ਜਬਰ ਜਨਾਹ ਅਤੇ ਸੱਤਾ ਦੀ ਤਾਕਤ-3
ਉਘਾ ਟਿੱਪਣੀਕਾਰ ਪੀਟਰ ਫਰੈਡਰਿਕ ਦੱਖਣੀ ਏਸ਼ੀਆ ਦੇ ਮਾਮਲਿਆਂ ਬਾਰੇ ਲਗਾਤਾਰ ਲਿਖ ਰਿਹਾ ਹੈ। ਉਸ ਦੇ 46 ਸਫਿਆਂ ਦੇ ਪੈਂਫਲਿਟ ‘ਗਾਂਧੀ: ਨਸਲਪ੍ਰਸਤ ਜਾਂ ਇਨਕਲਾਬੀ’ ਨੇ ਸਭ ਦਾ ਧਿਆਨ ਖਿਚਿਆ ਸੀ। ‘ਜਬਰ ਜਨਾਹ ਅਤੇ ਸੱਤਾ’ ਨਾਂ ਦੇ ਇਸ ਲੇਖ ਵਿਚ ਉਸ ਨੇ ਜਿਨਸੀ ਸ਼ੋਸ਼ਣ ਬਾਰੇ ਚਰਚਾ ਕੀਤੀ ਹੈ ਅਤੇ ਇਹ ਵੀ ਦਰਸਾਇਆ ਹੈ ਕਿ ਜਿਨਸੀ ਸ਼ੋਸ਼ਣ ਕਰਨ ਵਾਲੇ ਕਿਸ ਤਰ੍ਹਾਂ ਆਪਣੀ ਤਾਕਤ ਦੀ ਦੁਰਵਰਤੋਂ ਆਪਣੇ ਖਿਲਾਫ ਉਠਣ ਵਾਲੀ ਹਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਵਿਚ ਕਰਦੇ ਹਨ ਅਤੇ ਬਹੁਤੀ ਵਾਰ ਆਪਣੇ ਇਨ੍ਹਾਂ ਮਨਸੂਬਿਆਂ ਵਿਚ ਕਾਮਯਾਬ ਵੀ ਰਹਿੰਦੇ ਹਨ। ਇਸ ਅਹਿਮ ਅਤੇ ਲੰਮੇ ਲੇਖ ਦਾ ਅਨੁਵਾਦ ਸਾਡੀ ਕਾਲਮਨਵੀਸ ਡਾ. ਗੁਰਨਾਮ ਕੌਰ (ਸਾਬਕਾ ਮੁਖੀ, ਗੁਰੂ ਗ੍ਰੰਥ ਸਾਹਿਬ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਕੀਤਾ ਹੈ।
ਇਸ ਵਾਰ ਲੇਖ ਦੀ ਤੀਜੀ ਤੇ ਆਖਰੀ ਕਿਸ਼ਤ ਛਾਪ ਰਹੇ ਹਾਂ। -ਸੰਪਾਦਕ
ਪੀਟਰ ਫਰੈਡਰਿਕ
ਅਨੁਵਾਦ ਡਾ. ਗੁਰਨਾਮ ਕੌਰ, ਕੈਨੇਡਾ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਬੇਸ਼ੱਕ, ਅਧਿਆਤਮਕ ਆਗੂਆਂ ਹੱਥੋਂ ਸੋ.ਸ਼ਿਤ ਹੋਈਆਂ ਭਾਰਤੀ ਔਰਤਾਂ ਲਈ ਇਨਸਾਫ ਲੈਣਾ ਸਦਾ ਹੀ ਕੋਈ ਅਸੰਭਵ ਕੰਮ ਨਹੀਂ ਹੁੰਦਾ| ਸਤੰਬਰ ਵਿਚ Ḕਦੇਵਪੁਰਸ਼Ḕ ਆਸ਼ੂ ਭਾਈ ਤੇ ਉਸ ਦਾ ਪੁੱਤ ਇੱਕ ਔਰਤ ਅਤੇ ਉਸ ਦੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਹਿਰਾਸਤ ਵਿਚ ਲਏ ਗਏ| ਜੁਲਾਈ ਵਿਚ Ḕਦੇਵਪੁਰਸ਼Ḕ ਅਮਰਪੁਰੀ ਨੂੰ ਕਰੀਬ ਉਨ੍ਹਾਂ 120 ਔਰਤਾਂ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ, ਜੋ ਉਸ ਕੋਲ ਇਲਾਜ ਲਈ ਆਈਆਂ ਸਨ| ਜੂਨ ਮਹੀਨੇ ਇੱਕ ਹੋਰ ḔਧਰਮਾਤਮਾḔ ਦਾਤੀ ਮਹਾਰਾਜ ਅਤੇ ਉਸ ਦੇ ਕੁਝ ਸਹਾਇਕਾਂ ਉਤੇ ਉਸ ਦੀਆਂ ਚੇਲੀਆਂ ਵਿਚੋਂ ਇੱਕ ਨਾਲ ਜਬਰ ਜਨਾਹ ਕਰਨ ਦੇ ਦੋਸ਼ ਲੱਗੇ| ਇਸੇ ਦੌਰਾਨ ਸਿਆਸੀ ਤੌਰ ‘ਤੇ ਵੱਧ ਜੁੜੀਆਂ ਹਸਤੀਆਂ ਵਿਚ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਦੋਸ਼ੀ ਠਹਿਰਾਇਆ ਗਿਆ, ਉਨ੍ਹਾਂ ਵਿਚ ਆਸਾ ਰਾਮ ਅਤੇ ਰਾਮ ਰਹੀਮ ਸ਼ਾਮਲ ਹਨ|
ਆਸਾ ਰਾਮ, ਜਿਸ ਨੇ ਸੁਆਮੀ ਵਪਾਰ ਨੂੰ ਉਦੋਂ ਇੱਕ ਤਰ੍ਹਾਂ ਹੜੱਪ ਹੀ ਕਰ ਲਿਆ, ਜਦੋਂ ਉਸ ਨੇ ‘ਆਸ਼ਰਮ ਡਾਟ ਔਰਗ’ ਨਾਂ ਹੇਠ ਬਾਕਾਇਦਾ ਆਪਣੀ ਵੈਬਸਾਈਟ ਰਜਿਸਟਰ ਕਰਵਾ ਲਈ, ਅਤੇ ਸਾਰੇ ਸੰਸਾਰ ‘ਚ ਉਸ ਦੇ ਸੈਂਕੜੇ ਆਸ਼ਰਮ ਸਥਾਪਤ ਹੋ ਗਏ| ਦਹਾਕਿਆਂ ਤੱਕ, ਉਸ ਨੇ ਜ਼ਬਰਦਸਤ ਸਿਆਸੀ ਰਸੂਖ ਹਥਿਆ ਲਿਆ| ਉਸ ਨੇ ਸ਼ੁਰੂਆਤ ਗੁਜਰਾਤ ਤੋਂ ਕੀਤੀ| 1990ਵਿਆਂ ਦੌਰਾਨ ਉਸ ਨੇ ਗੁਜਰਾਤ ਵਿਚ ਆਪਣਾ ਆਧਾਰ ਮਜ਼ਬੂਤ ਕਰ ਲਿਆ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ- ਦੋਹਾਂ ਪ੍ਰਮੁੱਖ ਸਿਆਸੀ ਪਾਰਟੀਆਂ ਦੀਆਂ ਸੂਬਾ ਸਰਕਾਰਾਂ ਨੇ ਉਸ ਨੂੰ ਆਪਣੇ ਆਸ਼ਰਮ ਫੈਲਾਉਣ ਖਾਤਰ ਜ਼ਮੀਨੀ ਇਲਾਕੇ ਵੰਡ ਦਿੱਤੇ|
ਉਦੋਂ ਤੋਂ ਹੀ, ਦੋਹਾਂ ਪਾਰਟੀਆਂ ਦੇ ਸਿਆਸਤਦਾਨ ਵਾਰ ਵਾਰ ਉਸ ਦੇ ਆਸ਼ਰਮ ਵਿਚ ਉਸ ਤੋਂ ਅਸ਼ੀਰਵਾਦ ਲੈਣ ਲਈ ਗੇੜੇ ਮਾਰਦੇ ਰਹੇ| ਭਾਰਤੀ ਜਨਤਾ ਪਾਰਟੀ ਵਿਚੋਂ ਕੁਝ ਵੱਡੇ ਨਾਂਵਾਂ ਵਿਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਮੱਧ ਪ੍ਰਦੇਸ਼ ਦਾ ਮੌਜੂਦਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮੌਜੂਦਾ ਕੈਬਨਿਟ ਮੰਤਰੀ ਉਮਾ ਭਾਰਤੀ, ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਾਮਲ ਹਨ| ਨੈਸ਼ਨਲ ਕਾਂਗਰਸ ਪਾਰਟੀ ਵਿਚੋਂ ਸਾਬਕਾ ਕੈਬਨਿਟ ਮੰਤਰੀ ਕਮਲ ਨਾਥ ਅਤੇ ਮੌਜੂਦਾ ਪਾਰਲੀਮੈਂਟ ਮੈਂਬਰ ਦਿਗਵਿਜੈ ਸਿੰਘ ਤੇ ਮੋਤੀ ਲਾਲ ਵੋਰਾ ਸ਼ਾਮਲ ਹਨ|
ਆਸਾ ਰਾਮ ਦੇ ਸਿਆਸੀ ਹਮਾਇਤੀਆਂ ਨੂੰ ਜਨਤਕ ਤੌਰ ‘ਤੇ ਉਸ ਦੀ ਵਡਿਆਈ ਦੇ ਪੁਲ ਬੰਨ੍ਹਦਿਆਂ ਕਦੇ ਵੀ ਝਿਜਕ ਨਹੀਂ ਹੋਈ| ਮਿਸਾਲ ਵਜੋਂ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਇੱਕ ਵਾਰ ਸੁਆਮੀ ਦੇ ਗੁਜਰਾਤ ਵਿਚਲੇ ਆਸ਼ਰਮਾਂ ਵਿਚੋਂ ਇੱਕ ਵਿਚ ਭਾਸ਼ਣ ਦਿੱਤਾ, “ਮੈਂ ਬਾਪੂ ਦੇ ਮੁਬਾਰਕ ਕਦਮਾਂ ਵਿਚ ਪ੍ਰਾਰਥਨਾ ਕਰਦਾ ਹਾਂ, ਮੈਂ ਉਸ ਅੱਗੇ ਨਤਮਸਤਕ ਹੁੰਦਾ ਹਾਂ।” ਉਸ ਨੇ ਕਿਹਾ, “ਪਾਵਨ ਬਾਪੂ ਦਾ ਪ੍ਰੇਮ, ਉਸ ਦੇ ਅਸ਼ੀਰਵਾਦ, ਉਸ ਦੀਆਂ ਸ਼ੁਭ ਇੱਛਾਵਾਂ ਮੈਨੂੰ ਨਵੀਂ ਤਾਕਤ ਦੇਣਗੀਆਂ, ਇਸ ਵਿਸ਼ਵਾਸ ਨਾਲ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਹੈ| ਇਸ ਨੂੰ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਹਾਂ| ਮੈਂ ਸੁਭਾਗਪੂਰਨ ਬਾਪੂ ਅੱਗੇ ਦੰਡੌਤ ਕਰਦਾ ਹਾਂ|”
ਸੁਆਮੀ, ਜੋ ਸ਼ਾਇਦ ਭਾਰਤ ਦਾ ਬਹੁਤ ਤਾਕਤਵਰ ਅਧਿਆਤਮਕ ਆਗੂ ਹੈ, ਦੇ ਔਰਤਾਂ ਦੇ ਹੱਕਾਂ ਬਾਰੇ ਜੋ ਵਿਚਾਰ ਹਨ, ਉਹ ਯਕੀਨਨ ਯੋਗੀ ਅਦਿੱਤਿਆਨਾਥ ਨਾਲੋਂ ਵੀ ਵੱਧ ਹੈਰਾਨ ਕਰ ਦੇਣ ਵਾਲੇ ਹਨ| ਉਸ ਨੇ ਆਪਣੇ ਵਿਚਾਰਾਂ ਦਾ ਸਪੱਸ਼ਟ ਪ੍ਰਗਟਾਵਾ ਦਿੱਲੀ ਵਿਚ ਜੁਆਨ ਔਰਤ ਦੇ ਦਸੰਬਰ 2012 ਦੇ ਸਮੂਹਕ ਜਬਰ ਜਨਾਹ ਅਤੇ ਕਤਲ ਕੇਸ ਵੇਲੇ ਕੀਤਾ| ਜਨਵਰੀ 2013 ਵਿਚ ਉਸ ਨੇ ਆਪਣੇ ਚੇਲਿਆਂ ਨੂੰ ਭਾਸ਼ਣ ਦਿੰਦਿਆਂ ਕਿਹਾ, “ਪੀੜਤ ਔਰਤ ਓਨੀ ਹੀ ਦੋਸ਼ੀ ਹੈ, ਜਿੰਨੇ ਉਸ ਦੇ ਜਬਰ ਜਨਾਹੀ|” ਉਸ ਨੇ ਜ਼ੋਰ ਦਿੱਤਾ ਕਿ ਆਪਣੇ ਜਬਰ ਜਨਾਹੀਆਂ ਨਾਲ ਝਗੜਨ ਨਾਲੋਂ, “ਉਸ ਨੂੰ ਚਾਹੀਦਾ ਸੀ ਕਿ ਅਪਰਾਧੀਆਂ ਨੂੰ ‘ਭਰਾ’ ਕਹਿ ਕੇ ਬੁਲਾਉਂਦੀ ਅਤੇ ਉਨ੍ਹਾਂ ਕੋਲੋਂ ਆਪਣੇ ਬਚਾਉ ਦੀ ਭੀਖ ਮੰਗਦੀ|” ਉਸ ਨੇ ਐਲਾਨ ਕੀਤਾ ਕਿ ਇਸ ਨਾਲ, “ਆਪਣੀ ਇੱਜਤ ਅਤੇ ਜਾਨ-ਦੋਹਾਂ ਨੂੰ ਬਚਾ ਸਕਦੀ ਸੀ|”
ਉਸ ਨੇ ਇੱਕ ਵੱਖਰੀ ਟਿੱਪਣੀ ਵਿਚ ਦਲੀਲ ਦਿੱਤੀ ਕਿ “ਹਮਲਾਵਰਾਂ ਵਿਚੋਂ Ḕਜੇ ਕਿਸੇ ਇੱਕ ਨੇ ਵੀḔ ਉਸ ਦੇ ਉਪਦੇਸ਼ਾਂ ਦੀ ਦੀਖਿਆ ਲਈ ਹੁੰਦੀ, ਅਪਰਾਧ ਨਹੀਂ ਸੀ ਵਾਪਰਨਾ|” ਇਸ ਤੋਂ ਇਲਾਵਾ ਉਸ ਨੇ ਸੁਚੇਤ ਕੀਤਾ, “ਦਿੱਲੀ ਸਮੂਹਕ ਜਬਰ ਜਨਾਹ ਦੀ ਘਟਨਾ ਤੋਂ ਬਾਅਦ ਪੁਰਸ਼ਾਂ ਦੀ ਮੁਖਾਲਫਤ ਦਾ ਅਭਿਆਨ ਸ਼ੁਰੂ ਹੋ ਗਿਆ ਜਾਪਦਾ ਹੈ|”
ਸ਼ਾਇਦ ਸੁਆਮੀ ਵੱਲੋਂ Ḕਪੁਰਸ਼ਾਂ ਖਿਲਾਫ ਅਭਿਆਨḔ ਪ੍ਰਤੀ ਸੁਚੇਤ ਕਰਨ ਦਾ ਮਕਸਦ ਉਸ ਦੇ ਆਪਣੇ ਅਪਰਾਧਾਂ ਵੱਲੋਂ ਧਿਆਨ ਪਾਸੇ ਹਟਾਉਣ ਦੀ ਕੋਸ਼ਿਸ਼ ਹੋਵੇ| ਅਗਸਤ 2013 ਵਿਚ ਇੱਕ 16 ਸਾਲ ਦੀ ਚੇਲੀ ਨੇ ਉਸ ‘ਤੇ ਰਾਜਸਥਾਨ ਦੇ ਆਪਣੇ ਜੋਧਪੁਰ ਵਾਲੇ ਆਸ਼ਰਮ ਵਿਚ ਜਬਰ ਜਨਾਹ ਕਰਨ ਦਾ ਦੋਸ਼ ਲਾਇਆ| ਦਸੰਬਰ 2013 ਵਿਚ ਦੋ ਭੈਣਾਂ ਨੇ ਉਸ ਅਤੇ ਉਸ ਦੇ ਪੁੱਤ ਨਰਾਇਣ ਸਾਈਂ ‘ਤੇ ਗੁਜਰਾਤ ਦੇ ਆਸ਼ਰਮਾਂ ਵਿਚੋਂ ਇੱਕ ਵਿਚ ਉਨ੍ਹਾਂ ਨੂੰ ਬੰਦੀ ਬਣਾਉਣ ਅਤੇ ਜਬਰ ਜਨਾਹ ਕਰਨ ਦਾ ਦੋਸ਼ ਲਾਇਆ|
ਬਿਸ਼ਪ ਮੁਲੱਕਲ ਵਾਂਗ ਹੀ ਆਸ਼ਰਮ ਦੀ ਪਹਿਲੀ ਕੋਸ਼ਿਸ਼ ਸੀ, ਰਾਜਸਥਾਨ ਵਿਚਲੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਨਾ| ਉਸ ਦੇ ਬੁਲਾਰਿਆਂ ਨੇ ਇਸ ਨੂੰ Ḕਪੂਰੀ ਤਰ੍ਹਾਂ ਝੂਠਾ ਕੇਸḔ ਦੱਸਦਿਆਂ ਕਿਹਾ, “ਬਾਪੂ ਦਾ ਅਕਸ ਖਰਾਬ ਕਰਨ ਦੀ ਇਹ ਇੱਕ ਹੋਰ ਕੋਸ਼ਿਸ਼ ਹੈ|” ਪੀੜਿਤ ਔਰਤ ਬਾਰੇ ਬੋਲਦਿਆਂ ਆਸਾ ਰਾਮ ਨੇ ਕਿਹਾ, “ਉਸ ਦੇ ਮਾਪੇ ਮੇਰੇ ਚੇਲੇ ਹਨ, ਇਸ ਨਾਤੇ ਉਹ ਮੇਰੀ ਪੋਤੀ ਹੈ|” ਅੱਗੇ ਉਸ ਨੇ ਆਪਣੇ ਆਪ ਨੂੰ ਇੱਕ ਸ਼ਹੀਦ ਵਜੋਂ ਪੇਸ਼ ਕੀਤਾ| ਇੰਡੀਅਨ ਨੈਸ਼ਨਲ ਕਾਂਗਰਸ ਦੀ ਨੇਤਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਸੰਦਰਭ ਵਿਚ ਉਸ ਨੇ ਦਾਅਵਾ ਕੀਤਾ, “ਮੈਂ ਕਿਸੇ ਵੀ ਸਿਆਸੀ ਪਾਰਟੀ ਦੇ ਖਿਲਾਫ ਨਹੀਂ ਹਾਂ, ਪ੍ਰੰਤੂ ਲੋਕ ਮੈਨੂੰ ਦੱਸ ਰਹੇ ਹਨ ਕਿ ਇਸ ਸਾਰੀ ਸਾਜ਼ਿਸ਼ ਪਿੱਛੇ ‘ਮੈਡਮ’ ਅਤੇ ਉਸ ਦਾ ਪੁੱਤਰ ਹਨ|” ਉਸ ਨੇ ਅੱਗੇ ਪ੍ਰੈਸ ਨੂੰ ਉਸ ਦੇ ਕੇਸ ਤੇ ਸੂਚਨਾ ਦੇਣ ਤੋਂ ਰੋਕਣ ਦੀ ਅਸਫਲ ਕੋਸ਼ਿਸ਼ ਇਹ ਦਾਅਵਾ ਕਰਦਿਆਂ ਕੀਤੀ, “ਮੀਡੀਆ ਮੈਨੂੰ ਮੁਕੱਦਮੇ ਤੋਂ ਪਹਿਲਾਂ ਹੀ ਦੋਸ਼ੀ ਠਹਿਰਾ ਰਿਹਾ ਹੈ, ਅਤੇ ਮੈਨੂੰ ਨਿਰਪੱਖ ਸੁਣਵਾਈ ਨਹੀਂ ਮਿਲੇਗੀ|”
ਜਬਰ ਜਨਾਹ 15 ਅਗਸਤ ਨੂੰ ਵਾਪਰਿਆ ਅਤੇ ਪੁਲਿਸ ਕੋਲ ਇਸ ਦੀ ਸ਼ਿਕਾਇਤ 20 ਅਗਸਤ ਨੂੰ ਦਰਜ ਕਰਾਈ ਗਈ, ਪ੍ਰੰਤੂ ਉਸ ਨੂੰ ਪਹਿਲੀ ਸਤੰਬਰ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ| ਰੀਤਾ ਬੈਨਰਜੀ ਦਾ ਕਹਿਣਾ ਹੈ ਕਿ ਉਸ ਨੂੰ ਤੁਰੰਤ ਗ੍ਰਿਫਤਾਰ ਇਸ ਲਈ ਨਹੀਂ ਕੀਤਾ ਗਿਆ, “ਕਿਉਂਕਿ ਉਸ ਨੂੰ ਸਿਆਸਤਦਾਨਾਂ ਦੀ ਸੁਰੱਖਿਆ ਪ੍ਰਾਪਤ ਸੀ, ਜਿਨ੍ਹਾਂ ਨੂੰ ਉਨ੍ਹਾਂ ਲੱਖਾਂ ਭਾਰਤੀਆਂ ਦੀ ਵੋਟ ਮਿਲਣ ਦੀ ਆਸ ਸੀ, ਜੋ ਆਸਾ ਰਾਮ ਨੂੰ ਪੂਜਦੇ ਸਨ|” ਅਸਲ ਵਿਚ ਉਸ ਨੂੰ ਆਪਣੇ ਸਿਆਸੀ ਰਸੂਖ ਦਾ ਫਾਇਦਾ ਲੈਣ ਵਿਚ ਕੋਈ ਦਿੱਕਤ ਨਹੀਂ ਸੀ| ਜਿਸ ਤਰ੍ਹਾਂ ਐਮ. ਐਲ਼ ਏ. ਜਾਰਜ ਅਤੇ ਚਰਚ ਦੇ ਹੋਰ ਆਗੂ ਮੁਲੱਕਲ ਦੀ ਹਿਫਾਜ਼ਤ ਲਈ ਦੌੜ ਪਏ, ਇਸੇ ਤਰ੍ਹਾਂ ਆਸਾ ਰਾਮ ਦੇ ਨਜ਼ਦੀਕੀ ਸਿਆਸੀ ਸਹਿਯੋਗੀਆਂ ਨੇ ਉਸ ਨੂੰ ਬਚਾਉਣ ਲਈ ਏਕਾ ਕਰ ਲਿਆ|
ਬੀ. ਜੇ. ਪੀ. ਦੇ ਨੈਸ਼ਨਲ ਵਾਈਸ ਪ੍ਰੈਜੀਡੈਂਟ ਪ੍ਰਭਾਤ ਝਾਅ ਨੇ ਕਿਹਾ, “ਆਸਾ ਰਾਮ ਬਾਪੂ ਖਿਲਾਫ ਜਬਰ ਜਨਾਹ ਦੇ ਦੋਸ਼ ਲਾਉਣੇ ਕਾਂਗਰਸ ਦੀ ਵਿਉਂਤਬੰਦ ਸਾਜ਼ਿਸ਼ ਹੈ।” ਐਮ. ਪੀ. ਉਮਾ ਭਾਰਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ, “ਸੰਤ ਆਸਾ ਰਾਮ ਬਾਪੂ ਬੇਕਸੂਰ ਹੈ।…ਉਸ ਖਿਲਾਫ ਝੂਠੇ ਕੇਸ ਕਾਂਗਰਸ ਦੀ ਹਕੂਮਤ ਵਾਲੇ ਰਾਜਾਂ ਵਿਚ ਦਰਜ ਕੀਤੇ ਗਏ ਹਨ| ਮੈਂ ਸੰਤ ਬਾਪੂ ਦੇ ਨਾਲ ਖੜ੍ਹੀ ਹਾਂ|” ਇਸ ਦੇ ਨਾਲ ਹੀ ਉਸ ਨੇ ਟਿੱਪਣੀ ਕੀਤੀ, “ਮੈਨੂੰ ਇਉਂ ਲੱਗਦਾ ਹੈ ਕਿ ਇਸ ਮੁੱਦੇ ਦੇ ਪਿੱਛੇ ਕੋਈ ਸਿਆਸੀ ਮਕਸਦ ਹੈ|”
ਅਜਿਹੀਆਂ ਟਿੱਪਣੀਆਂ ਨੇ ਜਾਹਰਾ ਤੌਰ ‘ਤੇ ਆਸਾ ਰਾਮ ਨੂੰ ਸਜ਼ਾ-ਮੁਕਤੀ ਦੀ ਆਸ ਦੁਆਈ| ਬੀ. ਜੇ. ਪੀ. ਵੱਲੋਂ ਰਾਜਸਥਾਨ ਦੀ ਦਸੰਬਰ 2013 ਦੀ ਚੋਣ ਜਿੱਤਣ ਪਿਛੋਂ, ਉਹ ਸੂਬਾ ਜਿੱਥੇ ਉਸ ਦੇ ਕੇਸ ਦਾ ਮੁਕੱਦਮਾ ਚੱਲ ਰਿਹਾ ਸੀ, ਉਸ ਨੇ ਟਿੱਪਣੀ ਕੀਤੀ, “ਇਹ ਸੱਚਾਈ ਦੀ ਜਿੱਤ ਹੈ…ਸਮਾਂ ਬੀਤਣ ਦੇ ਨਾਲ ਨਾਲ ਸਭ ਕੁਝ ਠੀਕ ਹੋ ਜਾਵੇਗਾ|”
ਬੇਸ਼ੱਕ, ਆਸਾ ਰਾਮ ਖਿਲਾਫ ਭੁਗਤਣ ਵਾਲੇ ਗਵਾਹਾਂ ਲਈ ਸਭ ਅੱਛਾ ਨਹੀਂ ਸੀ| 2014 ਵਿਚ ਇੱਕ ਦਾ ਕਤਲ ਕਰ ਦਿੱਤਾ ਗਿਆ| 2015 ਵਿਚ ਦੋ ਹੋਰ ਦਾ ਕਤਲ ਹੋ ਗਿਆ| ਚਾਰ ਹੋਰਾਂ ਨੇ ਕਤਲ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਕੀਤਾ| 2016 ਵਿਚ ਜਦੋਂ ਪੁਲਿਸ ਨੇ ਸੰਨ 2000 ਤੋਂ ਉਸ ਦੇ ਚੇਲੇ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਕਬੂਲ ਕੀਤਾ ਕਿ ਅਲੱਗ ਅਲੱਗ ਆਸ਼ਰਮਾਂ ਤੋਂ ਚਾਰ ਹੋਰ ਚੇਲੇ ਉਸ ਨੂੰ ਵਿਤੀ ਮਦਦ ਅਤੇ ਦਿਸ਼ਾ-ਨਿਰਦੇਸ਼ ਦੇ ਰਹੇ ਹਨ|
ਇਸੇ ਸਮੇਂ ਦੌਰਾਨ ਸਿਆਸਤਦਾਨ ਸੁਆਮੀ ਦੇ ਕਾਨੂੰਨੀ ਬਚਾਉ ਲਈ ਕੁੱਦ ਪਏ| ਬੀ. ਜੇ. ਪੀ. ਦਾ ਐਮ. ਪੀ. ਸੁਬਰਾਮਨੀਅਮ ਸੁਆਮੀ ਵਕੀਲ ਵਜੋਂ ਅੱਗੇ ਆਇਆ| ਸੁਆਮੀ ਨੇ 2015 ਵਿਚ ਕਿਹਾ, “ਆਸਾ ਰਾਮ ਬਾਪੂ ਵੱਡੇ ਪੈਮਾਨੇ ਦੀ ਸਾਜ਼ਿਸ਼ ਦਾ ਸ਼ਿਕਾਰ ਹੈ।” ਉਸ ਨੇ ਹੋਰ ਕਿਹਾ, “ਮੈਂ ਹੁਣ ਆਸਾ ਰਾਮ ਬਾਪੂ ਨੂੰ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਲਿਆਉਣ ਲਈ ਅੱਗੇ ਵਧਾਂਗਾ ਕਿਉਂਕਿ ਜਬਰ ਜਨਾਹ ਦਾ ਕੇਸ ਜਾਅਲੀ ਹੈ|” 2017 ਵਿਚ ਉਸ ਨੇ ਲੋਕਾਂ ਨੂੰ Ḕਆਸਾ ਰਾਮ ਬਾਪੂ ਨੂੰ ਬਲਾਤਕਾਰੀ ਦੇ ਤੌਰ ‘ਤੇ ਬਦਨਾਮ ਕਰਨ ਵਿਰੁਧḔ ਇਹ ਦਾਅਵਾ ਕਰਦਿਆਂ ਚੇਤਾਵਨੀ ਦਿੱਤੀ ਕਿ ਉਸ ਦਾ ਆਸ਼ਰਮ ਅਤੇ ਈਸਾਈ ਮਿਸ਼ਨਰੀ ਸਰਪ੍ਰਸਤ ਉਸ ਦੇ ਖਿਲਾਫ ਹਨ|
ਜਦ ਕਿ ਸਿਆਸਤਦਾਨ ਉਸ ਦੇ ਬਚਾਉ ਲਈ ਕੁੱਦ ਪਏ ਅਤੇ ਚੇਲਿਆਂ ਨੇ ਗਵਾਹਾਂ ਦੇ ਕਤਲ ਕਰ ਦਿੱਤੇ, ਸੁਆਮੀ ਦੇ ਸ਼ਰਧਾਲੂਆਂ ਨੇ ਉਸ ਦੀ ਰਿਹਾਈ ਲਈ ਵਾਰ ਵਾਰ ਗਲੀਆਂ ਵਿਚ ਦੰਗੇ ਕੀਤੇ| 2015 ਵਿਚ ਗੁਜਰਾਤ ਵਿਚ ਦੰਗਿਆਂ ਦੌਰਾਨ ਪੱਥਰ-ਮਾਰਾਂ ਨੇ ਅੰਦਾਜ਼ਨ 20 ਪੁਲਿਸ ਅਫਸਰ ਜ਼ਖਮੀ ਕਰ ਦਿੱਤੇ| 2016 ਵਿਚ ਜਦੋਂ ਹਜ਼ਾਰਾਂ ਲੋਕਾਂ ਨੇ ਦਿੱਲੀ ਵਿਚ ਦੰਗੇ ਕੀਤੇ, ਪੱਥਰ-ਮਾਰਾਂ ਨੇ 7 ਅਫਸਰ ਜ਼ਖਮੀ ਕਰ ਦਿੱਤੇ| 2017 ਵਿਚ ਸੁਆਮੀ, ਉਸ ਦੀ ਧੀ ਅਤੇ ਕਈ ਚੇਲਿਆਂ ਨੂੰ ਦੰਗੇ ਭੜਕਾਉਣ ਦੇ ਦੋਸ਼ੀ ਠਹਿਰਾਇਆ ਗਿਆ|
ਪੀੜਿਤ ਕੁੜੀ ਦੇ ਬਾਪ ਨੇ ਕਿਹਾ, “ਮੈਂ ਇਸ ਆਦਮੀ ਦੀ ਤਾਕਤ ਨੂੰ ਜਾਣਦਾ ਹਾਂ।…ਮੈਂ ਜਾਣਦਾ ਸੀ ਕਿ ਲੋਕ ਪਾਗਲਾਂ ਵਾਂਗ ਇਸ ਦੇ ਪਿੱਛੇ ਲੱਗੇ ਹੋਏ ਹਨ|” ਲੜਕੀ ਦਾ ਪਿਤਾ, ਜੋ ਆਸਾ ਰਾਮ ਦਾ ਇੱਕ ਸਾਬਕਾ ਚੇਲਾ ਸੀ, ਨੇ ਦੱਸਿਆ ਕਿ ਕਿਵੇਂ ਸੁਆਮੀ Ḕਮੇਰਾ ਦੇਵਤਾ ਸੀ|Ḕ ਆਉਣ ਵਾਲੇ ਸੰਘਰਸ਼ ਨੂੰ ਪਛਾਣਦਿਆਂ ਉਸ ਨੇ ਮੰਨਿਆ, “ਜਦੋਂ ਮੈਂ ਉਸ ਦਾ ਚੇਲਾ ਸੀ, ਮੈਨੂੰ ਵਿਸ਼ਵਾਸ ਨਹੀਂ ਸੀ ਕਿ ਬਾਬੇ ਖਿਲਾਫ ਲਾਇਆ ਗਿਆ ਕੋਈ ਵੀ ਦੋਸ਼ ਸੱਚਾ ਹੈ|” ਉਸ ਨੇ ਬਾਬੇ ਦਾ ਚੇਲਾ ਰਹਿੰਦਿਆਂ ਸਾਲਾਂ ਦੇ ਸਾਲ ਗੁਜਾਰ ਦਿੱਤੇ, ਇਥੋਂ ਤੱਕ ਕਿ ਯੂ. ਪੀ. ਵਿਚ ਜ਼ਮੀਨ ਦਾਨ ਕਰਦਿਆਂ ਆਸ਼ਰਮ ਦੀ ਉਸਾਰੀ ਕੀਤੀ| ਉਸ ਕਿਹਾ, “ਮੈਂ ਅੰਨ੍ਹੇਵਾਹ ਆਸਾ ਰਾਮ ਦੇ ਪਿੱਛੇ ਲੱਗ ਕੇ ਬਹੁਤ ਵੱਡੀ ਗਲਤੀ ਕੀਤੀ, ਪ੍ਰੰਤੂ ਮੈਂ ਚਾਹੁੰਦਾ ਹਾਂ ਮੇਰੀ ਧੀ ਨੂੰ ਇਨਸਾਫ ਮਿਲੇ।” ਆਖਰਕਾਰ, ਉਸ ਦੇ ਹਾਰ ਨਾ ਮੰਨਣ ਦੇ ਅਹਿਦ ਨੂੰ ਫਲ ਲੱਗਿਆ|
ਇਨਸਾਫ ਵੱਲ ਜਾਂਦਾ ਧੋਖੇ ਭਰਿਆ ਰਸਤਾ ਆਪਣੇ ਨਿਸ਼ਾਨਿਆਂ ਵਿਚੋਂ ਆਖਰ ਇੱਕ ‘ਤੇ ਪਹੁੰਚ ਗਿਆ, ਜਦੋਂ ਅਪਰੈਲ 2018 ਵਿਚ ਆਸਾ ਰਾਮ ਨੂੰ ਰਾਜਸਥਾਨ ਵਾਲੇ ਜਬਰ ਜਨਾਹ ਕੇਸ ਵਿਚ ਅਪਰਾਧੀ ਮੰਨਿਆ ਗਿਆ ਅਤੇ ਸਜ਼ਾ ਵਜੋਂ ਉਮਰ ਕੈਦ ਹੋਈ| ਗੁਜਰਾਤ ਕੇਸ ਦਾ ਮੁਕੱਦਮਾ ਅਜੇ ਵੀ ਚੱਲ ਰਿਹਾ ਹੈ| ਇਨਸਾਫ ਲੈਣ ਦੀਆਂ ਕੋਸ਼ਿਸ਼ਾਂ ਦੁਆਲੇ ਫੈਲੀ ਹਿੰਸਾ ਦੀ ਰੌਸ਼ਨੀ ਵਿਚ ਬੇਸ਼ੱਕ ਹੈਰਾਨੀ ਹੁੰਦੀ ਹੈ ਕਿ ਹੋਰ ਕਿੰਨੇ ਕੁ ਪੀੜਤਾਂ ਨੇ ਚੁੱਪ ਰਹਿਣ ਨੂੰ ਪਹਿਲ ਦਿੱਤੀ ਹੋਵੇਗੀ|
ਇਹ ਤਕਰੀਬਨ ਪੱਕ ਹੈ ਕਿ ਹੋਰ ਵੀ ਪੀੜਤ ਹਨ| 2013 ਵਿਚ ਇੱਕ ਡਾਕਟਰ ਅੰਮ੍ਰਿਤ ਭਾਈ, ਜਿਸ ਨੇ 16 ਸਾਲ ਤੱਕ ਆਸਾ ਰਾਮ ਲਈ ਕੰਮ ਕੀਤਾ, ਨੇ ਸੂਚਨਾ ਦਿੱਤੀ, “ਇਹ 1999 ਦੀ ਗੱਲ ਹੈ, ਜਦੋਂ ਮੈਨੂੰ ਪਹਿਲੀ ਵਾਰ ਜੁਆਨ ਕੁੜੀਆਂ ਦਾ ਸੋ.ਸ਼ਣ ਕੀਤੇ ਜਾਣ ਬਾਰੇ ਪਤਾ ਲੱਗਾ| ਇਹ ਉਸ ਦੇ ਸਾਰੇ ਆਸ਼ਰਮਾਂ ਵਿਚ ਵਾਪਰਿਆ|” ਉਸ ਨੇ ਹੋਰ ਕਿਹਾ, “ਉਨ੍ਹਾਂ ਦੇ ਮਾਪਿਆਂ ਨੂੰ ਕੋਈ ਪਤਾ ਨਹੀਂ ਸੀ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਸੀ|” ਹਿੰਸਾ ਦੇ ਸਾਹਮਣੇ ਚੁੱਪ ਰਹਿਣਾ ਪੀੜਿਤ ਔਰਤਾਂ ਦੀ ਆਮ ਪ੍ਰਤੀਕ੍ਰਿਆ ਹੈ| ਉਸ ਕਿਹਾ, “ਕੁਝ ਕੁੜੀਆਂ ਆਪਣੀ ਹੋਣੀ ਨੂੰ ਪ੍ਰਵਾਨ ਕਰ ਲੈਂਦੀਆਂ ਹਨ ਅਤੇ ਪਿੱਛੇ ਹੱਟ ਜਾਂਦੀਆਂ ਹਨ।…ਦੂਸਰੀਆਂ ਚਲੀਆਂ ਜਾਂਦੀਆਂ ਹਨ ਪ੍ਰੰਤੂ ਸ਼ਰਮ ਦੀਆਂ ਮਾਰੀਆਂ ਜਾਂ ਆਸਾ ਰਾਮ ਦੇ ਆਦਮੀਆਂ ਦੀਆਂ ਧਮਕੀਆਂ ਕਰਕੇ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਾਉਂਦੀਆਂ|”
ਪਿਛਲੇ ਦਹਾਕੇ ਵਿਚ ਰੁਕਾਵਟਾਂ ਦੇ ਬਾਵਜੂਦ ਭਾਰਤ ਦੇ ਅਧਿਆਤਮਕ ਆਗੂਆਂ ਵੱਲੋਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਲਈ ਇਨਸਾਫ ਲੈਣ ਖਾਤਰ ਲੜੀ ਜੰਗ ਵਿਚ ਕਈ ਜਿੱਤਾਂ ਹਾਸਲ ਹੋਈਆਂ ਹਨ|
2017 ਵਿਚ ਗੁਰਮੀਤ ਰਾਮ ਰਹੀਮ ਨੂੰ ਆਪਣੀਆਂ ਦੋ ਚੇਲੀਆਂ ਨਾਲ ਜਬਰ ਜਨਾਹ ਕਰਨ ਕਰਕੇ 20 ਸਾਲ ਦੀ ਜੇਲ੍ਹ ਹੋਈ| ਆਸਾ ਰਾਮ ਵਾਂਗ ਹੀ ਉਸ ਦੇ ਲੱਖਾਂ ਹੀ ਸ਼ਰਧਾਲੂ ਹਨ, ‘ਡੇਰੇ’ ਕਰਕੇ ਜਾਣੇ ਜਾਂਦੇ ਉਸ ਦੇ ਫਿਰਕੇ ਸਾਰੇ ਉਤਰੀ ਅਮਰੀਕਾ, ਯੂਰਪ ਅਤੇ ਮੱਧ ਪੂਰਬ ਤੱਕ ਫੈਲੇ ਹੋਏ ਹਨ| ਉਸ ਨੇ ਖਾਸ ਸਿਆਸੀ ਰਸੂਖ ਬਣਾ ਲਿਆ ਅਤੇ ਆਪਣੇ ਚੇਲਿਆਂ ਨੂੰ ਕਿਸੇ ਇੱਕ ਜਾਂ ਦੂਜੀ ਪਾਰਟੀ ਨੂੰ ਵੋਟ ਪਾਉਣ ਦੇ ਹੁਕਮ ਜਾਰੀ ਕਰਨ ਲਈ ਮਸ਼ਹੂਰ ਰਿਹਾ|
ਉਸ ਦਾ ਪਤਨ 2002 ਵਿਚ ਇੱਕ ਔਰਤ ਚੇਲੀ ਵੱਲੋਂ ਇੱਕ ਗੁੰਮਨਾਮ ਚਿੱਠੀ ਜਨਤਕ ਕਰਨ ਨਾਲ ਸ਼ੁਰੂ ਹੋਇਆ ਜਿਸ ਵਿਚ ਉਸ ਨੇ ਰਾਮ ਰਹੀਮ ‘ਤੇ ਉਸ ਨਾਲ ਜਬਰ ਜਨਾਹ ਕਰਨ ਦਾ ਦੋਸ਼ ਲਾਇਆ| ਇਹ ਸਪੱਸ਼ਟ ਕਰਦਿਆਂ ਕਿ ਸੰਸਾਰ ਉਨ੍ਹਾਂ ਨੂੰ Ḕਬ੍ਰਹਮਚਾਰੀ ਚੇਲੀਆਂḔ ਸਮਝਦਾ ਹੈ, ਉਸ ਨੇ ਵਰਣਨ ਕੀਤਾ ਕਿ ਕਿਵੇਂ ਰਾਮ ਰਹੀਮ ਨੇ ਇੱਕ ਰਾਤ ਉਸ ਨੂੰ ਆਪਣੇ ਸੌਣ ਕਮਰੇ ਵਿਚ ਆਉਣ ਦਾ ਹੁਕਮ ਕੀਤਾ ਅਤੇ ਜਬਰ ਜਨਾਹ ਕਰਨ ਲਈ ਵਧਿਆ| ਕੁੜੀ ਵੱਲੋਂ ਵਿਰੋਧ ਕਰਨ ‘ਤੇ ਉਸ ਨੇ ਕਿਹਾ, “ਇਸ ਵਿਚ ਕੋਈ ਸ਼ੱਕ ਨਹੀਂ ਕਿ ਮੈਂ ਪਰਮਾਤਮਾ ਹਾਂ|” ਇਸ ਤੋਂ ਵੀ ਅੱਗੇ, ਉਸ ਨੇ ਆਪਣੀ ਸਿਆਸੀ ਤਾਕਤ ਦੀ ਮਿਸਾਲ ਦਿੱਤੀ ਜਿਸ ਸਦਕਾ ਉਹ ਅਪਰਾਧ ਕਰਨ ‘ਤੇ ਵੀ ਸਾਫ ਨਿਕਲ ਸਕਦਾ ਹੈ| ਪੀੜਿਤ ਔਰਤ ਅਨੁਸਾਰ ਉਸ ਨੇ ਉਸ (ਪੀੜਿਤ) ਨੂੰ ਦੱਸਿਆ, “ਸਰਕਾਰਾਂ ਵਿਚ ਮੇਰਾ ਬੇਹੱਦ ਰਸੂਖ ਹੈ| ਪੰਜਾਬ ਅਤੇ ਹਰਿਆਣੇ ਦੇ ਮੁੱਖ ਮੰਤਰੀ, ਅਤੇ ਕੇਂਦਰੀ ਮੰਤਰੀ ਮੇਰੇ ਪੈਰ ਛੂੰਹਦੇ ਹਨ| ਸਿਆਸਤਦਾਨ ਮੇਰੇ ਕੋਲੋਂ ਮਦਦ ਅਤੇ ਪੈਸਾ ਲੈਂਦੇ ਹਨ| ਉਹ ਮੇਰੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ|”
ਰਾਮ ਰਹੀਮ ਦਾ ਮਾਣ ਉਸ ਦੀ ਗਿਰਾਵਟ ਤੋਂ ਪਹਿਲਾ ਚਲਾ ਗਿਆ| ਪੀੜਿਤ ਔਰਤ ਨੇ ਦਾਅਵਾ ਕੀਤਾ, “ਜੇ ਪ੍ਰੈਸ ਰਾਹੀਂ ਜਾਂ ਕਿਸੇ ਸਰਕਾਰੀ ਏਜੰਸੀ ਰਾਹੀਂ ਕੋਈ ਪੜਤਾਲ ਕੀਤੀ ਜਾਂਦੀ ਹੈ ਤਾਂ, 40 ਤੋਂ 45 ਕੁੜੀਆਂ, ਜੋ ਡੇਰੇ ਵਿਚ ਬੇਹੱਦ ਭੈ ਵਿਚ ਰਹਿ ਰਹੀਆਂ ਹਨ, ਜੇ ਉਨ੍ਹਾਂ ਨੂੰ ਭਰੋਸਾ ਦੁਆਇਆ ਜਾਵੇ, ਸੱਚ ਬਿਆਨਣ ਦੀਆਂ ਚਾਹਵਾਨ ਹਨ|” ਸਾਲਾਂ ਬਾਅਦ ਉਹ ਸਹੀ ਸਾਬਤ ਹੋਈ ਅਤੇ ਰਾਮ ਰਹੀਮ ਨੂੰ ਜੇਲ੍ਹ ਹੋ ਗਈ|
ਫਿਰ ਵੀ ਆਸਾ ਰਾਮ ਦੇ ਕੇਸ ਵਾਂਗ ਹੀ ਸਰੀਰਕ ਸੋ.ਸ਼ਣ ਦਾ ਸ਼ਿਕਾਰ ਔਰਤਾਂ ਲਈ ਇਨਸਾਫ ਲੈਣ ਦੀ ਕੋਸ਼ਿਸ਼ ਵਿਚ ਹੋਰ ਵੀ ਵੱਧ ਖੂਨ-ਖਰਾਬਾ ਹੋਇਆ| ਰਾਮ ਰਹੀਮ ‘ਤੇ ਦੋਸ਼ ਸਿੱਧ ਹੋ ਜਾਣ ਤੋਂ ਇੱਕ ਦਮ ਬਾਅਦ ਉਸ ਦੇ ਚੇਲਿਆਂ ਨੇ ਉਤਰੀ ਭਾਰਤ ਦੇ ਵੱਡੇ ਹਿੱਸਿਆਂ ਵਿਚ ਦੰਗੇ ਭੜਕਾ ਦਿੱਤੇ| ਦਰਜ਼ਨਾਂ ਬੰਦੇ ਮਾਰੇ ਗਏ|
ਇਸ ਤੋਂ ਵੀ ਵੱਧ, ਉਸ ਦਾ ਦੋਸ਼ ਸਾਬਤ ਹੋ ਜਾਣ ਨਾਲ ਉਸ ਦੀ ਪ੍ਰਸਿੱਧੀ ਤਬਾਹ ਨਹੀਂ ਹੋਈ| ਸਿਆਸਤਦਾਨਾਂ ਨੇ ਉਸ ਦੀ ਪਿੱਠ ਪੂਰਨੀ ਜਾਰੀ ਰੱਖੀ| ਮਿਸਾਲ ਵਜੋਂ ਬੀ. ਜੇ. ਪੀ. ਦੇ ਐਮ. ਪੀ. ਸਾਖਸ਼ੀ ਮਹਾਰਾਜ (ਜੋ ਸੰਯੋਗਵਸ ਉਨਾਉ ਚੋਣ ਖੇਤਰ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਦੋਸ਼ੀ ਬਲਾਤਕਾਰੀ ਐਮ. ਪੀ. ਕੁਲਦੀਪ ਸਿੰਘ ਸੇਂਗਰ ਦੇ ਗੁਆਂਢ ਵਿਚ ਹੈ), ਨੇ ਰਾਮ ਰਹੀਮ ਨੂੰ ਉਸ ‘ਤੇ ਦੋਸ਼ ਸਾਬਤ ਹੋ ਜਾਣ ਤੋਂ ਬਾਅਦ Ḕਪਵਿੱਤਰ ਆਤਮਾḔ ਕਿਹਾ ਅਤੇ ਐਲਾਨ ਕੀਤਾ, “ਇੱਕ ਲੜਕੀ ਨੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਹੈ ਪ੍ਰੰਤੂ ਅੱਜ ਕਰੋੜਾਂ ਹੀ ਉਸ (ਰਾਮ ਰਹੀਮ) ਦੇ ਨਾਲ ਖੜ੍ਹੇ ਹਨ| ਸਹੀ ਕੌਣ ਹੈ? ਇੱਕ ਕਰੋੜ ਲੋਕ, ਜੋ ਬਾਬੇ ਦਾ ਸਮਰਥਨ ਕਰ ਰਹੇ ਹਨ ਜਾਂ ਉਹ ਕੁੜੀ ਜਿਸ ਦਾ ਜਬਰ ਜਨਾਹ ਹੋਇਆ?”
ਹੋਰ ਵੀ ਬਹੁਤ ਸਾਰੇ ਸੁਆਮੀ ਹਨ, ਜਿਨ੍ਹਾਂ ‘ਤੇ ਦੋਸ਼ ਲੱਗੇ ਹਨ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਸਜ਼ਾ ਵੀ ਹੋਈ ਹੈ| 2017 ਵਿਚ ਸੁਆਮੀ ਇੱਛਾਧਾਰੀ ਭੀਮਾਨੰਦ ਇੱਕ ਵੇਸਵਾ ਅੱਡਾ ਚਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ| 2008 ਵਿਚ ਸੁਆਮੀ ਅੰਮ੍ਰਿਤ ਚੈਤੰਨਿਆ ਜਬਰ ਜਨਾਹ, ਬਾਲ ਸਰੀਰਕ ਸ਼ੋਸ਼ਣ ਅਤੇ ਨਾਬਾਲਗ ਕੁੜੀਆਂ ਦੀਆਂ ਅਸ਼ਲੀਲ ਫਿਲਮਾ ਬਣਾਉਣ ਲਈ ਗ੍ਰਿਫਤਾਰ ਕੀਤਾ ਗਿਆ| 1997 ਵਿਚ ਸੁਆਮੀ ਪ੍ਰੇਮਾਨੰਦ ਨੂੰ ਜਬਰ ਜਨਾਹ ਦੇ ਦੋਸ਼ ਵਿਚ, ਜਿਸ ਵਿਚ ਨਾਬਾਲਗ ਕੁੜੀਆਂ ਦਾ ਜਬਰ ਜਨਾਹ ਵੀ ਸ਼ਾਮਲ ਸੀ, ਅਕਸਰ ਇਸ ਬਹਾਨੇ ਨਾਲ ਕਿ ਉਸ ਨਾਲ ਸੰਭੋਗ ਕਰਨਾ Ḕਪਰਮਾਤਮਾ ਦੀ ਸੇਵਾ ਹੈḔ, ਲਈ ਦੋਸ਼ੀ ਠਹਿਰਾਇਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਹੋਈ|
ਬੇਸ਼ੱਕ, ਨਾ ਕੇਵਲ ਸਰੀਰਕ ਸ਼ੋਸ਼ਣ ਦੇ ਦੋਸ਼ ਦੋਸ਼ੀਆਂ ਦੀ ਮਸ਼ਹੂਰੀ ਵਿਚ ਕੋਈ ਰਤਾ ਮਾਸਾ ਵੀ ਫਰਕ ਪਾਉਂਦੇ ਹਨ, ਬਲਕਿ ਦੋਸ਼ੀਆਂ ਨਾਲ ਵਰਤੋਂ ਵਿਹਾਰ ਵਾਰ ਵਾਰ ਨਾਇਕਾਂ, ਅਧਿਕਾਰੀਆਂ ਅਤੇ ਇੱਥੋਂ ਤੱਕ ਕਿ ਦੇਵਤਿਆਂ ਵਾਂਗ ਕੀਤਾ ਜਾਂਦਾ ਹੈ| ਕਈ ਵਾਰ ਉਨ੍ਹਾਂ ਦੀ ਬੁੱਤਾਂ ਦੇ ਰੂਪ ਵਿਚ ਯਾਦਗਾਰ ਬਣਾਈ ਜਾਂਦੀ ਹੈ| ਇਸ ਦੀ ਮੋਹਨਦਾਸ ਗਾਂਧੀ ਤੋਂ ਵੱਧ ਕੋਈ ਮਸ਼ਹੂਰ ਮਿਸਾਲ ਨਹੀਂ ਹੈ, ਜਿਸ ਦਾ ਉਪਨਾਮ ḔਮਹਾਤਮਾḔ ਜਾਂ Ḕਮਹਾਨ ਆਤਮਾḔ ਹੈ|
ਭਾਰਤ ਵਿਚ ਔਰਤਾਂ ਦੇ ਸਰੀਰਕ ਸ਼ੋਸ਼ਣ ਦੇ ਸ਼ਿਕਾਰੀਆਂ ਨੂੰ ਸਿਆਸੀ ਅਤੇ ਧਾਰਮਕ ਤਾਕਤਾਂ ਦਾ ਸੁਮੇਲ ਕਿਵੇਂ ਸਜ਼ਾ ਤੋਂ ਮੁਕਤੀ ਦੁਆਉਂਦਾ ਹੈ, ਗਾਂਧੀ ਉਸ ਦੀ ਮਿਸਾਲ ਹੈ| ਉਸ ਨੂੰ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਉਸ ਦੀ ਭੂਮਿਕਾ ਕਾਰਨ Ḕਭਾਰਤ ਦਾ ਪਿਤਾḔ ਕਰਕੇ ਜਾਣਿਆ ਜਾਂਦਾ ਹੈ, ਉਸ ਨੂੰ ਅਹਿੰਸਾ ਦਾ ਸੰਸਾਰ ਦਾ ਪ੍ਰਮੁਖ ਪ੍ਰੇਰਕ ਵੀ ਮੰਨਿਆ ਜਾਂਦਾ ਹੈ| ਫਿਰ ਵੀ, ਬਿਸ਼ਪ ਦੀ ਤਰ੍ਹਾਂ ਕਿਸੇ ਨੇ ਵੀ ਕਦੇ ਉਸ ਦਾ ਵਿਰੋਧ ਨਹੀਂ ਕੀਤਾ, ਸੁਆਮੀਆਂ ਦੀ ਤਰ੍ਹਾਂ ਉਸ ਨੂੰ ਕਦੇ ਵੀ ਕਚਹਿਰੀਆਂ ਵਿਚ ਨਹੀਂ ਲਿਜਾਇਆ ਗਿਆ|
“ਇਹ ਬੜੀ ਅਲੌਕਿਕ ਗੱਲ ਹੈ ਕਿ ਉਹ ਗਾਂਧੀ ਵਰਗਾ ਕਿਵੇਂ ਹੈ।” ਬੈਨਰਜੀ ਨੇ ਟਿੱਪਣੀ ਕੀਤੀ ਹੈ| “ਮੈਂ ਭਾਰਤੀ ਅਧਿਆਤਮਕ ਨੇਤਾ ਆਸਾ ਰਾਮ ਦੀ ਗੱਲ ਕਰ ਰਹੀ ਹਾਂ|” ਸਮਾਨਤਾਵਾਂ ਦੀ ਪਰਖ ਕਰਦਿਆਂ, ਉਹ ਕਹਿੰਦੀ ਹੈ, “ਦੋਹਾਂ-ਗਾਂਧੀ ਅਤੇ ਆਸਾ ਰਾਮ ਨੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਬਣਾਏ, ਜਿਨ੍ਹਾਂ ਨੇ ਉਨ੍ਹਾਂ ਨੂੰ ਸੰਤ, ਅਧਿਆਤਮਕ ‘ਮਾਰਗ ਦਰਸ਼ਕ’, ਅਤੇ ‘ਬਾਪੂ’ ਜਾਂ ḔਪਿਤਾḔ ਕਿਹਾ|” ਉਹ ਸਪੱਸ਼ਟ ਕਰਦੀ ਹੈ ਕਿ ਦੋਵੇਂ ਅਧਿਆਤਮਕ ਨੇਤਾ “ਸੰਭੋਗ ਜਾਂ ਸੰਭੋਗ ਦੀ ਇੱਛਾ ਨੂੰ ‘ਪਾਪḔ ਸਮਝਦੇ ਸੀ ਅਤੇ Ḕਦੋਹਾਂ ਨੇ ਆਪਣੇ ਚੇਲਿਆਂ ਨੂੰ ਪਰਹੇਜ਼ ਅਤੇ ਸੰਭੋਗ ਦੀ ਇੱਛਾ ਨੂੰ ਕਾਬੂ ਵਿਚ ਰੱਖਣ ਨੂੰ ‘ਸਵੈ-ਸ਼ੁਧੀਕਰਨ’ ਦੀ ਇੱਕ ਕਿਸਮ ਵਜੋਂ ਲਿਆ|” ਇਸ ਤੋਂ ਵੀ ਵੱਧ, ਉਹ ਸਿੱਟਾ ਕੱਢਦੀ ਹੈ, “ਦੋਵੇਂ-ਗਾਂਧੀ ਅਤੇ ਆਸਾ ਰਾਮ, ਆਪ ਹੀ ਆਪਣੀਆਂ ਸਿੱਖਿਆਵਾਂ ਦੇ ਪਖੰਡੀ ਉਲੰਘਣ ਵਿਚ ਇੱਕ ਜਾਂ ਦੂਜੀ ਤਰ੍ਹਾਂ ਦੀ ਸੰਭੋਗੀ ਸੰਤੁਸ਼ਟੀ ਵਿਚ ਲਿਪਟੇ ਰਹੇ, ਇੱਥੋਂ ਤੱਕ ਕਿ ਇਸ ਦਾ ਨਤੀਜਾ ਉਨ੍ਹਾਂ ਦੇ ਆਪਣਿਆਂ ਦੀਆਂ ਕੁੜੀਆਂ ਤੇ ਔਰਤਾਂ ਦੇ ਸਰੀਰਕ ਸੋ.ਸ਼ਣ ਵਿਚ ਨਿਕਲਿਆ|”
ਗਾਂਧੀ ਨੇ ਪ੍ਰਸਿੱਧ ਰੂਪ ਵਿਚ ਬ੍ਰਹਮਚਾਰੀ ਰਹਿਣ ਦੀ ਸਹੁੰ 1906 ਵਿਚ ਚੁੱਕੀ| 1944 ਤੱਕ, ਆਪਣੀ ਪਤਨੀ ਦੀ ਮੌਤ ਪਿੱਛੋਂ, ਉਸ ਨੇ ਅਭਿਆਨ ਸ਼ੁਰੂ ਕਰ ਦਿੱਤਾ, ਜਿਸ ਨੂੰ ਉਸ ਨੇ ਆਪਣੇ ਬ੍ਰਹਮਚਾਰੀ ਹੋਣ ਦੀ Ḕਪ੍ਰੀਖਿਆḔ ਦੇ Ḕਪ੍ਰਯੋਗḔ ਕਿਹਾ| ਸਭ ਤੋਂ ਘਿਨਾਉਣਾ, 75 ਸਾਲ ਦਾ ਬੁੱਢਾ ਗਾਂਧੀ ਆਪਣੀ 18 ਸਾਲ ਦੀ ਭਤੀਜ-ਪੋਤੀ ਮਨੂ ਨਾਲ ਨੰਗਾ ਸੁੱਤਾ, ਜੋ ਉਸ ਦੀ ਸਰਪ੍ਰਸਤੀ ਵਿਚ 12 ਸਾਲ ਦੀ ਉਮਰ ਵਿਚ ਆਈ ਸੀ। ਇਸ ਦੇ ਨਾਲ ਹੀ 18 ਸਾਲ ਦੀ ਆਭਾ ਨਾਲ ਵੀ, ਜੋ ਗਾਂਧੀ ਦੇ ਭਤੀਜ-ਪੋਤੇ ਦੀ ਪਤਨੀ ਸੀ|
ਰਾਮਚੰਦਰ ਗੂਹਾ ਨੇ ਪਿਛਲੇ 20 ਸਾਲ ਤਿੰਨ ਜਿਲਦਾਂ ਵਿਚ ਗਾਂਧੀ ਦੀ ਜੀਵਨੀ ਲਿਖਣ ਵਿਚ ਖਰਚ ਕੀਤੇ ਹਨ| ਉਹ ਇਸ ਅਧਿਆਤਮਕ ਨੇਤਾ ਨੂੰ Ḕਬਹੁਤ ਹੀ ਮਹਾਨ ਆਧੁਨਿਕ ਭਾਰਤੀḔ ਕਹਿੰਦਾ ਹੈ| ਫਿਰ ਵੀ, ਗਾਂਧੀ ਦੇ Ḕਪ੍ਰਯੋਗਾਂḔ ‘ਤੇ ਪ੍ਰਤੀਕ੍ਰਿਆ ਕਰਦਿਆਂ ਗੂਹਾ ਕਹਿੰਦਾ ਹੈ, “ਇਹ ਬਹੁਤ ਹੀ ਅਜੀਬ ਸੀ|” ਸਮਝਾਉਣ ਦੀ ਮੰਗ ਕਰਦਿਆਂ ਕਿ ਕਿਉਂ ਬੁੱਢੇ ਆਦਮੀ ਨੇ ਆਪਣੀਆਂ ਜੁਆਨ ਔਰਤ ਰਿਸ਼ਤੇਦਾਰਾਂ ਨੂੰ, ਨੰਗਿਆਂ ਆਪਣਾ ਬਿਸਤਰ ਸਾਂਝਾ ਕਰਨ ਲਈ ਕਿਹਾ? ਗੂਹਾ ਕਹਿੰਦਾ ਹੈ, “ਉਹ ਇਕੱਲਾ ਸੀ, ਕਲਮੁਕੱਲਾ, ਬਿਨਾ ਕਿਸੇ ਮਾਰਗ ਦਰਸ਼ਕ ਦੇ|”
ਗਾਂਧੀ ਆਪ ਵੱਖਰਾ ਸਪੱਸ਼ਟੀਕਰਨ ਦਿੰਦਾ ਹੈ| ਉਹ ਦੋਸ਼ ਨੂੰ ਨਕਾਰਦਾ ਨਹੀਂ| ਬਜਾਇ ਇਸ ਦੇ, ਉਹ ਇਸ ਨੂੰ ਆਪਣੀ ਨੈਤਿਕ ਜਿੰਮੇਵਾਰੀ ਵਜੋਂ ਚਿਤਰਦਾ ਹੈ ਅਤੇ ਆਪਣੇ-ਆਪ ਨੂੰ (ਸਰੀਰਕ ਸ਼ੋਸ਼ਕਾਂ ਦੀ ਹਰ ਥਾਂ ਇਹੀ ਰਵਾਇਤ ਹੈ) ਇੱਕ ਸ਼ਹੀਦ ਦੇ ਤੌਰ ‘ਤੇ ਪੇਸ਼ ਕਰਦਾ ਹੈ| “ਮਨੂ ਗਾਂਧੀ, ਮੇਰੀ ਪੋਤੀ ਜਿਵੇਂ ਅਸੀਂ ਖੂਨ ਦੇ ਰਿਸ਼ਤਿਆਂ ਨੂੰ ਮੰਨਦੇ ਹਾਂ, ਮੇਰੇ ਨਾਲ ਬਿਸਤਰ ਸਾਂਝਾ ਕਰਦੀ ਹੈ,” ਗਾਂਧੀ ਨੇ ਕਿਹਾ ਹੈ| “ਮਨੂ ਨਾਲ ਸੌਣਾ ਮੇਰੇ ਯੱਗ (ਬਲੀਦਾਨ) ਦਾ ਅਨਿੱਖੜ ਅੰਗ ਹੈ|”
ਜਿਹੜਾ ਯੱਗ (ਬਲੀਦਾਨ) ਉਹ ਕਰ ਰਿਹਾ ਸੀ, ਉਸ ਦੀ ਵਿਆਖਿਆ ਕਰਦਿਆਂ, ਉਸ ਨੇ ਲਿਖਿਆ ਹੈ, “ਮਨੂ ਦਾ ਮੇਰੇ ਨਾਲ ਸੌਣਾ ਧਰਮ (ਫਰਜ਼) ਦੀ ਗੱਲ ਹੈ, ਮੈਂ ਇਸ ਸੰਕਲਪ ਤੋਂ ਇਹ ਸਬਕ ਸਿੱਖਿਆ ਹੈ ਕਿ ਇੱਕ ਵਿਅਕਤੀ ਲਈ ਜੋ ਧਰਮ ਦੀ ਗੱਲ ਹੈ, ਉਸ ਨੂੰ ਆਪਣੇ ਪਿਆਰਿਆਂ ਦੇ ਪ੍ਰੇਮ ਦੀ ਖਾਤਰ ਜਾਂ ਕਿਸੇ ਦੇ ਭੈ ਦੇ ਕਾਰਨ ਛੱਡ ਨਹੀਂ ਸਕਦਾ| ਜੇ ਇਸ ਕਿਸਮ ਦੀ ਹਾਲਤ ਵਿਚ, ਮੈਂ ਦੋਸਤਾਂ ਦੇ ਝੂਠੇ ਸਤਿਕਾਰ ਜਾਂ ਡਰ ਜਾਂ ਪ੍ਰੇਮ ਖਾਤਰ ਉਸ ਨੂੰ ਤਿਆਗ ਦਿੰਦਾ ਹਾਂ, ਜਿਸ ਵਿਚ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੇਰਾ ਧਰਮ ਹੈ, ਮੇਰਾ ਯੱਗ ਅਧੂਰਾ ਰਹਿ ਜਾਵੇਗਾ|”
ਮਨੂ ਨਾਲ ਆਪਣੇ ਪ੍ਰਯੋਗ ਨੂੰ ਵਾਜਬ ਠਹਿਰਾਉਂਦਿਆਂ, ਉਸ ਨੇ ਉਸ ਨੂੰ ਦੱਸਿਆ, “ਸਾਨੂੰ ਆਪਣੀ ਪਵਿੱਤਰਤਾ ਨੂੰ ਅੰਤਮ ਪ੍ਰੀਖਿਆ ‘ਤੇ ਪਾਉਣਾ ਚਾਹੀਦਾ ਹੈ, ਤਾਂਕਿ ਸਾਨੂੰ ਪਤਾ ਲੱਗੇ ਕਿ ਅਸੀਂ ਸਭ ਤੋਂ ਪਵਿੱਤਰ ਯੱਗ ਕਰ ਰਹੇ ਹਾਂ ਅਤੇ ਸਾਨੂੰ ਦੋਹਾਂ ਨੂੰ ਹੁਣ ਨੰਗੇ ਸੌਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ|” ਬੇਸੱ.ਕ, ਜਾਹਰਾ ਤੌਰ ‘ਤੇ ਉਸ ਦੀ ਪ੍ਰੀਖਿਆ ਫੇਲ੍ਹ ਹੋ ਗਈ|
ਜੀਵਨੀ ਲੇਖਕ ਜੂਸਿਫ ਲੈਲੀਵੈਲਡ ਅਨੁਸਾਰ ਗਾਂਧੀ ਨੇ ਇੱਕ ਹੋਰ ਔਰਤ ਨੂੰ ਭੇਦ ਦੱਸਿਆ ਕਿ ਮਨੂ ਨਾਲ ਸੌਂਦਿਆਂ “ਮੇਰੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਮੈਂ ਸਰੀਰਕ ਤੌਰ ‘ਤੇ ਉਤੇਜਿਤ ਰਿਹਾ| ਇਹ ਪੂਰੀ ਤਰ੍ਹਾਂ ਇੱਕ ਅਜੀਬ ਅਤੇ ਸ਼ਰਮਨਾਕ ਪ੍ਰਯੋਗ ਸੀ|”
ਜੇ ਗਾਂਧੀ ਦਾ ਤਜਰਬਾ ਸੰਭਾਵਤ ਇੱਛਤ ਨਤੀਜੇ ਪੈਦਾ ਕਰ ਵੀ ਦਿੰਦਾ, ਬੈਨਰਜੀ ਨੇ ਫਿਰ ਵੀ ਅਸਹਿਮਤ ਹੀ ਹੋਈ ਰਹਿਣਾ ਸੀ| ਜਿਵੇਂ ਕਿ ਉਹ ਕਹਿੰਦੀ ਹੈ, “ਮੈਂ ਗਾਂਧੀ ਨੂੰ ਯੌਨ ਸ਼ਿਕਾਰੀ ਦੀ ਇੱਕ ਉਤਮ ਮਿਸਾਲ ਵਜੋਂ ਦੇਖਿਆ ਹੈ, ਇੱਕ ਆਦਮੀ, ਜੋ ਆਪਣੇ ਰੁਤਬੇ ਅਤੇ ਤਾਕਤ ਦੀ ਵਰਤੋਂ ਉਨ੍ਹਾਂ ਲੋਕਾਂ ਨਾਲ ਛਲ ਕਰਨ ਅਤੇ ਸਰੀਰਕ ਸ਼ੋਸ਼ਣ ਲਈ ਕਰਦਾ ਹੈ, ਜਿਨ੍ਹਾਂ ‘ਤੇ ਉਸ ਦਾ ਸਿੱਧਾ ਅਖਤਿਆਰ ਹੈ|”
ਬੈਨਰਜੀ ਗਾਂਧੀ ਦੇ ਚੇਲਿਆਂ ਨੂੰ ਦੁਰਉਪਯੋਗ ਲਈ ਦੋਸ਼ੀ ਮੰਨਦੀ ਹੈ ਅਤੇ ਸੋਚਦੀ ਹੈ ਕਿ ਗਾਂਧੀ ਨੂੰ ਇੱਕ ਆਦਰਸ਼ ਵੱਜੋਂ ਨਹੀਂ, ਬਲਕਿ ਸੰਸਾਰ ਲਈ ਇੱਕ ਚਿਤਾਵਨੀ ਵਜੋਂ ਲੈਣਾ ਚਾਹੀਦਾ ਹੈ| ਬੈਨਰਜੀ ਐਲਾਨ ਕਰਦੀ ਹੈ, “ਅਗਵਾਈ ਕਰਨ ਦੀ ਸਥਿਤੀ ਵਿਚ ਬੈਠੇ ਆਦਮੀ ਕਮਜ਼ੋਰ ਕੁੜੀਆਂ ਅਤੇ ਔਰਤਾਂ ਨੂੰ ਸਰੀਰਕ ਸੋ.ਸ਼ਣ ਦਾ ਸ਼ਿਕਾਰ ਬਣਾ ਸਕਦੇ ਹਨ ਕਿਉਂਕਿ ਜੋ ਲੋਕ ਉਨ੍ਹਾਂ ਦੀ ਅਗਵਾਈ ਦਾ ਸਤਿਕਾਰ ਕਰਦੇ ਹਨ, ਉਹ ਅਜਿਹਾ ਕਰਨ ਦੀ ਜਗ੍ਹਾ ਵੀ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਤਾਕਤ ਵੀ ਦਿੰਦੇ ਹਨ।”
ਮੁੱਕਦੀ ਗੱਲ, ਉਹ ਦਲੀਲ ਦਿੰਦੀ ਹੈ, “ਅਸੀਂ ਸਭ ਉਨ੍ਹਾਂ ਆਦਮੀਆਂ ਦੀ ਨਾਇਨਸਾਫੀ/ਧੱਕੇ ਲਈ ਜਿੰਮੇਵਾਰ ਹਾਂ, ਜਿਨ੍ਹਾਂ ਨੂੰ ਅਸੀਂ ਰੁਤਬਿਆਂ ‘ਤੇ ਬਿਰਾਜਮਾਨ ਕਰਦੇ ਹਾਂ|”
ਗਾਂਧੀ ਨੂੰ ਉਸ ਦੇ ਕਾਰਜਾਂ ਲਈ ਕਦੇ ਵੀ ਜਿੰਮੇਵਾਰ ਨਹੀਂ ਠਹਿਰਾਇਆ ਗਿਆ| ਜ਼ਿਆਦਾ ਆਧੁਨਿਕ ਭਾਰਤੀ ਆਗੂਆਂ ਨੂੰ ਬੇਸ਼ੱਕ ਜਿੰਮੇਵਾਰ ਠਹਿਰਾਇਆ ਗਿਆ ਹੈ| ਰਾਮ ਰਹੀਮ ਨੂੰ ਠਹਿਰਾਇਆ ਗਿਆ| ਇਸੇ ਤਰ੍ਹਾਂ ਆਸਾ ਰਾਮ ਨੂੰ ਵੀ| ਸ਼ਾਇਦ ਸਾਂਝੀ ਰਾਮ ਅਤੇ ਕੁਲਦੀਪ ਸਿੰਘ ਸੇਂਗਰ ਵੀ ਜਿੰਮੇਵਾਰੀ ਦਾ ਸਾਹਮਣਾ ਕਰਨਗੇ| ਆਸ ਦੀ ਇੱਕ ਕਿਰਨ ਵਿਚ ਬਿਸ਼ਪ ਫਰੈਂਕੋ ਮੁਲੱਕਲ ਨੂੰ ਵੀ ਇਨਸਾਫ ਦੇ ਤਰਾਜ਼ੂ ਵਿਚ ਤੋਲਿਆ ਜਾ ਰਿਹਾ ਹੈ|
20 ਸਤੰਬਰ ਨੂੰ ਵੈਟੀਕਨ ਨੇ ਆਖਰ ਮੁਲੱਕਲ ਨੂੰ ਉਸ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ| ਅੰਤ ਵਿਚ 21 ਸਤੰਬਰ ਨੂੰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ| ਉਸ ਦੀ ਗ੍ਰਿਫਤਾਰੀ, 24 ਜੂਨ ਨੂੰ ਦੋਸ਼ ਦਾਖਲ ਕਰਵਾਏ ਜਾਣ ਤੋਂ ਤਿੰਨ ਮਹੀਨੇ ਬਾਅਦ ਹੋਈ, ਪ੍ਰੰਤੂ ਫਿਰ ਵੀ ਹੋ ਤਾਂ ਗਈ|
ਜੇ ਏਨੇ ਸਾਲਾਂ ਦੇ ਹੋਰ ਕੇਸ ਕੋਈ ਸਬੂਤ ਹਨ, ਬੇਸ਼ੱਕ, ਕੋਚੀ ਵਿਖੇ 8 ਸਤੰਬਰ ਤੋਂ, ਜੋ ਸਾਧਵੀਆਂ ਵਿਰੋਧ ਕਰ ਰਹੀਆਂ ਹਨ, ਉਨ੍ਹਾਂ ਨੂੰ ਆਪਣੀਆਂ ਮੰਗਾਂ ਬਦਲਣੀਆਂ ਪੈ ਸਕਦੀਆਂ ਹਨ| ਗ੍ਰਿਫਤਾਰੀ ਹੋ ਗਈ ਹੈ ਪ੍ਰੰਤੂ ਮੁਲੱਕਲ ਨੂੰ ਚਰਚ ਦੇ ਪਾਦਰੀਪਣ ਤੋਂ ਨਹੀਂ ਹਟਾਇਆ ਗਿਆ| ਜੇ ਉਸ ਨੂੰ ਪਾਦਰੀਪਣ ਤੋਂ ਹਟਾ ਵੀ ਦਿੱਤਾ ਗਿਆ, ਜੇਲ੍ਹ ਦਾ ਰਸਤਾ ਫਿਰ ਵੀ ਬਹੁਤ ਦੂਰ ਹੈ|
ਬਿਸ਼ਪ ਅਤੇ ਸਾਧਵੀ ਦਾ ਕੇਸ, ਜੇ ਹੋਰ ਕੁਝ ਨਹੀਂ, ਸੰਸਾਰ ਨੂੰ ਡਾ. ਭੀਮਾ ਰਾਉ ਅੰਬੇਦਕਰ ਦੇ ਸ਼ਬਦ ਜ਼ਰੂਰ ਯਾਦ ਕਰਾਉਂਦਾ ਹੈ| ਇੱਕ ਵਕੀਲ ਅਤੇ ਬੁੱਧੀਜੀਵੀ, ਜੋ ਖਾਸ ਕਰਕੇ ਭਾਰਤ ਦੇ ਦੱਬੇ-ਕੁਚਲੇ ਭਾਈਚਾਰਿਆਂ ਦੇ ਹੱਕਾਂ ਦੇ ਮੁਦੱਈ ਵਜੋਂ ਪ੍ਰਸਿੱਧ ਹੈ, ਅੰਬੇਦਕਰ ਨੇ ਟਿੱਪਣੀ ਕੀਤੀ, “ਮੈਂ ਕਿਸੇ ਵੀ ਭਾਈਚਾਰੇ ਦੀ ਤਰੱਕੀ ਉਸ ਦਰਜ਼ੇ ਤੋਂ ਮਾਪਦਾ ਹਾਂ, ਜੋ ਉਸ ਦੀਆਂ ਔਰਤਾਂ ਨੇ ਪ੍ਰਾਪਤ ਕੀਤਾ ਹੈ|”
ਆਧੁਨਿਕ ਭਾਰਤ ਦੇ ਸੰਦਰਭ ਵਿਚ ਇਹ ਇੱਕ ਆਸ਼ਾਵਾਦੀ ਵਿਚਾਰ ਹੈ| ਪੱਛਮ ਤੋਂ ਪੂਰਬ ਤੱਕ ਅਣਗਿਣਤ ਅਧਿਆਤਮਕ ਨੇਤਾ ਆਪਣੇ ਸਮੂਹਾਂ ਦਾ ਸ਼ੋਸ਼ਣ ਕਰ ਰਹੇ ਹਨ| ਪ੍ਰਮੁੱਖ ਸਿਆਸਤਦਾਨ ਇਨ੍ਹਾਂ ਮੁਜ਼ਰਿਮਾਂ ਸਾਹਮਣੇ ਝੁਕਣ ਅਤੇ ਦੰਡੌਤ ਕਰਨ ਦੀ ਸ਼ੇਖੀ ਮਾਰਦੇ ਹਨ| ਫਿਰ ਵੀ, ਇੱਕ ਤੋਂ ਬਾਅਦ ਦੂਜਾ, ਉਨ੍ਹਾਂ ਦੇ ਪੀੜਤ ਸੰਸਾਰ ਵਿਚ ਸਭ ਤੋਂ ਵੱਧ ਤਾਕਤਵਰ ਲੋਕਾਂ ਨੂੰ ਵੰਗਾਰਨ ਲਈ ਅੱਗੇ ਆ ਰਹੇ ਹਨ, ਘੋਸ਼ਣਾ ਕਰਦੇ ਹੋਏ, “ਇਹ ਬੰਦ ਹੋਵੇਗਾ| ਅਸੀਂ ਪੀੜਤ ਨਹੀਂ ਹਾਂ| ਅਸੀਂ ਜਿਉਂਦੇ ਬਚ ਗਏ ਹਾਂ|”
ਇਹ ਜਿਉਂਦੇ ਬਚ ਗਏ ਲੋਕ ਸਨਮਾਨਜਨਕ ਹਨ, ਅਸਲੀ ਨਾਇਕ, ਅਸਲੀ ਮਹਾਤਮਾ, ਜੇ ਨਾਮ ਨਹੀਂ ਤਾਂ ਉਨ੍ਹਾਂ ਦੀਆਂ ਕਹਾਣੀਆਂ ਦਾ ਜ਼ਿਕਰ, ਇਤਿਹਾਸ ਵਿਚ ਜਰੂਰ ਹੋਣਾ ਚਾਹੀਦਾ ਹੈ|
(ਸਮਾਪਤ)