ਕਿਰਪਾਲ ਕੌਰ ਦੀ ਕਹਾਣੀ ‘ਜੱਗੋਂ ਤੇਰਵੀਂ’ ਸੱਚਮੁੱਚ ਜੱਗੋਂ ਤੇਰਵੀਂ ਹੈ। ਇਸ ਵਿਚ ਸੱਚ, ਸੰਤੋਖ, ਸੰਜਮ ਅਤੇ ਸਬਰ ਦਾ ਜੋ ਨਕਸ਼ਾ ਖਿਚਿਆ ਗਿਆ ਹੈ, ਉਸ ਅੱਜ ਦੇ ਜ਼ਮਾਨੇ ਵਿਚ ਵਿਰਲਾ-ਟਾਵਾਂ ਹੀ ਨਜ਼ਰੀਂ ਪੈਂਦਾ ਹੈ। ਮੁੱਖ ਪਾਤਰ ਦਾ ਸਚਿਆਰਪੁਣਾ ਹੀ ਉਸ ਦੀ ਤਾਕਤ ਹੈ।
-ਸੰਪਾਦਕ
ਕਿਰਪਾਲ ਕੌਰ
ਫੋਨ: 815-356-9535
“ਦੇਖੋ ਅਜੀਤ, ਮੇਰੀ ਗੱਲ ਨੂੰ ਟਾਲਣ ਦੀ ਕੋਸ਼ਿਸ਼ ਨਾ ਕਰੋ। ਹਾਂ, ਜੇ ਨਹੀਂ ਦੱਸਣਾ ਚਾਹੁੰਦੇ ਤਾਂ ਮੈਂ ਤੁਹਾਨੂੰ ਮਜਬੂਰ ਨਹੀਂ ਕਰ ਸਕਦੀ। ਤੁਹਾਡੀ ਆਪਣੀ ਨਿੱਜੀ ਸੋਚ ਤੇ ਫੈਸਲਾ ਹੈ।” ਮੈਂ ਕਿਹਾ।
“ਮੈਡਮ ਗੁੱਸਾ ਨਾ ਮੰਨਣਾ। ਮੈਂ ਤਾਂ ਇਹ ਸੋਚਦੀ ਹਾਂ ਕਿ ਇਹ ਕੋਈ ਖਾਸ ਗੱਲ ਨਹੀਂ।” ਅਜੀਤ ਨੇ ਮੇਰੇ ਦੋਹਾਂ ਹੱਥਾਂ ਨੂੰ ਹੱਥਾਂ ਵਿਚ ਲੈ ਕੇ ਕਿਹਾ, “ਮੇਰੇ ਅਨੁਸਾਰ ਵਿਆਹ ਨਾ ਕਰਵਾ ਕੇ ਵੀ ਜ਼ਿੰਦਗੀ ਜੀ ਸਕਦੇ ਹਾਂ।” ਉਹ ਕੁਝ ਦੇਰ ਹੇਠਾਂ ਵਲ ਵੇਖਦੀ ਰਹੀ। ਫਿਰ ਜਿਵੇਂ ਆਪਣੇ ਆਪ ਨੂੰ ਤਿਆਰ ਕਰਕੇ ਬੋਲੀ, “ਅਸਲ ਵਿਚ ਮੇਰਾ ਵਿਆਹ ਕਰਨ ਵਾਲਾ ਕੋਈ ਨਹੀਂ ਸੀ।”
“ਹੈਂ!” ਮੇਰੇ ਮੂੰਹੋਂ ਨਿਕਲਿਆ।
“ਤੁਹਾਡੇ ਮਾਤਾ ਜੀ ਤਾਂ ਮੈਂ ਵੀ ਦੇਖੇ ਨੇ। ਤੁਸੀਂ ਕਈ ਵਾਰ ਗੱਲ ਕੀਤੀ ਕਿ ਤੁਹਾਡੇ ਦੋ ਭਰਾ ਹਨ?” ਮੈਂ ਅਜੀਤ ਨੂੰ ਕਿਹਾ।
ਅਜੀਤ ਨੀਵੀਂ ਪਾਈ ਬੈਠੀ ਰਹੀ। ਇਕ ਦਮ ਉਠ ਕੇ ਖੜ੍ਹੀ ਹੋ ਗਈ, “ਮੈਂ ਕਿਹੋ ਜਿਹੀ ਭੁਲੱਕੜ ਹਾਂ। ਚਾਹ ਦੀ ਥਰਮਸ ਭਰ ਕੇ ਲਿਆਈ ਹਾਂ ਤੇ ਪੀਣੀ-ਪਿਲਾਉਣੀ ਯਾਦ ਨਹੀਂ ਰਹੀ। ਚਾਹ ਪੀ ਕੇ ਫੇਰ ਗੱਲਾਂ ਆਉਣਗੀਆਂ।” ਉਸ ਨੇ ਕੋਲ ਪਈ ਟੋਕਰੀ ਵਿਚੋਂ ਥਰਮਸ ਅਤੇ ਕੱਪ ਕੱਢਿਆ। ਨਾਲ ਹੀ ਲੰਚ ਬਾਕਸ ਕੱਢਿਆ ਤੇ ਫਿਰ ਕੱਪ ਵਿਚ ਚਾਹ ਪਾ ਕੇ ਲੰਚ ਬਾਕਸ ਖੋਲ੍ਹ ਕੇ ਮੇਰੇ ਅੱਗੇ ਕੀਤਾ। ਉਹ ਖੁਦ ਵੀ ਖਾਣ ਲੱਗੀ।
ਅਜੀਤ ਖਾਂਦੀ ਖਾਂਦੀ ਬੋਲੀ, “ਮੈਡਮ ਮੈਂ ਤੁਹਾਨੂੰ ਹੁਣ ਕਹਾਣੀ ਸੁਣਾਉਂਦੀ ਹਾਂ। ਕਹਾਣੀ ਦੀ ਹੀਰੋਇਨ ਜਾਂ ਮੁੱਖ ਪਾਤਰ ਤੁਹਾਡੇ ਕੋਲ ਬੈਠੀ ਹੈ।” ਇਹ ਆਖ ਉਹ ਹੱਸ ਪਈ, “ਮੈਂ ਬਹੁਤ ਛੋਟੇ ਕਿਸਾਨ ਪਰਿਵਾਰ ਦੀ ਧੀ ਹਾਂ। ਮੇਰੇ ਪਿਤਾ ਜੀ ਕੋਲ ਬਹੁਤ ਥੋੜ੍ਹੀ ਜ਼ਮੀਨ ਸੀ। ਮੁਸ਼ਕਿਲ ਨਾਲ ਗੁਜ਼ਾਰਾ ਚਲਦਾ। ਉਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਹੁੰਦਿਆਂ ਆਪਣੇ ਚਾਰੇ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਪਾਇਆ। ਉਹ ਸਮਾਂ ਸਸਤਾ ਅਤੇ ਸਾਦਾ ਸੀ। ਮੇਰੇ ਦੋਵੇਂ ਭਰਾ ਮੈਥੋਂ ਵੱਡੇ ਤੇ ਭੈਣ ਛੋਟੀ ਹੈ। ਵੱਡਾ ਭਰਾ ਸ਼ਹਿਰ ਦੇ ਸਰਕਾਰੀ ਕਾਲਜ ਵਿਚ ਬੀ. ਏ. ਦੀ ਪੜ੍ਹਾਈ ਕਰਦਾ ਸੀ ਅਤੇ ਕਾਲਜ ਸਾਈਕਲ ‘ਤੇ ਜਾਂਦਾ। ਜਦ ਛੋਟਾ ਭਰਾ ਵੀ ਸ਼ਹਿਰ ਦੇ ਸਕੂਲ ਜਾਣ ਲੱਗਾ ਤਾਂ ਦੋਵੇਂ ਇਕੱਠੇ ਚਲੇ ਜਾਂਦੇ। ਜਦ ਭਰਾ ਬੀ. ਏ. ਵਿਚ ਹੋਇਆ ਤਾਂ ਮੇਰੇ ਮਾਂ-ਬਾਪ ਦੇ ਚਿਹਰੇ ‘ਤੇ ਲਾਲੀ ਆਉਣ ਲੱਗੀ ਕਿ ਇਸ ਨੇ ਕਮਾਉਣ ਲੱਗ ਜਾਣਾ ਤੇ ਗਰੀਬੀ ਕੱਟੀ ਜਾਣੀ ਹੈ।
ਉਦੋਂ ਮੈਂ ਦਸਵੀਂ ਵਿਚ ਸੀ। ਰੱਬ ਦਾ ਭਾਣਾ, ਲੋਹੜੀ ਤੋਂ ਦੋ ਦਿਨ ਮਗਰੋਂ ਮੇਰੇ ਪਿਤਾ ਜੀ ਨੂੰ ਦਿਲ ਦਾ ਦੌਰਾ ਪਿਆ। ਡਾਕਟਰ ਕੋਲ ਲਿਜਾਂਦਿਆਂ ਰਾਹ ਵਿਚ ਹੀ ਉਹ ਚੜ੍ਹਾਈ ਕਰ ਗਏ। ਸਾਡੇ ਅਗਲੇ ਹਾਲ ਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ।
ਅੱਠਵੀਂ ਵਿਚ ਪੜ੍ਹਦਿਆਂ ਮੈਂ ਕਈ ਹੋਰ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ। ਮੇਰੀ ਛੇਵੀਂ ਵਾਲੀ ਟੀਚਰ ਆਪਣੀ ਲੜਕੀ ਨੂੰ ਸ਼ਾਮ ਨੂੰ ਮੇਰੇ ਕੋਲ ਟਿਊਸ਼ਨ ਲਈ ਭੇਜ ਦਿੰਦੀ। ਮੇਰਾ ਗਣਿਤ ਬਹੁਤ ਚੰਗਾ ਸੀ, ਮੈਂ ਉਸ ਨੂੰ ਪੜ੍ਹਾਉਂਦੀ। ਉਹ ਬੱਚੀ ਗਣਿਤ ਵਿਚ ਬਹੁਤ ਕਮਜ਼ੋਰ ਸੀ। ਜਦੋਂ ਉਹ ਗਣਿਤ ਵਿਚੋਂ ਪਾਸ ਹੋਣ ਲੱਗੀ ਤਾਂ ਮੈਡਮ ਨੇ ਮੇਰੀ ਨੌਵੀਂ ਦੀ ਫੀਸ ਦੇ ਦਿੱਤੀ ਤੇ ਕਿਤਾਬਾਂ ਵੀ ਲੈ ਦਿਤੀਆਂ। ਫਿਰ ਸੱਤਵੀਂ ਦੀਆਂ ਅੱਠ ਕੁੜੀਆਂ ਦਾ ਗਰੁਪ ਪੜ੍ਹਾਉਣ ਲਈ ਬਣਾ ਕੇ ਪੜ੍ਹਾਉਣ ਲੱਗੀ। ਹਰ ਮਹੀਨੇ 80 ਰੁਪਏ ਉਹ ਮੈਨੂੰ ਦਿੰਦੀਆਂ। ਛੋਟੇ ਭਰਾ ਨੇ ਬਾਰ੍ਹਵੀਂ ਕਰ ਲਈ। ਮੈਂ ਵੀ ਦਸਵੀਂ ਪਾਸ ਕਰ ਲਈ।
ਵੱਡੇ ਭਰਾ ਨੇ ਬੀ. ਏ. ਪਾਸ ਕਰਨ ਮਗਰੋਂ ਨੌਕਰੀ ਦੀ ਭਾਲ ਸ਼ੁਰੂ ਕਰ ਦਿੱਤੀ। ਛੇਤੀ ਹੀ ਉਸ ਨੂੰ ਸਿਵਲ ਸਪਲਾਈ ਵਿਭਾਗ ਵਿਚ ਇੰਸਪੈਕਟਰ ਦੀ ਨੌਕਰੀ ਮਿਲ ਗਈ। ਛੋਟਾ ਭਰਾ ਵੀ ਫੌਜ ਵਿਚ ਭਰਤੀ ਹੋ ਗਿਆ। ਛੋਟੀ ਭੈਣ ਨੂੰ ਸ਼ਹਿਰ ਦੇ ਸਕੂਲ ‘ਚ ਨੌਵੀਂ ਜਮਾਤ ਵਿਚ ਦਾਖਲਾ ਮਿਲ ਗਿਆ। ਉਹ ਖੇਡਾਂ ਵਿਚ ਬਹੁਤ ਤੇਜ਼ ਸੀ। ਦਸਵੀਂ ਕਰਦਿਆਂ ਹੀ ਸਪੋਰਟਸ ਕਾਲਜ ਵਿਚ ਦਾਖਲਾ ਮਿਲ ਗਿਆ ਅਤੇ ਅੱਗੇ ਸਾਰਾ ਖਰਚ ਸਰਕਾਰ ਨੇ ਕਰਨਾ ਸੀ।
ਹੁਣ ਕਿਸੇ ਦੇ ਵੀ ਖਰਚ ਦਾ ਫਿਕਰ ਨਹੀਂ ਸੀ ਰਿਹਾ। ਮੈਂ ਆਪਣੀਆਂ ਟਿਊਸ਼ਨਾਂ ਨਾਲ ਕਾਲਜ ਵਿਚ ਦਾਖਲਾ ਲੈ ਲਿਆ। ਕਈ ਵਾਰ ਟਿਊਸ਼ਨ ਪੜ੍ਹਾ ਕੇ ਘਰੇ ਲੇਟ ਪੁੱਜਦੀ। ਮਾਂ ਫਿਕਰ ਕਰਦੀ। ਮੈਨੂੰ ਜਾਣ-ਪਛਾਣ ਵਾਲੇ ਤੋਂ ਇਕ ਕਮਰਾ ਮਿਲ ਗਿਆ, ਉਸ ਦਾ ਸਿਰਫ ਬਿਜਲੀ ਦਾ ਬਿਲ ਦੇਣਾ ਹੁੰਦਾ ਸੀ। ਸਰਦੀਆਂ ਵਿਚ ਮੈਂ ਬੀਜੀ ਨੂੰ ਵੀ ਨਾਲ ਲੈ ਗਈ। ਗਰਮੀਆਂ ਵਿਚ ਪਿੰਡੋਂ ਹੀ ਆਉਂਦੀ। ਇਉਂ ਮੈਂ ਬੀ. ਏ. ਕਰ ਲਈ ਤੇ ਐਮ. ਏ. ਵਿਚ ਦਾਖਲਾ ਲੈ ਲਿਆ।
ਮੈਂ ਸਟੇਜ ‘ਤੇ ਚੰਗਾ ਬੋਲ ਲੈਂਦੀ ਸੀ। ਇਕ ਵਾਰੀ ਚੰਡੀਗੜ੍ਹ ਡੀ. ਏ. ਵੀ. ਕਾਲਜ ਵਿਚ ਇੰਟਰ-ਕਾਲਜ ਡੀਬੇਟ ਵਿਚ ਮੈਂ ਦੂਜੇ ਥਾਂ ਅਤੇ ਫਿਰੋਜ਼ਪੁਰ ਕਾਲਜ ਦਾ ਲੜਕਾ ਪਹਿਲੇ ਥਾਂ ‘ਤੇ ਆਇਆ। ਜਦੋਂ ਸਾਰੇ ਵਿਦਿਆਰਥੀ ਚਾਹ ਪੀ ਰਹੇ ਸਨ ਤਾਂ ਪਹਿਲੇ ਨੰਬਰ ‘ਤੇ ਆਉਣ ਵਾਲੇ ਲੜਕੇ ਨੇ ਮੇਰੀ ਤਾਰੀਫ ਕੀਤੀ, ਮੈਨੂੰ ਚੰਗਾ ਲੱਗਾ।
ਇਕ ਵਾਰ ਫਿਰ ਅਸੀਂ ਦੋਵੇਂ ਹੁਸ਼ਿਆਰਪੁਰ ਵਿਚ ਮਿਲੇ। ਦੋਵੇਂ ਪਹਿਲੇ ਨੰਬਰ ‘ਤੇ ਆਏ। ਅਸੀਂ ਕਾਫੀ ਗੱਲਾਂ ਕੀਤੀਆਂ। ਜੇ ਮੈਂ ਕਹਾਂ ਕਿ ਅਸੀਂ ਦੋਸਤੀ ਨੂੰ ਰਿਸ਼ਤੇ ਵਿਚ ਬੰਨ੍ਹਣ ਲੱਗ ਪਏ ਤਾਂ ਵਧੇਰੇ ਠੀਕ ਹੈ।
ਐਮ. ਏ. ਦਾ ਸਾਲ ਪੂਰਾ ਹੁੰਦੇ ਸਾਰ ਉਸ ਲੜਕੇ ਦੇ ਪਿਤਾ ਦਾ ਤਬਾਦਲਾ ਇਥੇ ਦਾ ਹੋ ਗਿਆ। ਉਸ ਨੇ ਸਰਕਾਰੀ ਕਾਲਜ ਵਿਚ ਦਾਖਲਾ ਲੈ ਲਿਆ। ਮੈਂ ਪ੍ਰਾਈਵੇਟ ਕਾਲਜ ਵਿਚ ਸੀ। ਇਥੇ ਦੀ ਐਕਸਟੈਨਸ਼ਨ ਲਾਇਬ੍ਰੇਰੀ ਵਿਚ ਅਸੀਂ ਮਿਲਦੇ ਰਹੇ। ਮੈਨੂੰ ਉਹ ਬਹੁਤ ਚੰਗਾ ਲਗਦਾ ਸੀ। ਉਸ ਦਾ ਸੁਭਾਅ ਬਹੁਤ ਮਿੱਠਾ, ਸਹਿਜ, ਸੰਜਮ ਵਾਲਾ ਸੀ।
ਲਾਇਬ੍ਰੇਰੀ ਸਾਡਾ ਨਿਤਨੇਮ ਬਣ ਗਿਆ। ਮੈਡਮ, ਮੇਰੀ ਇਸ ਗੱਲ ਨੂੰ ਅੱਜ ਤਕ ਕਿਸੇ ਨੇ ਨਹੀਂ ਮੰਨਿਆ ਕਿ ਅਸੀਂ ਕਦੇ ਵੀ ਪਿਆਰ ਮੁਹੱਬਤ ਜਾਂ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਜਦੋਂ ਵੀ ਮਿਲਦੇ ਤਾਂ ਸਿਰਫ ਪੜ੍ਹਾਈ ਦਾ ਕੋਈ ਵਿਸ਼ਾ ਵਿਚਾਰਦੇ। ਉਹ ਮੈਨੂੰ ਕਦੇ ਕੋਈ ਕਿਤਾਬ ਦਿੰਦਾ। ਕੁਝ ਚਿਰ ਬਾਹਰ ਖੜ੍ਹ ਕੇ ਵੀ ਅਸੀਂ ਅਖਬਾਰ ਦੀ ਕਿਸੇ ਖਾਸ ਖਬਰ ਬਾਰੇ ਚਰਚਾ ਕਰਦੇ।
ਜਿਸ ਦਿਨ ਨਾ ਮਿਲਦੇ, ਉਹ ਰਾਤ ਬਹੁਤ ਔਖੀ ਲੰਘਦੀ। ਇਵੇਂ ਹੀ ਸਾਲ ਬੀਤ ਗਿਆ। ਮੈਂ ਸੈਕੰਡ ਅਤੇ ਉਹ ਫਸਟ ਡਵੀਜ਼ਨ ਵਿਚ ਪਾਸ ਹੋ ਗਏ।
ਰਿਜ਼ਲਟ ਆਉਣ ਮਗਰੋਂ ਉਸ ਨੂੰ ਉਸ ਪ੍ਰਾਈਵੇਟ ਕਾਲਜ ਵਿਚ ਨੌਕਰੀ ਮਿਲ ਗਈ, ਜਿਥੋਂ ਮੈਂ ਐਮ. ਏ. ਕੀਤੀ ਸੀ। ਮੈਂ ਵੀ ਸਕੂਲ ਵਿਚ ਪੜ੍ਹਾਉਣ ਲੱਗੀ। ਸ਼ਹਿਰ ਵਿਚ ਇਹ ਇਕੋ-ਇਕ ਸਕੂਲ ਹੈ, ਜਿਥੇ ਹੋਸਟਲ ਵੀ ਹਨ। ਨਾਲ ਹੀ ਮੈਨੂੰ ਵਾਰਡਨ ਦਾ ਕੰਮ ਵੀ ਮਿਲ ਗਿਆ। ਹੁਣ ਰੋਜ਼ ਪਿੰਡ ਜਾਣਾ ਮੁਸ਼ਕਿਲ ਸੀ, ਮੈਂ ਬੀਜੀ ਨੂੰ ਵੀ ਨਾਲ ਰੱਖ ਲਿਆ।
ਸਾਡਾ ਲਾਇਬ੍ਰੇਰੀ ਦਾ ਨਿਤਨੇਮ ਜਾਰੀ ਰਿਹਾ। ਉਸ ਨੇ ਮੈਨੂੰ ਕਿਹਾ ਕਿ ਤੂੰ ਪੀਐਚ. ਡੀ. ਦੀ ਤਿਆਰੀ ਕਰ। ਪਹਿਲਾਂ ਤਾਂ ਮੈਂ ਅੰਗਰੇਜ਼ੀ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ। ਐਮ. ਏ. ਵਿਚ ਤਾਂ ਜ਼ਿਆਦਾ ਧਿਆਨ ਕੋਰਸ ਦੀਆਂ ਕਿਤਾਬਾਂ ਵਿਚ ਸੀ। ਅਸੀਂ ਦੋਵੇਂ ਕਿਤਾਬਾਂ ਪੜ੍ਹਦੇ, ਫਿਰ ਉਨ੍ਹਾਂ ਬਾਰੇ ਵਿਚਾਰ-ਵਟਾਂਦਰਾ ਕਰਦੇ। ਇਨ੍ਹਾਂ ਮੁਲਾਕਾਤਾਂ ਵਿਚ ਸਾਡਾ ਪਿਆਰ ਬਹੁਤ ਗੂੜ੍ਹਾ ਹੋ ਗਿਆ। ਸਾਡੇ ਪਿਆਰ ਵਿਚ ਕੋਈ ਜਿਣਸੀ ਭੁੱਖ ਨਹੀਂ ਸੀ। ਉਹ ਬਹੁਤ ਸਹਿਜ, ਸੰਜਮ ਗੁਣਾਂ ਨਾਲ ਭਰਪੂਰ ਇਨਸਾਨ ਸੀ। ਉਸ ਨੇ ਕਦੇ ਕੋਈ ਕਿਤਾਬ ਲੈਣ ਜਾਂ ਦੇਣ ਵੇਲੇ ਮੇਰੇ ਹੱਥ ਨੂੰ ਛੂਹਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਮੇਰੇ ਮਨ ਵਿਚ ਵੀ ਕਦੇ ਸਰੀਰਕ ਨੇੜਤਾ ਦੀ ਭੁੱਖ ਨਹੀਂ ਜਾਗੀ।
ਇਕ ਦਿਨ ਉਸ ਨੇ ਮੈਨੂੰ ਕਿਹਾ ਕਿ ਅਜੀਤ, ਹੁਣ ਆਪਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। ਮੈਂ ਬਹੁਤ ਹੈਰਾਨ ਹੋਈ ਤੇ ਕਿਹਾ ਕਿ ਆਪਾਂ ਤੋਂ ਕੀ ਭਾਵ।
‘ਭਾਵ ਤੂੰ ਵੀ ਹੁਣ ਕੋਈ ਪੰਦਰਾਂ ਸਾਲਾਂ ਦੀ ਬਾਲੜੀ ਨਹੀਂ। ਮੇਰੇ ਘਰ ਵਿਚ ਰਾਤ ਦੇ ਖਾਣੇ ਨਾਲ ਮੈਟਰੀਮੋਨੀਅਲ ਸੈਸ਼ਨ ਚਲਦਾ ਹੈ। ਮੈਂ ਵੀ ਵਿਆਹ ਯੋਗ ਹਾਂ ਤੇ ਤੂੰ ਵੀ। ਇਸ ਲਈ ਸਲਾਹ ਕਰ ਲਈਏ।’ ਇਹ ਕਹਿ ਕੇ ਰਣਜੀਤ ਹੱਸ ਪਿਆ, ‘ਦੋਸਤੀ ਵਿਚ ਇਕ-ਦੂਜੇ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ। ਤੂੰ ਮੈਨੂੰ ਯੋਗ ਦੁਲਹਨ ਦੱਸ ਸਕਦੀ ਹੈਂ। ਮੈਂ ਤੈਨੂੰ ਕੋਈ ਯੋਗ ਸੋਹਣਾ ਸਜੀਲਾ ਗੱਭਰੂ ਦੱਸ ਸਕਦਾ ਹਾਂ। ਤੂੰ ਸੁਣ ਕੇ ਘਬਰਾ ਕਿਉਂ ਗਈ?’
Ḕਮੈਂ ਘਬਰਾਈ ਨਹੀਂ ਪਰ ਇਕ ਗੱਲ ਮੈਂ ਤੈਨੂੰ ਦੱਸੀ ਹੋਈ ਹੈ ਕਿ ਮੈਂ ਵਿਆਹ ਨਹੀਂ ਕਰਵਾਉਣਾ।Ḕ ਉਸ ਨੇ ਕਿਹਾ ਕਿ ਮੈਂ ਤਾਂ ਸੁਣਿਆ ਸੀ ਕਿ ਹਰ ਲੜਕੀ ਵਿਆਹ ਤੋਂ ਪਹਿਲਾਂ ਇਹੀ ਕਹਿੰਦੀ ਹੁੰਦੀ ਹੈ। ਮੈਂ ਉਸ ਨੂੰ ਦਸਿਆ ਕਿ ਮੇਰਾ ਪੱਕਾ ਫੈਸਲਾ ਹੈ, ਇਸ ਲਈ ਤੁਸੀਂ ਆਪਣੇ ਲਈ ਯੋਗ ਲੜਕੀ ਲੱਭ ਕੇ ਵਿਆਹ ਕਰਵਾਉ। ਮੇਰੇ ਵਲੋਂ ਕੋਈ ਰੁਕਾਵਟ ਜਾਂ ਗਲਤ ਧਾਰਨਾ ਰੱਖਣ ਦੀ ਲੋੜ ਨਹੀਂ। ਮੈਂ ਤੈਨੂੰ ਹਮੇਸ਼ਾ ਆਪਣਾ ਪਿਆਰਾ ਦੋਸਤ ਸਮਝਦੀ ਰਹਾਂਗੀ। ਜੇ ਉਹ ਲੜਕੀ ਸੱਚਾਈ ਸਮਝਣ ਵਾਲੀ ਹੋਈ ਤਾਂ ਉਹ ਮੇਰੀ ਵੀ ਪਿਆਰੀ ਸਹੇਲੀ ਹੋਵੇਗੀ।
ਰਣਜੀਤ ਨੇ ਕਿਹਾ, Ḕਹਾਂ ਵਿਆਹ ਕਰਨ ਤੋਂ ਪਹਿਲਾਂ ਮੈਂ ਤੈਨੂੰ ਉਸ ਕੁੜੀ ਨਾਲ ਮਿਲਾਵਾਂਗਾ।Ḕ ਉਸ ਨੇ ਇਸੇ ਤਰ੍ਹਾਂ ਹੀ ਕੀਤਾ। ਇਕ ਦਿਨ ਮੈਨੂੰ ਫੋਨ ਕੀਤਾ, Ḕਮੈਂ ਇਕ ਉਮੀਦਵਾਰ ਦੇ ਨਾਲ ਤੈਨੂੰ ਮਿਲਾਉਣਾ ਹੈ, ਕਿੱਥੇ ਮਿਲੇਂਗੀ?Ḕ ਅਸੀਂ ਹੋਸਟਲ ਦੇ ਗੈਸਟ ਰੂਮ ਵਿਚ ਮਿਲੇ। ਇਕ ਘੰਟਾ ਗੱਲਾਂ ਕੀਤੀਆਂ। ਮੈਂ ਉਸ ਲੜਕੀ ਨੂੰ ਕਿਹਾ ਕਿ ਮੈਂ ਰਣਜੀਤ ਨੂੰ ਪਿਆਰ ਕਰਦੀ ਹਾਂ ਤੇ ਕਰਦੀ ਰਹਾਂਗੀ। ਮੈਂ ਤੁਹਾਡੇ ਵਿਆਹੁਤਾ ਜੀਵਨ ਵਿਚ ਕਦੇ ਵੀ ਰੋੜਾ ਨਹੀਂ ਬਣਾਂਗੀ। ਮੈਂ ਰਣਜੀਤ ਨੂੰ ਮਿਲਾਂਗੀ ਵੀ ਨਹੀਂ। ਅੱਜ ਤਕ ਮੈਂ ਇਸ ਨੂੰ ਸੱਚਾ-ਸੁੱਚਾ ਤੇ ਨਿਰਛੋਹ ਪਿਆਰ ਕੀਤੈ। ਉਸ ਪਿਆਰ ਦੀ ਹੱਦ ਮੇਰੇ ਦਿਲ ਦੇ ਅੰਦਰ ਤਕ ਰਹੀ ਹੈ। ਹੁਣ ਵੀ ਰਹੇਗੀ। ਭਰੋਸਾ ਕਰਨਾ ਹੁਣ ਤੁਹਾਡਾ ਕੰਮ ਹੈ। ਅਗਰ ਤੁਹਾਡਾ ਦੋਹਾਂ ਦਾ ਜੋੜ ਬਣਦਾ ਹੈ ਤਾਂ ਮੈਨੂੰ ਤੁਹਾਡੀ ਜੋੜੀ ਬਹੁਤ ਫੱਬਦੀ ਲੱਗੀ ਹੈ।Ḕ
ਉਸ ਲੜਕੀ ਨੇ ਉਠ ਕੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਗਲੇ ਮਿਲਣਾ ਚਾਹੁੰਦੀ ਹਾਂ। ਮੈਂ ਉਠ ਕੇ ਉਸ ਨੂੰ ਗਲ ਲਾ ਲਿਆ। ਉਸ ਨੇ ਕਿਹਾ ਕਿ ਤੁਸੀਂ ਮੇਰੇ ਵੱਡੇ ਦੀਦੀ ਤੇ ਮੈਂ ਤੁਹਾਡੀ ਛੋਟੀ ਭੈਣ। ਮੈਂ ਉਸ ਨੂੰ ਕਿਹਾ ਕਿ ਕਾਹਲੀ ਨਾ ਕਰ। ਮੇਰੇ ਨਾਲ ਵਰਤ ਲੈ, ਸਮਝ ਲੈ, ਸਮਾਂ ਬੀਤ ਲੈਣ ਦੇ। ਫਿਰ ਇਸੇ ਤਰ੍ਹਾਂ ਮੈਨੂੰ ਮਿਲੀਂ। ਉਸ ਨੇ ਕਿਹਾ ਕਿ ਜਿਸ ਸੱਚਾਈ ਨਾਲ ਤੁਸੀਂ ਗੱਲਾਂ ਕੀਤੀਆਂ, ਉਸ ਸੱਚਾਈ ‘ਤੇ ਮੈਂ ਭਰੋਸਾ ਕਰਦੀ ਹਾਂ।
ਰਣਜੀਤ ਦਾ ਵਿਆਹ ਹੋ ਗਿਆ। ਬੱਚੇ ਹੋਏ। ਰਣਜੀਤ ਦੀ ਪਤਨੀ ਹਰ ਮੌਕੇ ਮੈਨੂੰ ਬੁਲਾਉਂਦੀ ਤੇ ਬਹੁਤ ਸਤਿਕਾਰ ਕਰਦੀ। ਬੱਚਿਆਂ ਨੂੰ ਲੈ ਕੇ ਹਫਤੇ ਵਿਚ ਇਕ ਵਾਰ ਜ਼ਰੂਰ ਮਿਲਦੀ। ਬੱਚੇ ਮੈਨੂੰ ਮਾਸੀ ਕਹਿੰਦੇ। ਮੈਂ ਬੀਜੀ ਦੇ ਨਾਲ ਆਪਣੇ ਘਰ ਆ ਗਈ। ਮੈਂ ਆਪਣਾ ਘਰ ਲੈ ਲਿਆ ਸੀ। ਮੇਰੀ ਹਰ ਲੋੜ ਵੇਲੇ ਉਹਦੀ ਕਾਰ ਖੜ੍ਹੀ ਹੁੰਦੀ। ਰਣਜੀਤ ਨੂੰ ਵੀ ਨਾਲ ਲੈ ਕੇ ਆਉਂਦੀ। ਮੈਨੂੰ ਚੰਗਾ ਲਗਦਾ। ਸਮਾਂ ਬੀਤਦਾ ਗਿਆ। ਮੇਰੇ ਬੀਜੀ ਚੜ੍ਹਾਈ ਕਰ ਗਏ। ਮੈਂ ਇਕੱਲੀ ਹੋ ਗਈ।
ਇਕ ਦਿਨ ਰਣਜੀਤ ਦੀ ਪਤਨੀ ਨੇ ਮੈਨੂੰ ਕਿਹਾ ਕਿ ਦੀਦੀ ਤੁਸੀਂ ਕਹੋ ਤਾਂ ਕੋਈ ਅਜਿਹੀ ਔਰਤ ਲੱਭਾਂ ਜੋ ਤੁਹਾਡੇ ਘਰ ਦਾ ਕੰਮ ਕਰੇ ਅਤੇ ਰਾਤ ਨੂੰ ਤੁਹਾਡੇ ਕੋਲ ਰਹੇ। ਮੈਂ ਉਸ ਨੂੰ ਕਿਹਾ ਕਿ ਮੈਂ ਆਪਣੀ ਛੋਟੀ ਭੈਣ ਦੀ ਧੰਨਵਾਦੀ ਹਾਂ, ਜਿਸ ਨੂੰ ਮੇਰੀ ਚਿੰਤਾ ਹੈ। ਮੈਨੂੰ ਅਜੇ ਕੋਈ ਲੋੜ ਨਹੀਂ।
ਮੈਂ ਸਕੂਲ ਤੋਂ ਲੇਟ ਆਉਂਦੀ ਹਾਂ। ਕਿਤਾਬਾਂ ਪੜ੍ਹਦੀ ਹਾਂ। ਆਪਣੇ ਆਪ ਨੂੰ ਰੁਝੇਵੇਂ ਵਿਚ ਰੱਖਦੀ ਹਾਂ। ਸੈਰ ਕਰਨ ਲਈ ਪਾਰਕ, ਘਰ ਦੇ ਨੇੜੇ ਸੀ। ਮੈਂ ਸੈਰ ਬਹੁਤ ਕਰਦੀ ਅਤੇ ਸਕੂਲ ਤੁਰ ਕੇ ਹੀ ਆਉਂਦੀ ਜਾਂਦੀ।
ਹਾਂ, ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੀ ਕਿ ਮੇਰਾ ਮਨ ਕਈ ਵਾਰ ਉਦਾਸ ਹੁੰਦਾ। ਮੈਨੂੰ ਹੀ ਕਟਹਿਰੇ ਵਿਚ ਖੜ੍ਹਾ ਕਰ ਲੈਂਦਾ ਤੇ ਪੁੱਛਦਾ, ਦਸ ਤੂੰ ਵਿਆਹ ਕਿਉਂ ਨਹੀਂ ਕਰਵਾਇਆ? ਪਰ ਮੈਂ ਝੱਟ ਆਪਣੇ ਮਨ ਨੂੰ ਝਿੜਕ ਮਾਰਦੀ, ਕੀ ਹੋਇਆ, ਜੇ ਵਿਆਹ ਨਹੀਂ ਕਰਵਾਇਆ। ਰਣਜੀਤ ਦਾ ਪਿਆਰ ਅੱਜ ਵੀ ਮੇਰਾ ਹੈ। ਕੀ ਮੈਂ ਆਪਣੇ ਦਿਲ ਨੂੰ ਪਿਆਰ ਤੋਂ ਸੱਖਣਾ ਹੋਣ ਦਿਤਾ? ਨਹੀਂ ਨਾ! ਮੈਂ ਜਦ ਇਹ ਫੈਸਲਾ ਕੀਤਾ ਸੀ, ਉਸ ਵੇਲੇ ਵੀ ਮੇਰੀ ਤੇਰੀ (ਮਨ) ਤਕਰਾਰ ਹੋਈ ਸੀ।
ਮੈਂ ਉਸ ਵੇਲੇ ਸੋਚਿਆ ਸੀ ਕਿ ਮੂਹਰੇ ਪਏ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ। ਇਸ ਲਈ ਮੈਂ ਆਪਣੇ ਆਪ ਨੂੰ ਹਾਲਾਤ ਦੇ ਸਾਹਮਣੇ ਸੁੱਟ ਦਿਤਾ। ਮੈਨੂੰ ਆਪਣੀ ਤੇ ਸਾਹਮਣੇ ਵਾਲੇ ਦੀ ਸੱਚਾਈ ‘ਤੇ ਭਰੋਸਾ ਸੀ। ਫਿਰ ਕੀ ਸੀ, ਜੀਵਨ ਦੀ ਬੇੜੀ ਦਾ ਚੱਪੂ ਮੈਂ ਸੱਚ ਦੇ ਦਰਿਆ ਵਿਚ ਸੁਟ, ਬਿਨਾ ਮਲਾਹ ਤੇ ਬਿਨਾ ਚੱਪੂ ਦੀ ਬੇੜੀ ਵਿਚ ਸਵਾਰ ਹੋ ਗਈ। ਉਹ ਬੇੜੀ ਆਪ ਹੀ ਅਨੁਕੂਲ ਹਵਾਵਾਂ ਦਾ ਆਸਰਾ ਲੈ ਤੂਫਾਨਾਂ ਦਾ ਸਾਹਮਣਾ ਕਰਦੀ ਡੁਬਦੀ ਨਹੀਂ, ਤਰਦੀ ਜਾਂਦੀ ਹੈ। ਤੇਜ਼ ਹਵਾਵਾਂ ਜਾਂ ਉਚੀਆਂ ਛੱਲਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਆਪਣੇ ਅੰਦਰ ਹੋਣੀ ਚਾਹੀਦੀ ਹੈ। ਚੱਪੂ ਵੀ ਮਲਾਹ ਦੀਆਂ ਬਾਹਾਂ ਦਾ ਸਹਾਰਾ ਲੋਚਦਾ ਹੈ। ਆਪ ਇਕੱਲਾ ਕੁਝ ਨਹੀਂ ਕਰ ਸਕਦਾ। ਮਲਾਹ ਚੱਪੂ ਤੋਂ ਬਿਨਾ ਕੁਝ ਨਹੀਂ ਕਰ ਸਕਦਾ। ਮੇਰੇ ਕੋਲ ਮੇਰਾ ਪਿਆਰ ਤੇ ਮੇਰਾ ਵਿਸ਼ਵਾਸ, ਦੋਵੇਂ ਹਨ। ਜੇ ਕਦੇ ਮੇਰੀ ਬੇੜੀ ਡੁੱਬਣ ਲੱਗੀ ਤਾਂ ਮੈਨੂੰ ਬਚਾਉਣ ਲਈ ਮੇਰਾ ਪਿਆਰ ਤੇ ਪਰਿਵਾਰ ਬਚਾਅ ਲਈ ਆਵੇਗਾ। ਹੋਰ ਕੀ ਚਾਹੀਦਾ ਹੈ ਮੈਡਮ…।”
ਕਿੰਨੀ ਦੇਰ ਅਸੀਂ ਦੋਵੇਂ ਚੁੱਪ ਬੈਠੀਆਂ ਰਹੀਆਂ। ਫਿਰ ਅਜੀਤ ਹੀ ਬੋਲੀ, “ਮੈਡਮ ਕਿਹੋ ਜਿਹੀ ਲੱਗੀ ਕਹਾਣੀ। ਆਪਾਂ ਤੇ ਪਿਕਨਿਕ ‘ਤੇ ਆਈਆਂ ਸੀ, ਮੈਂ ਮਾਹੌਲ ਗੰਭੀਰ ਬਣਾ ਦਿੱਤਾ।
“ਅਜੀਤ ਤੂੰ ਤਾਂ ਮੈਨੂੰ ਰੱਬ ਵਿਖਾ ਦਿੱਤਾ। ਤੇਰਾ ਭਰੋਸਾ, ਆਪਣੇ ਪਿਆਰ ‘ਤੇ ਰੱਬ ਵਰਗਾ। ਰੱਬ ਕਹਿੰਦੇ ਸੱਚ ਵਿਚ ਵਸਦਾ ਹੈ। ਉਹ ਸੱਚ ਤੇਰੇ ਅੰਦਰ ਹੈ। ਮੈਂ ਤਾਂ ਸੀਸ ਝੁਕਾਉਂਦੀ ਹਾਂ, ਤੇਰੇ ਤੇ ਰਣਜੀਤ ਦੇ ਪਿਆਰ ਨੂੰ। ਹਾਂ, ਉਸ ਤੋਂ ਪਹਿਲਾਂ ਉਸ ਲੜਕੀ ਦੇ ਵਿਸ਼ਵਾਸ ਨੂੰ ਜਿਸ ਨੇ ਤੇਰੇ ਮੂੰਹੋਂ ਵੀ ਸੁਣ ਲਿਆ ਕਿ ਤੂੰ ਰਣਜੀਤ ਨੂੰ ਪਿਆਰ ਕਰਦੀ ਹੈਂ। ਉਸ ਰਣਜੀਤ ਨਾਲ ਵਿਆਹ ਕਰਵਾਇਆ ਤੇ ਤੈਨੂੰ ਭੈਣ ਬਣਾ ਲਿਆ।
ਤੇਰਾ ਤੇ ਰਣਜੀਤ ਦਾ ਪਿਆਰ ਅਤੇ ਉਸ ਲੜਕੀ ਦਾ ਵਿਸ਼ਵਾਸ ਜੱਗੋਂ ਤੇਰਵੀਂ ਗੱਲ ਹੈ।