ਪਿੰਡ ਦੇ ਵਡੇਰੇ, ਖਾਸ ਕਰ ਮੁਖਤਾਰ ਅਤੇ ਉਸ ਦਾ ਭਰਾ ਫੌਜੀਆਂ ਨੂੰ ਮਿਲਣਾ ਚਾਹੁੰਦੇ ਸਨ, ਪਰ ਉਹ ਰੁਕੇ ਨਾ। ਫਿਰ ਮੁਖਤਾਰ ਨੇ ਉਨ੍ਹਾਂ ਦੇ ਨਾਲ ਚੱਲ ਰਹੇ ਦੁਭਾਸ਼ੀਏ ਇਰਾਕੀ ਨੂੰ ਕਿਹਾ ਕਿ ਉਹ ਅਮਰੀਕੀਆਂ ਨੂੰ ਮਿਲਣਾ ਚਾਹੁੰਦੇ ਹਨ, ਪਰ ਕਾਫਲਾ ਬਿਨ ਰੁਕਿਆਂ ਅੱਗੇ ਲੰਘ ਗਿਆ।
ਅਗਲੇ ਦਿਨ ਕਾਫਲਾ ਫਿਰ ਆ ਰਿਹਾ ਸੀ। ਪਰ ਅੱਜ ਮੁਖਤਾਰ ਨੇ ਉਨ੍ਹਾਂ ਨੂੰ ਮਿਲਣ ਲਈ ਪਹਿਲਾਂ ਤੈਅ ਕੀਤਾ ਹੋਇਆ ਸੀ। ਕਾਫਲਾ ਪਿੰਡ ਦੀ ਗਲੀ ਤੱਕ ਆਇਆ ਤੇ ਉਥੋਂ ਮੁਖਤਾਰ ਅਹਿਮਦ ਜਾਸੋ ਅੱਗੇ ਅੱਗੇ ਤੁਰਦਾ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ। ਉਸ ਦੇ ਘਰ ਪਿੰਡ ਦੇ ਹੋਰ ਵਡੇਰੇ ਵੀ ਸਨ। ਮੁਖਤਾਰ ਨੇ ਉਨ੍ਹਾਂ ਲਈ ਬੜੇ ਚੰਗੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ। ਕੋਈ ਵੀਹ ਫੌਜੀ ਉਸ ਦੇ ਵਿਹੜੇ ਜਾ ਉਤਰੇ। ਖਾਣ ਪੀਣ ਅਤੇ ਮਿਲਣ ਗਿਲਣ ‘ਤੇ ਘੰਟਾ ਲੱਗ ਗਿਆ। ਜਾਣ ਲੱਗਿਆਂ ਫੌਜੀਆਂ ਦੇ ਅਫਸਰ ਨੇ ਮੁਖਤਾਰ ਨੂੰ ਪੁੱਛਿਆ ਕਿ ਪਿੰਡ ਲਈ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈ। ਮੁਖਤਾਰ ਨੇ ਕਿਹਾ ਕਿ ਸਕੂਲ ਲਈ ਇਮਾਰਤ ਚਾਹੀਦੀ ਹੈ, ਸ਼ਹਿਰ ਤੱਕ ਦੀ ਸੜਕ ਪੱਕੀ ਕਰਨ ਦੀ ਲੋੜ ਹੈ, ਪਿੰਡ ‘ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕਰਨ ਵਾਲਾ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਸੈਲ ਫੋਨ ਦੀ ਸਹੂਲਤ ਚਾਹੀਦੀ ਹੈ। ਬਿਜਲੀ ਅਤੇ ਟੀ. ਵੀ. ਟਾਵਰ ਵੀ ਚਾਹੀਦਾ ਹੈ। ਉਨ੍ਹਾਂ ਨੇ ਸਭ ਕੁਝ ਲਿਖ ਲਿਆ। ਜਾਣ ਲੱਗਿਆਂ ਉਨ੍ਹਾਂ ਜੁਆਕਾਂ ਨੂੰ ਕੋਲ ਸੱਦ ਕੇ ਕੈਂਡੀਆਂ ਅਤੇ ਚਾਕਲੇਟ ਵੰਡੇ।
ਫਿਰ ਤਾਂ ਉਹ ਰੋਜ਼ ਹੀ ਆਉਣ ਲੱਗੇ ਤੇ ਕੁਝ ਨਾ ਕੁਝ ਪਿੰਡ ਵਾਲਿਆਂ ਵਾਸਤੇ ਲੈ ਕੇ ਆਉਂਦੇ। ਕਦੇ ਆਟਾ ਵੰਡਦੇ, ਕਦੇ ਦਾਲਾਂ ਵਗੈਰਾ। ਕਦੇ ਕੱਪੜੇ ਅਤੇ ਕਦੇ ਕੋਈ ਹੋਰ ਲੋੜ ਵਾਲੀ ਚੀਜ਼। ਉਹ ਮੁਖਤਾਰ ਦੇ ਘਰ ਆਮ ਹੀ ਚਲੇ ਜਾਂਦੇ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਪਿੰਡ ਵਿਚ ਉਹ ਆਪਣੇ ਆਪ ਨੂੰ ਬੜਾ ਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਹੀ ਮੁਖਤਾਰ ਨੂੰ ਦੱਸਿਆ ਕਿ ਸੱਦਾਮ ਹੁਸੈਨ ਵਾਪਸ ਕਦੇ ਵੀ ਤਾਕਤ ਵਿਚ ਨਹੀਂ ਆਵੇਗਾ।
ਅਮਰੀਕਨਾਂ ਦੇ ਆਉਣ ਪਿੱਛੋਂ ਭਾਵੇਂ ਪਿੰਡ ਵਾਲੇ ਆਪਣੇ ਆਪ ਨੂੰ ਆਜ਼ਾਦ ਜਿਹਾ ਸਮਝਦੇ ਸਨ ਪਰ ਉਨ੍ਹਾਂ ਨੂੰ ਇਹ ਯਕੀਨ ਨਹੀਂ ਸੀ ਆਉਂਦਾ ਕਿ ਸੱਦਾਮ ਹੁਸੈਨ ਤਾਕਤ ਤੋਂ ਪਾਸੇ ਹੋ ਜਾਵੇਗਾ। ਫਿਰ ਜੁਲਾਈ ਮਹੀਨੇ ਸੱਦਾਮ ਦੇ ਦੋਵੇਂ ਪੁੱਤਰ ਲੜਾਈ ਵਿਚ ਮਾਰੇ ਗਏ ਤਾਂ ਸਾਨੂੰ ਕਾਫੀ ਹੱਦ ਤੱਕ ਅਮਰੀਕਨਾਂ ਦੀ ਗੱਲ ਸਹੀ ਜਾਪੀ, ਪਰ ਸੱਦਾਮ ਹੁਸੈਨ ਬਾਰੇ ਅਜੇ ਵੀ ਕੁਝ ਪਤਾ ਨਹੀਂ ਸੀ। ਕਈ ਮਹੀਨੇ ਲੰਘਣ ਪਿੱਛੋਂ ਦਸੰਬਰ ਮਹੀਨੇ ਪਤਾ ਲੱਗਾ ਕਿ ਉਹ ਫੜ੍ਹਿਆ ਗਿਆ। ਫਿਰ ਜਾ ਕੇ ਕਿਤੇ ਪਿੰਡ ਵਾਲਿਆਂ ਨੂੰ ਲੱਗਾ ਕਿ ਉਹ ਹੁਣ ਉਸ ਦੇ ਪੰਜੇ ਤੋਂ ਬਾਹਰ ਹਨ। ਉਂਜ ਉਦੋਂ ਤੱਕ ਅਮਰੀਕਨ ਫੌਜ ਦੀ ਸਾਡੇ ਪਿੰਡ ਵਲ ਗਸ਼ਤ ਘੱਟ ਗਈ। ਅਗਲੇ ਸਾਲ ਤੱਕ ਅਮਰੀਕੀ ਉਧਰ ਆਉਣੋਂ ਬਿਲਕੁਲ ਬੰਦ ਹੋ ਗਏ, ਪਰ ਪਿੰਡ ਵਾਲਿਆਂ ਵਲੋਂ ਉਨ੍ਹਾਂ ਨੂੰ ਦੱਸੇ ਗਏ ਕੰਮ ਸ਼ੁਰੂ ਹੋ ਗਏ ਸਨ। ਸੜਕ ਬਣਨ ਲੱਗੀ, ਟੀ. ਵੀ. ਟਾਵਰ ਅਤੇ ਫੋਨ ਟਾਵਰ ਵੀ ਪਿੰਡੋਂ ਬਾਹਰ ਲੱਗਣੇ ਲੱਗ ਪਏ। ਪਿੰਡ ਵਾਲੇ ਖੁਸ਼ ਸਨ। ਸਿੰਜਾਰ ਤੱਕ ਪੱਕੀ ਸੜਕ ਬਣ ਗਈ। ਕੁਝ ਮਹੀਨਿਆਂ ਬਾਅਦ ਬਿਜਲੀ ਵੀ ਆ ਗਈ। ਟੀ. ਵੀ. ਟਾਵਰ ਅਤੇ ਫੋਨ ਟਾਵਰ ਲੱਗ ਗਏ। ਪਿੰਡ ਦੇ ਕੁਝ ਲੋਕ ਟੀ. ਵੀ. ਲੈ ਆਏ ਅਤੇ ਕਾਫੀ ਸਾਰੇ ਸੈਲ ਫੋਨ ਲੈ ਕੇ ਘੁੰਮਣ ਲੱਗੇ। ਫਿਰ ਜਦੋਂ ਜਿੰਜ਼ਾਲ ਛੁੱਟੀ ਆਇਆ ਤਾਂ ਸੈਲ ਫੋਨ ਅਤੇ ਟੀ. ਵੀ. ਲੈ ਕੇ ਆਇਆ। ਸਾਰੇ ਟੱਬਰ ਨੇ ਪਹਿਲੀ ਵਾਰ ਟੀ. ਵੀ. ਵੇਖਿਆ। ਅਸੀਂ ਉਸ ਵੇਲੇ ਹੱਦੋਂ ਵੱਧ ਖੁਸ਼ ਸਾਂ। ਸ਼ਾਮ ਹੁੰਦਿਆਂ ਹੀ ਸਾਰਾ ਟੱਬਰ ਟੀ. ਵੀ. ਮੂਹਰੇ ਬਹਿ ਜਾਂਦਾ। ਆਮ ਤੌਰ ‘ਤੇ ਖਬਰਾਂ ਬਹੁਤ ਚੱਲਦੀਆਂ ਸਨ। ਸਾਨੂੰ ਪਹਿਲੀ ਵਾਰ ਪਤਾ ਲੱਗਾ ਕਿ ਦੁਨੀਆਂ ਵਿਚ ਕੀ ਹੋ ਰਿਹਾ ਹੈ। ਜਾਪਦਾ ਸੀ ਜਿਵੇਂ ਪਿੰਡ ਵਾਸੀਆਂ ਨੂੰ ਇਕਦਮ ਹੀ ਸੋਝੀ ਆ ਗਈ ਹੋਵੇ। ਲੋਕ ਹਰ ਰੋਜ਼ ਸ਼ਾਮ ਵੇਲੇ ਜਾਵੇਤ ‘ਚ ਇਕੱਠੇ ਹੁੰਦੇ ਤੇ ਟੀ. ਵੀ. ‘ਤੇ ਸੁਣੀਆਂ ਖਬਰਾਂ ‘ਤੇ ਤਬਸਰਾ ਕਰਦੇ। ਖਬਰਾਂ ਬਹੁਤੀਆਂ ਇਰਾਕ ਦੇ ਸਿਆਸੀ ਹਾਲਾਤ ਬਾਰੇ ਹੀ ਹੁੰਦੀਆਂ ਸਨ।
ਦਿਨੋ ਦਿਨ ਇਰਾਕ ਦੇ ਸਿਆਸੀ ਹਾਲਾਤ ਬਦਲ ਰਹੇ ਸਨ। ਅਮਰੀਕਨਾਂ ਨੇ ਜੰਗ ਜਿੱਤ ਲਈ ਸੀ ਅਤੇ ਉਨ੍ਹਾਂ ਸਰਕਾਰ ਚਲਾਉਣ ਲਈ ਆਪਣਾ ਨੁਮਾਇੰਦਾ ਬਹਾ ਦਿੱਤਾ ਸੀ। ਉਨ੍ਹਾਂ ਆਉਂਦਿਆਂ ਹੀ ਸੱਦਾਮ ਹੁਸੈਨ ਦੀ ਬਾਥ ਪਾਰਟੀ ਨਾਲ ਸਬੰਧਤ ਸਾਰੇ ਮੁਲਾਜ਼ਮਾਂ ਨੂੰ ਨੌਕਰੀਉਂ ਕੱਢ ਦਿੱਤਾ। ਪੁਲਿਸ, ਫੌਜ ਅਤੇ ਹੋਰ ਅਹਿਮ ਮਹਿਕਮਿਆਂ ਵਿਚੋਂ ਵੀ ਸੱਦਾਮ ਹੁਸੈਨ ਦੇ ਪੱਖੀ ਯਾਨਿ ਸੁੰਨੀ ਮੁਸਲਮਾਨਾਂ ਦਾ ਸਫਾਇਆ ਕਰਦਿਆਂ ਸਭ ਨੂੰ ਵਿਹਲੇ ਕਰ ਦਿੱਤਾ। ਉਨ੍ਹੀਂ ਦਿਨੀਂ ਇਕ ਦਿਨ ਸ਼ਾਮੀ ਅੰਮਾ ਸਾਡੇ ਘਰ ਆਈ ਹੋਈ ਸੀ ਤੇ ਗੱਲਾਂਬਾਤਾਂ ਚੱਲ ਰਹੀਆਂ ਸਨ। ਹੁਣ ਅਸੀਂ ਜੁਆਕ ਨਹੀਂ ਸੀ ਰਹੇ ਅਤੇ ਉਸ ਨਾਲ ਗੱਲਾਂ ‘ਤੇ ਖੁੱਲ੍ਹ ਕੇ ਚਰਚਾ ਕਰਦੇ। ਮਾਂ ਨੂੰ ਸੰਬੋਧਤ ਹੁੰਦਿਆਂ ਅੰਮਾ ਨੇ ਪਿਛਲੇ ਦਿਨੀਂ ਸ਼ੁਰੂ ਹੋਈ ਗੱਲ ਛੋਹ ਲਈ, “ਸਾਇਰਾ ਬੀਬੀ, ਵੇਖ ਕੁਛ ਹੀ ਵਕਤ ਵਿਚ ਕੀ ਕੀ ਬਦਲ ਗਿਆ। ਹੁਣ ਤਾਂ ਸੁਣਿਐ, ਆਪਣੇ ਮੁਲਕ ‘ਚ ਚੋਣਾਂ ਹੋਣਗੀਆਂ।”
“ਅੰਮਾ, ਕਹਿੰਦੇ ਤਾਂ ਇਵੇਂ ਈ ਨੇ, ਪਰ ਇਹ ਸਭ ਕਿਵੇਂ ਹੋਊ? ਅਜੇ ਪਤਾ ਨ੍ਹੀਂ। ਉਂਜ ਇਸ ਸਭ ਦਾ ਸਿਹਰਾ ਅਮਰੀਕਾ ਨੂੰ ਜਾਂਦੈ।”
“ਅਮਰੀਕਨਾਂ ਨੇ ਬਾਕੀ ਤਾਂ ਸਭ ਕੰਮ ਸਹੀ ਕੀਤੇ ਨੇ ਪਰ ਜਿਹੜਾ ਉਨ੍ਹਾਂ ਨੇ ਬਾਥ ਪਾਰਟੀ ਜਾਂ ਸੁੰਨੀ ਲੋਕਾਂ ਨੂੰ ਸਰਕਾਰ ‘ਚੋਂ ਪਾਸੇ ਕਰ ਦਿੱਤਾ, ਇਹ ਸਹੀ ਨ੍ਹੀਂ ਕੀਤਾ।”
“ਅੰਮਾ ਉਹ ਕਿਉਂ?” ਮੈਂ ਕੋਲ ਬੈਠੀ ਨੇ ਪੁੱਛਿਆ।
“ਆਸਮਾ ਬੱਚੀਏ, ਉਹ ਇਸ ਤਰ੍ਹਾਂ ਕਿ ਬਾਥ ਪਾਰਟੀ ਜਾਂ ਸੁੰਨੀ ਲੋਕਾਂ ਨੇ ਬਹੁਤ ਲੰਬੇ ਚਿਰ ਤੋਂ ਇੱਥੇ ਰਾਜ ਕੀਤਾ ਐ। ਹੁਣ ਇਕਦਮ ਪਾਸੇ ਕਰ ਦੇਣ ਨਾਲ ਉਨ੍ਹਾਂ ਨੂੰ ਗੁੱਸਾ ਤਾਂ ਆਵੇਗਾ ਹੀ। ਜਾਪਦਾ, ਉਹ ਟਿਕ ਕੇ ਨ੍ਹੀਂ ਬੈਠਣਗੇ। ਕਿਸੇ ਨਾ ਕਿਸੇ ਢੰਗ ਫਿਰ ਉਠ ਖੜ੍ਹੋਣਗੇ।”
“ਫਿਰ ਤਾਂ ਉਹ, ਉਨ੍ਹਾਂ ਤੋਂ ਗਿਣ ਗਿਣ ਕੇ ਬਦਲੇ ਲੈਣਗੇ ਜੋ ਹੁਣ ਉਨ੍ਹਾਂ ਦੇ ਖਿਲਾਫ ਨੇ।”
“ਹਾਂ ਸਹੀ ਗੱਲ ਐ ਇਹ ਤਾਂ। ਅੱਗੇ ਵੀ ਉਹ ਇਵੇਂ ਈ ਕਰਦੇ ਨੇ। ਉਂਜ ਉਹ ਹੋਰ ਕਿਸੇ ਨੂੰ ਕੁਛ ਕਹਿਣ ਜਾਂ ਨਾ ਕਹਿਣ ਪਰ ਆਪਣੇ ‘ਤੇ ਗੁੱਸਾ ਸਭ ਤੋਂ ਪਹਿਲਾਂ ਕੱਢਣਗੇ।”
“ਚੱਲ ਅੰਮਾ, ਉਨ੍ਹਾਂ ਬੜਾ ਚਿਰ ਚੰਮ ਦੀਆਂ ਚਲਾਈਆਂ ਨੇ। ਹੁਣ ਕਿਸੇ ਹੋਰ ਨੂੰ ਅੱਗੇ ਆਉਣ ਦਿਉ।” ਮਾਂ ਨੇ ਹੁੰਗਾਰਾ ਭਰਿਆ।
“ਮੈਂ ਫਿਰ ਵੀ ਕਹਿਨੀ ਆਂ ਕਿ ਇਹ ਸਹੀ ਨ੍ਹੀਂ ਐ। ਸੁੰਨੀ ਸਭ ਵਿਹਲੇ ਹੋ ਗਏ। ਵਿਹਲਾ ਬੰਦਾ ਤਾਂ ਸ਼ੈਤਾਨ ਦਾ ਘਰ ਹੁੰਦਾ ਐ। ਤੁਸੀਂ ਵੇਖਿਉ ਉਹ ਛੇਤੀ ਈ ਕੋਈ ਨਵਾਂ ਪੰਗਾ ਸ਼ੁਰੂ ਕਰ ਦੇਣਗੇ। ਇਸ ਨਾਲੋਂ ਤਾਂ ਚੰਗਾ ਸੀ ਕਿ ਰਲ ਮਿਲ ਕੇ ਸਰਕਾਰ ਚੱਲਦੀ।”
“ਤੇਰੀ ਗੱਲ ਸਹੀ ਐ ਅੰਮਾ।”
“ਸਾਇਰਾ ਬੀਬੀ, ਉਂਜ ਅਮਰੀਕਨਾਂ ਦੇ ਆਉਣ ਨਾਲ ਆਪਣੇ ਬਹੁਤ ਲੋਕਾਂ ਨੂੰ ਕੰਮ ਮਿਲਿਆ ਐ। ਕੋਈ ਪੁਲਿਸ ‘ਚ ਚਲਿਆ ਗਿਆ, ਕੋਈ ਫੌਜ ਵਿਚ, ਤੇ ਕਈ ਤਾਂ ਦੁਭਾਸ਼ੀਏ ਬਣ ਕੇ ਚੰਗੀ ਤਨਖਾਹ ਲੈ ਰਹੇ ਨੇ।”
“ਉਹ ਤਾਂ ਹੈ ਈ। ਅਸਲ ‘ਚ ਆਪਣੇ ਲੋਕਾਂ ਦੇ ਤਾਂ ਭਾਗ ਈ ਖੁੱਲ੍ਹ ਗਏ ਨੇ। ਪਹਿਲਾਂ ਤਾਂ ਆਪਣਾ ਖੂਹ ਦੇ ਡੱਡੂ ਵਾਲਾ ਹਾਲ ਈ ਸੀ।”
ਇਸ ਤਰ੍ਹਾਂ ਗੱਲਾਂ ਚੱਲਦੀਆਂ ਰਹਿੰਦੀਆਂ। ਫਿਰ ਚੋਣ ਹੋ ਗਈ ਅਤੇ ਇਰਾਕ ਦੀ ਆਪਣੀ ਸਰਕਾਰ ਬਣ ਗਈ। ਨੂਰੀ ਮਲਕੀ, ਜੋ ਪ੍ਰਧਾਨ ਮੰਤਰੀ ਬਣਿਆ, ਸ਼ੀਆ ਅਤੇ ਇਰਾਨ ਪੱਖੀ ਸੀ। ਉਸ ਦੇ ਬਹੁਤੇ ਵਜ਼ੀਰ ਵੀ ਸ਼ੀਆ ਸਨ। ਸੁੰਨੀ ਲੋਕਾਂ ਨੂੰ ਇਕ ਕਿਸਮ ਦਾ ਸਰਕਾਰ ‘ਚੋਂ ਬਾਹਰ ਰੱਖਿਆ ਗਿਆ। ਨੌਕਰੀਆਂ ਤੋਂ ਤਾਂ ਪਹਿਲਾਂ ਹੀ ਲਾਹ ਦਿੱਤੇ ਗਏ ਸਨ ਤੇ ਹੁਣ ਸਰਕਾਰ ‘ਚੋਂ ਬਾਹਰ ਰੱਖਣ ਕਾਰਨ ਸੁੰਨੀ, ਬਿਲਕੁਲ ਹੀ ਨਿਰਾਸ਼ ਹੋ ਗਏ। ਜਿਨ੍ਹਾਂ ਕਦੇ ਸਰਕਾਰਾਂ ਚਲਾਈਆਂ, ਵੱਡੇ ਵੱਡੇ ਅਹੁਦਿਆਂ ‘ਤੇ ਰਹੇ, ਉਹ ਇਕਦਮ ਹਨੇਰੇ ‘ਚ ਗੁਆਚ ਗਏ। ਸੁੰਨੀ ਨੌਜਵਾਨ ਬਿਲਕੁਲ ਨਕਾਰ ਦਿੱਤੇ ਗਏ। ਨੂਰੀ ਮਲਕੀ ਦੀ ਸਰਕਾਰ ਚੱਲਣੀ ਸ਼ੁਰੂ ਹੋਈ ਹੀ ਸੀ ਕਿ ਪਾਸੇ ਧੱਕ ਦਿੱਤੇ ਗਏ ਸੁੰਨੀ ਲੋਕ ਕਿਸੇ ਹੋਰ ਹੀ ਢੰਗ ਨਾਲ ਰਾਜਨੀਤਕ ਨਕਸ਼ੇ ‘ਤੇ ਉਭਰ ਕੇ ਸਾਹਮਣੇ ਆਉਣ ਲੱਗੇ। ਸੁੰਨੀ ਨੌਜਵਾਨਾਂ ਨੇ ਅਤਿਵਾਦ ਦਾ ਰਾਹ ਫੜ੍ਹ ਲਿਆ। ਛੋਟੀਆਂ ਮੋਟੀਆਂ ਘਟਨਾਵਾਂ ਤੋਂ ਸ਼ੁਰੂ ਹੋ ਕੇ ਅਤਿਵਾਦ ਨਿੱਤ ਦਿਨ ਉਭਰਦਾ ਚਲਿਆ ਗਿਆ। ਤਰੱਕੀ ਦੇ ਰਾਹ ਪੈਣ ਤੋਂ ਪਹਿਲਾਂ ਹੀ ਇਰਾਕ ਇਕ ਵਾਰ ਫਿਰ ਤੋਂ ਹਨੇਰੀ ਗਲੀ ‘ਚ ਦਾਖਲ ਹੋ ਗਿਆ। ਅਮਰੀਕਨ ਮੁੱਖ ਭੂਮਿਕਾ ਤੋਂ ਪਾਸੇ ਹੋ ਗਏ ਸਨ। ਸਭ ਕੁਝ ਸ਼ੀਆ ਸਰਕਾਰ ‘ਤੇ ਛੱਡ ਦਿੱਤਾ ਗਿਆ। ਜੋ ਜ਼ਿਆਦਤੀਆਂ ਕਦੇ ਸੁੰਨੀ ਸਰਕਾਰਾਂ ਨੇ ਸ਼ੀਆ ਲੋਕਾਂ ‘ਤੇ ਕੀਤੀਆਂ ਸਨ, ਜਾਪਦਾ ਸੀ ਹੁਣ ਸ਼ੀਆ ਉਸ ਦਾ ਬਦਲਾ ਲੈਣ ਲੱਗ ਪਏ ਸਨ। ਇਸ ਨਾਲ ਸੁੰਨੀ ਅਤਿਵਾਦ ਦਿਨੋ ਦਿਨ ਵਧਦਾ ਗਿਆ। ਸਾਡੇ ਪਿੰਡਾਂ ਦੇ ਆਲੇ ਦੁਆਲੇ ਦੇ ਸੁੰਨੀ ਲੋਕ, ਜੋ ਸ਼ੀਆ ਸਰਕਾਰ ਹੇਠਾਂ ਘੁਟਣ ਮਹਿਸੂਸ ਕਰ ਰਹੇ ਸਨ, ਉਹ ਦਿਲੋਂ ਇਨ੍ਹਾਂ ਅਤਿਵਾਦੀਆਂ ਦੇ ਹਮਦਰਦ ਸਨ।
ਅਗਸਤ 2007 ਦਾ ਉਹ ਦਿਨ ਬੜਾ ਭਿਅੰਕਰ ਸੀ, ਜਿਸ ਦਿਨ ਸਾਨੂੰ ਜ਼ਿੰਜਾਲ ਨੇ ਫੋਨ ਕੀਤਾ। ਉਸ ਨੇ ਦੱਸਿਆ ਕਿ ਸਿੰਜਾਰ ਦੇ ਨੇੜਲੇ ਦੋ ਸ਼ਹਿਰਾਂ-ਸੀਬਾ ਸ਼ੇਖ ਖੈਦਰ ਅਤੇ ਤਲ ਇਜੀਰ ਵਿਚ ਭਿਆਨਕ ਬੰਬ ਧਮਾਕੇ ਹੋਏ ਹਨ। ਇਹ ਦੋਵੇਂ ਸ਼ਹਿਰ ਜਾਜ਼ੀਦੀ ਲੋਕਾਂ ਦੀ ਬਹੁਗਿਣਤੀ ਵਾਲੇ ਸਨ। ਇਨ੍ਹਾਂ ਧਮਾਕਿਆਂ ਵਿਚ ਕੋਈ ਅੱਠ ਸੌ ਲੋਕ ਮੌਕੇ ‘ਤੇ ਹੀ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ। ਧਮਾਕੇ ਇਕ ਟਰੱਕ ਅਤੇ ਤਿੰਨ ਕਾਰਾਂ ਨਾਲ ਆਤਮਘਾਤੀ ਬੰਬ ਧਮਾਕੇ ਸਨ। ਇਸ ਘਟਨਾ ਨਾਲ ਹਰ ਪਾਸੇ ਸਹਿਮ ਫੈਲ ਗਿਆ।
ਇਨ੍ਹੀਂ ਹੀ ਦਿਨੀਂ ਇਕ ਹੋਰ ਵੱਡੀ ਘਟਨਾ ਹੋ ਗਈ। ਮੋਸਲ ਨੇੜਲੇ ਕਿਸੇ ਪਿੰਡ ਦੀ ਇਕ ਜਾਜ਼ੀਦੀ ਪਰਿਵਾਰ ਨਾਲ ਸਬੰਧਤ ਲੜਕੀ ਦੀਆ ਖਲੀਲ ਨੇ ਸੁੰਨੀ ਮੁਸਲਮਾਨ ਮੁੰਡੇ ਨਾਲ ਨਿਕਾਹ ਕਰਵਾ ਲਿਆ। ਉਸ ਦੇ ਘਰ ਵਾਲੇ ਇਸ ਰਿਸ਼ਤੇ ‘ਤੇ ਡਾਢੇ ਔਖੇ ਸਨ। ਜਾਜ਼ੀਦੀ ਧਰਮ ਵਿਚ ਤਾਂ ਇਹ ਸੰਭਵ ਹੀ ਨਹੀਂ ਸੀ, ਜੋ ਉਸ ਕੁੜੀ ਨੇ ਕਰ ਦਿੱਤਾ। ਉਸ ਦੇ ਮਾਪਿਆਂ ਨੇ ਇਸ ਰਿਸ਼ਤੇ ਨੂੰ ਅਣਖ ਦਾ ਸੁਆਲ ਬਣਾ ਲਿਆ। ਉਹ ਵਰਾ ਤਰਾ ਕੇ ਕੁੜੀ ਨੂੰ ਘਰ ਲੈ ਆਏ ਤੇ ਫਿਰ ਉਸ ਨੂੰ ਬੜੇ ਕੋਝੇ ਢੰਗ ਨਾਲ ਸ਼ੱਰੇਆਮ ਪੱਥਰ ਮਾਰ ਕੇ ਮਾਰ ਮੁਕਾਇਆ। ਇਸ ਘਟਨਾ ਨੂੰ ਸੁੰਨੀਆਂ ਨੇ ਆਪਣੀ ਅਣਖ ਦਾ ਸੁਆਲ ਬਣਾ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੁੜੀ ਨਿਕਾਹ ਪਿੱਛੋਂ ਮੁਸਲਮਾਨ ਬਣ ਗਈ ਸੀ। ਇਸ ਕਰਕੇ ਜਾਜ਼ੀਦੀਆਂ ਨੇ ਇਕ ਮੁਸਲਮਾਨ ਔਰਤ ਨੂੰ ਮਾਰਿਆ ਹੈ। ਆਲੇ ਦੁਆਲੇ ਦੇ ਪਿੰਡਾਂ ਵਿਚ ਸਹਿਮ ਫੈਲ ਗਿਆ। ਸੁੰਨੀ ਲੋਕ ਜਾਜ਼ੀਦੀਆਂ ਨੂੰ ਘੇਰ ਘੇਰ ਕੇ ਮਾਰਨ ਲੱਗੇ। ਸਕੂਲ ਕਾਲਜ, ਜੋ ਸੁੰਨੀ ਲੋਕਾਂ ਦੀ ਬਹੁਤਾਤ ਵਾਲੇ ਇਲਾਕੇ ‘ਚ ਸਨ, ਬੰਦ ਹੋ ਗਏ।
ਜਾਜ਼ੀਦੀ ਆਪਣੇ ਬਚਾ ਲਈ ਲੁਕਣ ਲੱਗੇ, ਪਰ ਸਾਡੇ ਲਈ ਇਹ ਬੜੀ ਔਖੀ ਘੜੀ ਸੀ। ਹਰ ਕੋਈ ਸਾਡੇ ਖਿਲਾਫ ਬੋਲ ਰਿਹਾ ਸੀ ਪਰ ਅਸੀਂ ਆਪਣਾ ਪੱਖ ਕਿੱਥੇ ਦੱਸਦੇ, ਕਿਉਂਕਿ ਨਾ ਸਾਡਾ ਸਰਕਾਰ ‘ਚ ਕੋਈ ਨੁਮਾਇੰਦਾ ਸੀ ਤੇ ਨਾ ਹੀ ਸਾਡੀ ਕਿਸੇ ਮੀਡੀਆ ਵਿਚ ਪੁੱਛ ਪੜਤਾਲ ਸੀ। ਹਰ ਪਾਸੇ ਜਾਜ਼ੀਦੀਆਂ ਦੀ ਮਾਰਾ ਮਾਰੀ ਹੋ ਰਹੀ ਸੀ। ਫਿਰ ਉਸ ਦਿਨ ਸਭ ਦੇ ਹੋਸ਼ ਉਡ ਗਏ ਜਦੋਂ ਮੋਸਲ ਸ਼ਹਿਰ ਤੋਂ ਵਾਪਸ ਆ ਰਹੀ ਇਕ ਬੱਸ ਨੂੰ ਸੁੰਨੀ ਅਤਿਵਾਦੀਆਂ ਨੇ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਮਾਰ ਮੁਕਾਇਆ। ਮਾਰੇ ਗਏ ਸਭ ਲੋਕ ਜਾਜ਼ੀਦੀ ਸਨ। ਇਸ ਵੇਲੇ ਕੋਈ ਵੀ ਸਾਡੇ ਬਚਾਅ ਲਈ ਅੱਗੇ ਨਾ ਆਇਆ। ਜਦੋਂ ਕਿਸੇ ਨੇ ਵੀ ਸਾਡੀ ਬਾਂਹ ਨਾ ਫੜ੍ਹੀ ਤਾਂ ਅਸੀਂ ਖੁਦ ਹੀ ਆਪਣੇ ਪਿੰਡਾਂ ਦੀ ਰਾਖੀ ਦਾ ਜ਼ਿੰਮਾ ਉਠਾਇਆ। ਪਿੰਡ ਨੂੰ ਆਉਂਦੀਆਂ ਸੜਕਾਂ ‘ਤੇ ਪਹਿਰਾ ਲਾ ਦਿੱਤਾ, ਪਰ ਉਦੋਂ ਨੂੰ ਇਹ ਨਫਰਤ ਦੀ ਅੱਗ ਹੋਰ ਕਈ ਪਿੰਡਾਂ ਵਿਚ ਜਾਨਾਂ ਲੈ ਗਈ।
ਇਸ ਅਤਿਵਾਦ ਨੂੰ ਵੇਖਦਿਆਂ ਅਮਰੀਕਨਾਂ ਨੇ ਫੌਜ ਵਧਾ ਦਿੱਤੀ। ਅਮਰੀਕਨ, ਅਤਿਵਾਦੀਆਂ ਨੂੰ ਮਾਰਨ ਲੱਗੇ ਤਾਂ ਉਹ ਵੀ ਅੱਗੋਂ ਬੜੇ ਜ਼ੋਰ ਨਾਲ ਲੜਨ ਲੱਗੇ। ਇਸ ਨਾਲ ਜਾਜ਼ੀਦੀ ਲੋਕਾਂ ਦਾ ਕੁਝ ਫਾਇਦਾ ਹੋ ਗਿਆ। ਅਤਿਵਾਦੀਆਂ ਦਾ ਜਾਜ਼ੀਦੀ ਲੋਕਾਂ ਵਲੋਂ ਧਿਆਨ ਹਟ ਗਿਆ ਤੇ ਸਿੱਧੀ ਲੜਾਈ ਅਮਰੀਕਨਾਂ ਨਾਲ ਹੋ ਗਈ। ਨਿੱਤ ਦੀ ਇਸ ਮਾਰ ਮਰਾਈ ਵਿਚ ਬਹੁਤ ਲੋਕਾਂ ਦੀਆਂ ਜਾਨਾਂ ਗਈਆਂ, ਪਰ ਇਰਾਕ ਦੀ ਸ਼ੀਆ ਸਰਕਾਰ ‘ਤੇ ਕੋਈ ਅਸਰ ਨਾ ਹੋਇਆ। ਉਨ੍ਹਾਂ ਨੇ ਸੁੰਨੀਆਂ ਨੂੰ ਉਵੇਂ ਹੀ ਅੱਖੋਂ ਪਰੋਖੇ ਕਰਨਾ ਜਾਰੀ ਰੱਖਿਆ। ਜਦੋਂ ਅਮਰੀਕਨ ਉਤੋਂ ਦੀ ਹੋ ਗਏ ਤਾਂ ਜ਼ਿਆਦਾ ਅਤਿਵਾਦੀ ਤਕਰੀਬਨ ਮਾਰੇ ਗਏ, ਪਰ ਜੋ ਬਚੇ ਉਹ ਸੁੰਨੀ ਬਹੁਤਾਤ ਵਾਲੇ ਪਿੰਡਾਂ ਵਿਚ ਜਾ ਲੁਕੇ। ਸਿਆਣੇ ਲੋਕ ਉਦੋਂ ਹੀ ਸਮਝ ਗਏ ਸਨ ਕਿ ਇਹ ਰੂਪੋਸ਼ ਹੋਏ ਅਤਿਵਾਦੀ, ਅੱਗ ਦੇ ਬੀਜ ਹਨ ਜੋ ਫਿਰ ਕਦੇ ਉਗਣਗੇ। ਇਕ ਵਾਰੀ ਮਾਰਾ ਮਾਰੀ ਘੱਟ ਗਈ। ਵਕਤ ਦਾ ਪਹੀਆ ਘੁੰਮਦਾ ਰਿਹਾ। ਫੇਰ ਅਤਿਵਾਦ ਦੀ ਅਗਲੀ ਹਨੇਰੀ ਕਿਸੇ ਹੋਰ ਪਾਸਿਉਂ ਉਠੀ।
ਸਾਲ ਦੋ ਹਜ਼ਾਰ ਦਸ ਦੇ ਅਖੀਰ ਵਿਚ Ḕਅਰਬ ਸਮਰḔ ਨਾਂ ਹੇਠ ਲਹਿਰ ਉਠ ਖੜੋਤੀ। ਟਿਊਨਿਸ਼ੀਆ ਤੋਂ ਸ਼ੁਰੂ ਹੋਈ ਯਮਨ, ਲਿਬੀਆ, ਬਹਿਰੀਨ ਅਤੇ ਹੋਰ ਛੋਟੇ ਮੁਲਕਾਂ ‘ਚ ਹੁੰਦੀ ਹੋਈ ਇਹ ਲਹਿਰ ਅਗਲੇ ਸਾਲ ਦੇ ਸ਼ੁਰੂ ਤੱਕ ਸੀਰੀਆ ਪਹੁੰਚ ਗਈ। ਸ਼ੁਰੂ ਵਿਚ ਸੀਰੀਆ ‘ਚ ਇਹ ਆਮ ਜਿਹਾ ਮੁਜਾਹਰਾ ਸੀ, ਪਰ ਹੌਲੀ ਹੌਲੀ ਇਹ ਮਜ਼ਬੂਤ ਹੁੰਦੀ ਗਈ। ਅਖੀਰ ਇਹ ਘਰੋਗੀ ਖਾਨਾਜੰਗੀ ਬਣ ਗਈ। ਵਿਰੋਧੀ ਧਿਰ ਵਲੋਂ ਇਹ ਲਹਿਰ ਅਤਿਵਾਦੀਆਂ ਦੇ ਹੱਥ ਆ ਚੁਕੀ ਸੀ, ਜੋ ਆਪਣੇ ਆਪ ਨੂੰ ਆਈ. ਐਸ਼ ਆਈ. ਐਸ਼ ਕਹਾਉਂਦੇ ਸਨ। ਉਂਜ ਆਈ. ਐਸ਼ ਆਈ. ਐਸ਼ ਨਾਮੀ ਜਥੇਬੰਦੀ ਸ਼ੁਰੂ ਇਰਾਕ ਤੋਂ ਹੋਈ ਸੀ। ਸਾਲ ਦੋ ਹਜ਼ਾਰ ਤਿੰਨ ਵਿਚ ਸੱਦਾਮ ਹੁਸੈਨ ਦੀ ਬਾਥ ਪਾਰਟੀ ਵਾਲੀ ਸਰਕਾਰ ਖਤਮ ਹੋ ਗਈ ਸੀ। ਛੋਟੇ ਵੱਡੇ ਫੌਜੀ ਅਫਸਰ ਅਤੇ ਹੋਰ ਸੁੰਨੀ ਸਰਕਾਰੀ ਅਫਸਰ ਘਰਾਂ ਨੂੰ ਤੋਰ ਦਿੱਤੇ ਗਏ ਸਨ। ਪਹਿਲਾਂ ਉਹ ਅਤਿਵਾਦ ਦੀ ਗੁਪਤ ਤੌਰ ‘ਤੇ ਮੱਦਦ ਕਰਦੇ ਰਹੇ। ਪਰ ਜਦੋਂ ਅਰਬ ਸਮਰ ਸ਼ੁਰੂ ਹੋਈ ਤਾਂ ਇਨ੍ਹਾਂ ਲੋਕਾਂ ਨੇ ਇਸਲਾਮਕ ਸਟੇਟ ਆਫ ਇਰਾਕ ਲੀਵੈਂਟ ਨਾਂ ਦੀ ਜਥੇਬੰਦੀ ਬਣਾ ਲਈ। ਜਦੋਂ ਸੀਰੀਆ ਵਿਚ ਖਾਨਾਜੰਗੀ ਸ਼ੁਰੂ ਹੋ ਗਈ ਤਾਂ ਉਥੇ ਦੇ ਸੁੰਨੀ ਅਤਿਵਾਦੀਆਂ ਨੇ ਇਸ ਜਥੇਬੰਦੀ ਨਾਲ ਤਾਲਮੇਲ ਕਰਦਿਆਂ ਉਥੇ ਵੀ ਇਸੇ ਵਰਗੀ ਪਾਰਟੀ ਬਣਾ ਲਈ। ਉਨ੍ਹਾਂ ਇਸ ਦਾ ਨਾਂ ਰੱਖਿਆ ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ ਯਾਨਿ ਆਈ. ਐਸ਼ ਆਈ. ਐਸ਼। ਪਿੱਛੋਂ ਜਾ ਕੇ ਇਹ ਜਥੇਬੰਦੀ ਸਿਰਫ ਇਸਲਾਮਕ ਸਟੇਟ ਹੀ ਅਖਵਾਈ।
ਜਦੋਂ ਸੀਰੀਆ ਅੰਦਰ ਇਨ੍ਹਾਂ ਦਾ ਪੂਰਾ ਜ਼ੋਰ ਹੋ ਗਿਆ ਤਾਂ ਇਰਾਕ ਵਲ ਵੀ ਇਸ ਨੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਛੁਪ ਕੇ ਬੈਠੇ ਸਭ ਇਰਾਕੀ ਸੁੰਨੀ ਲੜਾਕੇ ਇਸ ਵਿਚ ਸ਼ਾਮਲ ਹੋ ਗਏ। ਸੀਰੀਆ ਵਾਲੇ ਪਾਸੇ ਦੀ ਸਰਹੱਦ ਤੋਂ ਇਸ ਨੇ ਜਿੱਤਾਂ ਸ਼ੁਰੂ ਕੀਤੀਆਂ। ਇਰਾਕੀ ਸ਼ੀਆ ਸਰਕਾਰ ਦੀ ਫੌਜ ਨੂੰ ਇਹ ਹਰਾਉਂਦੇ ਚਲੇ ਗਏ। ਇਸਲਾਮਕ ਸਟੇਟ ਵਾਲਿਆਂ ਵਿਚ ਬਹੁਤ ਜੋਸ਼ ਸੀ। ਬਹੁਤੇ ਇਲਾਕੇ ਤਾਂ ਸ਼ੀਆ ਫੌਜ ਉਂਜ ਹੀ ਛੱਡ ਕੇ ਭੱਜ ਗਈ। ਅੱਗੇ ਤੋਂ ਅੱਗੇ ਵਧਦੇ ਇਸਲਾਮਕ ਸਟੇਟ ਵਾਲੇ ਮੋਸਲ ਤੱਕ ਆ ਪਹੁੰਚੇ। ਮੋਸਲ ਦੇ ਕਬਜ਼ੇ ਲਈ ਉਨ੍ਹਾਂ ਅਤੇ ਇਰਾਕੀ ਫੌਜਾਂ ਵਿਚਾਲੇ ਬੜੀ ਭਿਆਨਕ ਜੰਗ ਹੋਈ, ਪਰ ਆਖਰ ਜਿੱਤ ਇਸਲਾਮਕ ਸਟੇਟ ਵਾਲਿਆਂ ਦੀ ਹੀ ਹੋਈ। ਇੱਥੇ ਕਬਜ਼ੇ ਪਿੱਛੋਂ ਉਨ੍ਹਾਂ ਮੋਸਲ ਨੂੰ ਆਪਣੀ ਰਾਜਧਾਨੀ ਬਣਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਖਲਾਫਤ ਕਾਇਮ ਕਰਦਿਆਂ ਖਲੀਫਾ ਮੁਕੱਰਰ ਕਰ ਦਿੱਤਾ। ਨਾਲ ਹੀ ਇਨ੍ਹਾਂ ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਹੋਕਾ ਦਿੱਤਾ ਕਿ ਖਲਾਫਤ ਕਾਇਮ ਹੋ ਚੁਕੀ ਹੈ ਤੇ ਤੁਸੀਂ ਵੀ ਇਸ ‘ਚ ਸ਼ਾਮਲ ਹੋਵੋ। ਇਸਲਾਮਕ ਸਟੇਟ ਦਾ ਨਾਅਰਾ ਸੀ ਕਿ ਸਾਰੀ ਦੁਨੀਆਂ ਨੂੰ ਖਲਾਫਤ ਵਿਚ ਸ਼ਾਮਲ ਕਰਨਾ ਅਤੇ ਸ਼ਰੀਅਤ ਲਾਗੂ ਕਰਨਾ ਹੈ।
ਸ਼ਰੀਅਤ ਲਾਅ ਐਲਾਨਦਿਆਂ ਹੀ ਘੱਟ ਗਿਣਤੀਆਂ ‘ਤੇ ਜ਼ੁਲਮ ਸ਼ੁਰੂ ਹੋ ਗਏ। ਸ਼ੀਆ ਲੋਕਾਂ ਨੂੰ ਫੜ੍ਹ ਫੜ੍ਹ ਕੇ ਮੌਤ ਦੇ ਘਾਟ ਉਤਾਰਿਆ ਗਿਆ। ਫਿਰ ਉਨ੍ਹਾਂ ਹੋਰ ਭਾਈਚਾਰਿਆਂ ‘ਤੇ ਵੀ ਜ਼ੁਲਮ ਸ਼ੁਰੂ ਕਰ ਦਿੱਤੇ। ਜਾਜ਼ੀਦੀਆਂ ‘ਤੇ ਉਹ ਸ਼ੀਆ ਨਾਲੋਂ ਵੀ ਵੱਧ ਜ਼ੁਲਮ ਕਰਨ ਲੱਗੇ, ਕਿਉਂਕਿ ਜਾਜ਼ੀਦੀਆਂ ਨੂੰ ਉਹ ਕਾਫਰ ਮੰਨਦੇ ਸਨ। ਅਸੀਂ ਰੋਜ਼ ਜ਼ੁਲਮਾਂ ਦੀਆਂ ਗੱਲਾਂ ਸੁਣਦੇ ਤੇ ਡਰ ਨਾਲ ਕੰਬਦੇ, ਪਰ ਸਾਨੂੰ ਲੱਗਦਾ ਸੀ ਕਿ ਉਹ ਸਾਡੇ ਪਿੰਡ ਤੱਕ ਨਹੀਂ ਪਹੁੰਚਣਗੇ। ਕਿਉਂਕਿ ਅਸੀਂ ਕੁਰਦਸਤਾਨ ਦੀ ਹੱਦ ‘ਤੇ ਪੈਂਦੇ ਸੀ ਅਤੇ ਕੁਰਦ ਸਰਕਾਰ ਨੇ ਸਾਡੀ ਸੁਰੱਖਿਆ ਦਾ ਪੂਰਾ ਯਕੀਨ ਦਿਵਾਇਆ ਸੀ।
(ਚਲਦਾ)