ਸੰਤ ਰਾਮ ਉਦਾਸੀ: ਕ੍ਰਾਂਤੀ ਲਈ ਬਲਦਾ ਕਣ ਕਣ

ਜੇ. ਬੀ. ਸੇਖੋਂ
ਅਜਮੇਰ ਸਿੱਧੂ ਸਿਰਜਣਾ ਦੀ ਊਰਜਾ ਨਾਲ ਭਰਿਆ ਲੇਖਕ ਹੈ। ਉਹ ਸਮਕਾਲ ਦੀ ਪੰਜਾਬੀ ਕਹਾਣੀ ਦਾ ਅਹਿਮ ਹਸਤਾਖਰ ਹੈ ਪਰ ਇਸ ਦੇ ਨਾਲ ਨਾਲ ਉਹ ਇਤਿਹਾਸ ਦੀ ਗਹਿਰ ਵਿਚ ਗੁਆ ਦਿੱਤੇ ਗਏ ਨਾਇਕਾਂ ਦੇ ਲੋਕ ਮੁਕਤੀ ਲਈ ਲੜੇ ਘੋਲਾਂ ਦੀ ਸਾਂਭ-ਸੰਭਾਲ ਵੀ ਕਰ ਰਿਹਾ ਹੈ। ਮਸ਼ਹੂਰ ਗਦਰੀ ਤੇ ਨਕਸਲੀ ਆਗੂ ਬਾਬਾ ਬੂਝਾ ਸਿੰਘ ਬਾਰੇ ਲਿਖੀ ਪੁਸਤਕ ਉਸ ਦੀ ਇਸੇ ਘਾਲਣਾ ਦਾ ਸਿੱਟਾ ਹੈ, ਜਿਸ ਨੂੰ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਵੱਡੇ ਪਾਠਕ ਵਰਗ ਤਕ ਪੁੱਜਣ ਦਾ ਮਾਣ ਵੀ ਮਿਲਿਆ ਹੈ। ਸਾਹਿਤਕ ਪੱਤਰਕਾਰੀ ਵਿਚ ਉਹ ‘ਰਾਗ’ ਮੈਗਜ਼ੀਨ ਦੇ ਸੰਪਾਦਕ ਵਜੋਂ ਕਾਰਜਸ਼ੀਲ ਹੈ। ਸੰਪਾਦਨਾ ਦੇ ਖੇਤਰ ਵਿਚ ਉਹ ਸੰਤ ਰਾਮ ਉਦਾਸੀ ਅਤੇ ਅਵਤਾਰ ਸਿੰਘ ਪਾਸ਼ ਦੇ ਜੀਵਨ, ਸ਼ਖਸੀਅਤ ਅਤੇ ਸਾਹਿਤਕ ਯੋਗਦਾਨ ਪ੍ਰਤੀ ਅਹਿਮ ਪੁਸਤਕਾਂ ਪੇਸ਼ ਕਰ ਚੁਕਾ ਹੈ।

ਵਿਚਾਰ ਅਧੀਨ ਪੁਸਤਕ ‘ਕ੍ਰਾਂਤੀ ਲਈ ਬਲਦਾ ਕਣ ਕਣ: ਸੰਤ ਰਾਮ ਉਦਾਸੀ’ (ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ) ਵੀ ਉਸ ਵੱਲੋਂ ਸੰਪਾਦਿਤ ਕੀਤੀ ਪੁਸਤਕ ਹੈ, ਜਿਸ ਵਿਚ ਜੁਝਾਰਵਾਦੀ ਕਾਵਿ ਪਰੰਪਰਾ ਦੇ ਅਹਿਮ ਕਵੀ ਸੰਤ ਰਾਮ ਉਦਾਸੀ ਦੇ ਜੀਵਨ ਸਰੋਕਾਰ, ਵਿਚਾਰਧਾਰਾ ਅਤੇ ਕਾਵਿ ਯੋਗਦਾਨ ਨੂੰ ਕਈ ਕੋਣਾਂ ਤੋਂ ਪੇਸ਼ ਕੀਤਾ ਗਿਆ ਹੈ। ਕਿਤਾਬ ਦੇ ਸੱਤ ਭਾਗ ਬਣਾ ਕੇ ਸੰਪਾਦਕ ਨੇ ਆਪਣੀ ਸੰਪਾਦਨ ਕਲਾ ਦਾ ਨਮੂਨਾ ਪੇਸ਼ ਕੀਤਾ ਹੈ, ਜਿਨ੍ਹਾਂ ਵਿਚ ਇਕ ਭਾਗ ਸੰਤ ਰਾਮ ਉਦਾਸੀ ਦੇ ਪਰਿਵਾਰਕ ਮੈਂਬਰਾਂ, ਲਹਿਰ ਵਿਚਲੇ ਸਾਥੀਆਂ ਅਤੇ ਉਦਾਸੀ ਦੇ ਨਾਲ ਵਿਚਰੀਆਂ ਹੋਰ ਸ਼ਖਸੀਅਤਾਂ ਦੀਆਂ ਲਿਖਤਾਂ ਨਾਲ ਸਬੰਧਤ ਹੈ। ਇਨ੍ਹਾਂ ਲਿਖਤਾਂ ਨੂੰ ਪੜ੍ਹ ਕੇ ਸੰਤ ਰਾਮ ਉਦਾਸੀ ਬਣਨ ਦੀ ਸਮੁੱਚੀ ਪ੍ਰਕ੍ਰਿਆ ਨੂੰ ਸਮਝਿਆ ਜਾ ਸਕਦਾ ਹੈ ਪਰ ਨਾਲ ਹੀ ਉਸ ਵਿਵਸਥਾ ਬਾਰੇ ਵੀ ਸਮਝ ਬਣਾਈ ਜਾ ਸਕਦੀ ਹੈ, ਜੋ ਨਾਬਰ ਹੋਈਆਂ ਆਵਾਜ਼ਾਂ ਨੂੰ ਮੌਨ ਕਰਨ ਲਈ ਵੱਖੋ ਵੱਖਰੇ ਹੱਥਕੰਡੇ ਅਪਨਾਉਂਦੀ ਹੈ। ਇਹ ਕਾਂਡ ਸੰਤ ਰਾਮ ਉਦਾਸੀ ਨਾਲ ਜੁੜੀਆਂ ਕਈ ਮਿੱਥਾਂ ਦਾ ਭੰਜਨ ਵੀ ਕਰਦਾ ਹੈ, ਜਿਵੇਂ ਉਦਾਸੀ ਦਾ ਲਾਲ ਕਿਲ੍ਹੇ ‘ਤੇ ਕਵਿਤਾ ਪੇਸ਼ ਕਰਨਾ, ਉਸ ਦਾ ਸਿੱਕਿਆਂ ਨਾਲ ਤੋਲਾ ਕਰਨਾ, ਸ਼ਰਾਬ ਪੀਣਾ ਆਦਿ। ਇਸ ਕਾਂਡ ਦੇ ਨਾਲ-ਨਾਲ ਕਿਤਾਬ ਦੀ ਭੂਮਿਕਾ ਵਿਚ ਅਜਮੇਰ ਸਿੱਧੂ ਨੇ ਵੀ ਇਨ੍ਹਾਂ ਮਿੱਥਾਂ ਬਾਰੇ ਸੰਵਾਦ ਰਚਾ ਕੇ ਸਿੱਧ ਕੀਤਾ ਹੈ ਕਿ ਕਮਿਊਨਿਸਟ ਗਰੁਪਾਂ ਅਤੇ ਸਮਕਾਲੀ ਵਿਚਾਰਧਾਰਾ ਦੇ ਆਗੂਆਂ ਨੇ ਜਿੰਨਾ ਕੁ ਕੰਮ ਸਟੇਟ ਵਿਰੁਧ ਕੀਤਾ ਹੈ, ਓਨਾ ਕੰਮ ਇਕ-ਦੂਜੇ ਨੂੰ ਭੰਡਣ ਦਾ ਵੀ ਕੀਤਾ ਹੈ। ਇਸ ਵਿਵਸਥਾ ਵਿਚ ਉਦਾਸੀ ਨੂੰ ਸਭ ਤੋਂ ਜ਼ਿਆਦਾ ਪੀਸਿਆ ਗਿਆ ਅਤੇ ਉਸ ਦੀ ਵਿਚਾਰਧਾਰਾ ਦੀ ਆਪੋ-ਆਪਣੇ ਹਿਤਾਂ ਲਈ ਚੀਰ-ਫਾੜ ਕੀਤੀ ਗਈ। ਇਸੇ ਕਰਕੇ ਉਦਾਸੀ ਇਨਕਲਾਬੀ ਸ਼ਾਇਰਾਂ ਵਾਂਗ ਆਪਣੀ ਜ਼ਿੰਦਗੀ ਜਿਉਂਦਾ ਰਿਹਾ, ਪਰ ਉਸ ਦੀ ਮੌਤ ਇਨਕਲਾਬੀਆਂ ਵਾਂਗ ਨਹੀਂ ਹੋਈ ਸਗੋਂ ਉਸ ਦੀ ਮੌਤ ਪਿਛੋਂ ਉਸ ਦੀ ਕਵਿਤਾ ਦੇ ਮਨਭਾਉਂਦੇ ਪ੍ਰਸੰਗ ਆਪੋ-ਆਪਣੀ ਵਿਆਖਿਆ ਕਰਕੇ ਪੇਸ਼ ਕੀਤੇ ਜਾਂਦੇ ਰਹੇ। ਕੋਈ ਉਦਾਸੀ ਨੂੰ ਸ਼ੁੱਧ ਕਾਮਰੇਡ ਕਹਿੰਦਾ ਰਿਹਾ, ਕੋਈ ਸਿੱਖ ਸਰੋਕਾਰਾਂ ਵਾਲਾ ਕਵੀ ਅਤੇ ਕਿਸੇ ਨੇ ਉਸ ਨੂੰ ਦਲਿਤ ਕਵੀ ਵਜੋਂ ਪਰਿਭਾਸ਼ਤ ਕੀਤਾ।
ਅਸਲ ਵਿਚ ਉਦਾਸੀ ਸੱਤਾ ਵਲੋਂ ਮੌਨ ਕਰਕੇ ਸੁੱਟੀ ਧਿਰ ਦਾ ਤਰਜਮਾਨ ਸੀ। ਉਸ ਦੀ ਜ਼ਿੰਦਗੀ ਅਤੇ ਕਵਿਤਾ ਸ਼ਬਦ ਤੋਂ ਕਰਮ ਦੀ ਯਾਤਰਾ ਵਾਲੀ ਸੀ। ਉਸ ਦੀ ਕਵਿਤਾ ਨੇ ਰਵਾਇਤੀ ਕਾਵਿ ਸ਼ਾਸਤਰ ਦਾ ਹੀ ਭੰਜਨ ਨਹੀਂ ਕੀਤਾ ਸਗੋਂ ਕਵੀ ਦੀ ਵਿਹਾਰਕ ਤੌਰ ‘ਤੇ ਸਮਾਜਕ ਭੂਮਿਕਾ ਬਾਰੇ ਵੀ ਨਵੀਂ ਲੀਹ ਪਾਈ। ਉਹ ਕਵਿਤਾ ਦੁਆਰਾ ਜ਼ਿੰਦਗੀ ਜਿਉਣ ਦਾ ਫਲਸਫਾ ਦੇਣ ਵਾਲਾ ਕਵੀ ਹੋਇਆ ਹੈ, ਜਿਸ ਉਤੇ ਸੱਤਾ ਦੇ ਕੀਤੇ ਜਬਰ ਨੇ ਉਸ ਨੂੰ ਲੋਕ ਕਵੀ ਬਣਾ ਦਿੱਤਾ। ਇਹ ਸਰੋਕਾਰ ਕਿਤਾਬ ਦਾ ਹਿੱਸਾ ਬਣੇ ਹਨ ਅਤੇ ਉਦਾਸੀ ਦੇ ਪਰਿਵਾਰਕ ਮੈਂਬਰਾਂ, ਮਿੱਤਰਾਂ ਅਤੇ ਸਮਕਾਲੀ ਲੇਖਕਾਂ ਨੇ ਉਸ ਬਾਰੇ ਖੁੱਲ੍ਹ ਕੇ ਲਿਖ ਕੇ ਸੰਤ ਰਾਮ ਉਦਾਸੀ ਬਣਨ ਦੀ ਸਮੁੱਚੀ ਸਿਰਜਣ ਪ੍ਰਕ੍ਰਿਆ ਪੇਸ਼ ਕੀਤੀ ਹੈ।
ਕਿਤਾਬ ਦਾ ਇਕ ਭਾਗ ਸੰਤ ਰਾਮ ਉਦਾਸੀ ਦੇ ਸਮਕਾਲ ਵਿਚ ਵਿਚਰੇ ਸਾਹਿਤਕਾਰਾਂ ਵਲੋਂ ਉਸ ਦੀਆਂ ਲਿਖਤਾਂ ਬਾਰੇ ਕੀਤੀ ਆਲੋਚਨਾ ਦਾ ਹੈ। ਇਸ ਅੰਦਰ ਆਲੋਚਨਾ ਵਾਲੀ ਬੌਧਿਕਤਾ ਵੀ ਹੈ ਅਤੇ ਸ਼ਬਦ ਚਿੱਤਰਾਂ ਵਾਲੀ ਭਾਵੁਕਤਾ ਵੀ। ਇਹ ਭਾਗ ਉਦਾਸੀ ਦੀ ਆਵਾਜ਼, ਉਸ ਦੀ ਗੀਤਕਾਰੀ, ਕਾਵਿ ਸੰਵੇਦਨਾ ਤੋਂ ਫੈਲ ਕੇ ਉਸ ਦੇ ਸੁੱਖਾਂ-ਦੁੱਖਾਂ, ਦਰਦਾਂ, ਸੁਪਨਿਆਂ ਅਤੇ ਸੰਘਰਸ਼ਾਂ ਦੇ ਅੰਗ-ਸੰਗ ਹੈ। ਪਰਿਵਾਰ ਦੇ ਸੰਗੀ ਸਾਥੀਆਂ ਨਾਲ ਕੀਤਾ ਬਾਇਸਕੋਪ ਇਸ ਕਿਤਾਬ ਦਾ ਅਹਿਮ ਹਾਸਲ ਹੈ, ਜਿਸ ਵਿਚ ਦਰਸ਼ਨ ਸਿੰਘ ਖਟਕੜ, ਬਾਰੂ ਸਤਵਰਗ, ਸਰਦਾਰਾ ਸਿੰਘ ਮਾਹਲ, ਸੁਖਦਰਸ਼ਨ ਨੱਤ, ਬਿੱਕਰ ਸਿੰਘ ਕੰਮੇਆਣਾ, ਇਕਬਾਲ ਕੌਰ ਉਦਾਸੀ, ਮਨਦੀਪ ਆਦਿ ਦੀਆਂ ਲਿਖਤਾਂ ਸ਼ਾਮਲ ਹਨ। ਇਨ੍ਹਾਂ ਰਾਹੀਂ ਉਦਾਸੀ ਦੇ ਜੀਵਨ ਪ੍ਰਸੰਗ ਅਤੇ ਵਿਚਾਰਧਾਰਾਈ ਪ੍ਰਸੰਗ ਨੂੰ ਹੋਰ ਗੰਭੀਰਤਾ ਨਾਲ ਸਮਝਿਆ ਜਾ ਸਕਦਾ ਹੈ। ਉਦਾਸੀ ਨਾਲ ਸਮੇਂ ਸਮੇਂ ‘ਤੇ ਲੇਖਕਾਂ ਵਲੋਂ ਕੀਤੀਆਂ ਮੁਲਾਕਾਤਾਂ ਰਾਹੀਂ ਉਦਾਸੀ ਦੀ ਵਿਚਾਰਧਾਰਕ ਸਪਸ਼ਟਤਾ ਅਤੇ ਸਮਾਜਕ ਪ੍ਰਤੀਬੱਧਤਾ ਪੂਰੇ ਜੋਬਨ ‘ਤੇ ਪੇਸ਼ ਹੋਈ ਹੈ। ਇਹ ਮੁਲਾਕਾਤਾਂ ਬਹੁਤ ਗੰਭੀਰ ਹਨ ਅਤੇ ਕਮਿਊਨਿਸਟਾਂ ਦੇ ਕਿਰਦਾਰ ਅਤੇ ਕਮਿਊਨਿਸਟ ਚਿੰਤਨ ਬਾਰੇ ਅਹਿਮ ਸਵਾਲਾਂ ਨਾਲ ਭਰੀਆਂ ਹਨ। ਇਨ੍ਹਾਂ ਨਾਲ ਕਮਿਊਨਿਸਟ ਲਹਿਰ ਦੇ ਉਤਰਾ-ਚੜ੍ਹਾ, ਅੰਤਰ-ਵਿਰੋਧ ਅਤੇ ਸੱਤਾ ਨਾਲ ਵਿਰੋਧ ਤੇ ਸਾਂਝ ਦੀ ਸਮਾਨੰਤਰ ਸੁਰ ਵੀ ਪਛਾਣੀ ਜਾ ਸਕਦੀ ਹੈ। ਮੁਲਾਕਾਤਾਂ ਸਿੱਧ ਕਰਦੀਆਂ ਹਨ ਕਿ ਸੱਤਾ ਕਿਵੇਂ ਵਿਰੋਧ ਕਰਦੀਆਂ ਜਾਪਦੀਆਂ ਧਿਰਾਂ ਨੂੰ ਆਪਣੇ ਮੁਫਾਦ ਲਈ ਵਰਤ ਜਾਂਦੀ ਹੈ ਅਤੇ ਕਈ ਵਾਰ ਇਸ ਦਾ ਪਤਾ ਸੰਘਰਸ਼ ਕਰਦੀਆਂ ਧਿਰਾਂ ਅਤੇ ਰੌਸ਼ਨ ਦਿਮਾਗ ਲੋਕਾਂ ਨੂੰ ਵੀ ਨਹੀਂ ਲੱਗਦਾ।
ਕਿਤਾਬ ਵਿਚ ਸੰਤ ਰਾਮ ਉਦਾਸੀ ਨੂੰ ਕਾਵਿ ਸ਼ਰਧਾਂਜਲੀ ਵਾਲੀਆਂ ਲਿਖਤਾਂ ਵੀ ਹਨ। ਉਸ ਬਾਰੇ ਵੱਖ-ਵੱਖ ਯੂਨੀਵਰਸਿਟੀਆਂ ਵਿਚ ਹੋਏ ਖੋਜ ਕਾਰਜਾਂ ਦਾ ਵੇਰਵਾ ਵੀ ਦਰਜ ਹੈ। ਇਸ ਦੇ ਨਾਲ ਨਾਲ ਉਦਾਸੀ ਦੇ ਪਿੰਡ ਰਾਏਸਰ ਦਾ ਮੌਖਿਕ ਇਤਿਹਾਸ, ਉਸ ਦਾ ਰਚਨਾ ਸੰਸਾਰ, ਸਿਲੇਬਸਾਂ ਵਿਚ ਸੰਤ ਰਾਮ ਉਦਾਸੀ ਆਦਿ ਵੇਰਵੇ ਵੀ ਦਰਜ ਹਨ।
ਕੁਲ ਮਿਲਾ ਕੇ ਅਜਮੇਰ ਸਿੱਧੂ ਵਲੋਂ ਸੰਪਾਦਿਤ ਇਹ ਕਿਤਾਬ ਸੰਤ ਰਾਮ ਉਦਾਸੀ ਬਾਰੇ ਗਹਿਰ ਗੰਭੀਰ ਅਤੇ ਬੌਧਿਕ ਪੱਖ ਤੋਂ ਉਤਮ ਕਾਰਜ ਕਰ ਕੇ ਵੱਖਰੇ ਦਸਤਾਵੇਜ਼ ਵਜੋਂ ਪਛਾਣ ਬਣਾਉਣ ਦੇ ਸਮਰੱਥ ਹੈ। ਉਦਾਸੀ ਬਾਰੇ ਮੌਖਿਕ ਤੌਰ ‘ਤੇ ਤੁਰੀਆਂ ਆ ਰਹੀਆਂ ਮਿੱਥਾਂ, ਉਦਾਸੀ ਨੂੰ ਵੱਖ-ਵੱਖ ਧਿਰਾਂ ਵੱਲੋਂ ‘ਆਪੋ ਆਪਣਾ’ ਸਿੱਧ ਕਰਨ ਦੇ ਲਿਖਤੀ ਉਪਰਾਲਿਆਂ ਦਾ ਤੱਤਾ ਪ੍ਰਤੀਕਰਮ ਦੇਣ ਜਾਂ ਵਿਰੋਧ ਕਰਨ ਵਾਲੀ ਸੁਰ ਤੋਂ ਇਹ ਕਿਤਾਬ ਦੂਰ ਹੈ। ਇਸ ਕਰਕੇ ਵੀ ਕਿਤਾਬ ਪੜ੍ਹਨ ਯੋਗ ਬਣੀ ਹੋਈ ਹੈ। ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਪਾਸ਼ ਵਰਗੇ ਜੁਝਾਰਵਾਦੀਆਂ ਦੀ ਕਵਿਤਾ ਦਾ ਲੋਕ ਪ੍ਰਵਾਨ ਹੋਣਾ ਇਨ੍ਹਾਂ ਦੀ ਅਮਲੀ ਕੁਰਬਾਨੀ ਕਰਕੇ ਹੈ। ਇਹ ਲਫਜ਼ਾਂ ਤੋਂ ਕਰਮ ਤਕ ਦੇ ਪਾਂਧੀ ਹਨ। ਇਨ੍ਹਾਂ ਦੇ ਸੰਘਰਸ਼ ਅਤੇ ਵਿਚਾਰਧਾਰਾ ਨੂੰ ਵੱਖ-ਵੱਖ ਸਿਰਿਆਂ ਤੋਂ ਪਰਿਭਾਸ਼ਤ ਕਰਨ ਵਾਲਾ ਵਰਤਾਰਾ ਸੱਤਾ ਲਈ ਸਭ ਤੋਂ ਵੱਧ ਲਾਭਕਾਰੀ ਸਿੱਧ ਹੁੰਦਾ ਹੈ। ਇਸ ਕੋਣ ਤੋਂ ਵਿਚਾਰਿਆਂ ਸਿੱਧੂ ਦੀ ਇਸ ਕਿਤਾਬ ਦਾ ਸਵਾਗਤ ਕਰਨਾ ਬਣਦਾ ਹੈ। ਅੱਜ ਦੇ ਜ਼ੁਬਾਨਬੰਦੀ ਵਾਲੇ ਦੌਰ ਵਿਚ ਅਜਿਹੀਆਂ ਕਿਤਾਬਾਂ ਦੀ ਸਾਰਥਕਤਾ ਹੋਰ ਵੀ ਜ਼ਿਆਦਾ ਗੂੜ੍ਹੀ ਹੁੰਦੀ ਹੈ।