ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮਨੁੱਖੀ ਸੁਭਾਅ ‘ਚ ਨਿੰਦਿਆ ਦੇ ਗੁਣ/ਔਗੁਣ ਦਾ ਵਿਸਥਾਰ ਵਿਚ ਚਿੰਤਨ ਕੀਤਾ ਸੀ। ਉਹ ਕਹਿੰਦੇ ਹਨ, “ਨਿੰਦਿਆ ਕੌੜੀ, ਕੁਸੈਲੀ ਤੇ ਤਿੱਖੀ ਵੀ ਹੁੰਦੀ। ਕਈ ਵਾਰ ਰੂਹ ਨੂੰ ਜਖਮੀ ਵੀ ਕਰਦੀ, ਪਰ ਬਹੁਤੀ ਵਾਰ ਇਹੀ ਨਿੰਦਿਆ ਮਨੁੱਖ ਨੂੰ ਤਰਾਸ਼ਦੀ, ਉਸ ਦੇ ਮਨ ਵਿਚੋਂ ਕੂੜ-ਕੁਸੱਤ ਦਾ ਮੁਲੰਮਾ ਉਤਾਰਦੀ, ਸੋਚ ਨੂੰ ਸੇਧ ਅਤੇ ਸਮਰਪਣ ਵੱਲ ਉਲਾਰਦੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਦਾਨ ਦੀ ਮਹਿਮਾ ਕੀਤੀ ਹੈ ਪਰ
ਨਾਲ ਹੀ ਕਹਿੰਦੇ ਹਨ, “ਸੱਚੇ ਅਰਥਾਂ ਵਿਚ ਦਾਨੀ ਬਹੁਤ ਹੀ ਵਿਰਲੇ। ਅਜਿਹੇ ਦਾਨੀ ਜੋ ਸੱਜੇ ਹੱਥ ਨਾਲ ਕੁਝ ਦਿੰਦੇ ਪਰ ਖੱਬੇ ਹੱਥ ਨੂੰ ਪਤਾ ਨਹੀਂ ਲੱਗਦਾ। ਦਾਨ, ਜੋ ਉਨ੍ਹਾਂ ਦੇ ਨੈਣਾਂ ਵਿਚ ਵੀ ਨਜ਼ਰ ਨਹੀਂ ਆਉਂਦਾ ਅਤੇ ਜਿਸ ਦੀ ਖੁਦ ਨੂੰ ਵੀ ਸੂਹ ਨਹੀਂ ਹੁੰਦੀ।” ਉਹ ਆਖਦੇ ਹਨ, “ਦਾਨ ਹੀ ਦੇਣਾ ਏ ਤਾਂ ਕਿਸੇ ਨਿਆਸਰੇ ਨੂੰ ਆਸਰਾ ਦਿਓ। ਨਿਰਾਸ਼ ਵਿਅਕਤੀ ਦੇ ਪੱਲੇ ਵਿਚ ਆਸ ਦਾ ਸੰਧਾਰਾ ਪਾਓ। ਤਿੜਕੇ ਇਨਸਾਨ ਨੂੰ ਜੋੜਨ ਦੀ ਪਹਿਲ ਕਰੋ। ਕਮ-ਦਿਲਿਆਂ ਲਈ ਹੌਂਸਲਾ ਅਫਜਾਈ ਦਾ ਬੋਲ ਬੋਲੋ।” ਉਹ ਇਸ ਗੱਲ ‘ਤੇ ਦੁੱਖ ਵੀ ਜਾਹਰ ਕਰਦੇ ਹਨ ਕਿ ਅੱਜ ਕੱਲ ਤਾਂ ‘ਜੋਰੀਂ ਮੰਗੇ ਦਾਨ ਵੇ ਲਾਲੋḔ ਦਾ ਹੋਕਰਾ ਹਰ ਹਿੱਕ ਵਿਚ ਜੰਮ ਚੁਕਾ ਏ। ਹੁਣ ਤਾਂ ਦਾਨ ਮੰਗਣ ਵਾਲੇ ਵੀ ਗੈਂਗ ਦਾ ਰੂਪ ਧਾਰ ਕੇ ਮਾਫੀਏ ਦੇ ਰੂਪ ਵਿਚ ਹਰ ਜਗਾ ‘ਤੇ ਨਜ਼ਰ ਆਉਂਦੇ ਨੇ। -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਦਾਨ, ਸਭ ਤੋਂ ਉਤਮ ਕਾਰਜ। ਇਸ ‘ਚੋਂ ਹੁੰਦਾ ਮਨੁੱਖਤਾ ਦਾ ਉਧਾਰ। ਮਾਨਵੀ ਬਿਰਤੀਆਂ ਵਾਲੇ ਲੋਕ ਨੇ ਇਸ ‘ਚ ਸ਼ੁਮਾਰ। ਇਸ ਦੀ ਗੁਣਵਤਾ ਤੇ ਦਮਦਾਰੀ ਨਾਲ ਹੁੰਦਾ ਏ ਲੋੜਵੰਦਾਂ ਅਤੇ ਨਿਆਸਰਿਆਂ ਦਾ ਬੇੜਾ ਪਾਰ।
ਦਾਨ ਦੀ ਮਹਾਨਤਾ, ਗੁਰੂਆਂ ਦਾ ਸੁੱਚਮ-ਭਾਵੀ ਸੰਦੇਸ਼। ਇਸ ਦੀ ਉਤਮਤਾ ਤੇ ਉਚਮਤਾ ਨੂੰ ਭਾਗ ਲੱਗਦੇ ਜਦ ਇਹ ਭੁੱਖੇ ਪੇਟ ਲਈ ਟੁੱਕਰ, ਬੱਚੇ ਦੇ ਗਲ ਵਿਚ ਬਸਤਾ ਤੇ ਹੱਥ ਵਿਚ ਫੱਟੀ, ਕਰਾਹੁੰਦੇ ਜਖਮੀ ਦੇ ਜਖਮਾਂ ਲਈ ਮਰਹਮ ਬਣਦਾ। ਦਾਨ, ਦੁਖੀ ਦੀ ਪੀੜਾ ਨੂੰ ਅਹਿਸਤਾ-ਅਹਿਸਤਾ ਸਹਿਲਾਵੇ।
ਦਾਨ ਦੀ ਦਿਆਨਤਦਾਰੀ ਪੂਰਨ ਰੂਪ ਵਿਚ ਉਜਾਗਰ ਹੁੰਦੀ, ਜਦ ਇਸ ਨੂੰ ਰੂਹ ਵਾਲੇ ਲੋਕ ਰੂਹ ਨਾਲ ਕਰਦੇ। ਉਨ੍ਹਾਂ ਦੀ ਪਾਕੀਜ਼ਗੀ, ਪ੍ਰੇਰਨਾ ਅਤੇ ਪੂਰਣਤਾ, ਇਸ ਦੀ ਸਾਰਥਕਤਾ ਨੂੰ ਕਰਦੀ ਲਾ-ਜਵਾਬ ਅਤੇ ਉਨ੍ਹਾਂ ਦੀ ਕੀਰਤੀ ਬਣਦੀ, ਦੂਜਿਆਂ ਲਈ ਜਿਉਣ-ਅੰਦਾਜ਼।
ਦਾਨ ਕਈ ਰੂਪਾਂ ਤੇ ਧਰਾਤਲਾਂ ‘ਚ ਦਿਤਾ ਜਾਂਦਾ। ਦਾਨ ਨੂੰ ਕਿਹੜੇ ਰੂਪ ਵਿਚ, ਕਿਸ ਨੂੰ, ਕਿਸ ਆਸ ਤੇ ਆਸ਼ੇ ਨੂੰ ਮੁੱਖ ਰੱਖ ਕੇ ਦੇਣਾ, ਇਹ ਸਭ ਤੋਂ ਅਹਿਮ। ਦਾਨ ਅਕਾਰਥ ਜਾਂਦਾ ਜਦ ਇਸ ਦੀ ਅਹਿਮੀਅਤ ਧੁੰਦਲੀ ਹੋ ਜਾਵੇ।
ਦਾਨੀ, ਕੁਝ ਦੇਣ ਵਾਲਾ, ਕੁਝ ਦੇਣ ਦੇ ਸਮਰੱਥ, ਆਪਣੀਆਂ ਦਾਤਾਂ ਨੂੰ ਵੰਡਣ ਵਿਚ ਰੁਚੀ ਅਤੇ ਇਸ ‘ਚੋਂ ਕੁਝ ਪ੍ਰਾਪਤੀ ਦਾ ਅਹਿਸਾਸ ਮਨ ‘ਚ ਉਪਜਾਉਣ ਦੀ ਖਾਹਸ਼। ਦਾਨੀ ਦੇ ਮਨ ਵਿਚ ਕੁਝ ਲੈਣ ਨਾਲੋਂ ਦੇਣ ਨੂੰ ਵੱਧ ਤਰਜ਼ੀਹ। ਦੇਣ ਵਿਚੋਂ ਦਾਨਾਈ ਦਾ ਮਨ ਵਿਚ ਵਾਸਾ ਅਤੇ ਸੁਚਾਰੂ ਕਾਰਜ ਦਾ ਧਰਵਾਸਾ।
ਦਾਨੀ ਤਾਂ ਹਰੇਕ ਹੀ ਬਣਨ ਨੂੰ ਕਾਹਲਾ ਅਤੇ ਆਪਣੀ ਦਾਨਾਈ ਨੂੰ ਜੱਗ ਵਿਚ ਫੈਲਾਉਣ ਲਈ ਉਤਾਵਲਾ। ਕਾਹਲ ਵਿਚੋਂ ਹੀ ਦਾਨ ਦੇ ਨਾਲ ਆਪਣੀ ਹਉਮੈ ਤੇ ਹੰਕਾਰ ਨੂੰ ਜਾਹਰ ਕਰਨ ਤੋਂ ਵੀ ਨਹੀਂ ਵਰਜਦਾ।
ਕੁਝ ਦੇਣ ਵਾਲੇ ਖੁਦ ਨੂੰ ਜਦ ਦਾਨੀ ਕਹਾਉਣ ਲੱਗ ਪੈਣ ਤਾਂ ਦਾਨ ਦੀ ਚੰਗਿਆਈ ਦੇ ਕੀ ਅਰਥ ਰਹਿ ਜਾਂਦੇ? ਉਹ ਖੁਦ ਨੂੰ ਰਿਜ਼ਕ-ਦਾਤਾ ਜਾਂ ਪ੍ਰਿਤਪਾਲਕ ਕਹਾਉਂਦੇ ਅਤੇ ਆਪਣੇ ਦਰਾਂ ‘ਤੇ ਆਸ ਦੀ ਖੈਰਾਤ ਮੰਗਣ ਵਾਲਿਆਂ ਲਈ ਵੱਡੇ ਦਾਤੇ ਬਣ ਬਹਿੰਦੇ।
ਸੱਚੇ ਅਰਥਾਂ ਵਿਚ ਦਾਨੀ ਬਹੁਤ ਹੀ ਵਿਰਲੇ। ਅਜਿਹੇ ਦਾਨੀ ਜੋ ਸੱਜੇ ਹੱਥ ਨਾਲ ਕੁਝ ਦਿੰਦੇ ਪਰ ਖੱਬੇ ਹੱਥ ਨੂੰ ਪਤਾ ਨਹੀਂ ਲੱਗਦਾ। ਦਾਨ, ਜੋ ਉਨ੍ਹਾਂ ਦੇ ਨੈਣਾਂ ਵਿਚ ਵੀ ਨਜ਼ਰ ਨਹੀਂ ਆਉਂਦਾ ਅਤੇ ਜਿਸ ਦੀ ਖੁਦ ਨੂੰ ਵੀ ਸੂਹ ਨਹੀਂ ਹੁੰਦੀ।
ਲੋਕਾਂ ਦੇ ਸਮੂਹ ਵਿਚ ਮੰਗਿਆ ਜਾ ਰਿਹਾ ਦਾਨ। ਖੈਰਾਤ ਮੰਗਣ ਵਾਲਾ ਵੀ ਸਭ ਦੇ ਸਨਮੁੱਖ। ਦਾਨ ਲਈ ਵਾਰ-ਵਾਰ ਮਾਰੀ ਜਾ ਰਹੀ ਹਾਕ। ਕੀ ਇਹ ਦਾਨ ਦੀ ਆਤਮਾ ਨਾਲ ਮੇਲ ਖਾਂਦਾ ਏ? ਕੀ ਇਹ ਦਾਨ ਵਰਗੇ ਸੁੱਚੇ ਹਰਫ ਦੀ ਅਵੱਗਿਆ ਤਾਂ ਨਹੀਂ? ਕੀ ਦਾਨ ਲੈਣ ਵਾਲੇ ਨੂੰ ਜਾਣ-ਬੁੱਝ ਕੇ ਸਮਾਜਕ ਪੱਧਰ ‘ਤੇ ਹੀਣਾ ਬਣਾਇਆ ਜਾ ਰਿਹਾ? ਕੀ ਉਹ ਸਮਾਜ ਵਿਚ ਅੱਖਾਂ ਉਚੀਆਂ ਕਰਕੇ ਜੀਅ ਸਕੇਗਾ? ਕੀ ਉਸ ਦੀ ਜਿਉਂਦੀ ਆਤਮਾ ਨੂੰ ਮਾਰ ਕੇ ਦਾਨ ਦੇਣ ਦਾ ਅਡੰਬਰ ਰਚਿਆ ਜਾ ਰਿਹਾ? ਕਿਥੇ ਗਈ ਸੰਵੇਦਨਾ ਅਤੇ ਮਨ ਦੀ ਸੂਖਮਤਾ ਕਿ ਬੰਦੇ ਨੂੰ ਸਰੀਰਕ ਰੂਪ ਨਾਲੋਂ ਆਤਮਕ ਰੂਪ ਵਿਚ ਮਾਰਨਾ ਸਭ ਤੋਂ ਸੌਖਾ ਅਤੇ ਸਦੀਵੀ ਹੁੰਦਾ? ਮਨੁੱਖ ਜਦ ਅੰਦਰੋਂ ਮਰ ਜਾਂਦਾ ਤਾਂ ਸਾਰੀ ਉਮਰ ਉਹ ਜਿਉਣ ਜੋਗਾ ਨਹੀਂ ਰਹਿੰਦਾ। ਉਸ ਦੀ ਸਿੱਸਕਦੀ ਜਿਉਣ-ਆਸ, ਸਾਹਾਂ ਦਾ ਸੋਗ ਬਣ ਜਾਂਦੀ ਏ। ਅਜਿਹੇ ਦਾਨ ਨੂੰ ਕਿਹੜੇ ਅਰਥਾਂ ਦੀ ਤਸ਼ਬੀਹ ਦੇਵੋਗੇ? ਇਸ ‘ਚੋਂ ਕੀ ਤੇ ਕਿਹੜੀ ਪ੍ਰਾਪਤੀ ਦੀ ਤਮੰਨਾ ਮਨ ਵਿਚ ਪਾਲਦੇ ਨੇ? ਕੀ ਅਸੀਂ ਜਰਾ ਜਿੰਨੇ ਵੀ ਸੁਹਜਮਈ ਵਰਤਾਰੇ ਅਜਿਹੇ ਮੌਕਿਆਂ ‘ਤੇ ਨਹੀਂ ਪ੍ਰਗਟਾਅ ਸਕਦੇ? ਦੌਲਤ, ਸ਼ੂਹਰਤ ਅਤੇ ਰੁਤਬਿਆਂ ਦੇ ਅੰਧਰਾਤੇ ‘ਚ ਗੁੰਮ ਗਈ ਬੰਦਿਆਈ ਨੂੰ ਕੌਣ ਤਲਾਸ਼ੇ? ਕਿਹੜਾ ਹੈ ਜੋ ਸੰਵੇਦਨਾ ਦੀ ਤਲੀ ‘ਤੇ ਭਾਵਨਾਵਾਂ ਦੀ ਸਰਘੀ ਨੂੰ ਕਿਆਸੇ ਤਾਂ ਕਿ ਮਰਨਊ ਜ਼ਿੰਦਗੀ ਦੇ ਮੁੱਖ ‘ਤੇ ਉਪਜਣ ਹਾਸੇ?
ਦਾਨ, ਕੁਝ ਦੇਣ ਦਾ ਨਾਮ। ਇਹ ਧਨ, ਦੌਲਤ, ਰੋਟੀ ਜਾਂ ਸਿਰ ਦੀ ਛੱਤ ਤੋਂ ਇਲਾਵਾ ਵੀ ਬਹੁਤ ਕੁਝ ਹੁੰਦਾ। ਸੁਪਨਹੀਣ ਨੈਣਾਂ ਨੂੰ ਸੁਪਨੇ ਦਿਓ-ਕੁਝ ਬਣਨ ਦੇ, ਚੰਗੇਰਾ ਕਰਨ ਦੇ, ਸਮਿਆਂ ਦੀ ਵੱਖੀ ‘ਚ ਸੂਰਜ ਧਰਨ ਦੇ ਅਤੇ ਹਨੇਰਿਆਂ ‘ਚ ਲਿਪਟੇ ਆਲ੍ਹਿਆਂ ‘ਚ ਦੀਵਾ ਡੰਗਣ ਦੇ। ਸੋਚ ਤੋਂ ਵਿਰਵੇ ਮਨਾਂ ਵਿਚ ਸੁਹਜ, ਸੋਚ ਅਤੇ ਸੰਵੇਦਨਾ ਦਾ ਸੁਨੇਹਾ ਦਿਓ ਤਾਂ ਕਿ ਉਨ੍ਹਾਂ ਦੀ ਮਨ-ਬੀਹੀ ਗੁਣਗੁਣਾਵੇ ਅਤੇ ਸੁਖਨ ਦੀ ਰਾਗਣੀ ‘ਚ ਮਸਤਾਵੇ।
ਦਾਨ ਦੇਣਾ ਏ, ਤਨ ਦੇ ਲੰਗਾਰ ਲਈ ਕੱਜਣ ਬਣੋ, ਪੱਗ ਨੂੰ ਪਰਨਿਆਂ ਵਿਚ ਵੰਡ ਕੇ ਨੰਗੇ ਸਿਰਾਂ ਨੂੰ ਕੱਜੋ। ਇਸ ਨਾਲ ਅਸੀਂ ਖੁਦ ਦਾ ਹੀ ਨੰਗੇਜ਼ ਤੇ ਕੁਹਝ ਹੀ ਨਹੀਂ ਢੱਕਾਂਗੇ ਸਗੋਂ ਸਮਾਜਕ ਵਰਤਾਰੇ ਅਤੇ ਮੌਜੂਦਾ ਅਹਿਲਕਾਰਾਂ ਦੇ ਹਾਬੜਪੁਣੇ ਨੂੰ ਠੱਲ ਸਕਾਂਗੇ, ਜੋ ਇਸ ਨੰਗੇਜ਼ ਵਿਚੋਂ ਹੀ ਜਿਸਮਾਂ ਦੀਆਂ ਬੋਟੀਆਂ ਨੋਚਦੇ, ਬੰਦਿਆਂ ਦੀਆਂ ਪੌੜੀਆਂ ਬਣਾ ਕੇ ਜਿਉਂਦੇ ਨੇ। ਮਨੁੱਖ ਦੀ ਮੁਢਲੀ ਲੋੜ ਦੀ ਅਪੂਰਤੀ ਨੇ ਹੀ ਮਨੁੱਖ ਨੂੰ ਸਦਾ ਹੀ ਕੁੱਲੀ, ਗੁੱਲੀ ਅਤੇ ਜੁੱਲੀ ਦੀ ਲੋੜ-ਪੂਰਤੀ ਤੀਕ ਸੀਮਤ ਕਰੀ ਰਖਿਆ ਏ।
ਦਾਨ ਦੇਣਾ ਏ ਤਾਂ ਕਿਸੇ ਮਸੋਸੇ ਜਿਹੇ ਚਿਹਰੇ ਨੂੰ ਮੁਸਕਰਾਹਟ ਦਾ ਦਿਓ, ਮੁਖੜੇ ‘ਤੇ ਉਕਰੀਆਂ ਤਿਉੜੀਆਂ ਨੂੰ ਮਿਟਾਓ ਅਤੇ ਉਸ ਦੀ ਉਦਾਸ-ਜੂਹ ਵਿਚ ਨਿੱਕੇ-ਨਿੱਕੇ ਚਾਅ ਤਰੌਂਕੋ। ਹੱਸਦੇ ਰਹਿਣ ਵਾਲੇ ਲੋਕਾਂ ਦੇ ਸਾਹਾਂ ‘ਚ ਸੰਗੀਤ ਅਤੇ ਜ਼ਿੰਦਗੀ ਨੂੰ ਭਰਪੂਰਤਾ ਨਾਲ ਜਿਉਣ ਦੀ ਰੀਤ। ਮੁਸਕਰਾਉਂਦੇ ਚਿਹਰਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਮੁਸਕਰਾਉਣ ਦੀ ਆਦਤ ਪੈ ਜਾਂਦੀ। ਅਜਿਹੇ ਦਾਨ ਨਾਲ ਤੁਹਾਡਾ ਕੁਝ ਨਹੀਂ ਘੱਟਦਾ ਪਰ ਇਹ ਦਾਨ ਸਭ ਤੋਂ ਅਜ਼ੀਮ ਅਤੇ ਅਣਮੁੱਲਾ।
ਦਾਨ ਦੇਣਾ ਏ ਤਾਂ ਕਿਸੇ ਬੋਧ-ਹੀਣ ਬੱਚੇ ਨੂੰ ਕਲਮ ਪਕੜਾਓ, ਉਸ ਦੀ ਮਸਤਕ ਫੱਟੀ ‘ਤੇ ਪੂਰਨੇ ਪਾਓ ਅਤੇ ਕੋਰੀ ਮੱਤ ‘ਚ ਅੱਖਰਾਂ ਦਾ ਜਾਗ ਲਾਓ। ਉਹ ਅੱਖਰਾਂ ਵਿਚੋਂ ਜ਼ਿੰਦਗੀ ਨੂੰ ਪੜ੍ਹਨ ਜੋਗਾ ਹੋ ਜਾਵੇਗਾ। ਉਸ ਨੂੰ ਜੀਵਨ ਦੀਆਂ ਤਰਜ਼ੀਹਾਂ, ਤਦਬੀਰਾਂ ਅਤੇ ਤਕਦੀਰਾਂ ਦਾ ਖੁਦ ਅਹਿਸਾਸ ਹੋਵੇਗਾ ਅਤੇ ਉਹ ਇਨ੍ਹਾਂ ਨੂੰ ਬਦਲਣਦੇ ਸਮਰੱਥ ਹੋਵੇਗਾ। ਯਹੂਦੀਆਂ ਨੇ ਆਪਣੀ ਹਰ ਪੀੜ੍ਹੀ ਨੂੰ ਵਿਦਿਆ ਦੇ ਲੜ ਲਾ ਕੇ ਦੁਨੀਆਂ ਭਰ ਦੀ ਆਰਥਕਤਾ ਨੂੰ ਆਪਣੇ ਹੱਥ ਵਿਚ ਕੀਤਾ ਹੋਇਆ ਏ। ਸਭ ਤੋਂ ਵੱਧ ਨੋਬਲ ਪੁਰਸਕਾਰ ਜਿੱਤਣ ਵਾਲੇ ਵੀ ਯਹੂਦੀ ਹੀ ਹਨ। ਹਰਫਾਂ ਤੋਂ ਕੋਰੇ ਵਿਅਕਤੀਆਂ ਨੂੰ ਗਿਆਨ ਦੀ ਤਾਕਤ ਦਾ ਕਿਵੇਂ ਅੰਦਾਜ਼ਾ ਹੋਵੇਗਾ? ਕਿੰਜ ਉਹ ਸਮਾਜਕ ਦੁਸ਼ਵਾਰੀਆਂ, ਕੁਰੀਤੀਆਂ, ਕੁਹਜਾਂ ਅਤੇ ਕੁਕਰਮਾਂ ਦੀ ਮਾਰ ਸਮਝਣ ਤੋਂ ਨਾਬਰ ਹੋ, ਖੁਦ ਆਪਣੇ ਹੱਥਾਂ ਨਾਲ ਤਕਦੀਰ ਨੂੰ ਲਿਖਣ ਲਈ ਕਾਬਲ ਹੋਣਗੇ?
ਦਾਨ ਹੀ ਦੇਣਾ ਏ ਤਾਂ ਕਿਸੇ ਨਿਆਸਰੇ ਨੂੰ ਆਸਰਾ ਦਿਓ। ਨਿਰਾਸ਼ ਵਿਅਕਤੀ ਦੇ ਪੱਲੇ ਵਿਚ ਆਸ ਦਾ ਸੰਧਾਰਾ ਪਾਓ। ਤਿੜਕੇ ਇਨਸਾਨ ਨੂੰ ਜੋੜਨ ਦੀ ਪਹਿਲ ਕਰੋ। ਕਮ-ਦਿਲਿਆਂ ਲਈ ਹੌਂਸਲਾ ਅਫਜਾਈ ਦਾ ਬੋਲ ਬੋਲੋ। ਜ਼ਿੰਦਗੀ ਤੋਂ ਆਤੁਰ ਹੋ ਚੁਕੇ ਨਾਦਾਨਾਂ ਲਈ ਜੀਵਨ ਦੀ ਸਾਰਥਕਤਾ ਦਾ ਸ਼ਬਦ ਬਣੋ। ਪੀੜ ਪੀੜ ਹੋਏ ਬਾਬੇ ਬਿਰਖ ਦੀ ਪੀੜਾ ਨੂੰ ਹਰਨ ਦਾ ਵਸੀਲਾ ਬਣੋ ਜਾਂ ਦਰਦ-ਵਹਿੰਗੀ ਬਣੇ ਕਿਸੇ ਸਰਵਣ ਪੁੱਤਰ ਦੀ ਰੀਸ ਕਰੋ।
ਦਾਨ ਸੋਚ ਵਿਚ ਪੈਦਾ ਹੋਵੇ ਤਾਂ ਕਰਮ-ਧਰਮ ਦਾ ਰੂਪ ਧਾਰ ਲੈਂਦਾ। ਇਸ ਲਈ ਧਨ ਜਾਂ ਰੁਤਬੇ ਦੀ ਲੋੜ ਨਹੀਂ ਹੁੰਦੀ। ਤੁਹਾਡੀ ਸਾਫਗੋਈ, ਤੁਹਾਡੇ ਸਮਰਪਣ ਅਤੇ ਅਕੀਦੇ ਪ੍ਰਤੀ ਨਿਸ਼ਠਾ ਹੀ ਤੁਹਾਡੀ ਦਿੱਖ ਤੇ ਦ੍ਰਿਸ਼ਟੀ ਬਣ ਤੁਹਾਨੂੰ ਨਵੀਂਆਂ ਸੇਧਾਂ ਅਤੇ ਸਿੱਧੇ ਰਾਹਾਂ ਵੰਨੀ ਤੋਰਦੀ ਏ। ਭਲਿਆਈ ਭਰਪੂਰ ਕਾਰਜਾਂ ਵਿਚ ਵੱਡੀਆਂ ਮੱਲਾਂ ਮਾਰਨ ਅਤੇ ਦੁਨੀਆਂ ਲਈ ਰੋਲ ਮਾਡਲ ਬਣਨ ਵਾਲੇ ਲੋਕ ਸਿਰਫ ਸੋਚ ਸਦਕਾ ਹੀ ਵਿਕੋਲਿਤਰਾ ਸੰਸਾਰ ਸਿਰਜਣ ਅਤੇ ਇਸ ਨੂੰ ਸੰਜੀਵਤਾ ਬਖਸ਼ਣ ਦੇ ਰਾਹ ਤੁਰੇ ਸਨ।
‘ਕੇਰਾਂ ਨੱਬਿਆਂ ਵਿਚ ਇਕ ਨਿਹੰਗ ਸਿੰਘ ਪ੍ਰਿੰਸੀਪਲ ਦੇ ਦਫਤਰ ਆਇਆ ਕਿ ਅਸੀਂ ਗੁਰਦੁਆਰਾ ਬਣਾ ਰਹੇ ਹਾਂ, ਪੰਜ ਹਜਾਰ ਰੁਪਏ ਦਾਨ ਦਿਓ। ਪਿੰ੍ਰਸੀਪਲ ਨੇ ਉਸ ਨੂੰ ਮੇਰੇ ਕੋਲ ਭੇਜ ਦਿਤਾ ਕਿਉਂਕਿ ਮੈਂ ਸਟਾਫ ਸੈਕਟਰੀ ਸਾਂ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕਿਥੇ ਗੁਰਦੁਆਰਾ ਬਣਾ ਰਹੇ ਹੋ, ਕਿਸ ਦੀ ਯਾਦ ਵਿਚ ਬਣਾ ਰਹੇ ਹੋ, ਕਿਹੜੀ ਸੰਸਥਾ ਹੈ ਅਤੇ ਤੁਹਾਡੇ ਕੋਲ ਕੋਈ ਰਸੀਦ ਬੁੱਕ ਵੀ ਹੋਵੇਗੀ? ਭੰਗ ਦੇ ਨਸ਼ੇ ਵਿਚ ਧੁੱਤ ਉਹ ਮੈਨੂੰ ਕਹਿਣ ਲੱਗਾ, ਬਸ ਗੁਰਦੁਆਰਾ ਬਣਾਉਣਾ। ਕੋਈ ਰਸੀਦ ਨਹੀਂ। ਪੰਜ ਹਜ਼ਾਰ ਚਾਹੀਦਾ। ਮੈਂ ਕੁਝ ਸਖਤ ਲਹਿਜੇ ਵਿਚ ਕਿਹਾ ਕਿ ਮੈਂ ਬਿਨਾ ਰਸੀਦ ਤੋਂ ਇੰਨੀ ਰਕਮ ਤਾਂ ਦੇ ਨਹੀਂ ਸਕਦਾ। ਸੌ-ਦੋ ਸੌ ਲੈਣਾ ਤਾਂ ਮੈਂ ਦੇ ਦਿੰਦਾ ਹਾਂ ਤਾਂ ਉਹ ਬੁੜ-ਬੁੜ ਕਰਦਾ ਉਠ ਕੇ ਚਲੇ ਗਿਆ। ਅਜਿਹੇ ਜਬਰੀ ਦਾਨ ਮੰਗਣ ਵਾਲਿਆਂ ਨੂੰ ਕੀ ਕਹੋਗੇ? ਅੱਜ ਕੱਲ ਤਾਂ ‘ਜੋਰੀਂ ਮੰਗੇ ਦਾਨ ਵੇ ਲਾਲੋḔ ਦਾ ਹੋਕਰਾ ਹਰ ਹਿੱਕ ਵਿਚ ਜੰਮ ਚੁਕਾ ਏ। ਹੁਣ ਤਾਂ ਦਾਨ ਮੰਗਣ ਵਾਲੇ ਵੀ ਗੈਂਗ ਦਾ ਰੂਪ ਧਾਰ ਕੇ ਮਾਫੀਏ ਦੇ ਰੂਪ ਵਿਚ ਹਰ ਜਗਾ ‘ਤੇ ਨਜ਼ਰ ਆਉਂਦੇ ਨੇ। ਅਜਿਹੇ ਲੋਕਾਂ ਨੇ ਦਾਨ ਦੀ ਮਹਿਮਾ ਨੂੰ ਹੀ ਦਾਗੀ ਕਰ ਦਿਤਾ ਏ।
ਦਾਨ, ਸੱਚੇ ਅਤੇ ਸੁਥਰੇ ਰੂਪ ਵਿਚ ਹੋਵੇ ਤਾਂ ਇਹ ਇਕ ਤਬਦੀਲੀ ਦਾ ਸੂਚਕ। ਭਾਵੇਂ ਕਿੰਨਾ ਵੀ ਨਿਗੂਣਾ ਹੋਵੇ, ਇਸ ਦਾ ਅਸਰ ਵਸੀਹ। ਇਹ ਅਜਾਈਂ ਨਹੀਂ ਜਾਂਦਾ।
ਦਾਨ ਤਾਂ ਖੂਨ ਦਾਨ ਦਾ ਵੀ ਹੁੰਦਾ, ਜੋ ਕਿਸੇ ਲਈ ਜੀਵਨ-ਦਾਨ ਹੁੰਦਾ। ਅੰਗ-ਦਾਨ ਵੀ ਹੁੰਦਾ, ਜੋ ਤੁਹਾਡੇ ਮਰਨ ਤੋਂ ਬਾਅਦ ਵੀ ਤੁਹਾਡੇ ਅੰਗਾਂ ਨੂੰ ਜਿਉਂਦਾ ਰੱਖ, ਲੋੜਵੰਦ ਲਈ ਨੇਤਰ, ਗੁਰਦੇ ਦੇ ਆਦਿ ਦੇ ਰੂਪ, ਉਸ ਦੀ ਜੀਵਨ ਆਸ ਨੂੰ ਲੰਮੇਰੀ ਕਰਦੈ। ਦਾਨ ਤਾਂ ਧੀ ਦਾ ਵੀ ਹੁੰਦਾ, ਜਦ ਇਕ ਬਾਪ ਦੁਨੀਆਂ ਦਾ ਸਭ ਤੋਂ ਵੱਡਾ ਦਾਨੀ ਬਣ ਕੇ ਧੀ ਨੂੰ ਪਰਾਏ ਘਰ ਤੋਰਦਾ। ਇਕ ਘਰ ਨੂੰ ਚਾਰ ਚੰਨ ਲਾਉਣ ਤੋਂ ਬਾਅਦ ਇਕ ਹੋਰ ਘਰ ਵਸਾਉਣ ਲਈ ਤਿਆਰੀ। ਦਾਨੀ ਬਾਪ ਸਮਾਜਕ ਉਸਾਰੀ ਦਾ ਉਹ ਧੁਰਾ ਜਿਸ ਦੀ ਤੁਲਨਾ ਲਈ ਹਰਫ ਵੀ ਬੌਣੇ ਨੇ।
ਦਾਨ ਦੇ ਨਾਲ-ਨਾਲ ਜਦ ਦਾਨ ਦੇਣ ਦੀ ਸਿਆਣਪ ਵੀ ਆ ਜਾਵੇ ਤਾਂ ਦਾਨ ਦੀ ਮਹੱਤਤਾ ਹੋਰ ਵੱਧ ਜਾਂਦੀ। ਦਾਨ ਜਦ ਸਹੀ ਹੱਥਾਂ ਰਾਹੀਂ, ਸਹੀ ਹੱਥਾਂ ਵਿਚ ਜਾਂਦਾ, ਤਾਂ ਸਹੀ ਕਾਰਜ ਸੰਪੂਰਨ ਕਰ ਸੱਚੀ-ਸੁੱਚੀ ਭਾਵਨਾ ਨੂੰ ਨਵੇਂ ਅਰਥ ਦਿੰਦਾ।
ਦਾਨ ਦਿਤਿਆਂ, ਜ਼ਿੰਦਗੀ ਦਾ ਨਾਮਕਰਨ ਹੁੰਦਾ ਏ। ਕਮਾਈ ਕਰਦਿਆਂ ਖੁਦ ਲਈ ਜਿਉਂਦਿਆਂ ਨੂੰ ਤਾਂ ਸਾਹਾਂ ਦੀ ਗਿਣਤੀ ਕਰਨਾ ਹੀ ਕਿਹਾ ਜਾ ਸਕਦਾ।
ਨਿੱਕਾ ਜਿਹਾ ਦਾਨੀ ਕਰਮ ਜਦ ਕਿਸੇ ਮੁਖੜੇ ‘ਤੇ ਖੁਸ਼ੀ, ਸੰਤੁਸ਼ਟੀ, ਖੇੜਾ, ਚਾਅ ਅਤੇ ਸੁਪਨ-ਸ਼ੀਲਤਾ ਬਣਦਾ ਤਾਂ ਦਾਨ ਆਪਣਾ ਕਰਮ ਨਿਭਾਉਂਦਾ। ਜੀਵਨ-ਜੋਤ ਨੂੰ ਜਗਦਾ ਰੱਖਣ ਲਈ ਸਭ ਤੋਂ ਵੱਡਾ ਆਹਰ ਅਤੇ ਆਧਾਰ।
ਦਾਨ ਦੀ ਮਹਾਨਤਾ ਨੂੰ ਦੇਖਣਾ ਹੋਵੇ ਤਾਂ ਧਰਤੀ ਵਲੋਂ ਕੀਤੇ ਜਾ ਰਹੇ ਦਾਨਾਂ ਨੂੰ ਗਿਣਨਾ, ਤੁਹਾਨੂੰ ਧਰਤੀ ਦੀ ਦਾਨਾਈ ਅਤੇ ਵਡਿਆਈ ਗਾਉਂਦਿਆਂ ਉਮਰ ਬੀਤ ਜਾਵੇਗੀ।
ਗੁਰਦੁਆਰੇ, ਮੰਦਿਰ ਜਾਂ ਮਸਜਿਦ ਵਿਚ ਸੰਗਮਰਮਰ ਲਵਾਉਣ, ਸੋਨਾ ਚੜ੍ਹਾਉਣ ਜਾਂ ਇਕ ਹੋਰ ਉਚੇਰਾ ਗੁੰਬਦ ਬਣਾਉਣ ਤੋਂ ਪਹਿਲਾਂ ਨਾਲ ਦੀ ਗਲੀ ਵਿਚਲੀ ਕੱਖਾਂ ਦੀ ਕੁੱਲੀ ਨੂੰ ਪੱਕੇ ਘਰ ਦਾ ਰੂਪ ਦੇ ਦੇਣਾ ਜਾਂ ਕਿਸੇ ਲੂਲੇ-ਲੰਗੜੇ ਦੀ ਮਦਦ ਕਰਨਾ, ਖੁਦਾ ਤੁਹਾਡੇ ਸਦਕੇ ਜਾਵੇਗਾ।
ਦਾਨੀ, ਦੁਨੀਆਂ ਦਾ ਸਭ ਤੋਂ ਅਮੀਰ। ਉਹ ਸੁੱਖ-ਸੁਵਿਧਾਵਾਂ ਜਾਂ ਧਨ-ਦੌਲਤ ਤੋਂ ਭਾਵੇਂ ਗਰੀਬ ਹੋਵੇ ਪਰ ਦਿਲ ਦਾ ਹੁੰਦਾ ਏ ਸ਼ਾਹ-ਅਸਵਾਰ। ਉਸ ਦੀ ਕਰਮ-ਜਾਚਨਾ ਵਿਚ ਖੁਣਿਆ ਹੁੰਦਾ ਏ ਪਰਉਪਕਾਰ, ਜੋ ਹੈ, ਉਸ ਦੇ ਜੀਵਨ ਦਾ ਚੱਜ-ਅਚਾਰ ਅਤੇ ਸੁਪਨਿਆਂ ਦਾ ਸੰਸਾਰ। ਅਜਿਹਾ ਗਰੀਬ ਕਰਦਾ ਏ ਖੁਸ਼-ਆਮਦੀਦ ਨਾਲ ਸਤਿਕਾਰ, ਪਰ ਅਮੀਰ ਕਰਦਾ ਏ ਮੱਥੇ ‘ਤੇ ਉਕਰੀਆਂ ਤਿਉੜੀਆਂ ਨਾਲ ਤੁਹਾਡਾ ਤ੍ਰਿਸਕਾਰ।
ਦਾਨ ਦਿੰਦਿਆਂ, ਕੁਝ ਲੈਣ ਦੀ ਆਸ ਮਨ ਵਿਚ ਪਾਲਣ ਵਾਲੇ ਦਰਅਸਲ ਦਾਨੀ ਨਹੀਂ ਹੁੰਦੇ। ਉਹ ਦਾਨ ਦੇ ਓਹਲੇ ਵਿਚ ਆਪਣੀ ਖੁਦਦਾਰੀ ਨੂੰ ਵੇਚਦੇ ਅਤੇ ਇਸ ਵਿਚੋਂ ਖੋਖਲੇ ਸਕੂਨ ਦੀ ਤਲਾਸ਼ ਕਰਦੇ।
ਦਾਨ ਜਦ ਅਖਬਾਰੀ ਇਸ਼ਤਿਹਾਰ ਬਣ ਜਾਵੇ, ਸਿਫਤ-ਸਾਲਾਹ ਦਾ ਸਰੋਤ ਬਣ ਜਾਵੇ ਜਾਂ ਨਾਂ ਦੀ ਚਰਚਾ ਕਰਵਾਉਣ ਦੀ ਲਾਲਸਾ ਦਾ ਰੂਪ ਵਟਾਵੇ ਤਾਂ ਦਾਨਾਈ ਆਪਣੀ ਮੌਤੇ ਮਰ ਜਾਵੇ। ਸੰਗਮਰਮਰੀ ਸਿੱਲਾਂ ‘ਤੇ ਉਕਰੇ ਨਾਮ, ਅਦਾਰਿਆਂ ਵਿਚ ਲੱਗੀਆਂ ਤਖਤੀਆਂ ਜਾਂ ਵੱਡੇ-ਵੱਡੇ ਅੱਖਰਾਂ ਵਿਚ ਦਾਨੀਆਂ ਦੇ ਨਾਂਵਾਂ ਅਤੇ ਦਾਨ ਦਿਤੀ ਰਾਸ਼ੀ ਨੂੰ ਉਕਰਾਉਣ ਤੇ ਚਮਕਾਉਣ ਦੇ ਕੀ ਅਰਥ ਹੋ ਸਕਦੇ ਨੇ? ਅਜਿਹੇ ਲੋਕ ਕੀ ਦੱਸਣਾ ਚਾਹੁੰਦੇ ਨੇ ਸਰੋਤਹੀਣ ਲੋਕਾਂ ਨੂੰ?
ਕਈ ਲੋਕ ਤਾਂ ਦਾਨ ਹੀ ਇਹ ਦਿਖਾਉਣ ਲਈ ਕਰਦੇ ਕਿ ਉਨ੍ਹਾਂ ਦੀ ਕੂੜ-ਕਮਾਈ, ਗਲਤ-ਹਰਬਿਆਂ ਨਾਲ ‘ਕੱਠੇ ਕੀਤੇ ਧਨ, ਲੋਕ ਉਜਾੜੇ ਵਿਚੋਂ ਕਮਾਏ ਮੁਨਾਫੇ ਅਤੇ ਗਰੀਬ ਦੇ ਕੀਰਨਿਆਂ ਨਾਲ ਇਕੱਠੇ ਕੀਤੇ ਖਜਾਨੇ ਨੂੰ ਸਮਾਜਕ ਸ਼ੀਸ਼ੇ ਵਿਚ ਸਾਫ-ਸੁਥਰਾ ਦਿਖਾਇਆ ਜਾ ਸਕੇ। ਕਈ ਤਾਂ ਦਾਨ ਦੇ ਨਾਂ ‘ਤੇ ਵੀ ਮੋਟੀ ਕਮਾਈ ਕਰ ਜਾਂਦੇ। ਅਜਿਹੇ ਲੋਕ ਆਮ ਤੌਰ ‘ਤੇ ਦਾਨ-ਸਮਾਗਮ ਲਈ ਪੈਸਾ ਇਕੱਠਾ ਕਰਦੇ ਅਤੇ ਘਾਲਾ-ਮਾਲਾ ਕਰ ਜਾਂਦੇ।
ਦਾਨ ਦਿਤਿਆਂ ਬੰਦਾ ਕਦੇ ਗਰੀਬ ਨਹੀਂ ਹੁੰਦਾ। ਬਸ਼ਰਤੇ ਦਾਨ ਸੱਚੀ ਭਾਵਨਾ ਨਾਲ ਦਿਤਾ ਜਾਵੇ ਅਤੇ ਇਸ ਨੂੰ ਸੁੱਚੇ ਸਰੋਕਾਰਾਂ ਲਈ ਵਰਤਿਆ ਜਾਵੇ।
ਦਾਨ ਜਰੂਰ ਕਰੋ ਪਰ ਇਸ ਲਈ ਤੁਹਾਡੀ ਦਿਆਨਤਾ ਸਭ ਤੋਂ ਜ਼ਿਆਦਾ ਜਰੂਰੀ। ਦਾਨ ਲੈਣ ਵਾਲੇ ਨੂੰ ਪਰਖਣਾ ਅਤੇ ਦਾਨ ਨੂੰ ਕਿਹੜੇ ਰੂਪ ਵਿਚ ਦੇਣਾ, ਇਹ ਦਾਨ ਲੈਣ ਵਾਲੇ ਦੀਆਂ ਲੋੜਾਂ ਅਤੇ ਥੋੜ੍ਹਾਂ ਨੂੰ ਸਮਝ ਕੇ ਹੀ ਦਿਤਾ ਜਾ ਸਕਦਾ। ਪਰ ਜਦ ਦਾਨ, ਮਨ ਦੀ ਸੁਹਜ, ਸੂਝ, ਸਹਿਜ ਅਤੇ ਸਾਰਥਕਤਾ ਵਿਚੋਂ ਦਿਤਾ ਜਾਂਦਾ ਤਾਂ ਇਹ ਸੰਵੇਦਨਾਮਈ ਅਤੇ ਸੂਖਮ ਭਾਵੀ ਹੋ ਕੇ ਦਾਨ ਲੈਣ ਵਾਲੇ ਲਈ ਨੂਰਾਨੀ ਭਾਅ ਬਣਦਾ। ਇਸ ਭਾਅ ਵਿਚੋਂ ਹੀ ਦਾਨੀ ਨੂੰ ਨਵਾਂ ਜੀਵਨ-ਦਾਨ ਮਿਲਦਾ।
ਸਾਨੂੰ ਅਜਿਹੇ ਜੀਵਨ-ਦਾਨ ਨੂੰ ਆਪਣੇ ਹਰ ਸਾਹ ‘ਤੇ ਉਕਰਨਾ ਚਾਹੀਦਾ ਤਾਂ ਹੀ ਸਾਹਾਂ ਦੀ ਸਾਰਥਕਤਾ ਸਫਲ ਹੋਵੇਗੀ ਅਤੇ ਸਾਹ-ਸੰਗੀਤ ਨਗਮਾ ਬਣੇਗਾ।