ਪ੍ਰਭਸ਼ਰਨਦੀਪ ਸਿੰਘ ਦੇ ਲੇਖ ਉਤੇ ਇਕ ਲੇਖ

ਕਰਮਜੀਤ ਸਿੰਘ
ਫੋਨ: 91-99150-91063
ਭਾਈ ਪ੍ਰਭਸ਼ਰਨਦੀਪ ਸਿੰਘ ਹੁਣ ਇਕ ਹੋਰ ਲੇਖ ਲੈ ਕੇ ਖਾਲਸਾ ਪੰਥ ਦੀ ਕਚਹਿਰੀ ਵਿਚ ਆਏ ਹਨ। ਇਹ ਉਨ੍ਹਾਂ ਦਾ ਤੀਸਰਾ ਲੇਖ ਹੈ ਅਤੇ ਇਹ ਲੇਖ ਵੀ ਅਸੀਂ ਇਥੇ ਸ਼ੇਅਰ ਕਰਨ ਦੀ ਖੁਸ਼ੀ ਲੈ ਰਹੇ ਹਾਂ। ਇਹ ਲੇਖ ਜਿਥੇ ਸ਼ ਅਜਮੇਰ ਸਿੰਘ ਦੇ ਰਾਜਨੀਤਕ ਸਫਰ ਦੇ ਵੱਖ ਵੱਖ ਪੜਾਵਾਂ ਉਤੇ ਗੰਭੀਰ ਟਿੱਪਣੀਆਂ ਕਰਦਾ ਹੈ, ਉਥੇ ਸਬੰਧਤ ਧਿਰਾਂ ਅਤੇ ਵਿਅਕਤੀਆਂ ਨੂੰ ਇਕ ਖੁੱਲ੍ਹੀ ਬਹਿਸ ਦਾ ਸੱਦਾ ਵੀ ਦਿੰਦਾ ਹੈ।

ਭਾਈ ਪ੍ਰਭਸ਼ਰਨਦੀਪ ਸਿੰਘ ਇਕ ਅਹਿਮ ਸਵਾਲ ਖੜ੍ਹਾ ਕਰਦੇ ਹਨ ਕਿ ਜੇ ਸ਼ ਅਜਮੇਰ ਸਿੰਘ ਸ਼ ਕਪੂਰ ਸਿੰਘ ਅਤੇ ਪ੍ਰੋਫੈਸਰ ਪੂਰਨ ਸਿੰਘ ਵਰਗੇ ਮਹਾਨ ਕੱਦਾਵਾਰ ਵਿਦਵਾਨਾਂ ਦੀ ਤਿੱਖੀ ਆਲੋਚਨਾ ਕਰ ਸਕਦੇ ਹਨ ਤਾਂ ਫਿਰ ਕੀ ਖੁਦ ਸ਼ ਅਜਮੇਰ ਸਿੰਘ ਬਹਿਸ ਦੇ ਘੇਰੇ ਵਿਚ ਨਹੀਂ ਆ ਸਕਦੇ?
ਕੋਈ ਵੀ ਉਚ ਕੋਟੀ ਦੀ ਬਹਿਸ ਜਿਥੇ ਸਾਨੂੰ ਆਪਣੀਆਂ ਪੁਜ਼ੀਸ਼ਨਾਂ ‘ਤੇ ਮੁੜ ਵਿਚਾਰ ਕਰਨ ਲਈ ਪ੍ਰੇਰਦੀ ਹੈ, ਉਥੇ ਪਾਠਕਾਂ ਦੀ ਸੋਚ ਦੇ ਸਫਰ ਨੂੰ ਇਕ ਨਵੀਂ ਤਾਜ਼ਗੀ ਤੇ ਰਵਾਨਗੀ ਵੀ ਬਖਸ਼ਦੀ ਹੈ। ਜੇ ਵਿਚਾਰ-ਵਟਾਂਦਰਾ ਹੀ ਨਹੀਂ ਹੋਵੇਗਾ ਤਾਂ ਯਕੀਨਨ ਸਾਡੀ ਸੋਚ ਵਿਚ ਇਕ ਅਜੀਬ ਜਿਹੀ ਖੜੋਤ ਵੀ ਆਏਗੀ ਤੇ ਸਾਡਾ ਵਤੀਰਾ ਵੀ ਤਾਨਾਸ਼ਾਹਾਂ ਵਰਗਾ ਹੋ ਜਾਏਗਾ ਅਤੇ ਵਿਦਵਾਨ ਵੀ ਸਾਡੇ ਲਈ ਬੁੱਤ ਬਣ ਜਾਣਗੇ। ਪ੍ਰਭਸ਼ਰਨਦੀਪ ਸਿੰਘ ਨੂੰ ਇਹੋ ਲੱਗਦਾ ਹੈ ਕਿ ਸ਼ ਅਜਮੇਰ ਸਿੰਘ ਵੀ ਸਹਿਜੇ ਸਹਿਜੇ ਬੁੱਤ ਦੀ ਸ਼ਕਲ ਅਖਤਿਆਰ ਕਰ ਗਏ ਹਨ ਅਤੇ ਉਨ੍ਹਾਂ ਦੇ ਕਈ ਸਰਲ-ਚਿੱਤ ਤੇ ਭੋਲੇ ਭਾਲੇ ਪਾਠਕ ਵੀ ਅਚੇਤ ਰੂਪ ਵਿਚ ਇਕ ਤਰ੍ਹਾਂ ਨਾਲ ਬੁੱਤ-ਪੂਜਕ ਹੀ ਬਣਦੇ ਜਾ ਰਹੇ ਹਨ। ਬੱਸ, ਇਸੇ ਹੀ ਮੋੜ ‘ਤੇ ਪ੍ਰਭਸ਼ਰਨਦੀਪ ਸਿੰਘ ਆਪਣਾ ਥੀਸਿਸ ਲੈ ਕੇ ਮੈਦਾਨ ਵਿਚ ਉਤਰੇ ਹਨ। ਹਥਲੇ ਲੇਖ ਵਿਚ ਉਹ ਇਸ ਖੜੋਤ ਨੂੰ ਆਪਣੇ ਤਜਰਬੇ, ਅਨੁਭਵ ਅਤੇ ਵਿਸ਼ਾਲ ਅਧਿਐਨ ਨਾਲ ਤੋੜਦੇ ਨਜ਼ਰ ਆ ਰਹੇ ਹਨ।
ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਭਾਈ ਪ੍ਰਭਸ਼ਰਨਦੀਪ ਸਿੰਘ ਦੀ ਸਾਹਿਤ, ਧਰਮ, ਰਾਜਨੀਤੀ ਅਤੇ ਦਰਸ਼ਨ ਉਤੇ ਡੂੰਘੀ ਪਕੜ ਹੈ। ਇਸ ਤੋਂ ਇਲਾਵਾ ਸੰਸਾਰ ਦੇ ਅਜੋਕੇ ਵਰਤਾਰਿਆਂ ਅਤੇ ਰੁਝਾਨਾਂ ਨੂੰ ਉਹ ਪੰਥਕ ਰੋਸ਼ਨੀ ਵਿਚ ਵੇਖਣ-ਪਰਖਣ ਦਾ ਯਤਨ ਵੀ ਕਰਦੇ ਹਨ। ਜੁਝਾਰੂ ਲਹਿਰ ਦੇ ਸ਼ਾਨਾਂਮੱਤੇ ਇਤਿਹਾਸਕ ਰੋਲ ਨੂੰ ਵੇਖਣ ਦਾ ਉਨ੍ਹਾਂ ਦਾ ਨਜ਼ਰੀਆ ਵੀ ਮੌਲਿਕ, ਵਿਲੱਖਣ ਤੇ ਹਾਂ-ਪੱਖੀ ਹੈ। ਸ਼ ਅਜਮੇਰ ਸਿੰਘ ਦੀਆਂ ਕਿਤਾਬਾਂ ਦਾ ਮੁਤਾਲਿਆ ਵੀ ਉਨ੍ਹਾਂ ਨੇ ਅੱਖਾਂ ਖੋਲ੍ਹ ਕੇ ਅਤੇ ਨਿੱਠ ਕੇ ਕੀਤਾ ਹੈ। ਅਗਲੇ ਲੇਖਾਂ ਵਿਚ ਸ਼ ਅਜਮੇਰ ਸਿੰਘ ਦੀਆਂ ਕਿਤਾਬਾਂ ਤੇ ਲੈਕਚਰਾਂ ਦੇ ਹਵਾਲੇ ਨਾਲ ਉਹ ਸਿੱਧ ਕਰਨਗੇ ਕਿ ਅਸਲ ਵਿਚ ਇਹ ਲਿਖਤਾਂ ਤੇ ਲਿਖਤਾਂ ਤੋਂ ਪੈਦਾ ਕੀਤਾ ਜਾ ਰਿਹਾ ਬਨਾਵਟੀ ਮਾਹੌਲ ਖਾਲਸਾ ਪੰਥ ਦੇ ਰਾਜਨੀਤਕ ਭਵਿੱਖ ਲਈ ਕਿੰਨਾ ਨੁਕਸਾਨਦੇਹ ਹੋ ਸਕਦਾ ਹੈ, ਜੋ ਕਿਸੇ ਹੱਦ ਤੱਕ ਹੋ ਵੀ ਰਿਹਾ ਹੈ।
ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਹ ਅਣਦਿਸਦਾ ਨੁਕਸਾਨ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀਆਂ ਲਿਖਤਾਂ ਤੇ ਲੈਕਚਰਾਂ ਤੋਂ ਪ੍ਰਭਸ਼ਰਨਦੀਪ ਸਿੰਘ ਨੂੰ ਇਹ ਪੱਕਾ ਵਿਸ਼ਵਾਸ ਹੋ ਚੁਕਾ ਹੈ ਕਿ ਸ਼ ਅਜਮੇਰ ਸਿੰਘ ਖਾਲਿਸਤਾਨ ਦੇ ਵਿਰੋਧ ਵਿਚ ਹਨ ਪਰ ਲਗਾਤਾਰ ਇਹੋ ਪ੍ਰਭਾਵ ਦਿੰਦੇ ਆ ਰਹੇ ਹਨ ਕਿ ਉਹ ਖਾਲਿਸਤਾਨ ਦੇ ਸੱਚੇ ਹਮਾਇਤੀ ਹਨ। ਉਹ ਆਪਣੀ ਗੱਲ ਕਦੇ ਵੀ ਸਪੱਸ਼ਟ ਨਹੀਂ ਕਰਦੇ। ਉਨ੍ਹਾਂ ਦਾ ਮਾਣ ਸਤਿਕਾਰ ਕਿਉਂਕਿ ਖਾਲਿਸਤਾਨੀ ਹਲਕਿਆਂ ਵਿਚ ਹੁੰਦਾ ਹੈ, ਉਨ੍ਹਾਂ ਹਲਕਿਆਂ ਨਾਲ ਜੁੜੇ ਕਈ ਵਿਅਕਤੀ ਉਨ੍ਹਾਂ ਦੀ ਲਿਖਤਾਂ ਨੂੰ ਪ੍ਰਮੋਟ ਕਰਦੇ ਹਨ ਤੇ ਸਮਾਗਮ ਕਰਦੇ ਹਨ। ਇਸ ਲਈ ਸ਼ ਅਜਮੇਰ ਸਿੰਘ ਇਕ ਭਰਮ ਨੂੰ ਲਗਾਤਾਰ ਬਣਾਈ ਰੱਖਦੇ ਹਨ ਕਿਉਂਕਿ ਜੇ ਉਹ ਸਿੱਧੇ ਰੂਪ ਵਿਚ ਖਾਲਿਸਤਾਨ ਦਾ ਵਿਰੋਧ ਕਰਨਗੇ ਤਾਂ ਉਨ੍ਹਾਂ ਦਾ ਮਾਣ ਸਤਿਕਾਰ ਹੋਣ ਦੀ ਥਾਂ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ।
ਪ੍ਰਭਸ਼ਰਨਦੀਪ ਸਿੰਘ ਜਿਸ ਵਿਸ਼ਵ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਵਿਚ ਖੋਜ ਵਿਦਿਆਰਥੀ ਹਨ, ਉਥੇ ਕਿਸੇ ਵੀ ਮੁੱਦੇ ‘ਤੇ ਵਿਚਾਰਾਂ ਦੇ ਤਿੱਖੇ ਟਕਰਾਅ ਹੁੰਦੇ ਹਨ। ਅਜਿਹੇ ਮਾਹੌਲ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਅਤੇ ਉਥੇ ਹੁੰਦੀਆਂ ਵੱਡੀਆਂ ਬਹਿਸਾਂ ਸਿਆਸਤ ਦੇ ਪਿੜ ਵਿਚ ਵੀ ਅਸਰਅੰਦਾਜ਼ ਹੁੰਦੀਆਂ ਹਨ। ਇਸ ਲਈ ਇਹੋ ਜਿਹੀਆਂ ਯੂਨੀਵਰਸਿਟੀਆਂ ਵਿਚ ਜੇ ਸਾਡੇ ਨੌਜਵਾਨ ਪਹੁੰਚ ਜਾਂਦੇ ਹਨ ਤਾਂ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਹੋਰ ਯੂਨੀਵਰਸਿਟੀਆਂ ਵਿਚ ਕੰਮ ਕਰਦੇ ਨੌਜਵਾਨਾਂ ਨੂੰ ਵੀ ਆਪਣੀ ਕੌਮ ਦੀ ਆਜ਼ਾਦੀ ਬਾਰੇ ਸੋਚਣ, ਲਿਖਣ ਤੇ ਬੋਲਣ ਦੇ ਮੌਕੇ ਹਾਸਲ ਹੋਣਗੇ।
ਪ੍ਰਭਸ਼ਰਨਦੀਪ ਸਿੰਘ ਦੀਆਂ ਲਿਖਤਾਂ ਵਿਚ ਇਕ ਥਰਥਰਾਹਟ ਹੈ, ਇਕ ਜਗਮਗਾਹਟ ਹੈ। ਉਸ ਵਿਚ ਕੰਬਣੀ-ਸੁਰ ਵੀ ਹੈ। ਉਹ ਤੁਹਾਨੂੰ ਝਟਕਾ ਵੀ ਦਿੰਦੀ ਹੈ। ਵਿਆਕੁਲ ਵੀ ਕਰ ਸਕਦੀ ਹੈ, ਪਰ ਝੰਜੋੜਦੀ ਵੀ ਹੈ। ਜੇ ਤੁਹਾਨੂੰ ਸੰਸਾਰ ਦੀਆਂ ਵੱਖ ਵੱਖ ਲਹਿਰਾਂ ਬਾਰੇ ਤੇ ਜੁਝਾਰੂ ਲਹਿਰ ਬਾਰੇ ਜਾਣਨ ਦੀ ਇੱਛਾ ਹੈ ਤਾਂ ਪ੍ਰਭਸ਼ਰਨਦੀਪ ਸਿੰਘ ਉਚ-ਪੱਧਰੀ ਬਹਿਸ ਲਈ ਪਿੜ ਵਿਚ ਆਉਣ ਦਾ ਸੱਦਾ ਵੀ ਦਿੰਦਾ ਹੈ। ਉਸ ਦੀ ਸ਼ਖਸੀਅਤ ਵਿਚ ਕਈ ਨੁਕਸ ਹੋ ਸਕਦੇ ਹਨ, ਪਰ ਕੌਣ ਹੈ ਜੋ ਨੁਕਸਾਂ ਤੋਂ ਪੂਰੀ ਤਰ੍ਹਾਂ ਮੁਕਤ ਹੈ? ਇਸ ਲਈ ਅਸੀਂ ਬਹਿਸ ਵਿਚ ਲਿਖਤ ਨੂੰ ਹੀ ਤਰਜੀਹ ਦਿੰਦੇ ਹਾਂ।
ਅਸੀਂ ਇਹ ਵੀ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਸ ਲੇਖ ਦੇ ਕਈ ਪੱਖਾਂ ਨਾਲ ਸਾਡੇ ਕਈ ਵੱਖਰੇ ਵਿਚਾਰ ਹੋ ਸਕਦੇ ਹਨ। ਮੇਰੇ ਆਪਣੇ ਵੀ ਹਨ। ਮਿਸਾਲ ਵਜੋਂ ਆਮ ਆਦਮੀ ਪਾਰਟੀ ਦੇ ਵਰਤਾਰੇ ਦੀ ਸਮਝ ਤੇ ਸੂਝ ਬਾਰੇ ਅਤੇ ਸਿੱਖਾਂ ਦੇ ਵਿਸ਼ਾਲ ਹਿੱਸਿਆਂ ਵਿਚ ਇਸ ਪਾਰਟੀ ਲਈ ਪੈਦਾ ਹੋਈ ਤੂਫਾਨੀ-ਹਮਾਇਤ ਤੇ ਹਮਦਰਦੀ ਨੇ ਸੁਹਿਰਦ ਵਿਦਵਾਨਾਂ ਤੇ ਗੰਭੀਰ ਪੱਤਰਕਾਰਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਪੰਜਾਬ ਦੇ ਲੋਕਾਂ ਵਿਚ ਕਾਂਗਰਸ ਤੇ ਅਕਾਲੀ ਦਲ-ਦੋਹਾਂ ਲਈ ਅਤੇ ਵਿਸ਼ੇਸ਼ ਕਰ ਕੇ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਨੀਤੀਆਂ ਬਾਰੇ ਵਿਰੋਧ ਇਕ ਤਰ੍ਹਾਂ ਨਾਲ ਨਫਰਤ ਤੇ ਗੁੱਸੇ ਦਾ ਰੂਪ ਅਖਤਿਆਰ ਕਰ ਗਿਆ ਸੀ। ਉਸ ਭਿਆਨਕ ਸਿਆਸੀ-ਖਲਾਅ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਵਰਤਾਰੇ ਵਿਚੋਂ ਇਕ ਆਰਜ਼ੀ-ਰਾਹਤ ਤਾਂ ਨਜ਼ਰ ਆਉਂਦੀ ਹੀ ਸੀ।
ਮੈਨੂੰ ਵੀ ਖੁਦ ਹੋਰਨਾਂ ਵਾਂਗ ਇੰਜ ਹੀ ਲੱਗਦਾ ਸੀ, ਪਰ ਨੌਜਵਾਨ ਸਕਾਲਰ ਪ੍ਰਭਸ਼ਰਨਦੀਪ ਸਿੰਘ ਤੇ ਪ੍ਰਭਜੋਤ ਸਿੰਘ ਉਸ ਦੌਰ ਵਿਚ ਦੂਜੇ ਪਾਸੇ ਖੜ੍ਹੇ ਸਨ ਅਤੇ ਉਹ ਹੁਣ ਠੀਕ ਹੀ ਸਿੱਧ ਹੋਏ ਹਨ, ਪਰ ਇਹ ਵੀ ਇਕ ਕੌੜਾ ਸੱਚ ਸੀ ਕਿ ਦੂਜੇ ਪਾਸੇ ਖਲੋਤੇ ਵੀਰ ਸਿਆਸੀ ਖਲਾਅ ਨੂੰ ਭਰਨ ਲਈ ਕੋਈ ਬਦਲਵਾਂ ਤੇ ਸਾਰਥਕ ਰਾਹ ਵੀ ਨਹੀਂ ਸਨ ਦੱਸ ਰਹੇ। ਭਾਵ ਬੁਨਿਆਦੀ ਸਵਾਲਾਂ ‘ਤੇ ਅਤਿ ਦੀ ਨੇੜਤਾ ਹੋਣ ਦੇ ਬਾਵਜੂਦ ਚਲੰਤ ਮਾਮਲਿਆਂ ‘ਤੇ ਸਾਡੇ ਮਤਭੇਦ ਹੋ ਸਕਦੇ ਹਨ ਪਰ ‘ਪੰਥਕ ਸਫਾਂ ਵਿਛਾਏ’ ਦੇ ਪਵਿੱਤਰ ਸਿੱਧਾਂਤ ਉਤੇ ਚੱਲ ਕੇ ਹੀ ਇਹ ਮਤਭੇਦ ਦੂਰ ਹੋ ਸਕਦੇ ਹਨ ਤੇ ਸਾਡਾ ਇਤਿਹਾਸ ਇਸ ਦੀ ਗਵਾਹੀ ਭਰਦਾ ਹੈ। ਅਸੀਂ ਅਜਿਹੀ ਬਹਿਸ ਹੀ ਚਾਹੁੰਦੇ ਹਾਂ।
ਸ਼ ਅਜਮੇਰ ਸਿੰਘ ਪਿਛਲੇ ਕੁਝ ਅਰਸੇ ਤੋਂ ਕੀ ਕਰ ਰਹੇ ਹਨ? ਉਹ ਖਾਲਸਾ ਪੰਥ ਦੇ ਜਰਖੇਜ਼ ਖੇਤ ਵਿਚ ਉਦਾਸੀਆਂ ਤੇ ਮਾਯੂਸੀਆਂ ਦੇ ਬੀਜ ਸੁੱਟ ਰਹੇ ਹਨ। ਅਜਿਹਾ ਛੱਟਾ ਉਹ ਗਾਹੇ-ਬਗਾਹੇ ਦਿੰਦੇ ਹੀ ਰਹਿੰਦੇ ਹਨ। ਹਾਲ ਵਿਚ ਹੀ ਮੱਧ ਪ੍ਰਦੇਸ਼ ਦੇ ਇਕ ਸ਼ਹਿਰ ਵਿਚ ਉਨ੍ਹਾਂ ਦੀ ਤਕਰੀਰ ਕਾਫੀ ਚਰਚਾ ਦਾ ਵਿਸ਼ਾ ਬਣ ਗਈ, ਜਿਥੇ ਤੁਸੀਂ ਇਸ ਵਿਦਵਾਨ ਕੋਲੋਂ ਉਦਾਸੀਆਂ ਦਾ ਤੋਹਫਾ ਲੈ ਕੇ ਆਉਂਦੇ ਹੋ। ਇਥੇ ਅਸੀਂ ਉਨ੍ਹਾਂ ਦੀ ਤਕਰੀਰ ਦੇ ਕੁਝ ਅੰਸ਼ ਵੀ ਦੇ ਰਹੇ ਹਾਂ ਤਾਂ ਜੋ ਪਾਠਕ ਖੁਦ ਹੀ ਇਹ ਫੈਸਲਾ ਕਰ ਸਕਣ ਕਿ ਸਾਡਾ ਇਹ ਵਿਦਵਾਨ ਸਾਡੀਆਂ ਉਮੀਦਾਂ ਦੇ ਉਲਟ ਸਾਨੂੰ ਕਿਨ੍ਹਾਂ ਉਜਾੜ ਰਾਹਾਂ ਵੱਲ ਲੈ ਕੇ ਜਾ ਰਿਹਾ ਹੈ। ਖਾਲਸਾ ਪੰਥ ਪਹਿਲਾਂ ਹੀ ਕਿੰਨੀਆਂ ਮੁਸ਼ਕਿਲਾਂ, ਰੁਕਾਵਟਾਂ ਤੇ ਘੁੰਮਣਘੇਰੀਆਂ ਵਿਚ ਫਸਿਆ ਹੋਇਆ ਹੈ। ਅੱਜ ਕੱਲ ਉਸ ਦੇ ਕਿਲ੍ਹੇ ਨੂੰ ਅੰਦਰੋਂ ਵੀ ਘੇਰਾ ਪਿਆ ਹੋਇਆ ਹੈ ਅਤੇ ਬਾਹਰੋਂ ਵੀ। ਪਰ ਸ਼ ਅਜਮੇਰ ਸਿੰਘ ਚਾਹੁੰਦੇ ਹਨ ਕਿ ਸੰਘਰਸ਼ ਦਾ ਹਰ ਰੂਪ ਮੁਅੱਤਲ ਕਰ ਦਿੱਤਾ ਜਾਵੇ। ਉਨ੍ਹਾਂ ਨੂੰ ਸਰਬੱਤ ਖਾਲਸਾ ਵੀ ਚੰਗਾ ਨਹੀਂ ਸੀ ਲੱਗਾ ਅਤੇ ਬਰਗਾੜੀ ਮੋਰਚਾ ਵੀ ਉਨ੍ਹਾਂ ਨੂੰ ਕੇਵਲ ਇਕ ‘ਇਕੱਠ’ ਹੀ ਜਾਪਦਾ ਹੈ। ਰੂਹਾਨੀਅਤ ਦੇ ਉਨ੍ਹਾਂ ਦੇ ਨਵੇਂ ਥੀਸਿਸ ਵਿਚ ਵੀ ਸਾਨੂੰ ‘ਬਿਪਰਨ ਕੀ ਰੀਤ’ ਦੇ ਪਰਛਾਵਿਆਂ ਦੀ ਝਲਕ ਮਹਿਸੂਸ ਹੁੰਦੀ ਹੈ। ਉਹ ਕਿਸੇ ਵੀ ਸੰਘਰਸ਼ ਵਿਚੋਂ ‘ਨਿਕਲੂ ਕੀ?’ ਦਾ ਸਵਾਲ ਖੜ੍ਹਾ ਕਰਕੇ ਸੰਘਰਸ਼ ਨੂੰ ਰੱਦ ਤਾਂ ਕਰਦੇ ਹਨ ‘ਪਰ ਹੋਣਾ ਕੀ ਚਾਹੀਦਾ ਹੈ?’ ਬਾਰੇ ਭੇਤ ਭਰੀ ਚੁੱਪ ਹੀ ਉਨ੍ਹਾਂ ਦਾ ਇਕੋ ਇਕ ਜਵਾਬ ਹੁੰਦੀ ਹੈ।
ਉਹ ਮੱਧ ਪ੍ਰਦੇਸ਼ ਦੇ ਇਕ ਸੈਮੀਨਾਰ ਵਿਚ ਖਾਲਸਾ ਪੰਥ ਨੂੰ ਚੁੱਪ ਰਹਿਣ ਦੀ ਸਲਾਹ ਦੇ ਰਹੇ ਸੀ ਪਰ ਉਸ ਸੈਮੀਨਾਰ ਵਿਚ ਹਾਜ਼ਰ ਇਕ ਵਿਦਵਾਨ ਡਾ. ਹਰਭਜਨ ਸਿੰਘ ਦੀ ਇਹ ਟਿੱਪਣੀ ਕਾਫੀ ਠੀਕ ਨਜ਼ਰ ਆਉਂਦੀ ਹੈ ਕਿ ਉਹ ਅਸਲ ਵਿਚ ਕਹਿਣਾ ਇਹ ਚਾਹੁੰਦੇ ਹਨ ਕਿ ‘ਮੈਂ ਹੀ ਲਿਖਾਂ ਤੇ ਮੈਂ ਹੀ ਬੋਲਾਂ।’
ਅਸੀਂ ਸ਼ ਅਜਮੇਰ ਸਿੰਘ ਦੀ ਬੌਧਿਕ ਕਮਾਈ ਦਾ ਸਤਿਕਾਰ ਕਰਦੇ ਹਾਂ, ਜੋ ਉਨ੍ਹਾਂ ਦੀਆਂ ਮੁਢਲੀਆਂ ਲਿਖਤਾਂ ਜੁਝਾਰੂ ਹਲਕਿਆਂ ਵਿਚ ਇਕ ਨਵਾਂ ਪੈਗਾਮ ਲੈ ਕੇ ਆਈਆਂ ਸਨ। ਇਹ ਇਕ ਹੈਰਾਨੀਜਨਕ ਪੜਾਅ ਸੀ, ਕਿਉਂਕਿ ਲਹਿਰ ਦੇ ਹਜ਼ਾਰਾਂ ਖਿੰਡੇ-ਪੁੰਡੇ ਤੇ ਉਦਾਸ ਸਮਰਥਕਾਂ ਨੂੰ ਇਉਂ ਲੱਗਾ ਜਿਵੇਂ ਲਹਿਰ ਦੀ ਦਰਦ ਭਰੀ ਸਾਚੀ ਸਾਖੀ ਨੂੰ ਉਚੀ ਪੱਧਰ ਦੇ ਬੌਧਿਕ, ਸੁਹਿਰਦ ਅਤੇ ਢੁਕਵੇਂ ਸ਼ਬਦ ਅਤੇ ਅਰਥ ਮਿਲੇ ਹਨ। ਮੈਂ ਖੁਦ ਵੀ ਇਨ੍ਹਾਂ ਲਿਖਤਾਂ ਤੋਂ ਬੇਹੱਦ ਕਾਇਲ ਹੋਇਆ ਸੀ ਅਤੇ ਇਨ੍ਹਾਂ ਲਿਖਤਾਂ ਦੀ ਦਿਲੋਂ ਪ੍ਰਸ਼ੰਸਾ ਕਰਕੇ ਲੇਖ ਵੀ ਲਿਖੇ ਸਨ, ਜੋ ਅੱਜ ਵੀ ਪੜ੍ਹੇ ਜਾ ਸਕਦੇ ਹਨ। ਪਰ ਅਗਲੀਆਂ ਕਿਤਾਬਾਂ ਵਿਚ ਉਹ ਯੂ-ਟਰਨ ਲੈ ਰਹੇ ਸਨ, ਲੇਕਿਨ ਬਹੁਤ ਹੀ ਸੂਖਮ, ਵਿਦਵਤਾ ਦਾ ਲਿਬਾਸ ਪਹਿਨ ਕੇ ਤੇ ਲੁਕਵੇਂ ਅੰਦਾਜ਼ ਵਿਚ ਅਤੇ ਨਾਲ ਹੀ ਬਹੁਤ ਹੀ ਹੌਲੀ ਹੌਲੀ, ਸਹਿਜੇ ਸਹਿਜੇ ਤੇ ਮੱਠੀ ਚਾਲ ਵਿਚ, ਤਾਂ ਜੋ ਨਵੀਂ ਦਸਤਕ ਤੇ ਖੜਾਕ ਦੀ ਕਿਸੇ ਕੰਨੀ ਖਬਰ ਤੱਕ ਨਾ ਪਹੁੰਚੇ, ਤੇ ਜੇ ਕਿਸੇ ਸੁਚੇਤ ਸ਼ਖਸ ਨੂੰ ਪਤਾ ਲੱਗ ਵੀ ਜਾਵੇ ਤਾਂ ਉਸ ਵਿਅਕਤੀ ਦੇ ਨਾਲ ਲੇਖਕ ਬਾਰੇ ਸ਼ੱਕ, ਭੁਲੇਖਾ ਤੇ ਭਰਮ ਵੀ ਬਣਿਆ ਰਹੇ। ਅਸੀਂ ਇਹ ਉਲਟਬਾਜ਼ੀ ਦੇ ਸਾਰੇ ਪੜਾਵਾਂ ਨੂੰ ਅਗਲੀਆਂ ਲਿਖਤਾਂ ਵਿਚ ਤੱਥਾਂ ਤੇ ਦਲੀਲਾਂ ਨਾਲ ਜਾਹਰ ਕਰਾਂਗੇ, ਕਿਉਂਕਿ ਇਹ ਬਹਿਸ ਕਾਫੀ ਲੰਮੀ ਹੋਣ ਜਾ ਰਹੀ ਹੈ।
ਹੁਣ ਸ਼ੋਸ਼ਲ ਮੀਡੀਆ ‘ਤੇ ਇਕ ਹੋਰ ਛੋਟੀ ਜਿਹੀ ਵੀਡੀਓ ਕਲਿੱਪ ਵੀ ਘੁੰਮ ਰਹੀ ਹੈ, ਜਿਸ ਵਿਚ ਸ਼ ਅਜਮੇਰ ਸਿੰਘ ਆਪਣੀ ਵਿਦਵਤਾ ਦੇ ਜ਼ੋਰ ਸੰਤ ਜਰਨੈਲ ਸਿੰਘ ਦੇ ਇਨ੍ਹਾਂ ਲਫਜ਼ਾਂ ਦੇ ਨਵੇਂ ਅਰਥ ਕੱਢਣ ਵਿਚ ਰੁੱਝੇ ਹੋਏ ਹਨ ਕਿ ‘ਜਿਸ ਦਿਨ ਦਰਬਾਰ ਸਾਹਿਬ ਉਤੇ ਫੌਜ ਦਾ ਹਮਲਾ ਹੋਇਆ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਜਾਵੇਗੀ।’ ਅਸੀਂ ਸੰਤ ਜਰਨੈਲ ਸਿੰਘ ਦੇ ਇਨ੍ਹਾਂ ਸ਼ਬਦਾਂ ਦੇ ਡੂੰਘੇ ਅਰਥਾਂ ਬਾਰੇ ਇਕ ਵਿਸ਼ੇਸ਼ ਲੇਖ ਖਾਲਸਾ ਪੰਥ ਦੀ ਸੇਵਾ ਵਿਚ ਭੇਟਾ ਕਰਾਂਗੇ ਅਤੇ ਨਾਲ ਹੀ ਇਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਦਰਬਾਰ ਸਾਹਿਬ ਉਤੇ ਫੌਜ ਦੇ ਹਮਲੇ ਪਿੱਛੋਂ ਸਾਡੇ ਭਾਰਤੀ-ਸਟੇਟ ਨਾਲ ਕੀ ਰਿਸ਼ਤੇ ਹੋ ਸਕਦੇ ਹਨ। ਵੈਸੇ ਇਸ ਤੋਂ ਪਹਿਲਾਂ ਵੀ ਸ਼ ਅਜਮੇਰ ਸਿੰਘ ਨੇਸ਼ਨ-ਸਟੇਟ ਦੇ ਨਾਂ ਹੇਠਾਂ ਖਾਲਿਸਤਾਨ ਦਾ ਵਿਰੋਧ ਕਰ ਰਹੇ ਸਨ।
ਜਦੋਂ ਉਨ੍ਹਾਂ ਨੇ ਇਕ ਚੈਨਲ ‘ਤੇ ਇਕ ਐਂਕਰ ਯਾਦਵਿੰਦਰ ਕਰਫਿਊ ਨਾਲ ਇੰਟਰਵਿਊ ਵਿਚ ਖਾਲਿਸਤਾਨ ਤੇ ਖਾਲਿਸਤਾਨੀਆਂ ਉਤੇ ਸਿੱਧੇ ਹਮਲੇ ਕੀਤੇ ਤਾਂ ਅਸਲ ਮਾਅਨਿਆਂ ਵਿਚ ਉਹ ਖਾਲਿਸਤਾਨ ਦੇ ਪਵਿੱਤਰ ਸੰਕਲਪ ਵਿਰੁਧ ਉਨ੍ਹਾਂ ਦੇ ਰੋਮ ਰੋਮ ਵਿਚ ਵੱਸੀ, ਦੱਬੀ ਅਤੇ ਲੁਕਵੀਂ ਨਫਰਤ ਦਾ ਬਾਹਰਲੀ ਦੁਨੀਆਂ ਨੂੰ ਪਤਾ ਲੱਗਾ, ਜਿਸ ਨਫਰਤ ਨੂੰ ਉਨ੍ਹਾਂ ਨੇ ਅੰਗਰੇਜ਼ੀ ਦੇ ‘ਡਿਸਗਸਟਿੰਗ’ ਲਫਜ਼ ਨਾਲ ਤੁਲਨਾ ਕੀਤੀ ਸੀ। ਅਸੀਂ ਉਦੋਂ ਵੀ ਇਹ ਬਹਿਸ ਚਲਾਈ ਸੀ ਅਤੇ ਮੈਂ ਬਾਕਾਇਦਾ ਦੋ ਲੇਖ ਵੀ ਲਿਖੇ ਸਨ। ਇਸ ਤੋਂ ਇਲਾਵਾ ਉਸ ਇੰਟਰਵਿਊ ਦੀ ਹੂਬਹੂ ਸਕਰਿਪਟ ਵੀ ਤਿਆਰ ਕੀਤੀ। ਇਹ ਤਿੰਨੇ ਲਿਖਤਾਂ ਖਾਲਸਾ ਫਤਿਹਨਾਮਾ ਮੈਗਜ਼ੀਨ ਵਿਚ ਵੀ ਛਪੀਆਂ। ਉਸ ਤੋਂ ਪਿੱਛੋਂ ਭਾਈ ਪ੍ਰਭਜੋਤ ਸਿੰਘ ਨੇ ਸ਼ ਅਜਮੇਰ ਸਿੰਘ ਵੱਲੋਂ ਲਏ ਯੂ-ਟਰਨ ਬਾਰੇ ਤੱਥਾਂ ਤੇ ਦਲੀਲਾਂ ਸਮੇਤ ਇਕ ਇੰਟਰਵਿਊ ਦਿੱਤੀ, ਜੋ ਯੂਟਿਊਬ ‘ਤੇ ਵੇਖੀ ਜਾ ਸਕਦੀ ਹੈ। ਇਸ ਨੂੰ ਦਸ ਹਜ਼ਾਰ ਤੋਂ ਉਪਰ ਵਿਅਕਤੀਆਂ ਨੇ ਦੇਖਿਆ ਹੈ।
ਦਿਲਚਸਪ ਗੱਲ ਇਹ ਹੋਈ ਕਿ ਸ਼ ਅਜਮੇਰ ਸਿੰਘ ਦੇ ਇਕ ਤੱਤੇ ਹਮਾਇਤੀ ਨੇ ਤਾਂ ਇਹ ਐਲਾਨ ਕਰ ਦਿਤਾ ਕਿ ਅਜਮੇਰ ਸਿੰਘ ਨੇ ਤਾਂ ਠੀਕ ਹੀ ਕਿਹਾ ਹੈ ਕਿ ਅਸੀਂ ਡਿਸਗਸਟਿੰਗ ਹੀ ਹਾਂ। ਘਟੀਆਪਣ (ੀਨਾeਰਿਰਟੇ ਛੋਮਪਲeਣ) ਦੇ ਅਹਿਸਾਸ ਦੀ ਇਹ ਸਿਖਰ ਹੀ ਤਾਂ ਸੀ ਜੋ ਕਈ ਵਾਰ ਘੱਟ ਗਿਣਤੀਆਂ ਨਾਲ ਜੁੜੇ ਲੋਕਾਂ ਦੇ ਮਾਸੂਮ ਅਗਿਆਨ ਵਿਚੋਂ ਹੀ ਪੈਦਾ ਹੁੰਦੀ ਹੈ।
ਅਸੀਂ ਪਹਿਲਾਂ ਵੀ ਤੇ ਹੁਣ ਫਿਰ ਅਤੇ ਵਾਰ ਵਾਰ ਬੇਨਤੀ ਕਰਦੇ ਹਾਂ ਕਿ ਭਾਈ ਪ੍ਰਭਸ਼ਰਨਦੀਪ ਸਿੰਘ ਦੀ ਲਿਖਤ ਉਤੇ ਕਿਸੇ ਵੀ ਬਹਿਸ ਜਾਂ ਟਿੱਪਣੀ ਦਾ ਅਸੀਂ ਸਵਾਗਤ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਭਾਈ ਪਭਸ਼ਰਨਦੀਪ ਸਿੰਘ ਦੀ ਲਿਖਤ ਨੂੰ ਚੰਗੀ ਤਰ੍ਹਾਂ ਪੜ੍ਹਿਆ ਜਾਵੇ, ਉਸ ਉਤੇ ਆਪਣੇ ਵਿਚਾਰ ਪ੍ਰਗਟ ਕੀਤੇ ਜਾਣ ਅਤੇ ਇਨ੍ਹਾਂ ਵਿਚਾਰਾਂ ਦਾ ਇਕ ਪੱਧਰ ਤੇ ਸਲੀਕਾ ਵੀ ਹੋਵੇ, ਨਾ ਕਿ ਉਨ੍ਹਾਂ ਦੀ ਸ਼ਖਸੀਅਤ ਉਤੇ ਸਿੱਧੇ-ਅਸਿੱਧੇ ਤੇ ਲੁਕਵੇਂ ਹਮਲੇ ਕੀਤੇ ਜਾਣ। ਅਸੀਂ ਸਾਰੇ ਗੁਣਾਂ ਤੇ ਔਗੁਣਾਂ ਦਾ ਸੁਮੇਲ ਹਾਂ। ਅਸੀਂ ਗੁਣਾਂ ਦੀ ਸਾਂਝ ਕਰਨੀ ਹੈ ਅਤੇ ਉਸ ਸਾਂਝ ਲਈ ਲਿਖਤ ਨੂੰ ਹੀ ਇਕ ਦਸਤਾਵੇਜ਼ ਸਮਝਿਆ ਜਾਵੇ।
ਜਿਸ ਕਿਸੇ ਵੀਰ ਨੂੰ ਵੀ ਨਿੱਜੀ ਹਮਲੇ ਕਰਨ ਦਾ ਸ਼ੌਕ ਜਾਂ ਚਾਅ ਹੋਵੇ, ਜਾਂ ਕਿਸੇ ਫੇਕ ਆਈ. ਡੀ. ਰਾਹੀਂ ਉਹ ਨਿੱਜੀ ਹਮਲੇ ਕਰਨਾ ਜਾਂ ਕਰਾਉਣਾ ਚਾਹੁੰਦਾ ਹੋਵੇ ਜਾਂ ਬਹਿਸ ਨੂੰ ਵਿਚਾਰਧਾਰਕ ਪੱਧਰ ਤੋਂ ਭਟਕਾ ਕੇ ਇਹੋ ਜਿਹਾ ਮਾਹੌਲ ਖੜ੍ਹਾ ਕਰਨ ਦਾ ਇਰਾਦਾ ਰੱਖਦਾ ਹੋਵੇ ਤਾਂ ਉਹ ਕਿਰਪਾ ਕਰਕੇ ਇਸ ਬਹਿਸ ਵਿਚ ਸ਼ਾਮਿਲ ਨਾ ਹੋਵੇ। ਜੇ ਇਸ ਬਹਿਸ ਵਿਚ ਤਰਕ, ਜਜ਼ਬੇ ਤੇ ਸਦਾਚਾਰਕ ਸਲੀਕੇ ਦਾ ਸੁਮੇਲ ਹੋਵੇ ਜਾਂ ਇਨ੍ਹਾਂ ਵਿਚੋਂ ਕਿਸੇ ਇਕ ਨੁਕਤੇ ਉਤੇ ਵੀ ਤੁਹਾਡੀ ਕੋਈ ਟਿੱਪਣੀ ਕੇਂਦ੍ਰਿਤ ਹੋਵੇ ਤਾਂ ਅਸੀਂ ਸਮਝਾਂਗੇ ਕਿ ਸਾਡੀ ਕੌਮ ਬਹਿਸ ਦੇ ਉਚੇਰੇ ਪੜਾਵਾਂ ਵੱਲ ਸਫਰ ਕਰ ਰਹੀ ਹੈ।