ਪੰਜਾਬ, ਪਟੇਲ ਤੇ ਛੋਟੂ ਰਾਮ

ਗੁਲਜ਼ਾਰ ਸਿੰਘ ਸੰਧੂ
ਬੀਤੇ ਹਫਤੇ ਦੋ ਗੱਲਾਂ ਦੀ ਖੂਬ ਚਰਚਾ ਰਹੀ। ਗੁਜਰਾਤ ਵਿਚ ਭਾਰਤ ਦੇ ਪਹਿਲੇ ਡਿਪਟੀ ਪ੍ਰਧਾਨ ਮੰਤਰੀ ਸਰਦਾਰ ਪਟੇਲ ਦੇ 182 ਫੁੱਟ ਉਚੇ ਬੁੱਤ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਨਾ ਦਿੱਤੇ ਜਾਣ ਦੀ। 31 ਅਕਤੂਬਰ ਸਰਦਾਰ ਪਟੇਲ ਦਾ ਜਨਮ ਦਿਨ ਸੀ ਤੇ ਪਹਿਲੀ ਨਵੰਬਰ ਪੰਜਾਬੀ ਸੂਬੇ ਦੇ ਹੋਂਦ ਵਿਚ ਆਉਣ ਦਾ ਦਿਨ।

ਪਹਿਲਾਂ ਪੰਜਾਬ ਦੀ ਗੱਲ ਕਰਦੇ ਹਾਂ। ਸੰਨ ਸੰਤਾਲੀ ਦੀ ਦੇਸ਼ ਵੰਡ ਤੋਂ ਪਹਿਲਾਂ ਦੇ ਪੰਜਾਬ ਵਿਚ ਪਾਕਿਸਤਾਨੀ ਪੰਜਾਬ ਹੀ ਨਹੀਂ, ਅੱਜ ਵਾਲਾ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਸਨ। ਗੋਰੀ ਸਰਕਾਰ ਗਰਮੀ ਦੀ ਰੁੱਤੇ ਆਪਣਾ ਰਾਜ ਕਾਜ ਸ਼ਿਮਲਾ (ਹਿਮਾਚਲ) ਵਿਚ ਬੈਠ ਕੇ ਚਲਾਉਂਦੀ ਸੀ। ਉਦੋਂ ਹਿੰਦੁਸਤਾਨ ਵਿਚ ਪਾਕਿਸਤਾਨ ਤੇ ਬੰਗਲਾ ਦੇਸ਼ ਵੀ ਸ਼ਾਮਲ ਸਨ। ਸਾਰੇ ਦੇ ਸਾਰੇ।
ਅਜੋਕਾ ਪੰਜਾਬ ਕਿੰਨਾ ਛੋਟਾ ਹੈ, ਸਭ ਜਾਣਦੇ ਹਨ। ਇਸ ਦੇ ਹੋਂਦ ਵਿਚ ਆਉਣ ਨਾਲ ਪੰਜਾਬੀ ਭਾਸ਼ਾ ਦੀ ਸਰਦਾਰੀ ਕਿੰਨੀ ਕੁ ਹੈ, ਉਹ ਵੀ ਦੱਸਣ ਦੀ ਲੋੜ ਨਹੀਂ। ਲੋੜ ਹੈ ਤਾਂ ਪੰਜਾਬ ਦਿਵਸ ਮਨਾਉਣ ਦੀ, ਖਾਸ ਕਰਕੇ ਚੰਡੀਗੜ੍ਹ ਵਿਚ, ਜਿੱਥੇ ਇਸ ਨੂੰ ਇਸ ਦਾ ਬਣਦਾ ਸਥਾਨ ਨਹੀਂ ਮਿਲ ਰਿਹਾ। ਦਿਨ ਦੇ ਦਿਨ। ਪਹਿਲੀ ਨਵੰਬਰ ਨੂੰ ਜਾਂ ਉਸ ਤੋਂ ਥੋੜ੍ਹਾ ਅੱਗੇ-ਪਿੱਛੇ।
ਪਹਿਲੀ ਨਵੰਬਰ ਨੂੰ ਪੰਜਾਬ ਦੀ ਸਿਰਮੌਰ ਕਲਾ ਸੰਸਥਾ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਰੋਕਾਰਾਂ ਨੂੰ ਮੁੱਖ ਰੱਖ ਕੇ ਅਜੋਕੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਦਾ ਕੁੰਜੀਵਤ ਭਾਸ਼ਣ ਕਰਵਾਇਆ। ਸਰੋਤਿਆਂ ਨੇ ਪੰਜਾਬ ਦੀ ਜਵਾਨੀ ਦੇ ਨਸ਼ਿਆਂ ਦਾ ਸ਼ਿਕਾਰ ਹੋ ਕੇ ਬਦਫੈਲੀਆਂ ਵਲ ਵਧਣ ਜਾਂ ਆਪਣੀ ਜਨਮ ਭੂਮੀ ਛੱਡ ਕੇ ਵਿਦੇਸ਼ਾਂ ਨੂੰ ਲਾਈ ਦੌੜ ਦੇ ਦੁੱਖ ਸੁਣੇ। ਇਹ ਵੀ ਕਿ ਸਮੇਂ ਦੀਆਂ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ।
ਰਸਾਲਾ ḔਹੁਣḔ ਨੇ ਵੀ ਆਪਣਾ ਸਾਲਾਨਾ ਉਤਸਵ ਮਨਾਉਂਦੇ ਸਮੇਂ ਰਾਜਨੀਤੀ ਅਧਿਐਨ ਦੇ ਮਾਹਰ ਪ੍ਰੋ. ਭੁਪਿੰਦਰ ਬਰਾੜ ਨੂੰ ਅਜੋਕੇ ਪੰਜਾਬ ਵਿਚ ਬੁਧੀਜੀਵੀਆਂ ਦੇ ਯੋਗਦਾਨ ਦੀ ਲੋੜ ਉਤੇ ਚਾਨਣ ਪਾਉਣ ਦੀ ਬੇਨਤੀ ਕੀਤੀ। ਵਿਚਾਰ-ਚਰਚਾ ਤੋਂ ਪਿੱਛੋਂ ਨਤੀਜਾ ਇਹ ਨਿਕਲਿਆ ਕਿ ਨਵੀਂ ਪਨੀਰੀ ਰਾਹ ਦਸੇਰਾ ਬਣ ਸਕਦੀ ਹੈ, ਪਰ ਨਵੀਂ ਪਨੀਰੀ ਨੂੰ ਰਾਹ ਪਾਉਣ ਦਾ ਕੰਮ ਕੌਣ ਕਰੇ? ਇਹ ਜਰੂਰ ਮੰਨਿਆ ਗਿਆ ਕਿ ਇਹ ਰੋਗ ਕੇਵਲ ਸਰਕਾਰ ਦੇ ਵੱਸ ਦਾ ਨਹੀਂ।
ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬੀ ਮੰਚ ਦੇ ਸੱਦੇ ਉਤੇ ਪੰਜਾਬੀ ਹਿਤੈਸ਼ੀਆਂ ਨੇ ਮਿਲ ਕੇ ਚੰਡੀਗੜ੍ਹ (ਯੂ. ਟੀ.) ਦੇ ਸਥਾਪਨਾ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾ ਕੇ ਰੋਸ ਮਾਰਚ ਕੀਤਾ। ਜਾਪਦਾ ਹੈ, ਚੰਡੀਗੜ੍ਹ ਵਿਚ ਭਾਸ਼ਾ ਦੀ ਮੰਗ ਵੀ ਅਗਲੇ ਸਾਲ ਦੇ ਪੰਜਾਬੀ ਦਿਵਸ ‘ਤੇ ਜਾ ਪਈ ਹੈ। ਜੇ ਧਿਆਨ ਦੇਈਏ ਤਾਂ ਅਸਲ ਮਸਲਾ ਪੰਜਾਬ ਨੂੰ ਲੱਗੇ ਖੋਰੇ ਦਾ ਹੈ, ਜੋ ਨਿੱਕੇ ਤੋਂ ਨਿੱਕਾ ਹੁੰਦਾ ਜਾ ਰਿਹਾ ਹੈ। ਜੇ ਇਹ ਖੋਰਾ ਨਾ ਲਗਦਾ ਤਾਂ ਗੁਜਰਾਤ ਵਾਸੀ ਮਾਇਅਧਾਰੀ ਹੋਣ ਦੇ ਬਾਵਜੂਦ ਅਖੰਡ ਪੰਜਾਬ ਨੂੰ ਮਾਤ ਨਹੀਂ ਸਨ ਪਾ ਸਕਦੇ। ਸਭ ਤੋਂ ਉਚੀ ਮੂਰਤੀ ਜਾਂ ਬੁੱਤ ਸਰ ਛੋਟੂ ਰਾਮ ਦਾ ਬਣਦਾ ਸੀ, ਸਰਦਾਰ ਪਟੇਲ ਦਾ ਨਹੀਂ।
ਛੋਟੂ ਰਾਮ ਨੇ ਗੋਰੀ ਸਰਕਾਰ ਤੋਂ ਨਵਾਂ ਕਾਨੂੰਨ ਬਣਵਾ ਕੇ 1930ਵਿਆਂ ਵਿਚ ਉਨ੍ਹਾਂ ਗਰੀਬ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਪੰਜੇ ਵਿਚੋਂ ਕਢਵਾਇਆ, ਜੋ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਲੈਣ ਸਮੇਂ ਆਪਣੀ ਜੱਦੀ ਜਮੀਨ ਸ਼ਾਹੂਕਾਰਾਂ ਕੋਲ ਗਹਿਣੇ ਧਰੀ ਬੈਠੇ ਸਨ। ਨਵੇਂ ਕਾਨੂੰਨ ਅਨੁਸਾਰ ਜਿਨ੍ਹਾਂ ਸ਼ਾਹੂਕਾਰਾਂ ਨੂੰ ਗਹਿਣੇ ਰੂਪੀ ਭੂਮੀ ਦਾ ਲਾਭ ਲੈਂਦਿਆਂ ਵੀਹ ਸਾਲ ਤੋਂ ਵਧ ਹੋ ਗਏ ਸਨ, ਉਨ੍ਹਾਂ ਕੋਲ ਗਹਿਣੇ ਪਈ ਭੂਮੀ ਰਾਤੋ ਰਾਤ ਜੱਦੀ ਮਾਲਕਾਂ ਕੋਲ ਚਲੀ ਗਈ ਸੀ। ਇਸ ਨੂੰ ਵੀਹ ਸਾਲਾ ਕਾਨੂੰਨ ਦੀ ਮਾਰ ਹੇਠ ਆਉਣਾ ਕਹਿੰਦੇ ਸਨ।
ਮੈਂ ਆਪਣੇ ਬਚਪਨ ਵਿਚ ਉਸ ਕਾਨੂੰਨ ਦੀ ਲਪੇਟ ਵਿਚ ਆਏ ਸ਼ਾਹੂਕਾਰਾਂ ਦੇ ਪੈਰਾਂ ਥਲਿਉਂ ਧਰਤੀ ਨਿਕਲਣ ਉਤੇ ਉਨ੍ਹਾਂ ਦੀ ਪ੍ਰੇਸ਼ਾਨੀ ਦੇਖ ਚੁਕਾ ਹਾਂ। ਉਨ੍ਹਾਂ ਨੂੰ ਸੱਚ ਮੁੱਚ ਦੇ ਪਾਗਲ ਹੁੰਦਿਆਂ ਵੀ। ਹੋਣੇ ਵੀ ਚਾਹੀਦੇ ਸਨ। ਉਨ੍ਹਾਂ ਨੇ ਸੂਦਖੋਰੀ ਨਾਲ ਛੋਟੀ ਕਿਰਸਾਣੀ ਦਾ ਸੱਤਿਆਨਾਸ ਕਰ ਛੱਡਿਆ ਸੀ।
ਕੀ ਸਰਦਾਰ ਪਟੇਲ ਨੇ ਵੀ ਏਡਾ ਵੱਡਾ ਕਾਰਨਾਮਾ ਕੀਤਾ ਸੀ, ਜਿਸ ਦੀ 182 ਫੁੱਟ ਉਚੀ ਮੂਰਤੀ ਹੋਂਦ ਵਿਚ ਆਈ ਹੈ? ਸਰ ਛੋਟੂ ਰਾਮ ਨੇ ਇਹ ਕੰਮ ਬਰਤਾਨਵੀ ਰਾਜ ਸਮੇਂ ਕੀਤਾ ਸੀ। ਇਸ ਪੱਖ ਤੋਂ ਗੁਜਰਾਤ ਵਾਸੀਆਂ ਦਾ ਪੰਜਾਬ ਨੂੰ ਮਾਤ ਪਾਉਣ ਦਾ ਜੇ ਕੋਈ ਕਾਰਨ ਹੈ ਤਾਂ ਕੇਵਲ ਇਹ ਕਿ ਸਰ ਛੋਟੂ ਰਾਮ ਵਾਲਾ ਪੰਜਾਬ ਖੇਰੂੰ ਖੇਰੂੰ ਹੋ ਚੁਕਾ ਹੈ, ਟੁਕੜੇ ਦਰ ਟੁਕੜੇ। ਇਸ ਦਾ ਅਸਰ ਪੰਜਾਬੀ ਭਾਸ਼ਾ ਉਤੇ ਵੀ ਪਿਆ। ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ।
ਅੰਤਿਕਾ: ਹਜਾਰਾ ਸਿੰਘ ਮੁਸਤਾਕ
ਤੇਰੇ ਗਲ ਜਿੱਤ ਦੇ ਹਾਰ ਪਏ
ਮੇਰੇ ਸਿਰ ਇਸ ਦਾ ਸਿਹਰਾ ਹੈ,
ਤੂੰ ਹਾਰ ਕੇ ਬਾਜ਼ੀ ਜਿੱਤੀ ਹੈ
ਮੈਂ ਜਿੱਤ ਕੇ ਬਾਜ਼ੀ ਹਾਰੀ ਏ।